ਪੰਨਾ:Performing Without a Stage - The Art of Literary Translation - by Robert Wechsler.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਸਰ ਵਕੀਲ ਬਣ ਜਾਂਦੇ ਹਨ, ਪ੍ਰੋਫੈਸਰਾਂ ਦੇ ਬੱਚੇ ਅਕਸਰ ਪ੍ਰੋਫੈਸਰ ਬਣ ਜਾਂਦੇ ਹਨ, ਸੰਗੀਤਕਾਰਾਂ ਦੇ ਬੱਚੇ ਅਕਸਰ ਸੰਗੀਤਕਾਰ ਬਣ ਜਾਂਦੇ ਹਨ। ਪਰ ਇੱਕ ਅਨੁਵਾਦਕ ਦੇ ਬੱਚੇ ਲਗਪਗ ਕਦੇ ਹੀ ਆਪਣੇ ਬਾਪ ਵਾਲ਼ਾ ਹਾਸੋਹੀਣਾ ਕਿੱਤਾ ਚੁਣਦੇ ਹਨ। ਸ਼ਾਇਦ ਉਹ ਛੋਟੀ ਉਮਰ ਵਿੱਚ ਹੀ ਜਾਣ ਲੈਂਦੇ ਹਨ ਕਿ ਉਨ੍ਹਾਂ ਦਾ ਮਾਂ/ਬਾਪ ਕਾਲਪਨਿਕ ਡ੍ਰੈਗਨਾਂ ਨਾਲ ਯੁੱਧ ਕਰ ਰਿਹਾ ਹੈ (ਜਾਂ ਕੀ ਇਹ ਬੱਚੇ, ਬਹੁਤ ਸਾਰੇ ਬਾਲਗਾਂ ਵਾਂਗ, ਡ੍ਰੈਗਨ ਵੇਖਣ ਤੋਂ ਹੀ ਅਸਮਰੱਥ ਹੁੰਦੇ ਹਨ?)। ਸ਼ਾਇਦ ਉਹ ਨਾਰਾਜ਼ਗੀ ਜ਼ਾਹਰ ਕਰਦੇ ਹਨ ਕਿ ਮਾਂ/ਬਾਪ ਆਪਣੇ ਅਧਿਐਨ-ਕਮਰੇ ਵਿਚ ਬੰਦ ਸਾਰੀਆਂ ਸ਼ਾਮਾਂ ਅਤੇ ਸਪਤਾਹਿਕ ਛੁੱਟੀਆਂ ਗੁਜ਼ਾਰ ਦਿੰਦੇ ਹਨ ਤੇ ਉਨ੍ਹਾਂ ਕਿਤਾਬਾਂ ਤੋਂ ਇਲਾਵਾ ਕੁਝ ਵੀ ਤਿਆਰ ਨਹੀਂ ਕਰਦੇ, ਜਿਨ੍ਹਾਂ ਉੱਤੇ ਕਿਸੇ ਹੋਰ ਦਾ ਨਾਮ ਹੁੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਨੁਵਾਦ ਆਮ ਤੌਰ ਤੇ ਵਾਧੂ ਜਿਹਾ ਕੰਮ ਸਮਝਿਆ ਜਾਂਦਾ ਹੈ, ਕੋਈ ਕਿੱਤਾ ਨਹੀਂ, ਅਤੇ ਇਹ ਐਸਾ ਸ਼ੌਕ ਨਹੀਂ ਜਿਸ ਵਿਚ ਪੂਰਾ ਪਰਿਵਾਰ ਹਿੱਸਾ ਲੈ ਸਕੇ, ਜਿਵੇਂ ਸਕੀਇੰਗ, ਬਾਗ਼ਬਾਨੀ, ਜਾਂ ਸਮੂਹਿਕ ਸੰਗੀਤਵਾਦਨ ਵਿੱਚ ਲੈ ਸਕਦਾ ਹੈ।

