ਬਿਜੈ ਸਿੰਘ/੮. ਕਾਂਡ

ਵਿਕੀਸਰੋਤ ਤੋਂ

ਏਕ ਪੰਥ ਦੋ ਕਾਜ! ਏਸ ਗਿਰਾਂ ਇਕ ਤੁਰਕ ਸਿਰਕਰਦਾ ਵੱਸਦਾ ਹੈ ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖਤੀ ਮਿਟ ਜਾਵੇਗੀ ਹੇ ਮਰੇ ਦਿਲ ਇਹ ਕੀ ਫੁਰਨਾ ਹੈ? ਪਾਪ ਬੁਰਾ; ਇਕ ਕਰੋ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ ਹੀ ਰਹਿੰਦੀ ਹੈ। ਹਾਂ ਹਾਂ ਪਰ ਸਿੱਖ ਤਾਂ ਸਿਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਏਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ, ਇਨ੍ਹਾਂ ਦਾ ਮਾਰਿਆ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿਚ ਦੋਸ਼ ਤਾਂ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇਕ ਤਾਂ ਗੱਫਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ।

੮. ਕਾਂਡ।

ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸੁੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੋ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਫੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ

-੪੯-

ਸੰਤੋਖੀਆਂ ਲਈ ਬੜੀ ਹੁੰਦੀ ਸੀ। ਕੈਸੀ ਅਚਰਜ ਦਸ਼ਾ ਹੈ ਕਿ ਸਿਖ ਉਸ ਸਮੇਂ ਰਾਜ ਭਾਗਾਂ ਨੂੰ ਛਡ ਕੇ ਕੰਗਾਲਤਾਈ ਅਰ ਕੈਦਾਂ, ਦੇਸ਼ ਨਿਕਾਲੇ ਤੇ ਡਾਢੇ ਕਸ਼ਟਾਂ ਵਿਚ ਪੈਕੇ ਸਿੱਖੀ ਧਰਮ ਦਾ ਨਿਰਬਾਹ ਕਰਦੇ ਸਨ? ਉਨ੍ਹਾਂ ਦੇ ਪੂਰਨਿਆਂ ਤੇ ਸਭ ਸਿੱਖਾਂ ਨੂੰ ਟੁਰਨਾ ਚਾਹੀਏ। ਸਿੱਖੀ ਧਾਰਨ ਤੇ ਨਿਬਾਹੁਣ ਵਿਚ ਹੀ ਆਪਣੀ ਕਲ੍ਯਾਣ ਤੇ ਪੰਥ ਦੀ ਤਾਕਤ ਹੈ।

ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ:-

ਪੁੱਤ੍ਰ, ਮਾਂ ਜੀ! ਇਹ ਬ੍ਰਾਹਮਣ ਮੈਨੂੰ ਚੰਗਾ ਨਹੀਂ ਲੱਗਾ।

ਮਾਂ-ਕਾਕਾ ਜੀ! ਕਿਉਂ?

ਪੁੱਤ੍ਰ-ਮਾਂ ਜੀ! ਇਹ ਪਤਾ ਨਹੀਂ ਕਿਉਂ ਪਰ ਅੱਖਾਂ ਨੂੰ ਭਾਇਆ ਨਹੀਂ।

ਮਾਂ-ਬਰਖ਼ੁਰਦਾਰ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ। ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ।

ਪੁੱਤ੍ਰ-ਫੇਰ ਮਾਂ ਜੀ! ਤੁਰਕਾਂ ਨਾਲ ਕਿਉਂ ਸਿੰਘ ਲੜਦੇ ਹਨ?

ਮਾਂ-ਕਾਕਾ ਜੀ! ਇਸ ਲਈ ਨਹੀਂ ਕਿ ਓਹ ਤੁਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜਤਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰਨਿਆਂ ਦਾ ਰਾਜ ਨਹੀਂ ਕਰਦੇ। ਬਿਨਦੋਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ।

ਪੁੱਤ੍ਰ-ਠੀਕ ਹੈ, ਪਰ ਮਾਂ ਜੀ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ-ਖਬਰੇ; ਮਾਂ ਜੀ! ਉਸ ਦੇ ਕਰਮ ਖੋਟੇ ਹੀ ਹੋਣ?

-੫੦-

ਮਾਂ-ਤੂੰ ਕੋਈ ਖੋਟਾ ਕਰਮ ਕਰਦੇ ਉਸ ਨੂੰ ਡਿੱਠਾ ਹੈ?

ਪੁੱਤ੍ਰ- ਨਹੀਂ ਜੀ!

ਮਾਂ-ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ; ਲਾਲ ਜੀ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ।

ਪੁੱਤ੍ਰ-ਮਾਂ ਜੀ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ।

ਮਾਂ (ਨਿਮੋਝੂਣੀ ਹੋ ਕੇ)-ਮੇਰੇ ਲਾਲ!ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ! ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ! ਬੱਚਾ ਜੀਓ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੋ ਰੋਗ ਕੱਟਿਆ ਜਾਏ।

ਕੰਮ ਛੱਡਕੇ ਮਾਂ ਪੁੱਤ੍ਰ, ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ:— ‘ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ ‘ਸ਼ੱਕ' ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੋ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ। ਜਿੱਕਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੋ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੋ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ।’

ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੌਲੇ ਦੀ ਅਵਾਜ਼ ਪਈ।

-੫੧-

‘ਹਾ! ਨਾ; ਮਾਰ ਮੈਂ ਝੂਠਾ ਨਹੀਂ ਹਾਂ, ਹਾ! ਤਰਸ ਕਰ, ਤਰਸ; ਹੁਣ ਨੇੜੇ ਹੈ, ਊਈ ਹਾਏ ਨੇੜੇ! ਹਾ ਨੇੜੇ! ਹਾਇ ਨਾ ਮਾਰ! ਮਰ ਗਿਆ, ਗਰੀਬ ਮਰ ਗਿਆ, ਹਾ ਰਾਮ! ਹਾ ਰਾਮ!! ਹਾ ਰਾਮ!!!

ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ, ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੋਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ: 'ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ।’ ਜਿਸ ਨੂੰ ਮਾਰ ਪੈਂਦੀ ਹੈ, ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡੋ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ: ਕੋਈ ਕਦਮਾਂ ਦੀ ਕਸਰ ਹੈ। ਪਰ ਓਹ ਇਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਕਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ ਬੋਲੀ:- ਪੁੱਤ੍ਰ! ਬ੍ਰਾਹਮਣ ਸੱਚ ਮੁਚ ਦੁਸ਼ਟ ਹੈ, ਦਿਲ ਤਾਂ ਮੇਰਾ ਬੀ ਘਾਬਰਦਾ ਰਿਹਾ ਹੈ ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈਂ, ਲੈ ਹੁਣ ਤਕੜਾ ਹੋ। ਹੁਣ ਬਹਾਦਰੀ ਦਾ ਵੇਲਾ ਅਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ। ਪਰ ਆ ਪਹਿਲੇ ਅਰਦਾਸ ਕਰੀਏ। ਝੱਟ ਦੋਵੇਂ ਹੱਥ ਜੋੜ ਖਲੋਤੇ: ‘ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ! ਹੇ ਦੀਨਾਂ ਬੰਧੂ ਅਕਾਲ ਪੁਰਖ! ਇਸ ਵੇਲੇ ਆਪ ਦੇ ਭਾਣੇ ਵਿਚ ਸ਼ਤਰੂ ਦਲ ਸਿਰ ਚੜ੍ਹ ਆਇਆ ਹੈ, ਅਰ ਹੱਥੋ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀਂ ਤੇ ਇਹ ਅਞਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ। ਤੂੰ ਪਤਿਤ ਪਾਵਨ ਤੇ ਗ਼ਰੀਬਾਂ ਦਾ ਸਹਾਈ ਹੈਂ, ਇਸ ਵੇਲੇ ਆਪਣਾ ਬਲ ਬਖ਼ਸ਼ ਜੋ ਵੈਰੀ ਦਲ ਦਾ ਟਾਕਰਾ ਕਰੀਏ

-੫੨-

ਜਿੰਦ ਜਾਏ ਤਾਂ ਜਾਏ ਡਰ ਨਹੀਂ, ਪਰ ਧਰਮ ਬਚਾਈਏ, ਮਰ ਜਾਈਏ, ਪਰ ਧਰਮ ਨਾ ਹਾਰੀਏ!"

ਅਰਦਾਸ ਕਰ ਹਟੀ ਤਦ ਪਤਾ ਲੱਗਾ ਕਿ ਵੈਰੀਆਂ ਨੇ ਝੁੱਗੀ ਲੱਭ ਲਈ ਹੈ। ਪੁਤ੍ਰ ਨੂੰ ਬੋਲੀ: ‘ਕਾਕਾ! ਝੱਬਦੇ ਹੋ ਕੋਈ ਸ਼ਸਤ੍ਰ ਫੜ ਲੈ, ਅਰ ਤਕੜਾ ਹੋਂ, ਤੁਰਕਾਂ ਨੂੰ ਵੇਖ ਕੇ ਡਰ ਨਾ ਜਾਵੀਂ, ਦਿਲ ਖੋਲ੍ਹ ਕੇ ਲੜੀਂ, ਜੇ ਮੈਂ ਮਰ ਵੀ ਗਈ ਤਾਂ ਹੌਂਸਲਾ ਨਾ ਛੱਡੀਂ ਪ੍ਰਾਣ ਦੇ ਦੇਈਂ ਪਰ ਸ਼ਸਤ੍ਰ ਨਾ ਦੇਵੀ, ਸੁਲਹ ਨਾ ਮੰਨੀਂ, ਸਾਡੀ ਮਦਦ ਤੇ ਗੁਰੂ ਜੀ ਹਨ।’ ‘ਸ਼ੇਰ ਦਿਲ ਬਾਲਕ ਨੇ ਪਹਿਲੇ ਉਹ ਬੰਦੂਕ ਚੁਕੀ ਜੋ ਹਰ ਵੇਲੇ ਭਰੀ ਹੋਈ ਘਰ ਪਈ ਰਹਿੰਦੀ ਸੀ ਕਿ ਮਤਾਂ ਕੋਈ ਲੋੜ ਪੈ ਜਾਏ ਤਾਂ ਭਰਦਿਆਂ ਚਿਰ ਨਾ ਲੱਗੇ ਅਰ ਨਾਲ ਕਟਾਰ ਤੇ ਢਾਲ ਫੜ ਲਈ। ਮਾਤਾ ਨੇ ਤਲਵਾਰ ਤੇ ਢਲ ਲੈ ਲਈਅਰ ਦੋਵੇਂ ਵਿਹੜੇ ਵਿਚ ਆ ਖਲੋਤੇ। ਇਸ ਵੇਲੇ ਵੈਰੀ ਵੀ ਪਹੁੰਚ ਪਏ ਸਨ, ਉਹਨਾਂ ਨੂੰ ਦੇਖਦੇ ਹੀ ਸਿੰਘਣੀ ਨੇ ਠਰਮੇ, ਪਰ ਬਲ ਨਾਲ ਪੁੱਛਿਆ, ਕੌਣ ਹੈ?’

