ਪੰਨਾ:Pardesi Dhola.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਹੈ ਮਾਂ।' ਦੋਨੋਂ ਕਵਿਤਾਵਾਂ ਇਕ ਦੂਜੀ ਨੂੰ ਕਟਦੀਆਂ ਲਗਦੀਆਂ ਹਨ। ਸ਼ਾਇਦ ਇਸ ਕਰਕੇ ਕਿ ਅਸੀਂ ਇਨ੍ਹਾਂ ਨੂੰ ਸੁਤੰਤਰ ਇਕਾਈਆਂ ਸਮਝ ਕੇ ਪੜ੍ਹਦੇ ਹਾਂ। ਪਰਵਾਹ ਦੇ ਰੂਪ ਵਿਚ ਪੜ੍ਹੀਏ, ਤਾਂ ਇਹਨਾਂ ਵਿਚ ਦਿਸਦੇ ਵਿਰੋਧ ਅਲੋਪ ਹੋ ਜਾਂਦੇ ਹਨ। ਇਹ ਕਵਿਤਾਵਾਂ ਅੰਤ 'ਤੇ ਪਹੁੰਚ ਕੇ ਅੰਤ ਨਹੀਂ ਹੁੰਦੀਆਂ, ਕਿਸੇ ਹੋਰ ਕਵਿਤਾ ਵਿਚ ਆਰੰਭ ਹੋ ਜਾਂਦੀਆਂ ਹਨ। ਜਿਵੇਂ ਇਕ ਪਗਡੰਡੀ ਦੂਜੀ ਵਿਚ ਪੈ ਜਾਂਦੀ ਹੈ। ਹਰ ਕਵਿਤਾ ਦਾ ਇਕ ਦੂਜੀ ਨਾਲ ਲੈਣ-ਦੇਣ ਹੈ। ਇਕ ਦੀ ਅਣਕਹੀ ਦੂਜੀ ਕਹਿ ਦਿੰਦੀ ਹੈ, ਅੱਧ-ਕਹੀ ਪੂਰੀ ਕਰ ਦਿੰਦੀ ਹੈ। ਕਈ ਵਾਰ ਇਕ ਦੀ ਪੰਕਤੀ ਦੂਜੀ ਵਿਚ ਰਲ਼ ਜਾਂਦੀ ਹੈ। ਚੰਦਨ ਨੂੰ ਪੜ੍ਹਦਿਆਂ ਕਵਿਤਾ ਨੂੰ ਇਉਂ ਪੜ੍ਹਨ ਦੀ ਜੁਗਤ ਦਾ ਅਭਿਆਸ ਵੀ ਹੁੰਦਾ ਹੈ। ਕਵਿਤਾ ਨੂੰ ਪੜ੍ਹਨ ਦਾ ਹੀ ਨਹੀਂ, ਉਸ ਵਿਚਲੇ ਜਗਤ ਨੂੰ ਵੇਖਣ ਦਾ ਵੀ।

ਵਿਥਿਆ ਤਾਂ ਉੱਖੜੇ ਰੁੱਖ ਦੇ ਦੁੱਖ ਦੀ ਹੀ ਹੈ। ਜਦੋਂ ਦੇਸ ਪਰਦੇਸ ਦੇ ਰੂਪਕ ਵਿਚ ਨਹੀਂ ਕਹੀ ਜਾਂਦੀ, ਚੰਦਨ ਖੇਡ ਦਾ ਰੂਪਕ ਵਰਤਦਾ ਹੈ; ਦੋ ਧਰਾਤਲਾਂ ਉੱਤੇ। ਇਕ ਨੂੰ ਉਹ 'ਚੇਤਿਆਂ ਦੀ ਖੇਡ'; ਦੂਜੇ ਨੂੰ 'ਹੋਣ ਦੀ ਖੇਡ' ਕਹਿੰਦਾ ਹੈ।

