ਬੱਚੇ ਕਦੇ ਤੰਗ ਨਹੀਂ ਕਰਦੇ

ਵਿਕੀਸਰੋਤ ਤੋਂ
ਬੱਚੇ ਕਦੇ ਤੰਗ ਨਹੀਂ ਕਰਦੇ  (2014) 
ਡਾ. ਸ਼ਿਆਮ ਸੁੰਦਰ ਦੀਪਤੀ

ਬੱਚੇ ਕਦੇ ਤੰਗ ਨਹੀਂ ਕਰਦੇ

ਬੱਚੇ ਕਦੇ ਤੰਗ ਨਹੀਂ ਕਰਦੇ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਪ੍ਰਕਾਸ਼ਨ

ਬੱਚੇ ਕਦੇ ਤੰਗ ਨਹੀਂ ਕਰਦੇ
© : ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:)
ਤੀਸਰਾ ਐਡੀਸ਼ਨ : 2014
ਕਾਪੀ : 2000
ਸੰਪਰਕ ਪਤਾ : ਦਫ਼ਤਰ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:)
ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ,
ਸੰਘੇੜਾ ਬਾਈਪਾਸ, ਬਰਨਾਲਾ - 148101
ਮੁੱਲ : 20 ਰੁਪਏ
ਛਾਪਕ : ਅੱਪੂ ਆਰਟ ਪ੍ਰੈੱਸ, ਸ਼ਾਹਕੋਟ (ਜਲੰਧਰ)
ਫੋਨ: 01821-261338

ਸ਼ੁਰੂਆਤੀ ਸ਼ਬਦ

'ਬੱਚੇ ਕਦੇ ਤੰਗ ਨਹੀਂ ਕਰਦੇ’ — ਇਸ ਸਿਰਲੇਖ ਹੇਠ, ਇਸ ਪੁਸਤਕ ਰਾਹੀਂ, ਅੰਮ੍ਰਿਤਸਰ ਜ਼ਿਲੇ ਦੇ ਤਕਰੀਬਨ ਚਾਰ ਸੌ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਵਿਚ ਹੋਈ ਚਰਚਾ ਦੇ ਆਧਾਰ 'ਤੇ ਤੁਹਾਡੇ ਨਾਲ ਕੁਝ ਅਹਿਮ ਪਹਿਲੂ ਸਾਂਝੇ ਕਰਨ ਦੀ ਕੋਸ਼ਿਸ਼ ਹੈ। ਵਰਕਸ਼ਾਪ ਦਾ ਵਿਸ਼ਾ ਭਾਵੇਂ ਨਸ਼ਾ ਵਿਰੋਧੀ ਜਾਗਰੂਕਤਾ ਸੀ, ਪਰ ਅਧਿਆਪਕਾਂ ਦੇ ਮਾਧਿਅਮ ਰਾਹੀਂ, ਬੱਚਿਆਂ ਨੂੰ ਕੇਂਦ੍ਰਿਤ ਕਰਕੇ ਜਦੋਂ ਚਰਚਾ ਹੋਈ ਤਾਂ ਕਿਤੇ ਇਹ ਕੇਂਦਰ ਬਿੰਦੂ ਉਭਰਿਆ ਕਿ ਬੱਚੇ ਅਣਗੋਲੇ ਜਾ ਰਹੇ ਹਨ (ਇਗਨੌਰ) ਭਾਵੇਂ ਇਸ ਦਾ ਇਕ ਪੱਖ ਇਹ ਵੀ ਆਇਆ ਕਿ ਮਾਪੇ ਅਤੇ ਅਧਿਆਪਕ ਵੀ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲ ਰਹੀ, ਉਹ ਵੀ ਇਗਨੌਰ ਹੋ ਰਹੇ ਹਨ (ਅਣਗੌਲੇ)। ਇਥੇ ਦੋਹਾਂ ਪੱਖੋਂ ਤੋਂ ਇਹ ਦੋਸ਼ ਲਗ ਰਿਹਾ ਹੈ। ਪਰ ਇਹ ਕੋਈ ਬਹੁਤੀ ਔਖੀ ਸਮੱਸਿਆ ਨਹੀਂ ਹੈ ਕਿ ਪਹਿਲਾਂ ਮੁਰਗੀ ਜਾਂ ਪਹਿਲਾਂ ਅੰਡਾ। ਇਸ ਸਮਾਜਿਕ ਸਮੱਸਿਆ ਵਿਚ ਨਿਸ਼ਚਿਤ ਹੀ ਪਹਿਲ ਮਾਂ-ਪਿਉ ਦੀ ਹੈ। ਪਹਿਲਾਂ ਉਹੀ ਇਗਨੌਰ ਕਰਦੇ ਨੇ, ਭਾਵੇਂ ਉਨ੍ਹਾਂ ਵਲੋਂ ਇਹ ਸੁਚੇਤ ਵਰਤਾਰਾ ਨਹੀਂ ਜਾਂ ਇਹ ਉਨ੍ਹਾਂ ਦੀ ਸਮਝ ਜਾਂ ਜਾਣਕਾਰੀ ਵਿਚ ਨਹੀਂ। ਤੁਸੀਂ ਵਰਤਾਰੇ ਦੇ ਕੁਝ ਪਹਿਲੂਆਂ ਵੱਲ ਝਾਤ ਪਾਉ!

