ਪੰਨਾ:Phailsufian.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/22

ਆਉਣ ਵਾਲ਼ਾ, ਵਾਪਰਨ ਵਾਲ਼ਾ ਪਲ ਵਰਤਮਾਨ ਹੈ। ਇਤਿਹਾਸ ਦੀ ਇਸ ਬੋਧੀ ਧਾਰਣਾ ਵਿਚ ਅਤੀਤ ਤੇ ਵਰਤਮਾਨ ਦਾ ਉਹ ਰਿਸ਼ਤਾ ਹੈ, ਜੋ ਜੰਮ ਰਹੇ ਬੱਚੇ ਤੇ ਪ੍ਰਸੂਤ ਪੀੜਾ ਦਾ ਹੁੰਦਾ ਹੈ।

ਸ਼ਬਦ ਤੋਂ ਪਹਿਲਾਂ ਦਰਸ ਹੁੰਦਾ ਹੈ। ਬੱਚਾ ਬੋਲਣ ਸਿੱਖਣ ਤੋਂ ਪਹਿਲਾਂ ਦੇਖਦਾ ਤੇ ਪਛਾਣਦਾ ਹੈ। ਦੇਖਣ ਨਾਲ਼ ਇਸ ਦੁਨੀਆ ਵਿਚ ਸਾਡੀ ਥਾਂ ਬਣਦੀ ਹੈ। ਅਸੀਂ ਇਸ ਦੁਨੀਆਂ ਨੂੰ ਸ਼ਬਦਾਂ ਵਿਚ ਬਿਆਨ ਕਰਦੇ ਹਾਂ। ਪਰ ਸ਼ਬਦ ਕਦੇ ਵੀ ਇਹ ਗੱਲ ਝੁਠਲਾ ਨਹੀਂ ਸਕਦੇ ਕਿ ਅਸੀਂ ਦੁਨੀਆ ਵਿਚ ਘਿਰੇ ਹੋਏ ਹਾਂ: ਅਸੀਂ ਜੋ ਦੇਖਦੇ ਹਾਂ ਅਤੇ ਅਸੀਂ ਜੋ ਜਾਣਦੇ ਹਾਂ, ਇਹ ਰਿਸ਼ਤਾ ਕਦੇ ਵੀ ਤੈਅ ਨਹੀਂ ਹੁੰਦਾ। ਅਸੀਂ ਸੂਰਜ ਅਸਤ ਹੁੰਦਾ ਦੇਖਦੇ ਹਾਂ। ਅਸੀਂ ਜਾਣਦੇ ਹੁੰਦੇ ਹਾਂ ਕਿ ਧਰਤੀ ਸੂਰਜ ਤੋਂ ਪਰ੍ਹੇ ਹੋ ਰਹੀ ਹੈ। ਪਰ ਗਿਆਨ ਤੇ ਵਿਆਖਿਆ ਦਾ ਆਪਸ ਚ ਮੇਲ਼ ਨਹੀਂ ਹੁੰਦਾ। ਸ਼ਬਦਾਂ ਤੇ ਦਰਸ ਵਿਚਾਲੇ ਸਦਾ ਬਣੇ ਰਹਿੰਦੇ ਖੱਪੇ ਬਾਰੇ ਅੱਤਯਥਾਰਥਵਾਦੀ ਚਿਤ੍ਰਕਾਰ ਰੈਨੇ ਮੈਗਰਿਟ ਦੀ ਪੇਂਟਿੰਗ ਹੈ: ਸੁਫ਼ਨਿਆਂ ਦੀ ਕੁੰਜੀ। ਘੋੜੇ ਦੀ ਵਾਹੀ ਸ਼ਕਲ ਹੇਠਾਂ ਲਿਖਿਆ ਹੋਇਆ ਹੈ: ਦਰਵਾਜ਼ਾ। ਘੜੀ ਹੇਠਾਂ ਹਵਾ, ਜਗ ਹੇਠਾਂ ਪੰਛੀ ਅਤੇ ਸੂਟਕੇਸ ਹੇਠਾਂ ਝੋਲਾ। (ਜੌਨ੍ਹ ਬਰਜਰ, ਵੇਅਜ਼ ਆੱਵ ਸੀਇੰਗ, ਲੰਡਨ, 1972)

ਸੁਫ਼ਨੇ ਵਿਚ ਦਰਵਾਜ਼ਾ ਅੰਬ ਵੀ ਹੋ ਸਕਦਾ ਹੈ, ਪਰ ਜਾਗਣ ਵਿਚ ਨਹੀਂ। ਘੋੜਾ ਘੋੜਾ ਹੀ ਹੋਏਗਾ, ਭਾਵੇਂ ਇਹ ਉਸ ਸਕੂਲ ਮਾਸਟਰ ਦੇ ਆਖਣ ਵਾਂਙ ਘੋਆ ਤਾਂ ਚੋ ਸਕਦਾ ਹੈ, ਜੋ ੜਾੜਾ ਨਹੀਂ ਸੀ ਬੋਲ ਸਕਦਾ। ਅੰਬੀ ਨੂੰ ਅੰਬੀ ਬਣਾਉਣ ਵਾਲ਼ਾ ਸ਼ਬਦ ਅੰਬੀ ਹੀ ਹੈ।

ਅੰਬੀ ਦੀ ਧ੍ਵਨੀ ਵਿਚ ਲੋਕਾਂ ਦਾ, ਅੰਬੀ ਦਾ ਸਦੀਆਂ ਦਾ ਰਿਸ਼ਤਾ ਕਸ਼ੀਦ ਹੋਇਆ ਸੁਣੀਂਦਾ ਹੈ। ਇਸੇ ਸਦਕਾ ਇਹ ਪੰਜਾਬੀ ਦੇ ਹੋਰਨਾਂ ਸ਼ਬਦਾਂ ਨਾਲ਼ ਸਹਿਜਤਾ ਨਾਲ਼ ਜੁੜੀ ਹੋਈ ਹੈ। ਇਸ ਸ਼ਬਦ ਦਾ ਸਮਾਜੀ ਕਾਰਜ ਇਹਦੀ ਧੂਨੀ ਵਿਚ ਸਾਕਾਰ ਹੈ। ਸ਼ਬਦ ਅੰਬੀ ਉਚਰਿਆਂ ਇਹਦਾ ਭਾਸ਼ਾਈ ਕਾਰਜ ਤੈਅ ਹੁੰਦਾ ਹੈ। ਇਹ ਕਾਰਜ ਕੀ ਹੈ? ਇਹ ਲੋਕਾਂ ਦੇ ਆਪਸੀ