ਬੋਲੀਆਂ ਦਾ ਪਾਵਾਂ ਬੰਗਲਾ/ਗੁਰੂ ਧਿਆ ਕੇ ਪਾਵਾਂ ਬੋਲੀ

ਵਿਕੀਸਰੋਤ ਤੋਂ

ਗੁਰੂ ਧਿਆ ਕੇ ਪਾਵਾਂ ਬੋਲੀ
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਏ
ਗਿੱਧੇ ‘ਚ ਉਸ ਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੰਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ-
ਜਿਹੜਾ ਗਿੱਧੇ ਵਿਚ ਆਏ

ਗੁਰੂ ਧਿਆ ਕੇ ਮੈਂ ਪਾਵਾਂ ਬੋਲੀ

ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈ-ਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ-
ਮੈਂ ਵਧ ਕੇ ਜਸ ਗਾਵਾਂ

ਦੇਵੀ ਮਾਤਾ ਗੌਣ ਬਖਸ਼ਦੀ

ਨਾਮ ਲਏ ਜਗ ਤਰਦਾ
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ
ਆ ਕੇ ਗਿੱਧੇ ਵਿਚ ਬੜਦਾ
ਨਾਲ਼ ਸ਼ੌਕ ਦੇ ਪਾਵਾਂ ਬੋਲੀਆਂ
ਮੈਂ ਨਹੀਂ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ਤੇ-
ਸੀਸ ਮੈਂ ਆਪਣਾ ਧਰਦਾ

ਧਿਆਵਾਂ ਧਿਆਵਾਂ ਧਿਆਵਾਂ ਦੇਵੀਏ

ਵਿਚ ਖਾੜੇ ਦੇ ਖੜ੍ਹਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ

ਗਾਉਣ ਵਾਲ਼ੇ ਨੂੰ ਗਾਉਣ ਬਖਸ਼ੇਂ
ਪੜ੍ਹਨ ਵਾਲ਼ੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂ
ਦੁੱਧੋਂ ਨਤਾਰੇਂ ਪਾਣੀ
ਮਰਦੀ ਕਾਕੋ ਦੇ-
ਮੂੰਹ ਵਿਚ ਪਾ ਦੇ ਪਾਣੀ

ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ

ਵਿਚ ਭਾਈਆਂ ਦੇ ਖੜ੍ਹੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਦੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨਾ, ਬੋਲ਼ਾ
ਟਿਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ਼ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ

ਪਹਿਲਾਂ ਨਾਂ ਹਰੀ ਦਾ ਲੈਂਦਾ

ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ਼ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ਼ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿਚ ਬੜਦਾ

ਮੇਰਿਓ ਭਰਾਵੋ ਮੇਰਿਓ ਵੀਰਨੋ
ਖਾੜੇ ਦੇ ਵਿਚ ਦਾਸ ਖੜੋਤਾ
ਬੋਲੀ ਕਿਹੜੀ ਪਾਵਾਂ
ਮੇਰਿਆ ਸਤਗੁਰੂਆ
ਲਾਜ ਰੱਖੀਂ ਤੂੰ ਮੇਰੀ
ਮੇਰਿਆ ਜੀ ਸਾਹਿਬਾ
ਲਾ ਦੇ ਬੋਲੀਆਂ ਦੀ ਢੇਰੀ
ਰੱਖਿਆ ਗੋਰਖ ਨੇ-
ਕਰਲੀ ਪੂਰਨਾ ਤੇਰੀ

ਦੇਵੀ ਦੀ ਮੈਂ ਕਰਾਂ ਕੜਾਹੀ

ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰਤੀ ਫਰਕ ਨਾ ਪਾਵਾਂ
ਨੀ ਮਾਤਾ ਭਗਵਤੀਏ-
ਮੈਂ ਤੇਰਾ ਜਸ ਗਾਵਾਂ

