ਪੰਨਾ:Mumu and the Diary of a Superfluous Man.djvu/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

85

ਕਿ ਉਹ ਜਿਸ ਪਹਾੜ 'ਤੇ ਅਸੀਂ ਖੜ੍ਹੇ ਹੋਏ ਸੀ ਅਤੇ ਜਿਸ ਜੰਗਲ ਵਿਚੋਂ ਅਸੀਂ ਆਏ ਸੀ ਉਨ੍ਹਾਂ ਨੂੰ ਨਹਿਲਾ ਦੇਣ। ਅਸੀਂ ਕਹਿ ਸਕਦੇ ਹਾਂ ਕਿ ਰੌਸ਼ਨੀ ਦੀ ਲਿਸ਼ਕਦੀ ਧਾਰਾ ਵਿਚ ਨਹਾ ਰਹੇ ਸੀ।

ਮੈਂ ਉਸ ਦ੍ਰਿਸ਼ ਦੀ ਅਲੌਕਿਕ ਮਹਿਮਾ ਨੂੰ ਦਰਸਾਉਣ ਦੇ ਸਮਰੱਥ ਨਹੀਂ ਹਾਂ। ਇਕ ਅੰਨ੍ਹੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਲਾਲ ਰੰਗ ਨੂੰ ਜਦ ਛੂੰਹਦਾ ਹੈ ਤਾਂ ਉਸ ਦਾ ਹੀ ਉਸ ਉੱਤੇ ਪ੍ਰਭਾਵ ਪੈਂਦਾ ਹੈ ਜਿਵੇਂ ਤੂਤੀ ਵੱਜਣ ਦੀ ਆਵਾਜ਼ ਦੇ ਨਾਲ ਕੰਨ ਉੱਤੇ। ਮੈਨੂੰ ਨਹੀਂ ਪਤਾ ਕਿ ਇਸ ਕਥਨ ਵਿਚ ਕਿੰਨੀ ਸੱਚਾਈ ਹੈ ਪਰ ਸੱਚਮੁਚ ਉਸ ਸੋਹਣੀ ਸ਼ਾਮ ਦੇ ਰੁਸ਼ਨਾਏ ਦ੍ਰਿਸ਼ ਵਿਚ ਆਸਮਾਨ ਅਤੇ ਧਰਤੀ ਦੀਆਂ ਕਿਰਮਚੀ ਲਿਸ਼ਕਾਂ ਵਿਚ ਰੂਹ ਨੂੰ ਝੰਜੋੜਨ ਵਾਲਾ ਕੁਝ ਸੀ। ਮੈਂ ਠਾਠਾਂ ਮਾਰਦੀ ਖੁਸ਼ੀ ਨਾਲ ਕੂਕਿਆ ਅਤੇ ਲੀਜ਼ਾ ਵੱਲ ਵੇਖਿਆ। ਉਹ ਸੂਰਜ ਨੂੰ ਵੇਖ ਰਹੀ ਸੀ ਅਤੇ ਉਹ ਬਲਦੀ ਹੋਈ ਗੇਂਦ ਉਸ ਦੀਆਂ ਅੱਖਾਂ ਵਿਚ ਦੋ ਮਘਦੇ ਚੰਗਿਆੜੇ ਬਣ ਡਲਕ ਰਹੀ ਸੀ। ਉਹ ਉਸ ਦ੍ਰਿਸ਼ ਤੋਂ ਬਹੁਤ ਪ੍ਰਭਾਵਿਤ ਸੀ। ਉਸ ਦਾ ਦਿਲ ਬੇਰੋਕ ਵਲਵਲਿਆਂ ਨਾਲ ਧੱਕ-ਧੱਕ ਕਰ ਰਿਹਾ ਸੀ ਪਰ ਉਸ ਨੇ ਮੇਰੀ ਕੂਕ ਦਾ ਜਵਾਬ ਨਾ ਦਿੱਤਾ। ਉਹ ਅਹਿੱਲ ਖੜ੍ਹੀ ਸੀ। ਉਸ ਦਾ ਸਿਰ ਜ਼ਮੀਨ ਵੱਲ ਝੁਕਿਆ ਹੋਇਆ ਸੀ। ਮੈਂ ਮੂਕ ਹੈਰਾਨੀ, ਉਮਲ੍ਹਦੀ ਖੁਸ਼ੀ ਨਾਲ ਉਸ ਵੱਲ ਵੇਖ ਰਿਹਾ ਸੀ। ਮੈਂ ਉਸ ਵੱਲ ਆਪਣਾ ਹੱਥ ਵਧਾ ਦਿੱਤਾ ਪਰ ਉਹ ਪਰੇ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ।

