ਪੰਨਾ:Phailsufian.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/146


ਕਿਤਾਬਾਂ ਪੜ੍ਹਦੇ ਹੋਣਗੇ। ਪਰ ਇਹ ਉਨ੍ਹਾਂ ਦਾ ਭੁਲੇਖਾ ਹੈ। ਜਿੰਨਾ ਘਟੀਆ ਮਾਹੌਲ ਇਥੇ ਪੰਜਾਬੀ ਹਲਕਿਆਂ ਦਾ ਹੈ, ਓਨਾ ਪੰਜਾਬ ਚ ਵੀ ਨਹੀਂ ਹੋਣਾ। ਜਾਂ ਆਖ ਲਓ ਕਿ ਇੱਕੋ ਜਿੰਨਾ ਹੀ ਮਾੜਾ ਹੈ। ਇਹੋ ਜਿਹੇ ਮਾਹੌਲ ਵਿਚ ਚਾਰ ਅੱਖਰ ਪੜ੍ਹ ਲਿਖ ਲੈਣੇ ਹੀ ਸੂਰਮਗਤੀ ਹੈ।

ਹਰ ਲਿਖਾਰੀ ਦੀ ਜ਼ਿੰਦਗੀ ਵਿਚ ਐਸਾ ਦੌਰ ਆਉਂਦਾ ਹੈ, ਜਦ ਉਹ ਦੱਬ ਕੇ ਸਿਰਜਣਾ ਕਰਦਾ ਹੈ ਤੇ ਫੇਰ ਉਹਦੇ ਕੋਲ਼ੋਂ ਕੁਛ ਲਿਖ ਨਹੀਂ ਹੁੰਦਾ। ਉਨ੍ਹਾਂ ਲਿਖਾਰੀਆਂ ਦੀ ਕੀ ਰੀਸ, ਜੋ ਬਹੁਤ ਲਿਖਦੇ ਹਨ ਤੇ ਚੰਗਾ ਲਿਖਦੇ ਹਨ। ਜਦ ਪਾਬਲੋ ਨਰੂਦਾ ਜੀਉਂਦਾ ਹੁੰਦਾ ਸੀ, ਤਾਂ ਉਹਦੇ ਸਮਕਾਲੀ ਬੜੇ ਚਿੜ੍ਹਦੇ ਹੁੰਦੇ ਸੀ। ਉਨ੍ਹਾਂ ਕਹਿਣਾ - ਅਸੀਂ ਹਾਲੇ ਕਵਿਤਾ ਲਿਖਣ ਦਾ ਹੀ ਸੋਚੀਦਾ ਹੈ ਕਿ ਨਰੂਦਾ ਦੀ ਨਵੀਂ ਕਿਤਾਬ ਛਪ ਕੇ ਵੀ ਆ ਜਾਂਦੀ ਹੈ! ਹੈਮਿੰਗਵੇ ਪਿਛਲੇ ਵਾਰੇ ਬੜਾ ਔਖਾ ਸੀ। ਓਨ ਲਿਖਣ ਬਹਿਣਾ, ਪਰ ਉਹਦੇ ਕੋਲ਼ੋਂ ਇਕ ਹਰਫ਼ ਵੀ ਨਾ ਲਿਖਿਆ ਜਾਣਾ। ਫੇਰ ਉਹਨੇ ਖ਼ੁਦਕੁਸ਼ੀ ਕਰ ਲਈ। ਕੁਝ ਨਾ ਲਿਖ ਸਕਣ ਦੀ ਹਾਲਤ ਵਿਚ ਫ਼ੈਜ਼ ਫ਼ਾਰਸੀ ਸ਼ਾਇਰੀ ਦਾ ਉਰਦੂ ਵਿਚ ਤਰਜਮਾ ਕਰਦੇ ਹੁੰਦੇ ਸਨ। ਇਹ ਸੀ ਉਨ੍ਹਾਂ ਦਾ ‘ਹਥਿਆਰ ਤਿਆਰ ਰਖਣ' ਦਾ ਢੰਗ।

ਮੂਡ ਬਾਰੇ ਜਿੰਨੇ ਲੇਖਕ ਓਨੀਆਂ ਹੀ ਗੱਲਾਂ ਬਣੀਆਂ ਹੋਈਆਂ ਹਨ। ਸ਼ਿਲਰ ਸੜੇ ਹੋਏ ਸਿਓਆਂ ਦੀ ਬਦਬੂ ਸੁੰਘਦਿਆਂ ਲਿਖਦਾ ਸੀ। ਕਤੀਲ ਸ਼ਫ਼ਾਈ ਮਾਲਿਸ਼ ਕਰਕੇ ਡੰਡ ਬੈਠਕਾਂ ਕਢ ਕੇ ਲਿਖਣ ਲਗਦਾ ਹੈ। ਨਾਨਕ ਸਿੰਘ ਹਰ ਸਾਲ ਗਰਮੀਆਂ ਚ ਡਲਹੌਜ਼ੀ ਜਾ ਕੇ ਨਾਵਲ ਲਿਖ ਕੇ ਲੈ ਆਉਂਦਾ ਸੀ। ਭਾਈ ਵੀਰ ਸਿੰਘ ਸੰਤਰੀਆਂ ਦੇ ਪਹਿਰੇ ਥੱਲੇ ਕਾਵਿ-ਰਚਨਾ ਕਰਦੇ ਹੁੰਦੇ ਸਨ। ਸਾਡੇ ਕਿਸੇ ਮਿਤ੍ਰ ਲਿਖਾਰੀ ਦਾ ਮੂਡ ਅਫ਼ੀਮ ਦੀ ਗੋਲ਼ੀ ਛਕ ਕੇ ਬਣਦਾ ਹੈ। ਉਰਦੂ ਦੇ ਪੰਜਾਬੀ ਕਵੀ ਇਮਾਮ ਬਖ਼ਸ਼ ਨਾਸਖ਼ ਨੂੰ ਪਹਲਵਾਨ-ਏ-ਸੁਖ਼ਨ ਆਖਿਆ ਜਾਂਦਾ ਹੈ। ਰੂਸੀ ਲੇਖਕ ਹਿਊਜ਼ਮਾਨਜ਼ ਮਾਰਫ਼ੀਨ ਦਾ ਟੀਕਾ ਲਾ ਕੇ ਲਿਖਦਾ ਹੁੰਦਾ ਸੀ। ਗੱਲ ਸਾਰੀ ਸਚੇਤ ਮਨ ਨੂੰ ਸੁਲਾਉਣ ਦੀ ਹੈ।