ਪੰਨਾ:Phailsufian.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/40

ਇਹ ਤਸਵੀਰ ਭਗਤ ਸਿੰਘ ਨੇ ਬਟੁਕੇਸ਼ਵਰ ਦੱਤ ਨਾਲ਼ ਜਾ ਕੇ ਕਸ਼ਮੀਰੀ ਗੇਟ ਦਿੱਲੀ ਦੇ ਫ਼ੋਟੋਗਰਾਫ਼ਰ ਰਾਮ ਨਾਥ ਤੋਂ 9 ਅਪ੍ਰੈਲ 1929 ਵਾਲ਼ੇ ਦਿਨ ਪਾਰਲੀਮੈਂਟ ਵਿਚ ਬੰਬ ਸੁੱਟਣ ਤੇ ਗ੍ਰਿਫ਼ਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਖਿਚਵਾਈ ਸੀ। ਇੱਕੋ ਦਿਨ ਇੱਕੋ ਵੇਲੇ ਅੱਗੜ-ਪਿੱਛੜ ਖਿਚਵਾਈਆਂ ਫ਼ੋਟੋਆਂ ਵਿਚ ਦੱਤ ਨੇ ਸਿਰ 'ਤੇ ਟੋਪ ਨਹੀਂ ਲਿਆ ਹੋਇਆ। ਸ਼ਾਇਦ ਉਹ ਟੋਪ ਲੈਣੋਂ ਸੰਝਦਾ ਹੋਏਗਾ। ਨਾਲ਼ੇ ਇਹ ਭਗਤ ਸਿੰਘ ਜਿੰਨਾ ਸ਼ੌਕੀਨ ਵੀ ਨਹੀਂ ਸੀ। ਦੱਤ ਤਸਵੀਰ ਵਿਚ ਕੈਮਰੇ ਜਾਂ ਦਰਸ਼ਕ ਵਲ ਨਹੀਂ ਦੇਖ ਰਿਹਾ। ਆਮ ਲੋਕਾਂ ਭਾਣੇ ਭਗਤ ਸਿੰਘ ਦੱਤ ਇੱਕੋ ਬੰਦੇ ਦਾ ਨਾਂ ਹੈ।

ਭਗਤ ਸਿੰਘ ਦੀ ਇਹ ਤਸਵੀਰ ਜ਼ਿੰਦਾਦਿਲੀ, ਸਾਦਗੀ ਤੇ ਨਿਹਚੇ ਦਾ ਨਿਸ਼ਾਨ ਹੈ। ਫ਼ੋਟੋਗਰਾਫ਼ਰ ਦੇ ਗਾਹਕਾਂ ਵਾਸਤੇ ਰੱਖੇ ਫ਼ੈਲਟ ਹੈਟ ਨੂੰ ਪਾ ਕੇ ਭਗਤ ਸਿੰਘ ਬਾਂਕਾ ਛੈਲ ਜਵਾਨ ਨਜ਼ਰ ਆਉਂਦਾ ਹੈ। (ਇਹ ਫ਼ਿਲਮਾਂ ਦੇਖਣ ਦਾ ਸ਼ੌਕੀਨ ਸੀ)। ਪਰ ਏਨਾ ਜੈਂਟਲਮੈਨ ਵੀ ਨਹੀਂ ਕਿ ਟੋਪ ਨਾਲ਼ ਜੈਕਟ ਪਾ ਲੈਂਦਾ। ਭਾਵੇਂ ਨਿਰੀ ਕਮੀਜ਼ ਨਾਲ਼ ਪਾਇਆ ਟੋਪ ਬੇਢਬਾ ਲਗਦਾ ਹੈ, ਪਰ ਇਸ ਤੋਂ ਮਸਤੀ ਝਲਕਦੀ ਹੈ। ਇਹਨੇ ਜੇਲ ਚੋਂ ਚਿੱਠੀ ਲਿਖ ਕੇ ‘ਸ਼ੈਕਸਪੀਅਰੀ’ ਕਾਲਰਾਂ ਵਾਲ਼ੀ ਕਮੀਜ਼ ਮੰਗਵਾਈ ਸੀ| ਮੁੱਛਾਂ ਤੇ ਘੰਡੀ ਵਾਲ਼ੀ ਮਜ਼ਬੂਤ ਗਰਦਨ ਤੋਂ ਮਰਦਾਨਗੀ ਝਲਕਦੀ ਹੈ ਅਤੇ ਅਪਣੀ ਮਾਂ ਵਰਗੀਆਂ ਅੱਖਾਂ ਤੇ ਠੋਡੀ ਤੋਂ ਨਿਹਚਾ। ਬੁਲ੍ਹਾਂ ਵਿਚ ਸੰਵੇਦਨਾ ਹੈ।

ਰਾਮ ਨਾਥ ਇਹ ਤਾਂ ਜਾਣਦਾ ਹੀ ਹੋਣਾ ਹੈ ਕਿ ਭਗਤ ਸਿੰਘ ਮਫ਼ਰੂਰ ਹੈ। ਪਤਾ ਨਹੀਂ ਇਹਦੀ ਇਹ ਮੂਰਤ ਲਾਂਹਦਿਆਂ ਇਹਨੂੰ ਇਹਦੀ ਤਵਾਰੀਖ਼ੀ ਅਹਿਮੀਅਤ ਦਾ ਪਤਾ ਸੀ ਜਾਂ ਨਹੀਂ; ਪਰ ਭਗਤ ਸਿੰਘ ਦੱਤ ਨੂੰ ਜ਼ਰੂਰ ਪਤਾ ਸੀ। ਇਹ ਮੂਰਤ ਵਾਪਰਨ ਵਾਲ਼ੀ ਬਹੁਤ ਵੱਡੀ ਘਟਨਾ ਵਲ ਇਸ਼ਾਰਾ ਹੈ। ਕਿੰਨਾ ਚੰਗਾ ਹੁੰਦਾ, ਜੇ ਰਾਮ ਨਾਥ ਇਨ੍ਹਾਂ ਦੀਆਂ ਹੋਰ ਤਸਵੀਰਾਂ ਵੀ ਲਾਹ ਕੇ ਰਖ ਲੈਂਦਾ।

ਬਹੁਤ ਘਟ ਤਸਵੀਰਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਿਰਲੇਖ ਰਖਣ ਦੀ ਜ਼ਰੂਰਤ ਨਹੀਂ ਪੈਂਦੀ। ਸ਼ਹੀਦ ਭਗਤ ਸਿੰਘ ਦੀ ਇਹ ਤਸਵੀਰ ਵੀ