ਸਮੱਗਰੀ 'ਤੇ ਜਾਓ

ਬਿਜੈ ਸਿੰਘ

ਵਿਕੀਸਰੋਤ ਤੋਂ
ਬਿਜੈ ਸਿੰਘ
ਭਾਈ ਵੀਰ ਸਿੰਘ
ਪੰਨਾ:ਬਿਜੈ ਸਿੰਘ.pdf/1 ਪੰਨਾ:ਬਿਜੈ ਸਿੰਘ.pdf/2 

ਪ੍ਰਵੇਸ਼ਕਾ


ਕਹਿੰਦੇ ਹਨ ਜੇ ਕਿਸੇ ਕੌਮ ਨੂੰ ਨਿਰਬਲ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਉਸ ਦੀ ਜ਼ਬਾਨ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ। ਠੀਕ ਇਹੋ ਹੀ ਹਾਲ ਸਿੱਖ ਰਾਜ ਦੇ ਪਤਨ ਪਿਛੋਂ ਸਿੱਖਾਂ ਦਾ ਹੋਇਆਂ। ਦਰਅਸਲ ਕੌਮ ਵਿਚ ਕਮਜ਼ੋਰੀ ਦੀਆਂ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਆ ਗਈਆਂ ਸਨ। ਰਾਜ ਭਾਗ ਨਾਲ ਸੰਬੰਧਿਤ ਉਹ ਸਾਰੇ ਰੀਤੀ-ਰਿਵਾਜ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਭੰਡਿਆ ਸੀ, ਮੁੜ ਸਿੱਖ ਸਮਾਜ ਵਿਚ ਹਾਵੀ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ੧੦ ਵਰ੍ਹੇ ਬਾਦ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਤੇ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ। ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਪ੍ਰਬੰਧ ਲਈ ਅੰਗਰੇਜ਼ਾਂ ਨੇ ਸਰਬਰ੍ਹਾ ਨਿਯੁਕਤ ਕਰਕੇ ਅਸਿੱਧੇ ਤੌਰ ਉਤੇ ਆਪਣਾ ਕਬਜ਼ਾ ਕਰ ਲਿਆ। ਇਸਾਈ ਮਿਸ਼ਨਰੀਆਂ ਤੇ ਆਰੀਆ ਸਮਾਜੀ ਪ੍ਰਚਾਰਕਾਂ ਨੇ ਸਿੱਖ ਧਰਮ ਉਤੇ ਕਈ ਤਰ੍ਹਾਂ ਦੇ ਮਾਰੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਕੌਮ ਨੂੰ ਸੰਗਠਿਤ ਕਰਕੇ, ਉਸ ਵਿਚ ਮੁੜ ਰੂਹ ਭਰਨ ਲਈ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ; ਜਿਸ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਸਨ। ਭਾਈ ਸਾਹਿਬ ਨੇ ਮਹਿਸੂਸ ਕੀਤਾ ਕਿ ਕੋਮ ਨੂੰ ਆਪਣੇ ਵਿਰਸੇ ਦੀ ਪਹਿਚਾਨ ਕਰਵਾਉਣ ਲਈ ਪੰਜਾਬੀ ਜ਼ੁਬਾਨ ਤੇ ਸਿੱਖ ਇਤਿਹਾਸ ਵੱਲ ਲਿਜਾਣਾ ਜ਼ਰੂਰੀ ਹੈ। ਆਪਣੀ ਲੇਖਣੀ ਰਾਹੀਂ ਭਾਈ ਸਾਹਿਬ ਨੇ ਨਾ ਕੇਵਲ ਪੰਜਾਬੀ ਜ਼ੁਬਾਨ ਨੂੰ ਇਕ ਮਾਣਯੋਗ ਸਥਾਨ ਦਿੱਤਾ ਸਗੋਂ ਸਿਖ ਇਤਿਹਾਸ ਤੇ ਸਿਖ ਰਵਾਇਤਾਂ ਨੂੰ ਵੀ ਸੁਰਜੀਤ ਕੀਤਾ। ਭਾਈ ਸਾਹਿਬ ਨੇ ਬਹੁਤ ਸਾਰੀਆਂ ਸਿੱਖ ਇਤਿਹਾਸਕ ਜੀਵਨੀਆਂ ਨੂੰ ਵੀ ਆਪਣੇ ਲੇਖਣ ਦਾ ਵਿਸ਼ਾ ਬਣਾਇਆ। ਇਨ੍ਹਾਂ ਇਤਿਹਾਸਕ ਪਾਤਰਾਂ ਦੇ ਆਦਰਸ਼ਾਂ ਨੂੰ ਮੁਖ ਰਖਦਿਆਂ ਹੋਇਆਂ ਭਾਈ ਸਾਹਿਬ ਨੇ ‘ਬਿਜੈ ਸਿੰਘ’, ‘ਸੁੰਦਰੀ’, ‘ਸਤਵੰਤ ਕੌਰ’ ਤੇ ‘ਬਾਬਾ ਨੌਧ ਸਿੰਘ’ ਆਦਿ ਜੀਵਨੀਆਂ ਦੀ ਰਚਨਾ ਕੀਤੀ। ‘ਬਿਜੈ ਸਿੰਘ’ ਜਿਥੇ ਇਕ ਪਾਸੇ ਵਧੀਆ ਕਦਰਾਂ-ਕੀਮਤਾਂ ਦਾ ਨਮੂਨਾ ਹੈ, ਉਥੇ ਦੂਜੇ ਪਾਸੇ ਸਿੱਖ ਆਦਰਸ਼ਾਂ ਦਾ ਜਿਊਂਦਾ ਜਾਗਦਾ ਸਬੂਤ ਹੈ। ਸਿਖ ਕਦਰਾਂ ਕੀਮਤਾਂ ਸਨਮੁਖ ‘ਬਿਜੈ ਸਿੰਘ’ ਗੁਰੂ ਸਾਹਿਬਾਂ ਦੇ ਦਿਖਾਏ ਹੋਏ ਮਾਰਗ ਤੇ ਚਲਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਇਆ। ਭਾਈ ਸਾਹਿਬ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਸੀਂ ਕਈ ਐਡੀਸ਼ਨਾਂ ਵਿਚ ਛਾਪ ਚੁੱਕੇ ਹਾਂ। ਪਾਠਕਾਂ ਦੀ ਮੰਗ ਤੇ ‘ਬਿਜੈ ਸਿੰਘ’ ਦੀ ਨਵੀਂ ਐਡੀਸ਼ਨ ਛਾਪਣ ਦੀ ਖੁਸ਼ੀ ਲੈ ਰਹੇ ਹਾਂ।

