ਬੁਝਦਾ ਦੀਵਾ/ਬੇ-ਵਫਾ

ਵਿਕੀਸਰੋਤ ਤੋਂ



ਬੇ-ਵਫਾ


ਡਾਕਟਰ-“ਸੁਣਾ ਸਰਦਾਰ ਸਿੰਘਾ ! ਕੀ ਹਾਲ ਏ ?"
... ... ... ...
ਡਾਕਟਰ-“ਸਰਦਾਰ ਸਿੰਘਾ, ਬੋਲਦਾ ਕਿਉਂ ਨਹੀਂ ?"
ਸਰਦਾਰ ਸਿੰਘ ਫੇਰ ਵੀ ਨਾ ਬੋਲਿਆ ਤੇ ਡਾਕਟਰ ਨੇ ਸਰਦਾਰ ਸਿੰਘ ਨੂੰ ਮੋਢੇ ਤੋਂ ਫੜ ਕੇ ਹਿਲਾਂਦਿਆਂ ਹੋਇਆਂ ਪੁਛਿਆ-“ਸਰਦਾਰ ਸਿੰਘ, ਮੈਂ ਤੇਨੂੰ ਦੋ ਤਿੰਨ ਆਵਾਜ਼ਾਂ ਮਾਰੀਆਂ ਨੇ, ਪਰ ਤੂੰ ਕੋਈ ਜਵਾਬ ਨਹੀਂ ਦਿਤਾ। ਕੀ ਤੈਨੂੰ ਨੀਂਦ ਤਾਂ ਨਹੀਂ ਆ ਗਈ ?"
ਸਰਦਾਰ ਸਿੰਘ-“ਨਹੀਂ ਡਾਕਟਰ ਸਾਹਿਬ, ਨੀਂਦ ਤਾਂ ਨਹੀਂ ਸੀ ਆਈ, ਮੈਂ ਆਪਣੇ ਦੁਖਾਂ ਬਾਰੇ ਸੋਚ ਰਿਹਾ ਸਾਂ ਕਿ ਅੱਜ ਵੀਹ ਦਿਨ ਹੋ ਗਏ ਨੇ ਇਲਾਜ ਹੁੰਦਿਆਂ, ਪਰ ਹਾਲਾਂ ਤੀਕ ਕੁਝ ਵੀ ਫ਼ਰਕ ਨਹੀਂ ਪਿਆ । ਜੇ ਰੱਬ ਨਾ ਕਰੇ, ਕੋਈ ਹੀਲਾ ਵਸੀਲਾ ਨਾ ਚਲਿਆ, ਤਾਂ ਇਹ ਦੁੱਖਾਂ ਦੀ ਭਾਰੀ ਪੰਡ ਕਿਸ ਤਰਾਂ ਚੁੱਕੀ ਫਿਰਾਂਗਾ ?"
ਡਾਕਟਰ ਨਿਤ ਦੀ ਤਰਾਂ ਅੱਜ ਵੀ ਉਸ ਦੇ ਦੁੱਖ ਦੀ ਪ੍ਰੀਖਿਆ ਕਰ ਰਿਹਾ ਸੀ । ਚੰਗੀ ਤਰਾਂ ਦੇਖ ਭਾਲ ਕਰ ਚੁੱਕਣ ਪਿਛੋਂ ਡਾਕਟਰ ਨੇ ਸਰਦਾਰ ਸਿੰਘ ਨੂੰ ਫੇਰ ਆਖਿਆ-"ਸਰਦਾਰ ਸਿੰਘ, ਸਾਡੇ ਪਾਸੋ ਜੋ ਕੁਛ ਹੋ ਸਕਦਾ ਸੀ, ਅਸਾਂ ਕੋਈ ਕਸਰ ਨਹੀਂ ਛੱਡੀ । ਏਥੋ ਤੀਕ ਕਿ ਤੇਰੇ ਵਾਸਤੇ ਸਪੈਸ਼ਲ ਇੰਗਜੈਕਸ਼ਨ ਮੰਗਵਾ ਕੇ ਲਾਏ ਨੇ ਅਸਾਂ, ਤੇ ਜਿਨ੍ਹਾਂ ਦਾ ਕੋਰਸ ਅੱਜ ਪੂਰਾ ਹੋ ਚੁੱਕਾ ਏ । ਹੁਣ ਸਾਡੀ

ਸਮਝ ਵਿਚ ਕੋਈ ਗੱਲ ਨਹੀਂ ਅਹੁੜਦੀ । ਮੈਂ ਤੈਨੂੰ ਇਹ ਵੀ ਕਹਿ ਦਿਆਂ ਕਿ ਤੂੰ ਬਾਜ਼ਾਰੀ. ਡਾਕਟਰਾਂ ਤੇ ਹਕੀਮਾਂ ਦੇ ਢਹੇ ਵੀ ਨਾ ਚੜ, ਮੁਫਤ ਦੇ ਪੈਸੇ ਹੀ ਬਰਬਾਦ ਹੋਣਗੇ ।” ਇਹ ਕਹਿ ਕੇ ਡਾਕਟਰ ਚਲਾ ਗਿਆ ।
ਸਰਦਾਰ ਸਿੰਘ ਸੋਚ ਰਿਹਾ ਸੀ ਕਿ ਜਦ ਏਡੇ ਵੱਡੇ ਹਸਪਤਾਲ ਵਿਚ ਕੁਝ ਨਾ ਬਣ ਸਕਿਆ, ਤਾਂ ਹੋਰ ਕਿਸੇ ਜਗਾ ਦੀ ਆਸ ਰਖਣੀ ਬੇਕਾਰ ਹੈ । ਹਸਪਤਾਲ ਦਾ ਰਸੋਈਆ ਆਇਆ ਤੇ ਰੋਟੀ ਰਖ ਕੇ ਚਲਾ ਗਿਆ | ਪਰ ਰੋਟੀ ਕਿਸ ਖਾਣੀ ਸੀ ! ਦੁੱਖਾਂ ਰਵਾਣੇ ਸਰਦਾਰ ਸਿੰਘ ਦਾ ਦਿਮਾਗ਼ ਪਤਾ ਨਹੀਂ ਕਿਸ ਦੁਨੀਆ ਦੇ ਚੱਕਰ ਲਾ ਰਿਹਾ ਸੀ ।
ਇਹਨਾਂ ਸੋਚਾਂ ਵਿਚ ਦਸ ਵਜ ਚੁਕੇ ਸਨ ਕਿ ਨਵਾਂ ਕੰਪੋਡਰ ਆਇਆ । ਓਸ ਨੇ ਆਉਣ ਸਾਰ ਸਰਦਾਰ ਸਿੰਘ ਨੂੰ ਮੰਜਾ ਖਾਲੀ ਕਰਨ ਲਈ ਆਖਿਆਂ ।
ਨਿਰਾਸਤਾ ਦੀ ਤਸਵੀਰ ਬਣੇ ਸਰਦਾਰ ਸਿੰਘ ਨੇ ਕਿਹਾ “ਕੰਪੋਡਰ ਸਾਹਿਬ, ਮੈਨੂੰ ਟਾਂਗਾ ਕਿਰਾਏ ਤੇ ਲੈ ਦਿਤਾ ਜਾਏ, ਮੈਂ ਜਿਸ ਤਰਾਂ ਹੋਊ ਘਰ ਚਲਾ ਜਾਵਾਂਗਾ।"
ਕੰਪੋਡਰ ਨੇ ਹਸਪਤਾਲ ਦੇ ਭੰਗੀ ਮ੍ਹਾਜੇ ਨੂੰ ਬੁਲਾ ਕੇ ਕਿਹਾ-"ਮ੍ਹਾਜੇ ,ਏਸ ਨੂੰ ਕੋਈ ਟਾਂਗਾ ਕਿਰਾਏ ਤੇ ਲੈ ਦੇ |"
ਮ੍ਹਾਜਾ -ਬਹੁਤ ਹਛਾ ਹਜ਼ੂਰ |"
ਮ੍ਹਾਜਾ ਟਾਂਗਾ. ਕਿਰਾਏ ਤੇ ਲੈ ਆਇਆ, ਪਰ ਚੜਦਾ ਕੌਣ ? ਸਰਦਾਰ ਸਿੰਘ ਦੀ ਏਨੀ ਬੁਰੀ ਹਾਲਤ ਸੀ ਕਿ ਨਾ ਤਾਂ ਉਹ ਹੱਥ ਨਾਲ ਰੋਟੀ ਭੰਨ ਕੇ ਖਾ ਸਕਦਾ ਸੀ ਤੇ ਨਾ ਹੀ ਉਹ ਲੱਤਾਂ ਦੇ ਸਹਾਰੇ ਖੜਾ ਹੀ ਹੋ ਸਕਦਾ ਸੀ । ਟਾਂਗੇ ਵਾਲੇ ਤੇ ਮਾਜੇ ਭੰਗੀ ਨੇ ਸਰਦਾਰ ਨੂੰ ਗੰਢ ਵਾਂਗੂੰ ਚੁੱਕ ਕੇ ਟਾਂਗੇ ਵਿਚ ਸੁਟ ਦਿਤਾ । ਟਾਂਗਾ ਸਰਦਾਰ

