ਬਿਜੈ ਸਿੰਘ/੫. ਕਾਂਡ

ਵਿਕੀਸਰੋਤ ਤੋਂ

ਟੁਰਦੇ ਹੋਏ। ਸਰਕਾਰੇ ਇਤਲਾਹ ਕਰ ਦਿੱਤੀ ਕਿ ਲੀਲਾ ਰਾਮ ਦਾ ਘਰ ਸਾਫ਼ ਹੈ ਅਰ ਕੋਈ ਸ਼ੱਕ ਵਾਲੀ ਗੱਲ ਨਹੀਂ, ਮੁਖ਼ਬਰ ਨੇ ਝੂਠੀ ਖ਼ਬਰ ਦਿੱਤੀ ਹੈ। ਹੁਣ ਮੁਖ਼ਬਰ ਨੂੰ ਸਜ਼ਾ ਦੇਣ ਦੀ ਥਾਂ ਸਰਕਾਰੋਂ ਥੋੜਾ ਜਿਹਾ ਇਨਾਮ ਮਿਲਿਆ ਇਸ ਕਰਕੇ ਕਿ ਮਤਾਂ ਅੱਗੋਂ ਨੂੰ ਖਬਰ ਦੇਣੋਂ ਹਟ ਨਾ ਜਾਵੇ।

੫. ਕਾਂਡ।

ਹੁਣ ਉਧਰ ਦਾ ਹਾਲ ਸੁਣੋ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠਾਂ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁੱਲ੍ਹ ਗਿਆ। ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ। ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ਼ ਕਰੀਏ। ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ। ਕਿਸੇ ਨੂੰ ਰਸਤੇ ਦੀ ਕੁਛ ਖਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ਤੁਰ ਪਏ। ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ ਹੋ ਗਿਆ ਅਰ ਸਾਮ੍ਹਣੇ-ਪਾਸੇ ਇਕੁ ਕੱਚੀ ਹਵੇਲੀ* ਦਿੱਸੀ। ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ ‘ਸਿੱਖ ਆ ਪਏ; ਸਿੱਖ ਆ ਪਏ’ ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ; ਪਰ ਹੌਸਲਾਂ ਇਨ੍ਹਾਂ ਪਾਸ ਇਕ ਐਸੀ ਦਾਤ ਹੈ, ਜੋ ਇਸ ਬਹਾਦਰ ਕੌਮ ਨੂੰ ਕਦੀ


*ਇਹ ਚੌਕੀ ਸੀ ਜੋ ਸਿੱਖਾਂ ਦੇ ਮਾਰਨ ਲਈ ਖੋਹਲ ਗਈ ਸੀ ਕੁਛ ਅਸਵਾਰ ਇਥੇ ਉਤਰਆ ਕਰਦੇ ਸੇ। ਐਸੇ ਕਚੇ ਥਾਂ ਤਦੋਂ ਗਸ਼ਤੀ ਫੌਜ ਲਈ ਬਹੁਤੇ ਬਣਾਏ ਗਏ ਹੋਏ ਸਨ।

