ਬੱਚੇ ਕਦੇ ਤੰਗ ਨਹੀਂ ਕਰਦੇ/ਬੱਚੇ ਕਦੇ ਤੰਗ ਨਹੀਂ ਕਰਦੇ

ਵਿਕੀਸਰੋਤ ਤੋਂ

ਬੱਚੇ ਕਦੇ ਤੰਗ ਨਹੀਂ ਕਰਦੇ

ਬੱਚਿਆਂ ਵਿਚੋਂ ਵੀ, ਮੇਰੀ ਦਿਲਚਸਪੀ ਕਿਸ਼ੋਰ ਵਰਗ ਵਿਚ ਕੁਝ ਜ਼ਿਆਦਾ ਰਹੀ ਹੈ। ਮੇਰੇ ਇਸ ਝੁਕਾਹ ਪ੍ਰਤੀ ਕਈ ਕਾਰਨਾਂ ਵਿਚੋਂ, ਕੁਝ ਨਿਰੋਲ ਵਿਗਿਆਨਕ ਕਾਰਨ ਵੀ ਰਹੇ ਹਨ।ਜੇਕਰ ਅੱਜ ਅਸੀਂ ਜਵਾਨੀ ਸੰਭਾਲਣ ਅਤੇ ਉਸ ਦੇ ਕੁਰਾਹੇ ਪੈਣ ਦੀ ਗੱਲ ਕਰਦੇ ਹਾਂ,ਤਾਂ ਵੀ ਉਸ ਦੀ ਬੁਨਿਆਦ, ਉਸ ਦਾ ਮੁੱਢ ਕਿਸ਼ੋਰ ਅਵਸਥਾ ਹੀ ਹੈ। ਬਚਪਨ ਕੋਈ ਅਣਗੋਲਿਆ ਕੀਤੇ ਜਾਣ ਵਾਲਾ ਪੜਾਅ ਨਹੀਂ ਹੈ, ਪਰ ਜਿੱਥੇ ਬਚਪਨ ਕੁਝ ਕੁ ਅਚੇਤ ਤੌਰ ਤੇ ਗ੍ਰਹਿਣ ਕਰਨ ਵਾਲਾ ਪੜਾਅ ਹੈ, ਉਥੇ ਕਿਸ਼ੋਰ ਅਵਸਥਾ ਵਿੱਚ, ਸੁਚੇਤ ਹੋ ਕੇ ਕੁਝ ਗੰਭੀਰ ਯਤਨ ਕੀਤੇ ਜਾ ਸਕਦੇ ਹਨ।

ਕਿਸ਼ੋਰ ਅਵਸਥਾ ਨੂੰ ਲੈ ਕੇ ਮੈਂ ਇੱਕ ਲੇਖ ਲਿਖਿਆ ਤੇ ਉਸ ਦਾ ਸਿਰਲੇਖ ਹੈ- 'ਬੱਚੇ ਕਦੇ ਤੰਗ ਨਹੀਂ ਕਰਦੇ'। ਮੈਂ ਇਹ ਲੇਖ ਲਿਖ ਰਿਹਾ ਸੀ ਤਾਂ, ਉਦੋਂ ਨੌਵੀਂ ਕਲਾਸ ਵਿਚ ਪੜ੍ਹਦੇ ਮੇਰੇ ਬੇਟੇ ਨੇ ਜਦੋਂ ਇਹ ਸਿਰਲੇਖ ਪੜ੍ਹਿਆ ਤਾਂ ਕਹਿਣ ਲਗਿਆ, 'ਜਦੋਂ ਤੁਸੀਂ ਇਹ ਕਿਤਾਬ ਛਾਪੋਗੇ ਤਾਂ ਤੁਹਾਡੀ ਇਹ ਕਿਤਾਬ ਬਹੁਤ ਵਿਕੇਗੀ।' ਮੈਨੂੰ ਲੱਗਿਆ ਮੇਰੇ ਇਸ ਸਿਰਲੇਖ/ਲੇਖ ਉਪਰ ਉਸ ਦੀ ਇਸ ਪ੍ਰਤੀਕ੍ਰਿਆ ਨੇ ਮੇਰੀ ਸਮਝ 'ਤੇ ਸਹੀ ਲਾਈ ਹੈ।

ਇਹ ਲੇਖ, ਮੇਰੀ ਕਿਸ਼ੋਰਾਂ ਬਾਰੇ ਲਿਖੀ ਪੁਸਤਕ "ਜਵਾਨ ਹੋ ਰਹੇ ਧੀਆਂ-ਪੁੱਤ' ਵਿਚ ਸ਼ਾਮਿਲ ਹੈ, ਜਿਸ ਪੁਸਤਕ ਨੂੰ ਪੰਜਾਬੀ ਪਾਠਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ।

ਪਿਛਲੇ ਦਿਨੀਂ ਇਕ ਫਿਲਮ ਆਈ ‘ਤਾਰੇ ਜਮੀਂ ਪਰ’ ਤੇ ਜਿਸ ਨੂੰ ਪਰਚਾਰਿਆ ਗਿਆ ਕਿ ਹਰ ਬੱਚਾ ਖਾਸ ਹੈ। ਇਹ ਫਿਲਮ ਅਜੇ ਆਉਣੀ ਹੀ ਸੀ ਤਾਂ ਇਕ ਵਾਰੀ ਫਿਰ ਮੇਰੇ ਪਲਸ ਟੂ ਵਿਚ ਪੜ੍ਹਦੇ ਬੇਟੇ ਨੇ ਕਿਹਾ ਆਮਿਰ ਖਾਨ (ਫਿਲਮ ਦਾ ਐਕਟਰ ਅਤੇ ਨਿਰਦੇਸ਼ਕ) ਵੀ ਤੁਹਾਡੇ ਵਾਂਗ ਸੋਚਦਾ ਹੈ। ਬੱਚਿਆਂ ਤੇ ਫਿਲਮ ਹੋਣ ਕਰਕੇ ਅਤੇ ਮੇਰੀ ਕਿਤਾਬ ਅਤੇ ਉਸ ਸਿਰਲੇਖ ਦੇ ਪ੍ਭਾਵ ਸਦਕਾ ਉਹ ਕਹਿ ਰਿਹਾ ਸੀ ਕਿਉਂ ਜੋ ਮੈਂ ਫਿਲਮਾਂ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ ਜਾਂ ਕਹਿ ਲਵੋ, ਫਿਲਮਾਂ ਵਿਚ ਮੇਰੀ ਦਿਲਚਸਪੀ ਜ਼ਿਆਦਾ ਨਹੀਂ ਹੈ।

ਇਨ੍ਹਾਂ ਦੋਹਾਂ ਹਵਾਲਿਆਂ ਦਾ ਜਿਕਰ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਬੇਟੇ ਦੀਆਂ ਇਹ ਦੋਵੇਂ ਟਿੱਪਣੀਆਂ, ਉਸ ਪੜਾਅ ਦੀ ਸਥਿਤੀ ਬਾਰੇ ਸੀ ਜਿਸ ਵਿਚੋਂ ਉਹ ਖੁਦ ਲੰਘ ਰਿਹਾ ਹੈ। ਜੋ ਕਿ ਘੱਟੋ ਘੱਟ ਇਕ ਗੱਲ ਵੱਲ ਤਾਂ ਇਸ਼ਾਰਾ ਕਰਦੀਆਂ ਹਨ ਕਿ ਬੱਚੇ ਆਖਰ ਚਾਹੁੰਦੇ ਕੀ ਹਨ! ਉਨ੍ਹਾਂ ਦੇ ਮਨ ਦੀ ਕੋਈ ਇੱਛਾ ਹੈ, ਉਨ੍ਹਾਂ ਦੀ ਇੱਕ ਜਜ਼ਬਾਤੀ ਲੋੜ ਹੈ, ਜਿਸ ਨੂੰ ਕਿ ਬਹੁਤ ਸਾਰੇ ਮਾਤਾ-ਪਿਤਾ ਅਜੇ ਨਹੀਂ ਜਾਣਦੇ-ਸਮਝਦੇ।

ਇਨ੍ਹਾਂ ਕੁਝ ਕੁ ਸਾਲਾਂ ਦੌਰਾਨ-ਤਕਰੀਬਨ ਇਕ ਦਹਾਕੇ ਤੋਂ, ਕਿਸ਼ੋਰਾਂ ਨੌਜਵਾਨਾਂ ਨੂੰ ਲੈ ਕੇ, ਇੱਕ ਚਿੰਤਾ ਦਾ ਵਿਸ਼ਾ, ਨਸ਼ੇ ਕਾਫੀ ਚਰਚਾ ਵਿੱਚ ਹੈ। ਹਰ ਪਾਸੇ ਇਸ ਦੀ ਗੱਲ ਤੁਰੀ ਹੈ।ਹਰ ਸਟੇਜ ਤੋਂ, ਭਾਵੇਂ ਉਹ ਰਾਜਨੀਤਕ ਹੈ ਜਾਂ ਧਾਰਮਿਕ-ਨੌਜਵਾਨਾਂ ਅਤੇ ਨਸ਼ੇ ਬਾਰੇ ਗੱਲ ਤੁਰ ਹੀ ਪੈਂਦੀ ਹੈ। ਨਸ਼ੇ ਭਾਵੇਂ ਆਪਣੇ ਆਪ ਵਿੱਚ ਇੱਕ ਸਮੱਸਿਆ ਨਹੀਂ ਹੈ। ਜੇਕਰ ਗੌਰ ਨਾਲ, ਘੋਖ-ਪੜਤਾਲ ਕਰਕੇ ਦਖਾਂਗੇ ਤਾਂ ਪਤਾ ਚੱਲੇਗਾ ਕਿ ਨਸ਼ੇ ਕਿਸੇ ਹੋਰ ਡੂੰਘੀ ਸਮੱਸਿਆ ਦਾ ਪਰਛਾਵਾਂ ਹਨ ਜਾਂ ਕੋਈ ਲੱਛਣ ਹੈ। ਅਸਲ ਸਮੱਸਿਆ ਕਿਤੇ ਹੋਰ ਹੈ।

ਨਸ਼ੇ ਅਤੇ ਨੌਜਵਾਨਾਂ ਦੇ ਆਪਸੀ ਸਬੰਧ ਨੂੰ ਘੋਖਣ ਦੀ ਲੋੜ ਹੈ। ਸਰਵੇਖਣ ਕਰਵਾ ਕੇ, ਆਂਕੜੇ ਛਾਪ ਕੇ, ਸੈਮੀਨਾਰ ਕਰਵਾ ਕੇ, ਚਿੰਤਾ ਦੀ ਗੰਭੀਰਤਾ ਨੂੰ ਤਾਂ ਪ੍ਰਗਟਾਇਆ ਜਾ ਸਕਦਾ ਹੈ, ਪਰ ਇਸ ਦੇ ਕੋਈ ਵਧੀਆ ਨਤੀਜੇ ਨਹੀਂ ਨਿਕਲਦੇ। ਯੂਨੀਵਰਸਿਟੀ ਪੱਧਰ ਦਾ ਮਾਹਿਰ ਕਹੇਗਾ ਕਿ ਨੌਜਾਵਾਨਾਂ ਵਿਚ ਨਸ਼ੇ ਲੈਣ ਦੀ ਦਰ 67.3 ਫੀਸਦੀ ਹੈ (ਦਸ਼ਮਲਵਾਂ ਤੱਕ ਆਂਕੜੇ) ਤੇ ਇੱਕ ਆਮ ਬੰਦਾ ਕਹੇਗਾ ਕਿ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਸਵਾਲ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ। ਫਿਰ ਜਦੋਂ ਕਸੂਰ ਦੀ ਗੱਲ ਤੁਰਦੀ ਹੈ ਤਾਂ ਵੱਡਾ ਨਿਸ਼ਾਨਾ ਬਣਦੇ ਹਨ ਨੌਜਵਾਨ। ਖੁਦ 'ਪੀੜਤ ਧਿਰ' ਜੋ ਨਸ਼ਿਆਂ ਦਾ ਸ਼ਿਕਾਰ ਆਪ ਹਨ। ਹੈ ਨਾ ਕਮਾਲ ਦੀ ਗੱਲ।

'ਪੀੜਤ ਧਿਰ' ਨੂੰ ਹੀ ਨਕਾਰਿਆ ਜਾਂਦਾ ਹੈ ਤੇ ਦੋਸ਼ੀ ਠਹਿਰਾਇਆ ਜਾਂਦਾ ਹੈ। ਵੈਸੇ ਮੈਂ ਇੱਥੇ ਨੌਜਵਾਨਾਂ ਨੂੰ ਪੀੜਤ ਧਿਰ ਕਹਿ ਰਿਹਾ ਹਾਂ। ਅਸਲ ਵਿਚ ਸਾਡੇ ਸਮਾਜ ਦੇ ਕਰਤਾ-ਧਰਤਾ ਇਸ ਤਰ੍ਹਾਂ ਸੋਚਦੇ ਨਹੀਂ। ਉਹ ਨੌਜਵਾਨਾਂ ਨੂੰ 'ਪੀੜਤ ਧਿਰ' ਨਾ ਸਮਝ ਕੇ, ਨੌਜਵਾਨਾਂ ਨੂੰ ਮੌਜ ਲੈਣ ਵਾਲੀ, ਬੇਕਾਰ, ਗੈਰ-ਜੁੰਮੇਵਾਰ ਪੀੜ੍ਹੀ ਸਮਝਦੇ ਹਨ।

ਇਸ ਤਰ੍ਹਾਂ ਦੀ ਸਮਝ ਜਾਂ ਇਸ ਸਮਝ ਦੇ ਤਹਿਤ ਨੌਜਵਾਨਾਂ/ਕਿਸ਼ੋਰਾਂ ਨੂੰ ਤਾੜਣਾ ਜਾਂ ਨਿਸ਼ਾਨਾ ਬਣਾਉਣਾ ਸਗੋਂ ਅਵਿਸ਼ਵਾਸ ਪੈਦਾ ਕਰਦਾ ਹੈ। ਆਪਸੀ ਰਿਸ਼ਤਿਆਂ ਦੀ ਖਾਈ ਵੱਡੀ ਹੁੰਦੀ ਹੈ। ਦੋਹਾਂ ਧਿਰਾਂ ਵਿਚ ਫਾਸਲਾ ਵਧਦਾ ਹੈ ਤੇ ਇਸ ਨਾਲ ਸਥਿਤੀ ਵਿਚ ਸੁਧਾਰ ਦੀ ਬਜਾਏ ਵਿਗਾੜ ਵੱਧ ਪੈਦਾ ਹੁੰਦਾ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਕਿ ਪ੍ਰਛਾਵਾਂ ਫੜਿਆਂ ਜਾਂ ਲੱਛਣਾਂ ਨੂੰ ਨਜਿੱਠਣ ਨਾਲ ਸਮੱਸਿਆ ਕੁਝ ਦੇਰ ਲਈ ਤਾਂ ਹੱਲ ਹੋਈ ਜਾਂ ਕਾਬੂ ਵਿਚ ਆਈ ਜਾਪਦੀ ਹੁੰਦੀ ਹੈ, ਪਰ ਅਸਲ ਵਿਚ ਨਹੀਂ।

ਇਸ ਲਈ ਹੀ ਇਹ ਉਪਰਾਲਾ- ਨਸ਼ਿਆ ਦੀ ਵੱਧ ਰਹੀ ਪ੍ਰਵਿਰਤੀ ਨੂੰ ਸਮਝਣ ਦੀ ਗੱਲ- ਬੱਚੇ ਦੇ ਮਨੋਵਿਗਿਆਨਕ ਪੱਖ ਤੋਂ ਸਮਝਣ ਦੀ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ।

ਮੇਰੀ ਇਹ ਸਮਝ ਹੈ ਕਿ ਬੱਚਿਆਂ ਦੀ ਮਾਨਸਿਕ ਹਾਲਤ ਨੂੰ ਸਮਝਣ ਦੀ ਲੋੜ ਹੈ, ਜਿਸ ਵਿਚ ਅਸੀਂ ਬਹੁਤ ਪਿੱਛੇ ਹਾਂ। ਇਹ ਸਿਰਫ ਅਗਿਆਨਤਾ ਹੀ ਨਹੀਂ ਸਗੋਂ ਅਣਗਹਿਲੀ ਦਾ ਵਰਤਾਰਾ ਵੀ ਹੈ। ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਗੱਲ ਏਨੀ ਨਵੀਂ ਵੀ ਨਹੀਂ ਕਿ ਅਸੀਂ ਇਹ ਸੋਚੀਏ ਕਿ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਜਾਂ ਇਹ ਸਮਝ ਸਾਡੇ ਕੋਲ ਅਪੜੀ ਹੀ ਨਹੀਂ ਦਰਅਸਲ ਅਸੀਂ ਸੁਚੇਤ ਕੋਸ਼ਿਸ਼ ਹੀ ਨਹੀਂ ਕੀਤੀ। ਮਾਂ ਪਿਉ ਦੀ ਅਗਿਆਨਤਾ ਨੂੰ ਇਕ ਪਾਸੇ ਰੱਖ ਦੇਈਏ ਤਾਂ ਵੀ ਅਧਿਆਪਕਾਂ ਦੇ ਤਾਂ ਇਹ ਸਿਲੇਬਸ ਦਾ ਹਿੱਸਾ ਹੀ ਹੈ ਕਿ ਕਿਵੇਂ ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਸਿੱਖਿਆ ਨੂੰ ਗਿਆਨਵਰਧਕ ਅਤੇ ਖੁਸ਼ੀ ਪ੍ਰਾਪਤੀ ਦਾ ਮਾਧਿਐਮ ਬਣਾਇਆ ਜਾਵੇ। ਸਿਲੇਬਸ ਵਿਚ ਕੋਈ ਨਵਾਂ ਪਹਿਲੂ ਤਾਂ ਹੀ ਜੋੜਿਆ ਜਾਂਦਾ ਹੈ ਜੋ ਖੋਜ਼ ਪਰਖ ਤੋਂ ਬਾਅਦ ਅਹਿਮ ਸਮਝਿਆ ਜਾਂਦਾ ਹੈ। ਇਹ ਇਕ ਮਨੋਵਿਗਿਆਨਕ ਤੱਥ ਹੈ ਕਿ ਜਿਹੜਾ ਬੰਦਾ ਆਪਣੇ ਸ਼ਗਿਰਦਾਂ ਨੂੰ ਕੇਵਲ ਸਬਕ ਵੇਲੇ ਮਿਲਦਾ ਹੈ- ਅਧਿਆਪਕ ਮੇਜ ਦੇ ਇਕ ਪਾਸੇ ਅਤੇ ਸ਼ਗਿਰਦ ਦੂਜੇ ਪਾਸੇ- ਉਹ ਬੱਚਿਆਂ ਦੀ ਆਤਮਾ ਨੂੰ ਨਹੀਂ ਜਾਣਦਾ ਅਤੇ ਜਿਹੜਾ ਮਨੁੱਖ ਬੱਚਿਆਂ ਨੂੰ ਨਹੀਂ ਜਾਣਦਾ, ਜਿਸ ਅਧਿਆਪਕ ਲਈ ਬੱਚਿਆਂ ਦੇ ਵਿਚਾਰ, ਭਾਵਨਾਵਾਂ ਅਤੇ ਇਛਾਵਾਂ ਪਹੁੰਚ ਤੋਂ ਬਾਹਰ ਹਨ, ਅਧਿਆਪਕ ਨਹੀਂ ਬਣ ਸਕਦਾ।

ਜਰੂਰਤ ਹੈ ਬੱਚਿਆਂ ਦੀਆਂ ਖੁਸ਼ੀਆਂ ਅਤੇ ਗ਼ਮ ਅਨੁਭਵ ਕਰਨਾ, ਮਾਨਸਕ ਤੌਰ ਉਤੇ ਬੱਚੇ ਦੀ ਥਾਂ ਖੜੇ ਹੋਣ ਦਾ ਯਤਨ ਕਰਨਾ। ਸਭ ਤੋਂ ਮੋਹਰੀ ਗੁਣ ਬੱਚੇ ਦੇ ਆਤਮਕ ਸੰਸਾਰ ਵਿੱਚ ਦਾਖਲ ਹੋ ਸਕਣ ਦੀ ਯੋਗਤਾ ਹੈ। ਵੈਸੇ ਤਾਂ ਅਧਿਆਪਕ ਵਰਗ ਨੂੰ ਅਜਿਹੀਆਂ ਖੋਜ਼ਾਂ ਪ੍ਰਤੀ ਖੁਦ ਹੀ ਸੁਚੇਤ ਹੋ ਕੇ ਆਪਣੇ ਗਿਆਨ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਰਖਣਾ ਚਾਹੀਦਾ ਹੈ, ਪਰ ਸਾਡੀ ਮਾਨਸਿਕਤਾ ਤਾਂ ਹਰ ਨਵੇਂ ਵਿਸ਼ੇ ਨੂੰ ਇਕ ਬੋਝ ਵਾਂਗ ਲੈਣ ਦੀ ਹੀ ਹੈ। ਜਦੋਂ ਅਧਿਆਪਕ ਲਈ ਆਪਣੇ ਆਪ ਨੂੰ ਗਿਆਨ ਭੰਡਾਰ ਨਾਲ ਜੋੜ ਕੇ ਰਖਣਾ ਬੋਝ ਹੈ ਤਾਂ ਫਿਰ ਉਹ ਵਿਦਿਆਰਥੀਆਂ ਨੂੰ ਕੀ ਦੇਵੇਗਾ? ਸਿਲੇਬਸ ਪ੍ਰਤੀ ਸਾਡੀ ਮਨੋਵਿਰਤੀ ਹੈ- ਪੜ੍ਹਣਾ, ਇਮਤਿਹਾਨ ਦੇਣਾ, ਪਾਸ ਹੋਣਾ ਤੇ...ਭੁੱਲ ਜਾਣਾ।

ਬੱਚਿਆਂ ਨੂੰ ਪੜ੍ਹਾਉਣ ਲਈ ਇਹ ਲਾਜਮੀ ਹੈ ਕਿ ਮਨੁੱਖ ਉਨ੍ਹਾਂ ਨਾਲ ਪਿਆਰ ਕਰੇ। ਕੇਵਲ ਇਸ ਢੰਗ ਨਾਲ ਹੀ ਬੰਦਾ ਬੱਚਿਆਂ ਵਿੱਚ ਕਿਰਤ, ਮਿੱਤਰਤਾ ਅਤੇ ਮਾਨਵਤਾ ਦੀ ਖੁਸ਼ੀ ਦਾ ਬੀਜ ਬੀਅ ਸਕਦਾ ਹੈ। ਇਹ ਲਾਜਮੀ ਹੈ ਕਿ ਅਧਿਆਪਕ ਹਰ ਵਿਦਿਆਰਥੀ ਦੇ ਦਿਲ ਤਕ ਰਾਹ ਲੱਭਣ ਯੋਗ ਹੋਵੇ।

ਅਧਿਆਪਕ ਦਾ ਹਰ ਢੰਗ ਮਨੁੱਖ ਲਈ ਅਥਾਹ ਸਤਿਕਾਰ ਅਤੇ ਭਰੋਸੋ ਉੱਤੇ ਅਧਾਰਤ ਹੋਵੇ। ਅਧਿਆਪਕ ਦਾ ਕੰਮ ਹੈ: ਬੱਚੇ ਨੂੰ ਉਹਦੇ ਦੁਆਲੇ ਦੇ ਸੰਸਾਰ ਵਿਚ ਕਿਵੇਂ ਲੈ ਜਾਇਆ ਜਾਵੇ, ਸਿੱਖਣ ਵਿਚ ਉਹਦੀ ਮਦਦ ਕਿਵੇਂ ਕੀਤੀ ਜਾਵੇ ਅਤੇ ਉਹਦੀ ਬੌਧਿਕ ਘਾਲਣਾ ਕਿਵੇਂ ਸੌਖੀ ਬਣਾਈ ਜਾਵੇ। ਉਹਦੀ ਆਤਮਾ ਵਿਚ ਉੱਚ ਭਾਵਨਾਵਾਂ ਅਤੇ ਭਾਵ ਕਿਵੇਂ ਪੈਦਾ ਕੀਤੇ ਜਾਣ ਅਤੇ ਪਕੇਰੇ ਬਣਾਏ ਜਾਣ, ਇਹ ਨਿਸ਼ਚਾ ਕਿ ਮਨੁੱਖ ਚੰਗਾ ਹੈ ਕਿਵੇਂ ਪੈਦਾ ਕੀਤਾ ਜਾਵੇ।

ਇਹ ਕੁਝ ਕੁ ਮਨੋਵਿਗਿਆਨ ਪਹਿਲੂ, ਜੋ ਮਾਂ ਪਿਉ ਅਤੇ ਅਧਿਆਪਕਾਂ ਨੂੰ ਸੁਚੇਤ ਕਰਦੇ ਹਨ ਕਿ ਉਹ ਬੱਚਿਆਂ ਨੂੰ ਕਿਸ ਭਾਵਨਾ ਨਾਲ ਸਮਝਣ ਅਤੇ ਉਨ੍ਹਾਂ ਨਾਲ ਪੇਸ਼ ਆਉਣ। ਬੱਚਿਆਂ ਨਾਲ ਪਿਆਰ ਕਰਨ ਦੀ ਗੱਲ, ਬੱਚਿਆਂ ਦੀ ਆਤਮਾ ਨੂੰ ਜਾਨਣ ਦੀ ਗੱਲ, ਉਨ੍ਹਾਂ ਦੀ ਬੌਧਿਕ ਘਾਲਣਾ ਨੂੰ ਸੌਖਾ ਬਨਾਉਣ ਦੀ ਗੱਲ, ਇਸ ਲਈ ਉਭਾਰਨ ਦੀ ਲੋੜ ਹੈ ਕਿ ਸਾਡਾ ਆਲਾ ਦੁਆਲਾ (ਘਰ ਅਤੇ ਸਕੂਲ-ਦੋਵੇਂ ਥਾਈਂ) ਉਸ ਤਰ੍ਹਾਂ ਦਾ ਸਾਵਾਂ ਨਹੀਂ ਹੈ, ਉਸ ਤਰ੍ਹਾਂ ਦਾ ਬਚਪਨ ਪ੍ਰਤੀ ਸਿਹਤਮੰਦ ਨਹੀਂ ਹੈ, ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਨੁਸ਼ਾਸਨ ਵਿੱਚ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ, ਉਨ੍ਹਾਂ ਦੀਆਂ ਮਨੋਬਿਰਤੀਆਂ ਨੂੰ ਦਬਾਉਣ ਵਿਚ ਬਹੁਤ ਫ਼ਰਕ ਹੈ।

ਕਹਿ ਸਕਦੇ ਹਾਂ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਬਾਰੇ ਸਾਡੀ ਸਮਝ ਨਵੀਂ ਹੈ, ਪਰ ਚਾਰ-ਪੰਜ ਦਹਾਕੇ ਕੋਈ ਥੋੜਾ ਸਮਾਂ ਨਹੀਂ। ਫਿਰ ਜਦੋਂ ਅਸੀਂ ਆਪਣੇ ਆਪ ਨੂੰ ਨਵੀਂ ਖੋਜ਼ ਨਾਲ ਜੋੜਦੇ ਹੀ ਨਹੀਂ, ਤਾਂ ਆਪਣੇ ਮਨਾਂ ਵਿਚ ਵਸੀ ਉਹੀ ਤਸਵੀਰ ਹੀ ਅਸੀਂ ਦੁਹਰਾਉਂਦੇ ਹਾਂ। ਅਸੀਂ ਵੀ ਉਹੀ ਢੰਗ-ਤਰੀਕੇ ਅਪਣਾਉਂਦੇ ਹਾਂ ਜੋ ਸਾਡੇ ਤੇ ਵਰਤੇ ਗਏ ਸੀ। ਉਹੀ ਡੰਡਾ। ਉਹੀ ਸਜ਼ਾ ਦੇਣੀ। ਹੁਣ ਜੇ ਡੰਡਾ ਗਾਇਬ ਹੋ ਗਿਆ ਹੈ ਜਾਂ ਉਸ ਦੇ ਵਰਤੋਂ ਦੀ ਮਨਾਹੀ ਹੈ ਤਾਂ 'ਥੱਪੜ' ਤਾਂ ਹਰ ਵੇਲੇ ਸਾਡੇ ਨਾਲ ਹੁੰਦਾ ਹੀ ਹੈ। ਕਿਸੇ 'ਤੇ ਗੁੱਸਾ ਕੱਢਣ ਲਈ 'ਜੁਬਾਨ' ਦਾ ਇਸਤੇਮਾਲ, ਭਾਵੇਂ ਅਸੀਂ ਸਹਿਜੇ ਹੀ ਕਰ ਲੈਂਦੇ ਹਾਂ, ਪਰ ਇਹ ਡੰਡੇ ਦੀ ਮਾਰ ਤੋਂ ਵੀ ਕਿਤੇ ਵੱਧ ਘਾਤਕ ਸਿੱਧ ਹੁੰਦਾ ਹੈ।

ਬਹੁਤ ਘੱਟ ਅਜਿਹੇ ਅਧਿਆਪਕ ਹੋਣਗੇ ਜੋ ਇਸ ਦੇ ਉਲਟ ਸੋਚਣ ਕਿ ਸਾਨੂੰ ਕੁੱਟ ਕੁੱਟ ਕੇ, ਜਾਨਵਰਾਂ ਵਾਂਗ ਪੜ੍ਹਾਈ ਵੱਲ ਖਿੱਚਿਆ ਜਾਂਦਾ ਸੀ, ਅਸੀਂ ਇਹ ਢੰਗ ਨਹੀਂ ਅਪਨਾਉਣਾ। ਉਨ੍ਹਾਂ ਦੀ ਇਸ ਸੋਚ ਦਾ ਆਧਾਰ ਮੌਲਿਕ, ਨਿੱਜੀ ਹੁੰਦਾ ਹੈ। ਇਹ ਉਨ੍ਹਾਂ ਦੀ ਮਨ ਦੀ ਆਵਾਜ਼ ਹੁੰਦੀ ਹੈ। ਬਹੁਤੀ ਵਾਰ ਉਹ ਵਿਗਿਆਨਕ ਪਿਛੋਕੜ ਨਾਲ ਸਬੰਧਿਤ ਨਹੀਂ ਹੁੰਦਾ। ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦੌਰਾਨ, ਬੱਚਿਆਂ ਦੀ ਮਾਨਸਿਕਤਾ ਅਤੇ ਸਿੱਖਿਆ ਦੇ ਸੰਬੰਧਾਂ ਬਾਰੇ ਥੋੜਾ-ਬਹੁਤ ਅੰਸ਼ ਯਾਦ ਵੀ ਹੁੰਦਾ ਹੈ ਤਾਂ ਉਹ ਵੀ ਇਹ ਕਹਿ ਕੇ ਸਾਰਦੇ ਹਨ ਕਿ ‘ਇਹ ਕਿਤਾਬੀ ਢੰਗ ਨੇ, ਇਹ ਇਨ੍ਹਾਂ ਪੇਂਡੂ ਗੰਵਾਰਾਂ ਵਾਸਤੇ ਨਹੀਂ ਹੈ। ਇਹ ਸਾਡੇ ਮੁਲਕ 'ਤੇ ਲਾਗੂ ਨਹੀਂ ਹੁੰਦਾ। ਇਹ ਬੱਚੇ ਤਾਂ ਡੰਡੇ ਦੇ ਪੀਰ ਨੇ।’ ਨਾਲ ਹੀ ਆਪਣੇ ਕਥਨ ਦੀ ਪੁਸ਼ਟੀ ਲਈ ਦਲੀਲ ਵੀ ਦੇਣਗੇ ਕਿ ‘ਹੁਣ ਡੰਡੇ ਦਾ ਰਿਵਾਜ ਮੁੱਕ ਗਿਆ ਹੈ ਤੇ ਨਤੀਜਾ ਸਾਹਮਣੇ ਹੀ ਹੈ ਕਿ ਬੱਚੇ ਵਿਗੜ ਗਏ ਨੇ, ਵਿਗੜ ਰਹੇ ਨੇ।’ ਇਸ ਤਰ੍ਹਾਂ ਦੀ ਵਿਆਖਿਆ ਦੇ ਕੇ, ਅਧਿਆਪਕ ਆਪਣੀ ਕਮਜੋਰੀ 'ਤੇ ਪਰਦਾ ਪਾ ਰਿਹਾ ਹੁੰਦਾ ਹੈ।

ਅਧਿਆਪਕ ਵਰਗ ਨੂੰ ਇਸ ਸੱਚਾਈ ਦੇ ਰੂਬਰੂ ਹੋਣ ਦੀ ਲੋੜ ਹੈ ਕਿ:

ਬੱਚਿਆਂ ਦੇ ਮਾਨਸਿਕ ਵਿਕਾਸ ਦਾ ਇਕ ਪਹਿਲੂ ਤਾਂ ਇਹ ਹੈ ਕਿ ਬੱਚਾ ਕਿਸੇ ਵੀ ਉਮਰ 'ਤੇ ਬੱਚਾ ਨਹੀਂ ਹੁੰਦਾ (ਜਿਸ ਤਰ੍ਹਾਂ ਅਸੀਂ ਇਹ ਸ਼ਬਦ ਕਿਸੇ ਅਨਜਾਣ, ਘੱਟ ਸਮਝ ਵਾਲੇ, ਅਵਿਕਸਿਤ ਲਈ ਵਰਤਦੇ ਹਾਂ। ਜਾ ਯਾਰ ! ਤੂੰ ਤਾਂ ਅਜੇ 'ਬੱਚਾ' ਹੈਂ।) ਬੱਚਾ ਆਪਣੀ ਉਮਰ ਮੁਤਾਬਕ ਹਰ ਪੜਾਅ ਤੇ ਇਕ ਪੂਰਨ ਇਕਾਈ ਹੁੰਦਾ ਹੈ। ਉਹ ਆਪਣੇ ਆਪ ਲਈ ਪੂਰੀ ਤੱਵਜੋ ਮੰਗਦਾ ਹੈ, ਪੂਰੀ ਇੱਜ਼ਤ ਚਾਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਅਸੀਂ ਉਸ ਦੀ ਇੱਜਤ ਜਾਂ ਉਸ ਦੀਆਂ ਭਾਵਨਾਵਾਂ ਦੀ ਕਦਰ ਤਾਂ ਹੀ ਕਰਾਂਗੇ ਜੇ ਅਸੀਂ ਉਸ ਦੇ ਉਸ ਪੜਾਅ ਦੀਆਂ ਲੋੜਾਂ ਸਮਝਾਂਗੇ।

