ਪੰਨਾ:Phailsufian.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/39

ਸਾਡੇ ਕੋਲ਼ ਭਗਤ ਸਿੰਘ ਦੀਆਂ ਕੁਲ ਚਾਰ ਤਸਵੀਰਾਂ ਹਨ - ਬਚਪਨ ਵੇਲੇ ਦੀ ਜਿਸ ਵਿਚ ਭਗਤ ਸਿੰਘ ਦੇ ਹੱਥ ਵੀ ਦਿਸਦੇ ਹਨ; ਦੂਜੀ ਨੈਸ਼ਨਲ ਕਾਲਜ ਲਹੌਰ ਦੀ ਡਰਾਮਾ ਕਲੱਬ ਦੀ ਗਰੁੱਪ ਫ਼ੋਟੋ ਵਿੱਚੋਂ ਕੱਢੀ ਟੌਰ੍ਹੇ ਵਾਲ਼ੀ ਪੱਗ ਵਾਲ਼ੀ; ਤੀਜੀ ਪੁਲਸ ਹਿਰਾਸਤ ਵਿਚ ਮੰਜੀ ਉੱਤੇ ਬੈਠੇ ਦੀ ਅਤੇ ਅਖ਼ੀਰਲੀ ਟੋਪ ਵਾਲ਼ੀ ਸਭ ਤੋਂ ਵਧ ਜਾਣੀ ਜਾਂਦੀ ਟੋਪ ਵਾਲ਼ੀ ਤਸਵੀਰ ਹੀ ਹੈ। ਇਹ ਤਸਵੀਰ ਭਾਵੇਂ ਕਲਾ ਦਾ ਕੋਈ ਚੰਗਾ ਨਮੂਨਾ ਨਹੀਂ, ਪਰ ਇਹ ਸਾਡੇ ਲਈ ਬਹੁਤ ਕੁਝ ਹੈ। ਮੈਂ ਹੁਣ ਇਸ ਤਸਵੀਰ ਬਾਰੇ ਗੱਲ ਕਰਨੀ ਹੈ।

ਵੀਹਵੀਂ ਸਦੀ ਵਿਚ ਪੰਜਾਬ ਵਿਚ ਜਿੰਨੀ ਭਗਤ ਸਿੰਘ ਦੇ ਨਾਂ ਦੀ ਸੋਭਾ ਹੋਈ, ਓਨੀ ਕਿਸੇ ਦੀ ਨਹੀਂ ਹੋਈ। ਸਿੱਖ ਗੁਰੂਆਂ ਜਿੰਨਾ ਪਿਆਰ ਤੇ ਸ਼ਰਧਾ ਲੋਕਾਂ ਦੇ ਮਨਾਂ ਵਿਚ ਭਗਤ ਸਿੰਘ ਵਾਸਤੇ ਵੀ ਹੈ। ਨਾਨਕ ਜਾਂ ਗੋਬਿੰਦ ਸਿੰਘ ਤੇ ਭਗਤ ਸਿੰਘ ਦੀ ਤਸਵੀਰ ਵਿਚ ਏਨਾ ਹੀ ਫ਼ਰਕ ਹੈ ਕਿ ਗੁਰੂਆਂ ਦੀ ਮੂਰਤ ਫ਼ਰਜ਼ੀ ਹੈ, ਪਰ ਭਗਤ ਸਿੰਘ ਦੀ ਨਹੀਂ। ਇਹ ਹਰ ਕਿਸੇ ਦੇ ਏਨਾ ਨੇੜੇ ਤੇ ਏਨਾ ਅਪਣੇ ਵਰਗਾ ਹੈ ਕਿ ਇਸ ਅੱਗੇ ਕੋਈ ਮੱਥਾ ਤਾਂ ਭਾਵੇਂ ਟੇਕਦਾ ਹੋਏ, ਪਰ ਮੰਨਤਾਂ ਨਹੀਂ ਮੰਨਦਾ ਹੋਣਾ। ਪਰ ਅਪਣੀ ਜ਼ਿੰਦਗੀ ਤੇ ਕੁਰਬਾਨੀ ਸਦਕਾ ਭਗਤ ਸਿੰਘ ਆਮ ਬੰਦੇ ਦੇ ਅਪਣੇ ਵਰਗਾ ਹੁੰਦਿਆਂ ਵੀ ਏਨਾ ਕੁ ਵੱਖਰਾ ਜ਼ਰੂਰ ਹੈ, ਜਿਸ ਤੋਂ ਅਹਿਸਾਨਮੰਦੀ, ਇਜ਼ਤ ਤੇ ਸ਼ਰਧਾ ਸ਼ੁਰੂ ਹੁੰਦੀ ਹੈ। ਢਾਬਿਆਂ ਤੇ ਨਾਈਆਂ ਦੀਆਂ ਹੱਟੀਆਂ ਵਿਚ ਲਟਕਦੇ ਕੈਲੰਡਰਾਂ, ਟਰੱਕਾਂ ਦੀਆਂ ਬਾਰੀਆਂ ਤੇ ਰਿਕਸ਼ਿਆਂ ਦੇ ਪਿਛਾੜੀ, ਮੇਲਿਆਂ ਵਿਚ ਵਿਕਦੇ ਕਿੱਸਿਆਂ ਚਿੱਠਿਆਂ ਦੇ ਮੋਹਰੇ ਭਗਤ ਸਿੰਘ ਦੀ ਟੋਪ ਵਾਲ਼ੀ ਮੂਰਤ ਆਮ ਨਜ਼ਰ ਆਉਂਦੀ ਹੈ। ਕੁੜੀਆਂ ਇਸ ਮੂਰਤ ਦਾ ਕਸੀਦਾ ਕਢਦੀਆਂ ਹਨ। ਟੋਪ ਤੇ ਮੁੱਛਾਂ ਨੂੰ ਛੱਡ ਕੇ ਹਰ ਮੂਰਤ ਵਿਚ ਨੈਣ-ਨਕਸ਼ਾਂ ਚ ਪਿਆ ਫ਼ਰਕ ਜਾਂ ਤਾਂ ਮੂਰਤ ਨੂੰ ਸੁਹਜਾ ਬਣਾ ਦਿੰਦਾ ਹੈ ਜਾਂ ਕੁਹਜਾ; ਪਰ ਇਹਦਾ ਸੁਨੇਹਾ ਕਦੇ ਨਹੀਂ ਬਦਲਦਾ; ਇਹ ਆਦਿ- ਜੁਗਾਦੀ ਜੁ ਹੋ ਗਿਆ ਹੈ।