★ ਬੱਚੇ ਨੂੰ ਮਾਂ ਦੇ ਦੁੱਧ ਤੋਂ ਵਾਂਝਾ ਰੱਖ ਕੇ।

★ ਛੇਵੇਂ ਮਹੀਨੇ ਤੋਂ ਕਰੈਚ ਵਿੱਚ ਤੇ ਫਿਰ ਡੇ-ਕੇਅਰ ਵਿੱਚ ਛੱਡ ਕੇ।

ਟੀ.ਵੀ. ਦੇ ਸਹਾਰੇ ਬੈਠਾ ਕੇ।

★ ਛੋਟੀ ਉਮਰ ’ਤੇ (ਢਾਈ-ਤਿੰਲ ਸਾਲ) ਹੀ ਸਕੂਲ ਭੇਜ ਕੇ

★ ਪੈਰ-ਪੈਰ ਤੇ ਮੁਕਾਬਲੇ ਬਾਜ਼ੀ ਦਾ ਅਹਿਸਾਸ ਕਰਵਾ ਕੇ। ਆਦਿ।

ਹੋਰ ਵੀ ਇਸ ਤਰ੍ਹਾਂ ਦੇ ਕਈ ਪਹਿਲੂ ਲੱਭ ਜਾਣਗੇ, ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ। ਇਹ ਵਰਤਾਰੇ ਭਾਵੇਂ ਅਚੇਤ ਨੇ, ਪਰ ਬੱਚੇ ਦੇ ਮਨ ਉੱਪਰ ਇਸ ਦਾ ਅਚੇਤ-ਸੁਚੇਤ, ਦੋਹਾਂ ਪਹਿਲੂਆਂ ਤੋਂ ਅਸਰ ਹੁੰਦਾ ਹੈ। ਫਿਰ ਉਹ ਬੱਚਾ ਵੱਡਾ ਹੋ ਕੇ, ਵਿਵੇਕ ਬੁੱਧੀ ਦਾ ਮਾਲਿਕ ਹੋ ਕੇ, ਜਦੋਂ ਆਲੇ ਦੁਆਲੇ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਫਿਰ ਉਸ ਮੁਤਾਬਕ ਉਸ ਦਾ ਵਿਵਹਾਰ ਤੈਅ ਹੁੰਦਾ ਹੈ। ਸਾਨੂੰ ਉਸ ਦੇ ਵਿਵੇਕ ਬੁੱਧ ਵਿਚ ਦਾਖਲ ਹੋਣ ਵਾਲੇ ਪੜਾਅ ਬਾਰੇ ਵੀ ਜਾਣਕਾਰੀ ਨਹੀਂ ਹੈ।