ਮਾਂ ਪਿਉ ਦੀ ਅਗਿਆਨਤਾ ਦੀ ਗੱਲ ਕਰ ਰਿਹਾ ਸੀ, ਮਾਂ ਪਿਉ ਸਮਾਜ ਵਿਚ ਕੋਈ ਵਖਰਾ ਵਰਗ ਨਹੀਂ ਹੁੰਦਾ। ਅਧਿਆਪਕ ਵੀ ਤਾਂ ਮਾਂ ਬਾਪ ਹੁੰਦੇ ਨੇ। ਅਧਿਆਪਕ ਅਤੇ ਮਾਂ ਪਿਉ ਜੇ ਵੱਖ ਵੱਖ ਵੀ ਹੋਣ (ਮਤਲਬ ਜੋ ਮਾਂ ਬਾਪ ਖੁਦ ਅਧਿਆਪਕ ਨਹੀਂ) ਤਾਂ ਉਹ ਅਕਸਰ ਮਿਲਦੇ ਵੀ ਹਨ (ਜੇ ਨਹੀਂ ਮਿਲਦੇ ਤਾਂ ਮਿਲਣੇ ਚਾਹੀਦੇ ਹਨ) ਤੇ ਇਸ ਤੋਂ ਵੀ ਇਲਾਵਾ, ਮਾਂ ਪਿਉ ਨੇ ਬੱਚਿਆਂ ਨੂੰ ਪਾਲਣਾ ਹੈ, ਇਕ ਵਧੀਆ ਪਰਿਵਾਰਕ ਅਤੇ ਸਮਾਜਿਕ ਪ੍ਰਾਣੀ ਦੇਖਣਾ ਹੈ ਤਾਂ ਇਹ ਉਨ੍ਹਾਂ ਦੀ ਵੀ ਲੋੜ ਹੈ ਕਿ ਉਹ ਬੱਚਿਆਂ ਦੇ ਵਿਕਾਸ ਪੜਾਆਂ ਨੂੰ ਜਾਨਣ। ਜੇ ਉਹ ਬੱਚੇ ਲਈ ਚਾਕਲੇਟ, ਖਿਡੌਣੇ, ਹੋਰ ਖਾਣ ਪੀਣ, ਪਹਿਨਣ ਦੀਆਂ ਚੀਜਾਂ ਖਰੀਦਦੇ ਹਨ ਤਾਂ ਉਹ ਉਨ੍ਹਾਂ ਦੇ ਵਿਕਾਸ ਪੜਾਆਂ ਨਾਲ ਜੁੜੀਆਂ ਹੋਰ ਮਾਨਸਿਕ ਲੋੜਾਂ ਨਾਲ ਸਬੰਧਿਤ ਪੁਸਤਕਾਂ ਵੀ ਖਰੀਦ ਕੇ ਪੜ੍ਹ ਸਕਦੇ ਹਨ, ਕਿਸੇ ਮਾਹਿਰ ਨੂੰ ਮਿਲ ਕੇ ਪੁੱਛ ਵੀ ਸਕਦੇ ਹਨ। ਉਦਾਹਰਣ ਦੇ ਤੌਰ ਤੇ, ਇਕ ਮਾਨਸਿਕ ਖੋਜ਼ ਦੇ ਨਤੀਜੇ ਦਾ ਜਿਕਰ ਕਰਦੇ ਚਲਦੇ ਹਾਂ ਕਿ ਬੱਚਾ ਆਪਣੇ ਮਾਤਾ ਪਿਤਾ ਦੇ ਸਦਾਚਾਰਕ ਜੀਵਨ ਦਾ ਪ੍ਰਤੀਬਿੰਬ ਹੁੰਦਾ ਹੈ। ਚੰਗੇ ਮਾਤਾ ਪਿਤਾ ਦਾ ਸਭ ਤੋਂ ਵਡਮੁੱਲਾ ਸਦਾਚਾਰਕ ਲੱਛਣ, ਦਿਆਲਤਾ ਅਤੇ ਹੋਰਨਾਂ ਲੋਕਾਂ ਨਾਲ ਨੇਕੀ ਕਰਨ ਦੀ ਇੱਛਾ ਹੈ। ਜਿਨ੍ਹਾਂ ਟੱਬਰਾਂ ਵਿਚ ਪਿਤਾ ਅਤੇ ਮਾਤਾ ਆਪਣੇ ਆਪ ਦਾ ਇਕ ਹਿੱਸਾ ਹੋਰਨਾਂ ਨੂੰ ਦਿੰਦੇ ਹਨ, ਹੋਰ ਲੋਕਾਂ ਦੇ ਦੁਖ ਅਤੇ ਖੁਸ਼ੀਆਂ ਆਪਣੇ ਦਿਲ ਦੇ ਨੇੜੇ ਕਰਦੇ ਹਨ, ਬੱਚੇ ਵੱਡੇ ਹੋ ਕੇ ਚੰਗੇ, ਹਮਦਰਦ ਅਤੇ ਨਿੱਘੇ ਦਿਲਾਂ ਵਾਲੇ ਬਣਦੇ ਹਨ।

ਬੱਚੇ ਨੂੰ ਸਮਝਣ ਦੀ ਸਾਡੀ ਇਹ ਲੋੜ, ਸਾਡੀ ਸੋਚ ਦਾ ਹਿੱਸਾ ਨਹੀਂ ਬਣੀ। ਅਜਿਹੀਆਂ ਹੋਰ ਵੀ ਖੋਜ਼ਾਂ ਸਾਡੀ ਸਮਝ ਨਾਲ ਜੁੜਣੀਆਂ ਚਾਹੀਦੀਆਂ ਹਨ।

ਸਬੱਬ ਸੀ ਨੌਜਵਾਨਾਂ ਅਤੇ ਨਸ਼ਿਆਂ ਦਾ ਤੇ ਫਿਰ ਉਸ ਪਹਿਲੂ ਤੋਂ ਉਜਾਗਰ ਹੋਏ ਕਈ ਹੋਰ ਨਵੇਂ ਪਹਿਲੂ।

ਸਿਹਤ ਵਿਭਾਗ ਵਿਚ ਕੰਮ ਕਰਦਿਆਂ, ਸਮਾਜੀ-ਮਨੋਵਿਗਿਆਨ ਨਾਲ ਜੁੜੇ ਹੋਇਆਂ, ਕੌਮੀ ਪੱਧਰ ਤੇ ਚਲ ਰਹੇ ਕਈ ਸਿਹਤ ਪ੍ਰੋਗਰਾਮਾਂ ਵਿਚ ਕਾਰਜਸੀਲ ਹੁੰਦੇ ਹੋਇਆਂ, ਖਾਸ ਕਰ ਮਾਵਾਂ ਅਤੇ ਬੱਚਿਆਂ ਦੀ ਸਿਹਤ ਬਾਰੇ ਟੀਕਾਕਰਨ, ਖੁਰਾਕ ਅਤੇ ਹੋਰ ਬੀਮਾਰੀਆਂ ਬਾਰੇ ਪੜ੍ਹਦਿਆਂ, ਪੜ੍ਹਾਉਂਦਿਆਂ, ਸਰਵੇਖਣ ਕਰਦਿਆਂ ਇੱਕ ਗੱਲ ਉਭਰਵੇਂ ਰੂਪ ਵਿਚ ਸਮਝੀ ਕਿ ਬੁਨਿਆਦ ਪੱਕੀ ਹੋਵੇ। ਜੇਕਰ ਅਸੀਂ ਸਿਹਤਮੰਦ ਬੱਚੇ ਦੀ ਆਮਦ ਚਾਹੁੰਦੇ ਹਾਂ ਤਾਂ ਜਨਨੀ ਦੀ, ਪੈਦਾ ਕਰਨ ਵਾਲੀ ਮਾਂ ਦੀ ਸਿਹਤ ਠੀਕ ਹੋਵੇ, ਉਸ ਦੀ ਖੁਰਾਕ ਦਾ ਧਿਆਨ ਹੋਵੇ। ਜੇਕਰ ਬੱਚਾ ਛੇ ਸਾਲ ਦਾ ਹੋ ਕੇ ਸਕੂਲ ਦੀ ਪਹਿਲੀ ਕਲਾਸ ਵਿੱਚ ਜਾਵੇ ਤਾਂ ਉਸ ਦੇ ਮੁਢਲੇ ਵਰ੍ਹੇ ਸਿਹਤਮੰਦ ਹੋਣ, ਉਹ ਗਿਆਨ ਹਾਸਿਲ ਕਰਨ ਦੇ ਕਾਬਲ ਹੋਵੇ। ਜੇਕਰ ਮਿਡਲ ਜਾਂ ਸੀਨੀਅਰ ਸਕੈਂਡਰੀ ਦੀ ਪੜ੍ਹਾਈ ਵਿਚ ਬੱਚਾ ਹੁਸ਼ਿਆਰ ਹੋਵੇ ਤਾਂ ਜਰੂਰੀ ਹੈ ਉਸ ਦੇ ਮੁੱਢਲੇ ਸਕੂਲ ਦੀ ਪੜ੍ਹਾਈ ਦੀ ਬੁਨਿਆਦ ਠੀਕ ਹੋਵੇ। ਬੁਨਿਆਦ ਜਰੂਰੀ ਹੈ। ਉਹ ਵੀ ਨਿੱਗਰ ਬੁਨਿਆਦ।

ਘਰ ਦਾ ਆਪਣਾ ਮਹੱਤਵ ਹੈ। ਮਾਂ ਪਿਉ ਦੀ ਭੂਮਿਕਾ ਨੂੰ ਕਿਤੇ ਵੀ ਸੁੱਟ ਨਹੀਂ ਪਾਈ ਜਾ ਸਕਦੀ। ਸਕੂਲ ਵੀ ਸਿਰਫ ਕਿਤਾਬਾਂ ਅਤੇ ਸਿਲੇਬਸ ਮੁਕਾ ਕੇ ਇਮਤਿਹਾਨ ਲੈਣ ਵਾਲੀ ਥਾਂ ਨਹੀਂ ਹੈ। ਇਹ ਇਸ ਤੋਂ ਕਿਤੇ ਵੱਧ ਹੈ।

ਆਮ ਤੌਰ ਹੁੰਦਾ ਇਹ ਹੈ- ਸਕੂਲ ਦੀਆਂ ਕੰਧਾਂ ਦੇ ਵਿੱਚ ਜੀਵਨ ਪੜ੍ਹਾਈ ਤੱਕ ਸੀਮਤ ਰਹਿੰਦਾ ਹੈ ਜਿਸਨੂੰ ਘੰਟੀਆਂ ਨਿਸ਼ਚਿਤ ਕਰਦੀਆਂ ਹਨ, ਜਿਵੇਂ ਵਿਅਕਤੀਗਤ ਸੰਸਾਰ ਦੀ ਭਰਪੂਰਤਾ ਨੂੰ ਮੁੱਖ ਰਖੇ ਬਿਨਾਂ ਸਾਰੇ ਬੱਚਿਆਂ ਨੂੰ ਸਿੱਧਾ-ਪੱਧਰਾ ਕਰਨਾ ਹੋਵੇ, ਉਨ੍ਹਾਂ ਨੂੰ ਇੱਕੋ ਸਾਂਚੇ ਵਿੱਚ ਢਾਲਣਾ ਹੋਵੇ। ਜਿਵੇਂ ਫੁੱਲ ਨੂੰ ਸੋਹਣਾ ਬਣਾਉਣ ਵਾਲੀਆਂ ਪੰਖੜੀਆਂ ਵਿੱਚ ਕੋਈ ਮੁੱਖ ਪੰਖੜੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਵਿੱਦਿਆ ਵਿੱਚ ਮਹਤੱਵਪੂਰਨ ਅਤੇ ਅਣ-ਮਹਤੱਵਪੂਰਨ ਵਿਚਕਾਰ ਕੋਈ ਵੰਡ ਨਹੀਂ ਹੋ ਸਕਦੀ। ਵਿੱਦਿਆ ਵਿੱਚ ਸਭ ਕੁਝ ਮਹਤੱਵਪੂਰਨ ਹੈ— ਸਬਕ, ਸਕੂਲ ਤੋਂ ਪਿੱਛੇ ਦੇ ਸਮੇਂ ਦੇ ਹਿੱਤਾਂ ਦਾ ਵਿਕਾਸ ਅਤੇ ਸਮੂਹ ਦੇ ਅੰਦਰ ਵਿਦਿਆਰਥੀਆਂ ਦਾ ਆਪਸੀ ਸੰਬੰਧ!

ਸਬੱਬ ਸੀ— ਨੌਜਵਾਨੀ ਅਤੇ ਨਸ਼ੇ ਦਾ। ਉਮਰ ਜੋ ਨਿਸ਼ਾਨਾ ਬਣਦੀ ਹੈ, ਬਹੁਤੀ ਵਾਰੀ ਸੋਲਾਂ-ਸਤਾਰਾਂ ਸਾਲ ਜਾਂ ਕਹਿ ਲਵੋ ਪਲਸ ਵਨ ਅਤੇ ਪਲਸ ਟੂ। ਵੈਸੇ ਨਸ਼ਿਆਂ ਦੇ ਸ਼ੁਰੂਆਤ ਦੀ ਉਮਰ 13-14 ਹੈ। ਅਸੀਂ ਆਪਣੀ ਗੱਲ ਕਰਨ ਲੱਗਿਆਂ ਜ਼ਿੰਦਗੀ ਦੇ ਪੰਦਰਾਂ-ਸੋਲਾਂ ਸਾਲ ਪਲੋ ਪਲੀ ਮਨਫੀ ਕਰ ਦਿੰਦੇ ਹਾਂ। ਇਨਾਂ ਪੰਦਰਾਂ-ਸੋਲਾਂ ਸਾਲਾਂ ਦਾ ਪਿਛੋਕੜ। ਇਨਾਂ ਸਾਲਾਂ ਵਿਚ ਵਿਕਾਸ ਦੌਰਾਨ ਕੀ ਕੀ ਵਾਪਰਿਆ? ਇਨਾਂ ਸਾਲਾਂ ਨੂੰ ਬਿਨਾਂ ਜਾਣੇ ਸਮਝੇ, ਅਸੀਂ ਸਮੱਸਿਆ ਪ੍ਰਤੀ ਆਪਣੀ ਸਹੀ ਸਮਝ ਨਹੀਂ ਉਸਾਰ ਸਕਦੇ। ਇਕੋ ਦਮ ਕਦੀ ਕੁਝ ਨਹੀਂ ਹੋਇਆ ਕਰਦਾ। ਮੈਂ ਸਿਹਤ ਵਿਭਾਗ ਨਾਲ ਸਬੰਧਿਤ ਹਾਂ, ਇਸ ਲਈ ਬੀਮਾਰੀ ਦੀ ਪ੍ਰਕ੍ਰਿਆ ਨੂੰ ਚੰਗੀ ਤਰ੍ਹਾਂ ਸਮਝਦਾਂ। ਤੁਸੀਂ ਕਿਸੇ ਪ੍ਰਦੂਸ਼ਿਤ ਹਵਾ ਵਿਚੋਂ ਲੰਘਦੇ ਹੋ, ਉਹ ਹਵਾ ਤੁਹਾਡੇ ਨੱਕ, ਸੰਘ ਵਿਚੋਂ ਹੁੰਦੀ ਫੇਫੜਿਆਂ ਨੂੰ ਜਾਂਦੀ ਹੈ। ਤੁਸੀਂ ਕੁਝ ਗੰਦਾ ਖਾ-ਪੀ ਲੈਂਦੇ ਹੋ, ਤੁਹਾਡੀ ਜੁਬਾਨ, ਖੁਰਾਕ ਨਲੀ ਤੋਂ ਹੁੰਦਿਆਂ ਉਹ ਪੇਟ ਨੂੰ ਜਾਂਦਾ ਹੈ। ਫੇਫੜੇ-ਪੇਟ ਉਸ ਨੂੰ ਸਮਝਦੇ ਹਨ। ਸਰੀਰ ਦੀ ਇਕ ਸੁਰੱਖਿਆ ਪ੍ਰਣਾਲੀ ਹੈ, ਉਹ ਹਰਕਤ ਵਿਚ ਆਉਂਦੀ ਹੈ। ਉਹ ਇਸ ਹਵਾ ਅਤੇ ਖੁਰਾਕ ਦੇ ਮਾੜੇ ਅੰਸ਼ਾਂ ਨਾਲ ਦੋ-ਚਾਰ ਹੁੰਦੀ ਹੈ। ਇਕ ਜੰਗ ਹੁੰਦੀ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਾਡੀ ਸੁਰੱਖਿਆ ਪ੍ਰਣਾਲੀ ਵਿਚ ਕਿੰਨੀ ਜਾਨ ਹੈ ਜਾਂ ਹਮਲਾਵਰ ਕਿੰਨੇ ਤਕੜੇ ਹਨ। ਕੁਝ ਸਮਾਂ ਲਗਦਾ ਹੈ, ਦਿਨ-ਹਫਤੇ ਲੱਗਦੇ ਹਨ ਜਦੋਂ ਸਰੀਰ ਅਸਮਰਥ ਹੋ ਕੇ ਪ੍ਰਗਟਾਵਾ ਕਰਦਾ ਹੈ, ਬੀਮਾਰੀ ਦੇ ਲੱਛਣਾਂ ਦਾ। ਹਰ ਵਰਤਾਰੇ ਨੂੰ ਸਮਾਂ ਲਗਦਾ ਹੈ। ਚਾਹੇ ਉਹ ਸਮਾਜਿਕ ਹੈ ਤੇ ਸਰੀਰਕ ਜਾਂ ਉਹ ਮਾਨਸਿਕ ਹੈ।

ਇਹੀ ਪ੍ਰਕ੍ਰਿਆ ਨਸ਼ਿਆਂ ਨਾਲ ਜੁੜੀ ਹੈ। ਨਸ਼ਿਆਂ ਦੀ ਸ਼ੁਰੂਆਤ ਦਾ ਸਮਾਂ ਕਿਸ਼ੋਰ ਅਵਸਥਾ ਹੈ। ਪਰ ਜ਼ਿੰਦਗੀ ਦੇ ਪੰਦਰਾਂ ਸੋਲਾਂ ਸਾਲਾਂ ਦੀ ਬੁਨਿਆਦ ਆਪਣੇ ਆਪ ਵਿਚ ਮਹੱਤਵਪੂਰਨ ਪਹਿਲੂ ਹੈ। ਬੱਚੇ ਦਾ ਮਾਨਸਿਕ ਵਿਕਾਸ ਇਕ ਅਹਿਮ ਹਿੱਸਾ ਹੈ ਜਿਸ ਨੇ ਉਸ ਦੇ ਆਉਣ ਵਾਲੇ ਸਮੇਂ ਦੀ ਚਾਲ ਨਿਰਧਾਰਤ ਕਰਨੀ ਹੈ। ਬਚਪਨ ਮਨੁੱਖ ਦੇ ਜੀਵਨ ਵਿਚ ਮਹੱਤਵਪੂਰਨ ਸਮਾਂ ਹੁੰਦਾ ਹੈ, ਕੇਵਲ ਭਵਿੱਖ ਲਈ ਤਿਆਰੀ ਹੀ ਨਹੀਂ। ਬਚਪਨ ਅਸਲੀ, ਸਪਸ਼ਟ, ਸੱਚਾ, ਦੁਹਰਾਇਆ ਨਾ ਜਾ ਸਕਣ ਵਾਲਾ ਜੀਵਨ ਹੈ ਅਤੇ ਉਦੋਂ ਕੀ ਵਾਪਰਿਆ, ਉਨ੍ਹਾਂ ਵਰ੍ਹਿਆਂ ਵਿੱਚ ਕਿਸ ਨੇ ਬੱਚੇ ਦੀ ਅਗਵਾਈ ਕੀਤੀ, ਆਲੇ ਦੁਆਲੇ ਦੇ ਸੰਸਾਰ ਵਿਚੋਂ ਉਹਦੇ ਦਿਲ ਅਤੇ ਦਿਮਾਗ ਵਿਚ ਕੀ ਦਾਖਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ। ਆਚਰਣ, ਸੋਚ ਦੇ ਅਮਲਾਂ ਅਤੇ ਬੋਲੀ ਦਾ ਬਣਨਾ ਸਕੂਲ ਤੋਂ ਪਹਿਲਾਂ ਅਤੇ ਮੁਢਲੇ ਸਕੂਲੀ ਵਰ੍ਹਿਆਂ ਵਿਚ ਅਮਲ ਵਿਚ ਆਉਂਦਾ ਹੈ। ਇਹ ਸੰਭਵ ਹੈ ਕਿ ਬੱਚੇ ਦੇ ਦਿਲ ਅਤੇ ਮਨ ਵਿਚ ਪਾਠ-ਪੁਸਤਕਾਂ ਅਤੇ ਸਬਕਾਂ ਰਾਹੀਂ ਜੋ ਕੁਝ ਦਾਖਲ ਹੁੰਦਾ ਹੈ, ਕੇਵਲ ਆਲੇ ਦੁਆਲੇ ਦੇ ਸੰਸਾਰ ਕਾਰਨ ਦਾਖਲ ਹੁੰਦਾ ਹੈ, ਜਿਸਦੀ ਪਾਠ-ਪੁਸਤਕਾਂ ਦੇ ਨਾਲ ਹੋਂਦ ਹੈ- ਆਲੇ ਦੁਆਲੇ ਦਾ ਸੰਸਾਰ ਜਿਸ ਵਿੱਚ ਬੱਚੇ ਨੇ ਆਪਣੇ ਜਨਮ ਦੀ ਘੜੀ ਤੋਂ ਉਸ ਸਮੇਂ ਤੱਕ ਦੇ ਸਾਰੇ ਔਖੇ ਕਦਮ ਚੁੱਕੇ, ਜਦੋਂ ਉਹ ਕਿਤਾਬ ਖੋਲ੍ਹ ਅਤੇ ਉਸਨੂੰ ਪੜ੍ਹ ਸਕਿਆ।

ਹੁਣ ਨਿਰਭਰ ਇਹ ਕਰਦਾ ਹੈ ਕਿ ਅਸੀਂ ਕਿਵੇਂ ਇਸ ਸਥਿਤੀ ਨਾਲ ਨਜਿੱਠਦੇ ਹਾਂ। ਬੀਮਾਰ ਹੋਏ ਨੂੰ ਅੱਜ ਨਜਿੱਠੀਏ ਜਾਂ ਉਸ ਵਰਤਾਰੇ ਨੂੰ ਸਮਝੀਏ ਤੇ ਪਹਿਲਾਂ ਹੀ ਕੁਝ ਕਾਰਗਰ ਕਦਮ ਪੁੱਟੀਏ ਕਿ ਬੀਮਾਰੀ ਹੀ ਨਾ ਹੋਵੇ। ਮਤਲਬ ਇਹ ਕਿ ਤਦ ਤੱਕ ਦੇਖਦੇ ਰਹੀਏ ਕਿ ਬੀਮਾਰੀ ਹੋਵੇ ਤਾਂ ਹਰਕਤ ਵਿਚ ਆਈਏ ਜਾਂ ਉਸ ਵਿਗਿਆਨਕ ਖੋਜ਼ ਦਾ ਫਾਇਦਾ ਲੈ ਕੇ ਪਹਿਲਾਂ ਹੀ ਤਿਆਰੀ ਕੱਸੀਏ।

ਨਸ਼ਿਆਂ ਅਤੇ ਨੌਜਵਾਨਾਂ ਦੀ ਗੱਲ ਨਾਲ, ਇੱਕ ਗੱਲ ਇਹ ਵੀ ਬੜੇ ਜ਼ੋਰਦਾਰ ਢੰਗ ਨਾਲ ਕਹੀ ਜਾਂਦੀ ਹੈ ਕਿ ਅੱਜ ਕੱਲ ਦੇਸ਼ਾਂ ਦੀਆਂ ਲੜਾਈਆਂ ਬਾਰਡਰ ਤੇ ਨਹੀਂ ਰਹੀਆਂ। ਉਹ ਹੁਣ ਨਸ਼ਿਆਂ ਰਾਹੀਂ, ਨੌਜਵਾਨਾਂ ਨੂੰ ਇਸ ਰਾਹ ਲਗਾ ਕੇ, ਦੇਸ਼ ਦੀ ਨੌਜਵਾਨੀ ਨੂੰ (ਸਭ ਤੋਂ ਵੱਧ ਸਮਰਥ, ਸਿਹਤਮੰਦ, ਕਾਰਜਸ਼ੀਲ ਤਾਕਤ) ਬਰਬਾਦ ਕਰਨ ਦਾ ਯਤਨ ਕਰਦੀਆਂ ਹਨ। ਇਸ ਨੂੰ 'ਮਨੋਵਿਗਿਆਨਕ ਜੰਗ' ਦਾ ਨਾਂ ਦਿੱਤਾ ਗਿਆ ਹੈ। ਸਾਡੇ ਕੋਲ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਦਾਹਰਨ ਹਨ ਜੋ ਸਾਡੇ ਨਾਲ ਲਗਦੇ ਹਨ। ਗੱਲ ਵਿਚ ਦਮ ਹੈ। ਇਸ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ-ਪਰੰਤੂ ਨਹੀਂ ਹੈ। ਗੱਲ ਵਿੱਚ ਆਧਾਰ ਹੈ, ਦਲੀਲ ਹੈ। ਪਰ ਇੱਥੇ ਇਹ ਗੱਲ ਚੇਤੇ ਰਖਣੀ ਚਾਹੀਦੀ ਹੈ ਕਿ ਕੋਈ ਵੀ ਦੁਸ਼ਮਣ ਪੜੋਸੀ ਤੁਹਾਡੇ ਘਰ ਵਿੱਚ ਉਦੋਂ ਤਕ ਕੋਈ ਸੇਂਧ ਨਹੀਂ ਲਾ ਸਕਦਾ, ਜਦੋਂ ਤਕ ਤੁਹਾਡੇ ਆਪਣੇ ਘਰ ਵਿਚ ਕੋਈ ਕਮਜੋਰੀ ਨਾ ਹੋਵੇ। ਅਸੀਂ ਇੱਥੇ ਆਪਣੇ ਘਰ ਦੀਆਂ ਕਮਜੋਰੀਆਂ ਤੇ ਪਰਦਾ ਨਹੀਂ ਪਾ ਸਕਦੇ, ਜੋ ਸਾਡੇ ਨੌਜਵਾਨਾਂ ਨੂੰ ਇਸ ਹਾਲਤ ਲਈ ਤਿਆਰ ਕਰਦੀਆਂ ਹਨ। ਸਾਨੂੰ ਉਨ੍ਹਾਂ ਪਹਿਲੂਆਂ ਦੀ ਨਿਸ਼ਾਨਦੇਹੀ ਕਰਨੀ ਹੀ ਪਵੇਗੀ।

ਗੱਲ ਇਹ ਹੈ ਕਿ ਨਸ਼ੇ ਸਿਰਫ ਇੱਕ ਪਹਿਲੂ ਹੈ ਨੌਜਵਾਨਾਂ ਦੀ ਸਮੱਸਿਆ ਨੂੰ ਸਮਝਣ ਦਾ। ਇਸ ਉਮਰ ਦੇ ਹੋਰ ਪੱਖਾਂ ਨੂੰ ਸਮਝੀਏ ਤਾਂ ਪਤਾ ਚੱਲੇਗਾ ਕਿ ਜੋ ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਕੁਲ ਐੱਚ. ਆਈ. ਵੀ. ਪੀੜਤ ਲੋਕਾਂ ਦੀ ਗਿਣਤੀ ਵਿੱਚੋਂ, ਨੌਜਵਾਨਾਂ ਦੇ ਪੀੜਤ ਹੋਣ ਦੀ ਦਰ ਲਗਭਗ ਅੱਧੀ ਹੈ। ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਜਿਆਦਾਤਰ ਮਰੀਜ ਵੀ ਇਸੇ ਉਮਰ ਦੇ ਹੁੰਦੇ ਹਨ। ਮੇਰਾ ਕਹਿਣ ਤੋਂ ਭਾਵ ਹੈ ਇਸ ਵਰਤਾਰੇ ਨੂੰ ਹੋਰ ਵਿਆਪਕ ਅਤੇ ਡੂੰਘੇ ਜਾਵੀਏ ਤੋਂ ਦੇਖਣ-ਪਰਖਣ ਦੀ ਲੋੜ ਹੈ। ਇਹ ਸਮੱਸਿਆਵਾਂ ਕਿਸੇ ਡੂੰਘੀ ਮਾਨਸਿਕਤਾ ਦਾ ਪ੍ਰਗਟਾਵਾ ਹਨ।

ਅਧਿਆਪਕਾਂ ਨਾਲ ਰੂਬਰੂ ਹੋਣ ਦਾ ਸਬਬ:

ਕਿਸ਼ੋਰ ਵਰਗ ਨੂੰ ਸਮਝਣਾ ਅਤੇ ਕਿਸ਼ੋਰ ਵਰਗ ਦੀਆਂ ਸਮੱਸਿਆਵਾਂ ਸਾਡੇ ਲਈ ਇਹ ਇਕ ਨਵਾਂ ਵਿਸ਼ਾ ਹੈ। ਅਸੀਂ ਤਾਂ ਬੱਚਾ, ਜਵਾਨ, ਬੁੱਢਾ ਜਾਂ ਵਿਚਕਾਰ ਅਧੇੜ ਉਮਰ ਪਾ ਕੇ ਹੀ ਵਿਚਾਰਾਂ ਕਰਦੇ ਰਹੇ ਹਾਂ। ਪਰ ਬਚਪਣ ਤੋਂ ਜਵਾਨੀ ਤਕ ਪ੍ਰੌੜ੍ਹ ਹੋਣ ਦੇ ਸਮੇਂ ਨੂੰ ਅਸੀਂ ਬਹੁਤਾ ਤਰਜੀਹ ਨਹੀਂ ਦਿੱਤੀ। ਸਰੀਰ ਵਿਗਿਆਨ ਦੇ ਪੱਖ ਤੋਂ ਤਾਂ ਇਹ ਸਪਸ਼ਟ ਵਖਰੇਵਾਂ ਹੋ ਜਾਂਦਾ ਹੈ, ਜਦੋਂ ਬੱਚੇ ਦੇ ਸੈਕਸ ਅੰਗਾਂ ਵਿਚ ਤਬਦੀਲੀ ਆਉਂਦੀ ਹੈ। ਸ਼ਾਇਦ ਸਾਡੀਆਂ ਪਰੰਪਰਾਵਾਂ ਵਿੱਚ ਬਾਲ ਵਿਆਹ ਜਾਂ ਛੋਟੀ ਉਮਰੇ ਵਿਆਹ ਅਤੇ ਸੈਕਸ ਜੀਵਨ ਦੀ ਸ਼ੁਰੂਆਤ ਨੇ ਇਸ ਬਾਰੇ ਸੋਚਣ ਨਹੀਂ ਦਿੱਤਾ ਜਾਂ ਸੰਯੁਕਤ ਪਰਿਵਾਰਾਂ ਵਿੱਚ ਚਾਚੇ-ਤਾਏ, ਭੂਆ-ਮਾਸੀ ਆਦਿ ਦੇ ਟੱਬਰਾਂ ਵਿਚ, ਇਕ ਦੋ ਸਾਲਾਂ ਦੇ, ਹਾਣ ਦੇ ਭੈਣ ਭਰਾਵਾਂ ਵਿਚ ਰਹਿੰਦੇ ਵਿਚਰਦੇ ਇਹ ਪੜਾਅ ਲੰਘ ਜਾਂਦਾ ਰਿਹਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਮੁੰਡੇ ਆਪਣੇ ਪਰਿਵਾਰਕ ਕਿੱਤਿਆਂ ਵਿੱਚ ਰੁਝ ਕੇ, ਛੇਤੀ ਵਿਆਹ ਕਰਵਾ ਕੇ ਸੈੱਟ ਹੁੰਦੇ ਰਹੇ ਅਤੇ ਕੁੜੀਆਂ ਨੂੰ ਤਾਂ ਸੋਲਵਾਂ ਸਾਲ ਟੱਪਣ ਹੀ ਨਹੀਂ ਦਿੱਤਾ ਜਾਂਦਾ ਰਿਹਾ। ਇਹ ਕਿਸ਼ੋਰ ਵਰਗ, ਇਹ ਬਚਪਨ ਅਤੇ ਜਵਾਨੀ ਵਿਚਲਾ ਪੜਾਅ ਸਾਡੇ ਸਾਹਮਣੇ ਹੁਣ ਉੱਭਰ ਕੇ ਆਇਆ ਹੈ ਤੇ ਇਸੇ ਤਰ੍ਹਾਂ ਹੀ ਇਹ ਆਪਣੀਆਂ ਸਮੱਸਿਆਵਾਂ ਲੈ ਕੇ ਆਇਆ ਹੈ।

ਇਹ ਗੱਲ ਠੀਕ ਹੈ ਕਿ ਸਮਾਜ ਵਿਕਾਸ ਦੇ ਵੱਖ ਵੱਖ ਪੜਾਅ ਆਉਂਦੇ ਰਹੇ ਹਨ। ਵਿਕਾਸ ਨਾਲ ਤਬਦੀਲੀ ਜੁੜੀ ਹੀ ਹੈ। ਨਵੇਂ ਪਹਿਲੂ, ਨਵੀਆਂ ਸੰਭਾਵਨਾਵਾਂ ਅਤੇ ਨਵੀਆਂ ਸਮੱਸਿਆਵਾਂ ਲੈ ਕੇ ਆਉਂਦੇ ਹੀ ਹੁੰਦੇ ਹਨ, ਪਰ ਅਸੀਂ ਇਹ ਵੀ ਤਾਂ ਸਮਝੀਏ ਕਿ ਅਸੀਂ ਵੀ ਤਾਂ ਇਨਾਂ ਨਵੇਂ ਪੜਾਆਂ ਦੇ ਮੱਦੇਨਜ਼ਰ ਆਪਣੇ ਆਪ ਨੂੰ, ਉਨ੍ਹਾਂ ਸਮੱਸਿਆਵਾਂ ਨੂੰ ਨਜਿੱਠਣ ਦੇ ਹਾਣ ਦਾ ਬਣਾ ਕੇ ਰਖੀਏ। ਜਦੋਂ ਅਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਇੱਕ ਦੂਰੀ ਪੈਦਾ ਕਰਦਾ ਹੈ ਤੇ ਸਮੱਸਿਆ ਹੱਲ ਹੋਣ ਦੀ ਬਜਾਏ ਸਗੋਂ ਗੰਭੀਰ ਰੂਪ ਧਾਰ ਲੈਂਦੀ ਹੈ।

ਗੱਲ ਸੀ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ। ਜਦੋਂ ਮੈਨੂੰ ਇਸ ਬਾਰੇ ਇੱਕ ਵਿਉਂਤ ਉਲੀਕਣ ਦੀ ਜੁੰਮੇਵਾਰੀ ਸੌਂਪੀ ਗਈ ਤਾਂ ਮੈਂ ਆਪਣੀ ਇਸ ਸਮਝ ਮੁਤਾਬਕ ਇੱਕ ਯੋਜਨਾ ਤਿਆਰ ਕੀਤੀ। ਮੈਂ ਪੜ੍ਹਿਆ ਹੈ ਕਿ ਨਸ਼ਾ ਕਰਨ ਦੇ ਤਿੰਨ ਪੜਾਅ ਹਨ। ਪਹਿਲਾ ਪੜਾਅ ਹੈ, ਨਸ਼ਾ ਸ਼ੁਰੂ ਕਰਨ ਲਈ ਤਿਆਰ ਹੋ ਰਿਹਾ, ਫਿਰ ਨਸ਼ਾ ਜਾਰੀ ਰਖਣਾ ਤੇ ਤੀਸਰਾ ਪੜਾਅ ਹੈ ਨਸ਼ਈ ਹੋ ਜਾਣਾ। ਤਿੰਨਾਂ ਦਾ ਆਪਣੇ ਆਪਣੇ ਪੱਧਰ ਤੇ ਦਖਲ ਹੈ ਕਿ ਕਿਵੇਂ ਕਿਵੇਂ ਨਜਿੱਠਿਆ ਜਾਵੇ। ਨਸ਼ੇ ਸ਼ੁਰੂ ਕਰਨ ਲਈ ਤਿਆਰ ਹੋ ਰਹੇ ਵਰਗ ਨੂੰ ਮਨੋਬਲ ਦਿੱਤਾ ਜਾਵੇ ਤੇ ਉਨ੍ਹਾਂ ਦੀ ਸੋਚ ਨੂੰ ਇਸ ਵੱਲ ਝੁਕਣ ਤੋਂ ਰੋਕਿਆ ਜਾਵੇ। ਨਸ਼ੇ ਜਾਰੀ ਕਰ ਰਹੇ ਵਰਗ ਨੂੰ, ਇਨਾਂ ਦੇ ਖਤਰਿਆਂ ਤੋਂ ਸੁਚੇਤ ਕੀਤਾ ਜਾਵੇ ਤੇ ਨਸ਼ਈਆਂ ਨੂੰ ਨਸ਼ਾ ਛੁੜਾਊ ਕੇਂਦਰ ਵਿਚ ਲੈ ਜਾ ਕੇ ਨਸ਼ਾ ਮੁਕਤ ਕਰਕੇ, ਮੁੱਖ ਧਾਰਾ ਨਾਲ ਜੋੜਿਆ ਜਾਵੇ।