ਡਾ: ਜਸਵੰਤ ਸਿੰਘ ਨੇਕੀ

ਸਤੰਬਰ, 2000

ਆਨਰੇਰੀ ਜਨਰਲ ਸਕੱਤਰ

ਨਵੀਂ ਦਿੱਲੀ

ਭਾਈ ਵੀਰ ਸਿੰਘ ਸਾਹਿਤ ਸਦਨ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥


ਭੂਮਿਕਾ


ਪੰਜਾਬ ਦਾ ਇਤਿਹਾਸ ਕਿਸੇ ਕਿਸੇ ਨੇ ਲਿਖਿਆ ਹੈ, ਪਰ ਸਿੱਖਾਂ ਬਾਬਤ ਸਾਰੇ ਹਾਲਾਤ ਅਜੇ ਸਹੀ ਕਰ ਕੇ ਨਹੀਂ ਲਿਖੇ ਗਏ; ਇਸ ਕਰਕੇ ਇਨ੍ਹਾਂ ਦੇ ਹਾਲਾਤ ਅਜੇ ਘੱਟ ਰੌਸ਼ਨੀ ਵਿਚ ਆਏ ਹਨ। ਜੋ ਆਏ ਹਨ ਥੋੜ੍ਹੇ ਹਨ, ਬਹੁਤ ਕੁਝ ਬਾਕੀ ਰਹਿ ਗਿਆ ਹੈ ਅਤੇ ਬਹੁਤ ਕੁਛ ਨਾ-ਠੀਕ ਪ੍ਰਗਟ ਹੋਇਆ ਹੈ, ਉਸ ਦੀ ਪੜਤਾਲ ਬੜਾ ਵੱਡਾ ਕੰਮ ਹੈ। ਇਸ ਪੋਥੀ ਵਿਚ ਕਿਸੇ ਇਕ ਸਮੇਂ ਦੇ ਕੁਛ ਹਾਲਾਤ ਸਿਲੇ ਚੁਗਣ ਵਾਂਙੂ ਕੱਠੇ ਕੀਤੇ ਗਏ ਹਨ। ਕੌਮ ਦੀ ਹਾਲਤ ਗਿਰਾਵਟ ਵਿਚ ਹੈ ਤੇ ਇਹ ਇਕ ਤਰਲਾ ਹੈ ਕਿ ਕਿਤੇ ਪੁਰਾਤਨ ਹਾਲਾਤ ਵਾਚ ਕੇ ਕੌਮ ਵਿਚ ਉਤਸ਼ਾਹ ਭਰੇ ਤੇ ਇਸ ਵਿਚ ਜੀਵਨ ਦੀ ਰੌ ਰੁਮਕ ਪਵੇ।

ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸੁਆਰਥ ਨਹੀਂ; ਨਾ ਕੋਈ ਵਿਦਯਕ ਦਿਖਾਵਾ ਹੈ, ਪੰਥਕ ਢੱਠੀ ਪਈ ਇਮਾਰਤ ਦੀ ਉਸਾਰੀ ਵਿਚ ਰਾਮ ਚੰਦ੍ਰ ਜੀ ਦੇ ਪੁਲ ਪੁਰ ਗਾਲ੍ਹੜਾਂ ਦੇ ਮਿੱਟੀ ਪਾਉਣ ਦੇ ਜਤਨ ਵਾਂਙੂ ਸੇਵਾ ਵਿਚ ਇਕ ਨਿੱਕਾ ਜਿਹਾ ਫ਼ਰਜ਼ ਅਦਾ ਕਰਨ ਦਾ ਇਕ ਤਰਲਾ ਹੈ। ਸਗੋਂ ਪੰਥਕ ਤਰੱਕੀ ਦੇ ਪੁਲ ਬੰਨ੍ਹਣ ਵਿਚ ਇਸ ਪੁਸਤਕ ਲਿਖਣੇ ਦਾ ਉੱਦਮ ਉਸ ਗਾਲ੍ਹੜ ਦੀ ਹਿੰਮਤ ਨਾਲੋਂ ਬੀ ਥੋੜ੍ਹਾ ਤੇ ਸੇਵਾ ਉਸ ਦੀ ਸੇਵਾ ਨਾਲੋਂ ਐਉਂ ਨਿੱਕੀ ਹੈ ਜਿੱਕੁਰ ਗਣਿਤ ਵਿਦ੍ਯਾ ਵਿਚ ਸੂਨ '0' ਦੀ ਕੀਮਤ ਹੁੰਦੀ ਹੈ, ਜੋ

-ੲ-

ਸ਼ਕਲ ਵਿਚ ਤਾਂ ਦਿੱਸਦੀ ਹੈ, ਪਰ ਮੁੱਲ ਕੁਝ ਨਹੀਂ ਪਾਉਂਦੀ। ਹਾਂ, ਜੇਕਰ ਕਲਗੀਧਰ ਜੀ ਦੀ ਕ੍ਰਿਪਾ ਰੂਪ ਏਕਾ ‘੧’ ਉਸ ਨਾਲ ਮਿਲ ਜਾਵੇ ਤਾਂ ‘O’ ਬੀ ਦੂਸਰੇ ਅੰਗਾਂ ਨਾਲ ਮਿਲ ਕੇ ਕੀਮਤ ਵਾਲੀ ਹੋ ਜਾਂਦੀ ਹੈ।