-੨੮-

ਹਾਰ ਨਹੀਂ ਦਿੰਦਾ, ਝੱਟ ਪੱਟ ਤਲਵਾਰਾਂ ਧੂਹ ਕੇ ਡਟ ਗਏ। ਹੁਣ ਇਕ ਘਮਸਾਨ ਮਚ ਗਿਆ, ਦਾਉ ਬਾਜ਼ੀ ਤੇ ਹੱਥ-ਪਲੱਥਾ ਆਰੰਭ ਹੋ ਗਿਆ। ਕਿਥੇ ਪੰਜਾਹ ਤੇ ਕਿਥੇ ਦੋ ਸੌ, ਪਰ ਤਦ ਵੀ ਟਾਕਰਾ ਕਰਨੋਂ ਕਦੀ ਨਾ ਮੁੜਨ ਵਾਲੇ ਸਿੱਖਾਂ ਨੇ ਕਰਾਰੇ ਹੱਥ ਦਿਖਾਏ। ਅਨੇਕ ਸਿਪਾਹੀ ਤਲਵਾਰ ਦੇ ਘਾਟ ਉਤਾਰੇ। ਛੇਕੜ ਸਿਪਾਹੀ ਕੁਛ ਠਿਠੰਬਰ ਕੇ ਇਕ ਪਾਸੇ ਵੱਲ ਟਲੇ। ਸਿੱਖ ਲੜਦੇਂ ਘੁਲਦੇ ਆਪਣੇ ਰਾਹ ਵੱਲ ਬੀ ਵਧ ਰਹੇ ਸਨ, ਸੋ ਇਨ੍ਹਾਂ ਨੇ ਹੋਰ ਕਦਮ ਅਗੋਰੇ ਕੀਤੇ, ਇਧਰ ਸਿਪਾਹੀਆ ਨੇ ਪਿਛਲੇ ਪਾਸੇ ਰੁਖ਼ ਕੀਤਾ। ਐਉਂ ਦੋਵੇਂ ਧਿਰਾਂ ਪਿੱਛਾ ਛੁਡਾਉਂਦੀਆਂ ਨੇ, ਦੂਜੀ ਧਿਰ ਭੱਜੀ ਸਮਝ ਕੇ ਮੈਦਾਨ ਖਾਲੀ ਛੱਡ ਕੇ ਨੱਸਣ ਦੀ ਕੀਤੀ, ਪਰ ਸਾਡੇ ਬਿਜੈ ਸਿੰਘ ਹੁਰੀਂ ਨਾਲ ਨਾ ਦੌੜ ਸਕੇ, ਕਿਉਂਕਿ ਉਨ੍ਹਾਂ ਦੀ ਸਿੰਘਣੀ ਨੂੰ ਪੇਟ ਵਿਚ ਸੱਟ ਲੱਗਣ ਕਰ ਕੇ ਗਸ਼ ਆ ਗਈ ਸੀ, ਅਰ ਸਿੰਘ ਜੀ ਇਕਲਵੰਜੇ ਲਿਜਾ ਉਸ ਦੀ ਸੇਵਾ ਕਰ ਰਹੇ ਸਨ। ਰਾਜ ਭਾਗ ਵਿਚ ਪਲੀ ਸੁਹਲਤਾ ਤੇ ਕੋਮਲਤਾ ਦੀ ਪੁਤਲੀ ਸ਼ੀਲ ਕੌਰ ਲਈ ਇਹ ਦਿਨ ਸਾਰੀ ਅਵਸਥਾ ਵਿਚ ਪਹਿਲਾ ਦੁੱਖਾਂ ਦਾ ਦਿਨ ਸੀ ਅਰ ਅਡੋਲ ਸਮੁੰਦਰ ਵਿਚ ਭਰੇ ਤੂਫ਼ਾਨ ਦੇ ਅਚਾਨਕ ਆ ਜਾਣ ਵਾਂਗ ਬਿਪਤਾ ਦਾ ਦਿਹਾੜਾ ਸੀ। ਪਹਿਲੇ ਸਫ਼ਰ ਦਾ ਥਕੇਵਾਂ, ਫੇਰ ਘਰਦਿਆਂ ਦਾ ਦਿਲ ਹਿਲਾ ਦੇਣ ਵਾਲਾ ਸਲੂਕ ਤੇ ਘਰੋਂ ਨਿਕਾਲਾ, ਫੇਰ ਰਾਤ ਦੀ ਬਿਪਤਾ ਅਰ ਹੁਣ ਵੈਰੀਆਂ ਦੇ ਢਹੇ ਚੜ੍ਹ ਕੇ ਮਸਾਂ ਜਿਹੇ ਬਚਣਾ; ਕੋਈ ਮਾਮੂਲੀ ਗੱਲਾਂ ਨਹੀਂ ਸਨ। ਇਕ ਸੁਹਲ ਇਸਤ੍ਰੀ ਲਈ ਇਸ ਤੋਂ ਵੱਧ ਹੋਰ ਕੀ ਬਿਪਤਾ ਹੋ ਸਕਦੀ ਹੈ? ਪਰ ਧਰਮ ਦੀ ਟੇਕ ਸੀ ਇਨ੍ਹਾਂ ਦੇ ਦਿਲ ਨੂੰ ਤਾਕਤ ਦੇਂਦੀ ਸੀ। ਹੁਣ ਪਤੀ ਜੀ ਦੇ ਯਤਨਾਂ ਨਾਲ ਬੀਬੀ ਨੂੰ ਹੋਸ਼ ਆ ਗਈ। ਜ਼ਖ਼ਮ ਤਾਂ ਐਵੇਂ ਮਾਮੂਲੀ ਸੀ, ਪਰ ਇਕ ਬੰਦੂਕ ਦੀ ਹੁੱਝ ਨਾਲ ਧਬੱਕ ਖਾ ਕੇ ਵਿਚਾਰੀ ਬਉਰਾਨੀ ਹੋ ਕੇ ਢੱਠੀ ਹੋਈ ਸੀ। ਹੋਸ਼ ਸੰਭਾਲੀ ਤਦ ਦੰਪਤੀ* ਨੇ ਕੀ ਡਿੱਠਾ ਕਿ ਮੈਦਾਨ ਖਾਲੀ ਪਿਆ ਹੈ, ਕਈ ਸਿੰਘ ਤੇ ਤੁਰਕ

