ਸਮੱਗਰੀ 'ਤੇ ਜਾਓ

ਬਿਜੈ ਸਿੰਘ/੩. ਕਾਂਡ

ਵਿਕੀਸਰੋਤ ਤੋਂ

ਪੁਤ੍ਰ-ਮਾਂ ਜੀ! ਹੈ ਤਾਂ ਇਸੇ ਤਰ੍ਹਾਂ।

‘ਲਖ ਘਾਟੀਂ ਊਚੌ ਘਨੌ ਚੰਚਲ ਚੀਤ ਬਿਹਾਲ'॥

ਪਰ ਸਤਿਗੁਰਾਂ ਦੀ ਕ੍ਰਿਪਾ ਹੋਵੇ ਤਾਂ:-

‘ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ’* ॥੯॥

ਭੈਣ-ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ; ਕੀ ਸਬੱਬ ਹੈ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ!

ਭਰਾ-ਭੈਣ ਜੀ! ਮੇਰੇ ਵੱਸ ਨਹੀਂ:-

‘ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ’ ॥

੩. ਕਾਂਡ।

ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। ‘ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।'

ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ ਆਇਆ ਤੇ ਬੋਲੇ:-

ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ। ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ


*ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ।

+ਭਾਵ ਪਿਆਰ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ।

-੧੫-

ਅੰਗ ਸੰਗ ਰਹਿਣੇ ਵਾਲੇ ਧਰਮ ਦਾ ਤਿਆਗ ਕਰਦਿਆਂ।

ਮਾਂ-ਬੱਚਾ ! ਜੇ ਇੰਨਾਬੀ ਮੰਨ ਲਵੇਂ ਤਾਂ ਲੱਖ ਸ਼ੁਕਰ ਹੈ, ਪਰ ਤੇਰਾ ਜੀ ਨਾ ਅਕੁਲਾਵੇਗਾ?

ਪੁਤ੍ਰ-ਨਹੀਂ ਮਾਂ ਜੀ ! ਮੈਨੂੰ ਏਕਾਂਤ ਸੁਖਦਾਈ ਹੈ। ਮੇਰੇ ਸਤਿਗੁਰ ਹਰ ਵੇਲੇ ਅੰਗ ਸੰਗ ਹਨ।

ਇਸ ਨਬੇੜੇ ਨਾਲ ਸਭ ਨੂੰ ਤਸੱਲੀ ਹੋ ਗਈ। ਏਨੇ ਪਰ ਦੀਵਾਨ ਸਾਹਿਬ ਪੰਡਿਤ ਸਾਹਿਬ ਤੇ ਵੱਡਾ ਪੁਤ੍ਰ ਆ ਗਏ, ਆਉਂਦੇ ਸਾਰ ਹੀ ਦੀਵਾਨ ਸਾਹਿਬ ਬੋਲੇ:-

'ਦੁਸ਼ਟ ਰਾਮ ਲਾਲ ! ਨਿਕਲ ਜਾਓ, ਮੇਰੀ ਹਵੇਲੀਓਂ ਬਾਹਰ ਅਰ ਜੀਉਂਦੇ ਜੀ ਮੇਰੇ ਕਦੀ ਮੱਥੇ ਨਾ ਲੱਗੋ।’

ਪੰਡਿਤ-ਰਾਮ ਲਾਲ ! ਤੇਰੀ ਬੁੱਧੀ ਕੋ ਕਿਆ ਹੋ ਗਿਆ? ਮਲੇਛ ! ਰਾਜ ਘਰਾਣੇ ਮੇਂ ਹੋ ਕੇ ਕਿਆ ਕੀਆ? ਅਬ ਬੀ ਸਮਝ!

ਮਾਂ-ਪੰਡਤ ਜੀ, ਲਹੂ ਨਾਲ ਲਹੂ ਧੋਤਿਆਂ ਪੂਰੀ ਨਹੀਂ ਪੈਂਦੀ, ਕੁਝ ਨਰਮੀ ਤੇ ਪਿਆਰ ਤੋਂ ਕੰਮ ਲੈਣਾ ਚੰਗਾ ਹੁੰਦਾ ਹੈ। ਰਾਮ ਲਾਲ ਘਰ ਵਿਚ ਗੁਪ ਛੁਪ ਰਹਿਣਾ ਮੰਨਦਾ ਹੈ, ਇਹ ਪ੍ਰਬੰਧ ਮੈਂ ਕਰ ਲਵਾਂਗੀ ਘਰੋਂ ਬਾਹਰ ਸੋ ਨਾ ਨਿਕਲੇ। ਘਰੋਂ ਕੱਢਕੇ ਤਾਂ ਆਪ ਮੌਤ ਦੇ ਮੂੰਹ ਪਾ ਦੇਣਾ ਹੋਵੇਗਾ, ਕੁਛ ਸੋਚ ਕਰ ਲਓ।

