ਸਮੱਗਰੀ 'ਤੇ ਜਾਓ

ਬੁਝਦਾ ਦੀਵਾ/ਸਤੀ ਵਿਧਵਾ

ਵਿਕੀਸਰੋਤ ਤੋਂ
27052ਬੁਝਦਾ ਦੀਵਾ — ਸਤੀ ਵਿਧਵਾਕਰਤਾਰ ਸਿੰਘ 'ਸਾਹਣੀ'


ਸਤੀ ਵਿਧਵਾ


ਕਈ ਸੌ ਸਾਲ ਪਹਿਲਾਂ, ਚੀਨ ਦੀ ਰਾਜਧਾਨੀ ਤੋਂ ਕੁਛ ਦੂਰ ਇਕ ਪਿੰਡ ਵਿਚ ਚੋਯਾਂਗ ਨਾਂ ਦਾ ਇਕ ਦਾਰਸ਼ਨਿਕ ਰਹਿੰਦਾ ਸੀ-ਜੋ ਲਾਉਸੀ ਨਾਮੀ ਚੀਨ ਦੇ ਵੱਡੇ ਦਾਰਸ਼ਨਿਕ ਦਾ ਸ਼ਾਗਿਰਦ ਸੀ। ਚੋਯਾਂਗ ਜੀ ਆਪਣੀ ਤੀਸਰੀ ਪਤਨੀ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਸਨ । ਜਵਾਨੀ ਵਿਚ-ਗ੍ਰਿਹਸਤ ਜੀਵਨ ਇਤਨਾ ਸੁਖੀ ਨਹੀਂ ਸੀ, ਕਿਉਂਕਿ ਉਨਾਂ ਦੀ ਪਹਿਲੀ ਪਤਨੀ ਬੜੀ ਛੋਟੀ ਉਮਰ ਵਿਚ ਹੀ ਮਰ ਗਈ; ਦੁਸਰੀ ਪਤਨੀ ਬਦ-ਚਲਨ ਨਿਕਲੀ, ਜਿਸ ਦਾ ਤਿਆਗ ਕਰਨਾ ਪਿਆ; ਪਰ ਤੀਸਰੀ ਪਤਨੀ-ਸ੍ਰੀ ਮਤੀ ਤਿਯੇਨ ਪਾਸੋਂ ਉਨ੍ਹਾਂ ਨੂੰ ਜੋ ਸੁਖ ਮਿਲ ਰਿਹਾ ਸੀ, ਓਹੋ ਜਿਹਾ ਪਹਿਲੇ ਕਦੀ ਨਹੀਂ ਸੀ ਮਲਿਆ | ਦਾਰਸ਼ਨਿਕ ਹੋਣ ਕਰ ਕੇ ਸੋਚਣ ਵਿਚਾਰਨ ਲਈ ਓਹ ਕਦੀ ਕਦੀ ਇਕੱਲੇ ਪਹਾੜਾਂ ਤੇ ਜਾਂ ਸੁੰਨਸਾਨ ਜੰਗਲ ਵਿਚ ਚਲੇ ਜਾਂਦੇ ਸਨ । ਅਜਿਹੇ ਸਫਰ ਵਿਚ ਅਚਾਨਕ ਹੀ ਉਹਨਾਂ ਨੇ ਕੀ ਵੇਖਿਆ -ਇਕ ਨਵੀਂ ਕਬਰ ਦੇ ਪਾਸ ਇਕ ਯੁਵਤੀ ਇਸਤ੍ਰੀ ਮਾਤਮੀ ਕੱਪੜੇ ਪਾਈ ਕਬਰ ਨੂੰ ਪੱਖਾ ਝਲ ਰਹੀ ਹੈ । ਇਹ ਅਨੋਖਾ ਕੰਮ ਵੇਖ ਕੇ ਉਹ ਬਹੁਤ ਹੈਰਾਨ ਹੋਏ ਤੇ ਉਹਨਾਂ ਨੇ ਉਸ ਇਸਤ੍ਰੀ ਦੇ ਪਾਸ ਜਾਕੇ ਪੁੱਛਿਆ-ਤੂੰ ਇਹ ਕੀ ਕਰ ਰਹੀ ਏਂ ?"
ਯੁਵਤੀ ਬੋਲੀ -ਇਹ ਮੇਰੇ ਪਤੀ ਦੀ ਕਬਰ ਹੈ, ਉਸ ਨੇ ਮਰਨ ਤੋਂ ਪਹਿਲਾਂ ਮੇਰੇ ਕੋਲੋਂ ਪ੍ਰਣ ਲੈ ਲਿਆ ਸੀ ਕਿ ਮੈਂ ਦੂਜਾ ਵਿਆਹ ਤਦ ਤੀਕ ਨਹੀਂ ਕਰਾਂਗੀ; ਜਦ ਤੀਕ ਕਿ ਉਸ ਦੀ ਕਬਰ ਨਾ

ਸੁੱਕ ਜਾਵੇ । ਪਰ ਇਹ ਏਨੀ ਹੌਲੀ ਹੌਲੀ ਸੁੱਕ ਰਹੀ ਹੈ ਕਿ ਮੈਂ ਨਿਰਾਸ਼ ਹੋ ਗਈ ਹਾਂ । ਏਸ ਆਸ ਉੱਤੇ ਪੱਖਾ ਝਲ ਰਹੀ ਹਾਂ, ਤਾਂ ਜੁ ਇਹ ਰਤਾ ਜਲਦੀ ਸੁੱਕ ਜਾਏ ।" ਇਹ ਆਖ ਕੇ ਜਦ ਉਸ ਯੁਵਤੀ ਨੇ ਦੁਖੀ ਚਿਹਰੇ ਨਾਲ ਉਨਾਂ ਵਲ ਵੇਖਿਆ, ਤਾਂ ਉਹ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੋ ਗਏ।
"ਤੇਰੀ ਕੋਮਲ ਬਾਂਹ ਏਹੋ ਜਿਹਾ ਕੁਰਖ਼ਤ ਕੰਮ ਕਰਨ ਜੋਗੀ ਨਹੀਂ। ਉਨਾਂ ਨੇ ਆਖਿਆ, “ਇਹ ਮੈਨੂੰ ਕਰਨ ਦੇ।"
ਯੁਵਤੀ ਨੇ ਬੇਨਤੀ ਭਰੇ ਸ਼ਬਦਾਂ ਵਿਚ ਆਖਿਆ- ਇਹ ਲੋ ਪੱਖਾ । ਮੈਂ ਤੁਹਾਡੀ ਸਦਾ ਲਈ ਅਹਿਸਾਨਮੰਦ ਰਹਾਂਗੀ ਜੇ ਤੁਸੀ ਏਸ ਕਬਰ ਨੂੰ ਛੇਤੀ ਨਾਲ ਸੁਕਾ ਦਿਓ|"
ਚੋਯਾਂਗ ਨੇ ਬਹੁਤ ਗੱਲਾਂ ਨਾ ਕੀਤੀਆਂ ਤੇ ਉਹ ਪੱਖਾ ਲੈ ਕੇ ਕਬਰ ਸੁਕਾਣ ਲਗ ਪਏ । ਪੰਜ ਛੇ ਵਾਰ ਪੱਖਾ ਝਲ ਕੇ ਉਨ੍ਹਾਂ ਨੇ ਜਾਦੂ ਨਾਲ ਕਬਰ ਨੂੰ ਸੁਕਾ ਦਿਤਾ । ਉਨਾਂ ਦੀ ਸਫਲਤਾ ਵੇਖ ਕੇ ਯਵਤੀ ਬਹੁਤ ਖੁਸ਼ ਹੋਈ। ਉਹ ਪ੍ਰਸੰਨਤਾ ਉਛਾਲਦੀ ਹੋਈ ਬੋਲੀ- "ਤੁਹਾਡੇ ਏਸ ਉਪਕਾਰ ਦਾ ਧੰਨਵਾਦ ਕਰਨ ਲਈ ਮੇਰੇ ਪਾਸ ਸ਼ਬਦ ਨਹੀਂ । ਏਸ ਅਹਿਸਾਨ ਦੇ ਬਦਲੇ ਮੈਂ ਤੁਹਾਨੂੰ ਆਪਣਾ ਇਹ ਸੋਨੇ ਜੜਤ ਪੱਖਾ ਤੇ 'ਹੇਯਰ-ਪਿੰਨ' ਨਿਸ਼ਾਨੀ ਵਜੋਂ ਭੇਟਾ ਕਰਦੀ ਹਾਂ-ਕ੍ਰਿਪਾ ਕਰ ਕੇ ਸਵੀਕਾਰ ਕਰੋ ।ਤੇ ਉਹ ਦਾਰਸ਼ਨਿਕ ਨੂੰ ਕਾਹਲੀ ਨਾਲ ਆਪਣਾ ਪੱਖਾ ਦੇ ਕੇ ਵਾਲਾਂ ਵਿਚੋਂ ਸੋਨੇ ਦਾ ਇਕ ਜੜਤ 'ਹੇਯਰ-ਪਿੰਨ' ਕੱਢ ਕੇ ਦੇਣ ਲਗੀ । ਦਾਰਸ਼ਨਿਕ ਨੇ ਪੱਖਾਂ ਤਾਂ ਲੈ ਲਿਆ, ਪਰ ਸ੍ਰੀ ਮਤੀ ਤਿਯੇਨ ਕੀ ਸੋਚੇਗੀ-ਏਸ ਡਰ ਨਾਲ ਹੇਯਰ-ਪਿੰਨ ਲੈਣ ਤੋਂ ਨਾਂਹ ਕਰ ਦਿਤੀ। ਏਸ ਘਟਨਾ ਨੇ ਆਪ ਨੂੰ ਬੜਾ ਚਿੰਤਾਤੁਰ ਕਰ ਦਿਤਾ । ਜਦੋ ਦੇ ਘਰ ਮੁੜ ਕੇ ਆਏ,ਆਪਣੀ ਬੈਠਕ ਵਿਚ ਬੈਠੇ ਘੜੀ ਮੁੜੀ ਠੰਡੇ ਸਾਹ ਲੈ ਰਹੇ ਸਨ ।

