ਬਾਤਾਂ ਦੇਸ ਪੰਜਾਬ ਦੀਆਂ/ਲਾਲਚ ਦਾ ਫਲ

ਵਿਕੀਸਰੋਤ ਤੋਂ

ਲਾਲਚ ਦਾ ਫਲ


ਇੱਕ ਸੀ ਬੁੱਢਾ ਤੇ ਇੱਕ ਸੀ ਬੁੱਢੀ। ਉਹ ਇੱਕ ਪਿੰਡ ਵਿੱਚ ਰਿਹਾ ਕਰਦੇ ਸੀ। ਉਹ ਬਹੁਤ ਗ਼ਰੀਬ ਸੀਗੇ। ਇੱਕ ਦਿਨ ਬੁੱਢੇ ਨੇ ਆਪਣੀ ਬੁੱਢੀ ਨੂੰ ਕਿਹਾ, “ਤੂੰ ਸੱਤ ਟਿੱਕੀਆਂ ਪਕਾ ਦੇ ਮੈਂ ਮਾਇਆ ਲੈ ਕੇ ਆਉਂਗਾ।"
ਬੁੱਢੀ ਨੇ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ। ਉਹ ਚਲੋਂ ਚਾਲ ਜਾਂਦਾ ਰਸਤੇ ਵਿੱਚ ਇੱਕ ਖੂਹੀ ਤੇ ਬਹਿ ਕੇ ਰੋਟੀਆਂ ਖਾਣ ਲੱਗ ਪਿਆ। ਉਸ ਖੁਹੀ ਤੇ ਇੱਕ ਬਰੋਟਾ ਸੀ ਤੇ ਬਰੋਟੇ ਉੱਪਰ ਸੱਤ ਪਰੀਆਂ ਰਹਿੰਦੀਆਂ ਸੀ। ਬੁੱਢਾ ਰੋਟੀਆਂ ਖਾਣ ਲੱਗਿਆ ਉੱਚੀ ਦੇਣੀ ਬੋਲਿਆ, “ਇੱਕ ਖਾਵਾਂ ਦੋ ਨੂੰ ਖਾਵਾਂ ਜਾਂ ਸਾਰੀਆਂ ਖਾਵਾਂ।" ਇਹ ਸੁਣ ਕੇ ਪਰੀਆਂ ਡਰ ਗਈਆਂ ਕਿ ਬੁੱਢਾ ਉਹਨਾਂ ਨੂੰ ਖਾਣ ਵਾਸਤੇ ਕਹਿੰਦਾ ਹੈ। ਇੱਕ ਪਰੀ ਬਰੋਟੇ ਤੋਂ ਥੱਲੇ ਆ ਕੇ ਬੋਲੀ, “ਵੇ ਵੀਰਾ ਮੈਨੂੰ ਨਾ ਖਾਈਂ ਮੈਂ ਤੈਨੂੰ ਇਹ ਪਤੀਲਾ ਦਿੰਨੀ ਆਂ ਤੂੰ ਆਖੀਂ, ਪਤੀਲਿਆ ਦੇਹ ਖੀਰ ਤੇ ਕੜਾਹ, ਇਹ ਖੀਰ-ਕੜਾਹ ਦੇ ਦਿਆ ਕਰੂ।”
ਪਰੀ ਨੇ ਬੁੱਢੇ ਨੂੰ ਪਤੀਲਾ ਤੇ ਕੜਛੀ ਦੇ ਦਿੱਤੀ। ਉਹ ਉਥੋਂ ਤੁਰਦਾ-ਤੁਰਦਾ ਅੱਗੇ ਘੁਮਾਰਾਂ ਦੇ ਘਰ ਚਲਿਆ ਗਿਆ। ਘੁਮਾਰੀ ਨੂੰ ਕਹਿੰਦਾ, “ਪਤੀਲੇ ਨੂੰ ਇਹ ਨਾ ਕਹੀਂ-ਦੇ ਦੇ ਪਤੀਲਿਆ ਖੀਰ ਕੜਾਹ|"
ਜਦ ਬੁੱਢਾ ਬਾਹਰ ਚਲਿਆ ਗਿਆ ਤਾਂ ਘੁਮਾਰੀ ਨੇ ਕਿਹਾ, “ਦੇ ਦੇ ਪਤੀਲਿਆ ਖੀਰ ਕੜਾਹ।”
ਪਤੀਲਾ ਖੀਰ ਕੜਾਹ ਨਾਲ ਭਰ ਗਿਆ। ਘੁਮਾਰੀ ਨੇ ਫੇਰ ਉਹ ਪਤੀਲਾ ਆਪ ਰੱਖ ਲਿਆ ਤੇ ਉਹਦੀ ਥਾਂ ਦੂਜਾ ਵਟਾ ਕੇ ਰੱਖ ਦਿੱਤਾ।
ਬੁੱਢਾ ਆਇਆ ਤੇ ਵੱਟਿਆ ਹੋਇਆ ਪਤੀਲਾ ਲੈ ਕੇ ਆਪਣੇ ਘਰ ਆ ਗਿਆ। ਘਰ ਆ ਕੇ ਉਹਨੇ ਪਤੀਲੇ ਨੂੰ ਕਿਹਾ, "ਦੇ ਦੇ ਪਤੀਲਿਆ ਖੀਰ ਕੜਾਹ।"