ਮੈਂ ਆਪਣੇ ਮਾਨਸਿਕ ਝੁਕਾਅ ਮੁਤਾਬਕ, ਉਸ ਪ੍ਰੋਜੈਕਟ ਵਿਚ ਪਹਿਲੇ ਪੜਾਅ ਤੇ ਜ਼ੋਰ ਦੇਣ ਗੱਲ ਕੀਤੀ ਜੋ ਮੈਂ ਪਹਿਲਾਂ ਕਹਿ ਚੁੱਕਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਕਾਬਿਲ ਤਾਂ ਬਣਾਈਏ ਕਿ ਉਹ ‘ਮਨੋਵਿਗਿਆਨਕ ਜੰਗ’ ਦਾ ਸਾਹਮਣਾ ਕਰਨ ਲਈ ਤਿਆਰ ਹੋਣ। ਹੁਣ ਜਦੋਂ ਅਸੀਂ ਇਹ ਜੰਗ ਪਛਾਣ ਲਈ ਹੈ ਤੇ ਇਸ ਦਾ ਜਾਰੀ ਹੋਣਾ ਦੇਖ ਰਹੇ ਹਾਂ ਤਾਂ ਅਸੀਂ ਖਾਮੋਸ਼ ਦਰਸ਼ਕ ਤਾਂ ਨਹੀਂ ਨਾ ਹੋਣੇ ਚਾਹੀਦੇ? ਜਾਂ ਸਮੱਸਿਆ ਨੂੰ ਪਛਾਣ ਲੈਣਾ ਹੀ ਕਾਫੀ ਹੈ? ਅਸੀਂ ਬਾਰਡਰ ਦੇ ਜੰਗ ਨੂੰ ਮੁੱਕਿਆ ਹੋਇਆ ਕਹਿ ਕੇ ਵੀ ਕਿੰਨਾ ਵੱਡਾ ਬਜਟ ਉਸ ਲਈ ਲਗਾ ਰਹੇ ਹਾਂ, ਤੇ ਇਸ ਪਾਸੇ ਵੀ ਤਾਂ ਸਾਡਾ ਧਿਆਣ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦ੍ਰਿਸ਼ ਦਾ ਨਰੀਖਣ ਕਰੋ ਤਾਂ ਸਗੋਂ ਸਥਿਤੀ ਉਲਟ ਹੈ। ਅਸੀਂ ਇਸ ਲੜਾਈ ਵਿਚ ਖੁਦ ਹੀ ਭਾਗੀਦਾਰ ਬਣ ਕੇ ਪੇਸ਼ ਹੁੰਦੇ ਹਾਂ। ਸਾਰੇ ਕਹਿੰਦੇ ਹਨ ਪੁਲਿਸ ਅਤੇ ਪ੍ਰਸ਼ਾਸਨ ਸ਼ਖਤ ਹੋ ਜਾਵੇ ਤਾਂ ਅੱਜ ਇਹ ਸਮੈਕ ਦੀ ਬੀਮਾਰੀ ਮੁੱਕ ਜਾਵੇ। ਕੋਈ ਕਹਿੰਦਾ ਹੈ ਕਿ ਰਾਜਨੀਤਕ ਲੋਕ, ਸਮਗਲਰਾਂ ਨੂੰ ਸ਼ਹਿ ਨਾ ਦੇਣ ਤਾਂ ਮਸਲਾ ਹੱਲ ਹੋਣ ਵਿਚ ਦੇਰ ਹੀ ਨਾ ਲੱਗੇ। ਦੇਖੋ, ਬਾਰਡਰਾਂ ਦੀ ਜੰਗ ਵਿੱਚ ਵੀ ਜਸੂਸੀ ਹੁੰਦੀ ਹੈ, ਗੱਦਾਰ ਲੋਕ ਹੁੰਦੇ ਹਨ। ਪਰ ਜੇਕਰ ਸਾਰਾ ਲਾਹਣਾ ਹੀ ਮਾੜਾ ਹੋ ਜਾਵੇ ਤਾਂ ਕੀ ਉਪਾਅ ਹੈ? ਅਸੀਂ ਸਿੱਧੇ ਅਸਿੱਧੇ ਇਸ ਜੰਗ ਵਿਚ ਖੁਦ ਹੀ ਆਪਣੇ ਘਰ ਨੂੰ ਬਰਬਾਦ ਕਰ ਰਹੇ ਹਾਂ। ਜਿੰਨਾਂ ਨੇ ਸੁਚੇਤ ਹੋ ਕੇ ਅਗਵਾਈ ਕਰਨੀ ਹੈ, ਉਹ ਖੁਦ ਇਸ ਦਾ ਹਿੱਸਾ ਨੇ। ਹੈ ਨਾ ਕਿੰਨੀ ਅਜੀਬ ਗੱਲ। ਸਾਮਰਾਜੀ ਵਰਤਾਰੇ ਦਾ ਇਹੀ ਤਾਂ ਮੁੱਖ ਲੱਛਣ ਹੈ ਕਿ ਜੋ ਕੰਮ ਉਸ ਨੇ ਕਰਨਾ ਹੁੰਦਾ ਹੈ, ਉਹ ਉਨ੍ਹਾਂ ਲੋਕਾਂ ਕੋਲੋਂ ਇਸ ਸਹਿਜਤਾ ਨਾਲ ਕਰਵਾ ਲੈਂਦਾ ਹੈ ਕਿ ਉਨ੍ਹਾਂ ਨੂੰ ਇਹ ਕਰਦੇ ਹੋਏ ਕੁਝ ਮਾੜਾ ਨਹੀਂ ਜਾਪਦਾ।

ਮੈਂ ਸੁਝਾਅ ਦਿੱਤਾ ਕਿ ਨਸ਼ੇ ਸ਼ੁਰੂ ਕਰਨ ਦੀ ਉਮਰ 13-14 ਸਾਲ ਹੈ। ਲਗਭਗ ਛੇਵੀਂ ਕਲਾਸ। ਇਹ ਚਾਹੇ ਤੰਬਾਕੂ, ਜਰਦੇ ਤੋਂ ਸ਼ੁਰੂ ਹੁੰਦਾ ਹੈ, ਚਾਹੇ ਬੀੜੀ-ਸਿਗਰੇਟ ਤੋਂ ਜਾਂ ਡੋਡੋ ਆਦਿ ਤੋਂ। ਵਿਗਿਆਨਕ ਸਰਵੇਖਣ ਮੁਤਾਬਕ, ਉਮਰ ਇਹ ਹੈ। ਮੇਰਾ ਮਤ ਹੈ ਕਿ ਸਾਨੂੰ ਨਸ਼ੇ ਕਰਨ ਦੇ ਸ਼ੁਰੂਆਤੀ ਪੜਾਅ ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਮੈਂ ਇਹ ਵਿਚਾਰ ਪੇਸ਼ ਕੀਤਾ ਕਿ ਅੰਮ੍ਰਿਤਸਰ ਜਿਲੇ ਦੇ ਸਾਰੇ ਸਕੂਲਾਂ ਤੋਂ ਇਕ-ਦੋ ਅਧਿਆਪਕ ਬੁਲਾ ਕੇ, ਉਨ੍ਹਾਂ ਨੂੰ ਵੱਖ ਵੱਖ ਨਸ਼ਿਆਂ ਬਾਰੇ, ਉਨ੍ਹਾਂ ਨਸ਼ਿਆਂ ਦੇ ਇਸਤੇਮਾਲ ਕਰਨ ਦੇ ਕਾਰਨਾਂ ਬਾਰੇ, ਸਕੂਲ ਅਤੇ ਅਧਿਆਪਕ ਦੀ ਭੂਮਿਕਾ ਬਾਰੇ ਗੱਲ ਕੀਤੀ ਜਾਵੇ, ਤਾਂ ਜੋ ਉਹ ਵਿਦਿਆਰਥੀਆਂ ਨੂੰ ਅਤੇ ਮਾਪੇ-ਅਧਿਆਪਕ ਮੀਟਿੰਗ ਦੌਰਾਨ ਮਾਪਿਆਂ ਨੂੰ ਇਨ੍ਹਾਂ ਬਾਰੇ ਸੁਚੇਤ ਕਰ ਸਕਣ।

ਪ੍ਰੋਜੈਕਟ ਨੂੰ ਜਿਲਾ ਡਿਪਟੀ ਕਮੀਸ਼ਨਰ ਸ. ਕਾਹਨ ਸਿੰਘ ਪੰਨੂੰ ਦੀ ਪ੍ਰਵਾਨਗੀ ਮਿਲੀ ਤਾਂ ਇਸ ਦਾ ਦੋ ਰੋਜਾ ਖਾਕਾ ਉਲੀਕਿਆ ਗਿਆ। ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ, ਨਸ਼ਿਆਂ ਦਾ ਪਿਛੋਕੜ, ਵੱਖ ਵੱਖ ਨਸ਼ੇ-ਉਨ੍ਹਾਂ ਦੇ ਪ੍ਰਭਾਵ, ਨਸ਼ੇ ਸ਼ੁਰੂ ਕਰਨ ਦੇ ਕਾਰਨ, ਸਕੂਲ ਹੀ ਕਿਉਂ? ਨਸ਼ਿਆਂ ਤੋਂ ਛੁਟਕਾਰਾ, ਨਸ਼ੇ ਛੁੜਾਉਣ ਵਿੱਚ ਸਕੂਲ ਵਾਤਾਵਰਨ ਅਤੇ ਅਧਿਆਪਕਾਂ ਦੀ ਭੂਮਿਕਾ ਬਾਰੇ ਵੱਖ ਵੱਖ ਮਾਹਿਰਾਂ ਤੋਂ ਗੱਲ ਕਰਵਾਈ ਜਾਵੇ। ਸਾਡੇ ਕੋਲ ਭਾਵੇਂ ਆਪਣੀ ਨਸ਼ਾ ਜਾਗਰੂਕਤਾ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ‘ਏ.ਡੀ.ਸੀ.’ ਅਤੇ ਹੋਰ ਮੈਂਬਰ ਵੀ ਸਨ ਜਿਵੇਂ ਸਰਵ ਸ਼੍ਰੀ ਰਣਧੀਰ ਸਿੰਘ ਠਾਕੁਰ, ਪ੍ਰਿ. ਵਾਈ.ਪੀ. ਗੁਪਤਾ, ਪੁਰਸ਼ੋਤਮ ਲਾਲ, ਅੰਮ੍ਰਿਤ ਲਾਲ ਮੰਨਨ, ਬੱਬਰ, ਸੁਰਜੀਤ ਸ਼ਰਮਾ, ਸਿਵਲ ਸਰਜਨ ਅੰਮ੍ਰਿਤਸਰ, ਜਿਲਾ ਸਿੱਖਿਆ ਦਫਤਰ ਤੋਂ ਗਿਰੀਸ਼ ਵਰਮਾ। ਪਰ ਇਨ੍ਹਾਂ ਤੋਂ ਇਲਾਵਾ ਮਨੋਰੋਗ ਵਿਭਾਗ ਅਤੇ ਕਮੀਊਨਿਟੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮਾਨਸਿਕ ਸਿਹਤ ਇੰਸਟੀਚਿਊਟ ਤੋਂ ਮਾਹਿਰਾਂ ਦੀਆਂ ਸੇਵਾਵਾਂ ਲੈਣ ਬਾਰੇ ਵੀ ਸੋਚਿਆ ਗਿਆ। ਇਸ ਤੋਂ ਇਲਾਵਾ ਨਾਰਕੋਟਿਕ ਸੈੱਲ ਤੋਂ ਅਤੇ ਐੱਸ. ਐੱਸ. ਪੀ. (ਸ਼ਹਿਰੀ ਅਤੇ ਦੇਹਾਤੀ) ਨੂੰ ਵੀ ਆਪਣੇ ਤਜਰਬੇ ਸਾਂਝੇ ਕਰਨ ਲਈ ਬੁਲਾਉਣ ਬਾਰੇ ਤਜਵੀਜ਼ ਰੱਖੀ ਗਈ।

ਇਸ ਪ੍ਰੋਜੈਕਟ ਦਾ ਪ੍ਰੋਗਰਾਮ ਉਲੀਕਦੇ ਹੋਏ, ਇਹ ਸੋਚਿਆ ਗਿਆ ਕਿ ਇਸ ਨੂੰ ਸਿਰਫ ਇਕ ਤਰਫਾ ਨਾ ਰੱਖਿਆ ਜਾਵੇ। ਸਿਰਫ ਮਾਹਿਰ ਆ ਕੇ ਆਪਣੀ ਵਿਦਵਤਾ ਦਾ ਪ੍ਰਗਟਾਵਾ ਨਾ ਕਰਨ ਸਗੋਂ ਸੈਮੀਨਾਰ ਵਿੱਚ ਹਿੱਸਾ ਲੈ ਰਹੇ ਅਧਿਆਪਕਾਂ ਦੀ ਵੀ ਸਰਗਰਮ ਭੂਮਿਕਾ ਹੋਵੇ। ਇਸ ਨੂੰ ਇੱਕ ਕਾਰਜਸ਼ਾਲਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਸਾਰੇ ਅਧਿਆਪਕ ਆਪਣੇ ਆਪ ਨੂੰ ਇਸ ਦਾ ਭਾਗੀਦਾਰ ਸਮਝਣ। ਕਾਰਜਸ਼ਾਲਾ ਦੇ ਪਹਿਲੇ ਦਿਨ, ਸ਼ੁਰੂ ਵਿਚ ਇਕ ਪੂਰਵ-ਮੁਲਾਂਕਣ ਲਈ ਦਸ ਕੁ ਸਵਾਲ ਪੁੱਛਣ ਬਾਰੇ ਸੋਚਿਆ ਗਿਆ ਤੇ ਇਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ। ਨਸ਼ਿਆਂ ਨਾਲ ਸਬੰਧਿਤ ਉਹ ਪ੍ਰਸ਼ਨ ਇਹ ਸਨ:

1. ਕਿਸ ਵਿਅਕਤੀ ਨੂੰ ਨਸ਼ਈ ਕਿਹਾ ਜਾਂਦਾ ਹੈ?

2.ਨਸ਼ਿਆਂ ਦੇ ਤੌਰ 'ਤੇ ਵਰਤੇ ਜਾਂਦੇ ਪਦਾਰਥਾਂ ਦੇ ਨਾਂ (ਸ਼ਰਾਬ ਅਤੇ ਤੰਬਾਕੂ ਤੋਂ ਇਲਾਵਾ)

ਭਾਵ ਇਨ੍ਹਾਂ ਦੋ ਨਸ਼ਿਆਂ ਤੋਂ ਇਲਾਵਾ ਹੋਰ ਨਸ਼ੇ।

3.ਨਸ਼ੇ ਨਾਲ ਹੋਣ ਵਾਲੀਆਂ ਤਕਲੀਫਾਂ/ਸਮੱਸਿਆਵਾਂ

4.ਨਸ਼ਾ ਸ਼ੁਰੂ ਕਰਨ ਦੇ ਕੀ ਕਾਰਨ ਹੋ ਸਕਦੇ ਹਨ?

5.ਨਸ਼ਾ ਕਰਨ ਵਾਲੇ ਵਿਅਕਤੀ (ਵਿਦਿਆਰਥੀ) ਦੀਆਂ ਨਿਸ਼ਾਨੀਆਂ।

2.ਨਸ਼ੇ ਛੱਡਣਾ ਆਸਾਨ ਹੈ ਜਾਂ ਮੁਸ਼ਕਿਲ? ਜੇਕਰ ਆਸਾਨ ਹੈ ਤਾਂ ਕਿਉਂ, ਜੇਕਰ ਮੁਸ਼ਕਿਲ

ਹੈ ਤਾਂ ਕਿਉਂ?

6.ਨਸ਼ਿਆਂ ਦੀ ਹਾਲਤ ਨਾਲ ਨਿੱਪਟਣ ਲਈ ਕੀ ਕਦਮ ਪੁੱਟਣੇ ਚਾਹੀਦੇ ਹਨ?

7.ਨਸ਼ਿਆਂ ਦੀ ਹਾਲਤ ਨਾਲ ਨਿੱਪਟਣ ਲਈ ਸਕੂਲ ਕੀ ਭੂਮਿਕਾ ਅਦਾ ਕਰ ਸਕਦੇ

ਹਨ?

9. ਤੁਹਾਡੀ ਰਾਏ ਮੁਤਾਬਕ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਕੀ ਕੀ ਕਰਨਾ ਚਾਹੀਦਾ

ਹੈ?

10. ਅਮ੍ਰਿਤਸਰ ਵਿਚ ਨਸ਼ਾ ਛੁੜਾਉ ਕੇਂਦਰ ਕਿਹੜੇ ਕਿਹੜੇ ਹਨ?

ਸੱਠ ਦੇ ਕਰੀਬ ਅਧਿਆਪਕਾਂ ਦਾ ਇਕ ਗਰੁੱਪ, ਵਾਰੀ ਵਾਰੀ ਦੋ ਦਿਨਾਂ ਲਈ ਬੁਲਾਇਆ ਗਿਆ। ਇਸ ਤਰ੍ਹਾਂ ਦੇ ਸੱਤ ਗਰੁੱਪ ਪਹੁੰਚੇ, ਜਿਸ ਵਿਚ ਜਿਲੇ ਦੇ ਸਾਰੇ ਮਿਡਲ ਅਤੇ ਉਸ ਤੋਂ ਉੱਪਰ ਵਾਲੇ ਸਕੂਲਾਂ ਤੋਂ ਅਧਿਆਪਕਾਂ ਨੇ ਹਿੱਸਾ ਲਿਆ।ਜਿਲਾ ਸਿੱਖਿਆ ਅਫਸਰ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਸਕੂਲ ਇਸ ਕਾਰਜਸ਼ਾਲਾ ਵਿੱਚ ਹਿੱਸਾ ਲੈਣ।

ਕਾਰਜਸ਼ਾਲਾ ਦਾ ਆਰੰਭ ਪ੍ਰਸ਼ਨਾਵਲੀ ਨਾਲ ਹੁੰਦਾ। ਅਧਿਆਪਕਾਂ ਨੂੰ ਵੀਹ ਮਿੰਟ ਦਾ ਸਮਾਂ ਦਿੱਤਾ ਜਾਂਦਾ ਕਿ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ।ਉਨ੍ਹਾਂ ਨੂੰ ਨਾਲ ਹੀ ਇਹ ਦੱਸਿਆ ਜਾਂਦਾ ਕਿ ਇਹ ਕੋਈ ਇਮਤਿਹਾਨ ਨਹੀਂ, ਇਸ ਵਿਚ ਨਾ ਕੋਈ ਫੇਲ-ਪਾਸ ਵਾਲੀ ਭਾਵਨਾ ਹੈ। ਅਧਿਆਪਕਾਂ ਨੂੰ ਇਥੋਂ ਤਕ ਖੁੱਲ੍ਹ ਦਿੱਤੀ ਜਾਂਦੀ ਕਿ ਉਹ ਚਾਹੁਣ ਤਾਂ ਭਾਵੇਂ ਆਪਣਾ ਨਾਂ ਵੀ ਨਾ ਲਿਖਣ। ਪ੍ਰਸ਼ਨਾਵਲੀ ਦਾ ਮੰਤਵ ਦੱਸਦਿਆਂ ਕਿਹਾ ਜਾਂਦਾ ਕਿ ਇਸ ਨਾਲ ਕਾਰਜਸ਼ਾਲਾ ਦੇ ਆਯੋਜਕਾਂ ਨੂੰ ਇਹ ਪਤਾ ਚੱਲੇਗਾ ਕਿ ਤੁਹਾਡੀ ਜਾਣਕਾਰੀ ਦੀ ਸੀਮਾ ਕੀ ਹੈ ਤਾਂ ਜੋ ਗੱਲ ਉਸ ਤੋਂ ਅੱਗੇ ਤੋਰੀ ਜਾਵੇ।

ਨਸ਼ਿਆਂ ਦਾ ਵਿਸ਼ਾ, ਸਮਾਜ ਦੀ ਇਕ ਪ੍ਰਚਲਿਤ ਸਮੱਸਿਆ ਹੈ। ਇਸ ਲਈ ਸਭ ਕੋਲ ਇਨ੍ਹਾਂ

ਦਸਾਂ ਸਵਾਲਾਂ ਦੇ ਢੁਕਵੇਂ ਜਵਾਬ ਸੀ। ਉਨ੍ਹਾਂ ਸਵਾਲਾਂ/ਜਵਾਬਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਉਨ੍ਹਾਂ ਤੱਥਾਂ ਨੂੰ ਇਸ ਕਿਤਾਬ ਵਿਚ ਮੌਕੇ ਮੌਕੇ ਤੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ।

ਵਰਕਸ਼ਾਪ ਦਾ ਕੋ-ਆਰਡੀਨੇਟਰ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਮੈਂ ਮੁਖਾਤਿਬ ਹੁੰਦਾ ਸੀ। ਜੀ ਆਇਆਂ ਜਾਂ ਸ਼ੁੱਭ ਸਵੇਰ ਕਹਿਣ ਤੋਂ ਬਾਅਦ ਇਸ ਕਾਰਜਸ਼ਾਲਾ ਦੀ ਰੂਪਰੇਖਾ ਅਤੇ ਮੰਤਵ ਦਸਦਾ। ਨਸ਼ਿਆਂ ਦਾ ਇਤਿਹਾਸ ਅਤੇ ਅਜੋਕੀ ਸਥਿਤੀ ਦੀ ਵਿਸ਼ੇਸ਼ਤਾ ਦੱਸਣ ਤੋਂ ਪਹਿਲਾਂ, ਮੈਂ ਕਹਿੰਦਾ ਕਿ ਤੁਸੀਂ ਸਿਰਫ ਪੰਜਾਹ-ਸੱਠ ਅਧਿਆਪਕ ਨਹੀਂ ਹੋ, ਪੰਜਾਹ-ਸੱਠ ਸਕੂਲ ਹੋ, ਪੰਜਾਹ ਸੱਠ ਸੰਸਥਾਵਾਂ ਹੋ। ਕਿਉਂਕਿ ਜੋ ਗੱਲਾਂ ਅਸੀਂ ਦੋ ਦਿਨਾਂ ਵਿਚ ਇੱਥੇ ਕਰਨੀਆਂ ਹਨ ਉਹ ਸਿਰਫ ਤੁਹਾਡੇ ਤੱਕ ਮਹਿਦੂਦ ਨਹੀਂ ਰਹਿਣੀਆਂ, ਉਹ ਸਕੂਲ ਦੇ ਹੋਰ ਅਧਿਆਪਕਾਂ ਅਤੇ ਬੱਚਿਆਂ ਤਕ ਪਹੁੰਚਣੀਆਂ ਹਨ, ਤੁਹਾਡੇ ਜਰੀਏ ਇਹ ਤੁਹਾਡੇ ਆਲੇ-ਦੁਆਲੇ ਦੇ ਸਮਾਜ ਦੀ ਸੋਚ ਦਾ ਹਿੱਸਾ ਬਨਣੀਆਂ ਹਨ। ਤੁਸੀਂ ਇੱਥੇ ਦੋ ਦਿਨਾਂ ਲਈ ਸਰਕਾਰੀ ਡਿਊਟੀ 'ਤੇ ਆਏ ਹੋ। ਹੋ ਸਕਦਾ ਹੈ ਇਹ ਤੁਹਾਨੂੰ ਇੱਕ ਵੱਖਰਾ ਬੋਝ ਲਗਦਾ ਹੋਵੇ। ਅਕਸਰ ਅਖਬਾਰਾਂ ਵਿਚ ਪੜ੍ਹਦੇ ਰਹੀਦਾ ਹੈ ਕਿ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕਾਰਜਾਂ ਵਿੱਚ ਲਾਇਆ ਜਾਂਦਾ ਹੈ। ਵੱਖ ਵੱਖ ਸਰਵੇਖਣਾਂ ਤੋਂ ਲੈ ਕੇ ਚੋਣ ਡਿਊਟਿਆਂ ਤੱਕ। ਇਸ ਲਈ ਤੁਸੀਂ ਇਸ ਨੂੰ ਵੀ ਇਕ ਵਿਭਾਗੀ ਕਾਰਗੁਜਾਰੀ ਦਾ ਹਿੱਸਾ ਸਮਝ ਕੇ ਲੈ ਰਹੇ ਹੋਵੋਗੇ। ਪਰ ਮੈਂ ਨਹੀਂ ਸਮਝਦਾ ਕਿ ਜਿਸ ਵਿਸ਼ੇ ਬਾਰੇ ਤੁਸੀਂ ਦੋ ਦਿਨ ਇੱਥੇ ਗੱਲਬਾਤ ਸੁਣਨੀ ਕਰਨੀ ਹੈ, ਉਹ ਕੋਈ ਓਪਰਾ ਹੈ ਜਾਂ ਗੈਰ ਵਿੱਦਿਅਕ ਹੈ। ਮੈਂ ਇਹ ਵੀ ਸਮਝਦਾਂ ਕਿ ਨਸ਼ਿਆਂ ਦੀ ਗੰਭੀਰਤਾ ਤੋਂ ਤੁਸੀਂ ਸਾਰੇ ਜਾਣੂੰ ਹੋ। ਤੁਸੀਂ ਵੈਸੇ ਵੀ ਕਦੇ ਨਾ ਕਦੇ, ਸਵੇਰੇ ਅਸੈਂਬਲੀ ਵਿਚ ਜਾਂ ਸਿਲੇਬਸ ਦਾ ਪਾਠ ਪੜ੍ਹਾਉਂਦੇ, ਕਲਾਸ ਵਿਚ, ਜਰੂਰ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕੀਤਾ ਹੋਵੇਗਾ। ਇਸ ਕਾਰਜਸ਼ਾਲਾ ਵਿਚ, ਤੁਸੀਂ ਇਸ ਵਿਸ਼ੇ ਬਾਰੇ ਜਰੂਰ ਕੁਝ ਹੋਰ ਜਿਆਦਾ ਜਾਣਕਾਰੀ ਹਾਸਿਲ ਕਰ ਸਕੋਗੇ ਤੇ ਆਪਣੇ ਸ਼ੰਕੇ ਵੀ ਮਿਟਾ ਸਕੋਗੇ। ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਾਰੇ, ਸਮਾਜ ਦਾ ਇਕ ਅਹਿਮ ਹਿੱਸਾ ਹੋ, ਅਧਿਆਪਕ ਹੋਣ ਦੇ ਨਾਤੇ ਇਕ ਸੁਚੇਤ ਨਾਗਰਿਕ ਹੋ।ਅਸੀਂ ਤੁਹਾਡੇ ਤਜਰਬਿਆਂ ਅਤੇ ਵਿਚਾਰਾਂ ਤੋਂ ਵੀ ਕੁਝ ਨਵਾਂ ਸਿੱਖਾਂਗੇ।

ਦੂਸਰਾ ਪੱਖ, ਜਿਹੜਾ ਮੇਰੇ ਮਨ ਦੇ ਵੱਧ ਨੇੜੇ ਹੈ ਕਿ ਤੁਸੀਂ ਜਿਸ ਵੀ ਸਕੂਲ ਵਿਚੋਂ ਆਏ ਹੋ, ਜਿਸ ਢੰਗ-ਤਰੀਕੇ ਨਾਲ ਇਸ ਕਾਰਜਸ਼ਾਲਾ ਵਿਚ ਸ਼ਾਮਿਲ ਹੋਣ ਲਈ ਤੁਹਾਡੀ ਚੋਣ ਕੀਤੀ ਗਈ ਹੈ, ਮੈਨੂੰ ਜਾਪਦਾ ਹੈ ਕਿ ਤੁਸੀਂ ਸਕੂਲ ਦੇ ਬਾਕੀ ਅਧਿਆਪਕਾਂ ਤੋਂ ਵੱਧ ਇਸ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਹੋਵੋਗੇ। ਤੁਸੀਂ ਪਹਿਲਾਂ ਹੀ ਸਕੂਲ ਵਿਚ ਅਜਿਹੇ ਕਾਰਜਾਂ ਵਿਚ ਦਿਲਚਸਪੀ ਲੈਂਦੇ ਹੋਵੋਗੇ। ਇਸ ਕਾਰਜਸ਼ਾਲਾ ਪ੍ਰਤੀ ਜਦੋਂ ਚੋਣ ਦੀ ਗੱਲ ਆਈ ਹੋਵੇਗੀ ਤਾਂ ਸਹਿਜੇ ਹੀ ਤੁਹਾਡਾ ਚਿਹਰਾ ਸਾਹਮਣੇ ਆਇਆ ਹੋਵੇਗਾ। ਮੈਂ ਇਹ ਗੱਲ ਇਸ ਲਈ ਕਹਿ ਰਿਹਾ ਹਾਂ ਕਿ ਮੈਂ ਕਈ ਚਿਹਰਿਆਂ ਨੂੰ ਪਛਾਣਦਾ ਹਾਂ ਜੋ ਅਕਸਰ ਅਜਿਹੀਆਂ ਗਤੀਵਿਧੀਆਂ ਵਿਚ ਸਰਗਰਮ ਰਹਿੰਦੇ ਹਨ। ਮੇਰਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਜਿਸ ਵੀ ਕਾਰਨ, ਇਸ ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਪੁੱਜੇ ਹੋ, ਮੈਂ ਚਾਹੁਣਾ ਹਾਂ ਕਿ ਤੁਸੀਂ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਜਿੰਨੀ ਵੀ ਤੁਹਾਡੀ ਸਮਰਥਾ ਹੈ, ਤੁਸੀਂ ਜ਼ਰੂਰ ਇਸ ਵਿਚ ਆਪਣਾ ਬਣਦਾ ਯੋਗਦਾਨ ਪਾਉ।

ਨਸ਼ੇ-ਵਿਦਿਆਰਥੀ-ਵਿਸ਼ੇ ਦੀ ਗੰਭੀਰਤਾ-ਇਕ ਜਾਣ ਪਛਾਣ

ਪਿਆਰੇ ਸਾਥੀਓ! ਵਿਸ਼ਾ ਤੁਹਾਨੂੰ ਪਤਾ ਹੈ ਜਿਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਏ ਹੋ। ਨਸ਼ੇ! ਨਸ਼ਿਆਂ ਦਾ ਇਤਿਹਾਸ ਕੋਈ ਬਹੁਤ ਨਵਾਂ ਨਹੀਂ ਹੈ। ਇਥੋਂ ਤੱਕ ਹਵਾਲੇ ਮਿਲਦੇ ਹਨ ਕਿ ਨਸ਼ਿਆਂ ਦੀ ਸ਼ੁਰੂਆਤ ਮਨੁੱਖੀ ਹੋਂਦ ਤੋਂ ਹੀ ਹੈ। ਮਨੁੱਖ ਦੇ ਸਮਾਜਿਕ ਪ੍ਰਾਣੀ ਦੇ ਤੌਰ 'ਤੇ ਵਿਚਰਨ ਤੋਂ ਹੀ ਹੈ। ਮਨੁੱਖ ਨੇ ਜਦੋਂ ਤੋਂ ਕੁਦਰਤ ਨੂੰ ਨੀਝ ਨਾਲ ਦੇਖਣਾ ਸਿੱਖਿਆ, ਕੁਦਰਤੀ ਵਰਤਾਰਿਆਂ ਨੂੰ ਜਾਨਣ-ਸਮਝਣ ਦਾ ਅਮਲ ਸ਼ੁਰੂ ਹੋਇਆ, ਮਨੁੱਖ ਨੇ ਤਜਰਬੇ ਕੀਤੇ (ਤੀਰ-ਤੁਕੇ ਲਾ ਕੇ ਸਿੱਟਿਆਂ ਤੇ ਪਹੁੰਚਿਆ) ਤਾਂ ਨਸ਼ੇ ਵੀ ਉਸੇ ਅਮਲ ਦਾ ਹਿੱਸਾ ਬਣੇ। ਆਯੁਰਵੇਦ ਦੇ ਗ੍ਰੰਥਾਂ ਵਿਚ ਸੋਮਰਸ ਦਾ ਜਿਕਰ ਹੈ। ਅਲਕੋਹਲ (ਸ਼ਰਾਬ) ਦਵਾ ਪ੍ਰਣਾਲੀ ਦਾ ਹਿੱਸਾ ਰਹੀ ਹੈ। ਅਫੀਮ ਦੇ ਹੋਰ ਮੈਡੀਕਲ ਫਾਏਦਿਆਂ ਵਿਚੋਂ ਇਕ ਵਿਸ਼ੇਸ਼ ਗੁਣ ਹੈ ਕਿ ਇਹ ਸਭ ਤੋਂ ਤਾਕਤਵਰ ਦਰਦ ਨਿਵਾਰਕ ਦਵਾ ਹੈ। ਨਸ਼ਿਆਂ ਦਾ ਪਿਛੋਕੜ ਦੇਖੀਏ ਤਾਂ ਦਵਾਈਆਂ ਹੀ ਕਿਸੇ ਨਾ ਕਿਸੇ ਮੁਕਾਮ ਤੇ ਆ ਕੇ, ਦੁਰਵਰਤੋਂ ਦਾ ਸ਼ਿਕਾਰ ਹੋ ਕੇ, ਨਸ਼ੇ ਵਿਚ ਤਬਦੀਲ ਹੋਈਆਂ ਹਨ। ਨਸ਼ਈ, ਅਮਲੀ, ਸ਼ਰਾਬੀ ਸਮਾਜਿਕ ਵਰਗ ਦਾ ਅੰਗ ਰਹੇ ਹਨ। ਸਾਹਿਤ ਵਿਚ ਉਨ੍ਹਾਂ ਕਿਰਦਾਰਾਂ ਦਾ ਜ਼ਿਕਰ ਮਿਲਦਾ ਹੈ। ਪਰ ਅੱਜ ਇਹ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਣ, ਕਾਰਜਸ਼ਾਲਾਵਾਂ ਲਗਾਈਆਂ ਜਾਣ, ਸੁਚੇਤ ਪੱਧਰ ਤੇ ਅਜਿਹਾ ਕਰਨ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ, ਆਖਿਰ ਕਿਉਂ? ਮੈਂ ਇਸ ਨਾਲ ਸਬੰਧਿਤ ਦੋ ਤਿੰਨ ਪਹਿਲੂ ਜ਼ਰੂਰ ਉਜਾਗਰ ਕਰਨਾ ਚਾਹੁੰਦਾ।

ਸਭ ਤੋਂ ਪਹਿਲੀ ਗੱਲ, ਜਿਸ ਤਰ੍ਹਾਂ ਮੈਂ ਜਿਕਰ ਕਰ ਰਿਹਾ ਸੀ ਕਿ ਅੱਜ ਤੋਂ ਪਹਿਲਾਂ ਵਰਤੇ ਜਾਂਦੇ ਨਸ਼ੇ ਕਿਸੇ ਨਾ ਕਿਸੇ ਤਰ੍ਹਾਂ ਦਵਾਈ ਦਾ ਹਿੱਸਾ ਰਹੇ ਹਨ। ਉਨ੍ਹਾਂ ਦੇ ਨਸ਼ੇ ਦਾ ਰੂਪ ਧਾਰਨ ਕਰਨ ਦੇ ਨਾਲ ਉਨ੍ਹਾਂ ਵਿਚ ਕੁਝ ਚੰਗਿਆਈ ਦੇ ਤੱਤ ਵੀ ਰਹੇ ਹਨ। ਪਰ ਅੱਜ ਜੋ ਨਸ਼ੇ ਸਮਾਜ ਵਿਚ ਪ੍ਰਚਲਿਤ ਹੋ ਰਹੇ ਹਨ, ਸਮੈਕ, ਟੀਕੇ, ਕੈਪਸੂਲ, ਕਲੱਬ ਡਰਗਜ਼ ਆਦਿ ਉਹ ਸਿਰਫ ਤੇ ਸਿਰਫ ਨਸ਼ੇ ਹੀ ਹਨ।ਉਨ੍ਹਾਂ ਦਾ ਕੋਈ ਦਵਾਈ ਵਾਲਾ ਪਿਛੋਕੜ ਨਹੀਂ ਹੈ। ਉਹ ਸਿਰਫ ਨਸ਼ਿਆਂ ਦੇ ਲਈ ਹੀ ਬਣਾਏ ਗਏ ਹਨ।ਉਨ੍ਹਾਂ ਦਾ ਕੰਮ ਲੋਕਾਂ ਵਿੱਚ ਨਸ਼ੇ ਦੇ ਰੂਪ ਵਿਚ ਹੀ ਵਿਕਨਾ ਹੈ। ਬਸ।