ਸ੍ਰੀ ਮਤੀ ਤਿਯੇਨ ਓਸੇ ਸਮੇਂ ਬੈਠਕ ਵਿਚ ਆਈ ਤੇ ਓਸ ਨੇ ਓਹਨਾਂ ਨੂੰ ਜਾਚਦਿਆਂ ਹੋਇਆ ਪੁੱਛਿਆ-“ਕਿਉਂ ਜੀ, ਤੁਸੀ ਠੰਡੇ ਹਾਉਕੇ ਕਿਉਂ ਭਰ ਰਹੇ ਹੋ ? ਤੇ ਨਾਲੇ ਇਹ ਪੱਖਾ ਤੁਹਾਨੂੰ ਕਿੱਥੋਂ ਮਿਲਿਆ ਹੈ ?"
ਏਸ ਤਰਾਂ ਦੀ ਪੁੱਛ ਕਰਨ ਤੇ ਚੋਯਾਂਗ ਨੇ ਕਬਰ ਦੀ ਸਾਰੀ ਘਟਨਾ ਕਹਿ ਸੁਣਾਈ । ਕਹਾਣੀ ਸੁਣਦਿਆਂ ਹੀ ਸ੍ਰੀ ਮਤੀ ਤਿਯੇਨ ਦੇ ਚਿਹਰੇ ਤੇ ਘ੍ਰਿਣਾ ਦੇ ਭਾਵ ਆ ਗਏ ਤੇ ਜਦੋਂ ਕਹਾਣੀ ਸਮਾਪਤ ਹੋਈ, ਤਾਂ ਉਸ ਨੇ ਬੜੇ ਗੁੱਸੇ ਨਾਲ ਓਸ ਵਿਧਵਾ ਨੂੰ ਔਰਤ ਜਾਤੀ ਲਈ ਕਲੰਕ ਦਸਿਆ। "ਕਿਸੇ ਦਾ ਚਿਹਰਾ ਵੇਖ ਕੇ ਉਸ ਦੇ ਦਿਲ ਦੀ ਗੱਲ ਦਾ ਪਤਾ ਨਹੀਂ ਲਗ ਸਕਦਾ ।" ਓਸ ਨੇ ਚੀਨ ਦਾ ਪ੍ਰਸਿਧ ਲੋਕ-ਅਖਾਣ ਦੋਹਰਾਇਆ |
ਏਸ ਅਖਾਣ ਤੋਂ ਸ਼੍ਰੀ ਮਤੀ ਤਿਯੇਨ ਨੇ ਇਹ ਮਤਲਬ ਕਢਿਆ ਕਿ ਓਸ ਦੇ ਪਤੀ ਨੇ ਓਸ ਤੇ ਸ਼ੱਕ ਕੀਤਾ ਹੈ । ਉਹ ਘਬਰਾ ਕੇ ਬੋਲੀ-“ਤੁਸੀ ਉਸ ਨੀਚ ਤੇ ਬੇਸ਼ਰਮ ਵਿਧਵਾ ਦੀ ਮਿਸਾਲ ਦੇ ਕੇ ਸਭ ਇਸਤ੍ਰੀਆਂ ਤੇ ਕਿਸ ਤਰਾ ਦੋਸ਼ ਥੱਪ ਸਕਦੇ ਹੋ ? ਸਭ ਇਕੋ ਜਿਹੀਆਂ ਥੋੜੀਆਂ ਹੀ ਹੁੰਦੀਆਂ ਹਨ । ਮੈਨੂੰ ਹੈਰਾਨੀ ਹੈ ਕਿ ਤੁਹਾਡੇ ਜਿਹੇ ਸਮਝਦਾਰ ਲੋਕ ਮੇਰੇ ਤੇ ਮੇਰੀਆਂ ਹੋਰ ਭੈਣਾਂ ਨਾਲ ਅਜਿਹੀ ਬੇ-ਇਨਸਾਫ਼ੀ ਕਿਉਂ ਕਰਦੇ ਨੇ ?"
ਪਤੀ ਨੇ ਕਿਹਾ- “ਸ੍ਰੀ ਮਤੀ ਜੀ ਨਾਰਾਜ਼ ਕਿਉ ਹੋ ਗਏ ? ਹਾਂ ਭਲਾਂ ਇਹ ਤਾਂ ਦਸੋ ਕਿ ਜੇ ਮੈਂ ਮਰ ਜਾਵਾਂ, ਤਾਂ ਤੁਸੀ ਆਪਣੀ ਇਸ ਜਵਾਨੀ ਤੇ ਸੁੰਦਰਤਾ ਨੂੰ ਲੈ ਕੇ ਪੰਜ ਸਾਲ ਨਾ ਸਹੀ ਸਿਰਫ ਤਿੰਨ ਸਾਲ ਤਕ ਹੀ ਵਿਧਵਾ ਰਹਿ ਸਕੋਗੇ ?"
ਪਤਨੀ ਬੋਲੀ-"ਇਕ ਵਿਸ਼ਵਾਸੀ ਵਜ਼ੀਰ ਜਿਸ ਤਰਾਂ ਦੋ ਰਾਜਿਆਂ ਦੀ ਖਿਦਮਤ ਨਹੀਂ ਕਰ ਸਕਦਾ, ਓਸੇ ਤਰ੍ਹਾਂ ਇਕ ਵਫਾ-

ਦਾਰ ਇਸਤ੍ਰੀ ਦੂਜੇ ਪਤੀ ਬਾਰੇ ਸੋਚ ਹੀ ਨਹੀਂ ਸਕਦੀ । ਜੇ ਵਿਧਾਤਾ ਦੀ ਏਹੋ ਮਰਜ਼ੀ ਹੈ ਕਿ ਤੁਸੀਂ ਪਹਿਲਾਂ ਮਰ ਜਾਓ, ਤਾਂ ਪੰਜ ਜਾਂ ਤਿੰਨ ਸਾਲ ਦਾ ਪ੍ਰਸ਼ਨ ਹੀ ਨਹੀਂ-ਜਦ ਤੀਕ ਮੇਰਾ ਜੀਵਨ ਰਹੇਗਾ, ਮੈਂ ਦੂਜੇ ਵਿਆਹ ਦੀ ਕਲਪਣਾ ਵੀ ਨਹੀਂ ਕਰ ਸਕਾਂਗੀ |"
ਪਤੀ ਨੇ ਕਿਹਾ_"ਇਹ ਕਹਿਣਾ ਤਾਂ ਬੜਾ ਸੌਖਾ ਹੈ, ਪਰ ਨਿਬਾਹੁਣਾ ਬੜਾ ਔਖਾ ਹੈ ।"
ਪਤਨੀ ਬੋਲੀ-"ਇਸਤ੍ਰੀਆਂ ਪੁਰਸ਼ਾਂ ਵਾਂਗ ਧਰਮ ਦੇ ਗਿਆਨ ਤੋਂ ਹੀਣ ਤੇ ਅਨਿਆਈ ਨਹੀਂ ਹੁੰਦੀਆਂ । ਜਦ ਇਕ ਪਤਨੀ ਮਰ ਜਾਏ, ਤਾਂ ਤੁਸੀਂ ਦੂਸਰਾ ਵਿਆਹ ਕਰ ਲੈਂਦੇ ਹੋ-ਇਕ ਨੂੰ ਤਲਾਕ ਦੇ ਕੇ ਹੋਰ ਵਿਆਹ ਕਰਨ ਲਈ ਤਤ ਫਟ ਤਿਆਰ ਹੋ ਜਾਂਦੇ ਹੋ, ਪਰ ਅਸੀਂ ਇਸਤ੍ਰੀਆਂ ਇਕ ਪਤੀ ਤੇ ਹੀ ਸੰਤੋਸ਼ ਰਖਦੀਆ ਹਾਂ............. ਇਹ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਕੇ ਪਤਾ ਨਹੀਂ ਮੈਨੂੰ ਕਿਉਂ ਦੁਖੀ ਕਰ ਰਹੇ ਹੋ ?"
ਆਪਣਾ ਇਹ ਵਾਕ ਮੁਕਾਉਣ ਪਿਛੋਂ ਉਸ ਨੇ ਪੱਖੇ ਨੂੰ ਟੁੱਕੜੇ ਟੁੱਕੜੇ ਕਰ ਦਿਤਾ।
ਪਤੀ ਨੇ ਕਿਹਾ-"ਸ਼ਾਂਤੀ ਕਰੋ, ਜੇ ਕਦੀ ਅਜਿਹਾ ਸਮਾਂ ਆਇਆ, ਤਾਂ ਮੈਨੂੰ ਆਸ ਹੈ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ, ਏਸੇ ਤਰ੍ਹਾਂ ਹੀ ਕਰੋਗੇ |"
ਇਸ ਤੋਂ ਬੜੇ ਦਿਨ ਪਿਛੋਂ ਅਚਾਨਕ ਹੀ ਚੋਯਾਂਗ ਬਹੁਤ ਬੀਮਾਰ ਹੋ ਗਿਆ ਤੇ ਦਿਨੋ ਦਿਨ ਹਾਲਤ ਵਿਗੜਦੀ ਗਈ । ਇਕ ਦਿਨ ਉਨ੍ਹਾਂ ਨੇ ਪਤਨੀ ਨੂੰ ਆਖਿਆ-“ਹੁਣ ਦੁਨੀਆ ਤੋਂ ਮੇਰਾ ਸੰਬੰਧ ਟੁੱਟ ਰਿਹਾ ਹੈ ਤੇ ਤੁਹਾਡੇ ਪਾਸੋਂ ਵਿਦਾਇਗੀ ਲੈਣ ਦਾ ਸਮਾਂ ਨੇੜੇ ਆ ਗਿਆ ਹੈ । ਓਸ ਦਿਨ ਤੁਸੀਂ ਉਸ ਪੱਖੇ ਨੂੰ ਤੋੜ ਕੇ ਬੇਵਕੂਫੀ ਕੀਤੀ ਸੀ । ਜੇ ਅਜ ਉਹ ਮੌਜੂਦ ਹੁੰਦਾ, ਤਾਂ ਮੇਰੀ ਕਬਰ ਦੀ