ਮਾਂ ਪਿਉ ਵਲੋਂ ਬੱਚਿਆਂ ਦਾ ਅਣਗੌਲਿਆ ਜਾਣਾ, ਅਧਿਆਪਕ ਪ੍ਰਤੀ ਕਿਵੇਂ ਪ੍ਰਤੀਕਰਮ ਪੈਦਾ ਕਰਦਾ ਹੈ। ਦਰਅਸਲ ਜਿਸ ਤਰ੍ਹਾਂ ਦੀ ਬੱਚਿਆਂ ਦੀ ਮਾਨਸਿਕਤਾ ਨੂੰ ਅਧਿਆਪਕ ਨੇ ਸਮਝ ਕੇ ਕਾਰਜਸ਼ੀਲ ਹੋਣਾ ਹੈ, ਅਧਿਆਪਕਾਂ ਵਿਚ ਵੀ ਉਹ ਘਾਟ ਹੈ। ਜੇਕਰ ਉਹ ਪੜ੍ਹੇ ਲਿਖੇ ਹਨ, ਉਨ੍ਹਾਂ ਨੂੰ ਇਸ ਮਾਨਸਿਕਤਾ ਦਾ ਪਤਾ ਵੀ ਹੈ ਤਾਂ ਉਹ ਉਸ ਸਮਝ ਨੂੰ ਆਪਣੀ ਕਾਰਜਪ੍ਰਣਾਲੀ ਦਾ ਹਿੱਸਾ ਨਹੀਂ ਬਣਾਉਂਦੇ। ਉਹ ਆਪਣੇ ਢੰਗ ਵਿਚ ਰਿਵਾਇਤੀ ਰਹਿਣਾ ਜਿਆਦਾ ਪਸੰਦ ਕਰਦੇ ਹਨ। ਮਨੋਵਿਗਿਆਨ ਦੇ ਮਾਹਿਰਾਂ ਨੇ, ਸਕੂਲੀ ਵਿਦਿਆ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਲੈ ਕੇ ਕਈ ਨਵੇਂ ਪਹਿਲੂ ਉਜਾਗਰ ਕੀਤੇ ਹਨ, ਪਰ ਅਸੀਂ ਉਨ੍ਹਾਂ ਖੋਜ਼ਾਂ-ਤੱਥਾਂ ਨੂੰ ਆਪਣੀ ਕਾਰਗੁਜਾਰੀ ਵਿਚ ਸ਼ਾਮਿਲ ਨਹੀਂ ਕੀਤਾ।