ਦੂਸਰੀ ਗੱਲ ਇਹ ਹੈ ਕਿ ਪਹਿਲਾਂ ਜੋ ਨਸ਼ੇ ਹੁੰਦੇ ਸਨ ਜਾਂ ਹਨ ਵੀ, ਭਾਵੇਂ ਸ਼ਰਾਬ, ਅਫੀਮ, ਭੰਗ ਆਦਿ ਇਨ੍ਹਾਂ ਦੀ ਲੱਤ ਲਗਣ ਲਈ ਇਕ ਸਮਾਂ ਲਗਦਾ ਸੀ। ਪਹਿਲਾਂ ਕੋਈ ਇਨ੍ਹਾਂ ਨਸ਼ਿਆਂ ਨੂੰ ਤਜੁਰਬੇ ਜਾਂ ਸੌਂਕ ਲਈ ਇਸਤੇਮਾਲ ਕਰਦਾ ਸੀ, ਫਿਰ ਉਸ ਦੀ ਮਿਕਦਾਰ ਵਧਦੀ ਸੀ ਤੇ ਫਿਰ ਕੁਝ ਸਾਲਾਂ ਮਗਰੋਂ ਉਹ ਨਸ਼ਈ ਹੁੰਦਾ ਸੀ। ਅਜੋਕੇ ਨਸ਼ੇ ਅਜਿਹੇ ਨਸ਼ੇ ਹਨ ਜੋਕਿ ਇਕ ਵਾਰ ਇਸਤੇਮਾਲ ਕਰਨ ਨਾਲ ਹੀ ਵਿਅਕਤੀ ਇਨ੍ਹਾਂ ਦੀ ਮੁੜ ਤੋਂ ਮੰਗ ਸ਼ੁਰੂ ਕਰ ਦਿੰਦਾ ਹੈ। ਪਹਿਲੀ ਪੁੜੀ ਜਾਂ ਪਹਿਲਾ ਟੀਕਾ ਹੀ ਵਿਅਕਤੀ ਨੂੰ ਆਪਣੀ ਗਿਰਫ਼ਤ ਵਿਚ ਲੈ ਲੈਂਦਾ ਹੈ। ਇਸ ਲਈ ਇਨ੍ਹਾਂ ਨਸ਼ਿਆਂ ਪ੍ਰਤੀ ਇਹ ਗੰਭੀਰਤਾ ਵਾਲੀ ਗੱਲ ਕਿ ਜੇ ਕੋਈ ਸਿਰਫ ਤਜੁਰਬੇ ਲਈ ਵੀ, ਇਨ੍ਹਾਂ ਦਾ ਇਸਤੇਮਾਲ ਕਰੇ ਤਾਂ ਉਹ ਇਸ ਦਾ ਆਦੀ ਹੋ ਜਾਂਦਾ ਹੈ।

ਤੀਸਰਾ ਅਹਿਮ ਪਹਿਲੂ ਹੈ ਕਿ ਇਹ ਨਸ਼ੇ ਕਿਸ਼ੋਰ ਨੌਜਵਾਨਾਂ ਦੇ ਵਰਗ ਲਈ ਵਿਸ਼ੇਸ਼ ਤਿਆਰ ਹੋਏ ਹਨ। ਇਹ ਨਸ਼ੇ ਮਹਿੰਗੇ ਹਨ। ਸਮੈਕ ਦੀ ਇਕ ਵਾਰੀ ਇਕ ਖੁਰਾਕ ਤਕਰੀਬਨ ਚਾਰ-ਪੰਜ ਸੌ ਰੁਪਏ ਵਿਚ ਪੈਂਦੀ ਹੈ। ਇਹ ਤਕਰੀਬਨ 18-19 ਸਾਲ ਦੀ ਉਮਰ ਵਿੱਚ, ਜਦੋਂ ਬੱਚੇ ਕਾਲਜ, ਯੂਨੀਵਰਸਿਟੀ ਵਿੱਚ ਜਾਂਦੇ ਹਨ, ਸ਼ੁਰੂ ਹੁੰਦੀ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਨ, ਦੂਸਰੇ ਪਾਸੇ ਸਮਾਜਿਕ ਵਰਤਾਰਿਆਂ ਤੋਂ ਜਾਣੂ ਹੋ ਕੇ, ਆਪਣੇ ਆਪ ਨੂੰ ਬੇਚੈਨ, ਪਰੇਸ਼ਾਨ ਸਮਝਦੇ ਹਨ। ਇਸ ਤਰ੍ਹਾਂ ਦੇ ਮਾਹੌਲ ਦੇ ਰੂਬਰੂ ਹੋ ਕੇ ਉਹ ਨਸ਼ਿਆਂ ਦੀ ਗਿਰਫਤ ਵਿਚ ਆ ਜਾਂਦੇ ਹਨ। ਪਹਿਲਾਂ ਇਹ ਮਹਿਸੂਸ ਹੁੰਦਾ ਸੀ ਕਿ ਇਹ ਏਨੀ ਮਹਿੰਗੀ ਚੀਜ ਹੈ, ਇਸ ਲਈ ਅਮੀਰ ਘਰਾਂ ਦੇ ਬੱਚੇ ਇਸ ਵਿੱਚ ਫਸਦੇ ਹਨ, ਪਰ ਹੁਣ ਇਹ ਸਮਾਜ ਦੇ ਹਰ ਵਰਗ ਵਿੱਚ ਪਹੁੰਚ ਰਹੀ ਹੈ। ਇੱਕ ਪਾਸੇ ਜੇਕਰ ਇਹ ਚਾਰ ਪੰਜ ਸੌ ਦੀ ਵਿਕਦੀ ਹੈ ਤਾਂ ਇਸ ਦਾ ਇੱਕ ਪਹਿਲੂ ਇਸ ਰਾਹੀਂ ਛੇਤੀ ਛੇਤੀ ਵੱਧ ਪੈਸੇ ਕਮਾਉਣਾ ਵੀ ਹੈ। ਕੁਝ ਲੋਕਾਂ ਵਾਸਤੇ ਇਹ ਧੰਧਾ ਹੈ। ਉਹ ਇਸ ਧੰਧੇ ਨੂੰ ਪ੍ਰਫੁਲਿਤ ਕਰਨ ਲਈ ਇੱਕ ਜਾਲ ਵਿਛਾਉਂਦੇ ਹਨ। ਪਹਿਲਾਂ ਕਿਸੇ ਨੂੰ ਇਸ ਦਾ ਆਦੀ ਬਣਾਉਂਦੇ ਹਨ ਤੇ ਫਿਰ ਉਸ ਨੂੰ ਨਸ਼ੇ ਜਾਰੀ ਰੱਖਣ ਲਈ, ਇਸ ਨੂੰ ਵੇਚਣ ਲਈ ਉਕਸਾਉਂਦੇ ਹਨ, ਤਾਂ ਜੋ ਇਸ ਨਾਲ ਉਹ ਆਪਣੀ ਖੁਰਾਕ ਜਾਰੀ ਰੱਖ ਸਕੇ। ਹੁਣ ਤੁਸੀਂ ਇਸ ਦਾ ਅਸਰ ਦੇਖਦੇ ਹੋ ਕਿ ਪਹਿਲਾਂ ਦੋ ਚਾਰ ਵਾਰੀ ਉਹ ਆਨੇ-ਬਹਾਨੇ ਪੈਸੇ ਘਰੋਂ ਲੈਂਦਾ ਹੈ, ਫਿਰ ਪੈਸੇ ਚੁਰਾਉਂਦਾ ਹੈ, ਫਿਰ ਘਰ ਦੀ ਕੋਈ ਚੀਜ਼ ਵੇਚਦਾ ਹੈ ਤੇ ਫਿਰ ਗਲੀ-ਗੁਆਂਢ, ਸੜਕ ਤੇ ਪਰਸ-ਚੇਨੀਆਂ ਖਿੱਚਦਾ ਹੈ।

ਇਸ ਤਰ੍ਹਾਂ ਨਸ਼ਿਆਂ ਦਾ ਅਜੋਕਾ ਦ੍ਰਿਸ਼ ਨੌਜਵਾਨਾਂ ਲਈ ਮਾਰੂ ਹੈ। ਨੌਜਵਾਨਾਂ ਤੋਂ ਭਾਵ ਦੇਸ਼ ਅਤੇ ਪਰਿਵਾਰ ਦਾ ਸਮਰਥ ਸਰਮਾਇਆ। ਜਿਸ 'ਤੇ ਪਰਿਵਾਰ ਅਤੇ ਦੇਸ਼ ਨੂੰ ਆਸਾਂ ਹੁੰਦੀਆਂ ਹਨ। ਅੱਜ ਜਦੋਂ ਬੱਚਿਆਂ ਦਾ ਹਾਲਚਾਲ, ਉਸ ਦੀ ਪੜ੍ਹਾਈ, ਇਮਤਿਹਾਨਾਂ ਵਿਚ ਉਸ ਦੀ ਕਾਰਗੁਜਾਰੀ ਬਾਰੇ ਦੋਸਤਾਂ-ਰਿਸ਼ਤੇਦਾਰਾਂ ਵਿਚ ਪੁੱਛਿਆ ਜਾਂਦਾ ਹੈ ਤਾਂ ਪੜ੍ਹਾਈ ਦੀ ਨਲਾਇਕੀ ਜਾਂ ਘੱਟ ਨੰਬਰਾਂ ਤੋਂ ਵੱਧ ਇਸ ਗੱਲ ਦੀ ਤਸੱਲੀ ਵੱਧ ਪ੍ਰਗਟਾਈ ਜਾਂਦੀ ਹੈ ਕਿ ਚਲੋ, ਬੱਚਾ ਨਸ਼ਿਆਂ ਆਦਿ ਤੋਂ ਤਾਂ ਬਚਿਆ ਹੋਇਆ ਹੈ, ਸ਼ੁਕਰ ਹੈ! ਸ਼ੁਕਰ ਹੈ! ਇਹ ਬਹੁਤ ਵੱਡੀ ਗੱਲ ਹੈ। ਜਿਸ ਤਰ੍ਹਾਂ ਦੀ ਹਨੇਰੀ ਚੱਲੀ ਹੋਈ ਹੈ।ਅੱਜ ਨਸ਼ੇ ਜਿੱਥੇ ਸਰੀਰਕ-ਮਾਨਸਿਕ ਮਨੋਵਿਕਾਰ ਤਾਂ ਪੈਦਾ ਕਰਦੇ ਹਨ, ਇਸ ਸਮਾਜਿਕ ਮਾਹੌਲ ਵਿਚ ਵੀ ਅਸੁਰਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।ਨੌਜਾਵਨ ਗੈਰ-ਸਮਾਜਿਕ ਢੰਗ ਤਰੀਕਿਆਂ ਵਿਚ ਪ੍ਰਵੇਸ਼ ਕਰ ਰਿਹਾ ਹੈ। ਮੈਂ ਆਪਣੀ ਗੱਲ 'ਤੇ ਵਾਪਸ ਆਉਂਦਾ ਤੇ ਦੁਹਰਾਉਂਦਾ ਕਿ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਨਸ਼ੇ ਪਹਿਲਾਂ ਨਾਲੋਂ ਕਿਤੇ ਵੱਧ, ਕਈ ਗੁਣਾ ਵੱਧ ਗੰਭੀਰ ਸਮੱਸਿਆ ਬਣ ਕੇ ਸਾਡੇ ਸਾਹਮਣੇ ਪੇਸ਼ ਹੋ ਰਹੇ ਹਨ। ਜੇਕਰ ਬਾਕੀ ਪਹਿਲੂਆਂ ਨੂੰ ਪਲ ਕੁ ਲਈ ਪਾਸੇ ਰਖ ਦੇਈਏ ਤਾਂ ਕੇਂਦਰੀ ਨੁਕਤਾ ਹੈ- ਸਾਡੇ ਕਿਸ਼ੋਰ, ਗੱਭਰੂ ਅਤੇ ਮੁਟਿਆਰਾਂ, ਜਵਾਨੀ ਦੀ ਦਹਿਲੀਜ ਤੇ ਪੈਰ ਧਰ ਰਹੇ ਸਾਡੇ ਬੱਚੇ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬੱਚਿਆਂ ਨੂੰ ਬਚਾਈਏ ਜੋ ਕਿ ਸਾਡੇ ਹੱਥ-ਵਸ ਹੈ।

ਨਸ਼ਾ ਵਿਰੋਧੀ ਜਾਗਰੂਕਤਾ ਕਮੇਟੀ ਦੇ ਮੈਂਬਰ ਸੁਰਜੀਤ ਸ਼ਰਮਾ ਨੇ ਨਸ਼ੇ ਦੀ ਗੰਭੀਰਤਾ ਦੇ ਪੱਖ ਵਿਚ ਇਕ ਗੱਲ ਜੋੜੀ। ਉਨ੍ਹਾਂ ਨੇ ਕਿਹਾ, 'ਅਜੋਕੇ ਸਮੇਂ ਵਿਚ ਨਸ਼ਿਆਂ ਦਾ ਇਕ ਪਹਿਲੂ ਇਹ ਵੀ ਹੈ ਕਿ ਨਸ਼ੇ ਇੱਕ ਦੇਸ਼ ਵਲੋਂ ਦੂਸਰੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਵੀ ਵਰਤੇ ਜਾ ਰਹੇ ਹਨ।ਇਹ ਨਵੇਂ ਜਮਾਨੇ ਦੀ ਲੜਾਈ ਹੈ- ਇਕ ਤਰ੍ਹਾਂ ਦਾ ਮਨੋਵਿਗਿਆਨਕ ਯੁੱਧ।ਦੂਸਰਾ ਇਹ ਰਾਤੋ ਰਾਤ ਅਮੀਰ ਹੋਣ ਦੀ ਪ੍ਰਵਿਰਤੀ ਨਾਲ ਜੁੜਿਆ ਧੰਧਾ ਹੈ। ਅਫਗਾਨਿਸਤਾਨ ਤੋਂ ਇਕ ਲੱਖ ਰੁਪਏ ਕਿਲੋ ਦੇ ਭਾਅ ਤੋਂ ਚੱਲ ਕੇ ਇਹ ਇਕ ਕਰੋੜ ਰੁਪਏ ਕਿਲੋ ਦੇ ਭਾਅ ਵਿਕਦੀ ਹੈ। ਇਨ੍ਹਾਂ ਸਾਰੇ ਤੱਥਾਂ ਦੀ ਸਚਾਈ ਵਿੱਚ, ਸਭ ਤੋਂ ਅਹਿਮ ਗੱਲ ਇਹ ਹੈ ਕਿ ਨਿਸ਼ਾਨਾ ਸਾਡੀ ਨੌਜਵਾਨ ਪੀੜ੍ਹੀ ਹੈ। ਗੱਲ ਚਾਹੇ ਕਿਸੇ ਦੇਸ਼ ਦੀ ਸਾਜਿਸ਼ ਦੀ ਹੋਵੇ, ਚਾਹੇ ਨਵੇਂ ਨਵੇਂ ਨਸ਼ਿਆਂ ਦੀ ਇਜ਼ਾਦ ਦੀ ਹੋਵੇ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਤੇ ਨਾ ਕਿਤੇ ਕੁਝ ਕਮੀਆਂ ਸਾਡੇ ਵੱਲੋਂ ਉਸਾਰੇ ਜਾ ਰਹੇ ਵਾਤਾਵਰਨ ਵਿੱਚ ਵੀ ਹਨ, ਜੋ ਸਾਡੇ ਬੱਚਿਆਂ ਦੇ ਮਨੋਬਲ ਨੂੰ ਏਨਾ ਕਮਜੋਰ ਬਣਾ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਨਾ ਆਸਾਨ ਹੋ ਜਾਂਦਾ ਹੈ।

'ਸਕੂਲ ਹੀ ਕਿਉਂ?' ਨੂੰ ਆਧਾਰ ਬਣਾ ਕੇ, ਬੱਚਿਆਂ ਅਤੇ ਨਸ਼ੇ ਦੇ ਆਪਸੀ ਸਬੰਧ ਨੂੰ ਉਜਾਗਰ ਕਰਦੇ ਹੋਏ ਪ੍ਰਿੰਸੀਪਲ ਯੋਗਿੰਦਰ ਪਾਲ ਗੁਪਤਾ ਨੇ ਕਿਹਾ ਕਿ ਅੱਜ ਕਲ ਮਾਂ ਪਿਉ ਸਕੂਲ ਤੋਂ ਬਹੁਤ ਨਿਰਭਰ ਹੋ ਗਏ ਹਨ। ਉਹ ਬੱਚੇ ਨੂੰ ਸਕੂਲ ਭੇਜ ਕੇ ਆਪ ਸੁਰਖਰੂ ਹੋ ਜਾਂਦੇ ਹਨ। ਉਹ ਬੱਚਿਆਂ ਦੇ ਮਨੋਵਿਗਿਆਨਕ ਵਿਕਾਸ ਦੀਆਂ ਬਹੁਤ ਗੱਲਾਂ ਨਹੀਂ ਜਾਣਦੇ। ਦੂਸਰਾ— ਸਕੂਲ ਦੇ ਦੌਰਾਨ ਹੀ ਉਹ ਪੜਾਅ ਆਉਂਦਾ ਹੈ ਜਦੋਂ ਬੱਚਾ ਦਿਮਾਗੀ ਤੌਰ ਤੇ ਕਈ ਕੁਝ ਸਿੱਖਦਾ ਅਤੇ ਵਿਕਸਿਤ ਕਰਦਾ ਹੈ। ਉਹ ਸਿਰਫ ਪਾਠ ਕ੍ਰਮ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਦਾ, ਉਹ ਹੋਰ ਦੋਸਤਾਂ-ਸਹਿਪਾਠੀਆਂ ਨਾਲ ਰਲ ਕੇ ਕੰਮ ਕਰਨਾ ਸਿੱਖਦਾ ਹੈ, ਉਹ ਸਮਾਜ ਵਿਗਿਆਨ, ਇਤਿਹਾਸ ਅਤੇ ਧਰਮ ਨਾਲ ਸਬੰਧਤ ਸਿਰਫ ਕਿਤਾਬੀ ਗਿਆਨ ਹੀ ਹਾਸਿਲ ਨਹੀਂ ਕਰਦਾ, ਉਸ ਨੂੰ ਜ਼ਿੰਦਗੀ ਨਾਲ ਵੀ ਜੋੜਦਾ ਹੈ ਤੇ ਵਿਸ਼ਲੇਸ਼ਣ ਕਰਦਾ ਹੈ। ਉਹ ਅਧਿਆਪਕਾਂ ਵਿਚ ਆਪਣਾ ਆਦਰਸ਼ ਲੱਭਦਾ ਅਤੇ ਮਿਥਦਾ ਹੈ। ਇਨ੍ਹਾਂ ਕਈ ਪਹਿਲੂਆਂ ਤੋਂ ਸਕੂਲ ਦਾ ਸਮਾਂ ਬਹੁਤ ਮਹੱਤਵਪੂਰਨ ਹੈ ਤੇ ਇਹ ਸਮਾਂ ਬੱਚੇ ਦੀ ਜ਼ਿੰਦਗੀ ਨੂੰ ਇੱਕ ‘ਹਾਂ ਪੱਖੀ’ ਮੋੜ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ।

ਕਿਸ਼ੋਰ ਅਵਸਥਾ ਦੌਰਾਨ-ਨਸ਼ਿਆਂ ਦੀ ਸ਼ੁਰੂਆਤ: ਕੀ ਕਾਰਨ ਹਨ-

ਕਾਰਜਸ਼ਾਲਾ ਦੇ ਪਹਿਲੇ ਦਿਨ ਦਾ ਦੂਸਰਾ ਪੜਾਅ ਸੀ ਕਿ ਅਧਿਆਪਕ ਅਲੱਗ ਅਲੱਗ ਗਰੁੱਪਾਂ ਵਿੱਚ ਬੈਠ ਕੇ ਇੱਕ ਘੰਟਾ ਆਪਸ ਵਿੱਚ ਚਰਚਾ ਕਰਨਗੇ। ਸਾਰੇ ਅਧਿਆਪਕਾਂ ਨੂੰ ਦਸ ਦਸ ਦੇ ਗਰੁੱਪ ਵਿੱਚ ਵੰਡਿਆ ਗਿਆ। ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਕਿ ਉਹਨਾਂ ਦਸ ਅਧਿਆਪਕਾਂ ਦੀ ਚਰਚਾ ਨੂੰ ਇੱਕ ਅਧਿਆਪਕ ਸਾਰਿਆਂ ਸਾਹਮਣੇ ਪੇਸ਼ ਕਰੇਗਾ। ਵਿਸ਼ਾ ਸੀ ਸਕੂਲੀ ਉਮਰ ਵਿੱਚ ਬੱਚਿਆਂ ਦਾ ਨਸ਼ਾ ਕੀਤਾ ਜਾਣਾ, ਕੀ ਕਾਰਨ ਹੋ ਸਕਦੇ ਹਨ? ਸਭ ਨੇ ਨਿੱਠ ਕੇ ਚਰਚਾ ਕੀਤੀ ਅਤੇ ਇੱਕ ਘੰਟੇ ਬਾਅਦ ਹਰ ਗਰੁੱਪ ਨੇ ਆਪਣੀ ਚਰਚਾ ਦੇ ਸੰਖੇਪ ਸਿੱਟੇ ਪੇਸ਼ ਕੀਤੇ। ਸ. ਰਣਧੀਰ ਸਿੰਘ ਠਾਕੁਰ ਅਤੇ ਸ੍ਰੀ ਪੁਰਸ਼ੋਤਮ ਲਾਲ ਨੇ ਚਰਚਾ ਦਾ ਸੰਚਾਲਨ ਕੀਤਾ।

ਪਹਿਲੇ ਗੁਰੱਪ ਦੀ ਚਰਚਾ ਨੂੰ ਮੈਡਮ ਕੰਵਲਜੀਤ ਨੇ ਪੇਸ਼ ਕੀਤਾ। 'ਭੈਣੋ ਤੇ ਭਰਾਵੇ, ਇਹ ਬਹੁਤ ਵਧੀਆ ਉਪਰਾਲਾ ਇੱਥੇ ਹੋਇਆ ਹੈ। ਮੈਂ ਆਪਣੇ ਗਰੁੱਪ ਦੀ ਚਰਚਾ ਵਿੱਚ ਆਏ ਵੱਖ ਵੱਖ ਪਹਿਲੂ ਤੁਹਾਡੇ ਸਾਹਮਣੇ ਰਖਣਾ ਚਾਹੁੰਦੀ ਹਾਂ। ਪਰ ਪਹਿਲਾਂ ਮੈਂ ਇਹ ਕਹਾਂਗੀ ਕਿ ਇਹ ਬਿਲਕੁਲ ਸਹੀ ਹੈ ਕਿ ਬੱਚੇ ਬੜੇ ਸੰਵੇਦਨਸ਼ੀਲ ਹੁੰਦੇ ਹਨ।ਉਨ੍ਹਾਂ ਨੂੰ, ਜੋ ਕੁਝ ਵੀ ਘਰ ਵਿਚ ਵਾਪਰ ਰਿਹਾ ਹੁੰਦਾ ਹੈ ਉਸ ਬਾਰੇ ਪਤਾ ਹੁੰਦਾ ਹੈ। ਇਕ ਬੱਚੇ ਨੂੰ ਲਗਾਤਾਰ ਦਸ-ਪੰਦਰਾਂ ਵਾਰੀ ਇਕ ਕਿਤਾਬ ਨਾ ਖਰੀਦਣ ਤੇ ਜਦੋਂ ਡਾਂਟਿਆ ਤਾਂ ਉਹ ਮਾਸੂਮ ਜਿਹਾ ਬਣ ਕੇ ਬੋਲਿਆ, 'ਕਿਥੋਂ ਲਿਆਈਏ ਕਿਤਾਬ ਮੈਡਮ ਜੀ, ਬਾਪੂ ਤਾਂ ਰੋਜ਼ ਸ਼ਰਾਬ ਪੀ ਕੇ ਆ ਜਾਂਦਾ। ਜੇਕਰ ਇਸ ਤਰ੍ਹਾਂ ਦਾ ਪਰਿਵਾਰ ਹੋਵੇਗਾ ਤਾਂ ਬੱਚਿਆਂ ਤੇ ਭੈੜਾ ਅਸਰ ਪਵੇਗਾ ਹੀ।ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਨਸ਼ੇ ਕਿਵੇਂ ਪਰਿਵਾਰ ਦਾ ਮਾਹੌਲ ਖਰਾਬ ਕਰਦੇ ਹਨ। ਬੱਚਿਆਂ ਨੂੰ ਮੁਢਲੀਆਂ ਲੋੜਾਂ ਤੋਂ ਵਾਂਝੇ ਕਰਦੇ ਹਨ। ਦੂਸਰੇ ਪਾਸੇ ਗਰੀਬੀ ਅਤੇ ਅਨਪੜ੍ਹਤਾ ਹੈ। ਲੋਕਾਂ ਨੂੰ ਆਪਣੇ ਬੁਰੇ ਭਲੇ ਦੀ ਸਮਝ ਨਹੀਂ ਹੈ। ਸਾਡੇ ਲੋਕਾਂ ਵਿਚ ਅੰਧਵਿਸ਼ਵਾਸ ਹੈ। ਇਕ ਪਾਸੇ ਡੇਰਿਆਂ ਤੇ ਸੁੱਖਾ, ਮੰਦਰਾਂ ਵਿਚ ਭੰਗ ਆਦਿ ਮਿਲਦੀ ਹੈ, ਦੂਸਰੇ ਪਾਸੇ ਇਲੈਕਸ਼ਨਾਂ ਵਿਚ ਸਾਡੇ ਨੇਤਾ ਹੀ ਸ਼ਰਾਬ ਵੰਡਦੇ ਹਨ। ਪੰਚਾਇਤਾਂ ਦੀਆਂ ਇਲੈਕਸ਼ਨਾਂ ਵਿੱਚ ਤਾਂ ਹੱਦ ਹੀ ਹੋ ਜਾਂਦੀ ਹੈ। ਪਿੰਡਾਂ ਵਿੱਚ ਘਰ ਘਰ ਭਟੀਆਂ ਚੜ ਜਾਂਦੀਆਂ ਹਨ। ਕਿਸੇ ਨੂੰ ਕੁਝ ਨਹੀਂ ਦਿਸਦਾ। ਇਨ੍ਹਾਂ ਆਮ ਇਲੈਕਸ਼ਨਾਂ ਨੂੰ ਤਾਂ ਛੱਡੋ, ਗੁਰਦਵਾਰਿਆਂ ਦੀਆਂ ਇਲਕੈਸ਼ਨਾਂ ਵਿੱਚ ਵੀ ਇਹ ਵੰਡੀ ਜਾਂਦੀ ਹੈ। ਸਥਿਤੀ ਏਨੀ ਕੁ ਮਾੜੀ ਹੈ ਕਿ ਲਗਦਾ ਹੈ ਅਸੀਂ ਨਸ਼ਿਆਂ ਦੇ ਵਹਿਣ ਵਿੱਚ ਵਹੀ ਜਾ ਰਹੇ ਹਾਂ। ਚਲੋ! ਇਸ ਤਰ੍ਹਾਂ ਮਿਲ ਬੈਠ ਕੇ ਹੀ ਹੱਲ ਨਿਕਲਦੇ ਹਨ। ਕੋਈ ਨਾ ਕੋਈ ਉਪਰਾਲੇ ਹੋਣਗੇ, ਸਮਝ ਬਣੇਗੀ ਤਾਂ ਕੁਝ ਨਾ ਕੁਝ ਜਰੂਰ ਹੋਵੇਗਾ।

'ਭੈਣ ਕੰਵਲਪ੍ਰੀਤ ਨੇ ਦੋ ਨੁਕਤੇ ਰੱਖੇ। ਰਣਧੀਰ ਠਾਕੁਰ ਨੇ ਅਗਲੀ ਟਿੱਪਣੀ ਕੀਤੀ 'ਇੱਕ ਹੈ ਬੱਚਿਆਂ ਦੀ ਸੰਵੇਦਨਸ਼ੀਲਤਾ ਤੇ ਦੂਸਰੇ ਸਾਡੇ ਨੇਤਾਵਾਂ ਦਾ ਕਿਰਦਾਰ, ਚਾਹੇ ਇਹ ਰਾਜਨੀਤਕ ਹੋਣ, ਧਾਰਮਿਕ ਜਾਂ ਹੋਰ। ਕਿਉਂ ਜੋ ਅਸੀਂ ਮੁੱਖ ਤੌਰ 'ਤੇ ਬੱਚਿਆਂ ਨੂੰ ਲੈ ਕੇ, ਉਨ੍ਹਾਂ ਦੀ ਮਾਨਸਿਕਤਾ ਅਤੇ ਨਸ਼ੇ ਨਾਲ ਸਬੰਧੀ ਉਨ੍ਹਾਂ ਦੇ ਰੁਝਾਨ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਆਪਾਂ ਨੂੰ ਮੰਨਣਾ ਚਾਹੀਦਾ ਹੈ ਕਿ ਬੱਚੇ ਦੇ ਵਿਵਹਾਰ ਦੀ ਬੁਨਿਆਦ ਪਰਿਵਾਰ ਹੈ। ਪਰ ਨਾਲ ਹੀ ਇਹ ਵੀ ਸੱਚ ਹੈ ਕਿ ਉਸ ਬੇਜੋੜ ਪਰਿਵਾਰ ਵਿਚ ਪਲੇ ਬੱਚੇ ਨੂੰ, ਜੇਕਰ ਸਹੀ ਢੰਗ ਨਾਲ ਸਮਝ ਕੇ ਅਧਿਆਪਕ ਮੋੜਾ ਦੇਣਾ ਚਾਹੇ ਤਾਂ ਇਹ ਸੰਭਵ ਹੈ। ਆਪਾਂ ਵੱਖ ਵੱਖ ਵਿਚਾਰਾਂ ਦੇ ਨਾਲ ਨਾਲ ਇਹ ਗੱਲਾਂ ਜਾਰੀ ਰਖਾਂਗੇ, ਹੁਣ ਦੂਸਰੇ ਗਰੁੱਪ ਦੀ ਚਰਚਾ ਨੂੰ ਲੈ ਕੇ ਆ ਰਹੇ ਨੇ: ਗੁਰਿੰਦਰ ਖਾਲਸਾ ਜੀ। ਇਕ ਗੱਲ ਹੋਰ ਜਰੂਰ ਯਾਦ ਰੱਖਣੀ ਹੈ ਜਿਸ ਨੁਕਤੇ 'ਤੇ ਗੱਲ ਹੋ ਚੁੱਕੀ ਹੋਵੇ, ਉਸ ਦੇ ਦੁਹਰਾਓ ਤੋਂ ਬਚਨ ਦੀ ਕੋਸ਼ਿਸ਼ ਕਰੀਏ।'

ਗੁਰਿੰਦਰ ਖਾਲਸਾ ਨੇ ਆਪਣੇ ਵਿਚਾਰ ਰੱਖੇ ਕਿ ਇਹ ਕੰਮ ਜੋ ਅਧਿਆਪਕਾਂ ਦੀ ਕਾਰਜਸ਼ਾਲਾ ਲਗਾ ਕੇ ਪ੍ਰਸ਼ਾਸਨ ਕਰਵਾ ਰਹੀ ਹੈ ਇਹ ਠੀਕ ਹੈ ਪਰ ਇਸ ਨਾਲ ਕੋਈ ਹੱਲ ਨਹੀਂ ਹੋਣਾ। ਇਹ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਕਿ ਜਦੋਂ ਵੋਟਾਂ ਪੈਂਦੀਆਂ ਹਨ ਤਾਂ ਸ਼ਰਾਬ ਖੁੱਲ੍ਹੀ ਵਰਤੀ ਜਾਂਦੀ ਹੈ। ਇਲੈਕਸ਼ਨ ਕਮੀਸ਼ਨ ਨੂੰ ਜਾਗਰੂਕ ਹੋਣ ਦੀ ਲੋੜ ਹੈ। ਸਾਡੇ ਰਾਜਨੀਤੀਵਾਨ ਇੰਨੇ ਭਰਸ਼ਟ ਹਨ ਕਿ ਪੈਸੇ ਕਮਾਉਣ ਲਈ ਸਮਗਲਰਾਂ ਨੂੰ, ਸਮੈਕ ਵੇਚਣ ਵਾਲਿਆਂ ਨੂੰ ਸ਼ਹਿ ਦਿੰਦੇ ਹਨ। ਇਹਦੇ ਲਈ ਸਰਕਾਰ ਸਖਤ ਕਾਨੂੰਨ ਬਣਾਵੇ ਅਤੇ ਸਖਤੀ ਨਾਲ ਕਾਰਵਾਈ ਕਰੇ। ਇਸ ਤੋਂ ਬਾਅਦ ਮੀਡੀਆ ਹੈ ਜੋ ਨੌਜਵਾਨਾਂ ਨੂੰ ਭਟਕਾ ਰਿਹਾ ਹੈ। ਸਾਰੇ ਇਸ਼ਤਿਹਾਰ ਸੈਕਸ ਨਾਲ ਜੁੜੇ ਅਤੇ ਭੜਕਾਊ ਹੁੰਦੇ ਹਨ। ਸ਼ਰਾਬ ਦੇ ਠੇਕੇ ਸਰਕਾਰ ਨਿਲਾਮ ਕਰਦੀ ਹੈ, ਉਸ ਨੂੰ ਇਸ ਰਾਹ ਤੋਂ ਪੈਸੇ ਕਮਾਉਣ ਦੀ ਪਈ ਹੈ। ਸੈਂਕੜੇ ਹੀ ਦਵਾਈਆਂ ਦੀਆਂ ਦੁਕਾਨਾਂ ਜਾਂ ਤਾਂ ਬਿਨਾਂ ਲਾਈਸੈਂਸ ਤੋਂ ਹਨ, ਜੇ ਮਨਜੂਰ ਹਨ ਵੀ ਤਾਂ ਉਹ ਸਾਰੇ ਹੀ ਨਸ਼ੇ ਦੇ ਕੈਪਸੂਲ ਤੇ ਹੋਰ ਪੀਣ ਵਾਲੀਆਂ ਦਵਾਈਆਂ ਵੇਚਦੇ ਹਨ। ਇਹ ਸਾਰੇ ਕੰਮ ਸਰਕਾਰ ਪੱਧਰ ਦੇ ਹਨ ਅਤੇ ਸਾਨੂੰ ਅਧਿਆਪਕਾਂ ਨੂੰ ਇੱਥੇ ਬੁਲਾ ਕੇ ਸਰਕਾਰ ਖਾਨਾ ਪੂਰਤੀ ਕਰ ਰਹੀ ਹੈ, ਹੋਰ ਕੁਝ ਨਹੀਂ।

ਸਾਥੀਓ ! ਖਾਲਸਾ ਜੀ ਨੇ ਜੋ ਨੁਕਤੇ ਉਠਾਏ ਨੇ, ਉਨ੍ਹਾਂ ਤੋਂ ਅੱਖਾਂ ਨਹੀਂ ਮੋੜੀਆਂ ਜਾ ਸਕਦੀਆਂ। ਇਹ ਬਹੁਤ ਹੀ ਅਹਿਮ ਅਤੇ ਫੈਸਲਾਕੁੰਨ ਨੁਕਤੇ ਹਨ, ਪਰ ਮੈਂ ਤੁਹਾਨੂੰ ਸ਼ੁਰੂ ਵਿਚ ਦੱਸਿਆ ਸੀ ਕਿ ਅਸੀਂ ਜਿਸ ਪਹਿਲੂ ਨੂੰ ਲੈ ਕੇ, ‘ਕਿਸ਼ੋਰ ਵਰਗ ਅਤੇ ਨਸ਼ਿਆਂ ਦੀ ਸ਼ੁਰੂਆਤ’ ਵਾਲੇ ਨਜ਼ਰੀਏ ਤੋਂ ਵਿਚਾਰ ਕਰਨ ਲਈ ਇਕੱਠੇ ਹੋਏ ਹਾਂ। ਮੈਂ ਚਾਹਾਂਗਾ ਕਿ ਆਪਾਂ ਆਪਣੇ ਵਿਚਾਰਾਂ ਨੂੰ ਉਨ੍ਹਾਂ ਪਹਿਲੂਆਂ ਤੇ ਕੇਂਦ੍ਰਿਤ ਕਰੀਏ ਅਤੇ ਉਸ ਦਿਸ਼ਾ ਵਿਚ ਕੋਈ ਠੋਸ ਕਾਰਜ ਉਲੀਕੀਏ। ਅਸੀਂ ਆਪਣੀ ਜਿੰਮੇਵਾਰੀ ਨੂੰ ਬਿਲਕੁਲ ਹੀ ਨਾ ਨਕਾਰੀਏ ਤੇ ਆਪਣੇ ਆਪ ਨੂੰ ਇਕ ਜਾਗਰੂਕ ਸ਼ਹਿਰੀ ਹੋਣ ਦੀ ਸਥਿਤੀ ਨੂੰ ਬਿਲਕੁਲ ਹੀ ਪੂੰਝਾ ਨਾ ਫੇਰੀਏ। ਇਹ ਸਮੱਸਿਆ, ਬਹੁਪਰਤੀ ਸਮੱਸਿਆ ਹੈ। ਇਸ ਦੇ ਕਾਰਨ ਅਤੇ ਹੱਲ ਸਮਾਜ ਦੇ ਹਰ ਵਰਗ ਵਿੱਚ ਪਏ ਹਨ।ਉਹ ਚਾਹੇ ਪਰਿਵਾਰ ਹੈ, ਸਕੂਲ ਹੈ। ਕੰਮ ਵਾਲੀ ਥਾਂ ਹੈ ਤੇ ਭਾਵੇਂ ਸਰਕਾਰ ਅਤੇ ਕਾਨੂੰਨ ਹੈ। ਇਸ ਲਈ ਇਹ ਲੜਾਈ ਵੀ ਬਹੁਪੱਖੀ