ਹੈ ਜ਼ਮੀਨ ਸਕਾਉਣ ਦੇ ਕੰਮ ਆਉਂਦਾ |"

ਅੱਥਰੂ ਭਰੀਆਂ ਅੱਖੀਆਂ ਨਾਲ ਪਤਨੀ ਬੋਲੀ- "ਅਜਿਹੇ ਸਮੇਂ ਤੁਸੀ ਮੇਰੇ ਤੇ ਸ਼ੱਕ ਨਾ ਕਰੋ । ਕੀ ਮੈਂ ਧਾਰਮਿਕ ਪੁਸਤਕਾਂ ਨਹੀਂ ਪੜੀਆਂ ? ਪਤੀ ਰਵੇ ਜਾਂ ਨਾ, ਤੀਵੀਂ ਨੂੰ ਇਕ ਪਤੀ ਤੇ ਹੀ ਸੰਤੋਸ਼ ਰਖਣਾ ਚਾਹੀਦਾ ਹੈ, ਕੀ ਮੈਂ ਉਨ੍ਹਾਂ ਗ੍ਰੰਥਾਂ ਵਿਚੋਂ ਇਹ ਸਿਖਿਆ ਨਹੀਂ ਪਾਈ ? ਜੇ ਤੁਹਾਨੂੰ ਮੇਰੀ ਨਿਸ਼ਕਪਟਤਾ ਉੱਤੇ ਵਿਸ਼ਵਾਸ ਨਾ ਹੋਵੇ, ਤਾਂ ਆਖੋ-ਮੈਂ ਤੁਹਾਡੇ ਸਾਮਣੇ ਮਰ ਕੇ ਆਪਣੀ ਸਚਾਈ ਦਾ ਸਬੂਤ ਦੇ ਦਿਆਂ ।"
ਥੱਕੀ ਹੋਈ ਆਵਾਜ਼ ਵਿਚ ਚੋਯਾਂਗ ਬੋਲਿਆ- “ਹੁਣ ਮੇਰੀ ਕੋਈ ਇੱਛਾ ਨਹੀਂ-ਮੈਂ ਮਰ ਰਿਹਾ ਹਾਂ-ਮੇਰੀ ਨੈਣ ਜੋਤਨਾ ਘਟਦੀ ਜਾ ਰਹੀ ਹੈ...............|" ਇਹ ਕਹਿੰਦਿਆਂ ਕਹਿੰਦਿਆਂ ਬੁੱਢੇ ਚੀਨੀ ਫਿਲਾਸਰ ਦੀਆਂ ਅੱਖੀਆਂ ਬੰਦ ਹੋ ਗਈਆਂ ਤੇ ਸਾਸ ਰੁਕ ਗਏ।
ਪਤੀ ਦੇ ਮ੍ਰਿਤੂ -ਸਰੀਰ ਤੇ ਸ਼੍ਰੀ ਮਤੀ ਤਿਯੇਨ ਪਛਾੜ ਖਾ ਕੇ ਡਿਗ ਪਈ ਤੇ ਧਾਹਾਂ ਮਾਰ ਮਾਰ ਕੇ ਸ਼ੋਕ ਪ੍ਰਗਟ ਕਰਨ ਲਗੀ । ਓਹ ਦਿਨ ਰਾਤ ਉਦਾਸ ਰਹਿੰਦੀ, ਰੋਂਦੀ ਪਿਟਦੀ ਤੇ ਪਤੀ ਦੇ ਪ੍ਰੇਮ ਅਤੇ ਗਿਆਨ ਨੂੰ ਯਾਦ ਕਰ ਕੇ ਫਾਵੀ ਹੋ ਹੋ ਜਾਂਦੀ ਸੀ । ਚੀਨ ਦੀ ਰੀਤ ਅਨੁਸਾਰ ਚੋਯਾਂਗ ਜਿਹੇ ਵਿਦਵਾਨ ਦੇ ਮਰਨ ਤੇ ਉਸ ਦੇ ਮ੍ਰਿਤੂ-ਸਰੀਰ ਨੂੰ ਚਾਲੀ ਦਿਨ ਇਕ ਪਿੰਜਰੇ ਅੰਦਰ ਰਖਿਆ ਜਾਣਾ ਸੀ। ਗਵਾਂਢੀ ਤੇ ਦੂਰ ਦੂਰ ਦੇ ਲੋਕ ਉਸ ਦੇ ਦਰਸ਼ਨਾਂ ਨੂੰ ਤੇ ਸ਼ੋਕ ਪ੍ਰਗਟ ਕਰਨ ਲਈ ਆਉਂਦੇ ਸਨ। ਬਹੁਤ ਲੋਕ ਆਏ। ਅੰਤ ਇਕ ਹਲਕੇ ਨੀਲੇ ਰੰਗ ਦੀ ਪੋਸ਼ਾਕ ਵਾਲਾ ਸੁਣਖਾ ਜਵਾਨ ਆਇਆ, ਜਿਸ ਨੇ ਸਿਰ ਤੇ ਕਾਲੀ ਟੋਪੀ ਤੇ ਪੈਰੀਂ ਮੱਖਮਲੀ ਜੁੱਤੀ ਪਹਿਨੀ ਹੋਈ ਸੀ । ਓਸ ਦੇ ਨੌਕਰ ਨੇ ਕਿਹਾ ਕਿ ਇਹ ਨੌਜਵਾਨ ਬੜੇ ਅਮੀਰ ਜ਼ਿਮੀਂਦਾਰ ਦਾ ਲੜਕਾ ਹੈ ।

