ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਚਲਾਕ ਕਾਂ ਤੇ ਭੋਲੀ ਚਿੜੀ

ਵਿਕੀਸਰੋਤ ਤੋਂ

ਚਲਾਕ ਕਾਂ ਤੇ ਭੋਲੀ ਚਿੜੀ

ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਕਾਂ ਬੜਾ ਚਲਾਕ ਸੀ ਤੇ ਚਿੜੀ ਸੀ ਭੌਲੀ ਭਾਲੀ। ਇੱਕ ਦਿਨ ਕਾਂ ਨੇ ਚਿੜੀ ਨੂੰ ਆਖਿਆ, "ਜੇ ਮੇਰੀ ਕਾਉਣੀ ਨੇ ਪਹਿਲਾਂ ਬੱਚਾ ਦਿੱਤਾ ਤਾਂ ਉਹ ਤੂੰ ਖਾ ਲਈ, ਜੇ ਤੂੰ ਪਹਿਲਾਂ ਬੱਚਾ ਦਿੱਤਾ ਤਾਂ ਮੈਂ ਖਾ ਲਊਂਗਾ।"

ਭੋਲੀ ਚਿੜੀ ਨੇ ਚਲਾਕ ਕਾਂ ਦੀ ਇਹ ਸ਼ਰਤ ਮੰਨ ਲਈ।

ਕੁਝ ਦਿਨਾਂ ਮਗਰੋਂ ਚਿੜੀ ਨੇ ਆਂਡਿਆਂ ਵਿੱਚੋਂ ਦੋ ਬੱਚੇ ਕੱਢ ਲਏ। ਬੜੇ ਪਿਆਰੇ-ਪਿਆਰੇ। ਕਾਂ ਮੂੰਹ ਸੰਵਾਰਦਾ ਚਿੜੀ ਕੋਲ ਆ ਕੇ ਕਹਿੰਦਾ, "ਚਿੜੀਏ ਆਪਣੀ ਸ਼ਰਤ ਐ, ਬੱਚੇ ਪਹਿਲਾਂ ਤੇਰੇ ਹੋਏ ਨੇ, ਲਿਆ ਮੈਂ ਖਾਵਾਂ।

ਭੋਲੀ ਭਾਲੀ ਚਿੜੀ ਦਾ ਦਿਲ ਕੰਬ ਗਿਆ ਪਰ ਉਹ ਆਪਣੇ ਬਚਨ ਤੋਂ ਮੁਕਰਨਾ ਨਹੀਂ ਸੀ ਚਾਹੁੰਦੀ। ਕਾਂ ਨੂੰ ਕਹਿੰਦੀ, "ਕਾਂਵਾਂ ਕਾਂਵਾਂ ਪਹਿਲਾਂ ਤੂੰ ਆਪਣਾ ਮੂੰਹ ਧੋ ਆ, ਫੇਰ ਆ ਕੇ ਖਾ ਲੀ।

ਕਾਂ ਇੱਕ ਟੋਭੇ ਤੇ ਜਾ ਕੇ ਆਪਣੀ ਚੁੰਝ ਧੋ ਆਇਆ। ਆ ਕੇ ਚਿੜੀ ਨੂੰ ਕਹਿੰਦਾ, "ਲਿਆ ਚਿੜੀਏ, ਮੈਂ ਆਪਣਾ ਮੂੰਹ ਧੋ ਲਿਐ, ਛੇਤੀ ਕਰ।"

ਚਿੜੀ ਮੁੜ ਬੋਲੀ, "ਏਕਣ ਨੀ, ਪਹਿਲਾਂ ਤੂੰ ਘੁਮਾਰਾਂ ਦਿਓ ਇਕ ਠੀਕਰਾ ਲੈ ਕੇ ਆ, ਓਸ ਠੀਕਰੇ 'ਚ ਸਾਫ ਪਾਣੀ ਪਾ ਕੇ ਮੇਰੇ ਸਾਹਮਣੇ ਆਪਣੀ ਚੁੰਝ ਧੋ, ਨਹੀਂ ਮੈਂ ਨੀ ਮੰਨਦੀ। ਕੀ ਪਤਾ ਤੂੰ ਐਵੇਂ ਈ ਆਖਦਾ ਹੋਵੇਂ।"