ਸਿੰਘ ਦੇ ਮਕਾਨ ਅੱਗੇ ਪਹੁੰਚਾ। ਗਲੀ ਮੁਹੱਲੇ ਵਾਲੇ ਹੈਰਾਨ ਸਨ ਕਿ ਏਸ ਕੁਵੇਲੇ ਸਰਦਾਰ ਸਿੰਘ ਨੂੰ ਹਸਪਤਾਲੋਂ ਕਿਉਂ ਕੱਢ ਦਿੱਤਾ ਗਿਆ।

ਗਲੀ ਦੀਆਂ ਜ਼ਨਾਨੀਆਂ ਘੁਸਰ ਮੁਸਰ ਕਰਦੀਆਂ ਕਹਿ ਰਹੀਆਂ ਸਨ- “ਭੈਣ ਸੁਜਾਨ ਕੌਰੇ, ਕੀ ਤੇਰੇ ਘਰ ਵਾਲੇ ਦਾ ਮਿਊ ਹਸਪਤਾਲ ਵਿਚ ਵੀ ਕੋਈ ਇਲਾਜ ਨਹੀਂ ਹੋ ਸਕਿਆ?"
ਸੁਜਾਨ ਕੌਰ- “ਭੈਣੋ ਕੀ ਦਸਾਂ, ਇਹਦੀ ਕਿਸਮਤ ਹੀ ਕੁੱਝ ਅਜੇਹੀ ਹੈ, ਜੋ ਇਹਦੇ ਭਾਗਾਂ ਵਿਚ ਸੁਖ ਨਹੀਂ।"
ਗਲੀ ਦੀਆਂ ਜ਼ਨਾਨੀਆਂ-"ਭੈਣਾ, ਹੁਣ ਇਸ ਵਿਚਾਰੇ ਦਾ ਕੀ ਬਣੇਗਾ, ਜੋ ਨਾ ਜੀਉਂਦਿਆਂ ਵਿਚ, ਨਾ ਮੋਇਆਂ ਵਿਚ।
ਸੁਜਾਨ ਕੌਰ ਨੇ ਕੋਈ ਉਤ੍ਰ ਨਾ ਦਿੱਤਾ ਤੇ ਬੁੜ ਬੁੜ ਕਰਦੀ ਅੰਦਰ ਚਲੀ ਗਈ।
ਬੇਸ਼ਕ ਸੁਜਾਨ ਕੌਰ ਪਤੀ ਦੇ ਦੁੱਖ ਨੂੰ ਆਪਣਾ ਦੁੱਖ ਜ਼ਾਹਰ ਕਰਦੀ ਸੀ, ਪਰ ਇਹ ਸਭ ਕੁਝ ਸਿਰਫ ਦੁਨੀਆ ਰੱਖਣ ਵਾਸਤੇ ਹੀ ਸੀ। ਨਾ ਸਿਰਫ ਦਿਲੋਂ ਹੀ, ਸਗੋਂ ਵੇਲੇ ਕੁਵੇਲੇ ਪਤੀ ਦੇ ਸਾਮਣੇ ਇਹੋ ਜਹੀਆਂ ਗੱਲਾਂ ਆਖਣੋਂ ਘੱਟ ਨਹੀਂ ਸੀ ਕਰਦੀ ਕਿ ਇਹ ਨਾ ਮਰਦਾ ਹੈ ਨਾ ਮੇਰੀ ਖਲਾਸੀ ਹੁੰਦੀ ਹੈ।
ਸਰਦਾਰ ਸਿੰਘ ਨੇ ਰਾਤ ਹਉਕੇ ਲੈਂਦਿਆਂ ਕੱਟੀ। ਜਦ ਦਿਨ ਚੜਿਆ ਤਾਂ ਆਪਣੇ ਇਕ ਮਿਤ੍ਰ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਡੇ ਡਾਕਟਰਾਂ ਤੇ ਹਕੀਮਾਂ ਪਾਸ ਗਿਆਂ। ਇਕ ਦੀ ਇਕ ਨਾਲ ਰਾਏ ਨਾ ਮਿਲੀ। ਸਰਦਾਰ ਸਿੰਘ ਬੜਾ ਨਿਰਾਸ਼ ਹੋਇਆ ਤੇ ਬਗੈਰ ਕਿਸੇ ਤੋਂ ਇਲਾਜ ਕਰਵਾਉਣ ਦੇ ਘਰ ਮੁੜ ਆਇਆ।
ਕੁਦਰਤ ਨਾਲ ਸਰਦਾਰ ਸਿੰਘ ਦੇ ਗਵਾਂਢੀ ਸਤ ਪ੍ਰਕਾਸ਼ ਦਾ ਭਰਾ ਹਕੀਮ ਧਰਮ ਪਾਲ ਕਿਸੇ ਕੰਮ ਆਪਣੇ ਭਰਾ ਨੂੰ ਮਿਲਣ

