ਪੰਨਾ:Phailsufian.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/24

ਇਸ ਵਰ੍ਹੇ ਦੇ ਪਹਿਲੇ ਦਿਨ ਮੈਂ ਜਨੀਵਾ ਸਵਿਟਜ਼ਰਲੈਂਡ ਬਜ਼ੁਰਗ ਸਾਧੂ ਸਿੰਘ ਧਾਮੀ ਕੋਲ਼ ਸੀ। ਮੈਂ ਇਨ੍ਹਾਂ ਨੂੰ ਪੁੱਛਿਆ – ਤੁਹਾਡਾ ਸਭ ਤੋਂ ਪਿਆਰਾ ਸ਼ਬਦ ਕਿਹੜਾ ਹੈ? - ਇਨ੍ਹਾਂ ਬਿਨਾਂ ਸੋਚਿਆਂ ਆਖਿਆ - ਤੂੰ। - ਮੈਨੂੰ ਲੱਗਿਆ, ਇਨ੍ਹਾਂ ਨੇ ਵਾਕ ਲੈ ਕੇ ਮੈਨੂੰ ਇਸ ਵਰ੍ਹੇ ਦਾ ਨਾਂ ਸੁਣਾਇਆ ਹੈ। ਮੇਰੀ ਰੂਹ ਖੁਸ਼ ਹੋ ਗਈ। ਹੋਰ ਸ਼ਬਦ ਜੋ ਮੇਰੇ ਬਹੁਤ ਨੇੜੇ ਹਨ - ਗੁੜ੍ਹਤੀ, ਸੱਧਰ, ਅਲ਼ਗੋਜ਼ੇ, ਕਣਕ, ਤ੍ਰਿਕਾਲ ਸੰਧਯਾ, ਸੇਜ, ਅਮ੍ਰਿਤਵੇਲਾ। ਆਦੀਆ ਤੇ ਨੇਹਾ, ਜੋ ਮੇਰੀਆਂ ਧੀਆਂ ਦੇ ਨਾਂ ਹਨ ਅਤੇ ਮੇਰੀ ਕਿਸੇ ਕਵਿਤਾ ਚ ਚਿਣੇ ਹੋਏ ਸ਼ਬਦ (ਕੰਲਰਿਜ ਨੇ ਕਵਿਤਾ ਦੀ ਵਡਿਆਈ ਦੱਸੀ ਸੀ - The best possible words in the best possible order):

ਯਾਦ ਤਾਂ ਹੁੰਦੀ ਨੀਲੀ ਤਿਤਲੀ
ਪਲਕਾਂ 'ਤੇ ਜੋ ਆ ਕੇ ਬਹਿੰਦੀ
ਯਾਦਾਂ ਅੰਦਰ ਯਾਦਾਂ ਬੁਣਦੀ
ਯਾਦ ਤਾਂ ਹੁੰਦੀ ਕੌਲ ਮਹਿੰਦੀ ਦਾ
ਅੰਬ ਦਾ ਬੂਟਾ
ਮੋਰ ਦੀ ਪਾਇਲ
ਚਿੱਟਾ ਹੰਸ ਤੇ ਕਾਲੀ ਬੱਦਲੀ

ਇਕ ਹੋਰ ਸ਼ਬਦ ਹੈ, ਜਿਹਨੂੰ ਸਿਮਰਦਿਆਂ ਮੈਂ ਬੜੇ ਸਾਲ ਪਹਿਲਾਂ ਕਵਿਤਾ ਲਿਖੀ ਸੀ - ਕਿਸੇ ਵੀ ਸਾਜ਼ ਦਾ ਨਾਂ ਲਓ। - ਉਹ ਸ਼ਬਦ ਇਸ ਕਵਿਤਾ ਵਿਚ ਨਹੀਂ। ਉਹ ਕੀ ਹੈ? ਇਹ ਵੱਖਰੀ ਕਹਾਣੀ ਹੈ। ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ। ਸ਼ਬਦ ਉਚਾਰੇ ਜਾਣ ਪਿੱਛੋਂ ਚੁੱਪ ਹੋ ਜਾਂਦਾ ਹੈ।

[1990