ਪੰਨਾ:Phailsufian.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫ਼ੀਆਂ/137

ਰਾਜ ਕਪੂਰ ਕਿੰਨਾ ਕੁ ਵੱਡਾ ਕਲਾਕਾਰ ਸੀ? ਰਾਜ ਕਪੂਰ ਨੇ ਹਿੰਦੁਸਤਾਨੀ ਫ਼ਿਲਮਾਂ ਨੂੰ ਕਿੰਨੀ ਕੁ ਵੱਡੀ ਦੇਣ ਦਿੱਤੀ? ਇਹਦੇ ਦੇਹਾਂਤ ਮਗਰੋਂ ਇਹਦੇ ਪੰਜਾਬੀ ਪਿਛੋਕੜ ਦੀ ਗੱਲ ਹੋਈ। ਰਾਜ ਕਪੂਰ ਕਿੰਨਾ ਕੁ ਪੰਜਾਬੀ ਸੀ? ਇਨ੍ਹਾਂ ਸਵਾਲਾਂ ਦਾ ਜਵਾਬ ਲਭਦਿਆਂ ਮੈਨੂੰ ਵਾਰ ਵਾਰ ਬਲਰਾਜ ਸਾਹਣੀ ਯਾਦ ਆਉਂਦਾ ਹੈ।

ਮੈਂ ਨਿੱਕੇ ਹੁੰਦਿਆਂ ਬਹੁਤ ਘਟ ਫ਼ਿਲਮਾਂ ਦੇਖੀਆਂ। ਹੋਸ਼ਮੰਦ ਉਮਰੇ ਨਕੋਦਰ ਦੇ ਤੰਬੂਆਂ ਤੇ ਟੀਨ ਦੀਆਂ ਕੰਧਾਂ ਵਾਲ਼ੀ ਟੂਰਿੰਗ ਟਾਕੀ ਵਿਚ ਦੇਖੀ ਰਾਜ ਕਪੂਰ ਦੀ ਫ਼ਿਲਮ ਦਾ ਇੱਕੋ ਸੀਨ ਚੇਤੇ ਹੈ, ਜਿਸ ਵਿਚ ਇਹਦੇ ਮੂੰਹ 'ਤੇ ਸਾਬਣ ਮਲ਼ਿਆ ਹੋਇਆ ਹੈ ਤੇ ਘਾਬਰਿਆ ਹੋਇਆ ਕੰਧਾਂ ਨਾਲ਼ ਟੱਕਰਾਂ ਮਾਰਦਾ ਫਿਰਦਾ ਹੈ।

ਹੁਣ ਇੰਗਲੈਂਡ ਵਿਚ ਰਾਜ ਕਪੂਰ ਦੀਆਂ ਕੁਝ ਫ਼ਿਲਮਾਂ ਨਿੱਠ ਕੇ ਬਹਿ ਕੇ ਦੇਖੀਆਂ ਕਿਤਾਬ ਵਾਂਙ ਪੜ੍ਹੀਆਂ ਹਨ। ਸਿੰਮੀ ਗਰੇਵਾਲ਼ ਦੀ ਰਾਜ ਕਪੂਰ ਬਾਰੇ ਬਣਾਈ ਫ਼ਿਲਮ ਲਿਵਿੰਗ ਲੈਜੈਂਡ ਵੀ ਦੇਖੀ, ਜਿਸ ਵਿਚ ਅਪਣੀ ਪਤਨੀ ਸਾਹਮਣੇ ਅਪਣੀਆਂ ਐਕਟਰੱਸਾਂ ਨਾਲ਼ ਇਸ਼ਕ ਕਰਨ ਦੇ ਥੋਥੇ ਸਿਧਾਂਤ ਨੂੰ ਛੱਡ ਕੇ ਕਈ ਕੰਮ ਦੀਆਂ ਗੱਲਾਂ ਹਨ। ਇਸ ਸਦੀ ਵਿਚ ਫ਼ਿਲਮਾਂ ਕਰਕੇ ਸਾਡੇ ਸਮਾਜੀ ਰਵੱਈਏ ਬੜੇ ਬਦਲੇ ਹਨ। ਰਾਜ ਕਪੂਰ- ਨਰਗਿਸ ਤੇ ਗੁਰੂਦੱਤ-ਵਹੀਦਾ ਰਹਿਮਾਨ ਦੀ ਜੋੜੀ ਨੇ ਪਰਾਦੰਪਤੀ ਰਿਸ਼ਤੇ ਨੂੰ ਇਕ ਤਰ੍ਹਾਂ ਸਮਾਜੀ ਪਰਵਾਨਗੀ ਦਿੱਤੀ। ਅਪਣੇ ਤੋਂ ਉੱਚੇ ਦੀ ਰੀਸ ਕਰਨੀ ਇਨਸਾਨੀ ਫ਼ਿਤਰਤ ਹੈ। ਅਨ੍ਹੇਰੇ ਵਿਚ ਰੋਸ਼ਨ ਚ ਰੋਸ਼ਨ ਚੌਰਸ ਟੋਟਾ ਲੋਕਾਂ ਦੇ ਸੁਫਨਿਆਂ ਦਾ ਆਲ਼ਾ ਹੁੰਦਾ ਹੈ।

ਪੰਜਵਾਂ ਦਹਾਕਾ ਹਿੰਦੁਸਤਾਨੀ ਫ਼ਿਲਮਾਂ ਦਾ ਸੁਨਹਿਰਾ ਦੌਰ ਸੀ। ਬੋਲਦੀਆਂ ਫ਼ਿਲਮਾਂ ਬਣਦੀਆਂ ਨੂੰ ਹਾਲੇ ਪੰਦਰਾਂ ਸਾਲ ਹੀ ਹੋਏ ਸਨ। ਓਦੋਂ ਹਾਲੇ ਵਪਾਰਕ ਤੇ ਸਮਾਨਾਂਤਰ ਫ਼ਿਲਮਾਂ ਦੀ ਝੂਠੀ ਵੰਡੀ ਨਹੀਂ ਸੀ ਪਈ। ਫ਼ਿਲਮ ਲੋਕਾਂ ਦੀ ਤਫ਼ਰੀਹ ਵੀ ਕਰਦੀ ਸੀ ਤੇ ਸਮਾਜੀ ਸੁਨੇਹਾ ਵੀ ਦਿੰਦੀ ਸੀ। ਆਜ਼ਾਦੀ ਮਿਲ਼ਿਆਂ ਕੁਝ ਸਾਲ ਹੀ ਹੋਏ ਸਨ ਅਤੇ ਰਾਜ ਕਪੂਰ ਦੇ