ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

84

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਜੋ ਮੈਨੂੰ ਦੱਸ ਸਕਦੀ ਪਰ ਇੰਝ ਜਾਪਦਾ ਸੀ ਜਿਵੇਂ ਉਹ ਕੁਝ ਸੋਚ ਰਹੀ ਸੀ ਪਰ ਉਸ ਨੇ ਇਕ ਵਿਸ਼ੇਸ਼ ਢੰਗ ਨਾਲ ਆਪਣਾ ਸਿਰ ਹਿਲਾਇਆ ਅਤੇ ਸੋਚ ਵਿਚ ਮਗਨ ਇਕ ਸਰਕੰਡੇ ਦੀ ਕਾਨੀ ਚੱਬਣ ਲੱਗ ਪਈ ਜੋ ਉਸ ਨੇ ਚੱਲਦੇ-ਚੱਲਦੇ ਤੋੜ ਲਈ ਸੀ। ਕਦੀ-ਕਦੀ ਉਹ ਤੇਜ਼-ਤੇਜ਼ ਤੁਰਦੀ ਅੱਗੇ ਨਿਕਲ ਜਾਂਦੀ ਅਤੇ ਫਿਰ ਉਹ ਰੁਕ ਕੇ ਮੇਰਾ ਇੰਤਜ਼ਾਰ ਕਰਨ ਲੱਗਦੀ। ਆਲੇ-ਦੁਆਲੇ ਦੇਖਦੀ ਅਤੇ ਮੁਸਰਕਾਉਂਦੀ। ਬੀਤੀ ਰਾਤ ਮੈਂ ਉਸ ਨੂੰ "ਕਾਕੇਸ਼ੀਆ ਦਾ ਕੈਦੀ" ਪੜ੍ਹ ਕੇ ਸੁਣਾਇਆ ਸੀ।* ਉਸ ਨੇ ਮੈਨੂੰ ਬੜੀ ਉਤਸੁਕਤਾ ਨਾਲ ਸੁਣਿਆ। ਉਸ ਨੇ ਆਪਣਾ ਸਿਰ ਮੇਜ ਦੇ ਦੋਹਾਂ ਹਥੇਲੀਆਂ 'ਤੇ ਟਿਕਾਇਆ ਹੋਇਆ ਸੀ ਅਤੇ ਉਸ ਦੀ ਹਿੱਕ ਮੇਜ ਨਾਲ ਲੱਗੀ ਹੋਈ ਸੀ। ਮੈਂ ਪਿਛਲੀ ਰਾਤ ਦੀ ਪੜ੍ਹਤ ਬਾਰੇ ਗੱਲ ਛੇੜ ਲਈ। ਉਹ ਸ਼ਰਮਾ ਗਈ ਅਤੇ ਉਸ ਨੇ ਮੈਨੂੰ ਪੁੱਛਿਆ ਕਿ, ਕੀ ਮੈਂ ਚਿੜੀ ਨੂੰ ਕੁਝ ਭੰਗ ਦੇ ਬੀਜ ਦੇਣਾ ਭੁੱਲ ਤਾਂ ਨਹੀਂ ਗਿਆ ਸੀ। ਫਿਰ ਉਸ ਨੇ ਉੱਚੀ ਅਵਾਜ਼ ਵਿੱਚ ਕੋਈ ਜੀਵੰਤ ਨਿੱਕਾ ਜਿਹਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਚਾਨਕ ਚੁੱਪ ਹੋ ਗਈ।