ਲਈ ਆਇਆਂ । ਸੰਤ ਪ੍ਰਕਾਸ਼ ਨੇ ਭਰਾ ਕੋਲੋਂ ਸੁਖ ਸਾਂਦ ਪੁੱਛ ਕੇ ਉਸ ਪਾਸ ਸਰਦਾਰ ਸਿੰਘ ਦਾ ਜ਼ਿਕਰ ਕੀਤਾ- "ਇਕ ਪ੍ਰਦੇਸੀ ਬੜਾ ਦੁਖੀ ਹੈ । ਕੀ ਤੁਸੀਂ ਉਸ ਦਾ ਕੁਝ ਇਲਾਜ ਮਾਲਜਾ ਸਕਦੇ ਹੋ ?"
ਧਰਮ ਪਾਲ ਨੇ ਉੱਤਰ ਦਿੱਤਾ- "ਦੇਖਣ ਤੇ ਪਤਾ ਲਗ ਸਕਦਾ ਏ |"
ਸਤ ਪ੍ਰਕਾਸ਼ ਤੇ ਧਰਮ ਪਾਲ ਦੋਵੇਂ ਭਰਾ ਸਰਦਾਰ ਸਿੰਘ ਦੇ ਪਾਸ ਪਹੁੰਚੇ । ਸਤ ਪ੍ਰਕਾਸ਼ ਨੇ ਆਪਣੇ ਭਰਾ ਦੀ ਸਰਦਾਰ ਨਾਲ ਜਾਣ ਪਛਾਣ ਕਰਾਈ ਤੇ ਸਰਦਾਰ ਸਿੰਘ ਨੂੰ ਆਪਣੀ ਬੀਮਰੀ ਦਾ ਹਾਲ ਦਸਣ ਵਾਸਤੇ ਆਖਿਆ ।
ਸਰਦਾਰ ਸਿੰਘ ਸ਼ਹਿਰ ਦੇ ਵੱਡੇ ਵੱਡੇ ਡਾਕਟਰਾਂ ਤੇ ਹਕੀਮਾਂ ਨੂੰ ਵਿਖਾ ਚੁੱਕਾ ਸੀ, ਪਰ ਕਿਤੋਂ ਵੀ ਓਸ ਨੂੰ ਉਮੀਦ ਦੀ ਝਲਕ ਨਜ਼ਰ ਨਹੀਂ ਸੀ ਆਈ। ਅੱਜ ਸਾਮਣੇ ਬੈਠੇ ਪੇਂਡੂ ਹਕੀਮ ਤੋਂ ਕਿਸ ਤਰ੍ਹਾਂ ਆਸ ਰੱਖ ਸਕਦਾ ਸੀ ਕਿ ਇਸ ਦੇ ਇਲਾਜ ਨਾਲ ਮੈਂ ਰਾਜ਼ੀ ਹੋ ਜਾਵਾਂਗਾ । ਬੜਾ ਚਿਰ ਸੋਚਣ ਪਿਛੋਂ ਸਰਦਾਰ ਸਿੰਘ ਆਪਣਾ ਸਾਰਾ ਦੁੱਖ ਓਸ ਹਕੀਮ ਨੂੰ ਦਸਿਆ । ਡੁਬਦੇ ਨੂੰ ਤੀਲੇ ਦਾ ਸਹਾਰਾ ਵਾਲੀ ਗੱਲ ਸੀ ।
ਹਕੀਮ ਨੇ ਵੇਖ ਚਾਖ ਕੇ ਆਖਿਆ - "ਕੋਈ ਚਿੰਤਾ ਦੀ ਗੱਲ ਨਹੀਂ; ਇਕ ਮਹੀਨੇ ਤਕ ਆਰਾਮ ਆ ਜਾਵੇਗਾ।
ਸਰਦਾਰ ਸਿੰਘ ਦੇ ਟੁੱਟੇ ਹੋਏ ਬੰਜਰ ਦਿਲ ਨੂੰ ਉਮੀਦ ਦੀ ਕਿਆਰੀ ਪੁੰਗਰਦੀ ਨਜ਼ਰ ਆਈ ਤੇ ਉਹ ਇਕ ਅਣਹੋਣੀ ਗੱਲ ਨੂੰ ਪੂਰੀਆਂ ਹੁੰਦਿਆਂ ਵੇਖਣ ਦੇ ਸੁਪਨਿਆਂ ਦੀ ਦੁਨੀਆਂ ਵਿਚ ਉਡਾਰੀਆਂ ਲਾਣ ਲਗ ਪਿਆ ।
ਇਲਾਜ ਪੂਰੀ ਬਾਕਾਇਦਗੀ ਨਾਲ ਹੋਣਾ ਸ਼ੁਰੂ ਹੋ ਗਿਆ ।

ਦੋ ਕੁ ਹਫ਼ਤੇ ਤਾਂ ਕੋਈ ਖਾਸ ਫ਼ਾਇਦਾ ਨਾ ਹੋਇਆ, ਪਰ ਤੀਜੇ ਹਫ਼ਤੇ ਆਸ ਬੱਝ ਗਈ ਕਿ ਮਹੀਨੇ ਵਿਚ ਨਹੀਂ ਤਾਂ ਦੋ ਤਿੰਨਾਂ ਮਹੀਨਿਆਂ ਤਕ ਜ਼ਰੂਰ ਆਰਾਮ ਆ ਜਾਵੇਗਾ।
ਇਕ ਦਿਨ ਹਕੀਮ ਨੇ ਗੱਲ ਬਾਤ ਚਲਾਂਦਿਆਂ ਕਿਹਾ-“ਸਰਦਾਰ ਸਿੰਘ, ਦਵਾਈ ਤਾਂ ਤੈਨੂੰ ਮੁਆਫਕ ਆ ਚੁੱਕੀ ਹੈ, ਹੁਣ ਤੈਨੂੰ ਸੇਵਾ, ਖ਼ੁਰਾਕ ਤੇ ਹਵਾ ਪਾਣੀ ਬਦਲੀ ਕਰਨ ਦੀ ਲੋੜ ਹੈ ।"
ਸਰਦਾਰ ਸਿੰਘ- "(ਸੋਚ ਕੇ) ਹੋਰ ਤਾਂ ਕੋਈ ਥਾਂ ਵਿਖਾਈ ਨਹੀਂ ਦੇਂਦੀ । ਹਾਂ, ਜੇ ਪਿਸ਼ੌਰ ਮੇਰੇ ਵਾਸਤੇ ਠੀਕ ਰਹੇ, ਤਾਂ ਮੈਂ ਉਥੇ ਜਾ ਸਕਦਾ ਹਾਂ । ਖ਼ੁਰਾਕ ਤੇ ਸੇਵਾ ਦੀ ਮੈਨੂੰ ਉਥੋਂ ਆਸ ਹੋ ਸਕਦੀ ਹੈ, ਕਿਉਂਕਿ ਓਥੇ ਮੇਰੇ ਸਹੁਰੇ ਹਨ ਤੇ ਹਵਾ ਪਾਣੀ ਵੀ ਏਥੋਂ ਨਾਲੋਂ ਚੰਗਾ ਹੀ ਹੈ।"
ਹਕੀਮ-"ਠੀਕ ਹੈ, ਓਥੇ ਹੀ ਚਲੇ ਜਾਓ । ਏਥੋਂ ਨਾਲੋਂ ਤੁਹਾਨੂੰ ਓਥੇ ਬਹੁਤ ਛੇਤੀ ਆਰਾਮ ਆ ਜਾਵੇਗਾ ।"
ਹਕੀਮ ਦੇ ਜਾਣ ਪਿੱਛੋਂ ਸਰਦਾਰ ਸਿੰਘ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ, ਪਰ ਪਤਨੀ ਨੇ ਸਹੁਰੇ ਜਾਣੋਂ ਰੋਕਿਆ ।
ਕੁਝ ਦਿਨ ਏਸੇ ਤਰਾਂ ਬੀਤੇ, ਪਰ ਜਦੋਂ ਸਰਦਾਰ ਸਿੰਘ ਖਰਚੋਂ ਤੰਗ ਹੋ ਗਿਆ, ਤਾਂ ਉਸ ਨੇ ਪਤਨੀ ਨੂੰ ਦਸੇ ਬਿਨਾਂ ਹੀ ਸਹੁਰੇ ਚਿੱਠੀ ਲਿਖ ਦਿਤੀ, ਥੋੜੇ ਦਿਨਾਂ ਪਿਛੋਂ ਜਵਾਬ ਆ ਗਿਆ ਕਿ ਚਲੇ ਆਓ |
ਇਹ ਚਿੱਠੀ ਪੜ ਕੇ ਸੁਜਾਨ ਕੌਰ ਹੈਰਾਨ ਰਹਿ ਗਈ ਤੇ ਓਸ ਨੇ ਉਸੇ ਵੇਲੇ ਪਤੀ ਤੋਂ ਚੋਰੀ ਚੋਰੀ ਆਪਣੇ ਪੇਕੇ ਚਿੱਠੀ ਲਿਖੀ, ਜਿਸ ਵਿਚ ਇਸ ਤਰ੍ਹਾਂ ਲਿਖਿਆ ਸੀ-

