ਪੰਨਾ:Phailsufian.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/20

ਦੀ ਇਹ ਖੇਡ ਖੇਡਦਿਆਂ ਤੁਸੀਂ ਅਪਣੀ ਰੂਹ ਦੇ ਏਨਾ ਨੇੜੇ ਹੋ ਜਾਓਗੇ, ਜਿੰਨੇ ਸ਼ਾਇਦ ਪਹਿਲਾਂ ਕਦੇ ਨਹੀਂ ਹੋਏ ਹੋਣੇ। ਰੂਹ ਨੂੰ ਜਗਾਓ। ਖਵਰੇ ਅੱਗੋਂ ਇਹ ਵਾਹ ਸੱਜਣ ਆਖ ਤੁਹਾਡੀ ਬਾਂਹ ਪਕੜ ਤੁਹਾਨੂੰ ਕਿਸੇ ਨਵੀਂ ਦੁਨੀਆ ਵਲ ਲੈ ਖੜੇ।

ਸਾਡਾ ਮਨ ਹਰ ਸ਼ਬਦ ਨਾਲ਼ ਸੁਰ ਹੋਇਆ ਹੁੰਦਾ ਹੈ। ਕਿਸੇ ਬੋਲ ਦੇ ਉਚਰਨ ਨਾਲ਼, ਸੁਣਨ ਨਾਲ਼ ਜਾਂ ਪੜ੍ਹਨ ਨਾਲ਼ ਮਨ ਦੀਆਂ ਤਰਬਾਂ ਛਿੜ ਜਾਂਦੀਆਂ ਹਨ। ਹਰ ਸ਼ਬਦ ਦਾ ਇਤਿਹਾਸ ਹੁੰਦਾ ਹੈ। ਕਿਸੇ ਸ਼ਬਦ ਨਾਲ ਸਾਡਾ ਰਿਸ਼ਤਾ ਉਸ ਵਿਚ ਨਵੇਂ ਰੰਗ ਭਰਦਾ ਹੈ, ਜਿਸ ਤੋਂ ਅਸੀਂ ਪਹਿਲਾਂ ਅਣਜਾਣ ਰਹੇ ਹੁੰਦੇ ਹਾਂ। ਉਹ ਰੰਗ ਜਿਨ੍ਹਾਂ ਦੇ ਹਾਲੇ ਕੋਈ ਨਾਂ ਨਹੀਂ। ਜਿੰਨੇ ਜੀਵ, ਓਨੇ ਰੰਗ। ਰੰਗਾਂ ਨੂੰ ਜਗਾਓ। ਜਾਗਣਾ ਇੱਕੋ ਸ਼ਬਦ ਹੈ, ਪਰ ਜਾਗੀਆਂ ਅੱਖੀਆਂ ਦਾ ਕੋਈ ਪਾਰਾਵਾਰ ਨਹੀਂ। ਸਦਾ ਪ੍ਰਭਾਤ ਦਾ ਸੂਰਜ ਖੁਲ੍ਹੇ ਨੈਣਾਂ ਦਾ ਦੀਦਾਰ ਮੰਗਦਾ ਹੈ।

ਵਿਟਗੈੱਨਸ਼ਟਾਈਨ ਲਿਖਦਾ ਹੈ- ਬੋਲੀ ਨੂੰ ਚਿਤਵਣ ਦਾ ਮਤਲਬ ਹੈ, ਜ਼ਿੰਦਗੀ ਦੀ ਕੋਈ ਨੁਹਾਰ ਚਿਤਵਣੀ। - ਸ਼ਬਦ ਬਣੀ-ਸੁਆਰੀ ਪੱਕੀ ਇਟ ਵਾਂਙ ਹੁੰਦੇ ਹਨ, ਜਿਨ੍ਹਾਂ ਦੀ ਚਿਣਾਈ ਨਾਲ਼ ਸੁਹਣੀ ਇਮਾਰਤ ਉਸਰਦੀ ਹੈ ਤੇ ਫਿਰ ਇਸ ਇਮਾਰਤ ਵਿਚ ਘਰ ਬਣਦਾ ਹੈ। ਇਹ ਮੇਰਾ ਘਰ ਹੈ।

ਮੇਰਾ ਸਭ ਤੋਂ ਪਿਆਰਾ ਸ਼ਬਦ ਹੈ - ਅੰਬੀ। ਇਨਸਾਨ ਨੇ ਆਦਿਕਾਲ ਤੋਂ ਅਸੰਖ ਵਾਰ ਅੰਬੀ ਨੂੰ ਦੇਖਿਆ, ਛੁਹਿਆ, ਹੱਥ ਚ ਲਿਆ, ਸੁੰਘਿਆ, ਚੂਪਿਆ ਤੇ ਖਾਧਾ ਹੋਏਗਾ। ਇਹ ਚਾਰੇ ਗਿਆਨ ਇੰਦਰੀਆਂ ਇਸ ਸ਼ਬਦ ਦਾ ਲਹੂ-ਮਾਸ ਹਨ। ਇਸ ਸ਼ਬਦ ਦੇ ਉਚਰਿਆਂ ਪੰਜਵੀਂ ਹਿੱਸ ਜਾਗਦੀ ਹੈ। ਇਹੀ ਧ੍ਵਨੀ ਇਹਦੀ ਰੂਹ ਹੈ। ਇਹ ਧ੍ਵਨੀ ਬਚਪਨ ਵਿਚ ਊੜਾ ਊਠ, ਐੜਾ ਅੰਬ ਸਿੱਖਣ ਤੋਂ ਲੈ ਕੇ ਹੁਣ ਤਕ ਸਕੂਲ ਦੀ ਘੰਟੀ ਜਾਂ ਜਲਤਰੰਗ ਵਾਂਙ ਵੱਜਦੀ ਰਹੀ ਹੈ। ਯਾਦਾਂ ਦੀਆਂ ਅਨੇਕ ਤਰਬਾਂ ਤਰੰਗਾਂ ਛਿੜ ਜਾਂਦੀਆਂ ਹਨ - ਚੇਤਰ ਦਾ ਮਹੀਨਾ ਹੈ। ਲੂੰਈਂ ਫੁਟ ਰਹੀ ਹੈ। ਰੁੱਤ