ਸਮੱਗਰੀ 'ਤੇ ਜਾਓ

ਬੋਲੀਆਂ ਦਾ ਪਾਵਾਂ ਬੰਗਲਾ/ਸੁਣ ਨੀ ਕੁੜੀਏ ਮੱਛਲੀ ਵਾਲੀਏ

ਵਿਕੀਸਰੋਤ ਤੋਂ
52632ਬੋਲੀਆਂ ਦਾ ਪਾਵਾਂ ਬੰਗਲਾ — ਸੁਣ ਨੀ ਕੁੜੀਏ ਮੱਛਲੀ ਵਾਲੀਏਸੁਖਦੇਵ ਮਾਦਪੁਰੀ

ਸੁਣ ਨੀ ਕੁੜੀਏ ਮੱਛਲੀ ਵਾਲੀਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ
ਕਰਦੀ ਫਿਰਦੀ ਕਾਰਾ
ਮੱਛਲੀ ਤੇਰੀ ਮੱਚ ਮੱਚ ਉਠਦੀ
ਬਿਜਲੀ ਦਾ ਲਸ਼ਕਾਰਾ
ਸੋਹਣੇ ਭਬਕੇ ਦਾ-
ਬੋਲ ਮਸ਼ੀਨੋਂ ਪਿਆਰਾ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ

ਮੱਛਲੀ ਨਾ ਚਮਕਾਈਏ
ਸਾਡੇ ਪਿੰਡ ਦੇ ਮੁੰਡੇ ਬੁਰੇ ਨੇ
ਨੀਮੀ ਪਾ ਕੇ ਲੰਘ ਜਾਈਏ
ਖੂਹ-ਟੋਭੇ ਤੇਰੀ ਹੋਵੇ ਚਰਚਾ
ਚਰ ਚਰ ਨਾ ਕਰਵਾਈਏ
ਚੰਦ ਵਾਂਗੂ ਛਿਪਜੇਂ ਗੀ-
ਬਿਸ਼ਨ ਕੁਰੇ ਭਰਜਾਈਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ

ਮੱਛਲੀ ਨਾ ਚਮਕਾਈਏ
ਗਲ਼ੀ ਗਲ਼ੀ ਤੇਰਾ ਚਾਚਾ ਫਿਰਦਾ
ਚਰ ਚਰ ਨਾ ਕਰਵਾਈਏ
ਜੇ ਡਰ ਮਾਪਿਆਂ ਦਾ-
ਤੁਰਤ ਜਵਾਬ ਸੁਣਾਈਏ

ਸੁਣ ਨੀ ਕੁੜੀਏ ਸੱਗੀ ਵਾਲ਼ੀਏ

ਸੱਗੀ ਨਾ ਚਮਕਾਈਏ
ਬਈ ਹੱਟੀ ਭੱਠੀ ਹੋਵੇ ਚਰਚਾ
ਚਰਚਾ ਨਾ ਕਰਵਾਈਏ
ਪਿੰਡ ਦਿਆਂ ਮੁੰਡਿਆਂ ਤੋਂ-
ਨੀਵੀਂ ਪਾ ਲੰਘ ਜਾਈਏ

ਸੁਣ ਨੀ ਕੁੜੀਏ ਚੀਰੇ ਵਾਲ਼ੀਏ
ਚੀਰਾ ਨਾ ਚਮਕਾਈਏ
ਐਸ ਗਲ਼ੀ ਦੇ ਮੁੰਡੇ ਗੱਭਰੂ
ਨੀਵੀਂ ਪਾ ਲੰਘ ਜਾਈਏ
ਚੰਦ ਵਾਂਗੂੰ ਛਿਪਜੇਂ ਗੀ-
ਚੰਦ ਕੁਰੇ ਭਰਜਾਈਏ

ਸੁਣ ਨੀ ਕੁੜੀਏ ਚੂੜੇ ਵਾਲ਼ੀਏ

ਫਿਰਦੀ ਬੰਨੇ ਬੰਨੇ
ਖੇਤ ਪਟਾਕ ਸਾਰਾ ਚੁੱਗ ਲਿਆ
ਨਾਲ਼ੇ ਪੱਟੇ ਗੰਨੇ
ਤੈਂ ਮੈਂ ਮੋਹ ਲਿਆ ਨੀ-
ਕੂੰਜ ਪਤਲੀਏ ਰੰਨੇ