ਹੈ। ਅਸੀਂ ਉਸ ਲੜਾਈ ਦਾ ਇਕ ਪਹਿਲੂ ਵਿਸਥਾਰ ਵਿੱਚ ਘੋਖਣ ਲਈ ਇਕੱਠੇ ਹੋਏ ਹਾਂ।

ਹੋਰ ਗਰੁੱਪਾਂ ਨੇ ਵੀ ਵਾਰੀ ਵਾਰੀ ਆਪਣੀ ਚਰਚਾ ਦੇ ਨੁਕਤੇ ਪੇਸ਼ ਕੀਤੇ।

...ਸਾਥੀਓ! ਅਸੀਂ ਵੀ ਪੜ੍ਹੇ ਹਾਂ! ਮੈਨੂੰ ਅੱਜ ਤੱਕ ਉਹ ਥੱਪੜ ਯਾਦ ਹੈ ਜਿਸ ਨੇ ਮੈਨੂੰ ਠੀਕ ਰਾਹ 'ਤੇ ਪਾਇਆ ਤੇ ਅੱਜ ਤੁਸੀਂ ਇਸ ਬਾਰੇ ਸੋਚ ਹੀ ਨਹੀਂ ਸਕਦੇ। ਜਿਹੜੇ ਬੱਚੇ ਪਹਿਲਾਂ ਕਦੇ ਪੈਰਾਂ ਨੂੰ ਹੱਥ ਲਾਉਂਦੇ ਸੀ, ਅੱਜ ਗੱਲ ਨੂੰ ਪੈਂਦੇ ਹਨ।ਨਾ ਬੱਚਿਆਂ ਵਿੱਚ ਸਹਿਣਸ਼ੀਲਤਾ ਹੈ ਨਾ ਮਾਂ ਪਿਉ ਵਿੱਚ। ਗੱਲਾਂ ਸਭ ਠੀਕ ਨੇ, ਪਰ ਬੱਚਿਆਂ ਨਾਲ ਨਜਿੱਠਣਾ ਬਹੁਤ ਔਖਾ ਹੈ।

ਅਸੀਂ ਇਥੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਹਾਂ। ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਦੀ ਸਥਿਤੀ ਸਾਨੂੰ ਸਭ ਨੂੰ ਪਤਾ ਹੈ। ਚੰਗੇ ਬੱਚੇ ਪਬਲਿਕ ਸਕੂਲਾਂ ਵਿਚ ਪੜ੍ਹਣ ਚਲੇ ਜਾਂਦੇ ਹਨ। ਵਿਹੜਿਆਂ ਵਾਲਿਆਂ ਦੇ, ਭਈਆਂ ਦੇ ਨਿਆਣੇ ਜੋ ਰਹਿ ਜਾਂਦੇ ਨੇ ਉਹ ਆਉਂਦੇ ਨੇ। ਜਿਨ੍ਹਾਂ ਮਾਂ ਪਿਉ ਕੋਲ ਵੀ ਥੋੜੀ-ਬਹੁਤ ਗੁੰਜਾਇਸ਼ ਹੁੰਦੀ ਹੈ, ਉਹ ਆਪਣੇ ਬੱਚੇ ਨੂੰ ਪਬਲਿਕ ਸਕੂਲ ਵਿਚ ਪਾਉਣ ਦੀ ਵਾਹ ਲਾਉਂਦੇ ਨੇ। ਸਾਡੇ ਕੋਲ ਤਾਂ ਬਸ ਰਹਿੰਦ-ਖੂੰਹਦ ਹੀ ਆਉਂਦੀ ਹੈ। ਨਾ ਬੱਚੇ ਪੜ੍ਹਣ, ਨਾ-ਮਾਂ ਪਿਉ ਧਿਆਣ ਦੇਣ। ਸਾਨੂੰ ਤਾਂ ਕਈ ਵਾਰ ਇੰਜ ਜਾਪਦੈ ਜਿਵੇਂ ਕੰਧਾ ਨੂੰ ਪੜ੍ਹਾ ਕੇ ਆ ਗਏ ਹੋਈਏ।

....ਜੋ ਮਰਜੀ ਕਹੀਏ ਟੈਲੀਵੀਜਨ ਸਭ ਤੋਂ ਵੱਡਾ ਕਾਰਨ ਹੈ ਬਰਬਾਦੀ ਹੈ। ਗਾਣੇ ਕਹਿ ਲਵੋ, ਜੋ ਮਰਜੀ ਪ੍ਰੋਗਰਾਮ ਦੇਖ ਲਵੋ, ਸਾਰਾ ਪਰਿਵਾਰ ਇਕੱਠਾ ਬੈਠ ਕੇ ਕੋਈ ਪ੍ਰੋਗਰਾਮ ਨਹੀਂ ਦੇਖ ਸਕਦਾ। ਬੱਚਿਆਂ ਦੇ ਸ਼ੌਂਕ ਦੇਖ ਲਵੋ, ਖਾਣਾ ਦੇਖ ਲਵੋ, ਕੱਪੜਿਆਂ ਨੂੰ ਦੇਖ ਲਵੋ। ਮੈਂ ਆਪਣੀ ਬੇਟੀ ਨਾਲ ਮੰਦਰ ਗਿਆ, ਬੇਟੀ ਨੇ ਰੱਬ ਦੇ ਘਰ ਵਿੱਚ ਵੀ ਅਜਿਹੇ ਕਪੜੇ ਪਾਏ, ਮੈਨੂੰ ਸ਼ਰਮ ਆਈ ਜਾਵੇ। ਪਰ ਮੇਰੇ ਵਿੱਚ ਹਿੰਮਤ ਨਹੀਂ ਕਿ ਮੈਂ ਕੁਝ ਕਹਿ ਸਕਾਂ।

ਮੈਡਮ ਸੁਰੇਖਾ ਨੇ ਇੱਕ ਨਵੇਂ ਪਰਿਪੇਖ ਤੋਂ ਗੱਲ ਸਾਂਝੀ ਕੀਤੀ।...ਵੇਖੋ, ਅਸੀਂ ਪੇਂਡੂ ਪਿਛੋਕੜ ਤੋਂ ਹਾਂ। ਅਸੀਂ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਆਣ ਵਸੇ ਹਾਂ। ਸਾਡਾ ਇੱਕੋ ਹੀ ਨਿਸ਼ਾਨਾ ਹੈ ਕਿ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਸਕਣ, ਚੰਗੇ ਕੋਰਸਾਂ ਵਿਚ ਦਾਖਿਲ ਹੋ ਸਕਣ। ....ਸ਼ਹਿਰ ਵਿਚ ਅਸੀਂ ਨਵੀਆਂ ਨਵੀਆਂ ਕਲੋਨੀਆਂ ਵਿਚ ਰਹਿੰਦੇ ਹਾਂ। ਸਾਡੇ ਵਰਗੇ ਹੀ ਸਾਰੇ ਭੈਣ ਭਰਾ, ਵੱਖ ਵੱਖ ਪਿੰਡਾਂ, ਸ਼ਹਿਰਾਂ, ਵੱਖ ਵੱਖ ਜ਼ਿਲਿਆਂ ਤੋਂ, ਨੌਕਰੀ-ਪੇਸ਼ੇ ਨਾਲ ਬੰਨ੍ਹੇ, ਇਕੱਠੇ ਹੁੰਦੇ ਹਨ। ਸਾਰੇ ਭਾਵੇਂ ਇੱਕ ਦੂਸਰੇ ਨੂੰ ਪਛਾਣਦੇ ਹਾਂ, ਪੜੋਸੀ ਕਹਿੰਦੇ ਹਾਂ, ਰਸਮੀ ਜਿਹੀ ਮੁਸਕਰਾਹਟ ਨਾਲ ਮਿਲਦੇ ਹਾਂ, ਆ ਜਾਉ ਭੈਣ ਜੀ, ਲੰਘ ਆਉ ਵੀਰ ਜੀ ਕਹਿੰਦੇ ਹਾਂ। ਪਰ ਸੱਚ ਮੰਨਿਓ, ਉਹ ਸਾਂਝ ਨਹੀਂ ਹੈ। ਮੈਂ ਗੱਲ ਕਰ ਰਹੀ ਸੀ ਕਿ ਜੇ ਕਿਤੇ ਸਾਡਾ ਬੱਚਾ ਕਿਸੇ ਬਾਜ਼ਾਰ, ਚੌਂਕ ਵਿਚ, ਕਿਸੇ ਗਲੀ ਦੀ ਨੁੱਕਰੇ, ਕਿਸੇ ਭੈੜੀ ਸੰਗਤ ਵਿਚ ਖੜਾ ਹੈ, ਕੁਝ ਮਾੜਾ ਕਰ ਰਿਹਾ ਹੈ, ਕੋਈ ਪੜੋਸੀ ਦੇਖ ਲੈਂਦਾ ਹੈ, ਉਹ ਕਦੇ ਆ ਕੇ ਕੁਝ ਨਹੀਂ ਦਸਦਾ-ਕਹਿੰਦਾ। ਅਸੀਂ ਵੀ ਉਸ ਵਿਚ ਸ਼ਾਮਿਲ ਹਾਂ। ਅਸੀਂ ਡਰਦੇ ਹਾਂ ਕਿ ਕਿਤੇ ਕੋਈ ਬੁਰਾ ਨਾ ਮਨ ਜਾਵੇ। ਉਹ ਇਹ ਨਾ ਸਮਝੇ ਕਿ ਸਾਡੇ ਬੱਚੇ ਵਿਚ ਨੁਕਸ ਕੱਢ ਰਹੇ ਹੋ। ਇਹ ਨਾ ਕਹੇ ਕਿ ਸਾਡਿਆਂ ਬੱਚਿਆਂ ਤੇ ਉਂਗਲ ਚੁੱਕ ਰਹੇ ਹੋ, ਪਹਿਲਾਂ ਆਪਣਿਆਂ ਨੂੰ ਸਾਂਭੋ। ਹੁਣ ਜੇਕਰ ਇਹ ਪਿੰਡ ਹੋਵੇ। ਜਿਥੇ ਸਾਰੇ ਭੈਣ ਭਰਾ, ਵੱਡੇ ਛੋਟੇ ਇਕੱਠੇ ਰਹਿੰਦੇ ਹੋਣ। ਉੱਥੇ ਕੋਈ ਬੱਚਾ ਉੱਚਾਨੀਵਾਂ ਕੁਝ ਕਰੇ, ਬੱਚੇ ਦੀ ਸ਼ਿਕਾਇਤ ਤਾਂ ਬਾਅਦ ਵਿੱਚ ਹੋਵੇ, ਮਾਮੇ, ਚਾਚੇ, ਮਾਸੜ, ਫੁਫੜ ਕਿਸੇ ਨੇ ਉਸੇ ਵੇਲੇ ਹੀ ਫੜ ਕੇ ਝਾੜ ਦੇਣਾ ਸੀ।ਉਹ ਸਭ ਇੱਥੇ ਨਹੀਂ ਹੈ। ਅਸੀਂ ਬੱਚਿਆਂ ਨੂੰ ਇੱਥੇ ਕੁਝ ਬਨਾਉਣ ਆਏ ਹਾਂ, ਪਰ ਲਗਦਾ ਹੈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਕਿ ਇਨ੍ਹਾਂ ਨੂੰ ਇਸ ਹਨੇਰੀ ਤੋਂ ਬਚਾ ਕੇ ਰਖਣਾ ਵੀ ਮੁਸ਼ਕਿਲ ਹੋ ਗਿਆ ਹੈ।

....ਮਾਂ ਪਿਉ ਆਉਂਦੇ ਨੇ ਤੇ ਆਉਂਦਿਆਂ ਹੀ ਸਾਰਾ ਗੁੱਸਾ ਅਧਿਆਪਕਾਂ ਤੇ। ਤੁਸੀਂ ਇਨ੍ਹਾਂ ਨੂੰ ਕੁਝ ਨਹੀਂ ਸਿਖਾਉਂਦੇ। ਇਹ ਪੜ੍ਹਦਾ ਨਹੀਂ, ਇਹ ਖਾਂਦਾ ਨਹੀਂ, ਇਹ ਕਹਿਣਾ ਨਹੀਂ ਮੰਨਦਾ। ਮਾਂ ਪਿਉ ਇਹ ਸਮਝਦੇ ਨੇ ਕਿ ਸਕੂਲ ਵਿਚ ਦਾਖਲ ਕਰਵਾਉਣ ਤੋਂ ਬਾਅਦ ਸਾਰੀ ਜੁੰਮੇਵਾਰੀ ਅਧਿਆਪਕਾਂ ਦੀ ਹੈ। ਇਹਨਾਂ ਵਿਗੜਿਆਂ ਬੱਚਿਆਂ ਨੂੰ ਦਰੁਸਤ ਕਰੋ।ਉਨਾਂ ਦੀ ਕੋਈ ਜੁੰਮੇਵਾਰੀ ਨਹੀਂ। ਉਨ੍ਹਾਂ ਕੋਲ ਬਸ ਸਿਕਾਇਤਾਂ ਨੇ। ਮੋਬਾਇਲ ਮੰਗਦਾ ਹੈ-ਅਸੀਂ ਸਮਝਾਈਏ, ਮੋਟਰ ਸਾਈਕਲ ਮੰਗਦਾ ਹੈ-ਅਸੀਂ ਸਮਝਾਈਏ। ਬੂਟ, ਕੱਪੜੇ ਮੰਗਦਾ ਹੈ ਤੇ ਭਾਵੇਂ ਦੋਸਤਾਂ ਨਾਲ ਕਿਸੇ ਪਹਾੜ 'ਤੇ ਘੁੰਮਣ ਦਾ ਪ੍ਰੋਗਰਾਮ ਬਣਾਉਂਦਾ ਹੈ ਜਾਂ ਸਾਰਾ ਦਿਨ ਟੈਲੀਵਿਜਨ ਅੱਗੇ ਬੈਠਾ ਰਹਿੰਦਾ ਹੈ ਅਸੀਂ ਸਮਝਾਈਏ...।

....ਸੱਤਵੀਂ, ਹੱਦ ਅੱਠਵੀਂ ਤੱਕ ਬੱਚੇ ਠੀਕ ਰਹਿੰਦੇ ਨੇ। ਫਿਰ ਮਾਂ ਪਿਉ ਬੱਚੇ ਨੂੰ ਟਿਊਸ਼ਨ ਲਗਾ ਦਿੰਦੇ ਨੇ। ਕੋਈ ਇਹ ਨਹੀਂ ਦੇਖਦਾ-ਸਮਝਦਾ ਕਿ ਬੱਚੇ ਨੂੰ ਟਿਊਸ਼ਨ ਦੀ ਲੋੜ ਹੈ ਵੀ ਕਿ ਨਹੀਂ। ਟਿਊਸ਼ਨ ਪੜ੍ਹਣ ਜਾਵੇਗਾ, ਬੱਚਾ ਥੱਕ ਜਾਵੇਗਾ, ਬਾਈਕ ਲੈ ਦੇਵੋ। ਇੱਕ ਤੋਂ ਬਾਅਦ ਦੂਸਰੀ, ਦੂਸਰੀ ਤੋਂ ਤੀਸਰੀ ਟਿਊਸ਼ਨ ਪੜ੍ਹਦਿਆਂ ਭੁੱਖ ਵਗੈਰਾ ਲੱਗੇ, ਕੁਝ ਖਾ ਲਵੇ, ਪੈਸੇ ਵੀ ਖੁਲ੍ਹ ਦਿੱਤੇ ਜਾਂਦੇ ਹਨ। ਦੂਸਰੇ ਪਾਸੇ, ਪਤਾ ਨਹੀਂ ਬੱਚਾ ਟਿਊਸ਼ਨ ਜਾ ਵੀ ਰਿਹਾ ਹੈ ਕਿ ਨਹੀਂ, ਕੋਈ ਨਿਗਰਾਨੀ ਨਹੀਂ। ਇੱਕ ਵਾਰੀ ਸ਼ਹਿਰ ਦੇ ਐਸ. ਐਸ. ਪੀ. ਨਾਲ ਟਰੈਫਿਕ ਬਾਰੇ ਸ਼ਿਕਾਇਤਾਂ ਦਾ ਇਕ ਪ੍ਰੋਗਰਾਮ ਸੀ।ਇਕ ਵਿਅਕਤੀ ਨੇ ਕਿਹਾ ਕਿ ਬੱਚਿਆਂ ਨੇ ਟਿਊਸ਼ਨ ਪੜ੍ਹਣੀ ਹੁੰਦੀ ਹੈ, ਮੋਟਰ ਸਾਈਕਲ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ, ਲਾਈਸੈਂਸ ਅਠਾਰਾਂ ਸਾਲ ਤੋਂ ਪਹਿਲਾਂ ਬਣਵਾ ਨਹੀਂ ਸਕਦਾ। ਉਸ ਵਿਅਕਤੀ ਨੇ ਬੱਚਿਆਂ ਲਈ ਸਾਈਕਲ ਜਾਂ ਹੋਰ ਕੋਈ ਢੰਗ ਸੁਝਾਉਣ ਦੀ ਬਜਾਏ ਕਿਹਾ ਕਿ ਸਰਕਾਰ ਨੂੰ ਲਾਈਸੈਂਸ ਬਨਾਉਣ ਦੀ ਉਮਰ ਘੱਟ ਕਰ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਖੁੱਲਾਂ ਮਿਲਣਗੀਆਂ ਤਾਂ ਬੱਚੇ ਵਿਗੜਣਗੇ।ਵਿਗੜਣਗੇ ਕੀ, ਹਾਲਾਤ ਸਾਡੇ ਸਾਹਮਣੇ ਨੇ। ਮਾਂ ਪਿਉ ਸਮਝਦੇ ਨੇ ਕਿ ਬੱਚੇ ਦੀਆਂ ਟਿਊਸ਼ਨਾਂ ਲਗਾ ਕੇ, ਉਨ੍ਹਾਂ ਨੂੰ ਖੁੱਲਾ ਜੇਬ ਖਰਚ ਦੇ ਕੇ ਉਹ ਆਪਣਾ ਫ਼ਰਜ ਨਿਭਾ ਰਹੇ ਹਨ। ਪਰ ਉਨ੍ਹਾਂ ਕੋਲ ਬੱਚਿਆਂ ਕੋਲ ਬੈਠਣ ਦਾ ਸਮਾਂ ਨਹੀਂ। ਬੱਚੇ ਇਗਨੋਰ ਹੋ ਰਹੇ ਹਨ।

ਜੇਕਰ ਇਨਾਂ ਸਾਰੀਆਂ ਗੱਲਾਂ ਨੂੰ ਵਿਚਾਰਿਆ ਜਾਵੇ ਤਾਂ ਕੁਝ ਕੁ ਅਹਿਮ ਸਵਾਲ ਖੜੇ ਹੁੰਦੇ ਹਨ।ਕੁਝ ਮੁੱਦੇ ਸਵਾਲ ਹਨ ਅਤੇ ਕੁਝ ਮੁੱਦੇ ਪਹਿਲੇ ਉਠਾਏ ਗਏ ਸਵਾਲਾਂ ਦਾ ਜਵਾਬ ਵੀ ਹਨ। ਬੱਚਿਆਂ ਵਿੱਚ ਸਹਿਣਸ਼ੀਲਤਾ ਦਾ ਨਾ ਹੋਣਾ, ਬੱਚਿਆਂ ਦਾ ਮਾਂ ਪਿਉ ਅਤੇ ਅਧਿਆਪਕਾਂ ਨੂੰ ਇਗਨੋਰ ਕਰਨਾ ਭਾਵ ਇੱਜ਼ਤ ਦੇਣਾ ਤਾਂ ਕਿ ਕਿਸੇ ਵੀ ਤਰ੍ਹਾਂ ਕੋਈ ਤਰਜੀਹ ਨਾ ਦੇਣਾ, ਬੱਚਿਆਂ ਦਾ ਮਾਂ ਪਿਉ ਅਤੇ ਅਧਿਆਪਕਾਂ ਦੇ ਗੱਲ ਪੈਣਾ ਆਦਿ ਬੱਚਿਆਂ ਦੇ ਪਹਿਲੂ ਤੋਂ ਕੁਝ ਨੂੰ ਉਭਾਰਦੇ ਹਨ ਤੇ ਉੱਥੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਰਹਿੰਦ-ਖੂੰਹਦ ਕਹਿਣਾ, ਉਨ੍ਹਾਂ ਨੂੰ ਸਮੱਸਿਆਵਾਂ ਦੀਵਾਰਾਂ ਕਹਿਣਾ ਭਾਵ ਨਿਰਜੀਵ ਵਸਤੂ ਨਾਲ ਤੁਲਨਾ ਕਰਨਾ ਜਾਂ ਮਾਂ ਪਿਉ ਬਾਰੇ ਇਹ ਕਹਿਣਾ ਕਿ ਉਹ ਪੈਸੇ ਦੀ ਦੌੜ ਵਿਚ ਲੱਗੇ ਹਨ ਅਤੇ ਬੱਚਿਆਂ ਨੂੰ ਇਗਨੋਰ ਕਰ ਰਹੇ ਹਨ। ਬੱਚਿਆਂ ਨੂੰ ਆਪਣੇ ਸਮੇਂ ਦਾ ਦਸਵੰਦ ਵੀ ਨਹੀਂ ਦਿੰਦੇ। ਇਹ ਦੋਵੇਂ ਪਹਿਲੂ ਆਪਾ-ਵਿਰੋਧੀ ਨੇ।ਕਿਸੇ ਤੱਥ ਦਾ ਕੀ ਕਾਰਨ ਹੈ, ਇਹ ਜਾਨਣ ਦੀ ਲੋੜ ਹੈ। ਆਪਾਂ ਇਸ ਬਾਰੇ, ਬੱਚਿਆਂ ਦੇ ਮਾਨਸਿਕ ਵਿਕਾਸ ਦੀ ਚਰਚਾ ਕਰਦੇ ਹੋਏ, ਵਿਸਥਾਰ ਵਿੱਚ ਚਾਨਣਾ ਪਾਵਾਂਗੇ।

ਇਸੇ ਤਰ੍ਹਾਂ ਹੋਰ ਵੱਖ ਵੱਖ ਗਰੁੱਪਾਂ ਦੇ ਵਿਚਾਰ ਆਏ। ਬੁਰੀ ਸੰਗਤ ਦਾ ਨਤੀਜਾ ਹੈ।ਪਹਿਲੇ ਬੁਲਾਰੇ ਨੇ ਕਿਹਾ ਕਿ ਬੱਚੇ ਟਿਊਸ਼ਨਾਂ ਤੇ ਜਾਂਦੇ ਨੇ, ਜਾਂਦੇ ਵੀ ਨੇ ਕਿ ਨਹੀਂ, ਪਤਾ ਨਹੀਂ। ਖੁੱਲ੍ਹ ਪੂਰੀ ਹੈ ਪਰ ਨਿਗਰਾਨੀ ਨਹੀਂ ਹੈ। ਗੱਲ ਟੀ.ਵੀ. ਦੀ ਤਾਂ ਹੋਈ ਹੈ, ਮੋਬਾਇਲ ਦੀ ਭੂਮਿਕਾ ਕਿਤੇ ਵੱਧ ਹੈ, ਸੈਕਸ ਪ੍ਰਤੀ ਭੜਕਾਉ ਭੂਮਿਕਾ ਵਿੱਚ ਅਤੇ ਇੰਟਰਨੈੱਟ, ਸਾਇਬਰ ਕੈਫੇ ਦੀ ਤਾਂ ਗੱਲ ਹੀ ਛੱਡੋ। ਜਿਰੇ ਲਾ ਦਿੱਤੀ ਹੈ ਸਾਰੀ ਗੱਲ। ਨਸ਼ੇ ਦਾ ਫਿਰ ਸੈਕਸ ਨਾਲ ਸਬੰਧ ਹੈ ਹੀ।

ਲਖਵਿੰਦਰ ਸਿੰਘ ਨੇ ਕੁਝ ਵੱਖਰੇ ਪਰਿਵਾਰਕ ਸਮਾਜਿਕ ਮਾਹੌਲ ਬਾਰੇ ਗੱਲ ਕੀਤੀ ਜਿੱਥੇ ਪਰਿਵਾਰ ਵਿਚ ਨਸ਼ੇ ਆਮ ਹਨ।ਉਸ ਗਰੁੱਪ ਨੇ ਸਿੱਟਾ ਕੱਢਿਆ ਕਿ ਸਾਂਝੇ-ਪਰਿਵਾਰਾਂ ਦੀ ਭੱਜ, ਗਰੀਬੀ-ਕੰਮ ਦੀ ਥਕਾਵਟ ਅਤੇ ਫਿਰ ਨਸ਼ਾ।ਅਨਪੜ੍ਹਤਾ ਅਤੇ ਨਸ਼ੇ ਦੀ ਲੋਰੀ, ਅੰਧਵਿਸ਼ਵਾਸ ਕਾਰਨ ਡੇਰਿਆਂ ਦਾ ਪ੍ਰਭਾਵ ਅਤੇ ਡੇਰਿਆਂ 'ਤੇ ਵਰਤਾਇਆ ਜਾਂਦਾ ਸੁਖਧਾਮ (ਭੰਗ)। ਇਸ ਮਾਹੌਲ ਵਿੱਚ ਜੇ ਬੱਚੇ ਪਲਣਗੇ ਤਾਂ ਨਿਸ਼ਚਿਤ ਹੀ ਉਹ ਨਸ਼ੇ ਦਾ ਸ਼ਿਕਾਰ ਹੋਣਗੇ ਹੀ।

ਅਧਿਆਪਕ ਬਲਦੇਵ ਸਿੰਘ ਨੇ ਕਿਹਾ ਕਿ ਜਿਸ ਵਿਸ਼ੇ ਤੇ ਅੱਜ ਗੱਲ ਹੋ ਰਹੀ ਹੈ ਇਹ ਲੋੜ ਬਹੁਤ ਪਹਿਲਾਂ ਸੀ। ਇਸ ਦੀ ਗੰਭੀਰਤਾ ਨੂੰ ਲੈ ਕੇ ਬਹੁਤ ਚਿਰ ਤੋਂ ਗੱਲਾਂ ਹੋ ਰਹੀਆਂ ਹਨ। ਇਹ ਬਾਰਡਰ ਏਰੀਆ ਹੈ, ਇੱਥੇ ਸਮੱਸਿਆ ਕੁਝ ਵੱਧ ਹੈ। ਕੋਈ ਵੀ ਆਦਤ ਬੱਚਿਆਂ ਵਿੱਚ ਮਾਂ ਪਿਉ ਤੋਂ ਆਉਂਦੀ ਹੈ। ਜੇਕਰ ਬੱਚੇ ਬਾਰੇ ਗੱਲ ਕਰਨੀ ਹੋਵੇ, ਮਾਂ ਪਿਉ ਨੂੰ ਬੁਲਾਉ ਤਾਂ ਆਉਂਦੇ ਹੀ ਨਹੀਂ। ਮਾਵਾਂ ਦੀ ਪ੍ਰਵਿਰਤੀ ਲੁਕੋ ਦੀ ਹੈ।ਉਨ੍ਹਾਂ ਨੂੰ ਪਤਾ ਵੀ ਹੋਵੇ, ਉਹ ਜਾਹਿਰ ਨਹੀਂ ਹੋਣ ਦੇਂਦੀਆਂ।

'ਸਾਥੀਓ! ਇੱਥੇ ਇੱਕ ਗੱਲ ਕਰਨੀ ਚਾਹੁਣਾ। ਅਧਿਆਪਕ ਬਲਦੇਵ ਸਿੰਘ ਨੇ ਆਪਣੀ ਗੱਲ ਰਖਦੇ ਹੋਏ ਕਿਹਾ ਕਿ ਇਸ ਪਹਿਲ ਦੀ ਲੋੜ ਬਹੁਤ ਪਹਿਲਾਂ ਸੀ। ਮੈਂ ਨਿਮਰਤਾ ਸਹਿਤ ਇਹ ਗੱਲ ਕਹਿਣਾ ਚਾਹੁਣਾ ਕਿ ਜੇਕਰ ਅਸੀਂ ਸੂਝਵਾਨ ਨਾਗਰਿਕ ਹੋਣ ਦੇ ਨਾਤੇ ਇਹ ਸਮਝਦੇ ਹਾਂ ਕਿ ਸਮਾਜ ਵਿਚ ਇੱਕ ਬੁਰਾਈ ਪਨਪ ਰਹੀ ਹੈ ਤਾਂ ਅਸੀਂ ਇਸ ਪਹਿਲ ਕਦਮੀ ਦੀ ਉਡੀਕ ਕਿਉਂ ਕਰਦੇ ਹਾਂ? ਕੀ ਬੱਚਿਆਂ ਵਿੱਚ ਜਾਗਰੂਕਤਾ ਦਾ ਕੰਮ ਜਾਂ ਹੋਰ ਆਪਣੇ ਆਲੇ-ਦੁਆਲੇ ਇਸ ਬਾਰੇ ਖੁਦ ਆਪ ਕਿਉਂ ਪਹਿਲ ਨਹੀਂ ਕਰਦੇ। ਇਸ ਵਾਰ ਸਾਡੇ ਮੈਂਬਰ ਅੰਮ੍ਰਿਤ ਲਾਲ ਮੰਨਨ ਨੇ ਟਿੱਪਣੀ ਕੀਤੀ।

ਨਿਰਵੈਰ ਸਿੰਘ ਨੇ ਆਪਣੇ ਗਰੁੱਪ ਦੀ ਗੱਲ ਪੇਸ਼ ਕਰਦਿਆਂ ਇੱਕ ਨਵੀਂ ਗੱਲ ਜੋੜਦੇ ਹੋਏ ਕਿਹਾ ਕਿ ਦਰਅਸਲ ਸਮਾਜ ਵਿਚ ਨਾਇਕਾਂ ਦੀ ਵੀ ਘਾਟ ਹੈ। ਬੱਚਿਆਂ ਕੋਲ ਕੁਝ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਨਾਇਕ ਨਹੀਂ ਹਨ, ਜਿਨ੍ਹਾਂ ਨੂੰ ਉਹ ਆਪਣੇ ਜ਼ਿੰਦਗੀ ਵਿੱਚ ਅਪਣਾ ਸਕਣ, ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚਲ ਸਕਣ।

ਪਿਆਰੇ ਅਧਿਆਪਕੋ! ਇਸ ਸਾਰੀ ਚਰਚਾ ਨੂੰ ਸਮੇਟਦੇ ਹੋਏ, ਇਹ ਗੱਲ ਕਹਾਂਗਾ ਕਿ ਭਾਵੇਂ ਅਸੀਂ ਆਪਣੇ ਵਿਸ਼ੇ ਨੂੰ ਬੱਚਿਆਂ ਉੱਪਰ ਕੇਂਦ੍ਰਿਤ ਕਰਕੇ ਚਰਚਾ ਆਰੰਭੀ ਸੀ, ਪਰ ਅਸੀਂ ਇਸ ਦੇ ਹੋਰ ਵਿਸਤ੍ਰਿਤ ਪਹਿਲੂਆਂ ਨੂੰ ਛੁਹਣ ਤੋਂ ਰਹਿ ਨਹੀਂ ਸਕੇ। ਦਰਅਸਲ ਸਮਾਜ ਵਿਚ ਕੋਈ ਵੀ ਪਹਿਲੂ ਨਵੇਕਲਾ ਹੁੰਦਾ ਹੀ ਨਹੀਂ। ਨਸ਼ੇ ਦੀ ਮੌਜੂਦਗੀ, ਉਨ੍ਹਾਂ ਦਾ ਸ਼ਰੇਆਮ ਮਿਲਣਾ ਅਤੇ ਫਿਰ ਉਨ੍ਹਾਂ ਦਾ ਇਸਤੇਮਾਲ। ਇਸ ਤੋਂ ਇਲਾਵਾ ਪਰਿਵਾਰਕ ਮਾਹੌਲ ਅਤੇ ਉਸ ਨਾਲ ਜੁੜੇ ਅਨੇਕਾਂ ਹੀ ਪਹਿਲੂ ਅਤੇ ਉਨ੍ਹਾਂ ਦੀ ਗਿਰਫਤ ਵਿਚ ਆ ਰਿਹਾ ਸਾਡਾ ਨੌਜਵਾਨ। ਸਾਡੀ ਇਸ ਚਰਚਾ ਨੇ ਅਜਿਹੇ ਕਈ ਪਹਿਲੂ ਉਜਾਗਰ ਕੀਤੇ ਹਨ ਜੋ ਸ਼ਾਇਦ ਕਿਸੇ ਵੀ ਪੁਸਤਕ ਵਿੱਚ ਅਜੇ ਤੱਕ ਸ਼ਾਮਿਲ ਨਹੀਂ ਕੀਤੇ ਗਏ ਹੋਣੇ। ਮੈਂ ਸਮਝਦਾਂ ਕਿ ਅਸੀਂ ਸਾਰੇ ਹੀ ਇਸ ਚਰਚਾ ਰਾਹੀਂ ਪਹਿਲਾਂ ਤੋਂ ਵੱਧ ਸੂਝਵਾਨ ਹੋਏ ਹਾਂ।

ਅੱਜ ਦੀ ਕਾਰਜਸ਼ਾਲਾ ਵਿੱਚ ਅਸੀਂ ਸਮੱਸਿਆ ਨੂੰ ਪਛਾਣਿਆ ਹੈ। ਇਹ ਕਿਹਾ ਜਾਂਦਾ ਹੈ ਕਿ ਸਮੱਸਿਆ ਨੂੰ ਪਛਾਨਣਾ ਆਪਣੇ ਆਪ ਵਿਚ ਅੱਧਾ ਹੱਲ ਹੁੰਦਾ ਹੈ। ਦਰਅਸਲ ਸਮੱਸਿਆ ਨੂੰ ਪਛਾਨਣ ਨਾਲ, ਉਸ ਦੇ ਹੱਲ ਦੀ ਸ਼ੁਰੂਆਤ ਹੋ ਜਾਂਦੀ ਹੈ। ਪਰ ਜੇਕਰ ਸਮੱਸਿਆ ਨੂੰ ਪਛਾਣ ਕੇ, ਅਸੀਂ ਫਿਰ ਵੀ ਹਰਕਤ ਵਿਚ ਨਹੀਂ ਆਉਂਦੇ, ਤਾਂ ਫਿਰ ਅਸੀਂ ਉਸ ਸਮੱਸਿਆ ਦੀ ਪਛਾਣ ਨਾਲ ਨਾਇਨਸਾਫੀ ਕਰ ਰਹੇ ਹੋਵਾਂਗੇ। ਆਪਣੇ ਉਸ ਕੀਤੇ ਉੱਦਮ ਨੂੰ ਵੀ ਮਿੱਟੀ ਵਿਚ ਮਿਲਾ ਦਿਆਂਗੇ। ਅਸੀਂ ਆਪਣੀ ਕਾਰਜਸ਼ਾਲਾ ਦਾ ਕੱਲ੍ਹ ਵਾਲਾ ਦਿਨ, ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ, ਕੁਝ ਕਾਰਜਸ਼ੀਲ ਹੱਲ ਵੱਲ ਲਗਾਵਾਂਗੇ।

ਦੂਸਰਾ ਦਿਨ:

ਦੂਸਰੇ ਦਿਨ ਦੀ ਸ਼ੁਰੂਆਤ, ਮਨੁੱਖੀ ਮਨ ਦੇ ਵਿਕਾਸ ਨੂੰ ਲੈ ਕੇ, ਵਿਸ਼ੇਸ਼ ਤੌਰ ਤੇ ਕਿਸ਼ੋਰ ਉਮਰ ਦੇ ਪੜਾਆਂ ਦੇ ਕੇਂਦ੍ਰਿਤ ਕਰਦੇ ਹੋਏ, ਚਰਚਾ ਨਾਲ ਹੋਈ।