ਪੰਡਤ-ਮਾਈ! ਸੱਚ ਹੈ, ਹੁਣ ਲੁਕਾਉ ਦਾ ਵੇਲਾ ਲੰਘ ਗਿਆ। ਨਵਾਬ ਨੂੰ ਮਾਲੂਮ ਹੋ ਗਿਆ ਹੈ, ਹੁਣ ਦੀਵਾਨ ਸਾਹਿਬ ਓਥੋਂ ਹੋ ਕੇ ਆਏ ਹਨ। ਨਵਾਬ ਸਾਹਿਬ ਕਹਿੰਦੇ ਹਨ ਸਿੱਖ ਨਾ ਰਹੇ, ਜੇ ਨਾ ਮੰਨੇ ਤਾਂ ਸਾਡੇ ਹਵਾਲੇ ਕਰੋ। ਬੜੀ ਮੁਸ਼ਕਲ ਨਾਲ ਇਹ ਮਨਾਇਆ ਹੈ ਕਿ ਜੇ ਸਾਡੇ ਆਖੇ ਨਾ ਲੱਗਾ ਤਾਂ ਘਰੋਂ ਕੱਢ ਦਿਆਂਗੇ।

ਮਾਂ-ਹਾਇ ਮੈਂ ਮਰ ਗਈ ! ਪੰਡਤ ਜੀ! ਤੁਸੀਂ ਹੀ ਕੁਝ ਦਇਆ ਕਰਦੇ। ਮੇਰਾ ਲਾਲ! ਹਾਇ ਹਾਇ, ਮੇਰਾ ਬਾਲ, ਦਰ-ਬ-ਦਰ ਰੁਲੇਗਾ ਹਾਇ ਰੱਬਾ ! ਮੈਂ ਕੀ ਕਰਾਂ?

ਦੀਵਾਨ-ਬਾਉਲੀ ਹੋ ਗਈ ਏਂ ! ਸਿਆਣੇ ਕਹਿੰਦੇ ਹਨ ਕਿ ਜ

-੧੬-

ਉਂਗਲ ਸੱਪ ਥੀਂ ਡੰਗੀ ਜਾਏ ਸੋ ਵੱਢ ਦਿਓ, ਜੋ ਕਿਵੇਂ ਬਾਕੀ ਦਾ ਸਰੀਰ ਬਚ ਜਾਏ। ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇੱਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣ ਕੇ ਵੱਢ ਦੇਣਾ ਭਲੀ ਗੱਲ ਹੈ।

ਮਾਂ-ਹਾਇ ਰਾਮ! ਪਵਿੱਤਰ ਆਤਮਾ ਪੁਤ੍ਰ ਗੰਦੀ ਉਂਗਲ!! ਪ੍ਰਲੋਕ ਵਿਚ ਸਹਾਈ ਹੋਣ ਵਾਲਾ ਦੁਲਾਰਾ ਜ਼ਹਿਰ ਦੇ ਸਮਾਨ!! ਸਾਰੇ ਟੱਬਰ ਦਾ ਚੰਦ! ਹੈਂ, ਮੇਰਾ ਲਾਡਲਾ ਬਾਲ !

