ਬਿਜੈ ਸਿੰਘ/ਅੰਤਮ ਬਿਨਯ

ਵਿਕੀਸਰੋਤ ਤੋਂ

ਅੰਤਮ ਬਿਨਯ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ, ਜੋ ੧੭੬੫ ਵਿਚ ਹੋਇਆ, ਲਗਪਗ ੪੦ ਵਰ੍ਹੇ ਤਾਂ ਬਹੁਤ ਤੇ ਫੇਰ ਥੋੜੇ ਖੇਦ ਖਾਲਸੇ ਨੇ ਝੱਲੇ। ਜੋ ਕੁਰਬਾਨੀਆਂ ਕੀਤੀਆਂ, ਜੋ ਘਾਲਾਂ ਘਾਲਕੇ ਆਪਣੇ ਪੰਥ ਤੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਨ ਵਿਚ ਖਰਚ ਕੀਤੀਆਂ, ਓਨ੍ਹਾਂ ਜੋਹੀ ਸ਼ਾਨ ਵਾਲੀ ਆਪਾ ਘਾਲਣ ਦੀ ਮਿਸਾਲ ਤੇ ਉਪਕਾਰ ਦੀ ਖਾਤਰ ਸਦਕੇ ਹੋਣ ਦੀ ਨਜ਼ੀਰ ਜਗਤ ਇਤਿਹਾਸ ਵਿੱਚ ਮਿਲਣੀ ਮੁਸ਼ਕਲ ਹੈ। ਜੇ ਕਦੇ ਉਸ ਸਦੀ ਕੁ ਦੇ ਹਾਲਾਤ ਸਿਖ ਮਰਦ ਤ੍ਰੀਮਤਾਂ ਬੱਚੇ ਪੜ੍ਹ ਲੈਣ ਤਾਂ ਆਪਣੇ ਜੀਵਨ ਉੱਚੇ ਕਰਨ ਦੇ ਨਾਲ ਆਪਣੇ ਬਜ਼ੁਰਗ ਪਿੱਛੇ ਦੇ ਫ਼ਖ਼ਰ’ ਵਿਚ ਐਂਤਨੇ ਉੱਚੇ ਉਠਣ ਕਿ ਕੌਮੀ ਪਿਆਰ ਤੇ ਕੌਮ ਲਈ ਸਦਕੇ ਹੋਣ ਤੇ 'ਸਿੱਖੀ ਸਿਦਕ ਵਿਚ ਵੱਡਿਆਂ ਵਰਗੇ ਹੋ ਜਾਣ। ਉਹ ਹਾਲਾਤ ਦੇਖਣਹਾਰਾ ਦੇ ਸੀਨਿਆਂ ਵਿਚ ਗੁੰਮ ਹੋ ਗਏ। ਕੁਛ ਫ਼ਾਰਸੀ ਲਿਖਤੀ ਇਤਿਹਾਸਾਂ ਵਿਚ ਲਿਖੇ ਪੌਏ, ਕੁਛ ਥਹੁ ਵਾਲੇ ਤੇ ਕੁਛ ਬੇਥਵੇ ਟਿਕਾਣਿਆਂ ਤੇ ਪਏ ਹਨ। 'ਪੰਥ ਨੇ ਇਧਰ ਧਿਆਨ ਨਹੀਂ ਦਿੱਤਾ, ਇਹ ਗ਼ਫ਼ਲਤ ਇਕ ਖ਼ੁਦਕਸ਼ੀ ਹੈ। ਉੱਪਰ ਲਿਖੇ ਸਮਾਚਾਰ ਕੇਵਲ ਮੀਰ ਮੰਨੂੰ ਦੇ ਸਮੇਂ ਦੇ ਅਯਾਚਾਰ ਤੋਂ ਸਿਖਾਂ ਦੀਆਂ ਅਨੇਕ ਘਾਲਾਂ ਤੇ ਕਰਨੀਆਂ ਵਿਚੋਂ ਇਕ ਵੰਨਗੀ-ਮਾਤਰ ਦੱਸੇ ਹਨ। ਜੇ ਕੌਮ ਖੋਜ ਵਿਚ ਲੱਗਕੇ ਬਾਬਾ ਬੰਦਾ ਜੀ, ਅਬਦੁਸਮੱਦ ਖਾਨ, ਖਾਨ ਬਹਾਦਰ ਆਦਿਕਾਂ ਦੇ ਸਮਿਆਂ ਦੇ ਅਤਿਆਚਾਰ ਲੱਭੇ ਜਾਣ ਤਾਂ ਅਜੇ ਬਹੁਤ ਕੁੱਝ ਲੱਭ ਸਕਦਾ ਹੈ, ਜਿਸ ਦੇ ਪ੍ਰਗਟ ਕਰਨ ਨਾਲਕੌਮ ਵਿਚ ਨਵੀਂ ਜਾਨ ਭਰ ਜਾਵੇ।