ਇਸੇ ਤਰ੍ਹਾਂ ਦੀ ਖੋਜ਼ ਦੇ ਇਕ ਤੱਥ ਨਾਲ ਗੱਲ ਸਪਸ਼ਟ ਹੋ ਜਾਵੇਗੀ। ਇਹ ਇਕ ਮਨੋਵਿਗਿਆਨਕ ਪਹਿਲੂ ਹੈ ਕਿ ਅਧਿਆਪਕ ਨੂੰ ਆਪ ਬੱਚਾ ਬਣਨ ਦਾ ਯਤਨ ਕਰਨਾ ਚਾਹੀਦਾ ਹੈ, ਇਸ ਨਾਲ ਬੱਚੇ ਅਧਿਆਪਕ ਨੂੰ ਇਕ ‘ਪਹਿਰੇਦਾਰ' ਵਜੋਂ ਸਮਝਣਾ ਤਿਆਗ ਦੇਣਗੇ। ਅਸੀਂ ਆਪਣੇ ਆਲੇ ਦੁਆਲੇ ਖੁਦ ਝਾਤੀ ਮਾਰ ਸਕਦੇ ਹਾਂ ਕਿ ਅਧਿਆਪਕ ਕਿਵੇਂ ਇਕ ‘ਹੁਕਮਰਾਨ’ ਦੀ ਤਰ੍ਹਾਂ ਕੰਮ ਕਰਦੇ ਹਨ। ਬੱਚੇ ਉਨ੍ਹਾਂ ਨੂੰ ਦੇਖਕੇ ਡਰ ਜਾਂਦੇ ਹਨ, ਲੁੱਕ ਜਾਂਦੇ ਹਨ। ਤੇ ਇਕ ਤੱਥ ਇਹ ਕਿ ਵਿਦਿਆ-ਵਿਗਿਆਨਕ ਢੰਗ ਦਾ ਤੱਤ ਹਰ ਬੱਚੇ ਵਿਚ ਵਿਅਕਤੀ ਦੇਖਣਾ ਹੈ ਅਤੇ ਜਿਹੜੇ ਬੱਚਿਆਂ ਨੂੰ ਵਿਦਿਆ ਦੇਣਾ ਅਤੇ ਪਾਲਣਾ ਚਾਹੁੰਦੇ ਹਨ, ਇਹ ਗੱਲ ਉਨ੍ਹਾਂ ਲਈ ਲਾਜਮੀ ਹੈ। ਇਥੇ ਵਿਅਕਤੀ ਦੇਖਣਾ ਤੋਂ ਭਾਵ ਹੈ ਉਸ ਵਿਚ ਉਮਰ ਮੁਤਾਬਕ ਪੂਰਨਤਾ ਦੇਖਣਾ। ਉਸ ਨੂੰ ਉਸ ਦੇ ਛੋਟੇ ਹੋਣ ਦਾ (ਆਮ ਤੌਰ 'ਤੇ ਬੱਚੇ ਹੋਣ ਦਾ) ਅਹਿਸਾਸ ਨਾ ਕਰਵਾਉਣਾ। ਇਹੀ ਗੱਲ ਹੈ ਕਿ ਅਧਿਆਪਕ ਨੂੰ ਜਾਂ ਮਾਂ ਪਿਉ ਨੂੰ ਵੀ, ਬੱਚੇ ਦੇ ਬਰਾਬਰ ਆ ਕੇ, ਬੱਚੇ ਨਾਲ ਬੱਚਾ ਹੋ ਕੇ ਕਾਰਜਸ਼ੀਲ ਹੋਣਾ ਚਾਹੀਦਾ ਹੈ। ਨਿਸ਼ਚਿਤ ਹੀ, ਇਹ ਕਾਰਜ ਬੱਚੇ ਨਹੀਂ ਕਰ ਸਕਦੇ ਕਿ ਜੇ ਕੋਈ ਸੋਚੇ ਕਿ ਬੱਚੇ ਵੱਡਿਆਂ ਦੇ ਬਰਾਬਰ ਆ ਕੇ ਵਰਤਾਵ ਕਰਨ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਸਮਝਣ ਦੇ ਸਮਰਥ ਹੋਣ ਜਾਂ ਆਪਣੇ ਆਪ ਨੂੰ ਵੱਡਿਆਂ ਦੇ ਹਾਣ ਦਾ ਬਨਾਉਣ।

ਇਸ ਤਰ੍ਹਾਂ ਦੇ ਹੋਰ ਨਵੇਂ ਤੱਥ, ਲਗਾਤਾਰ ਸਾਡੀ ਸਮਝ ਦਾ ਹਿੱਸਾ ਬਣਨੇ ਚਾਹੀਦੇ ਹਨ। ਸਾਨੂੰ ਖੁਦ ਵੀ ਇਸ ਦਿਸ਼ਾ ਵਿਚ ਕਾਰਜ ਕਰਨੇ ਚਾਹੀਦੇ ਹਨ। ਅਸੀਂ ਅਧਿਆਪਕ ਦੇ ਤੌਰ ਤੇ, ਸਾਲ ਦਰ ਸਾਲ ਬੱਚਿਆਂ ਵਿਚ ਵਿਚਰਦੇ ਹੋਏ, ਉਨ੍ਹਾਂ ਦੇ ਮਨੋਭਾਵਾਂ ਨੂੰ ਪੜ੍ਹੀਏ, ਉਨ੍ਹਾਂ ਵਿਚ ਆ ਰਹੇ ਬਦਲਾਵਾਂ ਨੂੰ ਸਮਝੀਏ ਤੇ ਵਿਸ਼ਲੇਸ਼ਿਤ ਕਰੀਏ। ਉਨ੍ਹਾਂ ਬਦਲਾਵਾਂ ਨੂੰ ਬਦਲ ਰਹੇ ਆਲੇ-ਦੁਆਲੇ ਨਾਲ, ਨਵੇਂ ਵਰਤਾਰਿਆਂ ਨਾਲ ਜੋੜ ਕੇ ਦੇਖੀਏ ਤੇ ਕੁਝ ਨਵੇਂ ਸਿੱਟੇ ਕਢੀਏ। ਇਹ ਸਭ ਸੰਭਵ ਹੈ। ਇਸੇ ਤਰ੍ਹਾਂ ਹੀ ਮਨੁੱਖ ਨੇ ਸ਼ੁਰੂ ਤੋਂ ਸਿਖਿਆ ਹੈ ਤੇ ਲਗਾਤਾਰ ਆਪਣੇ ਆਪ ਨੂੰ ਵਿਗਿਆਨਕ ਨਜ਼ਰੀਏ ਨਾਲ ਜੋੜ ਕੇ ਰਖਿਆ ਹੈ।