ਲਾਹੌਰ

੧੨-੭-੪੨

ਪਿਆਰੇ ਪਿਤਾ ਤੇ ਵੀਰ ਜੀਓ !
ਆਪ ਜੀ ਦੀ ਚਿੱਠੀ ਪਹੁੰਚੀ, ਪੜ੍ਹ ਕੇ ਮੈਨੂੰ ਬੜੀ

ਹੈਰਾਨੀ ਹੋਈ । ਤੁਸਾਂ ਮੇਰੇ ਕੋਲੋਂ ਵੀ ਕੋਈ ਸਲਾਹ ਨਹੀਂ ਲਈ ਤੇ ਆਉਣ ਵਾਸਤੇ ਲਿਖ ਦਿੱਤਾ ਹੈ । ਉਹਨਾਂ ਦੀ ਹਾਲਤ ਖ਼ਰਾਬ ਹੈ, ਬਚਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ |ਇਕ ਤੇ ਤੁਹਾਡਾ ਖ਼ਰਚ ਹੋਵੇਗਾ, ਦੂਸਰੇ ਬੀਮਾਰ ਦੀ ਸੇਵਾ ਤੁਸੀ ਜਾਣਦੇ ਹੀ ਹੋ ਕਿ ਕਿੰਨਾ ਔਖਾ ਕੰਮ ਹੁੰਦਾ ਏ ।
ਮੇਰੀ ਰਾਏ ਤਾਂ ਇਹ ਹੈ ਕਿ ਤੁਸੀਂ ਉਨ੍ਹਾਂ ਨੂੰ ਵਾਪਸੀ ਡਾਕ ਇਸ ਤਰ੍ਹਾਂ ਲਿਖ ਦਿਓ-“ਸਾਡੇ ਕੋਲੋਂ ਤੁਹਾਡੀ ਸੇਵਾ ਨਹੀਂ ਹੋ ਸਕਣ ਲਗੀ, ਤੁਸੀ ਆਉਣ ਦੀ ਖੇਚਲ ਨਾ ਕਰਨੀ | ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਲਿਖੋ, ਓਥੇ ਹੀ ਭੇਜ ਦਿਤੀ ਜਾਵੇਗੀ |"

ਸੁਜਾਨ ਕੌਰ

ਏਸ ਚਿੱਠੀ ਦੇ ਪਹੁੰਚਣ ਤੇ ਵੀ ਸਰਦਾਰ ਸਿੰਘ ਦੇ ਸੁਹਰਿਆਂ ਨੇ ਇਹ ਨਾ ਕੀਤਾ । ਸਰਦਾਰ ਸਿੰਘ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸਹੁਰੇ ਚਲਾ ਗਿਆ । ਓਸ ਦੀ ਹਾਲਤ ਨੂੰ ਵੇਖ ਕੇ ਸਹੁਰਿਆਂ ਨੇ ਤਾਂ ਕੀ, ਗਲੀ ਮੁਹੱਲੇ ਵਾਲਿਆਂ ਨੇ ਵੀ ਦੁੱਖ ਪ੍ਰਗਟ ਕੀਤਾ ।
ਚਾਰ ਪੰਜ ਦਿਨ ਏਸੇ ਤਰਾਂ ਬੀਤ ਗਏ। ਕਿਸੇ ਨੇ ਕੋਈ ਖਾਸ ਧਿਆਨ ਨਾ ਦਿੱਤਾ । ਸਰਦਾਰ ਸਿੰਘ ਨੇ ਸਹੁਰੇ ਤੇ ਸਾਲੇ ਨੂੰ ਆਖਿਆ "ਮੈਂ ਏਥੇ ਦਿਨ ਪੂਰੇ ਕਰਨ ਨਹੀਂ ਆਇਆ, ਜੇ ਤੁਸੀ ਮੇਰੀ ਖ਼ੁਰਾਕ ਤੇ ਸੇਵਾ ਵਲ ਖਾਸ ਧਿਆਨ ਦਿਉ, ਤਾਂ ਮੇਰੇ ਏਥੇ ਆਉਣ ਦਾ ਕੁਝ ਲਾਭ ਹੈ, ਨਹੀਂ ਤਾਂ ਨਹੀਂ ।" ਸਰਦਾਰ ਸਿੰਘ ਦੇ ਏਨਾਂ ਕਹਿਣ ਕੁਝ ਥੋੜੀ ਜਹੀ ਤਬਦੀਲੀ ਕੀਤੀ ਗਈ, ਪਰ ਉਹ ਵੀ ਰਸਮੀ ਤੌਰ ਉੱਤੇ ਹੀ ਸੀ ।
ਇਕ ਹਫ਼ਤੇ ਪਿਛੋਂ ਸਰਦਾਰ ਸਿੰਘ ਦੀ ਪਤਨੀ ਨੇ ਪਤੀ ਨੂੰ ਆਖਿਆ-"ਤੁਸੀ ਏਥੋਂ ਕਿਤੇ ਚਲੇ ਜਾਓ । ਇਹ ਤੁਹਾਡਾ ਖਰਚ ਬਰਦਾਸ਼ਤ ਨਹੀਂ ਕਰ ਸਕਦੇ ।"