ਕਾਂ ਚਿੜੀ ਕੋਲੋਂ ਉਡ ਕੇ ਘੁਮਾਰਾਂ ਦੇ ਘਰ ਆ ਕੇ ਬੋਲਿਆ:

ਹੈ ਘੁਮਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ।

ਘੁਮਾਰ ਬੋਲਿਆ, "ਕਾਂਵਾਂ ਗੱਲ ਅਸਲ ਵਿੱਚ ਇਹ ਐ, ਮੇਰੇ ਪਾਸ ਏਸ ਵੇਲੇ ਕੋਈ ਠੀਕਰਾ ਤਾਂ ਹੈਨੀ ਗਾ। ਤੂੰ ਮਿੱਟੀ ਲਿਆ ਦੇ ਮੈਂ ਹੁਣੇ ਬਣਾ ਦਿੰਨਾਂ।"

ਕਾਂ ਘੁਮਾਰ ਪਾਸੋਂ ਉੱਡ ਕੇ ਮਿੱਟੀ ਪਾਸ ਆ ਕੇ ਆਖਣ ਲੱਗਾ:

ਹੈ ਮਿਟਰੀਆ
ਦੇਣੀ ਘੁਮਰੀਆ

ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਮਿੱਟੀ ਨੇ ਝੱਟ ਕਿਹਾ, “ਕਾਂਵਾਂ ਤੂੰ ਹਿਰਨ ਦਾ ਸਿੰਗ ਲੈ ਆ ਫੇਰ ਉਹਦੇ ਨਾਲ ਪੁੱਟ ਕੇ ਬੇਸ਼ਕ ਲੈ ਜਾਈਂ।”

ਕਾਂ ਮਿੱਟੀ ਪਾਸੋਂ ਉਡ ਕੇ ਹਿਰਨ ਪਾਸ ਗਿਆ ਤੇ ਦਿਲ ਦੀ ਗੱਲ ਦੱਸੀ:

ਹੇ ਹਨਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਮਰੀਆਂ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਇਹ ਸੁਣ ਹਿਰਨ ਆਖਣ ਲੱਗਾ, “ਕਾਂਵਾਂ ਮੈਂ ਸਿੰਗ ਦੇਣ ਨੂੰ ਤਿਆਰ ਆਂ ਪਰ ਏਸ ਤਰ੍ਹਾਂ ਤਾਂ ਮੈਨੂੰ ਦੁਖ ਲੱਗੂਗਾ। ਤੂੰ ਪਹਿਲਾਂ ਸ਼ਿਕਾਰੀ ਕੁੱਤੇ ਲਿਆ ਕੇ ਮੈਨੂੰ ਮਰਵਾ ਦੇ, ਫੇਰ ਮੇਰੇ ਸਿੰਗ ਲੈ ਜੀ।” ਕਾਂ ਸ਼ਿਕਾਰੀ ਕੁੱਤਿਆਂ ਕੋਲ ਜਾ ਕੇ ਕਹਿੰਦਾ:

ਹੇ ਕੁਤਰੀਆ
ਮਾਰਨਾ ਹਨਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਮਰੀਆਂ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਕੁੱਤੇ ਬੋਲੇ, “ਕਾਂਵਾਂ ਅਸੀਂ ਮਾੜੇ ਆਂ, ਪਹਿਲਾਂ ਦੁੱਧ ਪਲਾ ਕੇ ਤਕੜੇ ਕਰ, ਫੇਰ ਅਸੀਂ ਹਿਰਨੇ ਮਾਰ ਲਵਾਂਗੇ।" ਕੁੱਤਿਆਂ ਕੋਲੋਂ ਉੱਡ ਕੇ ਕਾਂ ਮੱਝ ਕੋਲ ਆ ਕੇ ਆਖਣ ਲੱਗਾ :