ਅਸੀਂ ਬੱਚਿਆਂ ਦੇ ਵਿਵਹਾਰ ਤੋਂ ਤੰਗ ਆ ਕੇ ਇਹ ਨਾ ਕਹੀਏ ਕਿ ਤੁਸੀਂ ਤੰਗ ਕਰ ਦਿੱਤਾ। ਅਸੀਂ ਆਪਣਾ ਅਮਨ ਚੈਨ ਗਾਲ ਲਿਆ, ਤੁਹਾਡੇ ਲਈ। ਆਰਾਮ ਨਾਲ ਬੈਠ ਕੇ ਸੋਚੀਏ ਕਿ ਕਿਤੇ ਅਸੀਂ ਕਿਸੇ ਹੋਰ ਕਾਰਨ ਤੋਂ ਤਾਂ ਤੰਗ ਨਹੀਂ। ਆਪਾਂ ਖੁਦ ਵੀ ਇਕ ਵਧੀਆ ਜ਼ਿੰਦਗੀ ਜੀਵੀਏ ਅਤੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਉਮਰ ਦੇ ਮੁਤਾਬਕ ਸਹਿਜਤਾ ਵਿਚ ਜੀਣ ਦੇਈਏ। ਜੇਕਰ ਅਸੀਂ ਉਸ ਸਥਿਤੀ ਦਾ ਇਲਜਾਮ ਆਪਣੇ ਨਾਜ਼ੁਕ, ਮਾਸੂਮ, ਅਬੋਧ ਬੱਚਿਆਂ ਸਿਰ ਮੜਾਂਗੇ ਤਾਂ ਯਕੀਨਨ ਅਸੀਂ ਉਨ੍ਹਾਂ ਦੇ ਵਿਸ਼ਵਾਸ ਨੂੰ ਨਹੀਂ ਜਿੱਤ ਸਕਾਂਗੇ।

ਡਾ. ਸ਼ਿਆਮ ਸੁੰਦਰ ਦੀਪਤੀ

ਦੋ ਕੁ ਗੱਲਾਂ

ਮਨੋ-ਵਿਗਿਆਨ ਰਾਹੀਂ ਬਾਲਾਂ ਦੇ ਮਨਾਂ ਦੀ ਥਾਹ ਪਾਉਣ ਵਾਲੇ ਮਨੋ-ਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਮਾਹੌਲ ਤੋਂ ਬਹੁਤ ਕੁਝ ਸਿਖਦੇ ਹਨ। ਮਾਪੇ ਆਪਣੇ ਬਾਲਾਂ ਦੀ ਖੁਸ਼ੀ ਤਾਂ ਚਾਹੁੰਦੇ ਹਨ ਪ੍ਰੰਤੂ ਆਪਣੀ ਇੱਛਾ ਨੂੰ ਮੁੱਖ ਰੱਖਦੇ ਹਨ। ਇਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੱਚੇ ਮਾਪਿਆਂ ਦੀ ਇੱਛਾ ਦੇ ਖਿਲਾਫ ਆਪਣੇ ਮਨਾਂ 'ਚ ਰੋਸ ਪਾਲ ਲੈਂਦੇ ਹਨ। ਜਿਹੜਾ ਜਵਾਨੀ 'ਚ ਜਾ ਕੇ ਮੁਸ਼ਕਿਲਾਂ ਦਾ ਸਬੱਬ ਬਣਦਾ ਹੈ।

