ਬਾਤਾਂ ਦੇਸ ਪੰਜਾਬ ਦੀਆਂ/ਮੁੱਢਲੇ ਸ਼ਬਦ

ਵਿਕੀਸਰੋਤ ਤੋਂ

ਮੁੱਢਲੇ ਸ਼ਬਦ

ਲੋਕ ਕਹਾਣੀਆਂ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀਆਂ ਹੋਈਆਂ ਹਨ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਲੋਕ ਕਹਾਣੀਆਂ ਦੇ ਮਾਖਿਓਂ ਦਾ ਸੁਆਦ ਨਾ ਚੱਖਿਆ ਹੋਵੇ।
ਮੁੱਢ ਕਦੀਮ ਤੋਂ ਹੀ ਲੋਕ ਕਹਾਣੀਆਂ ਜਨ ਸਾਧਾਰਨ ਦੇ ਮਨੋਰੰਜਨ ਦਾ ਮੁਖੀ ਸਾਧਨ ਰਹੀਆਂ ਹਨ। ਲੋਕ ਕਹਾਣੀਆਂ ਦੇ ਬੋਹੜ ਦੀਆਂ ਜੜ੍ਹਾਂ ਸਾਰੇ ਸੰਸਾਰ ਵਿੱਚ ਫੈਲੀਆਂ ਹੋਈਆਂ ਹਨ। ਸਾਰੇ ਸੰਸਾਰ ਦੇ ਲੋਕ, ਬੱਚੇ ਤੋਂ ਬੁੱਢੇ ਤੱਕ ਇਹਨਾਂ ਕਹਾਣੀਆਂ ਦਾ ਰਸ ਮਾਣਦੇ ਹਨ। ਇਹ ਕਹਾਣੀਆਂ ਐਨੀਆਂ ਕੰਨ ਰਸ ਭਰਪੂਰ ਹੁੰਦੀਆਂ ਹਨ ਕਿ ਇੱਕੋ ਕਹਾਣੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਇੱਕੋ ਜਿਹਾ ਅਨੰਦ ਪਰਦਾਨ ਕਰਦੀ ਹੈ। ਇਹੋ ਲੋਕ ਕਹਾਣੀ ਦੀ ਵਿਸ਼ੇਸ਼ਤਾ ਹੈ।
ਲੋਕ ਧਾਰਾ ਦੇ ਕਈ ਵਿਦਵਾਨ ਇਸ ਮਤ ਦੇ ਧਾਰਨੀ ਹਨ ਕਿ ਲੋਕ ਕਹਾਣੀਆਂ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਇਹ ਕਿਸੇ ਆਦਿ ਮਨੁੱਖ ਨਾਲ ਵਾਪਰੀਆਂ ਘਟਨਾਵਾਂ ਹੀ ਹਨ ਜਿਸ ਨੂੰ ਉਸ ਨੇ ਰਚਨਾ-ਬੱਧ ਕੀਤਾ ਹੈ। ਇਹਨਾਂ ਦਾ ਰਚਣਹਾਰਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਪਰੰਤੂ ਸੱਚ ਤਾਂ ਇਹ ਹੈ ਕਿ ਇਹਨਾਂ ਨੂੰ ਮਨੁੱਖੀ ਸਮਾਜ ਨੇ ਆਪਣੇ ਵਿੱਚ ਇਸ ਪ੍ਰਕਾਰ ਸਮੋ ਲਿਆ ਹੈ ਕਿ ਇਸ ਗੱਲ ਦਾ ਕਦੀ ਨਖੇੜਾ ਹੀ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਕਹਾਣੀ ਦਾ ਅਸਲ ਕਰਤਾ ਕੌਣ ਹੈ। ਇਹ ਗੱਲ ਦਾਹਵੇ ਨਾਲ ਆਖੀ ਜਾ ਸਕਦੀ ਹੈ ਕਿ ਇਹ ਤਾਂ ਸਮੁੱਚੇ ਸਮਾਜ ਦੀ ਹੀ ਦੇਣ ਹਨ।