ਸੁਣ ਨੀ ਕੁੜੀਏ ਕਾਂਟਿਆਂ ਵਾਲ਼ੀਏ

ਕਾਂਟਿਆਂ ਦਾ ਲਿਸ਼ਕਾਰਾ
ਤੈਨੂੰ ਮੋਹ ਲਊਗਾ
ਪੇਸ਼ ਪਿਆ ਸੁਨਿਆਰਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਲਿਸ਼ਕਾਰਾ

ਸੁਣ ਨੀ ਕੁੜੀਏ ਨੱਚਣ ਵਾਲ਼ੀਏ

ਤੂੰ ਤਾਂ ਲੱਗਦੀ ਪਿਆਰੀ
ਤੇਰੀ ਭੈਣ ਨਾਲ਼ ਵਿਆਹ ਕਰਾਵਾਂ
ਤੈਨੂੰ ਬਣਾਵਾਂ ਸਾਲ਼ੀ
ਆਪਾਂ ਦੋਵੇਂ ਚੱਲ ਚੱਲੀਏ
ਬਾਹਰ ਬੋਤੀ ਝਾਂਜਰਾਂ ਵਾਲ਼ੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਗੀ ਸਿਤਾਰਿਆਂ ਵਾਲ਼ੀ
ਗਿਰਦੀ ਨੂੰ ਗਿਰ ਲੈਣ ਦੇ
ਪਿੰਡ ਚੱਲ ਕੇ ਕਰਾ ਦੂੰ ਚਾਲ਼ੀ
ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

ਸੁਣ ਨੀ ਕੁੜੀਏ ਬਿਨ ਮੁਕਲਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਪੇਕਿਆਂ ਦੇ ਪਿੰਡ ਕੁੜੀਏ
ਧਾਰੀ ਬੰਨ੍ਹ ਸੁਰਮਾ ਨਾ ਪਾਈਏ
ਮਿੱਤਰਾਂ ਦੇ ਬੋਲਾਂ ਦਾ
ਕਦੇ ਵੱਟਾ ਨਾ ਲਾਹੀਏ
ਇੱਟ ਚੁਕਦੇ ਨੂੰ ਪੱਥਰ ਚੁੱਕੀਏ
ਤਾਂ ਹੀ ਬਰਾਬਰ ਆਈਏ
ਅਗਲੇ ਦੇ ਘਰ ਕੁੜੀਏ
ਕਦੇ ਸੱਦੇ ਬਾਝ ਨਾ ਜਾਈਏ
ਕੀਤੇ ਬੋਲਾਂ ਨੂੰ-
ਸਿਰ ਦੇ ਨਾਲ਼ ਨਿਭਾਈਏ

ਪੈਰੀਂ ਤੇਰੇ ਪਾਈਆਂ ਝਾਂਜਰਾਂ

ਛਮ ਛਮ ਕਰਦੀ ਜਾਵੇਂ
ਗੋਲ਼ ਪਿੰਜਣੀ ਕਸਮਾ ਪਜਾਮਾ
ਉੱਤੋਂ ਦੀ ਲਹਿੰਗਾ ਪਾਵੇਂ
ਲੱਕ ਤਾਂ ਤੇਰਾ ਸ਼ੀਹਣੀ ਵਰਗਾ
ਖਾਂਦੀ ਹੁਲਾਰੇ ਜਾਵੇਂ
ਬੁਲ੍ਹ ਪਵੀਸੀ* ਠੋਡੀ ਤਾਰਾ
ਦਾਤਣ ਕਰਦੀ ਜਾਵੇਂ
ਨੱਕ ਤਾਂ ਤੇਰਾ ਧਾਰ ਖੰਡੇ ਦੀ
ਸਾਹ ਨੀ ਸੁਰਗ ਨੂੰ ਜਾਵੇ
ਮੱਛਲੀ ਤੇਰੀ ਘੜੀ ਸੁਨਿਆਰੇ
ਖਾਂਦੀ ਫਿਰੇ ਹੁਲਾਰੇ
ਮਿੱਡੀਆਂ ਨਾਸਾਂ ਤੇ-
ਲੌਂਗ ਚਾਂਬੜਾਂ ਪਾਵੇ