*ਵਹੁੱਟੀ ਗੱਭਰੂ।

-੨੯-

ਮਾਰੇ ਗਏ ਹਨ। ਇਸ ਵਿਹਲ ਨੂੰ ਵੇਖ ਕੇ ਅਕਲ ਦੇ ਪੁਤਲੇ ਬਿਜੈ ਸਿੰਘ ਨੇ ਇਕ ਦੋ ਤਲਵਾਰਾਂ ਤੇ ਇਕ ਦੋ ਖੰਜਰ ਔਰ ਇਕ ਬੰਦੁਕ ਤੇ ਕੁਝ ਥੋੜਾ ਗੋਲੀ ਸਿੱਕਾ ਉਥੋਂ ਲੈ ਲਿਆ ਅਰ ਉੱਤਰ ਪਿੱਛੋਂ ਦੀ ਦਿਸ਼ਾ ਨੂੰ ਝਬਦੇ ਤੁਰ ਪਿਆ। ਭਾਵੇਂ ਵਹੁਟੀ ਅੱਛੀ ਤਰ੍ਹਾਂ ਤੁਰ ਨਹੀਂ ਸਕਦੀ ਸੀ, ਪਰ ਜ਼ਿੰਦ ਰੱਖਣ ਦੀ ਇੱਛਾ ਉਨਾਂ ਦੇ ਥੱਕੇ ਸਰੀਰਾਂ ਵਿਚ ਮੁਮਿਆਈ ਦਾ ਕੰਮ ਕਰ ਰਹੀ ਸੀ। ਤੜਕਸਾਰ ਦੇ ਵੇਲੇ ਤੱਕ ਕੋਈ ਸੱਤ ਕੋਹ ਪੈਂਡਾ ਲੰਘ ਗਏ। ਪਿੰਡ ਰਾਹ ਵਿਚ ਦਿੱਸੇ ਸਭ ਤੋਂ ਲਾਂਭੇ ਰਹਿ ਰਹਿ ਕੇ ਨਿਕਲ ਜਾਂਦੇ ਰਹੇ। ਹੁਣ ਸੂਰਜ ਚੜ੍ਹ ਪਿਆ ਤੇ ਇਕ ਘਣਾਂ ਜੰਗਲ ਆ ਗਿਆ, ਉਸ ਨੂੰ ਕਿਲ੍ਹਾ ਸਮਝ ਕੇ ਬਨ ਵਿਚ ਆ ਵੜੇ ਅਰ ਇਕ ਘਣੇ ਛਾਏ ਵਾਲੀ ਥਾਂ ਪੁਰ ਜਾ ਕੇ ਹਰੇ ਹਰੇ ਘਾਹਾ ਪੁਰ ਲੇਟ ਗਏ। ਲੇਟੇ ਐਸੇ ਕਿ ਸੱਤੇ ਸੁਧਾਂ ਭੁੱਲ ਗਈਆਂ, ਜਿਵੇਂ ਕੋਈ ਸੌਦਾਗਰ ਘੋੜੇ ਵੇਚ ਕੇ ਜਾਂ ਕੋਈ ਪਿਓ ਧੀ ਦਾ ਡੋਲਾ ਤੋਰ ਕੇ ਸੌਂਦਾਂ ਹੈ। ਥਕਾਨ ਭਾਵੇਂ ਅੱਚਵੀ ਤੱਕ ਪਹੁੰਚ ਗਿਆ ਸੀ ਅਰ ਇਹ ਉਮੈਦ ਨਹੀਂ ਸੀ ਕਿ ਨੀਂਦ ਇਨ੍ਹਾਂ ਦੀਆਂ ਹੁੱਟੀਆਂ ਹੋਈਆਂ ਅੱਖਾਂ ਵਿਚ ਬਿਸਰਾਮ ਕਰੇਗੀ ਪਰ ਸ਼ਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਨ੍ਹਾਂ ਦੇ ਵੱਸ ਵਿਚ ਸੀ, ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿਚ ਲੈ ਗਏ ਅਤੇ ਘਾਹ ਪੁਰ ਸੌਂ ਗਏ, ਜਿਵੇਂ ਇੰਦਰ ਤਖ਼ਤ ਤੇ ਸੌਂ ਜਾਵੇ। ਇਸ ਵੇਲੇ ਠੰਢਕ ਇਨ੍ਹਾਂ ਨੂੰ ਮੁੱਠੀਆਂ ਭਰਨ ਲੱਗ ਗਈ ਅਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ।

ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ! ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ। ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ

-੩੦-

ਨਿਕਲੇ ਹਾਂ। ਸੂਰਜ ਦਾ ਡੁਬਾਉ, ਨਦੀ ਦਾ ਚੜ੍ਹਾਉ, ਰਾਤ ਦਾ ਉਤਰਾਉ ਇਕ ਐਸਾ ਭੈ-ਭੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿਚ ਮਨ ਸਹਿਮਦਾ, ਦੇਹਿ ਸੰਕੁਚਦੀ ਤੇ ਨਿਰਾਸਤਾ ਵਧਦੀ ਚਲੀ ਗਈ। ਪਾਰ ਹੋ ਸਕਣ ਦੀ ਆਸ ਆਸ਼ਾ ਤੋਂ ਹੱਥ ਧੋ ਬੈਠੀ ਸੀ ਜਿਵੇਂ ਗ੍ਯਾਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ। ਪਰ ਥੋੜਾ ਚਿਰ ਹੋਰ ਉੱਤਰ ਰੁਖ਼ ਕਦਮ ਮਾਰਨ ਤੇ ਹੋ ਚੁੱਕੀ ਨਿਰਾਸਾ ਫੇਰ ਆਸਾ ਵਿਚ ਪਲਟ ਖਲੋਤੀ ਕਿ ਇਕ ਪਤਣ ਨਜ਼ਰੀਂ ਆ ਗਿਆ ਤੇ ਇਕ ਬੇੜੀ ਦਿੱਸ ਪਈ, ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਊਣਿਆਂ ਹੀ ਠੇਲ੍ਹਣ ਲੱਗੇ ਸੀ। ਬਿਜੈ ਸਿੰਘ ਦੀ ਅਵਾਜ਼ ਸੁਣ ਕੇ ਮਲਾਹਾਂ ਨੇ ਉਡੀਕ ਕੀਤੀ ਅਰ ਤਿੰਨਾਂ ਨੂੰ ਚੜ੍ਹਾ ਕੇ ਪਾਰ ਲੈ ਗਏ ਪੈਸੇ ਦੇਣ ਵਾਸਤੇ ਤਾਂ ਉਨ੍ਹਾਂ ਦੇ ਪਾਸ ਕੋਈ ਦਮੜਾ ਸੀ ਹੀ ਨਹੀਂ, ਮਲਾਹਾਂ ਨੂੰ ਇਕਲਵੰਜੇ ਲਿਜਾਕੇ ਇਕ ਮੋਹਰ ਦੇ ਦਿਤੀ ਜੋ ਸ਼ੀਲ ਕੌਰ ਦੇ ਪਾਸ ਕੁਝ ਕੁ ਵਾਂਸਲੀ ਵਿਚ ਪਈਆਂ ਲੱਕ ਨਾਲ ਬੱਧੀਆਂ ਸਨ। ਜਾਂ ਕੁਝ ਕਦਮ ਤੁਰੇ ਤਦ ਕੀ ਦੇਖਦੇ ਹਨ ਕਿ ਪੱਤਣ ਜਗਾਤੀਆਂ ਨੇ ਆ ਘੇਰਿਆ ਅਰ ਪਲੋਪਲੀ ਵਿਚ ਦਸ ਪੰਜ ਸਿਪਾਹੀ ਬੀ ਗਿਰਦੇ ਆ ਗਏ: "ਮਰਦੂਦ ਸਿੱਖ ਮਰਦੂਦ ਸਿੱਖ" ਆਖਦੇ ਮੂੰਹ ਬਣਾਉਂਦੇ ਉਨ੍ਹਾਂ ਨੂੰ ਫੜ ਕੇ ਲੈ ਗਏ, ਅਰ ਤਲਾਸ਼ੀ ਲੈ ਕੇ ਮੋਹਰਾਂ ਗਹਿਣੇ, ਜੋ ਉਨ੍ਹਾਂ ਪਾਸ ਸੀ, ਖੋਹ ਲਿਆ। ਕੋਈ ਦੋ ਕੁ ਸੋਨੇ ਦੀਆਂ ਛਾਪਾਂ ਉਨ੍ਹਾਂ ਦੀਆਂ ਚੋਰ ਨਜ਼ਰਾਂ ਤੋਂ ਬਚ ਗਈਆਂ; ਯਾ ਕ੍ਰਿਪਾਨਾਂ ਕਿਸੇ ਨੇ ਨਾ ਖੋਹੀਆਂ। ਪਰੇ ਲਿਜਾ ਕੇ ਇਕ ਕੋਠੇ ਵਿਚ ਦੇ ਕੇ ਕੁੰਡਾ ਮਾਰ ਦਿੱਤਾ। ਉਸ ਡਰਾਉਣੀ ਕੁਟੀਆ ਵਿਚ ਕਾਲੀ ਬੋਲੀ ਰਾਤ ਆਪਣੇ ਭਯੰਕਰ ਅਸਰ ਨੂੰ ਲੈ ਕੇ ਆ ਪਹੁੰਚੀ। ਸਾਰੇ ਸੰਸਾਰ ਵਿਚ ਚੁਪ-ਚਾਂ ਵਰਤ ਗਈ, ਪਾਪਾਂ ਦੇ ਕਰਨੇ ਵਾਲੀ ਅਰ ਅਪਰਾਧਾਂ ਦੇ ਫੈਲਾਣੇ ਵਾਲੀ ਸ੍ਰਿਸ਼ਟੀ ਅਨੰਦ ਦੀ ਨੀਂਦ ਸੁਤੀ ਘੁਰਾੜੇ ਮਾਰ ਰਹੀ ਹੈ ਜ਼ਾਲਮਾਂ ਤੇ ਜਰਵਾਣਿਆਂ ਦੇ ਘਰੀਂ ਸੰਸਾਰ ਦੀ ਸਾਰੀ ਖ਼ੁਸ਼ੀ ਕੱਠੀ ਹੋ ਰਹੀ ਹੈ; ਪਰ ਹਾਇ! ਧਰਮ ਦੇ, ਸੱਚ ਦੇ ਪੁਤਲੇ! ਦੁਖੀਆਂ ਦੀਨਾਂ ਦੇ ਰੱਖ੍ਯਕ ਕਿਸ ਤਰ੍ਹਾਂ ਮੁਸੀਬਤਾਂ ਵਿਚ ਰਾਤਾਂ ਕੱਟ ਰਹੇ ਹਨ! ਮੁਸੀਬਤ ਦੀ