ਪਤੀ-"ਇਹ ਠੀਕ ਹੈ ਕਿ ਮੇਰੇ ਆਉਣ ਨਾਲ ਇਹਨਾਂ ਨੂੰ ਤਕਲੀਫ ਹੋਵੇਗੀ, ਪਰ ਮੈਂ ਕਿਥੇ ਜਾਵਾਂ । ਕੋਈ ਐਸੀ ਜਗਾ ਨਜ਼ਰ ਨਹੀਂ ਆਉਂਦੀ, ਫੇਰ ਏਸ ਹਾਲਤ ਵਿਚ ।"
ਪਤਨੀ-“ਜਗਾ ਕੋਈ ਹੋਵੇ ਯਾ ਨਾ ਹੋਵੇ । ਇਨ੍ਹਾਂ ਕੋਈ ਤੁਹਾਡਾ ਠੇਕਾ ਥੋੜਾ ਲਿਆ ਹੋਇਆ ਹੈ।"
ਪਤੀ-"ਸਮੇਂ ਸਮੇਂ ਮੈਂ ਇਹਨਾਂ ਦੇ ਦੁੱਖਾਂ ਵਿਚ ਹੱਥ ਵਟਾਏ ਨੇ । ਜਿੰਨੇ ਜੋਗਾ ਮੈਂ ਸਾਂ , ਕਦੀ ਵੀ ਘੱਟ ਨਹੀਂ ਸੀ ਕੀਤੀ । ਜੇ ਹੁਣ ਮੇਰੇ ਤੇ ਦੁੱਖ ਪਿਆ ਹੈ ਤਾਂ ਕੀ ਹੋਇਆ । ਸਰਦੀ ਪੁਜਦੀ ਵਾਲੇ ਨੇ , ਕੋਈ ਭੁੱਖੇ ਨੰਗੇ ਤਾਂ ਨਹੀਂ, ਜੋ ਮੇਰੇ ਰਹਿਣ ਨਾਲ ਇਹਨਾਂ ਤੇ ਵੱਡਾ ਭਾਰਾ ਬੋਝ ਪੈ ਗਿਆ ਹੈ ।”
ਪਤਨੀ-ਮੈਂ ਇਹ ਗੱਲਾਂ ਨਹੀਂ ਸੁਣਨੀਆਂ ਚਾਹੁੰਦੀ । ਤੁਹਾਡੇ ਵਾਸਤੇ ਏਹੋ ਠੀਕ ਹੈ ਕਿ ਤੁਸੀ ਏਥੋਂ ਚਲੇ ਜਾਵੋ।"
ਪਤੀ-"ਚੰਗਾ, ਤਾਂ ਮੇਰਾ ਮਕਾਨ ਗਿਰਵੀ ਰੱਖ ਕੇ ਸੌ ਦੋ ਸੌ ਰੁਪਇਆ ਮੈਨੂੰ ਲੈ ਦਿਤਾ ਜਾਏ, ਤਾਕਿ ਮੈਂ ਆਪਣਾ ਇਲਾਜ਼ ਆਪਣੇ ਖਰਚ ਤੇ ਕਰ ਸਕਾਂ ।"
ਪਤਨੀ-ਤੁਸਾਂ ਅੱਜ ਯਾ ਕਲ ਮਰ ਜਾਣਾ ਹੈ, ਜੇ ਮਕਾਨ ਗਿਰਵੀ ਰਖ ਦਿਤਾ ਗਿਆ, ਤਾਂ ਮੇਰੇ ਸਿਰ ਲੁਕਾਣ ਨੂੰ ਕਿਹੜੀ ਥਾਂ ਰਹੇਗੀ ?"
ਪਤੀ-“ਕੀ ਤੈਨੂੰ ਮਕਾਨ ਦੀ ਲੋੜ ਹੈ, ਮੇਰੀ ਨਹੀਂ ? ਇਹ ਚੀਜ਼ਾਂ ਦੁੱਖ ਸੁਖ ਵਾਸਤੇ ਹੀ ਹੁੰਦੀਆਂ ਨੇ। ਜੇ ਮੈਂ ਬਚ ਗਿਆ ,ਤਾਂ ਮਕਾਨ ਫੇਰ ਵੀ ਛੁਡਾ ਲੀਤਾ ਜਾਵੇਗਾ।"
ਪਤਨੀ-"ਸਭ ਵੱਡੇ ਵੱਡੇ ਡਾਕਟਰਾਂ ਤੇ ਹਕੀਮਾਂ ਨੇ ਜਵਾਬ ਦੇ ਦਿਤਾ ਹੈ, ਹੁਣ ਪੈਸਾ ਬਰਬਾਦ ਕਰਨ ਦਾ ਕੀ ਲਾਭ |"

ਪਤੀ-"ਇਹ ਠੀਕ ਹੈ, ਪਰ ਜਦ ਤਕ ਸਾਸ ਤਦ ਤਕ

ਆਸ |"
ਪਤਨੀ-"ਮੈਂ ਕੁਛ ਨਹੀਂ ਜਾਣਦੀ ਮਰੋ ਯਾ ਜੀਓ, ਪਰ ਮਕਾਨ ਗਿਰਵੀ ਨਹੀਂ ਰਖਿਆ ਜਾ ਸਕਦਾ । ਬੇਸ਼ਕ ਮੰਗ ਤੰਗ ਕੇ ਗੁਜ਼ਾਰਾ ਕਰੋ, ਮੈਂ ਪੇਕੇ ਹੀ ਰਹਾਂਗੀ । ਬਸ ਤੁਹਾਡੇ ਵਾਸਤੇ ਏਹੋ ਚੰਗੀ ਗੱਲ ਹੈ ਕਿ ਤੁਸੀਂ ਇਜ਼ਤ ਲੈ ਕੇ ਏਥੋਂ ਚਲੇ ਜਾਓ, ਨਹੀਂ ਤਾਂ ........................|"
ਸਰਦਾਰ ਸਿੰਘ ਆਪਣੇ ਦੁੱਖਾਂ ਦੇ ਦਿਨ ਪੂਰੇ ਕਰਨ ਵਾਸਤੇ ਸਿਰ ਨੀਂਵਾਂ ਪਾਈ ਕਈ ਤੱਤੀਆਂ ਠੰਡੀਆਂ ਸੁਣਦਾ ਰਿਹਾ । ਅੰਤ ਇਕ ਦਿਨ ਉਹ ਵੀ ਆਇਆ, ਜਦ ਪਤਨੀ ਨੇ ਸਾਰੇ ਲਿਹਾਜ਼ ਨੂੰ ਇਕ ਪਾਸੇ ਰੱਖ ਕੇ ਬੀਮਾਰ ਤੇ ਲਾਚਾਰ ਪਤੀ ਨਾਲ ਉਹ ਸਲੂਕ ਕੀਤਾ,ਜਿਸ ਨੂੰ ਲਿਖਣ ਲਗਿਆਂ ਕਲਮ ਦੀ ਛਾਤੀ ਪਾਟ ਜਾਂਦੀ ਹੈ |
ਕਿਸਮਤ ਦਾ ਮਾਰਿਆ ਸਰਦਾਰ ਸਿੰਘ ਤਿੰਨਾ ਕੱਪੜਿਆਂ ਨਾਲ ਉਥੋਂ ਤੁਰ ਪਿਆ । ਜ਼ਮੀਨ ਉਤੇ ਉਸ ਦੀ ਨਿਰਾਸ਼ਤਾ ਨਾਲੋਂ ਵੀ ਕਾਲੀ ਰਾਤ ਦਾ ਚੰਦੋਆ ਤਣਿਆ ਹੋਇਆ ਸੀ, ਜਦ ਉਹ ਲੜਖੜਾਂਦੇ ਪੈਰਾਂ ਨਾਲ ਸਹੁਰੇ ਘਰੋਂ ਬਾਹਰ ਨਿਕਲਿਆ।
ਬੁਰੇ ਹਾਲੀਂ ਜਦ ਉਹ ਆਪਣੇ ਪਿੰਡ ਪਹੁੰਚਾ, ਤਾਂ ਹਨੇਰੀ ਰਾਤ ਵਿਚ ਹੱਥ ਤੇ ਹੱਥ ਮਾਰਿਆਂ ਵੀ ਵਿਖਾਈ ਨਹੀਂ ਸੀ ਦੇਂਦਾ | ਸਰਦਾਰ ਸਿੰਘ ਗੱਡੀ ਤੋਂ ਉਤਰ ਕੇ ਜਦ ਉਹ ਆਪਣੇ ਪਿੰਡ ਦੀਆਂ ਗਲੀਆਂ ਵਿਚ ਵੜਿਆ, ਤਾਂ ਪਿੰਡ ਦੇ ਕੁੱਤੇ ਭੌਂਕਣ ਲਗ ਪਏ ' ਨੱਸਣ ਭੱਜਣ ਜੋਗਾ ਤਾਂ ਵਿਚਾਰਾ ਹੈ ਹੀ ਨਹੀਂ ਸੀ, ਮੁਸੀਬਤ ਵਿਚ ਰੱਬ ਨੂੰ ਯਾਦ ਕਰਦਾ ਆਪਣੇ ਮਹੱਲੇ ਪਹੁੰਚਾ |ਕੁੱਤਿਆਂ ਦੀ ਆਵਾਜ਼ ਨੇ ਸੁੱਤੇ ਪਏ ਲੋਕਾਂ ਨੂੰ ਜਗਾ ਦਿਤਾ ਸੀ |
ਸਰਦਾਰ ਸਿੰਘ ਦੀ ਬੀਮਾਰੀ ਦਾ ਹਾਲ ਤਾ ਸਾਰਿਆਂ ਨੇ ਸੁਣਿਆ ਸੀ, ਪਰ ਵੇਖਣ ਸੁਣਨ ਵਿਚ ਬੜਾ ਫਰਕ ਹੁੰਦਾ ਹੈ । ਜਦੋਂ

