ਪੰਨਾ:Phailsufian.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫ਼ੀਆਂ/162

ਪ੍ਰੇਮਕਾ ਨੂੰ ਚਿੱਠੀ ਮਿਲ਼ਦੀ ਹੈ, ਤਾਂ ਉਹ ਕੀ ਕਰਦੀ ਹੈ ਉਹ ਚਿੱਠੀ ਹੱਥਾਂ ਚ ਲੈਂਦੀ ਹੈ, ਚੁੰਮਦੀ ਹੈ, ਸਿਰ ਨਾਲ਼ ਲਾਉਂਦੀ ਹੈ, ਹਿੱਕ ਨਾਲ਼ ਲਾਉਂਦੀ ਹੈ, ਬਾਹਵਾਂ ਚ ਭਰਦੀ ਹੈ। ਪੀਆ ਦੀ ਚਿੱਠੀ ਲੈ ਕੇ ਕਦੇ ਉਹ ਪੜ੍ਹਦੀ ਹੈ, ਕਦੇ ਰੱਖਦੀ ਹੈ, ਕਦੇ ਸਾਂਭਦੀ ਹੈ ਅਤੇ ਮੁੜ ਮੁੜ ਇਹੋ ਕੁਝ ਕਰੀ ਜਾਂਦੀ ਹੈ। ਕਵੀ ਬਿਹਾਰੀ ਦਾ ਇਕ ਹੋਰ ਦੋਹਾ ਹੈ:

ਕਾਗਦ ਪਰ ਲਿਖਤ ਨਾ ਬਨਤ,ਕਹਤ ਸੰਦੇਸ਼ ਲੱਜਾਤ

ਕਹਿਹੈ ਸਭ ਤੇਰੋ ਹਿਯੋ, ਮੇਰੇ ਹਿਯ ਕੀ ਬਾਤ

ਕਾਗ਼ਜ਼ 'ਤੇ ਲਿਖਿਆਂ ਗੱਲ ਨਹੀਂ ਬਣਦੀ। ਮੂੰਹੋਂ ਆਖਿਆਂ ਸੰਙ ਆਉਂਦੀ ਹੈ। ਤੇਰਾ ਦਿਲ ਹੀ ਸਭ ਦੱਸ ਦਏਗਾ ਕਿ ਮੇਰੇ ਦਿਲ ਚ ਕੀ ਹੈ, ਯਾਨੀ ਉਸ ਕੋਲ਼ੋਂ ਹੀ ਪੁੱਛ ਲਵੀਂ।

ਕੀ ਕਿਸੇ ਨੂੰ ਖ਼ਤ ਲਿਖਣਾ ਸਿਖਾਇਆ ਜਾ ਸਕਦਾ ਹੈ? ਲਿਖਣਜਾਚ ਵਾਲ਼ੀਆਂ ਕਿਤਾਬਾਂ ਛਪਦੀਆਂ ਰਹਿੰਦੀਆਂ ਹਨ ਕਿ ਫਲਾਂ ਕਿਸਮ ਦੀ ਚਿੱਠੀ ਫਲਾਂ ਤਰੀਕੇ ਨਾਲ਼ ਲਿਖੀਦੀ ਹੈ। ਪਰ ਪ੍ਰੇਮ ਪਤ੍ਰ ਲਿਖਣ ਦਾ ਗੁਰ ਨਹੀਂ ਕੋਈ ਬਣਾ ਸਕਿਆ। ਕੁਝ ਗੁਰ ਸਿਆਣਿਆਂ ਨੇ ਬਣਾਏ ਹੋਏ ਹਨ ਕਿ ਚਿੱਠੀ ਸਹਿਜ ਤੇ ਆਪਮੁਹਾਰੀ ਹੋਵੇ; ਖ਼ੁਸ਼ਕੀ ਤੇ ਸ਼ੋਖ਼ੀ ਨਾ ਹੋਵੇ; ਭਾਵਨਾ ਹੋਵੇ, ਪਰ ਅੱਤਭਾਵਨਾ ਨਹੀਂ; ਵਿਦਵਤਾ ਦਾ ਦਿਖਾਵਾ ਨਾ ਹੋਵੇ ਤੇ ਨਾ ਹੋਛਾ ਮਜ਼ਾਕ। ਸ਼ੈਕਸਪੀਅਰ ਦਾ ਹੈਮਲਟ ਕਹਿੰਦਾ ਹੈ ਅਪਣੇ ਆਪ ਨਾਲ਼ ਸੱਚਾ ਰਹਿ ਟੂ ਦਾਈਨ ਓਨਸੈਲਫ਼ ਬੀ ਟਰੂ।ਸਤਾਰਵੀਂ ਸਦੀ ਦੇ ਕਿਸੇ ਫ਼ਰਾਂਸੀਸੀ ਨੇ ਆਖਿਆ ਸੀ ਕਿ ਚਿੱਠੀ ਲਿਖਣ ਦਾ ਹੁਨਰ ਔਰਤਾਂ ਕੋਲ਼ ਵਧ ਹੁੰਦਾ ਹੈ। ਵਾਲਤੇਅਰ, ਕੀਟਸ ਤੇ ਬੂਦਲੇਅਰ ਨੇ ਚਿੱਠੀਆਂ ਦੇ ਹੁਨਰ ਚ ਵਾਧਾ ਕੀਤਾ। ਇਨ੍ਹਾਂ ਦੀਆਂ ਚਿੱਠੀਆਂ ਚ ਔਰਤਾਂ ਵਾਲ਼ੀ ਨਜ਼ਾਕਤ ਹੈ। ਚਿੱਠੀ ਸਾਹਿਤ ਵਿਚ ਫ਼ਰਾਂਸ ਤੇ ਇੰਗਲੈਂਡ ਜਰਮਨੀ ਤੇ ਅਮਰੀਕਾ ਤੋਂ ਅੱਗੇ ਸਮਝੇ ਜਾਂਦੇ ਹਨ।