ਉੱਤਰ-ਅਸੀਂ ਸਿਪਾਹੀ ਹਾਂ, ਤੁਹਾਨੂੰ ਪਕੜਨ ਲਈ ਆਏ ਹਾਂ, ਖ਼ੁਸ਼ੀ ਨਾਲ ਆ ਜਾਓ ਤਾਂ 'ਵਾਹ ਵਾਹ; ਨਹੀਂ ਤਾਂ ਜਬਰਨ ਪਕੜ ...।

"ਪਕੜ" ਅਜੇ ਸਿਪਾਹੀ ਦੇ ਮੂੰਹ ਵਿਚ ਹੀ ਸੀ ਕਿ ਭੁਜੰਗੀ ਦੀ ਬੰਦੂਕ ਦਾ ਘੋੜਾ ਦਬੀਜਿਆ ਅਰ ਮੱਥੇ ਦੇ ਵਿਚ ਨਿਸ਼ਾਨਾ ਵੱਜਾ, ਫੜਕਦੀ ਲੋਥ ਹੇਠ ਡਿੱਗੀ। ਪ੍ਰੋਹਤ ਹੁਰੀਂ ਤਾਂ ਦੂਰ ਜਾ ਲੁਕੇ ਤੇ ਬਾਕੀ ਦੇ ਚਾਰ ਸਿਪਾਹੀ ਹੁਣ ਰੋਹ ਨਾਲ ਭਰਕੇ ਅੱਗੇ ਵਧੇ। ਇਨ੍ਹਾਂ ਸਿਪਾਹੀਆਂ ਪਾਸ ਕੇਵਲ ਤਲਵਾਰਾਂ ਹੀ ਸਨ ਕਿਉਂਕਿ ਬ੍ਰਾਹਮਣ ਦੇ ਖ਼ਬਰ ਦੇਣ ਪਰ ਕਿ ਉਹ ਸਾਧੂ ਲੋਕ ਹਨ; ਕਿਸੇ ਨੂੰ ਇਸ ਟਾਕਰੇ ਦੀ ਆਸ ਨਹੀਂ ਸੀ।

ਹੁਣ ਸਿਪਾਹੀ ਵਾੜ ਟੱਪਣ ਲੱਗਾ ਤੰਦ ਕੌਰਾਂ ਦੇ ਸ਼ੇਰ ਹੱਥ ਨੇ ਵਧਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪੁਰ ਲੱਗਾ ਅਰ ਮੂਧਾ ਹੋ ਕੇ ਵਾੜ ਤੇ ਡਿੱਗਾ, ਅਗੋਂ ਹਜਕ ਕੇ ਕੌਤਾਂ ਦੀ ਤਲਵਾਰ ਫੇਰ ਵੱਜੀ ਅਰ ਗਰਦਨ ਨੂੰ ਚੀਰ ਗਈ। ਬਾਕੀ ਦੇ ਤਿੰਨ ਸਿਪਾਹੀ ਖਿੜਕਾ ਭੰਨ ਕੇ ਅੰਦਰ ਵੜੇ ਅਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ।