ਰੁੱਖ ਓਦੋਂ ਉੱਖੜਦਾ ਹੈ, ਜਦੋਂ ਜੜ੍ਹਾਂ ਤੋਂ ਮਿੱਟੀ ਝੜਦੀ ਹੈ। ਮਿੱਟੀ ਸਿਮਰਤੀ ਹੈ, ਜੋ ਜੜ੍ਹਾਂ ਨੂੰ ਫੜ ਕੇ ਰਖਦੀ ਹੈ। ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼ ਕਹਿੰਦਾ ਹੈ: 'ਅਪਣੀ ਮਿੱਟੀ ਨੂੰ ਭੁੱਲਣਾ ਪਰਦੇਸ ਹੈ।' ਚੰਦਨ ਇਕ ਕਦਮ ਅੱਗੇ ਤੁਰਦਾ ਹੈ। ਕਹਿੰਦਾ ਹੈ: ਭੁੱਲੇ ਬੰਦੇ ਦਾ ਪਰਦੇਸ ਵੀ ਨਹੀਂ ਹੈ। ਚੇਤਿਆਂ ਦੀ ਖੇਡ ਵਿਚ ਦੋਵੇਂ ਲੁਕ ਜਾਂਦੇ ਹਨ। ਜਾਣਦੇ ਅਣਜਾਣ ਹੋ ਜਾਂਦੇ ਹਨ। ਕੇਵਲ ਪ੍ਰਸ਼ਨ ਪਿੱਛੇ ਰਹਿ ਜਾਂਦਾ ਹੈ- ਹੁਣ ਸਵੇਰਾਂ ਦੇ ਭੁੱਲੇ ਕਿੱਥੇ ਜਾਵਾਂਗੇ?

ਜੜ੍ਹਾਂ ਤੋਂ ਮਿੱਟੀ ਹੌਲ਼ੀ-ਹੌਲ਼ੀ ਝੜਦੀ ਹੈ। ਬੰਦਾ ਹੌਲ਼ੀ-ਹੌਲ਼ੀ ਭੁੱਲਦਾ ਹੈ। ਹੌਲ਼ੀ-ਹੌਲ਼ੀ ਪਰਦੇਸੀ ਹੁੰਦਾ ਹੈ। ਜਿਵੇਂ-ਜਿਵੇਂ ਭੁੱਲੀ ਜਾਂਦਾ ਹੈ, ਪਰਦੇਸੀ ਹੋਈ ਜਾਂਦਾ ਹੈ:

ਇਸ ਮੁਲਕ ਵਿਚ ਪਰਦੇਸੀ ਯਾਦਾਂ ਭੁੱਲਦਾ ਹੈ
ਭੁੱਲਦਾ ਰਹਿੰਦਾ ਹੈ ਭੁੱਲ ਜਾਂਦਾ ਹੈ
...
ਏਥੇ ਉਹ ਪਰਦੇਸੀ ਹੋਈ ਜਾਂਦਾ ਹੈ

ਪਰਦੇਸੀ ਹੋਣ ਤੇ ਹੋਈ ਜਾਣ ਵਿਚ ਢੇਰ ਅੰਤਰ ਹੈ। ਹੋਣਾ ਘਟਨਾ ਹੈ। ਹੋਈ ਜਾਣਾ ਪਰਵਾਹ ਹੈ: ਜੜ੍ਹ ਦਾ ਨਿਤ ਉੱਖੜਨਾ, ਜ਼ਖ਼ਮ ਦਾ ਨਿਤ ਉਚੜਨਾ, ਅਦਨ ਦੇ ਬਾਗ਼ ਵਿੱਚੋਂ ਨਿਤ ਉਜੜਨਾ। ਚੰਦਨ ਇਹ ਦੁੱਖ ਰੁੜਕੇ ਪਿੰਡ ਦੇ ਬਿੱਕਰ ਜੱਟ ਦੀ ਕਥਾ ਰਾਹੀਂ ਨੰਗਾ ਕਰਦਾ ਹੈ, ਜਿਹੜਾ 'ਵਿਚ ਵਲੈਤੀਂ ਫੁੱਲ ਵੇਚਦਾ' ਹੈ; 'ਨਗਰੀ ਨਗਰੀ ਦੁਆਰੇ ਦੁਆਰੇ'। ਬਿੱਕਰ ਕਵੀ ਨੂੰ ਯੂਰਪ ਦੇ ਹਰ ਨੱਗਰ ਚ ਦਿਸਦਾ ਹੈ- ਕਦੇ ਪੈਰਿਸ, ਕਦੇ ਬਰਲਿਨ, ਫੇਰ ਅਮਸਟਰਡਮ, ਤੇ ਵੀਆਨਾ, ਰੋਮ ਤੇ ਕਦੇ ਪਰਾਗ। ਕਵੀ ਪੁੱਛਦਾ ਹੈ-

ਭਾਈ ਬਿੱਕਰ ਸਿੰਘਾ
ਤੂੰ ਖੁਸ਼ ਨਹੀਂ ਲਗਦਾ
ਤੈਨੂੰ ਚੁੱਪ ਕਾਹਦੀ ਐ ਲੱਗੀ?

[11]