ਨਸ਼ਿਆਂ ਵੱਲ ਬੱਚਿਆਂ ਦੇ ਰੁਝਾਨ ਦੀ ਗਾਥਾ:

ਬੱਚਿਆਂ ਦੇ ਮਨੋਵਿਗਿਆਨਕ ਵਿਕਾਸ ਦੇ ਪਹਿਲੂ

ਨਸ਼ਿਆਂ ਨੂੰ ਇਕ ਬੀਮਾਰੀ ਕਹੀਏ, ਇਕ ਸਮੱਸਿਆ ਕਹੀਏ ਜਾਂ ਕਿਸੇ ਸਮੱਸਿਆ ਦਾ ਪ੍ਰਛਾਵਾਂ ਜਾਂ ਪ੍ਰਗਟਾਵਾ।ਇਸ ਵਰਤਾਰੇ ਦਾ ਵਿਗਿਆਨਕ ਪਿਛੋਕੜ ਸਮਝੇ ਬਗੈਰ ਇਸ ਦਾ ਹੱਲ ਸੰਭਵ ਨਹੀਂ। ਅਸੀਂ ਆਪਣੀ ਕਾਰਜਸ਼ਾਲਾ ਦਾ ਪਹਿਲਾ ਦਿਨ ਸਮੱਸਿਆ ਪਛਾਨਣ ਤੇ ਲਗਾਇਆ ਹੈ। ਸਾਰਿਆਂ ਨੇ ਮਿਲ ਕੇ ਕਈ ਤਰ੍ਹਾਂ ਦੇ ਪਹਿਲੂਆਂ, ਅਨੇਕਾਂ ਹੀ ਵਰਤਾਰਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਅੱਜ ਅਸੀਂ ਉਨ੍ਹਾਂ ਪਹਿਲੂਆਂ ਦੇ ਮੱਦੇਨਜ਼ਰ ਕੁਝ ਅਜਿਹੇ ਕਾਰਜ ਉਲੀਕਣ ਦੀ ਕੋਸ਼ਿਸ਼ ਕਰਾਂਗੇ ਕਿ ਨਸ਼ਿਆਂ ਦੀ ਇਸ ਗਿਰਫਤ ਨੂੰ ਘੱਟ ਕੀਤਾ ਜਾ ਸਕੇ। ਜਿਸ ਤਰ੍ਹਾਂ ਸਾਡਾ ਨਿਸ਼ਾਨਾ ਕਿਸ਼ੋਰ ਵਰਗ ਹੈ, ਸਾਡੇ ਬੱਚੇ ਅਤੇ ਸਾਡੀ ਕਾਰਜਵਿਧੀ ਦਾ ਖੇਤਰ ਸਕੂਲ ਹੈ, ਅਸੀਂ ਇਨ੍ਹਾਂ ਦੋਹਾਂ ਪੱਖਾਂ 'ਤੇ ਆਪਣੇ ਆਪ ਨੂੰ ਕੇਂਦ੍ਰਿਤ ਕਰਾਂਗੇ।

ਵਿਗਿਆਨਕ ਨਜ਼ਰੀਏ ਤੋਂ ਹਰ ਇਕ ਬੀਮਾਰੀ ਦੀ ਇਕ ਕੁਦਰਤੀ ਗਾਥਾ ਹੁੰਦੀ ਹੈ। ਬੀਮਾਰੀ ਜਾਂ ਸਮੱਸਿਆ ਲਈ ਤਿੰਨ ਪਹਿਲੂਆਂ ਦਾ ਆਪਸੀ ਮੇਲ ਜਾਂ ਕਹੀਏ ਸੁਮੇਲ ਬੀਮਾਰੀ ਦੀ ਸ਼ੁਰੂਆਤ ਲਈ ਜਰੂਰੀ ਹੈ। ਉਹ ਤਿੰਨ ਪਹਿਲੂ ਹਨ; ਮਨੁੱਖ-ਜਿਸ ਨੇ ਸਮੱਸਿਆ ਦਾ ਸ਼ਿਕਾਰ ਹੋਣਾ ਹੈ, ਸਮੱਸਿਆ ਦਾ ਏਜੰਟ, ਜਿਸ ਰਾਹੀਂ ਸਮੱਸਿਆ ਨੇ ਪਨਪਨਾ ਹੈ, ਵਧਣਾ ਹੈ ਅਤੇ ਇਕ ਮਾਹੌਲ ਜਿਸ ਨੇ ਉਹ ਪਰਿਸਥਿਤੀ ਪੈਦਾ ਕਰਨੀ ਹੈ, ਜਿਸ ਵਿਚ ਮਨੁੱਖ ਨੇ ਏਜੰਟ ਦੀ ਮੌਜੂਦਗੀ ਵਿੱਚ ਸਮੱਸਿਆ ਦਾ ਸ਼ਿਕਾਰ ਹੋਣਾ ਹੈ।ਆਪਾਂ ਇੱਕ ਆਮ ਬੀਮਾਰੀ, ਜਿਸ ਤੋਂ ਸਾਰੇ ਜਾਣੂੰ ਹਨ, ਟੀ.ਬੀ. ਦੀ ਬੀਮਾਰੀ ਦੇ ਉਦਾਹਰਨ ਤੋਂ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੀ.ਬੀ. ਦੀ ਬੀਮਾਰੀ ਇਕ ਜਰਮ ਰਾਹੀਂ ਹੁੰਦੀ ਹੈ। ਇਹ ਜਰਮ ਬੀਮਾਰੀ ਦਾ ਏਜੰਟ ਹੈ। ਇਸ ਤਰ੍ਹਾਂ ਇਕ ਮਾਹੌਲ ਹੈ ਜਿਸ ਦੀ ਮੌਜੂਦਗੀ ਵਿਚ ਜਰਮ ਹਮਲਾ ਕਰਦਾ ਹੈ ਤੇ ਅਸਰ ਦਿਖਾਉਂਦਾ ਹੈ, ਜਿਵੇਂ ਕੰਮ ਵਾਲੀ ਥਾਂ ਦੀ ਮਾੜੀ ਹਾਲਤ, ਘਰ ਦਾ ਮਾਹੌਲ, ਸਾਫ ਹਵਾ ਨਾ ਹੋਣੀ ਆਦਿ ਤੇ ਤੀਸਰਾ ਹੈ ਮਨੁੱਖ। ਮਨੁੱਖ ਵਿੱਚ ਇਕ ਸਰੀਰਕ ਸਮਰਥਾ ਹੁੰਦੀ ਹੈ ਜਿਸ ਰਾਹੀਂ ਉਹ ਜੀਵਾਣੂਆਂ ਨਾਲ ਲੜ ਸਕਣ ਦੇ ਕਾਬਿਲ ਹੁੰਦਾ ਹੈ। ਜਦੋਂ ਵੀ ਜੀਵਾਣੂਆਂ ਦਾ ਹਮਲਾ ਹੁੰਦਾ ਹੈ, ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਹਰਕਤ ਵਿੱਚ ਆ ਜਾਂਦੀ ਹੈ ਤੇ ਉਹ ਮਨੁੱਖ ਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ। ਪਰ ਕਈ ਹਾਲਾਤਾਂ ਵਿੱਚ ਉਹ ਵੀ ਕਮਜੋਰ ਹੋ ਜਾਂਦੀ ਹੈ ਜਿਵੇਂ ਟੀ.ਬੀ. ਵਿੱਚ ਚੰਗੀ ਖੁਰਾਕ ਨਾ ਮਿਲਣੀ, ਕੰਮ ਦੇ ਬੋਝ ਵਿੱਚ ਆਰਾਮ ਨਾ ਕਰਨਾ ਆਦਿ, ਮਨੁੱਖੀ ਤਾਕਤ ਨੂੰ ਘੱਟ ਕਰਦੇ ਹਨ। ਕਿਸੇ ਵੀ ਬੀਮਾਰੀ ਨੂੰ ਆਪਣਾ ਜਾਲ ਵਿਛਾਉਣ ਲਈ ਇਨ੍ਹਾਂ ਤਿੰਨਾਂ ਪਹਿਲੂਆਂ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਨ੍ਹਾਂ ਵਿਚੋਂ ਇੱਕ ਨੂੰ ਵੀ ਇਸ ਤਰੀਕੇ ਨਾਲ ਢਾਲ ਲਈਏ ਕਿ ਉਹ ਬਾਕੀ ਦੋਹਾਂ ਦਾ ਸਾਥ ਨਾ ਦੇਵੇ ਤਾਂ ਬੀਮਾਰੀ ਤੋਂ ਬਚਾਅ ਹੋ ਸਕਦਾ ਹੈ।

ਇਸ ਵਿਗਿਆਨਕ ਸਮਝ ਨੂੰ ਅਸੀਂ ਹੁਣ ਨਸ਼ਿਆਂ ਦੀ ਸਮੱਸਿਆ ਉਪਰ ਲਾਗੂ ਕਰਕੇ ਦੇਖਾਂਗੇ/ਸਮਝਾਂਗੇ। ਨਸ਼ਿਆਂ ਦੀ ਸਮੱਸਿਆ ਵਿਚ ਏਜੰਟ ਹਨ— ਵੱਖ ਵੱਖ ਤਰ੍ਹਾਂ ਦੇ ਨਸ਼ੇ ਭਾਵ ਸ਼ਰਾਬ, ਤੰਬਾਕੂ, ਅਫੀਮ, ਗੋਲੀਆਂ, ਕੈਪਸੂਲ, ਟੀਕੇ, ਸਮੈਕ ਆਦਿ। ਮਾਹੌਲ ਦੀ ਭੂਮਿਕਾ ਵਿਚ ਹੈ ਪਰਿਵਾਰ, ਸਕੂਲ, ਕੰਮ ਵਾਲੀ ਥਾਂ, ਸਾਥੀ, ਸਹਿਪਾਠੀ, ਹਮਉਮਰ ਆੜੀ ਅਤੇ ਸਮਾਜਿਕ, ਧਾਰਮਿਕ, ਰਾਜਨੀਤਕ ਵਰਤਾਰਾ। ਸਾਡਾ ਸੱਭਿਆਚਾਰ ਵਗੈਰਾ। ਤੀਸਰਾ ਹੈ ਮਨੁੱਖ।

ਸਾਡੇ ਲਈ ਮਨੁੱਖ ਦੀ ਇਕ ਪੂਰੀ ਲੜੀ ਵਿੱਚ ਨਿਸ਼ਾਨਾ ਹੈ- ਕਿਸ਼ੋਰ, ਸਾਡੇ ਗੱਭਰੂ ਅਤੇ ਮੁਟਿਆਰਾਂ। ਸਾਡੇ ਉਹ ਬੱਚੇ ਜੋ ਜਵਾਨੀ ਵੱਲ ਪੈਰ ਪੁੱਟ ਰਹੇ ਹਨ। ਸਾਡੇ ਕੋਲ ਇਹ ਤੱਥ ਮੌਜੂਦ ਹੈ ਕਿ ਵੱਖ ਵੱਖ ਨਸ਼ਿਆਂ ਦੀ ਸ਼ੁਰੂਆਤ ਦੇ ਵਰ੍ਹੇ ਕਿਸ਼ੋਰ ਉਮਰ ਵਿੱਚ ਸ਼ੁਰੂ ਹੁੰਦੇ ਹਨ।ਤੰਬਾਕੂ 12-13 ਸਾਲ ਤੇ ਸ਼ਰਾਬ ਦਾ ਸੇਵਨ 16 ਕੁ ਸਾਲ ਅਤੇ ਸਮੈਕ ਦੀ ਸ਼ੁਰੂਆਤ 17-18 ਸਾਲ 'ਤੇ ਹੁੰਦੀ ਹੈ। ਇਹ ਸਾਰੇ ਕਿਸ਼ੋਰ ਅਵਸਥਾ ਦੇ ਵਰ੍ਹੇ ਹਨ। ਇਹ ਤੱਥ, ਇਹ ਆਂਕੜੇ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੇ ਹਨ। ਇਹ ਆਂਕੜੇ ਸਾਨੂੰ ਉਸ ਦਿਸ਼ਾ ਵੱਲ ਲੈ ਜਾਣ ਲਈ ਪ੍ਰੇਰਦੇ ਹਨ ਕਿ ਇਹ ਉਮਰ ਦਾ ਕਿਸ ਤਰ੍ਹਾਂ ਦਾ ਪੜਾਅ ਹੈ ਜਦੋਂ ਬੱਚੇ ਨਸ਼ਿਆਂ ਵੱਲ ਝੁਕ ਜਾਂਦੇ ਹਨ। ਇਨ੍ਹਾਂ ਆਂਕੜਿਆਂ ਤੋਂ ਰੋਮਾਂਚਿਤ ਹੋਣ ਦੀ ਲੋੜ ਨਹੀਂ, ਇਨ੍ਹਾਂ ਨੂੰ ਸਟੇਜ ਤੇ ਬੋਲ ਕੇ, ਲੋਕਾਂ ਨੂੰ ਲਲਕਾਰਣ ਦੀ ਲੋੜ ਵੀ ਨਹੀਂ, ਇਸ ਤੋਂ ਵੱਧ ਇਨ੍ਹਾਂ ਆਂਕੜਿਆਂ ਦੇ ਪਿਛੋਕੜ ਵਿੱਚ ਝਾਕਣ ਦੀ ਲੋੜ ਹੈ ਤੇ ਉਹ ਤੰਦ ਫੜਣ ਦੀ ਲੋੜ ਹੈ, ਜੋ ਸਾਨੂੰ ਕਿਸੇ ਰਾਹ 'ਤੇ ਲੈ ਕੇ ਜਾਵੇ।

ਆਉ! ਇਸ ਕਿਸ਼ੋਰ ਅਵਸਥਾ ਬਾਰੇ ਗੱਲ ਕਰਦੇ ਹਾਂ। ਇਸ 13-14 ਸਾਲ ਦੀ ਉਮਰ ਬਾਰੇ ਗੱਲ ਕਰਦੇ ਹਾਂ। ਇਸ ਉਮਰ ਤੇ ਤਿੰਨ ਤਬਦੀਲੀਆਂ ਵਾਪਰਦੀਆਂ ਹਨ: ਪਹਿਲਾ ਸਰੀਰਕ ਤਬਦੀਲੀ, ਦੂਸਰਾ ਸੈਕਸ ਅੰਗਾਂ ਦਾ ਵਿਕਾਸ ਅਤੇ ਤੀਸਰਾ ਬੁੱਧੀ ਦਾ ਵਿਕਾਸ। ਸਰੀਰਕ ਤਬਦੀਲੀ ਬਾਰੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂੰ ਹਾਂ। ਕੱਦ ਵਧਦਾ ਹੈ, ਗਲੇ ਵਿਚ 'ਕਾਂ' ਬਾਹਰ ਨੂੰ ਨਿਕਲਦਾ ਹੈ, ਜਿਸ ਨਾਲ ਮੁੰਡੀਆਂ ਦੀ ਆਵਾਜ਼ ਭਾਰੀ ਹੋ ਜਾਂਦੀ ਹੈ, ਚਿਹਰੇ ਤੇ ਵਾਲ ਆਉਣ ਲਗਦੇ ਹਨ। ਇਸੇ ਤਰ੍ਹਾਂ ਲੜਕੀਆਂ ਦਾ ਕੱਦ ਅਤੇ ਭਾਰ ਵਧਦਾ ਹੈ, ਛਾਤੀਆਂ ਦਾ ਉਭਾਰ ਸ਼ੁਰੂ ਹੁੰਦਾ ਹੈ। ਗਰਦਨ ਗੋਲ ਹੀ ਰਹਿੰਦੀ ਹੈ ਤੇ ਆਵਾਜ਼ ਚੀਕਵੀਂ ਹੁੰਦੀ ਹੈ।

ਸੈਕਸ ਅੰਗਾਂ ਦੇ ਵਿਕਾਸ ਨੂੰ ਲੈ ਕੇ, ਦੋਹਾਂ ਸੈਕਸਾਂ ਵਿਚ, ਸੈਕਸ ਅੰਗ ਵਧਣੇ ਸ਼ੁਰੂ ਹੁੰਦੇ ਹਨ। ਲੜਕਿਆਂ ਵਿੱਚ ਲਿੰਗ ਅਤੇ ਪਤਾਲੂ ਦਾ ਆਕਾਰ ਵਧਦਾ ਹੈ, ਲੜਕੀਆਂ ਵਿੱਚ ਅੰਡਕੋਸ਼, ਬੱਚੇਦਾਨੀ, ਯੋਨੀ ਦਾ ਆਕਾਰ ਵਧਦਾ ਹੈ। ਸੈਕਸ ਨਾਲ ਸਬੰਧਿਤ ਹਾਰਮੋਨਜ਼ ਅਤੇ ਰਸਾਇਣ ਹਰਕਤ ਵਿਚ ਆਉਂਦੇ ਹਨ, ਜਿੰਨਾਂ ਦੇ ਪ੍ਰਭਾਵ ਤਹਿਤ ਇਹ ਅੰਗਾਂ ਵਿਚ ਤਬਦੀਲੀਆਂ ਤਾਂ ਆਉਂਦੀਆਂ ਹਨ, ਇਨ੍ਹਾਂ ਅੰਗਾਂ ਦੀ ਕਾਰਜਪ੍ਰਣਾਲੀ ਵੀ ਆਪਣਾ ਕਾਰਜ ਆਰੰਭ ਦਿੰਦੀ ਹੈ। ਲੜਕਿਆਂ ਵਿਚ ਵੀਰਜ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਲੜਕੀਆਂ ਵਿੱਚ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਰਸਾਇਣਾਂ ਦਾ ਅਸਰ ਮਾਨਸਿਕਤਾ ਤੇ ਵੀ ਪੈਂਦਾ ਹੈ। ਜਿਸ ਕਾਰਨ ਬੱਚੇ ਦੇ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਉਹ ਵੱਧ ਜਜ਼ਬਾਤੀ ਹੁੰਦੇ ਹਨ ਅਤੇ ਉਨ੍ਹਾਂ ਦਾ ਮੂਡ ਟਿਕਵਾਂ ਨਹੀਂ ਹੁੰਦਾ।

ਇਸੇ ਤਰ੍ਹਾਂ ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ। ਇਹ ਇੱਕ ਅਹਿਮ ਅਤੇ ਮਹੱਤਵਪੂਰਨ ਪਹਿਲੂ ਹੈ ਅਤੇ ਬਹੁਤ ਸਾਰੇ ਇਸ ਪਹਿਲੂ ਤੋਂ ਅਨਜਾਣ ਹਨ। ਸਭ ਤੋਂ ਵੱਡੀ ਤਬਦੀਲੀ ਜੋ ਹੁੰਦੀ ਹੈ ਉਹ ਹੈ- ਤਰਕ ਕਰਨ ਦੀ ਸਮਰੱਥਾ ਵਿੱਚ ਵਿਕਾਸ ਹੋਣਾ। ਸਾਧਾਰਨ ਭਾਸ਼ਾ ਵਿੱਚ ਕਹੀਏ ਕਿ ਬੱਚਾ ਜਗਿਆਸੂ ਹੁੰਦਾ ਹੈ ਤੇ ਨਾਲ ਹੀ ਨਾਲ ਹਰ ਵਰਤਾਰੇ ਲਈ ਕਿਉਂ? ਦਾ ਭਾਵ ਉਪਜਦਾ ਹੈ। ਅੱਜ ਤੋਂ ਪਹਿਲਾਂ, ਭਾਵ ਕਿਸ਼ੋਰ ਅਵਸਥਾ ਦੀ ਉਮਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਹਰ ਗੱਲ ‘ਜੀ ਹਜ਼ੂਰ’ ਦੇ ਲਹਿਜੇ ਵਿੱਚ ਸਿੱਖਦਾ, ਮੰਨਦਾ ਹੈ, ਪਰ ਹੁਣ ਉਹ ਕੁਝ ਵਿਆਖਿਆ ਚਾਹੁੰਦਾ ਹੁੰਦਾ ਹੈ। ਜੋ ਬੱਚਾ ਕੱਲ ਤੱਕ ਤੁਹਾਡੇ ਕਹਿਣ ਤੇ ਹਰ ਆਏ-ਗਏ ਦੇ ਗੋਡੀ ਹੱਥ ਲਗਾਉਂਦਾ ਹੈ, ਮੰਦਰਗੁਰਦੁਆਰੇ ਨੱਕ ਰਗੜਦਾ ਹੈ, ਜੋ ਚੰਦ ਨੂੰ ਮਾਮਾਂ ਕਹਿੰਦਾ ਹੈ ਤੇ ਚੰਦਰਮਾ ਵਿਚੋਂ ਉਭਰਦੀ ਤਸਵੀਰ ਨੂੰ ਚਰਖਾ ਕੱਤਦੀ ਮਾਈ ਕਹਿ ਕੇ ਸਾਰ ਲੈਂਦਾ ਹੈ....ਉਹ ਹੁਣ ਹੌਲੀ ਹੌਲੀ ਨਾ-ਨੁਕਰ ਕਰਨ ਲਗਦਾ ਹੈ, ਤੁਹਾਡੀ ਕਹੀ ਗੱਲ ਨੂੰ ਧਿਆਣ ਨਾਲ ਨਹੀਂ ਸੁਣਦਾ, ਕਿਸੇ ਵੀ ਕੰਮ ਨੂੰ ਟਾਲਣ ਲਗਦਾ ਹੈ, ਉਹ ਅਖਬਾਰ ਪੜ੍ਹ ਕੇ ਨੇਤਾਵਾਂ ਦੇ ਭਾਸ਼ਣਾਂ ਦਾ ਪ੍ਰਤੀਕਰਮ ਪੇਸ਼ ਕਰਦਾ ਹੈ, ਉਹ ਸਕੂਲ ਵਿਚ ਪੜ੍ਹਾ ਰਹੇ ਅਧਿਆਪਕਾਂ ਦੇ ਕਿਰਦਾਰ ਉਪਰ ਪ੍ਰਤੀਕ੍ਰਿਆ ਜਾਹਿਰ ਕਰਨ ਲਗ ਪੈਂਦਾ ਹੈ। ਕਈ ਵਾਰ ਤੁਸੀਂ ਹੈਰਾਨ ਹੁੰਦੇ ਹੋ ਕਿ ਇਹ ਕੀ ਹੋ ਗਿਆ? ਕੀ ਇਹ ਉਹੀ ਬੱਚਾ ਹੈ? ਕਈ ਵਾਰ ਲਗਦਾ ਹੈ ਕਿ ਇਹ ਕਲ ਤਕ ਸਿਆਣਾ ਸੀ, ਆਗਿਆਕਾਰੀ ਸੀ, ਹੁਣ ਹੌਲੀ ਹੌਲੀ ਵਿਗੜ ਰਿਹਾ ਹੈ, ਇਸ ਨੂੰ ਜਮਾਨੇ ਦੀ ਹਵਾ ਲਗ ਗਈ ਹੈ, ਇਸ ’ਤੇ ਜਮਾਨੇ ਦਾ, ਸਾਥੀਆਂ ਦਾ ਅਸਰ ਹੋ ਗਿਆ ਹੈ। ਕਈ ਵਾਰੀ ਅਸੀਂ ਸਕੂਲ ਦਾ, ਪੜ੍ਹਾਈ ਦਾ ਦੋਸ਼ ਕੱਢਦੇ ਹਾਂ ਤੇ ਕਈ ਵਾਰ ਅਸੀਂ ਟੈਲੀਵੀਜਨ ਨੂੰ ਇਸ ਦਾ ਜੁੰਮੇਵਾਰ ਠਹਿਰਾਉਂਦੇ ਹਾਂ। ਦਰਅਸਲ ਇਹ ਉਸ ਦੇ ਮਾਨਸਿਕ ਵਿਕਾਸ ਦਾ ਹਿੱਸਾ ਹੈ।ਮੈਂ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਦੇ ਸਰੀਰਕ ਵਿਕਾਸ ਪ੍ਰਤੀ ਚੇਤੰਨ ਹੋਏ ਹਾਂ। ਅਸੀਂ ਦੇਖਦੇ ਹਾਂ ਕਿ ਬੱਚਾ ਪੰਜ ਮਹੀਨੇ ਦਾ ਹੋ ਗਿਆ ਪਰ ਬੈਠਣ ਨਹੀਂ ਲੱਗਿਆ ਤੇ ਸਾਨੂੰ ਚਿੰਤਾ ਹੁੰਦੀ ਹੈ। ਅਸੀਂ ਦੇਖਦੇ ਹਾਂ ਸਾਡਾ ਬੱਚਾ ਸੱਤ ਮਹੀਨੇ ਦਾ ਹੋ ਗਿਆ ਹੈ ਤੇ ਉਸ ਨੇ ਦੰਦੀਆਂ ਕੱਢਣੀਆਂ ਸ਼ੁਰੂ ਨਹੀਂ ਕੀਤੀਆਂ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਅਸੀਂ ਡਾਕਟਰ ਕੋਲ ਦੌੜਦੇ ਹਾਂ ਤੇ ਇਸ ਬਾਰੇ ਸਲਾਹ ਕਰਦੇ ਹਾਂ। ਇਸੇ ਤਰ੍ਹਾਂ ਵਿਕਾਸ ਦੇ ਇਸ ਦੂਸਰੇ ਦੌਰ ਵਿਚ, ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ, ਉਸ ਦਾ ਬੌਧਿਕ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ ਤਾਂ ਫਿਰ ਇਸ ਪੜਾਅ ਤੇ ਜੇਕਰ ਬੱਚਾ 12-13 ਸਾਲਾਂ ਦਾ ਹੋ ਕੇ ਤੁਹਾਡੇ ਅੱਗੇ ਸਵਾਲ ਨਹੀਂ ਪਾਉਂਦਾ ਤਾਂ ਤੁਹਾਨੂੰ ਚਿੰਤਤ ਹੋਣਾ ਚਾਹੀਦਾ ਹੈ।ਮੈਂ ਕਹਿਣਾ ਜੇ ਬੱਚਾ ਤੁਹਾਡੇ ਨਾਲ ਬਹਿਸਦਾ ਹੈ, ਤੁਹਾਡੀਆਂ ਮਾਨਤਾਵਾਂ ਨੂੰ ਰੱਦ ਕਰਦਾ ਹੈ, ਚੁਣੌਤੀ ਦਿੰਦਾ ਹੈ, ਚਰਚਾ ਕਰਦਾ ਹੈ, ਬਹਿਸ ਕਰਦਾ ਹੈ, ਕਿਸੇ ਦਲੀਲ ਨਾਲ ਆਪਣੀ ਗੱਲ ਰਖਦਾ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਵਿਕਸਿਤ ਹੋ ਰਿਹਾ ਹੈ।ਬੱਚੇ ਨੂੰ ਧਿਆਣ ਨਾਲ ਸੁਣੋ, ਉਸ ਦੀਆਂ ਦਲੀਲਾਂ ਤੇ ਗੌਰ ਕਰੋ।ਆਪ ਆਪਣੀਆਂ ਦਲੀਲਾਂ ਰੱਖੋ। ਉਸ ਦੀਆਂ ਦਲੀਲਾਂ ਦਾ ਸਤਿਕਾਰ ਕਰੋ। ਜੇਕਰ ਤੁਸੀਂ ਸੰਜਮ ਨਾਲ ਉਸ ਦੀ ਗੱਲ ਸੁਣੋਗੇ, ਉਸ ਦੀ ਗੱਲ ਨੂੰ ਮਾਨਤਾ ਦੇਵੋਗੇ ਤਾਂ ਉਹ ਵੀ ਇਸ ਤਰ੍ਹਾਂ ਦੇ ਮਾਹੌਲ ਵਿਚੋਂ ਤੁਹਾਡੀਆਂ ਗੱਲਾਂ, ਦਲੀਲਾਂ, ਮਾਨਤਾਵਾਂ ਦਾ ਸਤਿਕਾਰ ਕਰਨਾ ਸਿੱਖੇਗਾ। ਪਰ ਹੁੰਦਾ ਕੀ ਹੈ? ਅਸੀਂ ਉਸ ਦੀਆਂ ਗੱਲਾਂ ਪ੍ਰਤੀ ਖੁਸ਼ ਹੋਣ ਦੀ ਬਜਾਏ ਚਿੰਤਤ ਵੱਧ ਹੁੰਦੇ ਹਾਂ। ਖਿੱਝਦੇ ਹਾਂ, ਗੁੱਸੇ ਹੁੰਦੇ ਹਾਂ, ਨਿਰਾਸ਼ ਹੁੰਦੇ ਹਾਂ।ਇੱਕ ਸਾਡੇ ਕੋਲ ਉਨ੍ਹਾਂ ਨਾਲ ਬਿਤਾਉਣ ਦਾ ਸਮਾਂ ਨਹੀਂ ਹੈ ਤੇ ਦੂਸਰਾ ਸਾਡੇ ਕੋਲ ਗਿਆਨ ਵੀ ਨਹੀਂ ਹੈ।ਇਸ ਗੱਲ ਬਾਰੇ ਅਸੀਂ ਕਦੀ ਵਿਚਾਰ ਨਹੀਂ ਕੀਤਾ।

ਇਸ ਉਮਰ ਦੇ ਵਿਕਾਸ ਨਾਲ ਇਕ ਗੱਲ ਜੋ ਹੋਰ ਜੁੜਦੀ ਹੈ ਅਤੇ ਮਨੋਵਿਗਿਆਨਕ ਖੋਜ਼ਾਂ ਨੇ ਉਸ ਪਹਿਲੂ ਨੂੰ ਉਭਾਰਿਆ ਹੈ ਕਿ ਹਰ ਵਿਅਕਤੀ ਆਪਣੇ ਮਨ ਵਿਚ ਇੱਕ ਆਦਰਸ਼ ਮਿੱਥਦਾ ਹੈ, ਇਕ ਆਦਰਸ਼ ਸਿਰਜਦਾ ਹੈ। ਜਦੋਂ ਬੱਚਾ ਆਪਣੀ ਜੀਵਕ ਹੋਂਦ ਤੋਂ ਬਾਅਦ ਆਪਣੇ ਆਲੇ ਦੁਆਲੇ ਪ੍ਰਤੀ ਚੇਤੰਨ ਹੋਣ ਲਗਦਾ ਹੈ, ਉਹ ਦੇਖਦਾ ਹੈ ਕਿ ਉਸ ਦੇ ਆਲੇ ਦੁਆਲੇ ਉਸ ਦਾ ਪਰਿਵਾਰ ਹੈ।ਉਹ ਖਾ-ਪੀ ਰਿਹਾ ਹੈ, ਸਹਾਰੇ ਨਾਲ ਬੈਠ-ਖੜਾ ਹੋ ਰਿਹਾ ਹੈ, ਦੌੜ ਰਿਹਾ ਹੈ। ਉਹ ਆਪਣੇ ਆਲੇ-ਦੁਆਲੇ ਦੀਆਂ ਚੀਜਾਂ ਬਾਰੇ ਪੁੱਛਗਿਛ ਕਰਦਾ ਹੈ-ਇਹ ਕੀ ਹੈ, ਉਹ ਕੀ ਹੈ-ਇਹ ਘੋੜਾ ਹੈ, ਇਹ ਕੁਰਸੀ ਹੈ, ਉਹ ਤਾਰੇ ਨੇ, ਇਹ ਚਿੜੀਆਂ ਨੇ...ਕਿੰਨਾ ਵੱਡਾ ਸੰਸਾਰ ਹੈ, ਕਿੰਨੀਆਂ ਚੀਜਾਂ ਨੇ।ਉਸ ਬੱਚੇ ਦੇ ਮਨ ਵਿੱਚ ਇੱਕ ਆਦਰਸ਼ ਉਭਰਦਾ ਹੈ- ਉਸ ਦੀ ਮਾਤਾ ਜਾਂ ਪਿਤਾ, ਜੋ ਉਸ ਨਾਲ ਵੱਧ ਸਮਾਂ ਬਿਤਾਉਂਦਾ ਹੈ ਤੇ ਉਸ ਦੀਆਂ ਗੱਲਾਂ ਦਾ ਜਵਾਬ ਦਿੰਦਾ ਹੈ। ਫਿਰ ਉਹ ਸਕੂਲ ਜਾਂਦਾ ਹੈ। ਅਧਿਆਪਕ ਉਸ ਨੂੰ ਪੜ੍ਹਾਉਂਦੇ ਨੇ, ਉਸ ਦੀ ਹਰ ਗੱਲ ਦਾ ਜਵਾਬ ਦਿੰਦੇ ਨੇ।ਉਸ ਦੇ ਅਨੇਕਾਂ ਸ਼ੰਕਿਆਂ ਨੂੰ ਦੂਰ ਕਰਦੇ ਨੇ। ਉਸ ਵੇਲੇ ਉਸ ਨੂੰ ਜਾਪਦਾ ਹੈ ਕਿ ਅਧਿਆਪਕ ਨੂੰ ਬਹੁਤ ਜਿਆਦਾ ਪਤਾ ਹੈ, ਮਾਂ-ਪਿਉ ਤੋਂ ਵੀ ਜਿਆਦਾ, ਕਿਉਂ ਜੋ ਕਈ ਸਵਾਲ ਜੋ ਉਸ ਨੂੰ ਸਕੂਲੀ ਅਦਾਰੇ ਵਿਚੋਂ, ਪਾਠ-ਪੁਸਤਕਾਂ ਵਿਚੋਂ ਲੱਭਦੇ ਹਨ, ਉਨ੍ਹਾਂ ਦਾ ਜਵਾਬ ਮਾਂ ਪਿਉ ਕੋਲ ਨਹੀਂ ਹੁੰਦਾ। ਉਸ ਦਾ ਆਦਰਸ਼ ਬਦਲ ਜਾਂਦਾ ਹੈ ਤੇ ਉਹ ਅਧਿਆਪਕ ਤੇ ਜਾ ਟਿਕਦਾ ਹੈ। ਅਜੋਕੇ ਮਾਹੌਲ ਵਿੱਚ ਜਦੋਂ ਟੀ.ਵੀ. ਬਹੁਤ ਜਿਆਦਾ ਗਿਆਨ ਅਤੇ ਜਾਣਕਾਰੀ ਪਰੋਸ ਰਿਹਾ ਹੈ ਤਾਂ ਬਹੁਤੀ ਵਾਰੀ ਅਧਿਆਪਕ ਕੋਲ ਬੱਚਿਆਂ ਦੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ। ਦੂਸਰਾ, ਅਜੋਕੇ ਮਾਹੌਲ ਵਿੱਚ ਅਧਿਆਪਕ ਵੀ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਨਹੀਂ ਰਖ ਰਹੇ। ਇਸੇ ਤਰ੍ਹਾਂ ਉਹ ਰਿਸ਼ਤੇਦਾਰਾਂ ਵਿਚੋਂ, ਆਲੇ-ਦੁਆਲੇ ਦੇ ਰਾਜਨੀਤਕ-ਧਾਰਮਿਕ ਨੇਤਾਵਾਂ ਵਿਚੋਂ ਆਪਣੇ ਆਦਰਸ਼ ਦੇਖਦਾ-ਲੱਭਦਾ-ਬਣਾਉਂਦਾ ਹੈ। ਫਿਰ ਜਦੋਂ ਉਹ ਬਚਪਨ ਦੀ ਦਹਿਲੀਜ ਪਾਰ ਕਰਦਾ, ਅਚੇਤ ਅਵਸਥਾ ਵਿਚ ਸਮਾਜ ਨੂੰ ਕਬੂਲ ਕਰਦਾ, ਚੇਤੰਨ ਹੁੰਦਾ ਹੈ, ਜਗਿਆਸੂ ਬਣਦਾ ਹੈ, ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਉਹ ਤਰਕਸ਼ੀਲ ਹੁੰਦਾ ਜਾਂਦਾ ਹੈ, ਕਿੰਤੂ-ਪਰੰਤੂ ਕਰਦਾ ਹੈ ਤੇ ਉਹ ਹੁਣ ਆਪਣੇ ਮਿੱਥੇ ਆਦਰਸ਼ਾਂ ਪ੍ਰਤੀ ਵੀ ਸੁਚੇਤ ਹੁੰਦਾ ਹੈ। ਉਸ ਨੂੰ ਮਾਂ ਪਿਉ, ਅਧਿਆਪਕ, ਨੇਤਾਵਾਂ ਵਿੱਚ ਵੀ ਖੋਟ ਦਿਸਦੀ ਹੈ। ਉਸ ਨੂੰ ਜਾਪਦਾ ਹੈ ਕਿ ਜੋ ਕੁਝ ਉਸ ਨੇ ਆਪਣੇ ਮਨ ਵਿਚ ਇਨ੍ਹਾਂ ਦੀ ਤਸਵੀਰ ਬਣਾਈ ਸੀ, ਉਹ ਉਸ ਤਰ੍ਹਾਂ ਨਹੀਂ। ਉਹ ਨਵੇਂ ਆਦਰਸ਼ ਮਿੱਥਦਾ ਹੈ ਜਾਂ ਉਹ ਇਨ੍ਹਾਂ ਤੋਂ ਟੁੱਟ ਕੇ ਨਿਰਾਸ਼ ਹੋ ਜਾਂਦਾ ਹੈ ਤੇ ਭਟਕ ਜਾਂਦਾ ਹੈ। ਇਹ ਭਟਕਣਾ ਉਸ ਨੂੰ ਨਸ਼ੇ ਦੇ ਰਾਹ ਤੇ ਲੈ ਜਾਵੇ ਜਾਂ ਹੋਰ ਗੈਰ-ਸਮਾਜਿਕ ਕਾਰਜਾਂ ਵਿਚ ਉਲਝਾ ਦੇਵੇ, ਕਿਸੇ ਮਨੋਰੋਗ ਦਾ ਸ਼ਿਕਾਰ ਬਣਾ ਦੇਵੇ, ਇਹ ਉਸ ਦਾ ਆਲਾ ਦੁਆਲਾ ਤੈਅ ਕਰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਇਸ ਪੜਾਅ ਨੂੰ ਬੜੇ ਹੀ ਨਾਜ਼ੁਕ ਅਤੇ ਸੰਵੇਦਨਸ਼ੀਲ ਢੰਗ ਨਾਲ ਲੈਣ ਦਾ ਹੈ।ਅੱਜ ਜਦੋਂ ਅਸੀਂ ਨੌਜਵਾਨਾਂ ਬਾਰੇ ਭਟਕਾਅ ਦੀ ਗੱਲ ਕਰਦੇ ਹਾਂ, ਉਨ੍ਹਾਂ ਦੇ ਕਮਰਿਆਂ ਵਿਚ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਜਾਂ ਸਚਿਨ ਤੇਂਦੁਲਕਰ ਵਗੈਰਾ ਦੀਆਂ ਫੋਟੋਆਂ ਨੂੰ ਦੇਖਦੇ ਹਾਂ ਤਾਂ ਇਕ ਕਾਰਨ ਇਹ ਵੀ ਹੈ ਕਿ ਮਾਂ ਪਿਉ, ਅਧਿਆਪਕ ਜਾਂ ਹੋਰ ਨੇਤਾਵਾਂ-ਆਗੂਆਂ ਦੀ ਅਣਹੋਂਦ ਤੋਂ ਬਾਅਦ, ਮੀਡੀਆ ਉਨ੍ਹਾਂ ਬੱਚਿਆਂ ਦੇ ਖਾਲੀਪਨ ਨੂੰ ਭਰਦਾ ਹੈ। ਮੀਡੀਆਂ ਉਨ੍ਹਾਂ ਨੂੰ ਚਮਕਦਾਰ ਦੁਨੀਆਂ ਵਿਚ ਲੈ ਜਾਂਦਾ ਹੈ। ਇਹ ਕਿਰਦਾਰ ਜੋ ਮਸ਼ਹੂਰ ਵੀ ਨੇ, ਪੈਸੇ ਨਾਲ ਲਬਾਲਬ ਵੀ ਨੇ, ਫਿਰ ਉਸ ਦਾ ਆਦਰਸ਼ ਬਣਦੇ ਹਨ, ਉਨ੍ਹਾਂ ਦੀ ਮੰਜਿਲ