ਇਸ ਪੁਸਤਕ ਦੇ ਲਿਖਣ ਵਿਚ ਇਸ ਸੰਸਾਰ ਤੋਂ ਕੂਚ ਕਰ ਗਏ ਬਜ਼ੁਰਗਾਂ ਤੋਂ ਸੁਣੇ ਸਮਾਚਾਰ, ਦੋਵੇਂ ਪੰਥ ਪ੍ਰਕਾਸ਼, ਖ਼ਾਲਸਾ ਤਵਾਰੀਖ, ਪ੍ਰਿੰਸਪ, ਕਨਿੰਘਮ, ਮੁਹੰਮਦ ਲਤੀਫ਼, ਮੈਲਕਮ, ਮੈਗਰੇਗਰ ਅਰ ਹੋਰਨਾਂ ਦੇ ਪੁਸਤਕਾਂ ਤੋਂ ਸਹਾਇਤਾ ਲਈ ਹੈ, ਜਿਨ੍ਹਾਂ ਦਾ ਦਿਲੀ ਧੰਨਵਾਦ ਹੈ। ਕਈ ਸਮਾਚਾਰ ਸ਼੍ਰੋਤਾਂ, ਕਈ ਗੀਤਾਂ ਤੋਂ ਲਏ ਹਨ ਅਰ ਅਨਮਿਲਦੀ ਥਾਂਈਂ ਸੰਗਲੀਆਂ ਆਪ ਮੇਲੀਆਂ ਹਨ। ਹੋਰ ਸੋਮੇ ਇਤਿਹਾਸ ਦੇ ਖੋਜਣ ਦਾ ਸਮਾਂ ਨਹੀਂ ਪੰਥਕ ਲੋੜ ਡਾਢੀ ਤੇ ਕਾਹਲੀ ਦੀ ਹੈ, ਇਸ ਕਰਕੇ ਇਤਿਹਾਸ ਤੇ ਰਵਾਇਤਾਂ ਆਦਿਕ ਦੇ ਮੇਲ ਤੋਂ ਇਹ ਸਾਜਨਾ ਸਾਜੀ ਗਈ ਹੈ, ਕਿਤੇ ਕਿਤੇ ਕਾਵ੍ਯ ਦੇ ਅਲੰਕਾਰ ਇਸ ਕਰਕੇ ਦਿਖਾਏ ਹਨ ਕਿ ਬਹੁਤ ਲੋਕ ਪੰਜਾਬੀ ਨੂੰ ਜਟਕੀ ਬੋਲੀ ਕਹਿਕੇ ਉਲ੍ਹਾਮਾ ਦੇਂਦੇ ਹਨ ਕਿ ਰਚਨਾਂ ਦੇ ਭੂਸ਼ਨ ਇਸ ਬੋਲੀ ਵਿਚ ਨਹੀਂ ਪਹਿਰਾਏ ਜਾ ਸਕਦੇ, ਦੂਸਰੇ ਇਹ ਕਿ ਪੰਜਾਬੀ ਦੀ ਤਰੱਕੀ ਬੀ ਦੇਸ਼ ਤੇ ਪੰਥ ਦੀ ਤਰੱਕੀ ਦਾ ਇਕ ਅੰਗ ਹੈ।

ਪੰਥ ਦੀ ਮੌਜੂਦਾ ਹਾਲਤ ਪਿਛਲਿਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿੱਸਦੀ ਹੈ, ਇਸ ਪੁਸਤਕ ਵਿਚ ਇਹੋ ਜ਼ੋਰ ਦਿੱਤਾ ਹੈ ਅਰ ਲਿਖਣੇ ਦਾ ਪ੍ਰਯੋਜਨ ਭੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ ਤੇ ਸੰਭਲਣ ਦਾ ਵੱਲ ਆ ਜਾਵੇ, ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਤੇ ਪਵਿੱਤ੍ਰ ਅਸਲੀ ਰੂਪ ਵਿਚ ਕਾਇਮ ਰਹਵੇ। ਖ਼ਾਲਸਾ ਇਕ ਮੁਕਤ ਪੁਰਖ ਹਰੀਜਨ ਹੈ, ਆਪ ਅੰਦਰੋਂ ਬਾਹਰੋਂ ਸੁਖੀ ਹੈ ਤੇ ਸਰਬੱਤ ਲਈ ਸੁਖਦਾਈ ਹੈ। ਅਭੈ ਹੈ, ਅਜਿੱਤ

-ਸ-

ਹੈ, ਪਰ ਭੈ ਨਹੀਂ ਦੇਂਣਾਂ? ਧੱਥਾਂ ਨਹੀਂ ਕਰਦਾ। ਕੀਕੂੰ ਦੁੱਖਾਂ ਵਿਚ ਖ਼ਾਲਸਾ ਆਪਣੇ ਅਸੂਲਾਂ ਤੇ ਕਾਇਮ ਰਿਹਾ, ਇਹ ਪੋਥੀ ਉਸ ਦੀਆਂ ਤਸਵੀਰਾਂ ਦੱਸੇਗੀ। ਇਸ ਵਿਚ ਦੱਸੇ ਸਮਾਚਾਰ ਸਾਨੂੰ ਸਿਖਾਲਦੇ ਹਨ ਕਿ ਆਪਣੇ ਵੱਡਿਆਂ ਵਾਂਗੂੰ ਅਸੀਂ ਨਿੰਮ੍ਰਤਾ, ਸਹਾਰਾ ਅਰ ਸਾਰੇ ਦੈਵੀ ਗੁਣਾਂ ਦਾ ਪੁੰਜ ਬਣ ਕੇ ਚੜ੍ਹਦੀ ਕਲਾ ਵਾਲੇ ਇਨਸਾਨ ਬਣੇ ਰਹੀਏ।

ਗੁਣੀ-ਜਨ ਗੁਣ ਗ੍ਰਹਿਣ ਕਰਕੇ ਔਗੁਣਾਂ ਦੀ ਇਤਲਾਹ ਬਖ਼ਸ਼ਣ।


- ਕਰਤਾ

-੦-