ਪੰਨਾ:Phailsufian.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/23

ਰਿਸ਼ਤਿਆਂ ਨੂੰ ਅਤੇ ਸ਼ੈਆਂ ਨਾਲ਼ ਲੋਕਾਂ ਦੇ ਰਿਸ਼ਤਿਆਂ ਨੂੰ ਗਾਈਡ ਕਰਦਾ ਹੈ। (ਫ਼. ਮਿਖਾਈਲੋਫ਼, ਦ' ਰਿਡਲ ਆੱਵ ਦ' ਸੈਲਫ਼, ਮਾਸਕੋ, 1980)

ਕਿਹਾ ਜਾਂਦਾ ਹੈ ਕਿ ਸ਼ਬਦ ਹਥਿਆਰ ਹੁੰਦੇ ਹਨ। ਹਥਿਆਰ ਕਾਹਦੇ ਲਈ ਹੁੰਦੇ ਹਨ? ਅਪਣੀ ਹਿਫ਼ਾਜ਼ਤ ਲਈ ਤੇ/ਜਾਂ ਦੁਸ਼ਮਣ ਨੂੰ ਮਾਰਨ ਲਈ। ਦੁਸ਼ਮਣ ਕੌਣ ਹੁੰਦਾ ਹੈ? ਦੁਸ਼ਮਣ ਉਹ ਹੁੰਦਾ ਹੈ, ਜੋ ਆਜ਼ਾਦੀ ਖੋਹਵੇ। ਦੁਸ਼ਮਣ ਦਾ ਵਸੀਲਾ ਵੀ ਤਾਂ ਸ਼ਬਦ ਹੀ ਹੁੰਦੇ ਹਨ। ਆਜ਼ਾਦੀ ਦਾ ਵੈਰੀ ਭਾਸ਼ਾ ਹੀ ਨਹੀਂ, ਹਰ ਸ਼ੈਅ ਭਿੱਟ ਦਿੰਦਾ ਹੈ। ਹੁਣ ਤਕ ਸਾਰੇ ਜਾਬਰ ਇੰਜ ਹੀ ਕਰਦੇ ਆਏ ਹਨ। ਇਨ੍ਹਾਂ ਸਾਰੇ ਜਾਬਰਾਂ ਦੇ ਵਰਤੇ ਸਾਰੇ ਸ਼ਬਦਾਂ ਦੇ ਜਵਾਬ ਵਿਚ ਮੇਰੇ ਕੋਲ਼ ਇੱਕੋ ਹੀ ਸ਼ਬਦ ਹੈ - ਅੰਬੀ।

ਕੀ ਸ਼ਬਦ ਅੰਬੀ ਚੂਪਣ ਖਾਣ ਵਾਲ਼ੇ ਗਦਰਾਏ ਗੂੜ੍ਹੇ ਹਰੇ ਜਾਂ ਸੰਧੂਰੀ ਰੰਗ ਦੇ ਮਿੱਠੇ ਫਲ਼ ਦਾ ਨਾਂ ਹੈ ਜਾਂ ਕਿਸੇ ਹੋਰ ਸ਼ੈਅ ਦਾ? ਪਰਦੇਸੀ ਦੁਆਬੀਏ ਇਹ ਬੋਲੀ ਪਾਂਦਿਆਂ ਮੁਸਕਰਾਂਦੇ ਹਉਕਾ ਲੈਂਦੇ ਹਨ - ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। - ਦੇਸ ਦੁਆਬਾ ਛੱਡ ਕੇ ਬੰਦਾ ਨਿਰੀਆਂ ਅੰਬੀਆਂ ਨੂੰ ਹੀ ਨਹੀਂ ਤਰਸਦਾ - ਬਾਗੀਂ ਅੰਬੀਆਂ ਪੱਕੀਆਂ...। ਪਰਦੇਸੀਆਂ ਲਈ ਅੰਬੀ ਬੇਵਤਨੀ, ਤਰਸੇਵੇਂ ਤੇ ਸ਼ੈਆਂ (ਜਿਵੇਂ ਧੁੱਪ) ਖੁੱਸ ਜਾਣ ਦਾ ਪ੍ਰਤੀਕ ਹੋ ਗਈ ਹੈ। ਇਨ੍ਹਾਂ ਲਈ ਇਹ ਫਲ ਭਾਵੇਂ ਵਰਜਿਤ ਨਹੀਂ, ਪਰ ਅਸਵੀਕ੍ਰਿਤ (ਡੀਨਾਈਡ) ਜ਼ਰੂਰ ਹੈ:

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਕਿਥੇ ਅੰਬਾਂ ਦਾ ਹੈ ਬੂਰ ਇਹੋ ਲਭਦਾ ਰਿਹਾ

ਅੰਗਰੇਜ਼ੀ ਦਾ ਇੱਕੋ ਇਕ ਸ਼ਬਦ ਟੈਲੀਫ਼ੋਨ ਮੈਨੂੰ ਚੰਗਾ ਲਗਦਾ ਹੈ। ਜਿਹੜੀ ਬੋਲੀ ਮੈਨੂੰ ਰਿਜ਼ਕ ਦਿੰਦੀ ਹੈ, ਜਿਸ ਬੋਲੀ ਵਿਚ ਮੇਰੇ ਬੱਚੇ ਮੇਰੇ ਨਾਲ਼ ਗੱਲ ਕਰਦੇ ਹਨ; ਉਹ ਮੇਰੇ ਲਈ ਏਨੀ ਓਪਰੀ ਹੈ, ਮੈਨੂੰ ਪਹਿਲਾਂ ਨਹੀਂ ਸੀ ਪਤਾ।