-੩੧-

ਰਾਤ ਕਿਸ ਤਰ੍ਹਾਂ ਬੀਤੇ? ਦੁਖੀ ਲੋਕ ਤਾਰੇ ਗਿਣਦਿਆਂ ਹੀ ਕੱਟ ਲੈਂਦੇ ਹਨ, ਪਰ ਹੇ ਗੁਰੂ ਗੋਬਿੰਦ ਸਿੰਘ ਜੀ! ਤੇਰੇ ਸ਼ੇਰਾਂ ਤੇ ਵਿਪਤਾਂ ਵੀ ਐਸੀਆਂ ਕਾਲੀਆਂ ਕੁਟੀਆਂ ਵਿਚ ਆਉਂਦੀਆਂ ਹਨ ਕਿ ਜਿਥੇ ਤਾਰੇ ਗਿਣ ਸਕਣ ਦਾ ਸਮਾਂ ਕੱਟਣੇ ਵਾਲਾ ਪਰਚਾਵਾ ਵੀ ਨਸੀਬ ਨਹੀਂ ਹੁੰਦਾ। ਪਰ ਨਹੀਂ ਤੇਰੀ ਸਦਾ ਜਗਾਣੇ ਵਾਲੀ ਬਾਣੀ ਭਗਤਾਂ ਦਾ ਆਸਰਾ ਹੈ ਅਰ ਸਹਾਰਾ ਦੇਣ ਲਈ ਸੱਚੀ ਮਦਦਗਾਰ ਤੇ ਜ਼ਖ਼ਮੀ ਦਿਲਾਂ ਦੀ ਮਲ੍ਹਮ ਹੈ। ਭਾਵੇਂ ਬਿਜੈ ਸਿੰਘ ਜੀ ਕੈਦ ਹੋ ਗਏ ਹਨ। ਪਰ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਖਬਰ ਨਹੀਂ ਬਾਣੀ ਦੇ ਪਾਠ ਨੇ ਕੀ ਅਸਰ ਕੀਤਾ ਕਿ ਉਸ ਕਮਰੇ ਵਿਚ ਗੁਰੂ ਗੁਰੂ ਦੀ ਦਰਦਨਾਕ ਅਵਾਜ਼ ਹਾਹੁਕਿਆਂ ਨਾਲ ਭਰੀ ਹੋਈ ਆਉਣ ਲੱਗ ਪਈ। ਦੰਪਤੀ ਨੇ ਤ੍ਰਬ੍ਹਕ ਕੇ ਅੱਖਾਂ ਖੋਹਲੀਆਂ ਪਰ ਹਨੇਰੇ ਵਿਚ ਕੀ ਦਿੱਸੇ? ਇੰਨੇ ਨੂੰ ਪਿੱਠ ਫੇਰਕੇ ਵੇਖਣ ਤੇ ਮਲੂਮ ਹੋਇਆ ਕਿ ਬੂਹਾ ਖੁੱਲ੍ਹਾ ਹੈ ਅਰ ਦੀਵਾ ਆ ਰਿਹਾ ਹੈ। ਦੀਵੇ ਵਾਲਾ ਕੌਣ ਹੈ? ਸਾਡਾ ਭੁਜੰਗੀ ਵਰਿਆਮ ਸਿੰਘ ਹੈ। ਜਦ ਦੰਪਤੀ ਪਾਠ ਵਿਚ ਮਗਨ ਸਨ: ਤਦ ਇਹ ਮਹਾਤਮਾ ਆਪਣੀਆਂ ਪਤਲੀਆਂ ਵੀਣੀਆਂ ਬੂਹਿਆਂ ਦੀ ਵਿੱਥ ਵਿਚ ਦੇ ਕੇ ਕੁੰਡਾ ਖੋਲ੍ਹਣ ਦਾ ਜਤਨ ਕਰ ਰਿਹਾ ਸੀ। ਭਾਵੇਂ ਬਾਂਹ ਛਿਲੀ ਗਈ ਸੀ ਪਰ ਓਸ ਨੇ ਕੁੰਡਾ ਖੋਲ੍ਹ ਬੂਹਾ ਚੁਪੱਟ ਕਰ ਲਿਆ ਸੀ। ਦੰਪਤੀ ਨੂੰ ਇਸ ਕਾਰ ਦੀ ਕੁਝ ਖਬਰ ਨਾ ਸੀ ਅਰ ਨਾ ਗੁਰੂ ਦਾ ਸ਼ਬਦ ਇਨ੍ਹਾਂ ਨੇ ਪਹਿਲੇ ਸੁਣਿਆ ਸੀ: ਭੁਜੰਗੀ ਇਹ ਅਵਾਜ਼ ਸੁਣ ਕੇ ਅਰ ਬੂਹੇ ਦੇ ਬਾਹਰਲੇ ਪਹਿਰੇਦਾਰਾਂ ਨੂੰ, ਜੋ ਸ਼ਰਾਬ ਵਿਚ ਬੋਹੋਸ਼ ਸੁਤੇ ਪਏ ਸਨ, ਬੇਖ਼ਬਰ ਪਾ ਕੇ ਉਨ੍ਹਾਂ ਦੇ ਪਿੱਤਲ ਦੇ ਸ਼ਮ੍ਹਾਦਾਨ ਪਾਸ ਜਾ ਪੁੱਜਾ ਸੀ ਤੇ ਉਸ ਤੋਂ ਜਗਦੇ ਦੀਵੇ ਨੂੰ ਚੁੱਕ ਲਿਆਇਆ ਸੀ। ਇਹ ਸਿੰਘਾਂ ਵਾਲੀ ਦਲੇਰੀ ਦਾ ਲੱਛਣ ਦੇਖ ਕੇ ਪਿਤਾ ਨੇ ਮੱਥਾ ਚੁੰਮਿਆ ਅਰ ਦੀਵੇ ਨਾਲ ਕੀ ਡਿੱਠਾ ਕਿ ਕੋਲਵਾਰ ਇਕ ਬਾਲਕ ਮੋਇਆ ਪਿਆ ਹੈ ਅਰ ਪਾਸ ਇਕ ਜ਼ਖ਼ਮੀਂ ਤੀਵੀਂ ਦਮ ਤੋੜ ਰਹੀ ਹੈ, ਪਰ ਅੱਧਾ ਕੋਠਾ ਲਹੂ ਲੁਹਾਨ ਹੋ ਰਿਹਾ ਹੈ। ਉਹ ਸਹਿਕਦੀ ਲੋਥ ਕਿਸੇ ਵੇਲੇ ਤਾਂ ਬੁਝਦੇ ਦੀਵੇ ਵਾਂਙੂ ਟਹਿਕ ਜਾਂਦੀ ਅਤੇ ‘ਧੰਨ ਗੁਰੂ ਧੰਨ