ਪਤੀਲੇ ਨੇ ਖੀਰ ਕੜਾਹ ਕੋਈ ਨਾ ਦਿੱਤਾ। ਬੱਢੇ ਨੇ ਫੇਰ ਬੁੱਢੀ ਪਾਸੋਂ ਰੋਟੀਆਂ ਪਕਵਾਈਆਂ ਤੇ ਉਸੇ ਬਰੋਟੇ ਥੱਲੇ ਬਹਿ ਕੇ ਰੋਟੀਆਂ ਖਾਣ ਲੱਗਾ ਬੋਲਿਆ, “ਇੱਕ ਖਾਵਾਂ, ਦੋ ਨੂੰ ਖਾਵਾਂ ਜਾਂ ਸਾਰੀਆਂ ਨੂੰ ਖਾਵਾਂ।"
ਇੱਕ ਪਰੀ ਆ ਕੇ ਕਹਿੰਦੀ, “ਵੀਰਾ ਮੈਨੂੰ ਨਾ ਖਾਈਂ, ਤੈਨੂੰ ਇੱਕ ਬੱਕਰੀ ਦੇਨੀ ਆਂ। ਇਹ ਤੇਰੇ ਕਹੇ ਤੇ ਸੋਨੇ ਦੀਆਂ ਮੀਂਗਣਾਂ ਦੇਊਗੀ।"
ਉਹ ਬੱਕਰੀ ਲੈ ਕੇ ਘੁਮਾਰਾਂ ਦੇ ਘਰ ਚਲਿਆ ਗਿਆ! ਘੁਮਾਰੀ ਨੂੰ ਕਿਹਾ, “ਭਾਈ ਐਂ ਨਾ ਕਹੀਂ ਦੇ ਦੇ ਬੱਕਰੀ ਸੋਨੇ ਦੀਆਂ ਮੰਗਣਾਂ।
ਜਦੋਂ ਬੁੱਢਾ ਬਾਹਰ ਜੰਗਲ ਪਾਣੀ ਗਿਆ ਤਾਂ ਘੁਮਾਰੀ ਨੇ ਬੱਕਰੀ ਨੂੰ ਕਿਹਾ, “ਬੱਕਰੀਏ ਬੱਕਰੀਏ ਦੇ ਦੇ ਸੋਨੇ ਦੀਆਂ ਮੀਂਗਣਾਂ।"
ਬੱਕਰੀ ਨੇ ਸੋਨੇ ਦੀਆਂ ਮੀਗਣਾਂ ਦੇ ਦਿੱਤੀਆਂ। ਘੁਮਾਰੀ ਨੇ ਫੇਰ ਬੱਕਰੀ ਵਟਾ ਲਈ
ਬੁੱਢਾ ਬੱਕਰੀ ਨੂੰ ਆਪਣੇ ਘਰ ਲੈ ਆਇਆ। ਉਸ ਨੇ ਸੋਨੇ ਦੀਆਂ ਮੀਂਗਣਾਂ ਕੋਈ ਨਾ ਦਿੱਤੀਆਂ।
ਬੁੱਢੀ ਨੇ ਫੇਰ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ। ਉਸੇ ਬਰੋਟੇ ਥੱਲੇ ਬਹਿ ਕੇ ਬੁੱਢਾ ਫੇਰ ਰੋਟੀ ਖਾਣ ਲੱਗਾ ਬੋਲਿਆ, “ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਈ ਖਾਂ ਲਵਾਂ।"
ਇੱਕ ਪਰੀ ਆ ਕੇ ਬੋਲੀ, “ਵੀਰਾ ਵੀਰਾ ਮੈਨੂੰ ਖਾਈਂ ਨਾ। ਤੈਨੂੰ ਇਹ ਤੌੜੀ ਦੇਨੀ ਆਂ ਕਹੇ ਤੇ ਲੱਡੂ ਜਲੇਬੀ ਦਉਗੀ ਇਹ।"
ਤੌੜੀ ਲੈ ਕੇ ਬੁੱਢਾ ਫੇਰ ਉਸ ਘੁਮਾਰ ਦੇ ਘਰ ਆ ਗਿਆ। ਘੁਮਾਰੀ ਨੇ ਪਹਿਲਾਂ ਵਾਂਗ ਹੀ ਉਹ ਤੌੜੀ ਵੀ ਵਟਾ ਲਈ।
ਬੁੱਢਾ ਘਰ ਆਇਆ ਤੌੜੀ ਨੇ ਲੱਡੂ ਜਲੇਬੀ ਕੋਈ ਨਾ ਦਿੱਤੇ।