ਦੀਵਾਨ-ਤੂੰ ਨਾਲ ਹੀ ਪੱਟੀ ਗਈ, ਸਿਰ ਮੁੰਨ ਕੇ ਏਸੇ ਨਾਲ ਹੀ ਕੱਢ ਦਿਆਂਗਾ।

ਪੁੱਤ੍ਰ (ਮਾਂ ਦੇ ਪੈਰ ਫੜਕੇ)-ਪਿਆਰੀ ਮਾਂ! ਮੇਰੇ ਪਿੱਛੇ ਆਪਣੀ ਪਤ ਨਾ ਗੁਆ, ਮੇਰੇ ਭਾਗ ਮੇਰੇ ਨਾਲ ਹਨ, ਤੂੰ ਫਿਕਰ ਨਾ ਕਰ, ਦੋ ਪੁੱਤ ਤੇਰੇ ਘਰ ਹੋਰ ਹਨ; ਉਨ੍ਹਾਂ ਵਲ ਚਿੱਤ ਲਾ ਮੈਨੂੰ ਸਮਝ ਕਿ ਮਰ ਗਿਆ ਹੈ, ਜਿਨ੍ਹਾਂ ਦੇ ਪੁੱਤ੍ਰ ਮਰ ਜਾਂਦੇ ਹਨ, ਉਹ ਮਾਵਾਂ ਬੀ ਸਬਰ ਕਰਦੀਆਂ ਹੀ ਹਨ ਨਾ!

ਮਾਂ-ਬੱਚਾ! ਜੀਉਣ ਉਹ ਬੀ, ਪਰ ਤੇਰੇ ਬਿਨਾਂ ਜੀਉ ਕਿਵੇਂ ਪਰਚਾਵਾਂ? ਬੱਚਾ! ਮੈਂ ਕੀਕੁਰ ਜੀਵਾਂਗੀ? ਤੂੰ ਮੇਰੀ ਜਿੰਦ ਦਾ ਟੁਕੜਾ, ਮੇਰਾ ਲਾਲ, ਮੇਰੇ ਲਾਡਲੇ ਦੁਲਾਰੇ!

ਵੱਡਾ ਪੁਤ੍ਰ-ਮਾਂ! ਹੋਸ਼ ਕਰ, ਸੱਚ ਮੁੱਚ ਤੀਵੀਂ ਦੀ ਅਕਲ ਗੁੱਤ ਪਿੱਛੇ! ਸਮਾਂ ਵੇਖ ਕੇ ਬਾਕੀ ਟੱਬਰ ਦੀ ਸੁਖ ਮੰਗ।

ਮਾਂ-ਵੇ ਰਾਮ ਲਾਲ! ਮੈਨੂੰ ਤਿੰਨ ਪੁੱਤ ਹੁੰਦਿਆਂ ਨਿਪੁੱਤੀ ਕਰ ਚੱਲਿਓਂ! ਮੈਨੂੰ ਨਿੱਤ ਦੀ ਚਿਖ਼ਾ ਵਿਚ ਪਾ ਚੱਲਿਓਂ! ਨਾ ਮਰਾਂਗੀ ਨਾ ਜੀਵਾਂਗੀ, ਬੱਚਾ! ਦਿਨ ਰਾਤ ਵੈਣ ਕਰਾਂਗੀ।

ਦੀਵਾਨ-ਬਾ ਮਾਰੀ ਹੋਈ, ਅਕਲ, ਹੋਸ਼ ਕਰ, ਕਿਤੇ ਇਸ ਦੇ ਨਾਲ ਨਾ ਸੂਲੀ ਚੜ੍ਹੀਂ ਤੂੰ ਬੀ!

ਸਿੰਘ ਜੀ ਦੀਆਂ ਭੈਣਾਂ ਬਿਹਬਲ ਹੋਈਆਂ ਜ਼ਾਰੋ ਜ਼ਾਰ ਰੋਂਦੀਆਂ ਤੇ ਵੀਰ ਦੇ ਹੱਥ ਫੜ ਫੜ ਕਹਿੰਦੀਆਂ ਸਨ: ਵੇ ਵੀਰ! ਅਸਾਂ ਗਊਆਂ ਤੇ ਦਇਆ ਕਰ; ਵੀਰ ਵੇ? ਗਊਆਂ ਨੂੰ ਘਾਹ ਪਾ, ਲਾਲੇ ਜੀ ਦਾ ਕਿਹਾ

-੧੭-

ਮੰਨ ਵੀਰ ਵੇ! ਸਦਾ ਦੇ ਸੱਲ ਨਾ ਦੇਹ! ਬਾਕੀ ਸਾਰਾ ਟੱਬਰ ਰੋ ਰੋ ਕੇ ਫਾਹਵਾ ਹੋ ਰਿਹਾ ਸੀ; ਬਾਂਦੀਆਂ ਗੋਲੀਆਂ ਟਹਿਲਣਾਂ ਜੋ ਸਭ ਸਿੰਘ ਜੀ ਦੀ ਦਇਆ ਦਾ ਪਾਤ੍ਰ ਸਨ ਰੋਂਦੀਆਂ ਸਨ। ਦੀਵਾਨ ਸਾਹਿਬ ਲੋਹੇ ਲਾਖੇ ਹੋ ਰਹੇ ਸਨ। ਪੰਡਤ ਜੀ ਉਤੋਂ ਕੋਮਲ ਅੱਖਾਂ ਜਲ ਨਾਲ ਪੂਰਤ ਤੇ ਅੰਦਰੋਂ ਥਿੰਧੇ ਘੜੇ ਹੋ ਰਹੇ ਸੇ। ਵੱਡਾ ਭਿਰਾਉ ਹੈਰਾਨੀ ਤੇ ਗੁੱਸੇ ਵਿਚ ਗੁੱਟਿਆ ਹੋਇਆ ਘੂਰ ਰਿਹਾ ਸੀ।