ਹੇ ਮਝਰੀਆ
ਲੈਣਾ ਦੁਧਰੀਆ

ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਮਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆਂ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਮੱਝ ਬੋਲੀ, “ਮੈਂ ਭੁੱਖੀ ਆਂ, ਤੂੰ ਮੈਨੂੰ ਕੱਖ ਪਾ, ਫੇਰ ਮੈਂ ਤੈਨੂੰ ਦੁੱਧ ਦਊਂਗੀ। ਕਾਂ ਕੱਖਾਂ ਪਾਸ ਜਾ ਕੇ ਬੋਲਿਆ :

ਹੋ ਕਖਰੀਆ
ਖਲਾਉਣਾ ਮਝਰੀਆ
ਲੈਣਾ ਦੁਧਰੀਆ
ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ
ਪੁੱਟਣੀ ਮਿਟਰੀਆ
ਦੇਣੀ ਘੁਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਘਾਹ ਬੋਲਿਆ, ਏਦਾਂ ਨੀ ਮੈਂ ਪੁੱਟ ਹੋਣਾ। ਤੂੰ ਖੁਰਪਾ ਲਿਆ ਤੇ ਮੈਨੂੰ ਖੋਤ ਕੇ ਲੈ ਜਾ। ਕਾਂ ਸਿੱਧਾ ਲੁਹਾਰ ਪਾਸ ਆਇਆ ਤੇ ਉਹਨੂੰ ਆ ਕੇ ਆਖਿਆ:

ਹੇ ਹਰੀਆ
ਲੈਣਾ ਖੁਪਰੀਆ
ਖੋਤਣਾ ਕਖਰੀਆ
ਖਲਾਉਣਾ ਮਝਰੀਆ
ਲੈਣਾ ਦੁਧਰੀਆ
ਪਲਾਉਣਾ ਕੁਤਰੀਆ
ਮਾਰਨਾ ਹਰੀਆ
ਲੈਣਾ ਸਿੰਗਰੀਆ

ਪੁੱਟਣੀ ਮਿਟਰੀਆ
ਦੇਣੀ ਘੁਮਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਲੁਹਾਰ ਕਾਂ ਨੂੰ ਕਹਿੰਦਾ, “ਕਾਂਵਾਂ ਹੁਣੇ ਬਣਾ ਕੇ ਦਿੰਨਾਂ ਤੂੰ ਏਥੇ ਆਰਾਮ ਕਰ।” ਕੁਝ ਚਿਰ ਮਗਰੋਂ ਲੁਹਾਰ ਨੇ ਖੁਰਪਾ ਬਣਾ ਦਿੱਤਾ ਤੇ ਕਾਂ ਨੂੰ ਕਿਹਾ, “ਖੁਰਪਾ ਤਾਂ ਬਣ ਗਿਐ, ਪਰ ਹਾਲੇ ਤੱਤੈ।”

ਕਾਂ ਦਾ ਦਿਲ ਚਿੜੀ ਦੇ ਬੱਚੜੇ ਖਾਣ ਲਈ ਕਾਹਲਾ ਪਿਆ ਹੋਇਆ ਸੀ। ਬੋਲਿਆ, “ਕੋਈ ਨਾ, ਤੂੰ ਇਹ ਚੁੱਕ ਕੇ ਮੇਰੇ ਖੰਭਾ ਉੱਤੇ ਰੱਖ ਦੇ ਮੈਂ ਲੈ ਜਾਨਾਂ।’’

ਲੁਹਾਰ ਨੇ ਤੱਤਾ-ਤੱਤਾ ਖੁਰਪਾ ਕਾਂ ਦੇ ਖੰਭਾ ਉੱਤੇ ਰੱਖ ਦਿੱਤਾ। ਕਾਂ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਉਹਦੇ ਖੰਭਾਂ ਨੂੰ ਅੱਗ ਲੱਗ ਗਈ ਤੇ ਉਹ ਧਰਤੀ ਤੇ ਡਿੱਗ ਕੇ ਮਰ ਗਿਆ।