-੫੩-

ਇੰਨੇ ਚਿਰ ਵਿਚ ਭੁਜੰਗੀ ਨੇ ਦੂਜੀ ਵੇਰ ਬੰਦੂਕ ਭਰ ਲਈ ਸੀ। ਫੁਰਤੀ ਨਾਲ ਅੰਦਰਵਾਰ ਉਹਲੇ ਵਿਚੋਂ ਹੀ ਸਰ ਕੀਤੀ, ਤਾਂ ਇਕ ਹੋਰ ਦੀ ਛਾਤੀ ਵਿਚ ਲੱਗੀਅਰ ਬੰਦੂਕ ਸੁੱਟ ਕੇ ਬਹਾਦਰ ਬੱਚੇ ਨੇ ਆਪਣੀ ਘਿਰੀ ਹੋਈ ਮਾਤਾ ਦੇ ਇਕ ਹੋਰ ਵੈਰੀ ਦੀ ਲੱਤ ਤੇ ਕਟਾਰ ਮਾਰੀ, ਜਿਸ ਦੀ ਸੱਟ ਨਾਲ ਉਹ ਢਹਿ ਪਿਆ। ਇਸ ਪੁਰਖ ਦੀ ਸਿੱਖੀ ਹੋਈ ਤਲਵਾਰ ਦੀ ਪੜਤ ਅਰ ਪੈਰਾਂ ਦੀ ਚੌਂਕੜੀ ਐਸੀ ਬਲ ਵਾਲੀ ਸੀ ਕਿ ਸ਼ੀਲ ਕੌਰ ਦੇ ਬਚਣ ਦੀ ਸੂਰਤ ਨਾ ਸੀ; ਪਰ ਇਹ ਸਿਪਾਹੀ ਜਦ ਡਿੱਗਾ ਹੈ, ਉਹ ਦੂਜੇ ਜੁਆਨ ਦੀ ਤਲਵਾਰ ਸ਼ੀਲ ਕੌਰ ਪੁਰ ਤੁਲਵੇਂ ਹੱਥ ਦੀ ਪਈ; ਤਲਵਾਰ ਅੱਗੇ ਕਰਕੇ ਬੀਰਾ ਨੇ ਵਾਰ ਤਾਂ ਰੋਕਿਆ ਪਰ ਆਪਣੀ ਤਲਵਾਰ ਟੁੱਟ ਗਈ, ਭੱਜ ਕੇ ਅੰਦਰ ਗਈ ਤਾਂ ਬੰਦੂਕ ਚੁੱਕ ਕੇ ਡਾਂਗ ਵਾਂਗ ਹੀ ਉਲਾਰ ਕੇ ਪਈ, ਪਰ ਇਸ ਫੁਰਤੀ ਦੇ ਹੁੰਦਿਆਂ ਬੀ ਸਿਪਾਹੀ ਨੇ ਭੁਜੰਗੀ ਨੂੰ ਘਾਇਲ ਕਰ ਲਿਆ ਸੀ। ਜੇ ਕਦੀ ਦੂਜਾ ਵਾਰ ਪੈਂਦਾ ਤਾਂ ਸ਼ੇਰ ਬੱਚਾ ਗੁਰਪੁਰੀ ਸਿਧਾਰਦਾ, ਪਰ ਨਹੀਂ, ਭੂਏ ਹੋਈ ਹੋਈ ਸਿੰਘਣੀ ਦਾ ਬੰਦੂਕ ਦਾ ਹੁੰਦਾ ਉਸਦੇ ਹੱਥ ਪਰ ਐਸਾ ਪਿਆ ਕਿ ਤਲਵਾਰ ਢਹਿ ਪਈ ਔਰ ਉਹ ਇਸ ਅਚਾਨਕ ਸੱਟ ਦੇ ਸਦਮੇਂ ਤੋਂ ਘਾਬਰਕੇ ਪਿੱਛੇ ਗਿੱਚੀ ਮਰੌੜ ਕੇ ਫੁਰਤੀ ਨਾਲ ਤਲਵਾਰ ਫੜਨ ਦੇ ਯਤਨ ਵਿਚ ਲਪਕਿਆ ਹੀ ਸੀ ਕਿ ਘਾਇਲ ਬਾਲਕ ਨੇ ਸੱਜੇ ਪਾਸਿਓਂ ਕਟਾਰ ਅਰ ਖੱਬੇ ਪਾਸਿਓਂ ਜ਼ਖ਼ਮੀ ਸਿੰਘਣੀ ਨੇ ਬੰਦੂਕ ਦਾ ਇਕ ਭਰਵਾਂ ਵਾਰ ਕੀਤਾ; ਜਿਸ ਨਾਲ ਉਹ ਧੋਂ ਕਰਦਾ ਧਰਤੀ ਪੁਰ ਡਿੱਗਾ। ਲਹੂ ਦੇ ਫੁਹਾਰੇ ਛੁੱਟ ਪਏ। ਹੁਣ ਪੰਜੇ ਵੈਰੀ ਲੈ ਲਏ। ਤਿੰਨ ਤਾਂ ਮਰ ਚੁਕੇ ਸਨ, ਚੋਥਾ, ਜਿਸ ਨੂੰ ਗੋਲੀ ਛਾਤੀ ਵਿਚ ਲੱਗੀ ਸੀ; ਹਟਕੋਰੇ ਲੈ ਲੈ ਜਿੰਦ ਤੋੜ ਰਿਹਾ ਸੀ ਤੇ ਜਿਸ ਦੀ ਟੰਗ ਟੁੱਟੀ ਸੀ, ਉਹ ਜੀਉਂਦਾ ਸੀ, ਤੁਰਨ ਜੋਗਾ ਤਾਂ ਨਹੀਂ ਸੀ, ਪਰ ਦਾਉ ਤਕਾਉਂਦਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਲਵਾਂ? ਛੇਕੜ ਹੀਲਾ ਕੀਤਾ; ਰੋ ਰੋ ਕੇ ਪਾਣੀ ਮੰਗਣ ਲੱਗ ਗਿਆ। ਸਿੱਖਾਂ ਦਾ ਹਿਰਦਾ ਹਰ ਵੇਲੇ ਸੱਚੀ ਦਇਆ ਨੂੰ ਤਿਆਰ ਰਹਿੰਦਾ ਹੈ। ਉਸ ਨੂੰ ਲਾਚਾਰ ਜਾਣ ਕੇ ਸ਼ੀਲ ਕੌਰ ਨੇ ਅੰਦਰੋਂ ਜਲ

