ਬਾਤਾਂ ਦੇਸ ਪੰਜਾਬ ਦੀਆਂ/ਚਾਰ ਠੱਗ ਤੇ ਚੁਸਤ ਤੀਵੀਂ

ਵਿਕੀਸਰੋਤ ਤੋਂ

ਚਾਰ ਠੱਗ ਤੇ ਚੁਸਤ ਤੀਵੀ


ਚਾਰ ਠੱਗ ਸੀ। ਬੜਾ ਭਾਈ ਕਹਿੰਦਾ, “ਚਲੋ ਆਪਾਂ ਇੱਕ ਤੀਵੀਂ ਲਿਆਈਏ।" ਫੇਰ ਉਹ ਇੱਕ ਬੀਹੀ ਵਿੱਚ ਜਾ ਬੜੇ। ਅੱਗੇ ਇੱਕ ਤੀਵੀਂ ਚਰਖਾ ਕੱਤਦੀ ਸੀ। ਬੜਾ ਭਾਈ ਕਹਿੰਦਾ, “ਬੀਬੀ ਮੱਥਾ ਟੇਕਦਾਂ।”
ਉਹ ਬੋਲੀ, “ਜਿਉਂਦਾ ਰਹਿ ਭਾਈ।" ਫੇਰ ਉਹ ਉਹਨੂੰ ਆਪਣੇ ਘਰ ਲੈ ਆਈ ਤੇ ਉਹਦੀ ਚੰਗੀ ਸੇਵਾ ਕੀਤੀ। ਆਥਣ ਨੂੰ ਤੀਵੀਂ ਦੇ ਘਰ ਵਾਲਾ ਆਇਆ। ਓਸ ਆ ਕੇ ਪੁੱਛਿਆ, “ਇਹ ਪਰਾਹੁਣਾ ਕੌਣ ਐ?".ਉਹ ਬੋਲੀ, “ਮੈਂ ਤਾਂ ਸਮਝਦੀ ਸੀ ਬਈ ਇਹ ਤੇਰਾ ਕੋਈ ਜਾਣੁ ਐ। ਮੈਂ ਤਾਂ ਨੀ ਇਹਨੂੰ ਜਾਣਦੀ।
ਪਰਾਹੁਣਾ ਕਹਿੰਦਾ, “ਮੇਰੇ ਭਾਈਆਂ ਦਾ ਵਿਆਹ ਐ, ਥੋਡੇ ਵਿੱਚੋਂ ਇੱਕ ਜਾਣਾ ਮੇਰੇ ਨਾਲ ਚੱਲੋ।”
ਤੀਵੀਂ ਉਹਦੇ ਨਾਲ ਜਾਣ ਲਈ ਤਿਆਰ ਹੋ ਗਈ।
ਗੱਡੀ ਜੋੜ ਕੇ ਉਹ ਤੁਰ ਪਏ। ਰਸਤੇ ਵਿੱਚ ਉਹ ਬਥੇਰਾ ਕਹੇ “ਭਾਈ ਖੜ ਜਾ। ਉਹ ਕਹਿੰਦਾ, “ਦਾਦੀ ਖੜਦੇ ਦੀ।"
ਰਸਤੇ ਵਿੱਚ ਇੱਕ ਸੁੱਕਾ ਪਿੱਪਲ ਆਇਆ। ਉਸ ਨੇ ਓਸ ਪਿੱਪਲ ਵਿੱਚ ਆਪਣਾ ਮੁੰਡਾ ਸੁੱਟ ਦਿੱਤਾ ਤੇ ਆਖਿਆ, “ਹੇ ਬਰਮਾ ਜੇ ਮੈਂ ਜਿਊਂਦੀ ਰਹੀ ਤਾਂ ਲੈਜੂੰਗੀ ਨਹੀਂ ਨੀ ਲੈ ਕੇ ਜਾਂਦੀ।"
ਠੱਗ ਉਹਨੂੰ ਆਪਣੇ ਘਰ ਲੈ ਗਿਆ। ਤੀਵੀਂ ਨੇ ਘਰ ਚੰਗੀ ਤਰ੍ਹਾਂ ਸੁੰਭਰਿਆ ਫੇਰ ਕਹਿੰਦੀ, “ਜਾ ਹੁਣ ਸ਼ਰਾਬ ਲੈ ਆ।"
