ਪੰਨਾ:Phailsufian.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/19

ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨਹੀ ਮਾਹਿ। - ਕਬੀਰ
Every thing exists in the word. -Pablo Neruda

ਸ਼ਬਦ ਇਨਸਾਨ ਦੀ ਸਭ ਤੋਂ ਵੱਡੀ ਸਿਰਜਣਾ ਹੈ। ਇੰਜਨ ਦੀ ਈਜਾਦ, ਚੰਨ ਉੱਤੇ ਬੰਦੇ ਦਾ ਉਤਾਰਾ ਤੇ ਬਣਾਉਟੀ ਜੀਨ Gene ਕਾਢ ਤੇ ਹੋਰ ਸਭ ਕਾਢਾਂ ਸ਼ਬਦ ਦੀ ਸਿਰਜਣਾ ਤੋਂ ਹੇਚ ਹਨ। ਬੋਲੀ ਸ਼ਬਦਾਂ ਦੀ ਅਨੰਤ ਮਾਲ਼ਾ ਹੈ। ਬੋਲੀ ਸਾਡੀ ਗੱਲ ਸੁਣਦੀ ਹੈ। ਸ਼ਬਦ ਬੰਦੇ ਦੇ ਬਹੁਤ ਨੇੜੇ ਹੈ। ਬੋਲੀ ਵਿਚ ਸਰਕਾਰਾਂ ਦੇ ਅਹਿਦਨਾਮੇ ਹੁੰਦੇ ਹਨ। ਬੋਲੀ ਵਿਚ ਇਕਰਾਰ ਹੁੰਦਾ ਹੈ। ਬੋਲੀ ਵਿਚ ਗੁਨਾਹ ਦਾ ਇਕਬਾਲ ਹੁੰਦਾ ਹੈ। ਸ਼ਬਦ ਤੋਂ ਪਹਿਲਾਂ ਨਾਦ ਜਾਂ ਧ੍ਵਨੀ ਸੀ। ਸੰਸਕ੍ਰਿਤ ਵਿਚ ਸ਼ਬਦ ਦਾ ਅਰਥ ਹੀ ਧ੍ਵਨੀ ਹੈ। ਕਾਲੀਦਾਸ ਦੇ ਨਾਟਕਾਂ, ਭਗਵਤਾ ਗੀਤਾ ਤੇ ਮਨੁਸਿਮਰਤੀ ਵਿਚ ਵੀ ਸ਼ਬਦ 'ਸ਼ਬਦ' ਧ੍ਵਨੀ ਵਜੋਂ ਹੀ ਵਰਤਿਆ ਗਿਆ ਹੈ। ਭਾਰਤੀ ਦਰਸ਼ਨ ਕਹਿੰਦਾ ਹੈ ਕਿ ਸ਼ਬਦ ਹੀ ਬ੍ਰਹਮ ਹੈ। ਨਾਨਕ ਨੇ ਆਖਿਆ ਸੀ: ਸਬਦੁ ਗੁਰੂ। ਨਾਮ, ਗੁਰੂ ਤੇ ਸ਼ਬਦ ਗੁਰਬਾਣੀ ਦੀਆਂ ਤਿੰਨ ਕੁੰਜੀਆਂ ਹਨ:

ਇਸ ਜਗੁ ਮਹਿ ਸਬਦੁ ਕਰਣੀ ਹੈ ਸਾਰੁ।
ਬਿਨ ਸਬਦੇ ਚੋਰੁ ਮੋਹੁ ਗੁਬਾਰੁ।।
ਸਬਦੈ ਨਾਮੁ ਰਖੈ ਉਰਿਧਾਰਿ।
ਸਬਦੈ ਗਤਿ ਮਤਿ ਮੋਖ ਦੁਆਰ।। -ਪ੍ਰਭਾਤੀ ਮਹਲਾ ੧

ਨਾਨਕ ਜਿਸ ਸ਼ਬਦ ਦੀ ਗੱਲ ਕਰਦੇ ਹਨ, ਉਹ ਬ੍ਰਹਮ ਹੀ ਹੈ। ਇਹੀ ਸਬਦੁ ਮੋਖ ਹੈ। ਪਰ ਨਾਨਕ ਨੂੰ ਇਸ ਲੋਕ ਦਾ ਕਿਹੜਾ ਸ਼ਬਦ ਸਭ ਤੋਂ ਵਧ ਕੇ ਪਿਆਰਾ ਲੱਗਦਾ ਹੋਏਗਾ - ਸਾਵਣ ਜਾਂ ਰੁਣਝੁਣ?

ਤੁਹਾਨੂੰ ਕਿਹੜਾ ਸ਼ਬਦ ਸਭ ਤੋਂ ਵਧ ਪਿਆਰਾ ਲਗਦਾ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਇਹਦਾ ਜਵਾਬ ਦੇਣਾ ਓਨਾ ਹੀ ਔਖਾ ਹੈ। ਤੁਸੀਂ ਇਹ ਸਵਾਲ ਅਪਣੇ ਆਪ ਨੂੰ ਪੁੱਛੋ, ਅਪਣੇ ਪਿਆਰਿਆਂ ਨੂੰ ਪੁੱਛੋ। ਸ਼ਬਦਾਂ