ਯੁਵਕ ਬੋਲਿਆ- 'ਮੈਂ ਬੜੇ ਦਿਨਾਂ ਤੋਂ ਚੋਯਾਂਗ, ਦਾ ਸ਼ਿਸ਼ ਹੋਣ ਦਾ ਵਿਚਾਰ ਕਰ ਰਿਹਾ ਸਾਂ ਤੇ ਮੈਂ ਇਸ ਗੱਲ ਦਾ ਸੁਨੇਹਾ ਵੀ ਉਨਾਂ ਨੂੰ ਘਲਿਆ ਸੀ । ਏਸੇ ਇਰਾਦੇ ਨਾਲ ਮੈਂ ਏਥੇ ਆਇਆ ਸਾਂ,ਪਰ ਏਥੇ ਆ ਕੇ ਸੁਣਿਆ ਹੈ ਕਿ ਉਹ ਪ੍ਰਲੋਕ ਸਿਧਾਰ ਗਏ ਹਨ ।"
ਆਪਣੇ ਸ਼ਰਧਾ ਭਰੇ ਸ਼ੋਕ ਨੂੰ ਪ੍ਰਗਟ ਕਰਨ ਲਈ ਨੌਜਵਾਨ ਨੇ ਆਪਣੇ ਰੰਗੀਨ ਵਸਤਰ ਉਤਾਰ ਕੇ ਸਾਧਾਰਨ ਚਿੱਟੇ ਕਪੜੇ ਪਹਿਨ ਲਏ ਤੇ ਚੋਯਾਂਗ ਦੇ ਪਿੰਜਰੇ ਪਾਸ ਅਸ਼ਟਾਂਗ ਪ੍ਰਣਾਮ ਕਰ ਕੇ ਚਾਰ ਵਾਰ ਮੱਥਾ ਟੇਕਿਆ। ਉਹ ਭਰੇ ਹੋਏ ਗਲੇ ਨਾਲ ਕਹਿ ਰਿਹਾ ਸੀ-“ਮਹਾਂ ਪੰਡਿਤ ਜੀ ! ਮੈਂ ਬਹੁਤ ਅਭਾਗਾ ਹਾਂ..........!! ਏਸ ਲਈ ਮੈਨੂੰ ਤੁਹਾਡੇ ਕੋਲੋਂ ਸਿਖਿਆ ਲੈਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਫੇਰ ਵੀ ਤੁਹਾਡਾ ਹਾਂ ਤੇ ਤੁਹਾਡੀ ਯਾਦ ਵਿਚ ਸ਼ਰਧਾ ਭੇਟ ਕਰਨ ਲਈ ਸੌ ਦਿਨ ਤਕ ਮੈਂ ਏਥੇ ਰਹਿ ਕੇ ਸ਼ੋਕ ਪ੍ਰਗਟ ਕਰਾਂਗਾ।
ਇਹ ਕਹਿ ਕੇ ਉਸ ਨੇ ਫੇਰ ਚਾਰ ਵਾਰੀ ਮੱਥਾ ਟੇਕਿਆਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਡੁਬ ਡੁਬਾ ਰਹੇ ਸਨ । ਜਦ ਉਹ ਕੁਛ ਸ਼ਾਂਤ ਹੋਇਆ, ਤਾਂ ਓਸ ਨੇ ਸ੍ਰੀ ਮਤੀ ਤਿਯੇਨ ਨੂੰ ਨਮਸਤੇ ਕਰਨ ਦੀ ਇੱਛਾ ਪ੍ਰਗਟ ਕੀਤੀ। ਸ੍ਰੀ ਮਤੀ ਤਿਯੇਨ ਨੇ ਉਸ ਦੇ ਸਾਮਣੇ ਆਉਣ ਤੋਂ ਤਿੰਨ ਵਾਰ ਤਾਂ ਇਨਕਾਰ ਕੀਤਾ, ਪਰ ਜਦ ਉਸ ਨੂੰ ਇਹ ਕਿਹਾ ਗਿਆ ਕਿ ਸ਼ਾਸਤ੍ਰ ਅਨੁਸਾਰ ਗੁਰੂ ਦੀ ਪਤਨੀ ਸ਼ਿਸ਼ ਨੂੰ ਬੇਝਿਜਕ ਮਿਲ ਸਕਦੀ ਹੈ, ਤਾਂ ਉਹ ਬਾਹਰ ਆਉਣ ਲਈ ਰਜ਼ਾਮੰਦ ਹੋ ਗਈ ।
ਅੱਖਾਂ ਨੀਵੀਆਂ ਪਾਈ ਜ਼ਿਮੀਦਾਰ ਯੁਵਕ ਦੀ ਨਮਸਤੇ ਸਵੀਕਾਰ ਕਰ ਕੇ ਜਦ ਸ੍ਰੀ ਮਤੀ ਤਿਯੇਨ ਨੇ ਜਾਂ ਅੱਖ ਚੁੱਕੀ, ਤਾਂ ਉਸ ਦੀ

ਸੁੰਦ੍ਰਤਾ ਵੇਖ ਕੇ ਉਹ ਹੈਰਾਨ ਰਹਿ ਗਈ। ਉਸ ਨੇ ਅਤਿਥੀ ਨੂੰ ਆਪਣੇ ਘਰ ਵਿਚ ਰਹਿਣ ਦੀ ਪ੍ਰਾਰਥਨਾ ਕੀਤੀ ਤੇ ਪ੍ਰਸ਼ਾਦ ਤਿਆਰ ਹੋਣ ਤੇ ਸਾਮਣੇ ਬਿਠਾ ਕੇ ਖੁਆਇਆ । ਥੋੜੇ ਚਿਰ ਪਿਛੋਂ ਜਦ ਦੋਵਾਂ ਵਿਚ ਬੇ-ਸੰਕੋਚੀ ਹੋ ਗਈ, ਤਾਂ ਸ੍ਰੀ ਮਤੀ ਤਿਯੇਨ ਨੇ ਪਤੀ ਦੇ ਸਭ ਨਾਲੋਂ ਪਿਆਰੇ ਦੋ ਗ੍ਰੰਥ ਲਿਆ ਕੇ ਉਸ ਦੀ ਭੇਟਾ ਕੀਤੇ | ਕੁਮਾਰ ਹਰ ਰੋਜ਼ ਗੁਰੂ ਦੇ ਪਿੰਜਰੇ ਪਾਸ ਬੈਠ ਕੇ ਸ਼ੋਕ ਪ੍ਰਗਟ ਕਰਦਾ, ਤੇ ਪਾਸ ਖੜੀ ਸ੍ਰੀ ਮਤੀ ਤਿਯੇਨ ਭੀ ਠੰਡੀਆਂ ਆਹਾਂ ਭਰਦੀ | ਨਿਤ ਦਾ ਇਹ ਸ਼ੋਕ-ਵਿਵਹਾਰ ਉਨਾਂ ਦੋਹਾਂ ਦੇ ਪ੍ਰੇਮ ਵਿਚ ਇਕ ਤਕੜੀ ਰੁਕਾਵਟ ਸੀ। ਉਹ ਇਕ ਦੂਜੇ ਨਾਲ ਰਜਵੀਆਂ ਗੱਲਾਂ ਕਰਦੇ ਤੇ ਜਿਉਂ ਜਿਉਂ ਸਮਾਂ ਬੀਤਦਾ ਗਿਆ, ਉਨਾਂ ਦੇ ਦਿਲ ਵਿਚ ਪ੍ਰੇਮ ਦੀ ਵੇਲ ਆਪ ਤੋਂ ਆਪ ਵਧਦੀ ਚਲੀ ਗਈ । ਸ਼੍ਰੀ ਮਤੀ ਤਿਯੇਨ ਪ੍ਰੇਮ ਵਿਚ ਪਾਗਲ ਹੋ ਚੁਕੀ ਸੀ। ਅਤਿਥੀ ਬਾਰੇ ਕੁਛ ਪੁੱਛਣ ਦੇ ਖ਼ਿਆਲ ਨਾਲ ਇਕ ਦਿਨ ਸ੍ਰੀ ਤਿਯੇਨ ਨੇ ਕੁਮਾਰ ਦੇ ਨੌਕਰ ਨੂੰ ਆਪਣੇ ਖਾਸ ਕਮਰੇ ਵਿਚ ਬੁਲਾ ਭੇਜਿਆ ਤੇ ਉਸ ਨੂੰ ਥੋੜੀ ਜਿੰਨੀ ਸ਼ਰਾਬ ਪਿਲਾ ਕੇ ਕਹਿਣ ਲਗੀ-ਤੇਰਾ ਮਾਲਿਕ ਵਿਆਹਿਆ ਹੋਇਆ ਹੈ ਯਾ ਨਹੀਂ ?"
ਨੌਕਰ ਨੇ ਕਿਹਾ-“ਮੇਰੇ ਮਾਲਿਕ ਦਾ ਅਜੇ ਤੱਕ ਵਿਆਹ ਨਹੀਂ ਹੋਇਆ |"
ਸ੍ਰੀ ਮਤੀ ਤਿਯੇਨ ਪੱਛਿਆ- “ਉਹ ਕਿਹੜੇ ਗੁਣਾਂ ਵਾਲੀ ਸਭਾਗ ਇਸਤ੍ਰੀ ਨੂੰ ਆਪਣੀ ਪਤਨੀ ਬਨਾਉਣਾ ਚਾਹੁੰਦੇ ਹਨ ?"
ਨੌਕਰ ਨੇ ਕਿਹਾ-“ਮੇਰਾ ਮਾਲਿਕ ਕਹਿੰਦਾ ਹੈ ਕਿ ਜੇ ਮੈਨੂੰ ਆਪ ਵਰਗੀ ਸੁੰਦਰੀ 'ਮਿਲ ਜਾਏ, ਤਾਂ ਮੇਰੀ ਜਵਾਨੀ ਦੀਆਂ ਇਛਾਆਂ ਪੂਰਨ ਹੋ ਜਾਣ ।"
ਸ੍ਰੀ ਮਤੀ ਤਿਯੇਨ ਖੁਸ਼ ਹੋ ਕੇ ਬੋਲੀ-"ਕੀ ਉਨਾਂ ਨੇ ਸੱਚ