ਜੇਕਰ ਪੰਜਾਬ ਦੀ ਧਰਤੀ ਨੂੰ ਲੋਕ ਕਹਾਣੀਆਂ ਅਥਵਾ ਨੀਤੀ ਕਹਾਣੀਆਂ ਦੀ ਜਨਮ ਭੂਮੀ ਆਖ ਲਿਆ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਮਹਾਂਭਾਰਤ ਵਿੱਚ ਅਜਿਹੀਆਂ ਕਹਾਣੀਆਂ ਪ੍ਰਚਲਤ ਹਨ, ਵੇਦ ਸਾਹਿਤ ਵਿੱਚ ਵੀ ਇਹਨਾਂ ਦਾ ਕੋਈ ਘਾਟਾ ਨਹੀਂ। ਪ੍ਰਤੀਤ ਹੁੰਦਾ ਹੈ ਕਿ ਭਾਰਤੀ ਵਿਦਵਾਨਾਂ ਨੇ ਜਨ ਸਾਧਾਰਨ ਲਈ ਇਹਨਾਂ ਲੋਕ ਕਹਾਣੀਆਂ ਦੀ ਰਚਨਾ ਕੀਤੀ ਹੋਵੇਗੀ।
ਲੋਕਧਾਰਾ ਦੇ ਵਿਦਵਾਨਾਂ ਦਾ ਇਹ ਵੀ ਮੱਤ ਹੈ ਵਣਜ ਕਰਨ ਆਏ ਬਿਓਪਾਰੀਆਂ ਦੇ ਕਾਫਲਿਆਂ ਦੇ ਰਾਹੀਂ ਇਹ ਲੋਕ ਕਹਾਣੀਆਂ ਭਾਰਤ ਤੋਂ ਅਰਬ ਅਤੇ ਈਰਾਨ ਆਦਿ ਹੁੰਦੀਆਂ ਹੋਈਆਂ ਯੂਨਾਨ ਪੁੱਜੀਆਂ ਤੇ ਉਥੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਚਲਤ ਹੋ ਗਈਆਂ। 'ਈਸਪ ਫੋਵਲਜ਼` ਨਾਂ ਦਾ ਇੱਕ ਯੂਰਪੀਅਨ ਲੋਕ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਸਾਡੀਆਂ ਕਹਾਣੀਆਂ ਨਾਲ ਮੇਲ ਖਾਂਦੀਆਂ ਹਨ। ਇਸ ਸੰਕਲਨ ਦੀਆਂ ਕੁਝ ਕਹਾਣੀਆਂ ਬੋਧ ਜਾਤਕ ਕਥਾਵਾਂ ਵਿੱਚ

ਵੀ ਮਿਲਦੀਆਂ ਹਨ। ਇਹ ਇੱਕ ਮੰਨੀ ਪਰਮੰਨੀ ਸਚਾਈ ਹੈ ਕਿ ਬੋਧ ਜਾਤਕ ਕਥਾਵਾਂ “ਈਸਪ ਫੇਵਲਜ਼ ਤੋਂ ਪੂਰਬ ਪ੍ਰਚਲਤ ਸਨ।
‘ਪੰਚ ਤੰਤਰ’ ਨੂੰ ਨੀਤੀ ਕਥਾਵਾਂ ਦਾ ਭਾਰਤ ਦਾ ਪਹਿਲਾ ਅਤੇ ਸੰਸਾਰ ਪ੍ਰਸਿੱਧ ਸੰਗਹਿ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਵੀ ਪੰਜਾਬ ਵਿੱਚ ਹੀ ਹੋਈ ਹੈ। ਇਸ ਦਾ ਰਚਨਾ ਕਾਲ ਈਸਾ ਤੋਂ ਸੌ ਡੇਢ ਸੌ ਵਰੇ ਪੁਰਬ ਮੰਨਿਆ ਜਾਂਦਾ ਹੈ। ‘ਰਿਗ ਵੇਦ` ਜਿਸ ਵਿੱਚ ਸੰਸਾਰ ਦੀਆਂ ਸਭ ਤੋਂ ਪੁਰਾਣਈਆਂ ਲੋਕ ਕਹਾਣੀਆਂ ਮਿਲਦੀਆਂ ਹਨ, ਉਸ ਦੀਆਂ ਮੁੱਢਲੀਆਂ ਰਿਚਾਵਾਂ ਵੀ ਪੰਜਾਬ ਵਿੱਚ ਹੀ ਰਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ‘ਹਿਤ ਉਪਦੇਸ਼’ ਜੋ ਲੋਕ ਕਥਾਵਾਂ ਦਾ ਜਗਤ ਪ੍ਰਸਿੱਧ ਇੱਕ ਹੋਰ ਸੰਗਹਿ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਸ ਤੋਂ ਉਪਰੰਤ ਸੰਸਾਰ ਦਾ ਸਭ ਤੋਂ ਵੱਡਾ ਲੋਕ ਕਥਾਵਾਂ ਦਾ ਗੰਥ ‘ਵੱਡ ਕਹਾ’ ਜੋ ਗੁਣਾਡੇ ਰਿਸ਼ੀ ਦੀ ਕ੍ਰਿਤ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਹ ਗ੍ਰੰਥ ਭਾਵੇਂ ਹੁਣ ਉਪਲਬਧ ਨਹੀਂ ਪਰੰਤੂ ਇਸ ਤੇ ਆਧਾਰਿਤ ਮਹਾਂਕਵੀ ਸੋਮਦੇਵ ਭਟ ਰਚਿਤ ਗੰਥ “ਕਥਾ ਸਰਿਤ ਸਾਗਰਾ ਅੰਗੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਮਿਲਦਾ ਹੈ।
ਪੰਜਾਬ ਵਿੱਚ ਲੋਕ ਕਹਾਣੀਆਂ ਸੁਣਨ ਅਤੇ ਪਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹਨਾਂ ਨੂੰ ਸੁਣਨ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ। ਇਹ ਪੰਜਾਬੀਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਗਰਮੀਆਂ ਦੀ ਰੁੱਤੇ ਬਰੋਟਿਆਂ ਦੀ ਸੰਘਣੀ ਛਾਂ ਥੱਲੇ ਦੁਪਹਿਰਾਂ ਨੂੰ ਅਤੇ ਰਾਤ ਸਮੇਂ ਘਰਾਂ ਦੀਆਂ ਛੱਤਾਂ ਉੱਤੇ, ਸਰਦੀਆਂ ਵਿੱਚ ਆਪਣੇ-ਆਪਣੇ ਮੰਜਿਆਂ ਉੱਤੇ ਰਜਾਈਆਂ ਦੀਆਂ ਬੁੱਕਲਾਂ ਮਾਰ, ਸਰੋਤੇ ਕਿਸੇ ਵਡਾਰੂ ਪਾਸੋਂ ਕੋਈ ਨਾ ਕੋਈ ਕਹਾਣੀ ਸੁਣਨ ਲਈ ਜੁੜ ਬੈਠਦੇ ਸਨ। ਡੂੰਘੀ ਰਾਤ ਤੱਕ ਕਹਾਣੀਆਂ ਸੁਣੀ ਜਾਣੀਆਂ, ਹੁੰਗਾਰੇ ਭਰੀ ਜਾਣੇ। ਦਾਦੀਆਂ-ਨਾਨੀਆਂ ਵੀ ਕਹਾਣੀਆਂ ਸੁਣਾਉਣ ਵਿੱਚ ਪੂਰਾ ਯੋਗਦਾਨ ਪਾਉਂਦੀਆਂ ਸਨ। ਬਾਤ ਪਾਉਣ ਦਾ ਹਰ ਵਿਅਕਤੀ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਸੀ। ਇਹ ਬਾਤਾਂ ਬਜ਼ੁਰਗਾਂ ਰਾਹੀਂ ਪੀੜੀਓਂ ਪੀੜੀ ਅੱਗੇ ਟੁਰਦੀਆਂ ਜਾਂਦੀਆਂ ਸਨ। ਬਾਤਾਂ ਪਾਉਣ ਦੀ ਇਹ ਪਰੰਪਰਾ ਅੱਜ ਕਲ੍ਹ ਸਮਾਪਤ ਹੀ ਹੋ ਗਈ ਹੈ।
ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੀ ਨਹੀਂ ਬਲਕਿ ਇਹ ਸਾਡੇ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ ਇਹਨਾਂ ਰਾਹੀਂ ਮਨੁੱਖ ਮਾਤਰ ਨੂੰ ਕਹਾਣੀ ਦੇ ਢੰਗ ਨਾਲ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ। ਇਹਨਾਂ ਕਹਾਣੀਆਂ ਦੀ ਵਰਤੋਂ ਸਿਆਣੇ ਆਪਣੀ ਦਲੀਲ ਜਾਂ ਪਰਮਾਣ ਵਜੋਂ ਆਪਣੀ ਗੱਲ ਦੀ ਪੁਸ਼ਟੀ ਕਰਨ ਲਈ ਵੀ ਕਰਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਪਰਮਾਣ ਤੋਂ ਵਧਕੇ ਪਰਤੱਖ ਵਰਗੀ ਥਾਂ ਪਰਾਪਤ ਹੈ। ਇਹਨਾਂ ਵਿੱਚ ਜੀਵਨ ਦੇ ਤੱਤ ਸਮੋਏ ਹੋਏ ਹਨ। ਪਰਿਆ ਵਿੱਚ ਬੈਠੇ ਪੁਰਾਣੇ ਲੋਕ ਆਪਣੀਆਂ ਕਹਾਣੀਆਂ ਪਿੱਛੇ ਵਸਦੇ ਸੱਚ ਨੂੰ ਉਘਾੜਨ ਲਈ ਕੋਈ ਨਾ ਕੋਈ ਬਾਤ ਸੁਣਾਉਂਦੇ ਹਨ।
ਲੋਕ ਕਹਾਣੀਆਂ ਦੇ ਪਾਤਰ ਕੇਵਲ ਮਰਦ ਇਸਤਰੀਆਂ ਹੀ ਨਹੀਂ ਹੁੰਦੇ ਸਗੋਂ ਪਸ਼ੂਪੰਛੀ ਵੀ ਹੁੰਦੇ ਹਨ ਜਿਹੜੇ ਮਨੁੱਖਾਂ ਵਾਂਗ ਬੋਲਦੇ ਹਨ ਅਤੇ ਮਨੁੱਖੀ ਬੋਲੀ ਸਮਝਦੇ ਹਨ। ਮਰਦ ਇਸਤਰੀ ਪਾਤਰ ਵੀ ਇਹਨਾਂ ਪਸ਼ੂਆਂ ਅਤੇ ਜਨੌਰਾਂ ਦੀ ਬੋਲੀ ਸਮਝਦੇ ਹਨ। ਇਹ ਪਸ਼ੂ-ਪੰਛੀ ਮਨੁੱਖਾਂ ਵਾਂਗ ਕਾਰਜ ਕਰਦੇ ਹਨ। ਇਹ ਆਪਣੇ ਜੀਵਨ ਦੀ ਕੋਈ ਘਟਣਾ ਜਾਂ ਵਾਰਤਾਲਾਪ ਰਾਹੀਂ ਮਨੁੱਖ ਨੂੰ ਕਈ ਪ੍ਰਕਾਰ ਦੀ ਸਿੱਖਿਆ ਦੇ ਦਿੰਦੇ ਹਨ। ਇਹੋ ਸਿੱਖਿਆ ਕਥਾਵਾਂ, ਅਖਾਣਾਂ ਅਤੇ ਲੋਕੋਕਤੀਆਂ ਵਾਂਗੂੰ ਪ੍ਰਸਿੱਧ ਹੋ ਜਾਂਦੀਆਂ ਹਨ ਅਤੇ ਛੇਤੀ ਹੀ ਹਰ ਉਮਰ ਦੇ ਪ੍ਰਾਣੀ ਦੇ ਮੂੰਹ ਚੜ੍ਹ ਜਾਂਦੀਆਂ ਹਨ ਤੇ ਅਗਾਂਹ ਸੀਨਾ ਬਸੀਨਾ ਅਗਾਂਹ ਤੁਰੇ ਜਾਂਦੀਆਂ ਹਨ ਤੇ ਕਹਾਣੀਆਂ ਦੀ ਧਾਰਾ ਵਹਿ ਤੁਰਦੀ ਹੈ। ਕੁਦਰਤ ਦੀਆਂ ਮਹਾਨ ਸ਼ਕਤੀਆਂ ਸੂਰਜ, ਚੰਦ, ਤਾਰੇ, ਹਵਾ, ਪਾਣੀ, ਅੱਗ, ਬਿਰਛ, ਧਰਤੀ ਤੇ ਬੱਦਲਾਂ ਆਦਿ ਨੂੰ ਵੀ ਇਹਨਾਂ ਕਹਾਣੀਆਂ ਦੇ ਪਾਤਰ ਬਣਾਇਆ ਗਿਆ ਹੈ।

ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਇਹਨਾਂ ਕਹਾਣੀਆਂ ਵਿੱਚ ਵਿਦਮਾਨ ਹੈ। ਸਦਾ ਨੇਕੀ ਦੀ ਜੈ ਹੁੰਦੀ ਹੈ, ਝੂਠ ਹਾਰਦਾ ਹੈ, ਹੱਕ ਸੱਚ ਲਈ ਜੂਝਣ ਵਾਲੇ ਸਨਮਾਨੇ ਜਾਂਦੇ ਹਨ, ਹਿੰਮਤੀ ਤੇ ਸਾਹਸੀ ਜਨ ਸਾਧਾਰਨ ਤੋਂ ਸ਼ਾਬਾਸ਼ ਪ੍ਰਾਪਤ ਕਰਦੇ ਹਨ।

ਕਰੁਣਾ ਰਸ ਅਤੇ ਹਾਸ ਰਸ ਦੀ ਚਾਸ਼ਨੀ ਨਾਲ ਗਲੇਫੀਆਂ ਇਹ ਕਹਾਣੀਆਂ ਤੇ ਨੂੰ ਇੱਕ ਅਨੂਠਾ ਰਸ ਪਰਦਾਨ ਕਰਦੀਆਂ ਹਨ ਜਿਸ ਸਦਕਾ ਉਹ ਇਨ੍ਹਾਂ ਦਾ ਕੀਲਿਆ ਹੋਇਆ ਆਪਣੇ ਕਰਨ ਵਾਲੇ ਕੰਮਾਂ ਕਾਰਾਂ ਤੋਂ ਵੀ ਅਵੇਸਲਾ ਹੋ ਜਾਂਦਾ ਹੈ ਤਦੇ ਤਾਂ ਸਿਆਣੀਆਂ ਦਾਦੀਆਂ ਦਿਨੇ ਕਹਾਣੀ ਸੁਣਾਉਣ ਦੀ ਮਨਾਹੀ ਕਰਦੀਆਂ ਹਨ। "ਨਾ ਭਾਈ ਦਿਨੇ ਬਾਤ ਨੀ ਪਾਈ ਦੀ-ਮਾਮੇ ਰਾਹ ਭੁੱਲ ਜਾਂਦੇ ਨੇ।"

ਲੋਕ ਕਹਾਣੀਆਂ ਵਿੱਚ ਪੰਜਾਬ ਦੇ ਜਨ ਜੀਵਨ ਦੇ ਦਰਸ਼ਨ ਹੁੰਦੇ ਹਨ। ਹਰ ਜਾਤੀ ਤੇ ਕਬੀਲੇ ਦੀਆਂ ਆਪਣੀਆਂ ਕਹਾਣੀਆਂ ਹਨ ਜਿਹੜੀਆਂ ਉਹਨਾਂ ਦੇ ਜੀਵਨ ਪਰਵਾਹ ਨੂੰ ਬਿਆਨ ਕਰਦੀਆਂ ਹਨ। ਜਨ ਸਾਧਾਰਨ ਦੇ ਦੁੱਖਾਂ-ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ, ਅਖਲਾਕੀ ਕਦਰਾਂ-ਕੀਮਤਾਂ ਦੀ ਝਲਕ ਇਹਨਾਂ ਕਹਾਣੀਆਂ ਵਿੱਚੋਂ ਸਾਫ ਦਿਸ ਆਉਂਦੀ ਹੈ। ਅਨੁਠਾ ਸੁਆਦ ਹੈ ਇਹਨਾਂ ਲੋਕ ਕਹਾਣੀਆਂ ਦਾ ਕੱਚੇ ਦੁੱਧ ਦੀਆਂ ਧਾਰਾਂ ਵਰਗਾ.....ਮੱਕੀ ਦੀ ਛੱਲੀ ਦੇ ਦੋਧੇ ਦਾਣਿਆਂ ਵਰਗਾ ।