ਮਹੱਲੇ ਵਾਲਿਆਂ ਨੇ ਵੇਖਿਆ ਤਾਂ ਹੈਰਾਨ ਰਹਿ ਗਏ ਤੇ ਲਗੇ ਆਪੋ ਵਿਚ ਕੰਨਾਂ ਫੂਸੀਆਂ ਕਰਨ । ਜੋ ਜਿਸ ਦੇ ਮੂੰਹ ਆਉਂਦੀ ਸੀ, ਕਹਿ ਰਿਹਾ ਸੀ । ਉਹ ਸਰਦਾਰ ਸਿੰਘ ਜੋ ਕਦੇ ਹੋਰਾਂ ਨੂੰ ਪਨਾਹ ਦਿਆ ਕਰਦਾ ਸੀ, ਅਜ ਆਪ ਦੂਜਿਆਂ ਦੇ ਆਸਰੇ ਲਭ ਰਿਹਾ ਸੀ । ਲਾਚਾਰੀ ਵਿਚ ਇਕ ਮਿਤ੍ਰ ਦੇ ਘਰ ਉਸ ਨੇ ਰਾਤ ਬਿਤਾਈ। ਦੁੱਖਾਂ ਨੂੰ ਯਾਦ ਕਰ ਕਰ ਉਹ ਇਕ ਪਲ ਵੀ ਅੱਖ ਨਾ ਲਾ ਸਕਿਆ। ਬਾਰ ਬਾਰ ਸੋਚਦਾ ਸੀ ਕਿ ਮੈਂ ਕੀ ਤੋਂ ਕੀ ਬਣ ਗਿਆ ।
ਦਿਨ ਚੜਿਆ, ਸਰਦਾਰ ਸਿੰਘ ਨੇ ਆਪਣੇ ਮਕਾਨ ਦਾ ਬੂਹਾ ਖੋਲਿਆ । ਬਹਤ, ਦਿਨਾਂ ਦਾ ਮਕਾਨ ਬੰਦ ਪਿਆ ਸੀ । ਜਿਤਨੀ ਉਸ ਦੀ ਹਿੰਮਤ ਸੀ, ਓਸ ਮੁਤਾਬਕ ਉਸ ਨੇ ਮਕਾਨ ਦੀ ਸਫਾਈ ਕਰ ਕੇ ਚੀਜ਼ਾਂ ਨੂੰ ਥਾਂ ਪਰ ਥਾਂ ਰਖਿਆ ਤੇ ਆਪਣੇ ਦੁਖੀ ਜੀਵਨ ਦੇ ਪ੍ਰਬੰਧ ਵਿਚ ਰੁੱਝ ਗਿਆ ।
ਬਦਨਸੀਬ ਨੂੰ ਇਹ ਵੀ ਨਾ ਭਾਇਆ ਤੇ ਥੋੜੇ ਦਿਨਾਂ ਪਿਛੋਂ ਹੀ ਸਰਦਾਰ ਸਿੰਘ ਦੀ ਪਤਨੀ ਓਥੇ ਪਹੁੰਚ ਗਈ। ਦੁਖੀ ਸਰਦਾਰ ਸਿੰਘ ਨੇ ਰੰਜ ਵਿਚ ਉਸ ਨੂੰ ਘਰੋਂ ਚਲੀ ਜਾਣ ਵਾਸਤੇ ਆਖਿਆ, ਪਰ ਬਜਾਏ ਇਸ ਦੇ ਕਿ ਉਹ ਆਪਣੀ ਭੁੱਲ ਨੂੰ ਮੰਨਦੀ, ਲੋਹੀ ਲਾਖੀ ਹੋ ਕੇ ਕਹਿਣ ਲਗੀ-"ਕਿਉਂਕਿ ਇਹ ਮਕਾਨ ਤੁਸੀਂ ਮੇਰੇ ਨਾਂ ਲਵਾ ਚੁੱਕੇ ਹੋ, ਏਸ ਲਈ ਏਸ ਨਾਲ ਤੁਹਾਡਾ ਕੋਈ ਵਾਸਤਾ ਨਹੀਂ । ਸੁਖ ਇਸੇ ਵਿਚ ਹੈ ਜੇ ਏਥੋਂ ਕੰਨ ਵਲੇਟ ਕੇ ਚਲੇ ਜਾਓ |"
ਸਰਦਾਰ ਸਿੰਘ ਨੇ ਉੱਤਰ ਦਿਤਾ-"ਤੂੰ ਮੈਨੂੰ ਆਪਣੇ ਪੇਕੇ ਘਰੋਂ ਬੜੀ ਦੁਰਦਸ਼ਾ ਕਰ ਕੇ ਕੱਢਿਆ ਏ । ਕੀ ਹੁਣ ਇਥੇ ਭੀ ਰਹਿਣ ਨਹੀਂ ਦੇਣਾ ਚਾਹੁੰਦੀ। ਰੱਬ ਦੇ ਲਈ ਮੇਰੀ ਹਾਲਤ ਤੇ ਰਹਿਮ ਕਰ ਮੈਨੂੰ ਮੇਰੇ ਹਾਲ ਤੇ ਛਡ ਕੇ ਪੇਕੇ ਚਲੀ ਜਾਹ |"
ਸੁਜਾਨ ਕੌਰ ਬੁੜ ਬੁੜ ਕਰਦੀ ਆਪਣੇ ਮਾਮੇ ਦੇ ਘਰ ਚਲੀ

