ਪੰਨਾ:Pardesi Dhola.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

...

ਬਹੁਤ ਦਿਨਾਂ ਬਾਅਦ
ਅੱਜ ਸੂਰਜ ਦਾ ਮੁੱਖ ਖਿੜਿਆ ਹੈ
ਉਹਦੀ ਮਹਿਕ ਆਖਦੀ ਹੈ-
ਬਾਹਰ ਆਓ, ਬਾਹਰ ਨਿਕਲ਼ੋ...

ਅੱਜ ਅਸੀਂ
ਰੇਲ ਦੇ ਪੁਰਾਣੇ ਪੁਲ਼ 'ਤੇ ਜਾਵਾਂਗੇ
ਅੱਜ ਅਸੀਂ ਬਹੁਤ ਖੁਸ਼ ਹੋਵਾਂਗੇ
ਕਈ ਪੁਲ਼ਾਂ ਹੇਠੋਂ ਲੰਘ ਕੇ ਆਈਆਂ ਗੱਡੀਆਂ ਨੂੰ ਦੇਖ ਕੇ

ਅਸੀਂ ਬੱਚਿਆਂ ਨਾਲ਼ ਬੱਚਿਆਂ ਵਾਂਙ ਹੈਰਾਨ ਹੋਵਾਂਗੇ-
ਕਿਥੋਂ ਆਉਂਦੀਆਂ ਹਨ ਇਹ ਗੱਡੀਆਂ
ਤੇ ਜਾਂਦੀਆਂ ਕਿਥੇ ਹਨ
ਇਨ੍ਹਾਂ ਨੂੰ ਬਣਾਉਂਦਾ ਕੌਣ ਹੈ
ਇਨ੍ਹਾਂ ਨੂੰ ਚਲਾਉਂਦਾ ਕੌਣ ਹੈ
ਕੌਣ ਭਾਗਾਂਭਰੇ ਇਨ੍ਹਾਂ ਚ ਬੈਠਦੇ ਹਨ
ਜੋ ਕੰਮਾਂ ਤੋਂ ਆਉਂਦੇ ਹਨ ਘਰਾਂ ਨੂੰ ਜਾਂਦੇ ਹਨ

ਅਸੀਂ ਬਹੁਤ ਸਾਰੇ ਪੁਲ਼ਾਂ
ਤੇ ਬਹੁਤ ਸਾਰੀਆਂ ਗੱਡੀਆਂ ਲਈ ਦੁਆ ਕਰਾਂਗੇ
ਅੱਜ ਅਸੀਂ ਰੇਲ ਦੇ ਪੁਰਾਣੇ ਪੁਲ਼ 'ਤੇ ਜਾਵਾਂਗੇ

ਬਹੁਤ ਦਿਨਾਂ ਬਾਅਦ
ਅੱਜ ਸੂਰਜ ਦਾ ਮੁੱਖ ਖਿੜਿਆ ਹੈ॥

[34]