ਉਹ ਸੱਤ ਬੋਤਲਾਂ ਲੈ ਆਇਆ। ਉਹ ਕਹਿੰਦਾ, “ਪੀ।” ਉਹ ਬੋਲੀ, “ਪਹਿਲਾ ਛੰਨਾ ਤੂੰ ਪੀ।" ਉਹਨੇ ਪੀ ਲਿਆ। ਤੀਵੀਂ ਨੇ ਛੰਨਾ ਆਪਣੀ ਕੁੜਤੀ ਹੇਠ 'ਡੋਲ੍ਹ ਲਿਆ। ਇੱਕ ਓਸ ਨੂੰ ਹੋਰ ਭਰ ਕੇ ਦੇ ਦਿੱਤਾ। ਉਹਨੇ ਪੀ ਲਿਆ। ਉਹ ਆਪਣੀ ਵਾਰੀ ਦਾ ਛੰਨਾ ਕੁੜਤੀ ਹੇਠ ਚੋਂ ਡੋਲਦੀ ਰਹੀ। ਇਸ ਤਰ੍ਹਾਂ ਆਦਮੀ ਨੇ ਸਾਰੀ ਸ਼ਰਾਬ ਪੀ ਲਈ ਤੇ ਉਹ ਬੇਹੋਸ਼ ਹੋ ਗਿਆ। ਤੀਵੀਂ ਨੇ ਉਸ ਨੂੰ ਚੱਕ ਕੇ ਖਲ ਵਿੱਚ ਖਲਾਰ ਦਿੱਤਾ, ਘਰ ਵਿੱਚੋਂ ਸਾਰੇ ਰੁਪਏ ਚੁੱਕ ਲਏ। ਬਾਹਰੋਂ ਜਿੰਦਾ ਲਾ ਕੇ ਨੱਸ ਗਈ।
ਬਾਹਰੋਂ ਠੱਗ ਦੇ ਦੂਜੇ ਭਾਈ ਆ ਗੇ। ਆ ਕੇ ਜਿੰਦਾ ਭੰਨਿਆ! ਘਰ ਪੁੱਟਿਆ ਪਿਆ ਸੀ ਤੇ ਉਹਨਾਂ ਦਾ ਭਾਈ ਇੱਕ ਖੱਲ ’ਚ ਖੜਾ ਸੀ। ਫੇਰ ਇੱਕ ਨੇ ਆਖਿਆ, “ਓਸੇ ਤੀਵੀਂ ਨੂੰ ਫੇਰ ਲੈ ਕੇ ਆਉਣੈ।”
ਉਹ ਚਲੇ ਗਏ। ਕੰਧ ਉਹਲੇ ਉਹ ਗੱਲਾਂ ਕਰ ਰਹੇ ਸੀ ਆਖਦੇ ਸੀ, “ਆਪਾਂ ਕੱਠੇ ਹੀ ਪਾੜ ਲਾ ਕੇ ਅੰਦਰ ਬੜਾਂਗੇ।”
ਤੀਵੀਂ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹਨੇ ਆਪਣੇ ਮਾਲਕ ਨੂੰ ਕਿਹਾ "ਤੂੰ ਦੀਵਾ ਲਾ ਦੇ ਮੈਂ ਪਾੜ ਵਿੱਚ ਸਾਰਿਆਂ ਦੇ ਉਸਤਰੇ ਨਾਲ ਨੱਕ ਕੱਟੀ ਜਾਊਂਗੀ।"
ਪਾੜ ਲਾ ਲਿਆ। ਜਿਹੜਾ ਠੱਗ ਲੰਘੇ ਉਸੇ ਦਾ ਉਹ ਨੱਕ ਕੱਟ ਲਵੇ। ਇਸ ਤਰ੍ਹਾਂ ਸਾਰਿਆਂ ਦੇ ਨੱਕ ਕੱਟ ਲਏ।
ਓਥੋਂ ਫੇਰ ਨਸ ਗਏ-ਇੱਕ ਬੁੱਢੀ ਦੇ ਘਰ ਜਾ ਰਹੇ। ਓਸ ਤੀਵੀਂ ਨੂੰ ਫੇਰ ਪਤਾ ਲੱਗ ਗਿਆ। ਉਹ ਚਾਰੇ ਨੱਕ ਲੈ ਕੇ ਬੁੱਢੀ ਪਾਸ ਗਈ ਤੇ ਆਖਿਆ, “ਬੁੱਢੀਏ ਏਥੇ ਮੇਰੇ ਵੀਰ ਵੀ ਨੇ।" ਬੁੱਢੀ ਕਹਿੰਦੀ, “ਭਾਈ ਉਹ ਤਾਂ ਗੁੱਡਣ ਗਏ ਹੋਏ ਨੇ।" ਫੇਰ ਤੀਵੀਂ ਨੇ ਚਾਰੇ ਨੱਕ ਆਟੇ ਵਿੱਚ ਗੁੰਨਕੇ ਰੋਟੀਆਂ ਲਾਹ ਦਿੱਤੀਆਂ। ਬੁੜੀ ਰੋਟੀ ਲੈ ਕੇ ਚਲੀ ਗਈ। ਮਗਰੋਂ ਤੀਵੀਂ ਨੇ ਬੁੜੀ ਦਾ ਸੰਦੁਕ ਭੰਨ ਲਿਆ ਤੇ ਪੈਸੇ ਲੈ ਕੇ ਨੱਸ ਗਈ।