ਮੈਂ ਆਪਣੀ ਮੈਡੀਕਲ ਕਾਲਜ ਦੀ ਸੇਵਾ ਦੌਰਾਨ, ਪਹਿਲੇ ਸਾਲ ਦਾਖਲ ਹੋਏ ਬੱਚਿਆਂ ਤੋਂ ਦਸ ਸਵਾਲਾਂ ਦਾ ਇਕ ਪ੍ਰਸ਼ਨ ਪੱਤਰ ਭਰਵਾਉਂਦਾ। ਉਸ ਵਿਚ ਮੈਡੀਕਲ/ਡਾਕਟਰ ਬਨਣ ਪਿਛੇ ਮੰਤਵ, ਕਿਸ ਵਿਅਕਤੀ ਨੇ ਡਾਕਟਰ ਬਨਣ ਲਈ ਪ੍ਰੇਰਿਆ, ਕਿੰਨੇ ਪੈਸੇ ਟਿਊਸ਼ਨਾਂ ਆਦਿ ਤੇ ਖਰਚੇ ਤੇ ਨਾਲ ਹੀ ਇਹ ਪੁੱਛਦਾਂ ਕਿ ਜ਼ਿੰਦਗੀ ਵਿੱਚ ਤੁਹਾਡਾ ਆਦਰਸ਼ ਕੌਣ ਹੈ? ਫਿਰ ਉਨ੍ਹਾਂ ਬੱਚਿਆਂ ਦੇ ਜਵਾਬਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਚੱਲਿਆ ਕਿ ਤਕਰੀਬਨ 15 ਫੀਸਦੀ ਬੱਚਿਆਂ ਨੇ ਲਿਖਿਆ ‘ਕੋਈ ਆਦਰਸ਼ ਨਹੀਂ’। ਹੁਣ ਤੁਸੀਂ ਅੰਦਾਜਾ ਲਗਾਉ ਕਿ ਸਤਾਰਾਂ ਸਾਲ ਦਾ ਬੱਚਾ, ਹੁਣੇ ਹੁਣੇ ਪਲਸ ਟੂ ਕਰਕੇ ਆਇਆ ਹੈ, ਜਿਸ ਦੇ ਉਪਰ ਮਾਂ ਪਿਉ ਨੇ ਤਕਰੀਬਨ ਡੇਢ ਦੋ ਲੱਖ ਰੁਪਏ ਸਿਰਫ਼ ਦੋ ਸਾਲਾਂ ਦੀ ਪੜ੍ਹਾਈ ਅਤੇ ਤਿਆਰੀ ਤੇ ਲਗਾਏ ਹਨ, ਅਧਿਆਪਕਾਂ ਨੇ ਉਸ ਨੂੰ ਇਮਤਿਹਾਨ ਦੀ ਤਿਆਰੀ ਲਈ ਸਮਰਥ ਬਣਾਇਆ ਹੈ, ਉਹ ਕੋਈ ਵੀ ਉਸ ਦਾ ਆਦਰਸ਼ ਨਹੀਂ। ਇਸ ਸਵਾਲ ਦੇ ਅੱਗੇ ਕਈ ਬਦਲ ਦਿੱਤੇ ਹੁੰਦੇ ਹਨ ਜਿਵੇਂ ਮਾਂ, ਪਿਉ, ਦਾਦਾ, ਦਾਦੀ, ਵੱਡੀ ਭੈਣ, ਭਰਾ, ਰਿਸ਼ਤੇਦਾਰ, ਮਦਰ ਟਰੇਸਾ, ਲਾਲ ਬਹਾਦੁਰ ਸ਼ਾਸਤਰੀ, ਸ. ਭਗਤ ਸਿੰਘ, ਤੇਦੂਲਕੁਰ, ਸ਼ਾਹਰੁਖ ਖਾਨ, ਕੋਈ ਹੋਰ....ਜਾਂ ਕੋਈ ਨਹੀਂ। ਇਨ੍ਹਾਂ ਸਾਰੇ ਨਾਵਾਂ ਤੋਂ ਬਾਅਦ, ਇਨ੍ਹਾਂ ਨੂੰ ਪੜ੍ਹਦਾ ਹੋਇਆ, ਉਸ ਦਾ ਜਵਾਬ ਹੁੰਦਾ ਹੈ ‘ਕੋਈ ਨਹੀਂ’। ਇਹ ਗੰਭੀਰ ਗੱਲ ਹੈ, ਵਿਚਾਰਨ ਅਤੇ ਸੋਚਣ ਵਾਲੀ। ਕਿਸੇ ਵਿਅਕਤੀ ਦਾ ਕੋਈ ਆਦਰਸ਼ ਨਾ ਹੋਣਾ, ਉਸ ਦੇ ਵਿਅਕਤੀਤੱਵ ਵਿਕਾਸ ਉੱਪਰ 'ਕਿੰਤੂ' ਖੜਾ ਕਰਦਾ ਹੈ।

ਇਸ ਪੜਾਅ 'ਤੇ ਖਾਸ ਕਰਕੇ ਵਿਵੇਕ ਬੁੱਧੀ ਜਾਂ ਜਗਿਆਸੂ ਪ੍ਰਵਿਰਤੀ ਪੈਦਾ ਹੋਣ ਵੇਲੇ, ਇੱਕ ਤੋਂ ਬਾਅਦ ਇਕ ਆਦਰਸ਼ ਦੇ ਟੁੱਟ ਜਾਣ ਵੇਲੇ, ਸਰੀਰਕ ਤਬਦੀਲੀਆਂ ਦੇ ਕਾਰਨ ਹੋ ਰਹੇ ਨਵੇਂ ਅਨੁਭਵਾਂ ਅਤੇ ਅਹਿਸਾਸਾਂ ਸਦਕਾ, ਉਹ ਆਪਣੇ ਹਮਉਮਰ ਸਾਥੀਆਂ ਜਾਂ ਆੜੀਆਂ-ਮਿੱਤਰਾਂ ਨਾਲ ਵੱਧ ਸਮਾਂ ਗੁਜਾਰਦਾ ਹੈ। ਘਰਦਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਇਹ ਟੈਲੀਫੋਨ ਤੇ ਘੰਟਾ ਘੰਟਾ ਗੱਲੀਂ ਲੱਗਿਆ ਰਹਿੰਦਾ ਹੈ।ਵੈਸੇ ਤਾਂ ਉਮਰ ਦੇ ਸਾਰੇ ਪੜਾਆਂ ਤੇ ਹੀ ਹਮ ਉਮਰ ਸਾਥ ਹੀ ਮਨਭਾਉਣਾ ਹੁੰਦਾ ਹੈ। ਸਪਸ਼ਟ ਹੈ ਕਿ ਉਨ੍ਹਾਂ ਦੀ ਮਾਨਸਿਕਤਾ, ਉਨ੍ਹਾਂ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹੁੰਦੀਆਂ ਹਨ।ਉਨ੍ਹਾਂ ਵਿਚ ਬੈਠ ਕੇ, ਉਨ੍ਹਾਂ ਨੂੰ ਵੱਧ ਪਛਾਣ ਮਹਿਸੂਸ ਹੁੰਦੀ ਤੇ ਉਹ ਵੱਧ ਸੁਰੱਖਿਆ ਮਹਿਸੂਸ ਕਰਦੇ ਹਨ। ਪਰ ਕਿਸ਼ੋਰ ਅਵਸਥਾ ਵਿੱਚ, ਜਿੱਥੇ ਉਨ੍ਹਾਂ ਦਾ ਆਪਣੀ ਕੋਈ ਫੈਸਲਾਕੁੰਨ ਅਸਤਿਤੱਵ ਨਹੀਂ ਹੁੰਦਾ ਅਤੇ ਨਾਲ ਹੀ ਮਾਂ ਪਿਉ ਦਾ ਦਖਲ ਵੱਧ ਹੁੰਦਾ ਹੈ। ਪੜ੍ਹਾਈ ਅਤੇ ਮੁਕਾਬਲੇਬਾਜ਼ੀ ਦਾ ਸੁਨੇਹਾ ਵੱਧ-ਚੱੜ ਕੇ ਮਿਲਦਾ ਹੈ, ਉਥੇ ਇਸ ਤਰ੍ਹਾਂ ਦਾ ਮੇਲ ਮਿਲਾਪ ਮਾਂ-ਪਿਉ ਨੂੰ ਸਮਾਂ ਬਰਬਾਦੀ ਲਗਦਾ ਹੈ। ਇੱਕ ਪਾਸੇ ਮਾਂ ਪਿਉ ਦਾ ਦਖਲ ਤੇ ਦੂਸਰੇ ਪਾਸੇ ਹਮਉਮਰ ਸਾਥੀਆਂ ਦਾ ਦਬਾਅ, ਇੱਕ ਅਜਿਹੀ ਸਥਿਤੀ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਅਕਸਰ, ਆਮ ਭਾਸ਼ਾ ਵਿਚ ‘ਪੀੜ੍ਹੀਆਂ ਦਾ ਫ਼ਰਕ' ਕਿਹਾ ਜਾਂਦਾ ਹੈ। ਦਰਅਸਲ ਇਹ ਇੱਕ ਦੂਸਰੇ ਮਾਨਸਿਕਤਾ ਨੂੰ ਸਮਝਣ ਦਾ ਸਵਾਲ ਵੱਧ ਹੈ।

ਇਸ ਪੜਾਅ ਦੀ ਇਕ ਹੋਰ ਵਾਸਤਵਿਕਤਾ ਨਾਲ ਤੁਹਾਡੀ ਜਾਣ-ਪਛਾਣ ਕਰਵਾਉਣੀ ਚਾਹੁੰਦਾ ਹਾਂ।ਵਿਗਿਆਨਕ ਖੋਜ਼ ਤੇ ਅਧਾਰਿਤ ਤੱਥ ਹਨ ਕਿ ਪੰਦਰਾਂ ਤੋਂ ਚੌਵੀ ਸਾਲ ਦੀ ਉਮਰ ਤੇ ਨਸ਼ਿਆਂ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਉਮਰ ਵਿੱਚ ਆਉਂਦੇ ਲੋਕ ਸਭ ਤੋਂ ਵੱਧ ਨਸ਼ਾ ਕਰਦੇ ਹਨ। ਏਡਜ਼ ਦੀ ਬੀਮਾਰੀ ਤੋਂ ਪੀੜਤ ਕੁਲ ਲੋਕਾਂ ਵਿੱਚ, ਤਕਰੀਬਨ ਅੱਧੇ ਪੀੜਤ ਇਸ ਉਮਰ ਦੇ ਹਨ ਅਤੇ ਸੜਕ ਹਾਦਸਿਆਂ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਪਰ ਹਾਦਸਿਆਂ ਨਾਲ ਪੀੜਤ ਲੋਕਾਂ ਵਿੱਚੋਂ ਸਭ ਤੋਂ ਵੱਧ ਦਰ, ਇਸ ਉਮਰ ਦੀ ਹੈ। ਤੁਸੀਂ ਇਸ ਦਾ ਵਿਸ਼ਲੇਸ਼ਣ ਕਰ ਕੇ ਦੇਖੋ। ਇਸ ਉਮਰ ਦੀ ਮਾਨਸਿਕਤਾ ਦਾ ਪਹਿਲੂ ਹੈ ਜਿਗਿਆਸਾ, ਹਰ ਚੀਜ ਜਾਨਣ ਦੀ ਕੋਸ਼ਿਸ਼। ਉਸ ਜਿਗਿਆਸਾ ਕਾਰਨ ਵਿਅਕਤੀ ਛਾਣ-ਬੀਣ ਕਰਦਾ ਹੈ, ਵਰਤਾਰੇ ਦੀ ਘੋਖ ਕਰਦਾ ਹੈ।ਸਿਰਫ ਜਾਣਕਾਰੀ ਤੱਕ ਹੀ ਸੀਮਤ ਨਾ ਰਹਿ ਕੇ ਕਿੰਤੂ-ਪਰੰਤੂ ਕਰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਹ ਉਮਰ ਤਜਰਬੇ ਕਰਨ ਦੀ ਉਮਰ ਹੈ। ਇਸੇ ਲਈ ਸੈਕਸ ਬਾਰੇ, ਜੋ ਕਿ ਸਾਡੇ ਸਮਾਜ ਵਿੱਚ ਚਰਚਾ ਪੱਖੋਂ ਵਰਜਿਤ ਵਿਸ਼ਾ ਹੈ, ਇਸੇ ਤਰ੍ਹਾਂ ਨਸ਼ਿਆਂ ਦਾ ‘ਸਵਾਦ’ ਲੈਣਾ ਕਿ ਦੇਖੀਏ ਤਾਂ ਸਹੀ ਕਿ ਇਸ ਨਾਲ ਹੁੰਦਾ ਕੀ ਹੈ ਤੇ ਨਾਲੇ ਦੂਸਰੇ ਵੱਲੋਂ ਹੱਲਾ ਸ਼ੇਰੀ ਕਿ ਜ਼ਿੰਦਗੀ ਵਿੱਚ ਹਰ ਤਜਰਬਾ ਕਰਨਾ ਚਾਹੀਦਾ ਹੈ ਤੇ ਆਪਣੇ ਆਪ ਵਿੱਚ ਹੱਦੋਂ-ਵੱਧ ਆਤਮ ਵਿਸ਼ਵਾਸ ਕਿ ਤਜਰਬਾ ਕਰਨ ਵਿੱਚ ਕੀ ਹਰਜ ਹੈ, ਮੈਨੂੰ ਨਹੀਂ ਕੋਈ ਨਸ਼ੇ ਲਵਾ ਸਕਦਾ। ਇਸੇ ਤਰ੍ਹਾਂ ਮੋਟਰਸਾਇਕਲ ਜਾਂ ਕਾਰ, ਜਦੋਂ ਸਿੱਖ ਕੇ ਪਹਿਲੀ ਵਾਰ, ਆਤਮ ਨਿਰਭਰ ਹੋ ਕੇ ਚਲਾਏ ਜਾਂਦੇ ਹਨ ਤੇ ਇਹ ਇਕ ਤਰ੍ਹਾਂ ‘ਉੱਡਣ’ ਵਾਂਗ ਹੀ ਹੁੰਦਾ ਹੈ ਤੇ ਇਸ ਦਾ ਆਪਣਾ ਲੁਤਫ਼ ਹੁੰਦਾ ਹੈ। ਅਸੀਂ ਇਸ ਮਾਨਸਿਕਤਾ ਨੂੰ ਸਮਝਾਂਗੇ ਤਾਂ ਸਾਨੂੰ ਇਸ ਉਸਰਦੇ ਵਿਵਹਾਰ ਅਤੇ ਉਸ ਵਿਵਹਾਰ ਤੋਂ ਪੈਦਾ ਹੋਏ ਸਿੱਟਿਆਂ ਦੀ ਸਮਝ ਆਵੇਗੀ।

ਜਦੋਂ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ ਤਾਂ ਫਿਰ ਕਈ ਵਾਰ ਇੰਜ ਜਾਪਦਾ ਹੈ ਕਿ ਉਨ੍ਹਾਂ ਨੇ ਤਜਰਬਾ ਕਰਨਾ ਹੀ ਕਰਨਾ ਹੈ, ਅਸੀਂ ਕੁਝ ਕਰ ਹੀ ਨਹੀਂ ਸਕਦੇ। ਇਹ ਗੱਲ ਨਹੀਂ ਹੈ। ਸਾਨੂੰ ਬੱਚੇ ਦੇ ਮਾਨਸਿਕ ਪੜਾਆਂ ਦਾ ਪਤਾ ਹੋਵੇ। ਉਸ ਦੀ ਵਿਕਾਸ ਦੀ ਲੈਅ ਬਾਰੇ ਸਾਨੂੰ ਜਾਣਕਾਰੀ ਹੋਵੇ।ਅਸੀਂ ਤਜਰਬੇ ਕਰਨ ਤੋਂ ਜੇ ਰੋਕ ਨਹੀਂ ਸਕਦੇ ਤਾਂ ਕੀ ਅਸੀਂ ਸੁਚੇਤ ਵੀ ਨਹੀਂ ਕਰ ਸਕਦੇ। ਸੁਚੇਤ ਅਸੀਂ ਤਾਂ ਹੀ ਕਰਾਂਗੇ ਜੇਕਰ ਖੁਦ ਸੁਚੇਤ ਹੋਵਾਂਗੇ।

ਤੁਸੀਂ ਇਸ ਸਥਿਤੀ ਨੂੰ, ਇਕ ਗੱਲ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਪਿੰਡ ਵਿੱਚ ਇੱਕ ਤਲਾਅ ਸੀ। ਬੱਚੇ ਉਸ ਵਿੱਚ ਨਹਾਉਣ ਜਾਂਦੇ। ਸ਼ਰਾਰਤ ਕਾਰਨ ਜਾਂ ਦੂਰ ਡੂੰਘੇ ਚਲ ਜਾਣ ਕਾਰਨ ਕੁਝ ਬੱਚੇ ਡੁੱਬ ਗਏ। ਸਾਰੇ ਪਿੰਡ ਵਾਲੇ ਇੱਕਠੇ ਹੋਏ ਤੇ ਇਸ ਹਾਦਸੇ ਤੇ ਚਿੰਤਾ ਪ੍ਰਗਟਾਈ। ਨਾਲ ਹੀ ਫੈਸਲਾ ਲਿਆ ਕਿ ਇਸ ਤਲਾਅ ਨੂੰ ਬੰਦ ਕਰ ਦਿੱਤਾ ਜਾਵੇ। ਚਾਰੇ ਪਾਸੇ ਕੰਡਿਆਲੀ ਵਾੜ ਲਗਾ ਦਿੱਤੀ ਗਈ। ਕੁਝ ਸਮੇਂ ਬਾਅਦ ਉਸ ਤਰ੍ਹਾਂ ਦਾ ਹਾਦਸਾ ਫਿਰ ਵਾਪਰ ਗਿਆ। ਬੱਚਿਆਂ ਦੀ ਜਗਿਆਸੂ ਅਤੇ ਤਜਰਬੇ ਵਾਲੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਕੋਈ ਰਾਹ ਲਭਾ ਦਿੱਤਾ। ਸਾਰੇ ਪਤਵੰਤੇ ਫਿਰ ਜੁੜ ਬੈਠੇ। ਕੁਝ ਸੂਝਵਾਨ ਹੋਰ ਲੋਕਾਂ ਨੂੰ ਬੁਲਾਇਆ ਗਿਆ।ਹਾਦਸੇ ਬਾਰੇ ਦੱਸਿਆ, ਵਿਚਾਰਿਆ। ਇਕ ਸੂਝਵਾਨ ਵਿਅਕਤੀ ਨੇ ਕਿਹਾ, ‘ਤਲਾਅ ਦੇ ਆਲੇ-ਦੁਆਲੇ ਕੰਡਿਆਲੀ ਤਾਰ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਹੈ। ਤੁਸੀਂ ਇਸ ਤਰ੍ਹਾਂ ਕਰੋ ਕਿ ਬੱਚਿਆਂ ਨੂੰ ਖੁਦ ਉਂਗਲ ਫੜ ਕੇ, ਨਾਲ ਲੈ ਜਾਉ ਤਲਾਅ ਵਿਚ।ਉਨ੍ਹਾਂ ਨੂੰ ਤੈਰਨਾ ਸਿਖਾਉ। ਜਦੋਂ ਉਹ ਤੈਰਨਾ ਸਿੱਖ ਜਾਣਗੇ, ਆਪੇ ਮਸਲਾ ਹੱਲ ਹੋ ਜਾਵੇਗਾ।"

ਇਹੀ ਕਾਰਨ ਹੈ ਕਿ ਅਸੀਂ ਬੱਚਿਆਂ ਦੇ ਮਾਨਸਿਕ ਵਿਕਾਸ ਬਾਰੇ ਜਾਣੀਏ, ਉਸ ਦੇ ਮੱਦੇਨਜ਼ਰ ਬੱਚਿਆਂ ਨੂੰ ਸਮਝੀਏ ਅਤੇ ਉਨ੍ਹਾਂ ਨੂੰ ਸਮਾਜਿਕ ਮਾਹੌਲ ਵਿਚ ਤੈਰਨ ਦਾ ਹੁਨਰ ਦੇਈਏ। ਜੇਕਰ ਅਸੀਂ ਆਪ ਜਾਣਕਾਰ ਹੋਵਾਂਗੇ, ਅਸੀਂ ਖੁਦ, ਨਿਸ਼ਚਿਤ ਹੀ ਵਧੀਆ ਨਿਗਰਾਨ ਹੋਵਾਂਗੇ।ਇਕ

ਸੁਚੱਜੇ ਸਲਾਹਕਾਰ ਹੋਵਾਂਗੇ।

ਆਮਤੌਰ ਤੇ ਜਦੋਂ ਕਿਸੇ ਪਰਿਵਾਰ ਜਾਂ ਮਾਪਿਆਂ ਨਾਲ ਗੱਲ ਕਰਕੇ ਦੇਖੋ, ਸਭ ਦਾ ਕੇਂਦਰ ਬੱਚੇ ਹਨ।ਛੋਟੇ ਪਰਿਵਾਰ ਹਨ। ਸ਼ਹਿਰਾਂ ਵਿੱਚ ਆ ਕੇ ਵੱਸੇ ਪਰਿਵਾਰ ਹਨ। ਮੁੱਖ ਕਾਰਨ-ਬੱਚੇ ਕੁਝ ਚੰਗਾ ਪੜ੍ਹ ਲਿਖ ਜਾਣ, ਕਿਤੇ ਵਧੀਆ ਸੈੱਟ ਹੋ ਜਾਣ।ਜਿਥੇ ਕਿਤੇ ਮਾਂ ਪਿਉ ਵਿੱਚੋਂ ਇੱਕ ਨੌਕਰੀ ਕਰਦਾ ਹੈ, ਦੂਸਰੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵੀ ਕਿਤੋਂ ਹਜਾਰ ਪੰਜ ਸੌ ਕਮਾ ਲਿਆਵੇ। ਕਾਰਨ ਇਕੋ ਕਿ ਬੱਚੇ ਨੂੰ ਵਧੀਆ ਸਕੂਲ ਪਾ ਦਿਆਂਗੇ, ਵਧੀਆ ਕੋਚਿੰਗ ਕਰਵਾ ਦਿਆਂਗੇ। ਹਰ ਮਾਂ ਪਿਉ ਦਾ ਇੱਕੋ ਹੀ ਰਾਗ- ਜੋ ਭੱਜ ਨੱਠ ਕਰ ਰਹੇ ਹਾਂ ਉਹ ਬੱਸ ਬੱਚਿਆਂ ਲਈ, ਸਵੇਰ ਤੋਂ ਸ਼ਾਮ ਤੱਕ ਕਮਾ ਰਹੇ ਹਾਂਬੱਚਿਆਂ ਲਈ। ਉਨ੍ਹਾਂ ਨੂੰ ਚੰਗਾ ਖਾਣ, ਚੰਗੇ ਕੱਪੜੇ, ਮੋਟਰ-ਬਾਈਕ, ਮੋਬਾਇਲ। ਇਹ ਲੋੜਾਂ ਸਰੀਰਕ ਸੰਤੁਸ਼ਟੀ ਦੀਆਂ ਹਨ। ਅਸੀਂ ਫਿਕਰਮੰਦ ਹਾਂ ਕਿ ਬੱਚਾ ਚਾਰ ਚਾਰ ਟਿਊਸ਼ਨਾਂ ਪੜ੍ਹਦਾ ਹੈ, ਕਿਤੇ ਇੱਕ ਤੋਂ ਦੂਸਰੀ ਥਾਂ ਜਾਂਦਾ ਥੱਕ ਨਾ ਜਾਵੇ, ਮੋਟਰ ਸਾਈਕਲ ਲੈ ਦੇਵੋ।ਪਰ ਬੱਚੇ ਦੀਆਂ ਮਾਨਸਿਕ ਲੋੜਾਂ ਵੀ ਹੁੰਦੀਆਂ ਹਨ। ਦਰਅਸਲ ਅਸੀਂ ਉਨ੍ਹਾਂ ਤੋਂ ਅਨਜਾਣ ਹਾਂ। ਫਿਰ ਉਹ ਇਹ ਲੋੜਾਂ ਪੂਰੀਆਂ ਕਰਦਾ ਹੈ, ਮਿੱਤਰਾਂ ਦੇ ਘੇਰੇ ਤੋਂ, ਉਸ ਨੂੰ ਰਾਹ ਦਿਖਾਉਂਦਾ ਹੈ ਸਾਡਾ ਮੀਡੀਆ। ਕਿਸ ਤਰ੍ਹਾਂ ਜੀਉਣਾ ਹੈ, ਕਿਸ ਤਰ੍ਹਾਂ ਰਹਿਣਾ-ਖਾਣਾ ਹੈ, ਕਿਵੇਂ ਜਨਮ ਦਿਨ ਮਨਾਉਣਾ ਹੈ। ਜ਼ਿੰਦਗੀ ਦਾ ਮਕਸਦ ਕੀ ਹੈ? ਇਸ ਅਹਿਮ ਸਵਾਲ ਦਾ ਸਹੀ ਅਤੇ ਵਿਗਿਆਨਕ ਜਵਾਬ ਤਾਂ ਹੈ ਮਾਂ ਪਿਉ ਅਤੇ ਅਧਿਆਪਕਾਂ ਕੋਲ, ਪਰ ਇਸ ਦਾ ਜਵਾਬ ਦੇ ਰਿਹਾ ਹੈ- ਮੀਡੀਆ; ਕਿ ਵਾਲ ਸੰਵਾਰੋ, ਖੁਸ਼ਬੂਆਂ ਛਿੜਕੋ, ਕਰੀਮਾਂ ਲਗਾਉ, ਆਪਣੇ ਵਿਰੋਧੀ ਸੈਕਸ ਨੂੰ ਲੁਭਾਵੋ, ਇਹੀ ਇੱਕੋ ਇੱਕ ਮਕਸਦ ਹੈ ਜ਼ਿੰਦਗੀ ਦਾ।ਚਾਰ ਗੀਤ ਸਿੱਖੋ, ਪੰਜ ਸਵਾਲਾਂ ਦੇ ਜਵਾਬ ਦਿਉ ਤੇ ਰਾਤੋ ਰਾਤ ਕਰੋੜਪਤੀ ਬਣੋ। ਅਸੀਂ ਮਾਂ ਪਿਉ ਅਤੇ ਅਧਿਆਪਕਾਂ ਨੇ ਉਸ ਨੂੰ ਮਿਹਨਤ ਕਰਨ ਦਾ ਪਾਠ ਪੜ੍ਹਾਇਆ ਨਹੀਂ, ਅਸੀਂ ਉਨ੍ਹਾਂ ਨੂੰ ਮਨੁੱਖੀ ਸੰਘਰਸ਼ ਦੀ ਗਾਥਾ ਤੋਂ ਰੂਬਰੂ ਕਰਵਾਇਆ ਨਹੀਂ, ਮੀਡੀਆ ਨੇ ਉਨ੍ਹਾਂ ਨੂੰ ਸੁਪਨੇ ਦਿਖਾਏ। ਅਸੀਂ ਸਹੀ ਸੁਨੇਹਾ ਪਹੁੰਚਾਇਆ ਨਹੀਂ, ਮੀਡੀਆ ਦਾ ਦਿਖਾਇਆ ਸੁਪਨਾ ਸਿਰੇ ਨਹੀਂ ਚੜ੍ਹਿਆ ਤਾਂ ਨੌਜਵਾਨ ਨੇ ਬੌਂਦਲਣਾ ਹੀ ਸੀ। ਫਿਰ ਸੰਭਾਲਿਆਨਸ਼ਿਆਂ ਨੇ ਜਾਂ ਕਿਸੇ ਹੋਰ ਮਾਨਸਿਕ ਪ੍ਰਗਟਾਵੇ ਨੇ।

ਇਸ ਸਾਰੇ ਮਾਹੌਲ ਅਤੇ ਪਰਿਸਥਿਤੀ ਦੇ ਮੱਦੇਨਜ਼ਰ ਸਾਨੂੰ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ।

ਇਸੇ ਉਮਰ ਨਾਲ ਜੁੜੇ ਸੈਕਸ ਅੰਗਾਂ ਦੇ ਵਿਕਾਸ ਨੂੰ ਤਾਂ ਅਸੀਂ ਸਮਝਦੇ ਹਾਂ। ਪਰ ਸੈਕਸ ਅੰਗਾਂ ਦੇ ਨਾਲ ਸੈਕਸ ਹਾਰਮੋਨਜ਼ ਅਤੇ ਹੋਰ ਰਸਾਇਣਾਂ ਦੇ ਪ੍ਰਭਾਵ ਨਾਲ ਜੋ ਮਾਨਸਿਕ ਤਬਦੀਲੀਆਂ ਆਉਂਦੀਆਂ ਹਨ, ਅਸੀਂ ਉਨ੍ਹਾਂ ਤੋਂ ਵੀ ਅਨਜਾਣ ਹਾਂ। ਤੁਸੀਂ ਇਕ ਸਾਧਾਰਨ ਜਿਹੀ ਗੱਲ ਤੋਂ ਅੰਦਾਜਾ ਲਗਾਉ ਕਿ ਇਸ ਉਮਰ ਦੇ ਸ਼ੁਰੂ ਹੋਣ ਤੋਂ ਬਾਅਦ, ਤਕਰੀਬਨ ਨੌਵੀਂ ਦਸਵੀਂ ਵਿੱਚ ਲੜਕੇ-ਲੜਕੀਆਂ ਆਪਣੀ ਦਿੱਖ ਦਾ ਖਿਆਲ ਰਖਦੇ ਹਨ, ਕੱਪੜਿਆਂ ਪ੍ਰਤੀ ਸੁਚੇਤ ਹੁੰਦੇ ਹਨ। ਤਿਆਰ ਹੋਣ ਵਿੱਚ, ਵਾਲ ਵਾਹੁਣ ਵਿੱਚ ਕਿੰਨਾਂ ਹੀ ਸਮਾਂ ਲਗਾਉਂਦੇ ਹਨ। ਇਹ ਇੱਕ ਕੁਦਰਤੀ ਵਰਤਾਰਾ ਹੈ।ਇਹ ਹਾਰਮੋਨਜ਼ ਦੇ ਪ੍ਰਭਾਵ ਹੇਠ, ਦੂਸਰੇ ਸੈਕਸ ਪ੍ਰਤੀ ਕੁਦਰਤੀ ਖਿੱਚ ਦਾ ਕਾਰਨ ਹੈ। ਜਿਹੜੀ ਆਪਾਂ ਗੱਲ ਕੀਤੀ ਕਿ ਮੀਡੀਆ ਕੀ ਕਰ ਰਿਹਾ ਹੈ? ਮੀਡੀਆ ਦਰਅਸਲ ਇਸ ਉਮਰ ਦੀ ਮਨੋਵਿਗਿਆਨਕ ਲੋੜ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਰਿਹਾ ਹੈ ਤੇ ਉਨ੍ਹਾਂ ਨੂੰ ਭਟਕਾਉਂਦਾ ਹੈ।ਸਵਾਲ ਤਾਂ ਉਸ ਮਾਨਸਿਕ ਅਵਸਥਾ ਨੂੰ ਚੰਗੇ, ਉਸਾਰੂ ਪਾਸੇ ਇਸਤੇਮਾਲ ਕਰਨ ਦਾ ਹੈ।ਇਹ ਬਾਜਾਰੂ ਪ੍ਰਵਿਰਤੀ, ਅੱਜ ਮਨੋਵਿਗਿਆਨਕ ਖੋਜ਼ਾਂ ਦਾ ਗਲਤ ਫਾਇਦਾ ਲੈ ਰਹੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਮਾਂ ਪਿਉ, ਅਧਿਆਪਕ ਅਤੇ ਸਮਾਜ ਦੇ ਹੋਰ ਜੁੰਮੇਵਾਰ ਲੋਕ (ਨੇਤਾ-ਆਗੂ) ਇਨ੍ਹਾਂ ਖੋਜ਼ਾਂ ਦੀ ਸਮਝ ਤੇ ਇਕ ਵਧੀਆ ਸਮਾਜ ਦੀ ਉਸਾਰੀ ਲਈ ਵਿਉਂਤਬੰਦੀ ਕਰਦੇ।

