ਪੰਨਾ:PUNJABI KVITA.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਕਿਸੇ ਠੋਸ ਮੂਰਤ-ਅਧਾਰ ਦੀ ਲੋੜ ਨਹੀਂ ਹੁੰਦੀ। ਇਕ ਤਰੀਕੇ ਨਾਲ ਸਾਰੇ ਕੋਮਲ ਹੁਨਰ ਇਸ ਵਿਚ ਸਮਾਏ ਹੋਏ ਹਨ। ਬੁੱਤਾਂ ਵਿਚ ਉਚਾਈ ਲੰਬਾਈ ਤੇ ਮੁਟਾਈ ਹੁੰਦੀ ਹੈ ਪਰ ਚਿਤ੍ਰਾਂ ਵਾਲੀ ਵਿਸ਼ਾਲਤਾ, ਨਾਚ ਵਾਲੀ ਗਤੀ ਜਾਂ ਚਾਲ ਅਤੇ ਰਾਗ ਵਾਲੀ ਅਵਾਜ਼ ਨਹੀਂ ਹੁੰਦੀ। ਕਵਿਤਾ ਵਿਚ ਬੁਤ-ਤਰਾਸ਼ੀ ਦਾ ਠੋਸ-ਗੁਣ ਦਿਖਾਇਆ ਜਾ ਸਕਦਾ ਹੈ। ਅਤੇ ਕਵਿਤਾ ਦਿਆਂ ਅਨੁਮਾਨ-ਚਿਤ੍ਰਾਂ ਵਿੱਚ ਮਨੁਖ ਲੰਬਾ ਚੌੜਾ ਹੀ ਨਹੀਂ ਦਿੱਸਦਾ ਸਗੋਂ ਉਸਦੀ ਮੁਟਾਈ ਵੀ ਆ ਜਾਂਦੀ ਹੈ। ਚਿੱਤ੍ਰ ਵਾਂਗ, ਸਗੋਂ ਉਸ ਤੋਂ ਕਿਤੇ ਵਧੀਕ ਅਨੰਤ ਵਿਸ਼ਾਲਤਾ ਕਵਿਤਾ-ਚਿੱਤ੍ਰਾਂ ਵਿੱਚ ਦੇਖੀ ਜਾਂਦੀ ਹੈ। ਬੁਤ ਤੇ ਚਿਤ੍ਰ ਵਿਚ ਚਾਲ ਦਾ ਦਿਖਾਵਾ ਮਾਤ੍ਰ ਹੁੰਦਾ ਹੈ, ਪਰ ਨਿਰਤਕਾਰੀ ਵਾਲੀ ਅਸਲੀ ਚਾਲ ਨਹੀਂ ਆ ਸਕਦੀ। ਕਵਿਤਾ ਵਿਚ ਚਾਲ ਜਾਂ ਹਰਕਤ ਵੀ ਲਿਆਂਦੀ ਜਾ ਸਕਦੀ ਹੈ। ਰਾਗ ਤਾਂ ਕਵਿਤਾ ਦਾ ਲਗ ਪਗ ਅੱਧਾ ਭਾਗ ਹੈ। ਇਸ ਤੋਂ ਛੁੱਟ ਸੰਸਾਰ ਦੀਆਂ ਸਾਰੀਆਂ ਅਵਾਜ਼ਾਂ ਕਵਿਤਾ ਦੇ ਨਾਦ-ਮਯ ਸ਼ਬਦਾਂ (Onomatopoetic) ਵਿਚੋਂ ਸੁਣਾਈਆਂ ਜਾ ਸਕਦੀਆਂ ਹਨ। ਮਿਸਾਲ ਲਈ ਦੇਖੋ ਮਟਕ ਹੁਲਾਰੇ ਦੀ ਕਵਿਤਾ "ਚੜ੍ਹ ਚਕ ਤੇ ਚੱਕ ਘੁਮਾਨੀਆਂ।" ਇਸ ਵਿਚ ਸਾਰੇ ਕੋਮਲਾਂ ਹੁਨਰਾਂ ਵਾਲੀਆਂ ਖੂਬੀਆਂ ਇਕੋ ਥਾਂ ਦੇਖੀਆਂ ਜਾ ਸਕਦੀਆਂ ਹਨ।

ਇਸੇ ਲਈ ਕਵਿਤਾ ਬਾਰੇ ਕੋਮਲ ਹੁਨਰਾਂ ਦੀ ਸਿਰਤਾਜ ਹੈ।