ਗਈ ।
ਸਰਦਾਰ ਸਿੰਘ ਨੂੰ ਥੋੜੇ ਦਿਨਾਂ ਪਿਛੋਂ ਪਤਾ ਲਗਾ ਕਿ ਸੁਜਾਨ ਕੌਰ ਲਾਹੌਰ ਦਾ ਸਾਰਾ ਸਾਮਾਨ ਲੈ ਆਈ ਹੈ । ਵਿਚਾਰੇ ਨੇ ਇਹ ਗੱਲ ਸੁਣ ਕੇ ਵੀ ਸਬਰ ਦਾ ਘੁੱਟ ਭਰ ਲਿਆ ਤੇ ਗੱਲ ਆਈ ਗਈ ਹੋ ਗਈ । ਇਕ ਦਿਨ ਸਰਦਾਰ ਸਿੰਘ ਆਪਣੇ ਮਕਾਨ ਨੂੰ ਜੰਦਰਾ ਲਾ ਕੇ ਬਾਜ਼ਾਰ ਗਿਆ ਹੋਇਆ ਸੀ । ਸਰਦਾਰ ਸਿੰਘ ਦਾ ਇਕ ਮਿਤ੍ਰ ਬੜਾ ਘਾਬਰਿਆ ਹੋਇਆ ਆਇਆ ਤੇ ਆਖਣ ਲੱਗਾ-“ਤੇਰੀ ਵਹੁਟੀ ਤੇਰਾ ਸਾਰਾ ਸਾਮਾਨ ਕੱਢ ਕੇ ਲਈ ਜਾ ਰਹੀ ਹੈ ਤੇ ਜੇ ਕੁਝ ਬਚਾ ਸਕਦਾ ਹੈਂ, ਤਾਂ ਬਚਾ ਲੈ ।"
ਸਰਦਾਰ ਸਿੰਘ ਵਿਚਾਰਾ ਜੋ ਬੀਮਾਰੀ ਦੇ ਕਾਰਨ ਅੱਗੇ ਹੀ ਲੱਤਾਂ ਤੋਂ ਹੀਣਾ ਸੀ, ਬਥੇਰਾ ਨਸਿਆਂ ਭੱਜਿਆ, ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਸਫ਼ਾਈ ਹੋ ਚੁੱਕੀ ਸੀ।
ਉਸ ਦੇ ਘਰ ਪਹੁੰਚਣ ਤੇ ਤਮਾਸ਼ਬੀਨਾਂ ਦਾ ਮੇਲਾ ਲਗ ਗਿਆ; ਕੋਈ ਕੁਝ ਆਖੇ, ਕੋਈ ਕੁਝ । ਇਕ ਨੇ ਸਰਦਾਰ ਸਿੰਘ ਨੂੰ ਗਲੀਂ ਬਾਤੀ ਲਾ ਕੇ ਸੁਜਾਨ ਕੌਰ ਨੂੰ ਖਿਸਕਾ ਦਿਤਾ ।
ਸਰਦਾਰ ਸਿੰਘ ਨੇ ਪਿੰਡ ਦੇ ਮੁਖੀਆਂ ਤੇ ਬਰਾਦਰੀ ਪਾਸ ਫਰਿਆਦ ਕੀਤੀ, ਪਰ ਕਮਜ਼ੋਰ ਤੇ ਦੁਖੀ ਦੀ ਗੱਲ ਕੌਣ ਸੁਣਦਾ ਹੈ । ਅੰਤ ਪੁਲੀਸ ਦਾ ਦਰਵਾਜ਼ਾ ਖਟ-ਖਟਾਇਆ, ਪਰ ਨਿਰਬਲ ਤੇ ਨਿਰਧਨ ਨੂੰ ਏਥੇ ਵੀ ਨਿਰਾਸ਼ ਹੀ ਮੁੜਨਾ ਪਿਆ ।
ਕਹਿਰ ਦੀ ਸਿਆਲੀ ਰਾਤ ਸੀ, ਜੋ ਨੀਲੇ ਸਾਫ਼ ਆਕਾਸ਼ ਉੱਤੇ ਤਾਰਿਆਂ ਦੀ ਚਾਦਰ ਵਿਛਾ ਰਹੀ ਸੀ । ਏਸ ਸਰਦੀ ਵਿਚ ਵਿਚਾਰਾ ਸਰਦਾਰ ਸਿੰਘ ਕੀ ਕਰਦਾ । ਨਾ ਘਰ ਵਿਚ ਕੋਈ ਬਿਸਤਰਾ ਸੀ ਤੇ ਨਾ ਹੀ ਭਾਂਡਾ | ਕਮਰੇ ਦੀਆਂ ਚੌਹਾਂ ਨੁੱਕਰਾ ਕਰਾਂ ਵਿਚ ਬੁਹਾਰੀ ਫਿਰੀ ਹੋਈ ਸੀ । ਕਿਸਮਤ ਨੇ ਇਕ ਇਕ ਸ਼ੈ ਹਰ ਲਈ ਜਾਪਦੀ ਸੀ।

ਸਰਦਾਰ ਸਿੰਘ ਕਾਂਗ੍ਰਸੀ ਖ਼ਿਆਲਾਂ ਨਾਲ ਸੰਮਤੀ ਰੱਖਦਾ ਸੀ- ਤੇ ਉਹ ਵਿਹਲੇ ਸਮੇਂ ਆਪਣੇ ਪਿੰਡ ਦੀ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੰਟ ਬਹਾਦਰ ਅਲੀ ਪਾਸ ਜਾ ਕੇ ਖ਼ਿਆਲਾਂ ਦਾ ਵਟਾਂਦਰਾ ਕੀਤਾ ਕਰਦਾ ਸੀ । ਸਰਦਾਰ ਸਿੰਘ ਨੂੰ ਜਦ ਹੋਰ ਕੋਈ ਨਾ ਅਹੁੜੀ, ਤਾਂ ਉਸ ਨੇ ਕਾਂਗਰਸ ਦੇ ਪ੍ਰਧਾਨ ਦਾ ਦਰਵਾਜ਼ਾ ਜਾ ਖਟ-ਖਟਾਇਆ।
ਬਹਾਦਰ ਅਲੀ ਨੇ ਬਾਹਰ ਆ ਕੇ ਓਸ ਦੇ ਕੁਵੇਲੇ ਆਉਣ ਤੇ ਹੈਰਾਨੀ ਨਾਲ ਪੁੱਛਿਆ-"ਸਰਦਾਰ ਸਿੰਘ, ਸੁਖ ਤਾਂ ਹੈ ? ਜੋ ਇਤਨੀ ਠੰਡ ਵਿਚ ਤੇ ਏਨੀ ਰਾਤ ਗਿਆਂ ਆਇਆ ਏਂ ।"
ਸਰਦਾਰ ਸਿੰਘ-"ਕੀ ਤਹਾਨੂੰ ਪਤਾ ਨਹੀਂ ਲੱਗਾ ਕਿ ਮੇਰੀ ਪਤਨੀ ਮੇਰੇ ਘਰ ਦਾ ਸਾਰਾ ਸਾਮਾਨ ਲੈ ਗਈ ਏ ?"
ਬਹਾਦਰ ਅਲੀ-"ਮੈਂ ਅੱਜ ਰੋਜ਼ ਨਾਲੋਂ ਕੁਛ ਛੇਤੀ ਹੀ ਘਰ ਆ ਗਿਆ ਸਾਂ, ਏਸ ਲਈ ਕੁਛ ਨਹੀਂ ਸੁਣਿਆ।"
ਸਰਦਾਰ ਸਿੰਘ-"ਏਥੋਂ ਤੀਕ ਕਿ ਨਾ ਤਾਂ ਓਹਨੇ ਰਾਤ ਕੱਟਣ ਵਾਸਤੇ ਕੋਈ ਬਿਸਤਰਾ ਰਹਿਣ ਦਿੱਤਾ ਏ ਤੇ ਨਾ ਹੀ ਪਾਣੀ ਪੀਣ ਵਾਸਤੇ ਕੋਈ ਗਿਲਾਸ ਪਿੱਛੇ ਛੱਡਿਆ ਏ ।"
ਇਹ ਵਿਥਿਆ ਸੁਣ ਕੇ ਬਹਾਦਰ ਅਲੀ ਦੀਆਂ ਅੱਖਾਂ ਵਿਚ ਅਥਰੂ ਭਰ ਆਏ ਤੇ ਉਹ ਆਖਣ ਲੱਗਾ-“ਗੁਲਾਮਾਂ ਵਾਸਤੇ ਦੁਨੀਆ ਵਿਚ ਕਿਤੇ ਵੀ ਸੁਖ ਨਹੀਂ । ਏਸ ਪੱਛਮੀ ਸਭਿਅਤਾ ਨੇ ਇਤਨੀ ਬੇਹਯਾਈ ਸਿਖਾ ਦਿਤੀ ਹੈ ਕਿ ਬੇਟਾ ਬਾਪ ਦਾ, ਭਰਾ ਭਰਾ ਦਾ ਤੇ ਪਤਨੀ ਪਤੀ ਦਾ ਕੋਈ ਅਦਬ ਨਹੀਂ ਰਿਹਾ। ਏਥੋਂ ਤੀਕ ਕਿ ਇਸ ਤਰੀਆਂ ਜਦੋਂ ਬਾਜ਼ਾਰਾਂ ਵਿਚ ਚਲਦੀਆਂ ਹਨ, ਤਾਂ ਉਹਨਾਂ ਦਾ ਸਿਰੋਂ ਕੱਪੜਾ ਵੀ ਲੱਥਾ ਹੁੰਦਾ ਹੈ। ਬਾਜ਼ਾਰ ਵਿਚ ਕਾਲਜ ਜਾਂ ਸਕੂਲ ਦਾ ਕੋਈ ਸਾਥੀ ਮਿਲ ਜਾਏ, ਤਾਂ ਪਤੀ ਦੇ ਨਾਲ ਹੁੰਦਿਆਂ ਹੋਇਆਂ ਵੀ ਮਸਖਰੀ ਤੋਂ ਸੰਕੋਚ ਨਹੀਂ ਕੀਤਾ ਜਾਂਦਾ । ਜੇ ਕੋਈ ਪੁੱਛ