-੫੪-

ਲਿਆਂਦਾ, ਜਲ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਦ ਉਸ ਨੇ ਸੱਜਾ ਹੱਥ ਆਪਣੀ ਕਥਾ ਦੇ ਅੰਦਰ ਛੁਰੀ ਪੁਰ ਪੁਚਾਯਾ। ਸ਼ੀਲ ਕੌਰ ਦੀ ਖਿੜਕੇ ਵੱਲ ਪਿੱਠ ਸੀ ਪਰ ਉਸ ਦਾ ਪਤੀ ਹੁਣ ਪਹੁੰਚ ਪਿਆ ਸੀ, ਉਸ ਨੇ ਘਰ ਜੋ ਹੋਣੀ ਵਰਤ ਰਹੀ ਸੀ, ਇਸ ਦੀ ਸੰਧਕ ਸ਼ਹਿਰੋਂ ਹੀ ਸੁਣ ਪਾਈ ਸੀ ਤੇ ਛੇਤੀ ਛੇਤੀ ਘਰ ਆਯਾ ਸੀ ਅਰ ਵਾੜ ਪੁਰ ਮੁਰਦੇ ਪਏ ਦੇਖ ਕੇ ਜਾਣ ਲਿਆ ਸਾਧੂ ਕਿ ਭਾਣਾ ਵਰਤ ਗਿਆ ਹੈ। ਹੁਣ ਸਾਹ ਵੱਟ ਕੇ ਅੰਦਰ ਤਕ ਰਿਹਾ ਸੀ ਕਿ ਉਸ ਨੂੰ ਵਹੁਟੀ ਅਰ ਪੁੱਤ੍ਰ ਦੁਸ਼ਟ ਨੂੰ ਜਲ ਦੇਂਦੇ ਦਿੱਸ ਪਏ, ਅਰ ਵੈਰੀ ਦਾ ਸੱਜਾ ਹੱਥ ਝੱਗੇ ਦੇ ਅੰਦਰ ਦੇਖਕੇ ਸਿੰਘ ਜੀ ਦਾ ਤਜਰਬੇਕਾਰ ਮਨ ਸਾਰੀ ਗੱਲ ਸਮਝ ਗਿਆ। ਇਹ ਕੰਮ ਸਾਰਾ ਅੱਧੇ ਮਿੰਟ ਦਾ ਭੀ ਨਹੀਂ ਸੀ, ਹਰਨ ਦੀ ਫੁਰਤੀ ਵਾਂਗੂੰ ਛਾਲ ਮਾਰਕੇ ਸਿੰਘ ਜੀ ਨੇ ਸਿਪਾਹੀ ਦਾ ਨਿਕਲਦਾ ਹੱਥ ਇਸ ਜ਼ੋਰ ਨਾਲ ਨੱਪਿਆ ਕਿ ਛੁਰੀ ਦੀ ਨੋਕ ਦੇ ਸਿਵਾ ਕੌਰਾਂ ਨੂੰ ਹੋਰ ਰਤਾ ਨਾ ਛੁਹਿਆ। ਉਧਰ ਭੁਜੰਗੀ ਨੇ ਸਿਪਾਹੀ ਦੇ ਹੱਥ ਕਟਾਰ (ਅਰ ਉਸਦੇ ਉਸ ਹੱਥ ਨੂੰ ਪਿਤਾ ਦੇ ਹੱਥ ਵਿਚ ਕੈਦੀ) ਅਰ ਮਾਤਾ ਨੂੰ ਲੋਕ ਲੱਗਣ ਤੇ ਲਹੂ ਵੱਗਣ ਦਾ ਹਾਲ ਵੇਖਕੇ ਆਪਣੀ ਕਟਾਰ ਚਲਾਈ ਔਰ ਉਸਦੇ ਮੋਢੇ ਵਿਚ ਕਾਰੀ ਘਾਉ ਲਾ ਦਿੱਤਾ। ਹੁਣ ਸਿੰਘ ਜੀ ਨੇ ਸਾਰੇ ਮੁਰਦੇ ਚੰਗੀ ਤਰ੍ਹਾਂ ਡਿੱਠੇ ਕਰ ਸਭ ਜਿੰਦ ਹੀਨ ਪਾਏ, ਛੇਕੜਲੇ ਦੀ ਮੌਤ ਅਜੇ ਨਹੀਂ ਸੀ ਆਈ, ਸਿੰਘ ਜੀ ਨੇ ਉਸ ਦੀ ਤਲਾਸ਼ੀ ਲੈ ਕੇ ਉਸਦੀ ਮਲ੍ਹਮ-ਪੱਟੀ ਕੀਤੀ। ਫਿਰ ਜਲ ਪਿਲਾ ਕੇ ਕਿਹਾ ਕਿ ਬਈ ਮਿੱਤ੍ਰਾ! ਸਾਨੂੰ ਸਾਰਾ ਹਾਲ ਸੱਚੋ ਸੱਚ ਸੁਣਾ ਦੇਹ।

ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ, ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:-