ਡਾ. ਸ਼ਿਆਮ ਸੁੰਦਰ ਦੀਪਤੀ ਦੁਆਰਾ ਲਿਖੀ ਗਈ ਇਹ ਮਹੱਤਵਪੂਰਨ ਪੁਸਤਕ ਬੱਚਿਆਂ ਦੇ ਵਿਵਹਾਰ ਨੂੰ ਸਮਝਣ ਲਈ ਦਿਸ਼ਾ ਨਿਰਦੇਸ਼ ਤਹਿ ਕਰਦੀ ਹੈ। ਇਸ ਪੁਸਤਕ ਦਾ ਸਬੱਬ ਅਧਿਆਪਕਾਂ ਦੀ ਇੱਕ-ਦੋ ਰੋਜ਼ਾ ਵਰਕਸ਼ਾਪ ਵਿੱਚ ਚਰਚੇ 'ਚ ਰਹੇ ਕੇਂਦਰੀ ਨੁਕਤੇ ਦਾ ਸਾਰ ਤੱਤ ਹੈ। ਬਾਲ ਮਨਾਂ ਨੂੰ ਜਾਨਣ ਲਈ ਇਸ ਪੁਸਤਕ ’ਚ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ। ਜਿਹੜੇ ਮਨੋ-ਵਿਗਿਆਨ ਦੇ ਪੱਖ ਤੋਂ ਪਾਠਕਾਂ ਲਈ ਜਾਨਣੇ ਜਰੂਰੀ ਹਨ। ਹਰੇਕ ਜਗਿਆਸੂ ਪਾਠਕ ਲਈ ਬਾਲਾਂ ਦੇ ਸੁਪਨਿਆਂ ਤੇ ਇਛਾਵਾਂ ਨੂੰ ਸਮਝਣ ਲਈ ਇਸ ਪੁਸਤਕ 'ਚੋਂ ਸੇਧ ਲੈ ਸਕਦਾ ਹੈ।

ਇਸ ਪੁਸਤਕ ਦੀ ਪਹਿਲੀ ਪ੍ਰਕਾਸ਼ਨਾ ਪ੍ਰੇਰਨਾ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤੀ ਗਈ ਸੀ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਪ੍ਰਕਾਸ਼ਨ ਵੱਲੋਂ ਇਸ ਦਾ ਤੀਸਰਾ ਐਡੀਸ਼ਨ ਛਾਪਦਿਆਂ ਅਸੀਂ ਖੁਸ਼ੀ ਮਹਿਸੂਸ ਕਰਦੇ ਹੋਏ ਆਸ ਕਰਦੇ ਹਾਂ ਕਿ ਹੁਣ ਇਹ ਪੁਸਤਕ ਤਰਕਸ਼ੀਲ ਵੈਨ ਦੇ ਸਫਰ ਨਾਲ ਸਮਾਜ ਦੇ ਸਭਨਾਂ ਵਰਗਾਂ ਦੇ ਪਾਠਕਾਂ ਤੱਕ ਪੁੱਜੇਗੀ। ਵਿਗਿਆਨ, ਮਨੋ-ਵਿਗਿਆਨ ਤੇ ਗਿਆਨ ਰਾਹੀਂ ਲੋਕ ਮਨਾਂ ਨੂੰ ਰੁਸ਼ਨਾ ਕੇ ਤਰਕਸ਼ੀਲ ਦ੍ਰਿਸ਼ਟੀਕੋਣ ਦਾ ਪਾਸਾਰ ਕਰਨਾ ਸਾਡਾ ਉਦੇਸ਼ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਇਸ ਮੁੱਲਵਾਨ ਪੁਸਤਕ ਨੂੰ ਪਾਠਕਾਂ ਦੀ ਕਚਿਹਰੀ 'ਚ ਪੇਸ਼ ਕਰ ਰਹੇ ਹਾਂ।

ਤੁਹਾਡੇ ਹੁੰਗਾਰੇ ਦੀ ਆਸ 'ਚ


ਭੂਰਾ ਸਿੰਘ, ਮਹਿਮਾ ਸਰਜਾ

ਮੁਖੀ ਸਾਹਿਤ ਵਿਭਾਗ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.)

5 ਜੂਨ 2014