-੩੨-

ਗੁਰੂ ਕਹਿ ਉੱਠਦੀ, ਪਰ ਫੇਰ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਕਿ ਮਾਨੋਂ ਮਰ ਗਈ ਹੈ। ਭੁਜੰਗੀ ਨੇ ਹੁਣ ਇਕ ਕਟੋਰੇ ਵਿਚ ਪਾਣੀ ਲਿਆ ਕੇ ਪਿਤਾ ਦੇ ਹੱਥ ਦਿੱਤਾ। ਉਨ੍ਹਾਂ ਨੇ ਜਪੁ ਸਾਹਿਬ ਦਾ ਪਹਿਲਾ ਪੌੜਾ ਪੜ੍ਹ ਕਰਦ ਭੇਟ ਕਰ ਸਤਿਨਾਮ ਕਹਿਕੇ ਉਸ ਕੂਚ ਕਰਨ ਵਾਲੀ ਸਹਿਕਦੀ ਲੌਥ ਦੇ ਮੂੰਹ ਵਿਚ ਪਾਇਆ। ਜਿਉਂ ਜਿਉਂ ਪਾਣੀ ਹੇਠ ਉਤਰਿਆ ਹੋਸ਼ ਨੇ ਮੋੜਾ ਖਾਧਾ ਅਰ ਇਕ ਵੇਰੀ ਅੱਖਾਂ ਨੂੰ ਖੋਲ੍ਹ ਕੇ ਐਸੀ ਸ਼ੁਕਰ-ਗੁਜ਼ਾਰੀ ਨਾਲ ਸਿੰਘ ਜੀ ਵੱਲ ਦੇਖਿਆ ਕਿ ਮਾਨੋਂ ਜੀਭ ਨਾਲ ਵਖਿਆਨ ਦਿੱਤਾ ਹੈ। ਦੂਜੀ ਵਾਰੀ ਖ਼ਬਰ ਨਹੀਂ ਕੀ ਹੋਇਆ ਸਿੰਘਾਂ ਵਾਲਾ ਹੌਸਲਾ ਆ ਕੇ ਉਸ ਮਰਦੀ ਸਿੰਘਣੀ ਨੂੰ ਮਾਨੋਂ ਜੀਉਂਦਿਆਂ ਕਰ ਗਿਆ ਅਰ ਡਾਢੀ ਨਿੰਮੀ ਪਰ ਹੋਸ਼ ਵਾਲੀ ਆਵਾਜ਼ ਵਿਚ ਬੋਲੀ:- ‘ਧੰਨ ਗੁਰੂ ਗੋਬਿੰਦ ਸਿੰਘ ਜੋ ਅੰਤ ਵੇਲੇ ਆਪਣੇ ਪਿਆਰੇ ਮੇਰੇ ਵਰਗੇ ਭੁੱਲੇ ਹੋਇਆਂ ਦਾ ਅੰਤ ਸਵਾਰਨ ਲਈ ਘੱਲਦਾ ਹੈ।' ਸ਼ੀਲਾ ਜੋ ਕਲੇਜਾ ਮੁੱਠ ਵਿਚ ਲਈ ਇਸ ਦਰਦਨਾਕ ਸਮੇਂ ਨੂੰ ਦੇਖ ਰਹੀ ਸੀ, ਪੁੱਛਣ ਲੱਗੀ: ਮਾਤਾ! ਇਹ ਕੀ ਹੋਇਆ?'