ਮਾਂ-ਬੱਚਾ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖ਼ਰੈਤ ਮੇਰਾ ਬਚਨ ਮੰਨ; ਤੈਨੂੰ ਉਸੇ ਦਾ ਵਾਸਤਾ ਹਈ।

ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ ਖਾਧੀ। ਹਾਇ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਦਿਮਾਗ਼ ਨੂੰ ਚਕਰਾ ਦਿੱਤਾ ਅਰ ਮੂਰਛਾ ਜਿਹੀ ਹੋ ਗਈ।

ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ।

ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ਼ ਲਿਆਂਦੀ। ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ; ਤੂੰ ਤਕੜਾ ਹੋ। ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ! ਜਾਓ ਨਿਕਲੋ; ਢਿੱਲ ਨਾ ਕਰੋ।

ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ। ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬ੍ਰਤਾ ਪਤੀ ਦੇ ਮਗਰ। ਤਦ ਮਾਂ ਨੇ ਕਿਹਾ: ਬੱਚਾ! ਜ਼ਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ। ਤੇ ਰੋ ਰੋ ਕੇ ਬੋਲੀ: ਕਾਕਾ! ਮੈਨੂੰ ਮਾਰ ਕੇ ਜਾਂਦੋਂ, ਤੇਰਾ ਹੱਥ

-੧੮-

ਲੱਗਦਾ ਤਾਂ ਮੇਰਾ ਅੱਗਾ ਸੌਰਦਾ ਤੇ ਤੂੰ ਤਾਂ ਹੁਣ ਵਹੁਟੀ ਬੀ ਨਾਲ ਲੈ ਚੱਲਿਓ! ਮੇਰੇ ਪੋਤਰੇ ਤੇ ਨੂੰਹ ਨੂੰ ਤਾਂ ਛੱਡ ਜਾਹ!

ਪੁੱਤ੍ਰ-ਮਾਂ ਜੀ ਇਹ ਸਭ ਤੁਹਾਡੀ ਦੌਲਤ ਹਨ, ਇਨ੍ਹਾਂ ਨੂੰ ਰੱਖੋ, ਮੈਂ ਨਾਲ ਨਹੀਂ ਲਿਜਾਂਦਾ।

ਸਿੱਖਣੀ (ਸੱਸ ਅੱਗੇ ਹੱਥ ਜੋੜ ਕੇ}-ਮਾਂ ਜੀ! ਬਖਸ਼ੋ, ਮੈਨੂੰ ਆਗਯਾ ਦਿਓ! ਜਿੱਥੇ ਇਹ ਜਾਣਗੇ ਓਥੇ ਹੀ ਮੈਂ ਜਾਵਾਂਗੀ। ਇਨ੍ਹਾਂ ਨਾਲੋਂ ਮੈਂ ਅੱਡ ਨਹੀਂ ਰਹਿ ਸਕਦੀ।

ਮਾਂ-ਧੀਏ! ਮੇਰਾ ਕੌਣ?