ਮੁੱਚ ਇਹੋ ਕਿਹਾ ਹੈ ?"
ਨੌਕਰ ਨੇ ਆਖਿਆ-“ਭਲਾ, ਮੇਰੇ ਵਰਗਾ ਬੁੱਢਾ ਆਦਮੀ ਤੁਹਾਡੇ ਪਾਸ ਝੂਠੀ ਗੱਲ ਕਹਿ ਸਕਦਾ ਹੈ |"
"ਜੇ ਇਹ ਠੀਕ ਹੈ ਤਾਂ ਤੇ ਸਾਡੇ ਦੋਹਾਂ ਦੇ ਵਿਆਹ ਦੀ ਗੱਲ ਬਾਤ ਪੱਕੀ ਕਰਾ ਦੇ ।"
ਨੌਕਰ ਨੇ ਕਿਹਾ-"ਇਸ ਬਾਰੇ ਮਾਲਿਕ ਮੇਰੇ ਨਾਲ ਕਈ ਵਾਰ ਗੱਲਾਂ ਵੀ ਕਰ ਚੁੱਕਾ ਹੈ। ਉਹ ਤੁਹਾਡੇ ਨਾਲ ਵਿਆਹ ਕਰਨ ਲਈ ਪਾਗਲ ਹੈ, ਪਰ ਇਹ ਵਿਆਹ ਹੋ ਨਹੀਂ ਸਕਦਾ । ਇਸ ਲਈ ਕਿ ਤੁਹਾਡੇ ਦੋਵਾਂ ਵਿਚ ਗੁਰੂ-ਪਤਨੀ ਤੇ ਸ਼ਿਸ਼ ਦਾ ਸੰਬੰਧ ਹੈ । ਲੋਕ ਨਿੰਦਾ ਕਰਨਗੇ ।"
ਸ੍ਰੀ ਮਤੀ 'ਤਿਯੇਨ ਬੋਲੀ-“ਕੁਮਾਰ ਮੇਰੇ ਪਤੀ ਦੇ ਕਦੀ ਵੀ ਸ਼ਿਸ਼ ਨਹੀਂ ਬਣੇ ਤੇ ਸਾਡੇ ਗਵਾਂਢੀ ਸਭ ਮਾਮੂਲੀ ਆਦਮੀ ਹਨ । ਉਹ ਨਿੰਦਾ ਕਰਨ ਦਾ ਹੌਸਲਾ ਕਦੇ ਕਰ ਹੀ ਨਹੀਂ ਸਕਦੇ ।"
ਰਾਹ ਦੇ ਰੋੜੇ ਹਟਣ ਦਾ ਵਿਸ਼ਵਾਸ ਲੈ ਕੇ ਨੌਕਰ ਨੇ ਮਾਲਿਕ ਨਾਲ ਸਾਰੀ ਗੱਲ ਕਰਨ ਦਾ ਭਾਰ ਆਪਣੇ ਸਿਰ ਲੈ ਲਿਆ ਤੇ ਓਸ ਨੇ ਇਕਰਾਰ ਕੀਤਾ ਕਿ ਮੈਂ ਸਾਰੀ ਗਲ ਬਾਤ ਦਾ ਨਤੀਜਾ ਛੇਤੀ ਤੋਂ ਛੇਤੀ ਦਸ ਦਿਆਂਗਾ ।
ਨੌਕਰ ਦੇ ਜਾਣ ਪਿਛੋਂ ਸ੍ਰੀ ਮਤੀ ਤਿਯੇਨ ਖੁਸ਼ੀ ਨਾਲ ਪਾਗਲ ਹੋ ਗਈ। ਉਹ ਘੜੀ ਮੁੜੀ ਓਸ ਕਮਰੇ ਵਲ ਜਾਣ ਲਗੀ ਜਿਥੇ ਮੋਏ ਪਤੀ ਦਾ ਮ੍ਰਿਤੂ-ਸਰੀਰ ਰਖਿਆ ਹੋਇਆ ਸੀ । ਓਸ ਨੇ ਕਈ ਵਾਰ ਕੁਮਾਰ ਦੇ ਕਮਰੇ ਦੀ ਖਿੜਕੀ ਨਾਲ ਕੰਨ ਲਾ ਕੇ ਨੌਕਰ ਤੇ ਕੁਮਾਰ ਦੀ ਗੱਲ ਬਾਤ ਸੁਣਨ ਦੀ ਚੇਸ਼ਟਾ ਕੀਤੀ, ਪਰ ਕੋਈ ਆਵਾਜ਼ ਸੁਣਾਈ ਨ ਦਿਤੀ । ਏਸ ਤੋਂ ਥੋੜੇ ਚਿਰ ਪਿਛੋ ਜਦ ਉਹ ਪਤੀ ਦੀ ਲਾਸ਼ ਪਾਸੋਂ ਲੰਘ ਰਹੀ ਸੀ ਤਾਂ ਉਸ ਜ਼ੋਰ ਜ਼ੋਰ ਦਾ

ਸਾਹ ਲੈਣ ਦੀ ਆਵਾਜ਼ ਸੁਣਾਈ ਦਿੱਤੀ। ਓਸ ਨੇ ਡਰ ਨਾਲ ਚੀਖ਼ ਮਾਰੀ-"ਕੀ ਮੁਰਦਾ ਫਿਰ ਜੀਉ ਪਿਆ ?"
ਪਰ ਓਸ ਨੇ ਮਧਮ ਰੌਸ਼ਨੀ ਵਿਚ ਵੇਖਿਆ ਕਿ ਪਤੀ ਦੇ ਬਿਸਤਰੇ ਉਤੇ ਕੁਮਾਰ ਦਾ ਨੌਕਰ ਸੌਂ ਰਿਹਾ ਹੈ । ਇਹ ਵੇਖ ਕੇ ਉਸ ਦੇ ਦਿਲ ਦੀ ਸਾਰੀ ਘਬਰਾਹਟ ਦੂਰ ਹੋ ਗਈ। ਜੇ ਕੋਈ ਹੋਰ ਹੁੰਦਾ ਤਾਂ ਉਹ ਉਸ ਨੂੰ ਚੰਗੀ ਤਰਾਂ ਡਾਂਟ ਡਪਟ ਪਾਉਂਦੀ, ਪਰ ਇਸ ਸਮੇਂ ਉਹ ਕੁਛ ਨਾ ਬੋਲੀ। ਦੂਸਰੇ ਦਿਨ ਜਦ ਨੌਕਰ ਓਸ ਦੇ ਸਾਮਣੇ ਆਇਆ, ਤਾਂ ਓਸ ਨੇ ਬਿਸਤਰੇ ਉੱਤੇ ਸੌਣ ਦਾ ਜ਼ਿਕਰ ਨਾ ਕੀਤਾ | ਓਸ ਦੇ ਅਧੀਰ ਪ੍ਰਸ਼ਨ ਦੇ ਉੱਤਰ ਵਿਚ ਨੌਕਰ ਨੇ ਕਿਹਾ ਕਿ ਕਲ ਸ਼ਾਮ ਨੂੰ ਜੋ ਗੱਲਾਂ ਹੋਈਆਂ ਸਨ। ਉਨਾਂ ਨਾਲ ਕੁਮਾਰ ਨੂੰ ਕੁਝ ਸੰਤੋਸ਼ ਹੋ ਗਿਆ ਸੀ, ਪਰ ਤਿੰਨ ਗੱਲਾਂ ਅਜਿਹੀਆਂ ਹਨ ਜਿਨਾਂ ਕਰ ਕੇ ਉਹ ਹਿਚ-ਕਿਚਾ ਰਿਹਾ ਹੈ ।
"ਓਹ ਤਿੰਨ ਗੱਲਾਂ ਕਿਹੜੀਆਂ ਹਨ ?" ਸ਼੍ਰੀ ਮਤੀ ਤਿਯੇਨ ਨੇ ਪੁੱਛਿਆ।
ਨੌਕਰ ਨੇ ਕਿਹਾ-“ਪਹਿਲੀ ਤਾਂ ਇਹ ਕਿ ਰਿਵਾਜ ਅਨੁਸਾਰ ਵਿਆਹ ਸਮੇਂ ਮ੍ਰਿਤੂ -ਸਰੀਰ ਮਕਾਨ ਦੇ ਅੰਦਰ ਨਹੀਂ ਹੋਣਾ ਚਾਹੀਦਾ ਦੂਸਰੀ ਇਹ ਕਿ ਚੋਯਾਂਗ ਆਪਣੀ ਪਤਨੀ ਨਾਲ ਬਹੁਤ ਪ੍ਰੇਮ ਕਰਦੇ ਸਨ ਤੇ ਉਨ੍ਹਾਂ ਦੀ ਵਿਦਵਤਾ ਲਈ ਉਨਾਂ ਦੀ ਪਤਨੀ ਵੀ ਉਨ੍ਹਾਂ ਨਾਲ ਬਹੁਤ ਪ੍ਰੇਮ ਕਰਦੀ ਰਹੀ ਹੋਵੇਗੀ, ਇਸ ਲਈ ਕੁਮਾਰ ਨੂੰ ਸ਼ੱਕ ਹੈ ਕਿ ਕਿਤੇ ਦੂਸਰੇ ਪਤੀ ਲਈ ਪ੍ਰੇਮ ਬਚਿਆ ਹੀ ਨਾ ਹੋਵੇ; ਤੀਸਰੀ ਇਹ ਕਿ ਕੁਮਾਰ ਆਪਣੇ ਨਾਲ ਬਹੁਤ ਸਾਮਾਨ ਤੇ ਰੁਪਇਆਂ ਨਹੀਂ ਲਿਆਇਆ ਨਾਲੇ ਓਸ ਪਾਸ ਵਿਆਹ ਲਈ ਕੋਈ ਕੀਮਤੀ ਪੋਸ਼ਾਕ ਨਹੀਂ।"
ਉਹ ਬੋਲੀ-"ਸਾਡੇ ਵਿਆਹ ਵਿਚ ਇਨ੍ਹਾਂ ਗੱਲਾਂ ਦੀ ਕੋਈ ਰੋਕ ਨਹੀਂ ਪੈ ਸਕਦੀ। ਪਹਿਲੀ ਗੱਲ ਬਾਰੇ ਮੇਰਾ ਇਹ ਉੱਤਰ ਹੈ ਕਿ ਮੈਂ ਉਸ ਪਿੰਜਰੇ ਨੂੰ ਚੁੱਪ ਚਾਪ ਚੁਕਾ ਕੇ ਮਕਾਨ ਦੇ ਪਿਛਵਾੜੇ