ਬਿਜ਼ਮਨਕੋਫ ਦੀ ਆਵਾਜ਼ ਸਾਡੇ ਤੋਂ ਕੁਝ ਕਦਮਾਂ ਦੀ ਦੂਰੀ ਤੋਂ ਸੁਣਾਈ ਪਈ। ਲੀਜ਼ਾ ਨੇ ਕਾਹਲੀ ਨਾਲ ਆਪਣੇ ਹੰਝੂ ਪੂੰਝੇ ਅਤੇ ਇਕ ਡਰੀ ਜਿਹੀ ਮੁਸਕਾਨ ਨਾਲ ਮੇਰੇ ਵੱਲ ਮੁੜੀ। ਸ਼੍ਰੀਮਤੀ ਓਜੋਗਿਨ ਆਪਣੇ ਸੁਹਣੇ ਸਹਾਇਕ ਦੀ ਬਾਂਹ ਦੇ ਸਹਾਰੇ ਜੰਗਲ ਵਿਚੋਂ ਬਾਹਰ ਆ ਗਈ। ਉਨ੍ਹਾਂ ਨੇ ਵੀ ਸਾਡੇ ਸਾਹਵੇਂ ਪਸਰੇ ਦ੍ਰਿਸ਼ ਦੀ ਸਿਫ਼ਤ ਕੀਤੀ। ਬੁੱਢੀ ਔਰਤ ਨੇ ਲੀਜ਼ਾ ਨੂੰ ਕੁਝ ਪੁੱਛਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਦੀ ਅਨਿਸ਼ਚਿਤ, ਖਰਵ੍ਹੀ, ਤਰੇੜੇ ਸ਼ੀਸ਼ੇ ਵਰਗੀ ਆਵਾਜ਼ ਸੁਣੀ ਸੀ ਤਾਂ ਮੈਨੂੰ ਥੋੜ੍ਹੀ ਜਿਹੀ ਕੰਬਣੀ ਛਿੜੀ ਸੀ। ਇਸ ਦੌਰਾਨ ਸੂਰਜ ਛਿਪ ਗਿਆ। ਸ਼ਾਮ ਗਹਿਰੀ ਹੋ ਗਈ। ਅਸੀਂ ਘਰ ਨੂੰ ਮੋੜਾ ਪਾ ਲਿਆ ਅਤੇ ਮੈਂ ਆਪਣੀ ਬਾਂਹ ਲੀਜ਼ਾ ਨੂੰ ਪੇਸ਼ ਕੀਤੀ। ਅਜੇ ਵੀ ਇੰਨੀ ਕੁ ਰੌਸ਼ਨੀ ਸੀ ਕਿ ਮੈਂ ਉਸ ਦੇ ਨੈਣ-ਨਕਸ਼ਾਂ ਨੂੰ ਸਾਫ਼-ਸਾਫ਼ ਦੇਖ ਸਕਾਂ। ਉਹ ਪ੍ਰੇਸ਼ਾਨ ਲੱਗਦੀ ਸੀ ਅਤੇ ਉਸ ਨੇ ਆਪਣੀਆਂ ਪਲਕਾਂ ਝੁਕਾਈ ਰੱਖੀਆਂ। ਉਸ ਦੀਆਂ ਗੱਲ੍ਹਾਂ ਚਮਕ ਰਹੀਆਂ ਸਨ ਜਿਵੇਂ ਸੂਰਜ ਦੀਆਂ ਕਿਰਨਾਂ ਅਜੇ ਵੀ ਉਸ 'ਤੇ ਪੈ ਰਹੀਆਂ ਹੋਣ। ਉਸ ਦਾ ਹੱਥ ਮੇਰੀ ਬਾਂਹ ਉੱਤੇ ਹਲਕੇ ਜਿਹੇ ਟਿਕਿਆ ਹੋਇਆ ਸੀ। ਮੈਂ ਕਾਫ਼ੀ ਚਿਰ ਤਕ ਕੋਈ ਗੱਲ ਨਾ ਕਰ ਸਕਿਆ।