ਤੋਰ ਤੁਰੇ ਜਦ ਵਾਂਗ ਹੰਸ ਦੇ

ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੌਰਨੈਟ ਦਾ
ਛਮ ਛਮ ਲੱਕ ਹਲਾਵੇ

ਕੁੜਤੀ ਜਾਕਟ ਪਾਪਲੀਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ

ਚੰਦ ਕੁਰੇ ਨੀ ਮੱਥਾ ਤੇਰਾ ਚੰਦ ਵਲੈਤੀ

ਅੱਖੀਆਂ ਤੇਰੀਆਂ ਡੁਲ੍ਹਕਣ ਤਾਰੇ
ਕਾਲ਼ੇ ਨਾਗ ਦੀ ਚੇਲੀ ਤੂੰ ਬਣਗੀ
ਡੰਗ ਛਾਤੀ ਨੂੰ ਮਾਰੇ
ਦੁੱਖ ਬੁਰੇ ਆਸ਼ਕਾਂ ਦੇ-
ਨਾ ਝਿੜਕੀਂ ਮੁਟਿਆਰੇ

ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇਰੀਆਂ

ਮਾਰ ਲਿਸ਼ਕਾਰੇ ਤੇਰਾ ਲੌਂਗ ਭਖਦਾ
ਨੀ ਕਿਹੜਾ ਝੱਲੂ ਨੀ ਨਿਸ਼ਾਨਾ
ਤੇਰੀ ਬਲੌਰੀ ਅੱਖ ਦਾ

ਕਦੇ ਆਉਣ ਨ੍ਹੇਰੀਆਂ

ਕਦੇ ਜਾਣ ਨ੍ਹੇਰੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ

ਕਾਲ਼ੀ ਚੁੰਨੀ ’ਚੋਂ ਭਾਉਂਦੀਆਂ ਅੱਖੀਆਂ

ਜਿਵੇਂ ਚਮਕਦੇ ਤਾਰੇ
ਸਭ ਨੂੰ ਮੋਹ ਲਿਆ ਨੀ
ਬੋਤਲ ਵਰਗੀਏ ਨਾਰੇ

ਆਰ ਗੋਰੀਏ ਨੀ ਪਾਰ ਗੋਰੀਏ

ਆਰ ਗੋਰੀਏ ਨੀ ਪਾਰ ਗੋਰੀਏ
ਘੜਾ ਚੱਕ ਲੈ
ਦੰਦਾਂ ਦੇ ਭਾਰ ਗੋਰੀਏ

ਕੁੜੀਆਂ ਵਿਚੋਂ ਕੁੜੀ ਸੁਣੀਂਦੀ
ਕੁੜੀਆਂ ਵਿਚ ਸਰਦਾਰੀ
ਬਈ ਅੱਖ ਚੱਕ ਕੇ ਦੇਖੂ ਜਿਹੜਾ
ਉਹਦੀ ਸ਼ਾਮਤ ਆਈ
ਪਿੱਛੇ ਹੱਟ ਜਾ ਜ਼ਾਲਮਾ-
ਮੈਂ ਪੰਜਾਬਣ ਜੱਟੀ ਆਈ

ਮਾਪਿਆਂ ਦੇ ਘਰ ਪਲੀ ਲਾਡਲੀ

ਖਾਂਦੀ ਦੁੱਧ ਮਲ਼ਾਈਆਂ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ਼ ਸਜਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਪਿੰਡ ਦੇ ਮੁੰਡੇ ਨਾਲ਼ ਲੱਗਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ਼ ਲਾਈਆਂ

ਭਾਈ ਤਾਂ ਤੇਰੇ ਸ਼ਰਮਾਂ ਰੱਖਦੇ

ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੂਣੀਆਂ ਘਰੋਂ ਲਜਾਵੇਂ
ਉੰਨੀਆਂ ਮੋੜ ਲਿਆਵੇਂ
ਪਟਤੀ ਸ਼ਕੀਨੀ ਨੇ-
ਤੰਦ ਚਰਖੇ ਨਾ ਪਾਵੇਂ

ਚੱਕ ਕੇ ਚਰਖਾ ਰੱਖਿਆ ਢਾਕ ਤੇ

ਕਰ ਲੀ ਕੱਤਣ ਦੀ ਤਿਆਰੀ
ਠੁਕਮ ਠੁਮਕ ਚੱਕਦੀ ਪੱਬਾਂ ਨੂੰ
ਲੱਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਦੇ

ਕੋਲ਼ ਸੁਣੀਂਦੀ ਕਾਲ਼ੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਲੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿਚ ਕਜਲੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਵਿਹੜੇ ਦੇ ਵਿਚ ਪਈਂ ਏਂ ਰਕਾਨੇ

ਦੋਹਾਂ ਹੱਥਾਂ ਵਿਚ ਪੱਖੀਆਂ
ਤੇਰੇ ਤੇ ਜੱਟ ਭੌਰ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਘਰ ਜਾ ਕੇ ਤਾਂ ਸੋਈ ਦਸਦੀਆਂ
ਜਿਹੜੀਆਂ ਅਕਲ ਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਜ਼ਬਾਨੋਂ ਸੱਚੀਆਂ
ਖੋਲ੍ਹ ਸੁਣਾ ਬਚਨੋ
ਹੁਣ ਕਾਹਨੂੰ ਦਿਲਾਂ ਵਿਚ ਰੱਖੀਆਂ
ਬਣਗੀ ਮਾਲਕ ਦੀ-
ਖੜ੍ਹੀ ਫੇਰਗੀ ਅੱਖੀਆਂ

ਕਿਉਂ ਨੀ ਧੰਨ ਕੁਰੇ ਮੀਂਹ ਨੀ ਪੈਂਦਾ

ਸੁੱਕੀਆਂ ਵਗਣ ਜ਼ਮੀਨਾਂ
ਰੁੱਖੀ ਤੂੜੀ ਖਾ ਡੰਗਰ ਹਾਰਗੇ
ਗੱਭਰੂ ਗਿਝਗੇ ਫੀਮਾਂ
ਤੇਰੀ ਬੈਠਕ ਨੇ-
ਪੱਟਿਆ ਕਬੂਤਰ ਚੀਨਾ

ਇਸ਼ਕ ਕਮਾਉਣਾ ਔਖਾ ਕੁੜੀਏ

ਦਿਨੇ ਦਿਖਾਉਂਦਾ ਤਾਰੇ

ਇਸ਼ਕ ਨਿਭਾਉਣਾ ਕਠਣ ਫਕੀਰੀ
ਦੇਖ ਕਤਾਬਾਂ ਚਾਰੇ
ਦਰ ਤੇਰੇ ਤੋਂ ਮਿਲੀ ਨਾ ਭਿੱਛਿਆ
ਬਹਿਜੂੰਗਾ ਨਦੀ ਕਿਨਾਰੇ
ਸਿਲ ਵੱਟਿਆਂ ਨੂੰ ਹੱਥ ਨੀ ਲਾਉਂਦਾ
ਚੱਕਣੇ ਨੇ ਪਰਬਤ ਭਾਰੇ
ਸਿਓਨੇ ਦੇ ਭਾਅ ਵਿਕੇ ਮਲੰਮਾ
ਭੁੱਲ ਗਏ ਨੇ ਵਣਜਾਰੇ
ਸੁੰਦਰ ਦੇਹੀ ਮੰਦਰ ਕੂੜ ਦੇ
ਕੋਈ ਦਿਨ ਦੇ ਚਮਕਾਰੇ
ਹੰਸ ਕਦੇ ਨੇ ਲਹਿੰਦੇ ਆ ਕੇ
ਜੇ ਹੋਣ ਸਰੋਵਰ ਖਾਰੇ
ਤੇਰੀ ਕੁਦਰਤ ਦੇ-
ਮੈਂ ਜਾਵਾਂ ਬਲਿਹਾਰੇ

ਸੁਣ ਨੀ ਕੁੜੀਏ

ਜੇ ਮੈਂ ਜਾਣਦਾ ਝਗੜੇ ਪੈਣਗੇ
ਕਾਹਨੂੰ ਲਾਉਂਦਾ ਅੱਖੀਆਂ
ਬਹਿ ਦਰਵਾਜੇ ਮੌਜਾਂ ਮਾਰਦਾ
ਹੱਥ ਵਿਚ ਫੜ ਕੇ ਪੱਖੀਆਂ
ਮੈਂ ਤੇਰੇ ਤੇ ਆਸ਼ਕ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਖੋਲ੍ਹ ਸੁਣਾ ਦੇ ਨੀ-
ਕਾਸ ਨੂੰ ਦਿਲਾਂ ਵਿਚ ਰੱਖੀਆਂ