ਬੈਠੇ ਕਿ ਇਹ ਨਾਲ ਕੌਣ ਹੈ, ਤਾਂ ਬੀਬੀ ਜੀ ਫਰਮਾਂਦੇ ਨੇ-“ਇਹ ਸਾਡਾ ਨੌਕਰ ਏ। ਪਤੀ ਦੇ ਗਾਹੜੇ ਪਸੀਨੇ ਦੀ ਕਮਾਈ ਇਹਨਾਂ ਦੀ ਚਟਕ ਮਟਕ ਤੇ ਖਰਚ ਹੋ ਜਾਂਦੀ ਹੈ । ਦੁਖ ਸਮੇਂ ਪਤੀ ਦੀ ਸੇਵਾ ਤਾਂ ਦੂਰ ਰਹੀ, ਓਸ ਨੂੰ ਵੇਖਣਾ ਵੀ ਨਹੀਂ ਭਾਉਂਦਾ | ਯਾ ਮੌਲਾ ਕੀ ਹੋ ਗਿਆ ਭਾਰਤ ਦੀਆਂ ਇਹਨਾਂ ਸਤਵੰਤੀਆਂ ਨੂੰ? ਕਿੱਥੇ ਗਈਆਂ ਉਹ ਦੇਵੀਆਂ, ਜੋ ਪਤੀਆਂ ਨਾਲ ਸਤੀ ਹੋ ਜਾਂਦੀਆਂ ਸਨ ?"
ਇਹ ਆਖਦਾ ਹੋਇਆ ਬਹਾਦਰ ਅਲੀ ਸਰਦਾਰ ਸਿੰਘ ਨੂੰ ਆਪਣੇ ਮਕਾਨ ਦੇ ਅੰਦਰ ਲੈ ਗਿਆ। ਉਹ ਦਿਲਾਸਾਂ ਦੇ ਰਿਹਾ ਸੀ ਮਿਤ੍ਰ ! ਤੈਨੂੰ ਜਿਸ ਚੀਜ਼ ਦੀ ਲੋੜ ਹੈ, ਹਾਜ਼ਰ ਹੈ । ਇਹ ਘਰ ਤੇਰਾ ਆਪਣਾ ਘਰ ਹੈ; ਤੈਨੂੰ ਏਥੇ ਕਿਸੇ ਸ਼ੈ ਦੀ ਤਕਲੀਫ ਨਹੀਂ ਹੋਵੇਗੀ ।"
ਸਰਦਾਰ ਸਿੰਘ ਸ਼ਰਮ ਦਾ ਮਾਰਿਆ ਹੋਰ ਕੁਝ ਨਾ ਮੰਗ ਸਕਿਆ ਤੇ ਇਕ ਕਸ਼ਮੀਰੀ ਲੋਈ ਲੈ ਕੇ ਆਪਣੇ ਘਰ ਵਾਪਸ ਆ ਗਿਆ। ਉਹ ਘਰ ਆ ਕੇ ਮੰਜੇ ਤੇ ਲੰਮਾ ਤੇ ਪੈ ਗਿਆ, ਪਰ ਨੀਂਦ ਕਿਸ ਨੂੰ ਆਉਣੀ ਸੀ । ਇਕ ਤਾਂ ਸੀ ਕਹਿਰ ਦੀ ਠੰਡ ਤੇ ਦੂਜਾ ਪਾਸ ਨਹੀਂ ਸੀ ਬਿਸਤਰਾ । ਪਾਲੇ ਨਾਲ ਸੁੰਗੜਦਾ ਜਾ ਰਿਹਾ ਸੀ ।
ਦਿਨ ਦੇ ਬਾਰਾਂ ਵਜ ਗਏ, ਪਰ ਸਰਦਾਰ ਸਿੰਘ ਅਜੇ ਤਕ ਬਾਜ਼ਾਰ ਵਿਚ ਵਿਖਾਈ ਨਹੀਂ ਸੀ ਪਿਆ । ਗਲੀ ਮੁਹੱਲੇ ਵਾਲਿਆਂ ਨੇ ਜਦ ਉਸ ਦੇ ਘਰ ਜਾ ਕੇ ਵੇਖਿਆ, ਤਾਂ ਅੰਦਰੋਂ ਬੂਹਾ ਬੰਦ ਸੀ , ਓਹਨਾਂ ਨੇ ਆਵਾਜ਼ਾਂ ਦਿਤੀਆਂ, ਪਰ ਅੰਦਰ ਕੋਈ ਹੁੰਦਾ ਤਾਂ ਜਵਾਬ ਆਉਂਦਾ ਨਾ ।
ਮਕਾਨ ਦੀਆਂ ਚੂਥੀਆ ਪੁੱਟੀਆਂ ਗਈਆਂ ਤੇ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਕਿ ਸਰਦਾਰ ਸਿੰਘ ਦਾ ਬੇ-ਹਿਸ ਸਰੀਰ ਗੰਢ ਬਣਿਆਂ ਬਰਫ਼ ਨਾਲੋਂ ਵੀ ਠੰਡਾ ਹੋ ਚੁੱਕਿਆ ਸੀ। ਤੀਵੀਂ ਦੀ ਬੇ-ਵਫ਼ਾਈ ਨੇ ਇਕ ਹੋਣ-ਹਾਰ ਗਭਰੂ ਦੀ ਜਾਨ ਲੈ ਲਈ। ਉਫ਼ ! ਨਰਦਾਇਤਾ !!