ਲੋਕ ਕਹਾਣੀਆਂ ਪੰਜਾਬੀ ਕਥਾ ਸਾਹਿਤ ਦਾ ਮੁੱਢਲਾ ਰੂਪ ਹਨ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣ ਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ਬਾਨੀ ਤੁਰਿਆ ਆ ਰਿਹਾ ਹੈ। ਇਸ ਨੂੰ ਵਿਗਿਆਨਕ ਢੰਗ ਨਾਲ ਸ਼ਾਂਭਣ ਦੀ ਲੋੜ ਹੈ। ਇਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਅੰਸ਼ ਸਮੋਏ ਹੋਏ ਹਨ। ਇਹ ਪੰਜਾਬੀਆਂ ਦਾ ਬੇਸ਼ਕੀਮਤ ਵਿਰਸਾ ਹਨ।

ਦੇਸ਼ ਆਜ਼ਾਦ ਹੋਣ ਉਪਰੰਤ ਭਾਰਤੀ ਵਿਦਵਾਨਾਂ ਨੇ ਲੋਕ ਕਲਾਵਾਂ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਫਲਸਰੂਪ ਲੋਕ ਸਾਹਿਤ ਦੇ ਮੱਹਤਵ ਨੂੰ ਸਮਝਦਿਆਂ ਹੌਇਆਂ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਸੰਕਲਨ ਦਾ ਕਾਰਜ ਆਰੰਭ ਹੋਇਆ। ਪੰਜਾਬੀ ਵਿੱਚ ਵੀ ਵਿਦਵਾਨਾਂ ਨੇ ਲੋਕ ਗੀਤ ਸੰਗਹਿ ਕਰਨੇ ਸ਼ੁਰੂ ਕਰ ਦਿੱਤੇ। ਲੋਕ ਕਹਾਣੀਆਂ ਵਲ ਪੱਛੜਕੇ ਧਿਆਨ ਦਿੱਤਾ ਗਿਆ। ਉਂਜ ਵੀ ਲੋਕ ਕਹਾਣੀਆਂ ਨੂੰ ਇਕੱਤਰ ਕਰਨਾ ਸਿਰੜ ਦਾ ਕਾਰਜ ਹੈ। ਟੇਪ ਰਿਕਾਰਡਾਂ ਦੀ ਕਾਢ ਤੋਂ ਪਹਿਲਾਂ ਤਾਂ ਲੋਕ ਕਹਾਣੀ ਉਂਜ ਹੀ ਸੁਣਕੇ ਕਾਨੀ ਬਧ ਕੀਤੀ ਜਾਂਦੀ ਸੀ ਜਿਸ ਦੇ ਲਈ ਸਬਰ ਤੇ ਸਮੇਂ ਦੀ ਲੋੜ ਸੀ। ਲੋਕ ਗੀਤ ਕਾਵਿ ਮਈ ਹੋਣ ਕਾਰਨ ਯਾਦ ਰਖਣੇ ਸੰਖ ਸਨ|
ਲੋਕ ਕਹਾਣੀਆਂ ਦੇ ਮਹੱਤਵ ਨੂੰ ਮੁਖ ਰਖਦਿਆਂ ਪੰਜਾਬੀ ਵਿੱਚ ਡਾ. ਵਣਜਾਰਾ ਬੇਦੀ, ਗਿਆਨੀ ਗੁਰਦਿੱਤ ਸਿੰਘ, ਸੰਤੋਖ ਸਿੰਘ ਧੀਰ ਅਤੇ ਸੁਖਦੇਵ ਮਾਦਪੁਰੀ ਨੇ ਇਹਨਾਂ ਦੀ ਸੰਭਾਲ ਵਲ ਕਾਫੀ ਕੰਮ ਕੀਤਾ ਹੈ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਟੀਆਂ ਵਿੱਚ ਵੀ ਲੋਕ ਕਹਾਣੀਆਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ।