"ਇਕ ਸੂੰਹੀਏਂ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ

-੫੫-

ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿਚ ਸਿਖ ਰਹਿੰਦੇ ਹਨ! ਉਸਦੀ ਤਕਰੀਰ (ਗੱਲਬਾਤ) ਐਸੀ ਸੀ ਕਿ ਹਾਕਮ ਸਾਹਿਬ ਨੂੰ ਯਕੀਨ ਆ ਗਿਆ। ਸਾਨੂੰ ਹੁਕਮ ਦਿੱਤੋਸੁ ਕਿ ਜਾਓ ਨਾਲ ਤੇ ਉਨ੍ਹਾਂ ਨੂੰ ਪਕੜ ਲਿਆਓ। ਅਸੀਂ ਪੰਜ ਜਣੇ ਉਸ ਸੂਹੀਏ ਦੋ ਨਾਲ ਆਏ। ਦੁਪਹਿਰ ਤੋਂ ਟੱਕਰਾਂ ਮਾਰ ਮਾਰ ਔਰ ਜੰਗਲ ਦੇ ਕੰਡਿਆਂ ਨਾਲ ਘਿਸਟੀਜ ਕੇ ਐਸੇ ਥੱਕੇ ਕਿ ਅਸਾਂ ਸੂੰਹੀਏ ਨੂੰ ਝੂਠਾ ਜਾਣਕੇ ਉਸਨੂੰ ਮਾਰਨ ਦਾ ਮਨਸੂਬਾ ਕੀਤਾ। ਪਰ ਉਸ ਦੀ ਜੀਭ ਕੁਝ ਐਸੀ ਚਿਕਨੀ ਅਰ ਚੋਪੜੀ ਹੋਈ ਹੈ ਕਿ ਆਦਮੀ ਦੇ ਜੀ ਵਿਚ ਐਵੇਂ ਤਰਸ ਆ ਜਾਂਦਾ ਹੈ। ਸੌ ਕਿੰਨਾ ਚਿਰ ਟੱਕਰਾਂ ਮਾਰ ਮਾਰ ਕੇ ਅਸਾਂ ਇਹ ਥਾਂ ਲੱਭਾ। ਅਸੀਂ ਤਾਂ ਜਾਣਦੇ ਸਾਂ ਕਿ ਮਾਲਕ ਐਸ ਵੇਲੇ ਪਿੰਡ ਗਿਆ ਹੈ, ਇਕ ਤੀਵੀਂ ਤੇ ਮੁੰਡੇ ਦਾ ਫੜ ਲੈਣਾ ਕੋਈ ਭਾਰੀ ਗੱਲ ਨਹੀਂ, ਇਸ ਲਈ ਅਵੇਸਲੇ ਆਏ ਸਾਂ, ਪਰ ਆਪਦੀ ਵਹੁਟੀ ਤੇ ਪੁਤ੍ਰ ਐਸੇ ਕਮਰਕੱਸੇ ਕਰਕੇ ਸਾਨੂੰ ਮਿਲੇ ਕਿ ਲੈਣੇ ਦੇ ਦੇਣੇ ਪੈ ਗਏ।ਮਰਨਾ ਤੇ ਜ਼ਖਮੀ ਹੋਣਾ ਤਾਂ ਖ਼ੈਰ ਸਿਪਾਹੀਆਂ ਲਈ ਕੋਈ ਮਾੜੀ ਗੱਲ ਨਹੀਂ, ਪਰ ਇਕ ਤ੍ਰੀਮਤ ਅਰ ਬਾਲਕ ਦੇ ਹੱਥੋਂ ਪੰਜ ਸਿਪਾਹੀਆਂ ਦਾ ਇਸ ਤਰ੍ਹਾਂ ਘਾਇਲ ਹੋ ਜਾਣਾ ਇਕ ਭਾਰੀ ਕਲੰਕ ਅਰ ਸ਼ਰਮ ਦੀ ਗੱਲ ਹੈ। ਹੁਣ ਜੀ ਵਿਚ ਨਿਸ਼ਚਾ ਗਿਆ ਕਿ ਅਸੀਂ ਚੰਦ ਦਿਨਾਂ ਦੇ ਪ੍ਰਾਹੁਣੇ ਹਾਂ! ਜਿਨ੍ਹਾਂ ਲੋਕਾਂ ਦੇ ਬੱਚੇ ਤੇ ਤ੍ਰੀਮਤਾਂ ਐਸੇ ਹੌਂਸਲੇ ਵਾਲੇ ਹੋਣ ਉਹ ਜ਼ਰੂਰ ਰਾਜ ਲੈ ਲੈਣਗੇ। ਮੈਂ ਤਾਂ ਕਦੇ ਸਿੱਖਾਂ ਨਾਲ ਟਾਕਰਾ ਨਹੀਂ ਕਰਾਂਗਾ, ਅਰ ਜੇ ਬਚ ਰਿਹਾ ਤਾਂ ਤੁਹਾਡੀ ਬਹਾਦਰੀ ਦੀ ਸਦਾ ਦਾਦ ਦਿਆਂਗਾ।

ਸਿੰਘ ਜੀ-ਸ਼ਾਬਾਸ਼ ਆਪ ਦੇ! ਉਹ ਸੂੰਹੀਆਂ ਕਿੱਥੇ ਹੈ?

ਮੁਗਲ-ਉਹ ਤਾਂ ਤੁਹਾਡੇ ਬਹਾਦਰ ਪੁਤ੍ਰਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ! ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਅਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈ ਸਾ ਜੇ?

ਸਿੰਘ ਜੀ-ਸਿੰਘਾਂ ਦੀ ਗੁੜ੍ਹਤੀ ਹੀ ਸ਼ਸਤ੍ਰ ਵਿਦ੍ਯਾ ਹੈ। ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ।