ਨੌਕਰਾਂ ਦੇ ਕਿਸੇ ਕਮਰੇ ਵਿਚ ਰਖਵਾ ਸਕਦੀ ਹਾਂ; ਦੂਸਰੀ ਬਾਰੇ-ਮੇਰੇ ਪਤੀ ਵਿਦਵਾਨ ਤਾਂ ਜ਼ਰੂਰ ਸਨ, ਪਰ ਉਹ ਸਦਾਚਾਰੀ ਨਹੀਂ ਸਨ ਪਹਿਲੀ ਪਤਨੀ ਦੀ ਮੌਤ ਪਿਛੋਂ ਉਨਾਂ ਨੇ ਦੂਸਰਾ ਵਿਆਹ ਕੀਤਾ, ਪਿਛੋਂ ਉਸ ਪਤਨੀ ਨੂੰ ਤਲਾਕ ਦੇ ਦਿੱਤਾ ਤੇ ਬੀਮਾਰ ਪੈਣ ਤੋਂ ਕੁਛ ਦਿਨ ਪਹਿਲਾਂ ਉਨਾਂ ਨੇ ਇਕ ਵਿਧਵਾ ਨਾਲ ਬਹੁਤ ਹੀ ਨਿੰਦਾਜਨਕ ਟਿਚਕਰ ਕੀਤੀ ਸੀ, ਜੋ ਆਪਣੇ ਮੋਏ ਹੋਏ ਪਤੀ ਦੀ ਕਬਰ ਤੇ ਪੱਖਾ ਝਲ ਰਹੀ ਸੀ। ਫੇਰ ਤੇਰੇ ਮਾਲਿਕ-ਨੌਜਵਾਨ, ਸੁੰਦਰ ਤੇ ਧਨਵਾਨ ਹੁੰਦੇ ਹੋਏ ਵੀ ਮੇਰੇ ਪ੍ਰੇਮ ਬਾਰੇ ਕਿਉਂ ਸ਼ੱਕ ਕਰ ਰਹੇ ਹਨ ? ਤੀਸਰੀ ਗੱਲ ਇਹ ਕਿ ਵਿਆਹ ਦੇ ਖ਼ਰਚ ਦੇ ਵਿਸ਼ੇ ਵਿਚ ਤੇਰੇ ਮਾਲਿਕ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜੋ ਕੁਝ ਖ਼ਰਚ ਹੋਵੇਗਾ, ਉਹ ਮੈਂ ਦਿਆਂਗੀ । ਏਸੇ ਵੇਲੇ ਮੇਰੇ ਪਾਸ ਛੇ ਸੌ ਰੁਪਏ ਹਨ; ਉਹ ਮੈਂ ਬੜੀ ਖੁਸ਼ੀ ਨਾਲ ਦੇ ਸਕਦੀ ਹਾਂ। ਜਾਓ-ਜੋ ਕੁਛ ਮੈਂ ਕਿਹਾ ਹੈ, ਕੁਮਾਰ ਨੂੰ ਜਾ ਕੇ ਕਹੋ, ਉਨਾਂ ਨੂੰ ਇਹ ਵੀ ਕਹਿਣਾ ਕਿ ਵਿਆਹ ਵਾਸਤੇ ਅੱਜ ਦਾ ਦਿਨ ਸ਼ੁਭ ਹੈ-ਅਜੇਹਾ ਸ਼ੁਭ ਦਿਨ ਫੇਰ ਨਹੀਂ ਮਿਲੇਗਾ ।”
ਛੇ ਸੌ ਰੁਪਏ ਹੱਥ ਵਿਚ ਲੈ ਕੇ ਨੌਕਰ ਆਪਣੇ ਮਾਲਿਕ ਪਾਸ ਆਇਆ ਤੇ ਬੜੇ ਹੀ ਚਿਰ ਪਿਛੋਂ ਵਾਪਸ ਆ ਕੇ ਕਿਹਾ ਕਿ ਕੁਮਾਰ ਅੱਜ ਹੀ ਵਿਆਹ ਕਰਨ ਲਈ ਤਿਆਰ ਹਨ।
ਇਹ ਖੁਸ਼ੀ ਭਰੀ ਗੱਲ ਸੁਣ ਕੇ ਸ਼੍ਰੀ ਮਤੀ ਤਿਯੇਨ ਨੇ ਮਾਤਮੀ ਕੱਪੜੇ ਲਾਹ ਕੇ ਵਿਆਹ ਦੀ ਰੰਗੀਨ ਪੋਸ਼ਾਕ ਪਾਈ ਤੇ ਚੰਗੀ ਤਰ੍ਹਾਂ ਹਾਰ ਸ਼ਿੰਗਾਰ ਲਾਇਆ | ਉਸ ਨੇ ਨੌਕਰ ਨੂੰ ਕਿਹਾ ਕਿ ਮ੍ਰਿਤੂ ਸਰੀਰ ਨੂੰ ਕਿਸੇ ਨੌਕਰ ਦੇ ਕਮਰੇ ਵਿਚ ਰੱਖ ਆਵੇ ਤੇ ਵਿਆਹ-ਉਤਸ਼ਵ ਦਾ ਪ੍ਰਬੰਧ ਕਰੇ। ਉਹ ਆਪ ਵੀ ਰੋਸ਼ਨੀ ਤੇ ਮਕਾਨ ਦੀ ਸਜਾਵਟ ਦੇ ਪ੍ਰਬੰਧ ਵਿਚ ਲਗ ਗਈ । ਜਦ ਵਿਆਹ ਦਾ ਸਮਾਂ ਆਇਆ,ਤਾਂ ਸ੍ਰੀ ਮਤੀ ਤਿਯੇਨ ਤੇ ਕੁਮਾਰ-ਦੂਲਾ ਦੁਲਹਨ ਦੇ ਵੱਸ ਵਿਚ-ਵਿਆਹ ਮੰਡਪ ਵਿਚ