ਸਵਰਗੀ ਸਰਦਾਰ ਜੀਵਨ ਸਿੰਘ, ਮਾਲਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਦੀ ਪੇਰਨਾ ਸਦਕਾ ਲੋਕ ਗੀਤਾਂ ਅਤੇ ਬੁਝਾਰਤਾਂ ਦੇ ਨਾਲੋਂ ਨਾਲ ਮੈਂ ਲੋਕ ਕਹਾਣੀਆਂ ਸਾਂਭਣ ਦਾ ਯਤਨ ਵੀ ਅਰੰਭਿਆ ਸੀ ਜਿਸਦੇ ਸਿੱਟੇ ਵਜੋਂ ਇਹ ਪੁਸਤਕ ਪਾਠਕਾਂ ਦੀ ਝੋਲੀ ਪਾ ਰਿਹਾ ਹਾਂ। ਉਦੋਂ ਰਿਕਾਰਡ ਕਰਨ ਦੇ ਵਿਗਿਆਨਕ ਸਾਧਨ ਨਹੀਂ ਸਨ ਹੁੰਦੇ-ਸਿੱਧੇ ਹੀ ਸੁਣ ਕੇ ਲਿਖਣਾ ਪੈਂਦਾ ਸੀ। ਇਸ ਪੁਸਤਕ ਵਿੱਚ ਸ਼ਾਮਲ ਲੋਕ ਕਹਾਣੀਆਂ ਬਿਨਾਂ ਕਿਸੇ ਵਿਸ਼ੇਸ਼ ਸੁਧਾਈ ਦੇ-"ਜਿਵੇਂ ਬੋਲਿਆ ਕਿਵੇਂ ਲਿਖੀਆ" ਦੇ ਆਧਾਰ ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹਨਾਂ ਦੀ ਸ਼ਬਦਾਵਲੀ, ਵਾਕ ਬਣਤਰ ਅਤੇ ਸ਼ੈਲੀ ਉਸੇ ਰੂਪ ਵਿੱਚ ਸੰਭਾਲੀ ਜਾ ਸਕੇ ਜਿਵੇਂ ਪੇਸ਼ਕਾਰਾਂ ਨੇ ਪੇਸ਼ ਕੀਤੀ ਹੈ। ਇਹਨਾਂ ਦਾ ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨ ਦਾ ਕਾਰਜ ਵਿਦਵਾਨਾਂ ਦੇ ਹਵਾਲੇ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਮੈਂ ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਰਿਣੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਅਤੇ ਉਤਸ਼ਾਹ ਸਦਕਾ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰ ਸਕਿਆ ਹਾਂ।
ਮੈਨੂੰ ਆਸ ਹੈ ਪੰਜਾਬੀ ਪਾਠਕ ਇਹਨਾਂ ਬਾਤਾਂ ਨੂੰ ਪੜ੍ਹਕੇ ਆਨੰਦ ਪ੍ਰਾਪਤ ਕਰਨਗੇ।


ਸਮਾਧੀ ਰੋਡ ਸੁਖਦੇਵ ਮਾਦਪੁਰੀ
ਖੰਨਾ-141401
ਫੋਨ :-01628-224704
5 ਅਕਤੂਬਰ, 2002