-੫੬-

ਫੇਰ ਸਿੰਘ ਜੀ ਨੇ ਵਹੁਟੀ ਪੁੱਤ੍ਰ, ਦੇ ਘਾਉ ਡਿੱਠੇ ਜੋ ਐਵੇਂ ਚੋਭਾਂ ਮਾਤਰ ਸਨ, ਕੋਈ ਖ਼ਤਰੇ ਵਾਲਾ ਜ਼ਖ਼ਮ ਨਹੀਂ ਸੀ। ਵਾਹ ਵਾਹੁ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ! ਕਦੀ ਮੁਰਦਿਆਂ ਵੱਲ, ਉਨ੍ਹਾਂ ਕਾਇਰਾਂ ਵਲ ਜੋ ਬੇਗੁਨਾਹਾਂ ਤੇ ਚੜ੍ਹ ਆਏ ਤੋਂ ਤ੍ਰੀਮਤਾਂ ਅਤੇ ਬੱਚੇ ਉੱਤੇ ਸ਼ਸਤਰ ਚੁਕ ਖਲੋਤੇ, ਤੱਕਦੇ ਸਨ, ਕਦੀ ਪ੍ਯਾਰੀ ਵਹੁਟੀ ਤੇ ਪੁਤ੍ਰ ਵਲ ਤੱਕਦੇ ਅਰ ਦੋਹਾਂ ਨੂੰ ਗਲ ਨਾਲ ਲਾ ਲਾ ਕੇ ਕਹਿੰਦੇ ਸਨ:-ਸ਼ਾਬਾਸ਼! ਖਾਲਸਈ ਤਲਵਾਰ ਦੇ ਜੌਹਰ ਖ਼ੂਬ ਦਿਖਾਏ; ਅਰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਮ੍ਰਿਤ ਦਾ ਤੇਜ ਖ਼ੂਬ ਰੌਸ਼ਨ ਕੀਤਾ। ਨਿਸ਼ਚਾ ਹੋਵੇ ਤਾਂ ਐਸਾ। ਧੰਨ ਗੁਰੂ ਜੀ ਹਨ ਜੋ ਆਪ ਹੱਥ ਦੇ ਕੇ ਰੱਖਦੇ ਤੇ ਆਪਣੇ ਸੇਵਕ ਨੂੰ ਸੁਰਖਰੂ ਕਰਾਉਂਦੇ ਹਨ!

ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੋ ਖਾਲਸੇ ਵਿਚ ‘ਜੀਉਣ ਬੂਟੀ’ ਕਰਕੇ ਸਦਾਉਂਦੀ ਸੀ, ਅਰਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿੰਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ। ਹੁਣ ਰਾਜਨੀਤਿ ਇਥੋਂ ਹਰਨ ਹੋਣਾ ਹੈ।

ਪੁੱਤਰ-ਪਿਤਾ ਜੀ! ਚੱਲਾਂਗੇ ਕਿੱਧਰ?

ਪਿਤਾ-ਕਾਕਾ ਜੀ! ਕਿਸੇ ਦਲ ਨਾਲ ਚੱਲ ਰਲਾਂਗੇ।

ਪੁੱਤ੍ਰ-ਵਾਹ! ਵਾਹ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ।

ਪਿਤਾ-ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾਂ ਪੈ ਜਾਵੇ।

ਵਹੁਟੀ-ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਬਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ, ਹੁਣ ਜ਼ਰੂਰ ਚੱਲੋ।

ਪਤੀ-ਸਤਿ ਬਚਨ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸ਼ੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ

-੫੭-

ਪਰ ਅੱਜ ਨਿਸ਼ਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁਖ ਝੱਲ ਗੁਜ਼ਰੋਂਗੇ। ਹੁਣ ਕੂਚ ਕਰਦੇ ਹਾਂ,ਦਿਹੁੰ ਆਖਣ ਲੱਗਾ ਹੈ,ਪਰ ਉਮੈਦ ਹੈ ਕਿ ਦੋ ਘੜੀ ਰਾਤ ਗਈ ਤੱਕ ਕ੍ਰੋੜਾ ਸਿੰਘ ਦੇ ਜਥੇ ਵਿਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇਕ ਟੋਲਾ ਐਥੋਂ ਚਾਰ ਕੁ ਕੋਹ ਪੂਰ ਉਤਰਿਆ ਪਿਆ ਹੈ।

ਇਹ ਸਲਾਹ ਗੁੰਦਕੇ ਤੁਰ ਪਏ, ਤੁਰਕ ਜ਼ਖਮੀ ਬੇਸੁੱਧ ਪਿਆ ਸੀ, ਆਪ ਜੰਗਲ ਵਿਚ ਚਾਰ ਚੁਫੇਰੇ ਨਜ਼ਰ ਮਾਰਕੇ ਬੇਖਟਕੇ ਹੋ ਦੱਖਣ ਪੂਰਬ ਰੁਖ਼ ਨੂੰ ਹੋ ਟੁਰੇ। ਸ਼ਸਤ੍ਰ ਅਰ ਕੁਝ ਕੁ ਜ਼ਰੂਰੀ ਲਟਾ-ਪਟਾ ਨਾਲ ਚੁੱਕ ਲਿਆ। ਘੁਸਮੁਸੇ ਵੇਲੇ ਬਨ ਤੋਂ ਪਾਰ ਹੋਏ। ਏਥੇ ਇਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋਹ ਪਰੇ ਹੈ।

ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕੁਰ ਕੱਟਿਆ ਜਾਵੇ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ, ਸਦਮੇਂ ਦੇ ਵਿਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ। ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ। ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ। ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕੁਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ


-੫੮-

ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰ ਕੇ ਫੇਰ ਹੋਸ਼ ਵਿਚ ਆਏ। ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧ ਨਹੀਂ ਲੱਗਣ ਦੇਂਦੀ ਅਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿੱਕੁਰ ਸਿਆਲ ਦਾ ਮੀਂਹ ਖ਼ਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰ ਹੁੰਦਾ ਹੈ!

ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ। ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ, ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ ਅਰ ਇੱਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ। ਇੱਕ ਉਚੇਰੀ ਥਾਂ ਤੇ ਖੜੋ ਤੇ ਚਾਰ ਚੁਫੇਰੇ ਨਜ਼ਰ ਦੁੜਾਈ; ਤਸੱਲੀ ਕਰ ਕੇ ਆਪ ਨੇ ਉਤਾਰਾ ਕਰ ਦਿੱਤਾ।

ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪ੍ਰੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੱਕਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ। ਇਹ ਚਲਾਕ ਸਿਖ ਕਿੱਡੋ ਪੇਚ ਨਾਲ ਜਿੰਦ ਬਚਾਉਂਦਾਂ ਹੈ, ਪਰ ਮੈਂ ਬੀ ਕਿਹਾ ਕ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ। ਹੁਣ ਹੇ ਪੰਡਤ ਜੀ ਮਹਾਰਾਜ! ਰਿਖੀ ਰਾਜ ਜੀ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤਿ ਨਹੀਂ ਹੋਵੇਗੀ, ਧਨ ਦੀ ਮੌਜ ਲੁੱਟਣੀ ਐਸੀ ਕਿਰ ਕਿਰੀ ਹੋ ਜਾਏਗੀ ਜਿਕੁਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ।

-੫੯-

ਹੱਛਾ ਹੁਣ ਪਿਛੇ ਮੁੜੀਏ ਪੱਕੀਆਂ ਨਿਸ਼ਾਨੀਆਂ ਰੱਖ ਲਈਏ, ਮਤਾ ਫ਼ੇਰ ਕੁਪੱਤੇ ਅਹਿਦੀਆਂ ਤੋਂ ਦੁੱਖ ਮਿਲੇ। ਚਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿੱਕੁਰ ਪੁੱਜੀਏ? ਹੌਂਸਲਾ ਕਰ ਹੇ ਮਨ! ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਗੇ ਦੀਆਂ ਲੱਤਾਂ ਪਤਲੀਆਂ, ਕਿਹੇ ਭੱਜਦੇ ਹਨ? ਪਰ ਨਹੀਂ {ਪੱਟਾਂ ਤੇ ਹੱਥ ਮਾਰ ਕੇ) ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ, ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ, ਮੈਂ ਕੋਈ ਸ਼ਿਕਾਰ ਹਾਂ? ਮੈਂ ਤਾਂ ਸ਼ਿਕਾਰੀ ਹਾਂ ਹੱਛਾ ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹਿ ਪਰਮੋਂ ਧਰਮਾ* ਤੇ ਮੈਂ ਬਣ ਗਿਆ ਸ਼ਿਕਾਰੀ। ਪਰ ਕੀ ਡਰ ਹੈ, ਜੋ ਸ਼ਿਕਾਰੀ ਨਾ ਹੁੰਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮ੍ਰਿਗ ਛਾਲਾ ਕਿਥੋਂ ਆਉਂਦੀਆਂ? ਕਸਤੂਰੀ ਕਿਥੋਂ ਬਣਦੀ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ ਮਾੜਾ ਕਰਨ ਲੱਗਾ ਹੈਂ। ਮਨਾਂ! ਤਕੜਾ ਹੋ, ਤੈਨੂੰ ਕਿੰਨੀ ਰਾਜਨੀਤਿ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢ ਹੀ ਮਾਰਦਾ ਹੈਂ। ਹੋ ਮੇਰੇ ਹੰਭਲੇ ਉੱਦਮ ਕਰ ਅਰ ਇਸ ਘਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਤੇ ਸੂਰਬੀਰਤਾ ਦੇ ਉਲਟ ਚਲਦਾ ਹੈ। ਉਠ ਤਕੜਾ ਹੋਹੁ, ਉਠ ਹੌਂਸਲੇ ਉਠ! ਦੇਖ ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛੁਡਾਉਂਦਾ ਹੈ। ਆਹਾ ਆਹਾ, ਵਾਹ ਵਾਹ, ਮਨ ਬੀ ਮੰਨ ਪਿਆ, ਹੁਣ ਮੌਜ ਹੋਈ ਜਿਸ ਘਰ ਏਕਾ ਨਹੀਂ ਉਸ ਦਾ ਸਤਯਾਨਾਸ ਹੋ ਜਾਂਦਾ ਹੈ। ਹੰਭਲੇ ਭਈ ਹੰਭਲੇ, ਚੱਲ ਛੂਟ ਕਰ ਚਲੋਂ, ਮੇਰੀਓ ਟੰਗੋ ਟੁਰੋ। ਮਨਾ! ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਬੀ ਬ੍ਰਹਮਣ ਹੈਂ, ਤਕੜਾ ਹੋ। ਇਹ ਸੋਚ ਕਰਦਿਆਂ ਅੰਤਹਕਰਣ ਤੋਂ ਫੇਰ ਕੁਛ ਸੋਚ ਫੁਰੀ ਕਿ ਮੈਂ ਕੀਹ ਪਿਆ ਕਰਦਾ ਹਾਂ। ਫਿਰ ਉਸ ਆਵਾਜ਼ ਨੂੰ ਠੰਢਿਆਂ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ:- ਮੈਂ ਸਰਵਣ ਪੁੱਤ੍ਰ ਹਾਂ, ਮੇਰਾ ਪਿਤਾਮਾ ਪਰਸ ਰਾਮ ਮੈਨੂੰ ਬਚਾਵੇਗਾ, ਪਿਤ੍ਰੀ

*ਕਿਸੇ ਨੂੰ ਨਾ ਮਾਰਨਾ ਹੀ ਵੱਡਾ ਧਰਮ ਹੈ।

-੬੦-

ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ? ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੋਪ ਹੋ ਜਾਣਗੇ।

ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ, ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ।

੯. ਕਾਂਡ।

ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ ਪੌਣ ਉਸ ਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤ੍ਰਹਕਾ

--੬੧-