ਖ਼ੈਰ, ਮੈਨੂੰ ਇੱਕ ਅਨੁਵਾਦਕ ਮਿਲ ਗਿਆ ਜਿਸਦਾ ਅਨੁਭਵ ਇੱਕ ਅਜਿਹੇ ਪਰਿਵਾਰ ਵਿੱਚ ਵੱਡਾ ਹੋਣ ਦਾ ਸੀ ਜਿਹੜਾ ਇੱਕਠੇ ਅਨੁਵਾਦ ਕਰਦਾ ਸੀ (ਅਤੇ, ਹਾਂ, ਇਕੱਠਾ ਰਹਿੰਦਾ ਸੀ)। ਮੈਨੂੰ ਉਸਨੂੰ ਲੱਭਣ ਲਈ ਬਹੁਤ ਦੂਰ ਵੀ ਨਹੀਂ ਜਾਣਾ ਪਿਆ, ਕਿਉਂਕਿ ਉਸਨੇ ਮੇਰੇ ਲਈ ਇਕ ਕਿਤਾਬ ਦਾ ਅਨੁਵਾਦ ਕੀਤਾ ਸੀ ਅਤੇ ਉਹ ਸਿਰਫ 20 ਮਿੰਟ ਦੀ ਦੂਰੀ ਤੇ ਰਹਿੰਦੀ ਹੈ ਅਤੇ ਕੰਮ ਕਰਦੀ ਹੈ। ਉਸਦਾ ਨਾਮ ਕ੍ਰਿਸ਼ਨਾ ਵਿੰਸਟਨ ਹੈ, ਅਤੇ ਉਸਦੇ ਮਾਪੇ ਰਿਚਰਡ ਅਤੇ ਕਲਾਰਾ ਵਿੰਸਟਨ ਸਨ, ਇੱਕ ਚੰਗੀ ਜਾਣੀ ਜਾਂਦੀ, ਜਰਮਨ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਵਾਲੀ ਇੱਕ ਟੀਮ। ਵਿੰਸਟਨ ਨੇ ਮੈਨੂੰ ਦੱਸਿਆ: "ਮੇਰੇ ਮਾਪੇ ਘਰ ਵਿੱਚ ਕੰਮ ਕਰਦੇ ਸਨ, ਅਤੇ ਉਹ ਮਿਲ਼ ਕੇ ਕਰਦੇ ਸਨ, ਇਸਲਈ ਉਹ ਹਮੇਸ਼ਾਂ ਆਪਣੇ ਕੰਮ ਬਾਰੇ ਗੱਲਾਂ ਕਰਦੇ ਰਹਿੰਦੇ। ਉਹ ਅਨੁਵਾਦ ਦੀਆਂ ਮੁਸ਼ਕਲਾਂ ਬਾਰੇ ਗੱਲਾਂ ਕਰਦੇ, ਲੇਖਕਾਂ ਬਾਰੇ ਗੱਲਾਂ ਕਰਦੇ, ਅਤੇ ਉਹ ਕਿਤਾਬਾਂ ਬਾਰੇ ਗੱਲਾਂ ਕਰਦੇ ਸਨ। ਅਤੇ ਜਦੋਂ ਮੇਰੀ ਭੈਣ ਅਤੇ ਮੈਂ ਜ਼ਰਾ ਵੱਡੀਆਂ ਹੋਈਆਂ, ਉਹ ਸਾਨੂੰ ਕਈ ਸਮਸਿਆਵਾਂ ਹੱਲ ਕਰਨ ਲਈ ਦੇ ਦਿੰਦੇ।'ਤੁਸੀਂ ਇਸ ਗੱਲ ਨੂੰ ਕਿਵੇਂ ਕਹਿੰਦੇ ਹੋ?' ਮੇਰੇ ਪਿਤਾ ਅਨੁਵਾਦ ਦੀ ਕਿਸੇ ਸਮੱਸਿਆ ਨਾਲ ਜੂਝ ਰਹੇ ਹੁੰਦੇ, ਅਤੇ ਪੂਰਾ ਪਰਿਵਾਰ ਉਸ ਵਿੱਚ ਸ਼ਾਮਿਲ ਹੋ ਜਾਂਦਾ।