ਦੇਵੀ ਦੀ ਮੈਂ ਕਰਾਂ ਕੜਾਹੀ

ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰੇਤੀ ਫਰਕ ਨਾ ਪਾਵਾਂ
ਜੇ ਸੁਰਮਾ ਤੂੰ ਬਣਜੇਂ ਸੋਹਣੀਏਂ
ਮੈਂ ਲੈ ਅੱਖਾਂ ਵਿਚ ਪਾਵਾਂ
ਮੇਰੇ ਹਾਣਦੀਏ-
ਮੈਂ ਤੇਰਾ ਜਸ ਗਾਵਾਂ

ਧਰਤੀ ਜੇਡ ਗ਼ਰੀਬ ਨਾ ਕੋਈ

ਇੰਦਰ ਜੇਡ ਨਾ ਦਾਤਾ

ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ


ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ


ਹੱਟ ਖੁੱਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ


ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ


ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ


ਬਾਣੀ ਧੁਰ ਦਰਗਾਹੋਂਂ ਆਈ
ਪਾਪੀਆਂ ਦੇ ਤਾਰਨੇ ਨੂੰ


ਮਿੱਠੀ ਲਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ


ਕਾਨਾ ਕਾਨਾ ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਇਕ ਮੇਰੀ ਨਣਦ ਬੁਰੀ
ਦੂਜਾ ਜੇਠ ਬੜਾ ਭਗਵਾਨਾ

ਬਾਹਰੋਂ ਆਉਂਦਾ ਦੁੱਧ ਕੱਢ ਲੈਂਦਾ
ਅਸੀਂ ਵਿਚ ਮੁੱਠ ਮਿਸ਼ਰੀ ਦੀ ਮਾਰੀ
ਡਲ਼ੀਆਂ ਨਾ ਖੁਰੀਆਂ
ਜਦ ਆਗੀ ਨਣਦ ਕਮਾਰੀ
ਮੁੰਡਿਆਂ ਨੇ ਘੇਰ ਲਿਆ
ਉਹ ਤੇਰੀ ਕੀ ਲਗਦੀ
ਜੀਹਨੂੰ ਖੂਹ ਤੇ ਖੜੀ ਨੂੰ ਅੱਖ ਮਾਰੀ
ਅੱਧੀ ਮੇਰੀ ਰੰਨ ਲਗਦੀ
ਅੱਧੀ ਲਗਦੀ ਧਰਮ ਦੀ ਸਾਲ਼ੀ
ਬੋਚੀਂ ਵੇ ਮਿੱਤਰਾ-
ਡੁਲ੍ਹਗੀ ਖੀਰ ਦੀ ਥਾਲ਼ੀ


ਹਰੀ ਦੇ ਨਾਮ ਦੀ ਫੇਰਦੇ ਮਾਲ਼ਾ
ਡਿਗਦੇ ਠਣ ਠਣ ਮਣਕੇ
ਬਿਨ ਮੁਕਲਾਈ ਕੁੜੀਏ
ਮੌਜਾਂ ਮਾਣ ਲੈ ਪਟ੍ਹੋਲਾ ਬਣ ਕੇ
ਰੰਗਲੀ ਦੁਨੀਆਂ 'ਚੋਂ –
ਚਲਣਾ ਮੁਸਾਫਰ ਬਣ ਕੇ


ਰਾਮ ਨਾਮ ਨੂੰ ਧਿਆਲੋ ਵੀਰਨੋ
ਕਿਉਂ ਰੌਲ਼ੇ ਨੂੰ ਪਾਇਆ
ਪਹਿਲਾਂ ਧਿਆਲੋ ਮਾਤ ਪਿਤਾ ਨੂੰ
ਜਿਸ ਨੇ ਜਗਤ ਵਖਾਇਆ
ਫੇਰ ਧਿਆ ਲੋ ਧਰਤੀ ਮਾਤਾ ਨੂੰ
ਜਿਸ ਤੇ ਪੈਰ ਟਕਾਇਆ
ਧੰਨੇ ਭਗਤ ਨੇ ਕੀਤੀ ਭਗਤੀ
ਪਥਰਾਂ 'ਚੋਂ ਪ੍ਰੱਭੁ ਪਾਇਆ
ਪੂਰਨ ਭਗਤ ਨੇ ਕੀਤੀ ਭਗਤੀ
ਸੇਜ ਨਾ ਕਬੂਲੀ ਸਿਰ ਵਢਵਾਇਆ
ਮੋਰਧਜ ਰਾਜੇ ਨੇ
ਪੁੱਤ ਵੱਢ ਸ਼ੇਰ ਨੂੰ ਪਾਇਆ
ਹਰੀ ਚੰਦ ਰਾਜੇ ਨੇ