ਪ੍ਰੋਹਿਤ ਦੇ ਸਾਹਮਣੇ ਆ ਕੇ ਖੜੇ ਹੋ ਗਏ; ਪ੍ਰੋਹਿਤ ਨੇ ਵਿਆਹ ਕਰ ਦਿੱਤਾ। ਉਹ ਬਹੁਤ ਖੁਸ਼ ਸਨ । ਉਨ੍ਹਾਂ ਦੇ ਚਿਹਰੇ ਤੇ ਪ੍ਰੇਮ-ਭਰੀ ਮੁਸਰਾਹਟ ਨੱਚ ਰਹੀ ਸੀ । ਖਾਣਾ ਖਾਣ ਪਿਛੋਂ ਕੁਮਾਰ ਬੜੇ ਪ੍ਰੇਮ ਨਾਲ ਓਸ ਨੂੰ ਸੁਹਾਗ-ਰਾਤ ਦੇ ਕਮਰੇ ਵਿਚ ਲੈ ਗਏ । ਉਹ ਬੜਾ ਚਿਰ ਗੱਪ ਸ਼ਪ ਮਾਰਦੇ ਰਹੇ । ਏਕਾ ਏਕੀ ਕੁਮਾਰ ਧਰਤੀ ਤੇ ਡਿਗ ਪਿਆ ਤੇ ਹੱਥ ਪੈਰ ਫੜਫੜਾਉਂਦਾ ਛਾਤੀ ਕੁਟਨ ਲਗ ਪਿਆ।
ਇਹ ਦੇਖ ਕੇ ਸ਼੍ਰੀ ਮਤੀ ਤਿਯੇਨ ਨੇ ਘਬਰਾ ਕੇ ਕੁਮਾਰ ਨੂੰ ਤਰਾਂ ਤਰਾਂ ਦੇ ਆਰਾਮ ਦੇਣ ਦਾ ਯਤਨ ਕੀਤਾ ਪਰ ਜਦੋਂ ਕੋਈ ਫਾਇਦਾ ਹੁੰਦਾ ਨਜ਼ਰ ਨਾ ਆਇਆ, ਤਾਂ ਉਸ ਨੇ ਕੁਮਾਰ ਦੇ ਨੌਕਰ ਨੂੰ ਬੁਲਾ ਭੇਜਿਆ ।
ਸ੍ਰੀ ਮਤੀ ਤਿਯੇਨ ਨੇ ਨੌਕਰ ਨੂੰ ਪੁੱਛਿਆ-"ਕੀ ਤੇਰੇ ਮਾਲਿਕ ਨੂੰ ਮ੍ਰਿਗੀ ਦੀ ਸ਼ਕਾਇਤ ਹੈ ?"
ਨੋਕਰ ਨੇ ਕਿਹਾ-“ਜੀ ਹਾਂ, ਪਰ ਇਸ ਨੂੰ ਕਿਸੇ ਵੀ ਦਵਾਈ ਨਾਲ ਫਾਇਦਾ ਨਹੀਂ ਹੋਵੇਗਾ; ਸਿਰਫ ਇਕੋ ਹੀ ਚੀਜ਼ ਹੈ ਜਿਸ ਨਾਲ ਫਾਇਦਾ ਹੋ ਸਕਦਾ ਹੈ ।”
"ਓਹ ਕੀ ?"
ਨੌਕਰ ਨੇ ਕਿਹਾ- “ਕਿਸੇ ਮਨੁੱਖ ਦੇ ਮਗਜ਼ ਨੂੰ ਸ਼ਰਾਬ ਵਿਚ ਉਬਾਲ ਕੇ ਖੁਆਉਣ ਨਾਲ ਇਹ ਝਟ ਹੋਸ਼ ਵਿਚ ਆ ਜਾਣਗੇ ।ਆਪਣੇ ਸ਼ਹਿਰ ਵਿਚ ਜਦ ਕਦੀ ਵੀ ਇਹਨਾਂ ਨੂੰ ਮ੍ਰਿਗੀ ਪੈ ਜਾਂਦੀ ਸੀ ; ਤਾਂ ਉਨਾਂ ਦੇ ਪਿਤਾ-ਰਾਜਾ ਸਾਹਿਬ, ਇਕ ਆਦਮੀ ਨੂੰ ਮਰਵਾ ਕੇ ਓਸ ਦਾ ਮਗਜ਼ ਕੱਢ ਕੇ ਖੁਆਉਂਦੇ ਸਨ; ਪਰ ਏਥੇ ਕਿਸ ਤਰਾਂ ਅਜਿਹੀ ਦਵਾ ਮਿਲ ਸਕੇਗੀ ?"
ਉਸ ਨੇ ਪੁੱਛਿਆ-“ਕੀ ਅਜਿਹੇ ਆਦਮੀ ਦੇ ਮਗਜ਼ ਨਾਲ ਫਾਇਦਾ ਹੋ ਸਕਦਾ ਹੈ, ਜੋ ਸਵਭਾਵਿਕ ਮ੍ਰਿਤੂ ਨਾਲ ਮਰ ਗਿਆ ਹੋਵੇ ?"

"ਹਾਂ, ਪਰ ਓਸ ਆਦਮੀ ਦੀ ਮ੍ਰਿਤੂ ਉਨਿੰਜਾ ਦਿਨ ਦੇ ਅੰਦਰ ਅੰਦਰ ਹੋਈ ਹੋਵੇ।"
"ਤਦ ਤਾਂ ਮੇਰੇ ਪਤੀ ਦੇ ਮਗਜ਼ ਨਾਲ ਹੀ ਕੰਮ ਸਰ ਜਾਏਗਾ। ਓਸ ਨੂੰ ਮੋਇਆਂ ਅਜੇ ਵੀਹ ਦਿਨ ਹੀ ਹੋਏ ਹਨ। ਉਨ੍ਹਾਂ ਦਾ ਪਿੰਜਰਾ ਖੋਲ ਕੇ ਚੁੱਪ ਚਾਪ ਹੀ ਮਗਜ਼ ਕਢਿਆ ਜਾ ਸਕਦਾ ਹੈ |"
"ਪਰ ਕੀ ਤੁਸੀਂ ਅਜਿਹਾ ਕਰ ਸਕੋਗੇ ?"
"ਕਿਉਂ ਨਹੀਂ ! ਕੁਮਾਰ ਤੇ ਮੈਂ ਹੁਣ ਪਤੀ-ਪਤਨੀ ਹਾਂ ਹਰ ਇਕ ਪਤਨੀ ਦਾ ਤਨ,ਮਨ ਤੇ ਧਨ ਨਾਲ ਪਤੀ ਦੀ ਸੇਵਾ ਕਰਨਾ ਫਰਜ਼ ਹੈ, ਫੇਰ ਪਤੀ ਨੂੰ ਸੁਰਜੀਤ ਕਰਨ ਵਾਸਤੇ ਇਕ ਮ੍ਰਿਤੂ ਆਦਮੀ ਦੇ ਸਿਰ ਦਾ ਮਗਜ਼ ਕੱਢਣ ਵਿਚ ਕੀ ਹਰਜ ਹੈ ?"
ਨੌਕਰ ਨੂੰ ਮਾਲਿਕ ਪਾਸ ਰਹਿਣ ਲਈ ਕਹਿਕੇ, ਉਹ ਇਕ ਕੁਹਾੜੀ ਲੈ ਕੇ ਨੌਕਰਾਂ ਦੇ ਕਮਰੇ ਵਲ ਗਈ, ਜਿਥੇ ਮ੍ਰਿਤੂ-ਸਰੀਰ ਰਖਿਆ ਹੋਇਆ ਸੀ । ਮੋਮਬੱਤੀ ਬਾਲ ਕੇ ਇਕ ਪਾਸੇ ਰਖ ਦਿੱਤੀ, ਤੇ ਉਹ ਦੋਹਾਂ ਹੱਥਾਂ ਨਾਲ ਕੁਹਾੜੀ ਫੜ ਕੇ, ਦੰਦ ਕੂਚਦੀ ਹੋਈ ਪਿੰਜਰੇ ਉਤੇ ਵਾਰ ਕਰਨ ਲਗ ਪਈ । ਇਕੀਵੇਂ ਵਾਰ ਨਾਲ ਪਿੰਜਰੇ ਦੀ ਉਪਰਲੀ ਲਕੜੀ ਟੁੱਟ ਕੇ ਡਿਗੀ ਤਾਂ ,ਪਿੰਜਰੇ ਦਾ ਢੱਕਨ ਖੁਲ ਗਿਆ । ਥਕਾਵਟ ਨਾਲ ਹਫਦਿਆਂ ਹੋਇਆਂ ਓਸ ਨੇ ਮੁਰਦੇ ਦੇ ਸਿਰ ਤੇ ਵਾਰ ਕਰਨ ਲਈ ਤਿਆਰ ਹੋ ਕੇ ਮ੍ਰਿਤੂ-ਸਰੀਰ ਵਲ ਵੇਖਿਆ। ਇਹ ਵੇਖ ਕੇ ਓਸ ਦੀ ਹੈਰਾਨੀ ਤੇ ਭੈ ਦੀ ਹੱਦ ਨਾ ਰਹੀ ਕਿ ਚੋਯਾਂਗ ਨੇ ਦੋ ਵਾਰ ਲੰਮਾ ਸਾਹ ਲਿਆ | ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਹੌਲੀ ਹੌਲੀ ਉਠ ਕੇ ਬੈਠ ਗਿਆ | ਓਹ ਚੀਖ਼ ਕੇ ਪਿਛੇ ਹਟ ਗਈ ਤੇ ਓਸ ਦੇ ਕੰਬਦੇ ਹੋਏ ਹੱਥਾਂ ਵਿਚੋਂ ਕੁਹਾੜੀ ਡਿਗ ਪਈ।
"ਪਿਆਰੀ ! ਦਾਰਸ਼ਨਿਕ 'ਚੋਯਾਂਗ ਨੇ ਕਿਹਾ-ਮੈਨੂੰ ਉਠਨ ਵਿਚ ਸਹਾਇਤਾ ਦੇ |"