ਬੁੱਢੀ ਨੇ ਫੇਰ ਸੱਤ ਰੋਟੀਆਂ ਪਕਾਈਆਂ ਤੇ ਬੁੱਢਾ ਰੋਟੀਆਂ ਲੜ ਬੰਨ੍ਹ ਕੇ ਤੁਰ ਪਿਆ। ਉਸੇ ਖੂਹੀ ਤੇ ਆ ਕੇ ਖਾਣ ਲੱਗਾ ਬੁੜ ਬੁੜਾਇਆ, “ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਹੀ ਖਾ ਲਵਾਂ।"
ਇੱਕ ਪਰੀ ਬਰੋਟੇ ਤੋਂ ਹੇਠਾ ਆ ਕੇ ਬੋਲੀ, “ਵੀਰਾ ਵੀਰਾ ਮੈਨੂੰ ਖਾਈਂ ਨਾ, ਮੈਂ ਤੈਨੂੰ ਇੱਕ ਬੁੜ੍ਹਕ ਸੋਟਾ ਦਿੰਨੀ ਆਂ।"
ਬੁੱਢਾ ਬੁੜਕ ਸੋਟਾ ਲੈ ਕੇ ਫੇਰ ਘੁਮਾਰਾਂ ਦੇ ਘਰ ਚਲਿਆ ਗਿਆ। ਉਹਨੇ ਘੁਮਾਰੀ ਨੂੰ ਕਿਹਾ, “ਇਹਨੂੰ ਤੂੰ ਬੁੁੜ੍ਹਕ ਸੋਟਾ ਨਾ ਆਖੀਂ।”
ਜਦੋਂ ਬੁੱਢਾ ਬਾਹਰ ਗਿਆ ਤਾਂ ਘੁਮਾਰੀ ਨੇ ਪਹਿਲਾਂ ਵਾਂਗ ਹੀ ਆਖ ਦਿੱਤਾ। ਘੁਮਾਰੀ ਦੇ ਕਹਿਣ ਦੀ ਦੇਰ ਸੀ ਸੋਟਾ ਬੁੜਕਣ ਲੱਗ ਪਿਆ ਕਦੇ ਘੁਮਾਰੀ ਦੇ ਜਾ ਲੱਗੇ ਕਦੇ ਘੁਮਾਰ ਦੇ, ਕਦੇ ਉਹਦੇ ਜੁਆਕਾਂ ਦੇ। ਸਾਰੇ ਹਾਲ ਦੁਹਾਈ ਪਾ ਰਹੇ ਸੀ। ਐਨੇ ਨੂੰ ਬੁੱਢਾ ਮੁੜ ਆਇਆ। ਘੁਮਾਰੀ ਨੇ ਅਸਲੀ ਪਤੀਲਾ, ਬੱਕਰੀ ਤੇ ਤੌੜੀ ਬੁੱਢੇ ਨੂੰ ਵਾਪਸ ਮੋੜ ਦਿੱਤੇ ਤਦ ਕਿਤੇ ਜਾ ਕੇ ਸੋਟਾ ਬੁੜਕਣੋ ਹਟਿਆ।
ਬੁੱਢਾ ਉਹਨਾਂ ਨੂੰ ਘਰ ਲੈ ਆਇਆ। ਪਤੀਲੇ ਨੇ ਖੀਰ ਕੜਾਹ, ਬੱਕਰੀ ਨੇ ਸੋਨੇ ਦੀਆਂ ਮੀਗਣਾਂ ਅਤੇ ਤੌੜੀ ਨੇ ਲੱਡੂ ਜਲੇਬੀ ਦੇ ਦਿੱਤੇ
ਬੁੱਢੇ ਨੇ ਫੇਰ ਰਾਜੇ ਨੂੰ ਕਿਹਾ, “ਰਾਜਿਆ, ਰਾਜਿਆ ਮੈਂ ਤੇਰੀ ਫ਼ੌਜ ਨੂੰ ਰੋਟੀ ਕਰਨੀ ਐ।” |
ਰਾਜੇ ਨੇ ਬਥੇਰਾ ਕਿਹਾ ਪਰ ਬੁੱਢਾ ਨਾ ਮੰਨਿਆ। ਉਹਨੇ ਫੌਜ ਨੂੰ ਰੋਟੀ ਕਰ ਦਿੱਤੀ। ਫੇਰ ਬੋਲਿਆ, “ਮੈਂ ਤੇਰੀ ਫੌਜ ਨਾਲ ਲੜਾਈ ਵੀ ਕਰਨੀ ਏ।"
"ਤੂੰ ਕੱਲਾ ਐਡੀ ਫੌਜ ਨਾਲ ਕਿਵੇਂ ਲੜੇਗਾ?"
ਉਹਨੇ ਆਖਿਆ, “ਬੁੜਕ ਸੋਟਾ।"
ਸੋਟੇ ਨੇ ਫੌਜ ਦੀ ਖੂਬ ਕੁਟਾਈ ਕੀਤੀ। ਰਾਜੇ ਨੇ ਆਖਿਆ, “ਤੂੰ ਇਹਨੂੰ ਸਾਂਭ ਲੈ ਤੇ ਮੇਰਾ ਅੱਧਾ ਰਾਜ ਲੈ ਲੈ।”
ਇਸ ਤਰ੍ਹਾਂ ਬੁੱਢੇ ਨੂੰ ਅੱਧਾ ਰਾਜ ਮਿਲ ਗਿਆ।