ਸੋਨੇ ਦਾ ਬੋਹਲ਼ ਲੁਟਾਇਆ
ਸ਼ਿਵਕਾਂ ਰਾਣੀ ਨੇ
ਰੌਣ ਬੜਾ ਸਮਝਾਇਆ
ਰੌਣ ਪਾਪੀ ਨਾ ਸਮਝਿਆ
ਮੱਥਾ ਰਾਮ ਚੰਦਰ ਨਾਲ਼ ਲਾਇਆ
ਛਲ਼ ਕੇ ਸੀਤਾ ਨੂੰ-
ਵਿਚ ਲੰਕਾ ਦੇ ਲਿਆਇਆ


ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ


ਕੱਲੀ ਹੋਵੇ ਨਾ ਬਣਾਂ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ


ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ


ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ


ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ


ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ


ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂੰ


ਜਾਤ ਦਾ ਜੁਲਾਹਾ
ਲਾਹਾ ਨਾਮ ਵਾਲ਼ਾ ਲੈ ਗਿਆ

ਜਦੋਂ ਸਧਨੇ ਨੇ ਨਾਮ ਉਚਾਰਿਆ
ਧੜਾ ਧੜ ਕੰਧਾਂ ਡਿਗੀਆਂ


ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ


ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ


ਪਾਪੀ ਲੋਕ ਨਰਕ ਨੂੰ ਜਾਂਦੇ
ਕਹਿੰਦੇ ਲੋਕ ਸਿਆਣੇ
ਨੰਗੇ ਪਿੰਡੇ ਤੁਰਦੇ ਜਾਂਦੇ
ਕਿਆ ਰਾਜੇ ਕਿਆ ਰਾਣੇ
ਕੰਸ, ਰੌਣ, ਹਰਨਾਕਸ਼ ਵਰਗੇ
ਕਰਗੇ ਸਭ ਚਲਾਣੇ
ਖਾਲੀ ਹੱਥੀਂ ਤੋਰ ਦੇਣਗੇ
ਛਡਕੇ ਤਸੀਲਾਂ ਥਾਣੇ
ਨੇਕੀ ਖੱਟ ਬੰਦਿਆ-
ਧਰਮ ਰਾਜ ਦੇ ਭਾਣੇ


ਚਲ ਵੇ ਮਨਾਂ ਬਿਗਾਨਿਆਂ ਧਨਾਂ
ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੋਂ ਚਲਣਾ ਇਕ ਦਿਨ
ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ
ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ ਜਾ ਲੜੀਆਂ
ਛੁਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ-
ਰਾਹ ਮੌਤਾਂ ਦੇ ਪੈਣਾ

ਅਕਲ ਕਹਿੰਦੀ ਮੈਂ ਸਭ ਤੋਂ ਵੱਡੀ
ਵਿਚ ਕਚਿਹਰੀ ਲੜਦੀ
ਮਾਇਆ ਕਹਿੰਦੀ ਮੈਂ ਤੇਥੋਂ ਵੱਡੀ
ਦੁਨੀਆਂ ਪਾਣੀ ਭਰਦੀ
ਮੌਤ ਕਹਿੰਦੀ ਮੈਂ ਸਭ ਤੋਂ ਵੱਡੀ
ਮਨ ਆਈਆਂ ਮੈਂ ਕਰਦੀ
ਅੱਖੀਆਂ ਜਾ ਭਿੜੀਆਂ-
ਜਿਹੜਿਆਂ ਕੰਮਾਂ ਤੋਂ ਡਰਦੀ


ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆਂ ਫਿਰਦਾ ਏਂ ਜਾਨੀ
ਭਾੜੇ ਦੀ ਹੱਟੀ ਵਿਚ ਰਹਿਕੇ ਬੰਦਿਆ
ਤੈਂ ਮੌਜ ਬਥੇਰੀ ਮਾਣੀ
ਵਿਚ ਕਾਲ਼ਿਆਂ ਦੇ ਆ ਗੇ ਧੌਲ਼ੇ
ਆ ਗਈ ਮੌਤ ਨਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ


ਅਮਲਾਂ ਤੇ ਹੋਣਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ


ਐਵੇਂ ਭੁੱਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ


ਸਿਰ ਧਰ ਕੇ ਤਲ਼ੀ ਤੇ ਆ ਜਾ
ਲੰਘਣਾਂ ਜੇ ਪ੍ਰੇਮ ਦੀ ਗਲ਼ੀ


ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ


ਹਉਮੇ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ

ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ

ਮੋਤੀਆਂ ਦੇ ਮੰਦਰ ਦੇਖ ਕੇ
ਕਿਕੱਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂ
ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਅਜੇ ਵੀ ਨਾ ਨਾਮ ਜਪਦਾ
ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦੇਊਗਾ
ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ
ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲ਼ੇ
ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾ
ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂ
ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲ਼ੇ
ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿਚ ਰੁਲਜੇਂਗੀ
ਜਿੰਦੇ ਹੰਸਣੀਏਂ
ਤੇਰੀ ਕੱਲਰ ਮਿੱਟੀ ਦੀ ਢੇਰੀ

ਜਾਗੋ ਜਾਗੋ ਜਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ


ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕੋ ਪਾਰ ਲੰਘਣੇ


ਜਿਹੜੀ ਸੰਤਾਂ ਨਾਲ਼ ਵਿਹਾਵੇ
ਸੋਈ ਹੈ ਸੁਲੱਖਣੀ ਘੜੀ


ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿਕਦੇ


ਤੇਰੇ ਦਿਲ ਦੀ ਮੈਲ਼ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ


ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ


ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ


ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ


ਤੂੰ ਕਿਹੜਿਆਂ ਰੰਗਾਂ ਵਿਚ ਖੇਡੇਂਂ
ਮੈਂ ਕੀ ਜਾਣਾ ਤੇਰੀ ਸਾਰ ਨੂੰ


ਧਨ ਜੋਬਨ ਫੁੱਲ਼ਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ


ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ

ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ


ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ


ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ


ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ


ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ


ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ


ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ


ਰੋਟੀ ਦਿੰਦਾ ਹੈ ਪੱਥਰ ਵਿਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ


ਲੁੱਟ ਲੁੱਟ ਲੋ ਨਸੀਬਾਂ ਵਾਲ਼ਿਓ
ਲੁੱਟ ਪੈਗੀ ਰਾਮ ਨਾਮ ਦੀ


ਵੇਲ਼ਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆ ਨੂੰ


ਨਾ ਮੈਂ ਮੇਲਣੇ ਪੜ੍ਹੀ ਗੁਰਮੁੱਖੀ
ਨਾ ਬੈਠਾ ਸੀ ਡੇਰੇ

ਨਿਤ ਨਵੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਸੁਣਾਂ ਅੰਦਰੋਂ
ਕੁਝ ਵਸ ਹੈ ਨੀ ਮੇਰੇ
ਮੇਲਣੇ ਨੱਚ ਲੈ ਨੀ-
ਦੇ ਕੇ ਸ਼ੌਕ ਦੇ ਗੇੜੇ