ਬੁੜੀ ਨੇ ਜਾਕੇ ਦੱਸਿਆ ਕਿ ਥੋਡੀ ਅੱਜ ਭੈਣ ਆਈ ਸੀ। ਜਦ ਰੋਟੀ ਵਿੱਚੋਂ ਨੱਕ ਨਿਕਲੇ ਤਾਂ ਸਮਝ ਗਏ। ਫੇਰ ਨੱਸੇ।
ਫੇਰ ਠੱਗ ਉਸੇ ਤੀਵੀਂ ਦੇ ਘਰ ਗਏ। ਪਾੜ ਲਾਇਆ ਤੇ ਸੰਦੂਕ ਵਿੱਚ ਮਾਲਕ ਤੀਵੀਂ ਬੰਦ ਕਰ ਲਏ। ਰਾਤ ਨੂੰ ਸੰਦੂਕ ਚੁੱਕੀ ਦਰਿਆ ਵਲ ਨੂੰ ਤੁਰ ਪਏ। ਰਸਤੇ ਵਿੱਚ ਉਹਨਾਂ ਨੂੰ ਸੱਤ ਠੱਗ ਹੋਰ ਮਿਲੇ। ਉਨਾਂ ਨੇ ਸੰਦੂਕ ਉਹਨਾਂ ਨਾਲ ਵਟਾ ਲਿਆ ਤੇ ਥੈਲੀਆਂ ਲੈ ਲਈਆਂ।
ਠੱਗਾਂ ਨੇ ਸੰਦੂਕ ਭੰਨਕੇ ਦੇਖਿਆ ਤਾਂ ਵਿਚੋਂ ਉਹ ਬੋਲਿਆ, “ਮੈਂ ਵੀ ਵਿਚੇ ਈ ਆਂ।"
“ਸਾਲਿਆ ਪਹਿਲਾਂ ਨਾ ਬੋਲਿਆ।"
“ਮੈਨੂੰ ਤਾਂ ਉਹ ਦਰਿਆ ਵਿੱਚ ਸੁੱਟਣ ਲਈ ਲਜਾ ਰਹੇ ਸੀ।"
ਉਹ ਸੰਦੁਕ ਵਿਚੋਂ ਨਿਕਲ ਕੇ ਭੱਜ ਪਏ-ਠੱਗ ਉਹਨਾਂ ਮਗਰ ਨੱਸੇ। ਮਾਲਕ ਭੱਜ ਕੇ ਘਰ ਜਾ ਬੜਿਆ, ਤੀਵੀਂ ਬਰੋਟੇ ਉਪਰ ਚੜ੍ਹ ਗਈ। ਠੱਗ ਬਰੋਟੇ ਦੇ ਥੱਲੇ ਈ ਸੌ ਗਏ। ਉਪਰੋਂ ਉਹ ਡੱਕੇ ਮਾਰਨ ਲੱਗ ਪਈ ਇੱਕ ਜਣਾ ਜਾਗ ਪਿਆ। ਕਹਿੰਦੀ, ਤੂੰ ਕੱਲਾ ਈ ਉਪਰ ਚੜ ਆ। ਉਹ ਉਪਰ ਚੜ੍ਹ ਆਇਆ।ਉਹ ਬੋਲੀ, “ਚਲ ਆਪਾਂ ਜੀਭਾਂ ਨਾਲ ਜੀਭਾਂ ਮਲਾਈਏ।” ਜਦ ਓਹ ਨੇ ਜੀਭ ਕੱਢੀ ਤਾਂ ਓਸ ਨੇ ਉਸਤਰੇ ਨਾਲ ਉਹਦੀ ਜੀਭ ਵੱਢ ਦਿੱਤੀ। ਉਹ ਉਪਰੋਂ ਥੱਲੇ ਡਿੱਗ ਪਿਆ ਸਾਰੇ ਹੀ ਡਰ ਕੇ ਭੱਜ ਗਏ ।ਤੀਵੀਂ ਆਪਣੇ ਘਰ ਨੂੰ ਆ ਗਈ।