ਉਹ ਮੌਤੋਂ ਜਾਗੇ ਪਤੀ ਦੀ ਸਹਾਇਤਾ ਵਾਸਤੇ ਅਗੇ ਵਧੀ ਤੇ ਪਤੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ | ਚੋਯਾਂਗ ਮੋਮ ਬੱਤੀ ਹੱਥ ਵਿਚ ਲਈ ਅੱਗੇ ਅੱਗੇ ਮਕਾਨ ਵਲ ਤੁਰ ਪਿਆ। ਮਕਾਨ ਵਿਚ ਜਾ ਕੇ ਪਤੀ ਨੂੰ ਕੀ ਦ੍ਰਿਸ਼ ਵੇਖਣ ਨੂੰ ਮਿਲੇਗੀ । ਸ਼੍ਰੀ ਮਤੀ ਤਿਯੇਨ ਇਸ ਸੋਚ ਵਿਚ ਥਰ ਥਰ ਕੰਬ ਰਹੀ ਸੀ । ਪਰ ਕੁਮਾਰ ਤੇ ਨੌਕਰ ਨੂੰ ਗਾਇਬ ਵੇਖ ਕੇ ਓਸ ਨੂੰ ਸ਼ਾਂਤੀ ਹੋਈ। ਉਹ ਇਕ ਮਿਠੇ ਸੁਰ ਨਾਲ ਪਤੀ ਨੂੰ ਕਹਿਣ ਲਗੀ-ਜਿਸ ਦਿਨ ਦੇ ਤੁਸੀਂ ਮੋਏ ਹੋ, ਦਿਨ ਰਾਤ ਮੇਰੀ ਚਿੰਤਾ ਵਿਚ ਸਮਾ ਰਹੇ ਸੌ । ਹੁਣੇ ਥੋੜਾ ਚਿਰ ਪਹਿਲਾਂ ਤੁਹਾਡੇ ਪਿੰਜਰੇ ਵਿਚੋਂ ਇਕ ਆਵਾਜ਼ ਆਉਣ ਤੇ ਮੈਨੂੰ ਇਕ ਪੁਰਾਣੀ ਕਹਾਣੀ ਯਾਦ ਆ ਗਈ,ਜਿਸ ਦੇ ਨਾਯਕ ਮ੍ਰਿਤੂ -ਸਰੀਰ ਵਿਚ ਫੇਰ ਜੀਵਨ ਆ ਗਿਆ |ਮੈਨੂੰ ਬੜੀ ਆਸ ਹੋਈ ਕਿ ਸ਼ਾਇਦ ਮੇਰੇ ਪਤੀ ਦੇ ਸਰੀਰ ਵਿਚ ਵੀ ਫੇਰ ਜੀਵਨ ਆ ਗਿਆ ਹੋਵੇ। ਮੈਂ ਓਸੇ ਵੇਲੇ ਇਕ ਕੁਹਾੜੀ ਲੈ ਕੇ ਪਿੰਜਰੇ ਨੂੰ ਖੋਲਨ ਲਈ ਅਗੇ ਵਧੀ ਤੇ ਵਿਧਾਤਾ ਦਾ ਧੰਨਵਾਦ ਹੈ। ਕਿ ਮੇਰੀ ਆਸ਼ਾ ਸਫਲ ਹੋਈ-"ਮੈਂ ਤੁਹਾਨੂੰ ਫੇਰ ਪਾ ਲਿਆ ।"
ਚੋਯਾਂਗ ਨੇ ਪੁੱਛਿਆ-“ਪਰ ਤੁਸਾਂ ਏਨੀ ਚਮਕੀਲੀ ਤੇ ਰੰਗੀਨ ਪੋਸ਼ਾਕ ' ਕਿਉਂ ਪਾਈ ਹੋਈ ਏ ?"
ਪਤਨੀ ਬੋਲੀ-"ਜਦ ਮੈਂ ਆਸ਼ਾ ਨਾਲ ਪਾਗਲ ਹੋ ਕੇ ਤੁਹਾਡੇ ਪਿੰਜਰੇ ਪਾਸ ਜਾਣ ਲਗੀ, ਤਾਂ ਪਤਾ ਨਹੀਂ ਕਿਉਂ, ਮੇਰੀ ਇੱਛਾ ਹੋਈ ਕਿ ਮੈਂ ਤੁਹਾਡੇ ਪਾਸ ਵਿਧਵਾ ਦੇ ਵੇਸ ਵਿਚ ਨਾ ਜਾਵਾਂ, ਬਲਕਿ ਸੁਹਾਗਨਾਂ ਵਾਂਗ ਜਾਵਾਂ |"
ਪਤੀ ਨੇ ਕਿਹਾ- “ਮੇਰਾ ਪਿੰਜਰਾ ਨੌਕਰਾਂ ਦੇ ਕਮਰੇ ਵਿਚ ਕਿਉਂ ਭੇਜਿਆ ਗਿਆ ?"
ਸ੍ਰੀ ਮਤੀ ਤਿਯੇਨ ਦੀ ਅਕਲ ਹੁਣ ਕੰਮ ਨਾ ਕਰ ਸਕੀ । ਉਹ ਚੁੱਪ ਦੀ ਚੁੱਪ ਰਹਿ ਗਈ । ਚੋਯਾਂਗ ਚਾਰੇ ਪਾਸੇ ਵਿਆਹ

ਉਤਸ਼ਵ ਦੇ ਚਿੰਨ ਵੇਖ ਰਿਹਾ ਸੀ, ਪਰ ਉਹ ਕੁਛ ਨਾ ਬੋਲਿਆ । ਉਸ ਨੇ ਪਤਨੀ ਨੂੰ ਥੋੜੀ ਸ਼ਰਾਬ ਲਿਆਉਣ ਵਾਸਤੇ ਆਖਿਆ ॥ ਸ੍ਰੀ ਮਤੀ ਤਿਯੇਨ ਨੇ ਇਕ ਵਡੇ ਸਾਰੇ ਗਿਲਾਸ ਵਿਚ ਸ਼ਰਾਬ ਪਾ ਕੇ ਬਹੁਤ ਹੀ ਮਨ-ਮੋਹਨੀ ਅਦਾ ਨਾਲ ਪਤੀ ਦੇ ਹੱਥ ਵਿਚ ਗਿਲਾਸ ਦਿੱਤਾ। ਸ਼ਰਾਬ ਪੀ ਕੇ ਚੋਯਾਂਗ ਨੇ ਇਕ ਉਂਗਲੀ ਦੇ ਇਸ਼ਾਰੇ ਨਾਲ ਆਖਿਆ "ਆਪਣੇ ਪਿੱਛੇ ਖੜੇ ਹੋਏ ਆਦਮੀਆਂ ਵਲ ਵੇਖ |"
ਪਿੱਛੇ ਮੁੜਦਿਆਂ ਹੀ ਸ਼੍ਰੀ ਮਤੀ ਤਿਯੇਨ ਨੇ ਕੁਮਾਰ ਤੇ ਨੌਕਰ ਨੂੰ ਵਿਹੜੇ ਵਿਚ ਖੜੇ ਹੋਏ ਤਕਿਆ, ਓਸ ਨੇ ਫੇਰ , ਡਰ ਨਾਲ ਪਤੀ ਵਲ ਵੇਖਿਆ, ਪਰ ਓਹ ਓਥੇ ਨਹੀਂ ਸੀ । ਮੁੜ , ਜਦ ਓਸ ਨੇ ਵਿਹੜੇ ਵਲ ਵੇਖਿਆ ਤਾਂ ਕੁਮਾਰ ਤੇ ਨੌਕਰ ਦੋਹਾਂ ਵਿਚੋਂ ਕੋਈ ਵੀ ਵੇਹੜੇ ਵਿਚ ਨਹੀਂ ਸੀ। ਉਸ ਦੇ ਪਤੀ ਓਸ ਦੇ ਪਾਸ ਖੜੇ ਸਨ। ਹੁਣ ਉਹ ਸਮਝ ਗਈ ਕਿ ਓਸ ਦੇ ਪਤੀ ਨੇ ਜਾਦੂ ਨਾਲ ਕੁਮਾਰ ਤੇ ਨੌਕਰ ਦਾ ਰੂਪ ਧਾਰਨ ਕਰ ਲਿਆ ਸੀ ਤੇ ਇਹ ਸਾਰਾ ਕੌਤਕ ਓਸ ਦੀ ਪ੍ਰੀਖਿਆ ਕਰਨ ਲਈ ਹੀ ਰਚਿਆ ਗਿਆ ਸੀ। ਉਸ ਨੇ ਸੋਚਿਆ ਕਿ ਹੁਣ ਗੱਲ ਨਹੀਂ ਲੁਕ ਸਕਦੀ । ਇਹ ਸੋਚ ਕੇ ਉਹ ਝਟ ਪਟ ਪਿਛਲੇ ਕਮਰੇ ਵਿਚ ਚਲੀ ਗਈ, ਜਿਥੇ ਜਾਕੇ ਓਸ ਨੇ ਆਤਮ-ਘਾਤ ਕਰ ਲਿਆ ।
ਚੋਯਾਂਗ ਘਰ ਨੂੰ ਅੱਗ ਲਾ ਕੇ ਚਲੇ ਗਏ; ਸਭ ਕੁਛ ਸੜ ਕੇ ਸਵਾਹ ਹੋ ਗਿਆ | ਗਵਾਂਢੀਆਂ ਨੇ ਕੇਵਲ ਦੋ ਬਹੁ-ਮੁਲੇ ਗ੍ਰੰਥ ਬਚਾ ਲਏ-ਓਹ ਹੁਣ ਤਕ ਵੀ ਪੁਸਤਕਾਲਯ ਵਿਚ ਮੌਜੂਦ ਹਨ।
ਕਿਹਾ ਜਾਂਦਾ ਹੈ ਕਿ ਚੋਯਾਗ ਜੀ ਪੱਛਮ ਵਲ ਚਲੇ ਗਏ । ਓਹਨਾਂ ਨੇ ਕਿਸ ਤਰਾਂ ਅੰਤਮ ਦਿਨ ਬਿਤਾਏ, ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਮੌਜੂਦ ਹਨ ਜਾਂ ਨਹੀਂ, ਅਸੀਂ ਇਹ ਤਾਂ ਨਹੀਂ ਜਾਣਦੇ ਪਰ ਸਾਨੂੰ ਇਹ ਨਿਸ਼ਚਾ ਜ਼ਰੂਰ ਹੈ ਕਿ ਉਨਾਂ ਫੇਰ ਵਿਆਹ ਨਹੀਂ ਸੀ ਕੀਤਾ।