ਨੂੰਹ-ਤੇ ਮਾਂ ਜੀ ਸ੍ਵਾਮੀ ਬਾਝ ਮੇਰਾ ਕੌਣ? ਆਪ ਵੱਡੇ ਸਿਰ ਮੱਥੇ ਤੇ; ਪਰ ਸ੍ਵਾਮੀ ਦੇ ਚਰਨਾਂ ਦੀ ਦਾਸੀ ਹੋਣ ਕਰਕੇ ਉਨ੍ਹਾਂ ਦੀ ਸੇਵਾ ਤੋਂ ਕਿੱਕੁਰ ਮੂੰਹ ਮੋੜਾਂ? ਘਰ ਦੇ ਸੁਖ ਭੋਗਾਂ ਤੇ ਪਤੀ ਦੇ ਦੁੱਖਾਂ ਦਾ ਹਿੱਸਾ ਨਾ ਵੰਡਾਵਾਂ? ਅੱਧਾ ਅੰਗ ਸਾਰੇ ਤੋਂ ਕੀਕੂੰ ਵਿਛੜੇ? ਲੋਕ ਪ੍ਰਲੋਕ, ਦੁੱਖ ਸੁੱਖ, ਏਹ ਮੇਰਾ ਹਰ ਥਾਂ, ਹਰ ਹਾਲ, ਆਸਰਾ ਪਰਨਾ, ਮੇਰਾ ਆਪਣਾ ਆਪ; ਮੈਂ ਆਪਣੇ ਆਸਰੇ ਤੋਂ ਆਪਣੇ ਆਪੇ ਤੋਂ ਕੀਕੂੰ ਵਿਛੁੜਾਂ?

ਦੀਵਾਨ-ਬਈ, ਸਿੱਖਾਂ ਦੀ ਸੰਗਤ ਬੀ ਬੁਰੀ ਇਕ ਛੁਰੀ ਹੈ। ਇਹ ਕੁੜੀ ਬੀ ਗਿਆਨ ਸਾੜਨ ਲੱਗੀ ਜੇ। ਹੱਛਾ ਪਰਾਲਬਧ! ਇਸ ਕੋ ਭੀ ਨਿਕਾਲ ਦਿਓ। ਲੜਕੇ ਨੂੰ ਰੱਖ ਲਓ।

ਬਾਲਕ-ਨਾ ਬਾਬਾ! ਮੈਂ ਨਹੀਂ ਰਹਿੰਦਾ, ਜਿੱਥੇ ਮੇਰੇ ਬਾਪੂ ਜੀ ਤੇ ਮਾਂ ਜੀ ਰਹਿਣਗੇ, ਓਥੇ ਹੀ ਮੈਂ ਰਹਾਂਗਾ।

ਦੀਵਾਨ-ਕਿਉਂ ਬੱਚੂ?

ਬਾਲਕ-ਇਨ੍ਹਾਂ ਦੇ ਪਿੱਛੇ ਮੈਂ ਰੋਟੀ ਕਿਥੋਂ ਖਾਊਂ?

ਪੰਡਤ-ਮੂਰਖ! ਦੀਵਾਨ ਸਾਹਿਬ ਦੇ ਘਰ ਰੋਟੀ ਨਹੀਂ ਹੈ?

ਬਾਲਕ-ਪਰ ਏਥੇ ਸਾਰੇ ਹੁੱਕੇ ਪੀਂਦੇ ਹਨ, ਮੈਂ ਰੋਟੀ ਕੀਕੂੰ ਖਾਊਂ? ਮੈਨੂੰ ਸ਼ਬਦ ਕੌਣ ਸੁਣਾਊ? ਮੈਨੂੰ ਕਲਗੀਆਂ ਵਾਲੇ ਦੇ ਪਿਆਰ ਦੀਆਂ ਗੱਲਾਂ ਕੌਣ ਸਮਝਾਊ?

ਦੀਵਾਨ (ਮੱਥੇ ਤੇ ਹੱਥ ਮਾਰਕੇ)-ਇਕ ਨੂੰ ਕੀ ਰੋਨੀਏਂ ਊਤ

-੧੯-

ਗਿਆ ਈ ਆਵਾ।

ਦੀਵਾਨਣੀ (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ)-ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਊਂ, ਵੱਖਰਾ ਚੌਂਕਾ ਬਣਾਊਂ, ਤੂੰ ਤਾਂ ਮੇਰੇ ਪਾਸ ਰਹੁ ਨਾ; ਲਾਲ!

ਬਾਲਕ-ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਛੁਡਾਵੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ।

ਦੀਵਾਨਣੀ-ਵੇ ਦੇਵਤਿਆਂ ਦੇ ਉਤਾਰੋ ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ,ਵੇਂ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈਂ ਚੱਲੋ!

ਦੀਵਾਨ (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾਕੇ)-ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ!

ਦੀਵਾਨਣੀ (ਪਾਸ ਪਈ ਕਟਾਰ ਚੁੱਕ ਕੇ)-ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ ਮੈਂ ਕਿੱਕਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ।

੪. ਕਾਂਡ।

ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ

-੨੦-