ਇਸਤ੍ਰੀ-ਬੱਚੀ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ, ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ ਸਨ, ਇਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਨਦੀ ਵਿਚ ਸਿੱਟ ਦਿੱਤਾ, ਮੈਂ ਬੀ ਦੋ ਇਕ ਤੁਰਕ ਮਾਰੇ ਸਨ, ਮੇਰੇ ਪੁਤ੍ਰ ਨੇ ਵੀ ਇਕ ਨੂੰ ਕਾਰੀ ਵਾਰ ਲਾਇਆ ਸੀ। ਇਨ੍ਹਾਂ ਨਿਰਦਈਆਂ ਨੇ ਮੇਰਾ ਗਹਿਣਾ ਲਾਹ ਪੁਤ੍ਰ ਮਾਰ ਸੁੱਟਿਆ ਤੇ ਮੈਨੂੰ ਘਾਉ ਖਾਧੀ ਨੂੰ ਇਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਦ ਤੋੜ ਰਹੀ ਹਾਂ, ਨਾ ਮਰਦੀ ਹਾਂ, ਨਾ ਜੀਉਂਦੀ ਹਾਂ-ਕਦੇ ਬੇਹੋਸ਼ ਹੋ ਜਾਂਦੀ ਹਾਂ ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ! ਗੁਰੂ ਅੰਗ ਸੰਗ ਹੈ ਵਾਹਿਗੁਰੂ ਬੜਾ ਦਿਆਲ ਹੈ। ਮੈਂ ਤ੍ਰਿਖਾ ਨਾਲ ਭੱਜ ਗਈ ਸਾਂ, ਉਸ ਨੇ ਤੁਹਾਨੂੰ ਘੱਲਿਆ। ਬੱਚਿਓ! ਮੈਂ ਚਲੀ, ਔਹ ਸੱਦਾ ਆਇਆ, ਔਹ ਕੂਚ ਦੀ ਤੁਰੀ ਵੱਜੀ, ਔਹ ਪ੍ਰਕਾਸ਼, ਸੱਚਾ ਪ੍ਰਕਾਸ਼ ਦਿੱਸਦਾ ਹੈ। ਬੱਚਿਓ! ਮਰ ਜਾਈਓ; ਪਰ ਧਰਮ ਨਾ ਹਾਰਿਓ, ਨਾ ਹਾਰਿਓ, ਧੰਨ ਗੁਰੂ! ਧੰਨ ਗੁਰੂ!!

-੩੩-

ਇਉਂ ਕਹਿੰਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ। ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸੁਆਰਨ ਦਾ ਖ਼ਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੋਥ ਪਈ ਰੁਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ; ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ। ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ। ਘਾਬਰ ਕੇ ਉਠੇ। ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅੱਜ ਦੀ ਲੁੱਟ ਕੁਝ ਥੋੜ੍ਹੀ ਨਹੀਂ ਸੀ, ਜੋ ਆਪਣੇ ਖੀਸੇ ਭਰਕੇ ਫੇਰ ਐਤਨੀ ਸੀ ਕਿ ਆਪਣੇ ਜਮਾਂਦਾਰ ਨੂੰ ਵੱਢੀ ਦੇ ਕੇ ਖ਼ੁਸ਼ ਕਰ ਲਵੇ। ਇੰਨੇ ਨੂੰ ਲਾਗੇ ਦੀ ਗੜ੍ਹੀ ਦੇ ਕੁਝ ਸਿਪਾਹੀ ਆ ਗਏ ਅਰ ਸਾਰੇ ਜਣੇ ਸਿਖ ਦੀ ਕਾਰ ਨੂੰ ਦੇਖ ਦੇਖ ਅਚੰਭਾ ਹੁੰਦੇ ਸਨ ਤੇ ਕਹਿੰਦੇ ਸਨ ਵਾਹ ਸਿਖੋਂ ਵਾਹ! ਤੁਹਾਡੀ ਮਰਦਾਨਗੀ ਨੂੰ ਸ਼ਾਬਾਸ਼ ਹੈ।

ਕਾਂਡ ੬।

ਜਦ ਬਿਜੈ ਸਿੰਘ ਘਰੋਂ ਨਿਕਲਿਆ ਸੀ, ਤਦ ਉਸਦੀ ਮਾਂ ਛੁਰੀ

-੩੪-