ਇਕ ਖੜ੍ਹਵੀਂ ਪਹਾੜੀ ਦੀ ਸਿਖ਼ਰ 'ਤੇ ਜੰਗਲ ਖ਼ਤਮ ਹੋ ਗਿਆ। ਇਸ ਪਹਾੜੀ ਦੇ ਪੈਰਾਂ ਵਿਚ ਇਕ ਛੋਟੀ ਜਿਹੀ ਮੋੜ-ਘੋੜ ਖਾਂਦੀ ਨਦੀ ਸੀ ਅਤੇ ਨਦੀ ਦੇ ਦੂਜੇ ਪਾਸੇ ਵੱਡੇ ਘਾਹ ਦੀਆਂ ਵਿਸ਼ਾਲ ਚਰਾਂਦਾ ਸਨ ਜੋ ਬਹੁਤ ਦੂਰ ਧੁੰਦਲਕੇ ਤਕ ਫੈਲੀਆਂ ਹੋਈਆਂ ਸਨ, ਉੱਥੋਂ ਤਕ ਜਿੱਥੋਂ ਤਕ ਨਜ਼ਰ ਜਾਂਦੀ ਸੀ। ਕੁਝ ਥਾਵਾਂ 'ਤੇ ਸ਼ਾਂਤ ਤਾਲਾਬ ਤੇ ਥੋੜ੍ਹੀ ਜਿਹੀ ਹਵਾ ਦੇ ਕਾਰਨ ਉੱਠਦੀਆਂ ਲਹਿਰਾਂ ਦੇ ਵਾਂਗ, ਸੁੰਦਰ ਉੱਚਾਈਆਂ ਵਿਖਾਈ ਦਿੰਦੀਆਂ ਸਨ। ਹੋਰਨੀਂ ਥਾਈਂ ਜ਼ਮੀਨ ਇਕ ਸੋਹਣੀ ਕਢਾਈ ਕੀਤੀ ਦਰੀ ਵਾਂਗ ਵਿਛੀ ਹੋਈ ਲੱਗ ਰਹੀ ਸੀ ਜੋ ਭਾਂਤ-ਭਾਂਤ ਦੇ ਤਾਜ਼ਾਤਰੀਨ ਅਤੇ ਅਤਿ ਮਿੱਠੇ ਫੁੱਲਾਂ ਨਾਲ ਨਗੰਦੀ ਹੋਈ ਸੀ। ਕਈ ਥਾਈਂ ਸਾਫ਼ ਪਾਣੀ ਨਾਲ ਭਰੀਆਂ ਭੀੜੀਆਂ ਨਹਿਰਾਂ ਲੰਘਦੀਆਂ ਸਨ। ਲੀਜ਼ਾ ਅਤੇ ਮੈਂ ਸਾਡੇ ਸਾਥੀਆਂ ਤੋਂ ਕੁਝ ਮਿੰਟ ਪਹਿਲਾਂ ਜੰਗਲ ਦੇ ਅੰਤ ਵਿਚ ਪਹੁੰਚ ਗਏ। ਜੰਗਲ ਦੇ ਉੱਪਰ ਤੋਂ ਨਜ਼ਰ ਆਉਂਦੇ ਦ੍ਰਿਸ਼ ਦੀ ਸੁੰਦਰਤਾ ਨੂੰ ਅਸੀਂ ਅੱਖਾਂ ਟੱਡ ਪੱਬਾਂ ਭਾਰ ਹੋ ਮਾਣ ਰਹੇ ਸੀ। ਸਾਡੇ ਸਾਹਮਣੇ ਲਿਸ਼ਕਦੀ ਧੁੰਦ ਦੇ ਵਿਚਕਾਰ ਅੱਗ ਦੀ ਇਕ ਵੱਡੀ ਗੇਂਦ ਦੀ ਤਰ੍ਹਾਂ ਛਿਪਦਾ ਸੂਰਜ ਸੀ। ਦਿਸਹੱਦਾ ਲਾਲ ਰੰਗ ਦੇ ਸਾਰੇ ਭੇਦਾਂ ਨਾਲ ਖੇਡ ਰਿਹਾ ਸੀ। ਸਾਡੇ ਅੱਗੇ ਚਰਾਂਦਾਂ ਉੱਤੇ ਵਲਾ ਕੇ ਕਿਰਮਚੀ ਕਿਰਨਾਂ ਦੇ ਰੇਲੇ ਭੇਜ ਰਿਹਾ ਸੀ। ਨਹਿਰਾਂ ਦੇ ਕੰਢੇ ਛਾਂ ਵਿਚ ਵੀ ਟੂਲੀ ਰੰਗ ਦੇ ਪੋਚੇ ਫੇਰੇ ਲੱਗਦੇ ਸਨ ਅਤੇ ਪਾਣੀਆਂ ਉੱਤੇ ਵੀ ਲਾਟਾਂ ਦੇ ਲਿਸ਼ਕਾਰੇ ਬਾਜ਼ੀਆਂ ਪਾ ਰਹੇ ਸੀ। ਇਉਂ ਲੱਗਦਾ ਸੀ ਜਿਵੇਂ ਸੂਰਜ ਦੀਆਂ ਸਾਰੀਆਂ ਕਿਰਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ

  • ਇਹ ਪੁਸ਼ਕਿਨ ਦੀਆਂ ਸਭ ਤੋਂ ਵਧੀਆ ਕਵਿਤਾਵਾਂ ਵਿਚੋਂ ਇਕ ਹੈ।