ਪੰਨਾ:Phailsufian.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/139


ਭਰਦਾ। ਇਹਨੂੰ ਉਸ ਵੇਲੇ ਅਸਲੋਂ ਖੁਲ੍ਹ ਹੁੰਦੀ ਹੈ। ਹੁਣ ਐਸੀ ਵਿਧੀ ਨਿਕਲ਼ ਆਈ ਹੈ, ਜਿਸ ਨਾਲ਼ ਕਲਾਸਿਕ ਕਾਲ਼ੀਆਂ ਚਿੱਟੀਆਂ ਫ਼ਿਲਮਾਂ ਨੂੰ ਰੰਗੀਨ ਬਣਾਇਆ ਜਾ ਸਕਦਾ ਹੈ। ਅੰਦਾਜ਼ਾ ਲਾਓ, ਆਈਸਨਸ਼ਟਾਈਨ, ਚਾਰਲੀ ਚੈਪਲਿਨ ਤੇ ਰਾਜ ਕਪੂਰ ਦੀਆਂ ਰੰਗੀਆਂ ਫ਼ਿਲਮਾਂ ਕਿਹੋ ਜਿਹੀਆਂ ਲੱਗਣਗੀਆਂ। ਅਮਰੀਕਾ ਤੇ ਯੂਰਪ ਦੇ ਫ਼ਿਲਮੀ ਕਦਰਦਾਨ ਨਹੀਂ ਚਾਹੁੰਦੇ ਕਿ ਪੁਰਾਣੀਆਂ ਫ਼ਿਲਮਾਂ ਨੂੰ ਰੰਗਿਆ ਜਾਵੇ।

ਰਾਜ ਕਪੂਰ ਨੇ ਐਕਟਿੰਗ ਵਿਚ ਸਾਰੀ ਉਮਰ ਚਾਰਲੀ ਚੈਪਲਿਨ ਦੀ ਰੀਸ ਕੀਤੀ। ਚੈਪਲਿਨ ਵੱਖਰੇ ਮਾਹੌਲ ਚੋਂ ਨਿਕਲ਼ਿਆ ਸੀ। ਇਹ ਆਪ ਸਿਆਸੀ ਸ਼ਊਰ ਵਾਲ਼ਾ ਬੰਦਾ ਸੀ। ਰਾਜ ਕਪੂਰ ਦਾ ਸਿਆਸਤ ਵਾਲ਼ਾ ਪਾਸਾ ਖ਼ੁਆਜਾ ਤੇ ਸ਼ੈਲੇਂਦਰ ਪੂਰਾ ਕਰ ਦਿੰਦੇ ਸੀ। ਇਹਦੇ ਜਿਸਮ ਵਿਚ ਚੈਪਲਿਨ ਵਾਲ਼ੀ ਲਚਕ ਤੇ ਫੁਰਤੀ ਨਹੀਂ ਸੀ। ਹੱਸਾਸ ਬੁਲ੍ਹਾਂ ਉਪਰ ਪਤਲੀ ਮੁੱਛ ਤੇ ਖੱਬੀ ਗੱਲ੍ਹ ਤੇ ਨੱਕ ਕੋਲ਼ ਦੋ ਤਿਣ ਸਾਰੀ ਬਾਤ ਕਹਿ ਜਾਂਦੇ ਸਨ। ਰਾਜ ਕਪੂਰ ਤੇ ਗੁਰੂਦੱਤ ਦੇ ਹੱਥਾਂ ਵਰਗੇ ਇੰਦਰਿਆਵੀ ਹੱਥ ਸ਼ਾਇਦ ਹੀ ਹੋਰ ਕਿਸੇ ਭਾਰਤੀ ਕਲਾਕਾਰ ਦੇ ਹੋਣਗੇ। ਸਭ ਤੋਂ ਹੱਸਾਸ ਮੁੱਖੜਾ ਗੁਰੂਦੱਤ ਦਾ ਸੀ, ਪਰ ਇਹ ਬੜਾ ਉਦਾਸ ਸੀ। ਗੁਰੂਦੱਤ ਦੀਆਂ ਅੱਖਾਂ ਵਿਚ ਜੇ ਰਾਜ ਕਪੂਰ ਦੇ ਸੁਫ਼ਨੇ ਹੁੰਦੇ, ਤਾਂ ਗੱਲ ਕੁਝ ਹੋਰ ਈ ਹੋਣੀ ਸੀ।

ਤੇ ਨਰਗਿਸ। ਨਰਗਿਸ ਰਾਜ ਕਪੂਰ ਦੀ ਪ੍ਰੇਮਣ ਸੀ। ਇਹਨੇ ਦਸ ਸਾਲਾਂ ਵਿਚ ਨਰਗਿਸ ਨਾਲ਼ ਅਠਾਰਾਂ ਫ਼ਿਲਮਾਂ ਬਣਾਈਆਂ। ਰਾਜ ਕਪੂਰ ਨਰਗਿਸ ਨੂੰ ਫ਼ਰਿਸ਼ਤਾ ਮੰਨਦਾ ਸੀ। ਫ਼ਰਿਸ਼ਤੇ ਤਾਂ ਕਿਸੇ ਨਹੀਂ ਵੇਖੇ; ਪਰ ਇਹ ਨਰਗਿਸ ਤੇ ਵਹੀਦਾ ਰਹਿਮਾਨ ਨਾਲ਼ੋਂ ਸੁਹਣੇ ਤਾਂ ਨਹੀਂ ਹੁੰਦੇ ਹੋਣੇ। ਰਾਜ ਕਪੂਰ ਆਪ ਵੀ ਤਾਂ ਫ਼ਰਿਸ਼ਤਾ ਸੀ, ਜਿਹਨੇ ਲੱਖਾਂ ਲੋਕਾਂ ਦੀ ਨੀਰਸ ਵਖਤਾਂਮਾਰੀ ਜ਼ਿੰਦਗੀ ਦਾ ਦੁੱਖ ਵਿਸਰਾ ਕੇ ਖੇੜਾ ਲਿਆਂਦਾ; ਜੋ ਭਾਵੇਂ ਪਲ ਭਰ ਦਾ ਸੀ, ਪਰ ਖੇੜਾ ਤਾਂ ਸੀ।