ਚਲ ਵੇ ਮਨਾ ਬਿਗਾਨਿਆ ਧਨਾ
ਕੀ ਲੈਣਾ ਈ ਜਗ ਵਿਚ ਰਹਿ ਕੇ
ਚੰਨਣ ਦੇਹੀ ਆਪ ਗਵਾ ਲਈ
ਬਾਂਸਾਂ ਵਾਂਗੂੰ ਖਹਿਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂ ਗੇ ਕੀ ਕਹਿ ਕੇ
ਦੁਖੜੇ ਭੋਗਾਂਗੇ-
ਵਿਚ ਨਰਕਾਂ ਦੇ ਰਹਿ ਕੇ


ਲੰਮਿਆ ਵੇ ਤੇਰੀ ਕਬਰ ਪਟੀਂਦੀ
ਨਾਲ਼ੇ ਪਟੀਂਂਦਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰਖਦਾ
ਹਿੱਕ ਦਾ ਪਵੇ ਤੜਾਕਾ
ਸੋਹਣੀ ਸੂਰਤ ਦਾ-
ਵਿਚ ਕੱਲਰਾਂ ਦੇ ਵਾਸਾ


ਬਾਹੀਂ ਤੇਰੇ ਸੋਂਹਦਾ ਚੂੜਾ
ਵਿਚ ਗਲ਼ੀਆਂ ਦੇ ਗਾਂਦੀ
ਇਕ ਦਿਨ ਐਸਾ ਆਊ ਕੁੜੀਏ
ਲੱਦੀ ਸਿੜ੍ਹੀ ਤੇ ਜਾਂਦੀ
ਅਧ ਵਿਚਾਲੇ ਕਰਦਿਆਂ ਲਾਹਾ
ਘਰ ਤੋਂ ਦੂਰ ਲਿਆਂਦੀ
ਗੇੜਾ ਦੇ ਕੇ ਭੰਨ ਲਈ ਸੰਘੀ
ਕੁੱਤੀ ਪਿੰਨਾਂ ਨੂੰ ਖਾਂਦੀ
ਆਊ ਵਰੋਲਾ ਲੈ ਜੂ ਤੈਨੂੰ

ਸੁਆਹ ਛਪੜਾਂ ਨੂੰ ਜਾਂਦੀ
ਧੀਏ ਕਲਬੂਤਰੀਏ-
ਸੋਨਾ ਰੇਤ ਰਲ਼ ਜਾਂਦੀ


ਤਾਵੇ ਤਾਵੇ ਤਾਵੇ
ਨਾਲ਼ ਸਮੁੰਦਰ ਦੇ
ਕਾਹਨੂੰ ਬੰਨ੍ਹਦੀ ਛਪੜੀਏ ਦਾਅਵੇ
ਭਰਕੇ ਸੁਕਜੇਂ ਗੀ
ਤੇਰੇ ਕੋਲ਼ ਚੀਂਂ ਲੰਘਿਆ ਜਾਵੇ
ਧਮਕ ਜੁਆਨਾਂ ਦੀ-
ਕੱਲਰ ਬੌਹੜੀਆਂ ਪਾਵੇ


ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ


ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ


ਸਿਰ ਵਢ੍ਹਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ


ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਅਪਣੀ


ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ


ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ


ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ

ਤੇਰੇ ਨਾਮ ਬਰਾਬਰ ਹੈਨੀ
ਖੰਡ ਮਖਿਆਲ਼ ਮਿਸ਼ਰੀ


ਤੇਰੇ ਨਾਮ ਬਿਨਾਂ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ


ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਦਾਤਿਆ


ਦੋ ਨੈਣ ਲੋਚਦੇ ਮੇਰੇ
ਗੁਰੂ ਜੀ ਤੇਰੇ ਦਰਸ਼ਨ ਨੂੰ


ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਹੋਵੇ ਤੇਰੀ ਦਾਤਾ ਜੀ


ਮੇਰੇ ਵਿਚ ਨਾ ਗੁਰੁ ਜੀ ਗੁਣ ਕੋਈ
ਔਗੁਣਾਂ ਦਾ ਮੈਂ ਭਰਿਆ