"ਜੋ ਮੈਨੂੰ ਖ਼ਾਸਕਰ ਯਾਦ ਆਉਂਦਾ ਹੈ ਉਹ ਬਾਅਦ ਦਾ ਸਮਾਂ ਸੀ, ਜਦੋਂ ਮੈਂ ਜਵਾਨ ਹੋ ਚੁੱਕੀ ਸੀ, ਜਦੋਂ ਮੇਰੇ ਮਾਪੇ ਆਸਟ੍ਰੀਆ ਦੇ ਲੇਖਕ ਹੇਮੀਤੋ ਵਾਨ ਡੋਡਰਰ ਦੇ ਨਾਵਲ ਦਿ ਡੀਮਨਜ਼ ਦਾ ਅਨੁਵਾਦ ਕਰ ਰਹੇ ਸਨ, ਅਤੇ ਉਸ ਕਿਤਾਬ ਦਾ ਇੱਕ ਲੰਮਾ ਹਿੱਸਾ ਅਖੌਤੀ ਮੱਧਕਾਲੀ ਜਰਮਨ ਵਿੱਚ ਲਿਖਿਆ ਗਿਆ ਸੀ। ਤਾਂ ਮੇਰੇ ਮਾਪੇ ਉਸ ਦੇ ਕੁਝ ਤੁੱਲ ਅੰਗਰੇਜ਼ੀ ਬੋਲੀ ਲੱਭਣ ਲਈ ਪੜ੍ਹ ਰਹੇ ਸਨ, ਅਤੇ ਸਬੱਬ ਨਾਲ ਉਨ੍ਹਾਂ ਦੀ ਨਿਗ੍ਹਾ ਵਿਲੀਅਮ ਕੈਕਸਟਨ ਤੇ ਪਈ, ਅਤੇ ਉਨ੍ਹਾਂ ਨੇ ਪੂਰਾ ਪਰਿਵਾਰ ਕੈਕਸਟਨ ਦੀ ਇੰਗਲਿਸ਼ ਵਿਚ ਗੱਲਾਂ ਕਰਨ ਲਾ ਲਿਆ ਸੀ। ਅਸੀਂ ਸਾਰਿਆਂ ਨੇ ਅੱਡ ਅੱਡ ਭੂਮਿਕਾਵਾਂ ਅਪਣਾ ਲਈਆਂ। ਅਸੀਂ ਭਿਕਸ਼ੂ ਬਣ ਗਏ, ਅਤੇ ਮੈਨੂੰ ਲਗਦਾ ਹੈ ਕਿ ਮੈਂ ਸੇਬਾਸਟੀਅਨ ਭਰਾ ਸੀ ਅਤੇ ਮੇਰੀ ਭੈਣ ਐਂਬਰੋਜ ਭਰਾ। ਅਸੀਂ ਉਸ ਜ਼ੁਬਾਨ ਵਿਚ ਘੰਟਿਆਂ ਬੱਧੀ ਗੱਲਾਂ ਕਰਦੇ ਅਤੇ ਇਹ ਅਮਲ ਕਾਫ਼ੀ ਸਮਾਂ ਜਾਰੀ ਰਿਹਾ, ਕਿਉਂਕਿ ਅਧਿਆਇ ਖਾਸਾ ਲੰਮਾ ਸੀ ਅਤੇ ਮੇਰੇ ਪਿਤਾ ਨੇ ਇਸ ਨਾਲ ਸੰਘਰਸ਼ ਕੀਤਾ। ਮੈਂ ਮੰਨਦੀ ਹਾਂ ਕਿ ਇਸ ਤਰ੍ਹਾਂ ਦੇ ਪ੍ਰਭਾਵਾਂ ਨਾਲ, ਬੰਦਾ ਲਾਜ਼ਮੀ ਤੌਰ ਤੇ ਸੋਚਣਾ ਸ਼ੁਰੂ ਕਰ ਦਿੰਦਾ ਹੈ, ਕਿ ਠੀਕ ਹੈ, ਇਹ ਉਹ ਚੀਜ਼ ਹੈ ਜਿਸਨੂੰ ਕਰਨ ਵਿਚ ਮੈਨੂੰ ਵੀ ਅਨੰਦ ਆਵੇਗਾ।"

13