ਸੈਕਸ ਪ੍ਰਤੀ ਭਟਕਾਅ ਦਾ ਇਕ ਕਾਰਨ, ਸੈਕਸ ਪ੍ਰਤੀ ਸਾਡੀ ਲੁਕਵੀਂ ਜਾਂ ਛਪਾਉਣ ਦੀ ਪ੍ਰਵਿਰਤੀ ਵੀ ਹੈ। ਅਸੀਂ ਸੈਕਸ ਨੂੰ ਇਕ ਵਰਜਿਤ ਵਿਸ਼ਾ ਐਲਾਨਿਆ ਹੈ। ਹੁਣ ਤੁਸੀਂ ਸੋਚੋ ਕਿ ਸੈਕਸ ਅੰਗ ਵਿਕਸਿਤ ਹੋ ਰਹੇ ਹਨ, ਸਰੀਰਕ ਤਬਦੀਲੀ ਹੋ ਰਹੀ ਹੈ, ਮਾਨਸਿਕ ਬਦਲਾਅ ਹੋ ਰਿਹਾ ਹੈ, ਸੁਭਾਅ ਵਿਚ ਫ਼ਰਕ ਆ ਰਿਹਾ ਹੈ। ਮੂਡ ਦੀ ਤਬਦੀਲੀ ਆਮ ਹੈ। ਦੋਸਤਾਂ ਨਾਲ ਨੇੜਤਾ ਹੁੰਦੀ ਹੈ। ਘਰੋਂ ਬਾਹਰ ਰਹਿਣ ਨੂੰ ਜੀਅ ਕਰਦਾ ਹੈ। ਵਿਰੋਧੀ ਸੈਕਸ ਵੱਲ ਖਿੱਚ ਵਧਦੀ ਹੈ। ਸੈਕਸ ਅੰਗਾਂ ਵਿਚ ਹਰਕਤ ਵੀ ਪਰੇਸ਼ਾਨ ਕਰਦੀ ਹੈ। ਤੁਸੀਂ ਅਜੋਕੇ ਮਾਹੌਲ ਵਿੱਚ ਜਿੱਥੇ ਬੱਚੇ ਮੋਬਾਇਲ ਵਰਤਦੇ ਹਨ, ਅੱਧਾ-ਅੱਧਾ ਘੰਟਾ ਗੱਲਾਂ ਕਰੀ ਜਾਂਦੇ ਹਨ, ਤੁਹਾਨੂੰ ਖਿੱਝ ਚੜਦੀ ਹੈ। ਤੁਸੀਂ ਸੋਚਦੇ ਹੋ ਕਿ ਇਹ ਕੀ ਗੱਲਾਂ ਕਰਦੇ ਹਨ। ਇਹ ਸਭ ਇਸ ਉਮਰ ਦੇ ਬਦਲਾਅ ਹਨ।ਅਸੀਂ ਮੰਨੀਏ ਕਿ ਅਸੀਂ ਇਨ੍ਹਾਂ ਬਦਲਾਵਾਂ ਤੋਂ ਨਾਵਾਕਿਫ਼ ਹਾਂ।

ਕਈ ਵਾਰੀ ਸੈਕਸ ਸਿੱਖਿਆ ਦੀ ਗੱਲ ਤੁਰਦੀ ਹੈ। ਬੱਚਿਆਂ ਦੇ ਇਸ ਪੜਾਅ ਤੇ ਬੱਚਿਆਂ ਦੀਆਂ ਇਨਾਂ ਭਾਵਨਾਵਾਂ ਨੂੰ ਸਮਝਣ-ਸਮਝਾਉਣ ਦੀ ਗੱਲ ਹੁੰਦੀ ਹੈ। ਇਹ ਕੁਦਰਤੀ ਭਾਵਨਾਵਾਂ ਜਿਨ੍ਹਾਂ ਨੂੰ ਸਮਝ ਕੇ ਇੱਕ ਸਿਹਤਮੰਦ ਪਹਿਲੂ ਸਿਰਜਿਆ ਜਾ ਸਕਦਾ ਹੈ, ਉਹ ਸਮੱਸਿਆਵਾਂ ਬਣ ਜਾਂਦੀਆਂ ਹਨ।ਇਹ ਗੱਲ ਕਰਦਿਆਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਮਾਂਵਾਂ ਕੁੜੀਆਂ ਨਾਲ ਤਾਂ ਸੈਕਸ ਦੇ ਪਹਿਲੂ ਤੇ ਚਰਚਾ ਕਰਦੀਆਂ ਹਨ ਪਰ ਪਿਉ ਮੁੰਡੇ ਨਾਲ ਬਿਲਕੁਲ ਹੀ ਕੋਈ ਗੱਲ ਸਾਂਝੀ ਨਹੀਂ ਕਰਦੇ।ਆਪਾਂ ਇਸ ਗੱਲ ਨੂੰ ਵਿਚਾਰ ਲੈਂਦੇ ਹਾਂ। ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂਵਾਂ ਵੀ ਜੇਕਰ ਕੁੜੀਆਂ/ਧੀਆਂ ਨਾਲ ਗੱਲਾਂ ਕਰਦੀਆਂ ਹਨ ਤਾਂ ਬਸ ਇਨਾਂ ਹੀ ਕਿ ਬੇਟੇ ਇਹ ਮਾਹਵਾਰੀ ਜੋ ਸ਼ੁਰੂ ਹੋਈ ਹੈ, ਇਹ ਹਰ ਮਹੀਨੇ ਹੋਵੇਗੀ, ਦੋ-ਤਿੰਨ ਦਿਨ ਰਹੇਗੀ। ਬਸ ਜਾਂ ਕੁਝ ਕੁ ਮਾਵਾਂ ਇਸ ਦੌਰਾਨ ਸਾਫ-ਸਫਾਈ ਦੇ ਖਿਆਲ ਰੱਖਣ ਬਾਰੇ ਸੁਚੇਤ ਕਰਦੀਆਂ ਹਨ। ਇਹ ਵੀ ਦਰਅਸਲ ਮਾਂਵਾਂ ਦੀ ਮਜਬੂਰੀ ਹੈ ਕਿਉਂਕਿ ਇਹ ਵਰਤਾਰਾ ਲੋਕ ਨਹੀਂ ਸਕਦਾ। ਜਦੋਂ ਕਿ ਏਨੀ ਗੱਲ ਦਸਣੀ ਨਾਕਾਫੀ ਹੈ। ਉਨ੍ਹਾਂ ਨੂੰ ਮਾਹਵਾਰੀ ਨਾਲ ਜੁੜੀ ਪੂਰੀ ਪ੍ਰਕ੍ਰਿਆ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਦੀ ਲੋੜ ਹੈ।ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਔਰਤ ਦੇ ਅੰਡਕੋਸ਼ ਵਿਚੋਂ ਇੱਕ ਆਂਡਾ ਨਿਕਲਦਾ ਹੈ, ਉਸ ਨੇ ਇਸ ਦੌਰਾਨ ਆਦਮੀ ਦੇ ਸ਼ੁਕਰਾਣੂ ਨਾਲ ਮਿਲ ਕੇ, ਬੱਚੇਦਾਨੀ ਵਿੱਚ ਰੁਕਣਾ ਹੁੰਦਾ ਹੈ, ਵੱਧਣਾ-ਫੁਲਣਾ ਹੁੰਦਾ ਹੈ ਤੇ ਇੱਕ ਬੱਚੇ ਦਾ ਰੂਪ ਧਾਰਨਾ ਹੁੰਦਾ ਹੈ। ਇਸ ਕਾਰਜ ਲਈ ਔਰਤ ਦੀ ਬੱਚੇਦਾਨੀ ਤਿਆਰ ਹੁੰਦੀ ਹੈ। ਉਸ ਦੀ ਸੱਤਹ ਉਪਰ ਉਸ ਯੋਗਿਕ ਆਂਡੇ ਨੇ (ਆਂਡੇ ਅਤੇ ਸ਼ੁਕਰਾਣੂ ਦੇ ਮੇਲ ਵਾਲੇ) ਨੇ ਠਹਿਰਣਾ ਹੁੰਦਾ ਹੈ। ਪਰ ਜੇਕਰ ਆਂਡੇ ਨੂੰ ਸ਼ੁਕਰਾਣੂ ਨਾ ਮਿਲੇ ਤਾਂ ਉਹ ਤਹਿ ਟੁੱਟ-ਭੱਜ ਜਾਂਦੀ ਹੈ। ਇਹ ਟੁੱਟ ਭੱਜ ਹੀ ਮਾਹਵਾਰੀ ਹੈ। ਜੋ ਕਿ ਉਸ ਬੱਚੇਦਾਨੀ ਦੀ ਟੁੱਟ ਭੱਜ ਦੇ ਰੂਪ ਵਿੱਚ ਖੂਨ ਦੀ ਤਰ੍ਹਾਂ ਵਗਦੀ ਹੈ। ਇਸ ਸਾਰੀ ਗੱਲ ਦਾ ਅਰਥ ਕੀ ਹੈ? ਇਸ ਕੇਂਦਰੀ ਨੁਕਤੇ ਨੂੰ ਸਮਝਣ ਦੀ ਲੋੜ ਹੈ ਕਿ ਹੁਣ ਉਹ ਲੜਕੀ ਕਿਸੇ ਵੀ ਵੇਲੇ ਮਾਂ ਬਣ ਸਕਦੀ ਹੈ। ਉਹ ਮਾਂ ਬਨਣ ਲਈ ਪੋੜ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੂੰ ਇਹ ਸੁਨੇਹਾ ਵੀ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਵੇਲੇ ਕਿਸੇ ਵਿਰੋਧੀ ਸੈਕਸ ਦੇ ਸੰਪਰਕ ਵਿਚ ਆਉਂਦੀ ਹੈ ਕਿਸੇ ਵੀ ਜਜ਼ਬਾਤੀ ਪਲ ਵਿਚ ਉਹ ਇਸ ਪ੍ਰਕ੍ਰਿਆ ਲਈ ਨਾ ਕਹਿਣਾ ਸਿੱਖੇ। ਜਿਸ ਤਰ੍ਹਾਂ ਦੇ ਵਾਤਾਵਰਨ ਵਿਚ ਅਸੀਂ ਵਿਚਰ ਰਹੇ ਹਾਂ ਜਾਂ ਲੰਘ ਰਹੇ ਹਾਂ, ਨੌਜਵਾਨਾਂ ਉਪਰ ਜਿਸ ਤਰ੍ਹਾਂ ਦੇ ਵਿਚਾਰਧਾਰਕ ਹਮਲੇ ਹੋ ਰਹੇ ਹਨ ਅਤੇ ਜ਼ਿੰਦਗੀ ਦੇ ਮਕਸਦ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਵੇਲੇ ਬੱਚਿਆਂ ਨੂੰ ਖਾਸ ਕਰ ਲੜਕੀਆਂ ਨੂੰ 'ਨਾ ਕਹਿਣ ਦੀ ਕਲਾ' ਸਿਖਾਉਣਾ ਬਹੁਤ ਜਰੂਰੀ ਹੈ।

ਇਹ ਸਾਰੀਆਂ ਗੱਲਾਂ ਕਰਨ ਦਾ ਇੱਥੇ ਮਕਸਦ ਇਹ ਹੈ ਕਿ ਸੈਕਸ ਨਾਲ ਜੁੜੀ ਮਾਨਸਿਕਤਾ ਅਤੇ ਸਮਾਜਿਕ ਭਾਵੁਕਤਾ, ਜੇਕਰ ਸਹੀ ਅਰਥਾਂ ਵਿਚ ਨਹੀਂ ਸਮਝਾਂਗੇ ਤਾਂ ਬੱਚੇ ਭਟਕ ਜਾਣਗੇ ਅਤੇ ਉਸ ਭਟਕਾਅ ਦਾ ਇਕ ਰਾਹ ਨਸ਼ਿਆਂ ਵਿੱਚ ਖੁਲ੍ਹਦਾ ਹੈ। ਇੱਥੇ ਇਹ ਗੱਲ ਵੀ ਸਮਝਣ ਦੀ ਲੋੜ ਹੈ ਕਿ ਨਸ਼ਿਆਂ ਅਤੇ ਸੈਕਸ ਦਾ ਆਪਸੀ ਸਬੰਧ ਹੈ ਕਿ ਨਸ਼ਿਆਂ ਦੀ ਲੋਰ ਹੇਠ, ਵਿਅਕਤੀ ਸੈਕਸ ਵੱਲ ਛੇਤੀ ਰੁਚਿਤ ਹੁੰਦਾ ਹੈ ਤੇ ਉਪਰੋਂ ਤਜਰਬੇ ਕਰਨ ਦੀ ਪ੍ਰਵਿਰਤੀ।

ਲੜਕੀਆਂ ਬਾਰੇ ਸਾਡੀ ਇਹ ਸਮਝ ਕਿ ਉਨ੍ਹਾਂ ਨੂੰ ਸੈਕਸ ਸਿੱਖਿਆ ਮਾਂ ਤੋਂ ਮਿਲ ਹੀ ਜਾਂਦੀ ਹੈ, ਅਧੂਰੀ ਹੈ। ਇਹ ਸਿਰਫ ਮਾਹਵਾਰੀ ਦਾ ਗਿਆਨ ਹੀ ਹੈ। ਸੈਕਸ ਪ੍ਰਕ੍ਰਿਆ ਅਤੇ ਗਰਭ ਧਾਰਨ ਦਾ ਨਹੀਂ, ਸੈਕਸ ਨਾਲ ਜੁੜੀਆਂ ਹੋਰ ਸਮੱਸਿਆਵਾਂ-ਰੋਗਾਂ ਦਾ ਨਹੀਂ। ਲੜਕਿਆਂ ਦੇ ਸੈਕਸ ਗਿਆਨ ਦੀ ਸਥਿਤੀ ਤਾਂ ਸਾਡੇ ਸਮਾਜ ਵਿਚ ਹੋਰ ਵੀ ਚਿੰਤਾਜਨਕ ਹੈ।ਇੱਕ ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਨੂੰ ਅਸੀਂ ਇਸ ਕਰਕੇ ਅਣਗੌਲਾ ਕਰ ਦਿੰਦੇ ਹਾਂ ਕਿ ਉਨ੍ਹਾਂ ਨੇ ਇਸ ਕਾਰਜ ਵਿੱਚ ਕਿਹੜਾ ਕੋਈ 'ਗਰਭ ਧਾਰਨ ਕਰਨ ਵਰਗੀ' ਮੁਸੀਬਤ ਵਿਚ ਪੈਣਾ ਹੁੰਦਾ ਹੈ। ਦੂਸਰਾ ਸਾਡਾ ਇਹ ਵੀ ਵਿਚਾਰ ਹੈ ਕਿ ਸਾਡੀ ਧਰਤੀ ਗੁਰੂਆਂ-ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਸਾਡੇ ਲੋਕ ਧਾਰਮਿਕਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਵਿਚਾਰ ਬੜੇ ਪਵਿੱਤਰ ਹਨ। ਅਸੀਂ ਆਪਸੀ ਰਿਸ਼ਤਿਆਂ ਵਿੱਚ ਸਤਿਕਾਰ ਕਰਦੇ ਹਾਂ। ਪਰ ਇਸ ਦੇ ਉਲਟ ਇਹ ਤੱਥ ਵੀ ਸਾਡੀ ਇਸ ਸਮਝ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਕਿ ਭਾਰਤ ਵਿਚ ਤਕਰੀਬਨ ਸੱਠ ਲੱਖ ਐਚ.ਆਈ.ਵੀ. ਤੋਂ ਪ੍ਰਭਾਵਿਤ ਲੋਕਾਂ ਵਿਚੋਂ ਤਕਰੀਬਨ ਅੱਧੇ (50 ਫੀਸਦੀ ਭਾਵ ਤੀਹ ਲੱਖ) ਵਿਅਕਤੀਆਂ ਦੀ ਉਮਰ 15 ਤੋਂ 24 ਸਾਲ ਹੈ। ਤੁਸੀਂ ਖੁਦ ਅੰਦਾਜਾ ਲਗਾਉ ਕਿ ਪੰਦਰਾਂ-ਸੋਲਾਂ ਦੀ ਉਮਰ 'ਤੇ ਐਚ.ਆਈ.ਵੀ. ਤੋਂ ਪੀੜਤ ਹੋਣ ਵਾਲਾ ਗੱਭਰੂ ਜਾਂ ਮੁਟਿਆਰ ਇਹ ਬੀਮਾਰੀ ਕਿਥੋਂ ਲਿਆ ਰਿਹਾ ਹੈ? ਇਹ ਵਾਈਰਸ ਹਵਾ ਵਿਚੋਂ ਹੁੰਦਾ ਸਾਡੇ ਸਰੀਰ ਵਿਚ ਨਹੀਂ ਪਹੁੰਚਦਾ। ਐਚ.ਆਈ.ਵੀ. ਦਾ ਸਰਵੇਖਣ ਦਸਦਾ ਹੈ ਕਿ ਇਹ ਸੱਠ ਲੱਖ ਮਰੀਜਾਂ ਵਿਚ ਘੁੰਮ ਰਿਹਾ ਵਾਈਰਸ, ਤਕਰੀਬਨ 85 ਫੀਸਦੀ ਲੋਕਾਂ ਵਿਚ ਅਸੁਰੱਖਿਅਤ ਸੈਕਸ ਜਾਂ ਗੈਰ-ਸਮਾਜਿਕ ਸੈਕਸ ਸਬੰਧਾਂ ਰਾਹੀਂ ਪਹੁੰਚਿਆ ਹੈ। ਇਸ ਲਈ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੈਕਸ ਨਾਲ ਜੁੜੇ ਸਰੀਰਕ ਅਤੇ ਮਾਨਸਿਕ ਮਸਲਿਆਂ ਦਾ ਹੱਲ ਸਾਡੀ ਸਮਝ ਵਿੱਚ ਹੈ ਤਾਂ ਜੋ ਅਸੀਂ ਬੱਚਿਆਂ ਦੇ ਸਹੀ ਰਾਹ ਦਸੇਰੇ ਬਣ ਸਕੀਏ।

ਮਾਂ ਪਿਉ ਅਤੇ ਅਧਿਆਪਕਾਂ ਦੇ ਆਪਸੀ ਗੱਲਬਾਤ ਵਿੱਚ ਇਹ ਗੱਲ ਉਭਰਦੀ ਹੈ ਕਿ ਕਸੂਰ ਅਧਿਆਪਕਾਂ ਦਾ ਹੈ, ਸਕੂਲ ਦੇ ਮਾਹੌਲ ਦਾ ਹੈ। ਉਹ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇ ਰਹੇ। ਅਧਿਆਪਕ ਆਪਣੇ ਫ਼ਰਜ਼ ਅਤੇ ਜੁੰਮੇਵਾਰੀ ਨੂੰ ਨਹੀਂ ਨਿਭਾ ਰਹੇ। ਪਹਿਲਾਂ ਸਕੂਲਾਂ ਵਿੱਚ, ਪੁਰਾਣੇ ਅਧਿਆਪਕਾਂ ਵਿੱਚ ਵਧੀਆ ਕਿਰਦਾਰੀ ਅਧਿਆਪਕ ਹੁੰਦੇ ਸੀ। ਅਧਿਆਪਕ ਕਹਿੰਦੇ ਹਨ, ਬੱਚਾ ਸਾਡੇ ਕੋਲ ਸਿਰਫ ਛੇ ਘੰਟੇ ਰਹਿੰਦਾ ਹੈ, ਬਾਕੀ ਅਠਾਰਾਂ ਘੰਟੇ ਬੱਚਾ ਮਾਂ ਪਿਉ ਕੋਲ ਰਹਿੰਦਾ ਹੈ। ਉਹ ਪਹਿਲੇ ਛੇ ਸਾਲ ਸਿਰਫ ਮਾਂ ਪਿਉ ਕੋਲ ਰਹਿੰਦਾ ਹੈ। ਮਾਂ ਪਿਉ ਨੇ ਜੋ ਸੰਸਕਾਰ ਬੱਚੇ ਨੂੰ ਦੇਣੇ ਹਨ, ਉਹ ਸਕੂਲ ਵਿੱਚ ਪ੍ਰਗਟ ਹੋਏ ਹਨ। ਦੋਵੇਂ ਇੱਕ ਦੂਸਰੇ 'ਤੇ ਇਲਜਾਮ ਮੁੱਢ ਰਹੇ ਹਨ। ਜੇਕਰ ਇੱਥੇ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਗੱਲ ਟੀ.ਵੀ. ਤੇ ਮੀਡੀਏ ਤੇ ਪਹੁੰਚ ਜਾਂਦੀ ਹੈ। ਤੁਸੀਂ ਧਿਆਨ ਨਾਲ ਗੱਲ ਨੂੰ ਸੋਚੋ, ਵਿਸ਼ਲੇਸ਼ਿਤ ਕਰੋ ਕਿ ਘਰ ਵਿੱਚ ਦਸ-ਬਾਰਾਂ ਹਜਾਰ ਦਾ ਟੈਲੀਵੀਜਨ ਕੌਣ ਲੈ ਕੇ ਆਇਆ ਹੈ? ਮੰਨ ਲਵੋ ਟੈਲੀਵੀਜਨ ਤੁਹਾਨੂੰ ਕੋਈ ਗਿਫ਼ਟ ਕਰ ਗਿਆ ਹੈ, ਪਰ ਕੇਬਲ ਦਾ ਹਰ ਮਹੀਨੇ ਕਿਰਾਇਆ ਤਾਂ ਕੋਈ ਹੋਰ ਨਹੀਂ ਦਿੰਦਾ। ਉਹ ਤਾਂ ਆਪਾਂ ਖੁਦ ਦਿੰਦੇ ਹਾਂ। ਅਸੀਂ ਟੀ.ਵੀ. ਨੂੰ ਦੋਸ਼ੀ ਠਹਿਰਾਉਂਦੇ ਹਾਂ, ਪਰ ਉਸ ਨਜ਼ਰ ਆ ਰਹੇ ਦੋਸ਼ੀ ਨੂੰ, ਖੁਦ ਹੀ ਘਰੇ ਵਾੜਿਆ ਹੈ। ਕਦੇ ਇਸ ਨੂੰ ਘਰ ਵਿਚੋਂ ਕੱਢਣ ਦੀ ਗੱਲ ਨਹੀਂ ਚਲਦੀ। ਕਿਉਂ? ਤੁਸੀਂ ਧਿਆਨ ਨਾਲ ਵਿਚਾਰ ਕਰੋ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਕੇਬਲ ਕਟਵਾ ਦਿਉ। ਤੁਸੀਂ ਮੇਰੇ ਕਹਿਣ ਤੇ ਕਟਵਾਉਣੀ ਵੀ ਨਹੀਂ, ਕਿਉਂ ਜੋ ਤੁਸੀਂ ਇਸ ਪਹਿਲੂ ਤੋਂ ਜਾਣੂ ਹੋ। ਕੇਬਲ ਤੁਹਾਡਾ ਮਨੋਰੰਜਨ ਕਰਦੀ ਹੈ, ਕੇਬਲ ਉਪਰ ਗਿਆਨ ਵਰਧਕ ਪ੍ਰੋਗਰਾਮ ਵੀ ਆਉਂਦੇ ਹਨ। ਇਸ ਦੇ ਬਾਵਜੂਦ ਜੇ ਅਸੀਂ ਕੁਝ ਪ੍ਰੋਗਰਾਮਾਂ ਨੂੰ, ਸੀਰੀਅਲਾਂ ਨੂੰ ਜਾਂ ਗੀਤਾਂ ਦੀ ਪੇਸ਼ਕਾਰੀ ਨੂੰ, ਉਕਸਾਊ ਅਤੇ ਭਟਕਾਉ ਸਮਝਦੇ ਹਾਂ ਤੇ ਇਹ ਸਮਝਦੇ ਹਾਂ ਕਿ ਇਹ ਇਕੱਠੇ ਬੈਠ ਕੇ ਦੇਖਣ ਵਾਲੇ ਨਹੀਂ ਤੇ ਤੁਸੀਂ ਉੱਥੋਂ ਉੱਠ ਜਾਂਦੇ ਹੋ ਤੇ ਬੱਚਿਆਂ ਨੂੰ ਦੇਖਣ ਲਈ ਛੱਡ ਜਾਂਦੇ ਹੋ ਤਾਂ ਇਹ ਕੋਈ ਵਧੀਆ ਹੱਲ ਨਹੀਂ ਹੈ। ਜੇਕਰ ਮੀਡੀਆ ਗੱਭਰੂਆਂ ਮੁਟਿਆਰਾਂ ਦੇ ਮਨਾਂ ਤੇ ਹਮਲਾ ਕਰੀ ਜਾ ਰਿਹਾ ਹੈ ਤਾਂ ਕੀ ਸਾਨੂੰ ਉਸ ਹਮਲੇ ਦੇ ਵਿਰੁੱਧ ਸੁਰੱਖਿਆ ਛੱਤਰੀ ਨਹੀਂ ਬਨਣਾ ਚਾਹੀਦਾ? ਕੀ ਅਸੀਂ ਕਦੇ ਇਸ ਬਦਲ ਰਹੇ ਮਾਹੌਲ ਦੇ ਮੁਤਾਬਕ ਆਪਣੇ ਆਪ ਨੂੰ ਬਦਲਣ, ਆਪਣੀ ਸੋਚ ਨੂੰ ਸਮੇਂ ਦੇ ਹਾਣ ਦਾ ਬਨਾਉਣ ਬਾਰੇ ਸੋਚਿਆ ਹੈ?

ਆਪਾਂ ਕਿਸ਼ੋਰ ਵਰਗ ਦੇ ਵੱਖ ਵੱਖ ਪਹਿਲੂਆਂ-ਪੜਾਆਂ ਦੀ ਗੱਲ ਕਰਦੇ ਹੋਏ, ਉਨ੍ਹਾਂ ਦੀ ਮਾਨਸਿਕਤਾ ਦੇ ਵੱਖ ਵੱਖ ਪਸਾਰਾਂ ਦੀ ਗੱਲ ਕੀਤੀ ਹੈ। ਜੇਕਰ ਇਨ੍ਹਾਂ ਨੂੰ ਸਹੀ ਤਰ੍ਹਾਂ ਨਹੀਂ ਸਮਝਿਆ ਸੁਲਝਾਇਆ ਜਾਂਦਾ ਤਾਂ ਫਿਰ ਇਹ ਉਮਰ ਤਨਾਉ ਦੀ ਉਮਰ ਵੀ ਬਣ ਜਾਂਦੀ ਹੈ।ਪਲ ਪਲ ਤੇ ਦੇ ਤਨਾਉ ਹੈ। ਸੈਕਸ ਅੰਗਾਂ ਦੇ ਵਿਕਸਿਤ ਹੋਣ ਨਾਲ, ਨਵੇਂ ਵਰਤਾਰਿਆਂ ਦੇ ਜੁੜਨ ਦਾ ਤਨਾਉ। ਸੈਕਸ ਹਾਰਮੋਨਜ਼ ਪੈਦਾ ਹੋਣ ਨਾਲ, ਇਕ ਪਾਸੇ ਵਿਰੋਧੀ ਸੈਕਸ ਪ੍ਰਤੀ ਖਿੱਚ ਅਤੇ ਦੂਸਰੇ ਪਾਸੇ ਸਮਾਜਿਕ ਪਾਬੰਦੀਆਂ ਦਾ ਤਨਾਉ। ਤਜ਼ਰਬੇ ਕਰਨ ਦਾ ਅਤੇ ਗਲਤੀ ਹੋਣ ਤੇ ਡਾਂਟੇ ਜਾਣ ਦਾ ਤਨਾਉ। ਕੰਮਾਂ-ਕਾਰਜਾਂ ਵਿੱਚ ਸ਼ਾਬਾਸੀ ਨਾ ਮਿਲਣ ਦਾ ਅਤੇ ਪਛਾਣ ਨਾ ਬਨਣ ਦਾ ਤਨਾਉ। ਗਲਤੀ ਨੂੰ ਸਹੀ ਪਰਿਪੇਖ ਵਿੱਚ ਨਾ ਸਮਝਣ ਦਾ, ਸਗੋਂ ਗਲਤੀਆਂ ਨੂੰ ਉਭਾਰਣ ਦਾ ਤਨਾਉ। ਠੀਕ ਹੁੰਦੇ ਹੋਏ ਗਲਤ ਸਮਝੇ ਜਾਣ ਦਾ ਤਨਾਉ। ਇਹ ਸਾਰੇ ਪਹਿਲੂ ਜੇਕਰ ਮਾਂ ਪਿਉ, ਅਧਿਆਪਕਾਂ ਦੀ ਸਮਝ ਦਾ ਹਿੱਸਾ ਹੋਣ ਤਾਂ ਕੋਈ ਵਜਾਹ ਨਹੀਂ ਕਿ ਬੱਚਿਆਂ ਦਾ ਇਹ ਪੜਾਅ, ਇੱਕ ਆਮ ਅਤੇ ਸਹਿਜ ਪੜਾਅ ਬਣ ਕੇ ਨਾ ਗੁਜਰੇ।

ਜੇਕਰ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਮਾੜਾ ਮਾਹੌਲ ਬਦਲ ਜਾਵੇ, ਵਧੀਆ ਹੋ ਜਾਵੇ ਤੇ ਅਸੀਂ ਆਪਣੇ ਆਪ ਨੂੰ ਬਿਲਕੁਲ ਨਾ ਬਦਲੀਏ, ਆਪਣੇ ਸੁਭਾਅ ਨੂੰ ਉਸੇ ਤਰ੍ਹਾਂ ਦਾ ਰਹਿਣ ਦੇਈਏ, ਇਹ ਨਹੀਂ ਹੋ ਸਕਦਾ। ਜਿਨ੍ਹਾਂ ਪਹਿਲੂਆਂ ਨੂੰ, ਜਿਨ੍ਹਾਂ ਵਰਤਾਰਿਆਂ ਨੂੰ ਅਸੀਂ ਆਪਣਾ ਵਿਰੋਧੀ, ਆਪਣਾ ਦੁਸ਼ਮਣ ਸਮਝਦੇ ਹਾਂ, ਜਿਨ੍ਹਾਂ ਅਨਸਰਾਂ ਉੱਪਰ ਅਸੀਂ ਉਂਗਲੀ ਧਰਦੇ ਹਾਂ ਕਿ ਉਹ ਮਾਹੌਲ ਵਿਗਾੜਣ ਵਾਲੇ ਹਨ, ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਮਨੋਸਥਿਤੀ ਬਾਰੇ, ਉਨ੍ਹਾਂ ਦਾ ਗਿਆਨ ਸਾਡੇ ਤੋਂ ਵੱਧ ਹੈ। ਜੇ ਅਸੀਂ ਮਾਹੌਲ ਸੁਧਾਰਨਾ ਚਾਹੁੰਦੇ ਹਾਂ ਤਾਂ ਸਾਨੂੰ, ਉਨ੍ਹਾਂ ਤੋਂ ਵੱਧ ਸ਼ਕਤੀਸ਼ਾਲੀ ਬਨਣ ਦੀ ਲੋੜ ਹੈ।

ਇਨ੍ਹਾਂ ਵਰਤਾਰਿਆਂ ਬਾਰੇ ਵਿਸਥਾਰ ਵਿੱਚ ਗੱਲ ਕਰਨ ਦਾ ਮਤਲਬ ਹੈ-ਇਸ ਤਬਦੀਲੀ ਦੀ ਅਵਸਥਾ ਦੌਰਾਨ ਆ ਰਹੇ ਬਦਲਾਵਾਂ ਨੂੰ ਸਮਝਣ ਦਾ ਪਿਛੋਕੜ ਜਾਨਣਾ। ਅਸੀਂ ਗਿਆਨ ਹਾਸਿਲ ਕਰਨ ਦੇ ਪਹਿਲੂ ਨੂੰ ਬਹੁਤਾ ਹਾਂ ਪੱਖੀ ਨਹੀਂ ਲੈਂਦੇ। ਪਤਾ ਨਹੀਂ ਕਿਉਂ ਸਾਡੇ ਜਹਿਨ ਵਿਚ ਇਹ ਗੱਲ ਘਰ ਚੁੱਕੀ ਹੈ ਕਿ ਗਿਆਨ ਹਾਸਿਲ ਕਰਨ ਦੀ ਜਾਂ ਪੜ੍ਹਣ-ਪੜ੍ਹਾਉਣ ਦੀ ਇਕ ਸੀਮਾ ਹੁੰਦੀ ਹੈ, ਇੱਕ ਉਮਰ ਹੁੰਦੀ ਹੈ, ਉਸ ਤੋਂ ਬਾਅਦ ਪੜ੍ਹਣ ਦੀ ਲੋੜ ਨਹੀਂ ਹੁੰਦੀ। ਇਹ ਸਾਡੀ ਮਾਨਸਿਕਤਾ ਬਣ ਚੁੱਕੀ ਹੈ। ਤੁਸੀਂ ਇਸ ਘਟਨਾ ਤੋਂ ਅੰਦਾਜਾ ਲਗਾਉ। ਇੱਕ ਵਾਰੀ ਇਕ ਵਿਅਕਤੀ ਸਮੁੰਦਰੀ ਜਹਾਜ ਦੇ ਸਫ਼ਰ ਦੌਰਾਨ ਬਾਹਰ ਡੈਕ ਤੇ ਬੈਠਾ ਕੁਝ ਪੜ੍ਹ ਰਿਹਾ ਸੀ। ਉਸ ਦੇ ਕੋਲ ਇੱਕ ਭਾਰਤੀ ਆ ਕੇ ਬੈਠਿਆ ਤੇ ਉਸ ਨੂੰ ਪੜ੍ਹਦਿਆਂ ਦੇਖ ਹੈਰਾਨ ਹੋਇਆ। ਉਸ ਦੀ ਹੈਰਾਨੀ ਦੀ ਕਾਰਨ ਸੀ ਕਿ ਉਹ ਵਿਅਕਤੀ ਤਕਰੀਬਨ ਨੱਬੇ ਵਰ੍ਹੇ ਦਾ ਸੀ ਤੇ ਚੀਨੀ ਭਾਸ਼ਾ ਦਾ 'ਕੈਦਾ' ਪੜ੍ਹ ਰਿਹਾ ਸੀ। ਚੀਨੀ ਭਾਸ਼ਾ ਦੁਨੀਆਂ ਦੀ ਸਭ ਤੋਂ ਔਖੀ ਭਾਸ਼ਾ ਹੈ, ਜਿਸ ਦੇ ਅੱਖਰ ਗਿਆਨ ਨੂੰ ਸਿੱਖਣ ਵਿਚ ਤਕਰੀਬਨ ਤਿੰਨ ਚਾਰ ਸਾਲ ਲੱਗ ਜਾਂਦੇ ਹਨ। ਉਸ ਬਜ਼ੁਰਗ ਵਿਅਕਤੀ ਨੇ, ਉਸ ਹੈਰਾਨ ਹੋ ਰਹੇ ਭਾਰਤੀ ਸਖਸ਼ ਵੱਲ ਦੇਖ ਕੇ ਕਿਹਾ, ਤੂੰ ਮੇਰੀ ਇਸ ਪੜਾਈ ਕਾਰਨ ਹੈਰਾਨ ਹੋ ਰਿਹਾ ਹੈ ਨਾ, ਕਿ ਮੈਂ ਮਰਨ ਕਿਨਾਰੇ ਪਹੁੰਚਿਆ ਵਿਅਕਤੀ, ਚੀਨੀ ਭਾਸ਼ਾ ਸਿੱਖਣ ਦਾ ਯਤਨ ਕਰ ਰਿਹਾਂ। ਦਰਅਸਲ ਤੁਹਾਡੀ ਇਹ ਧਾਰਨਾ ਹੈ ਕਿ ਜਦੋਂ ਤਕ ਵਿਅਕਤੀ ਜਵਾਨ ਹੁੰਦਾ ਹੈ, ਉਦੋਂ ਤਕ ਪੜ੍ਹਦਾ ਹੈ ਤੇ ਸਾਡਾ ਇਹ ਫਲਸਫਾ ਹੈ ਕਿ ਜਦੋਂ ਤੱਕ ਵਿਅਕਤੀ ਪੜ੍ਹਦਾ ਰਹਿੰਦਾ ਹੈ ਉਹ ਜਵਾਨ ਰਹਿੰਦਾ ਹੈ।

ਸਾਰੀ ਗੱਲ ਨੂੰ ਸਮੇਟਦੇ ਹੋਏ, ਇਸ ਸਿੱਟੇ ਤੇ ਪਹੁੰਚਦੇ ਹੋਏ ਕਿ ਸਾਡੇ ਬੱਚੇ, ਸਾਡੇ ਗੱਬਰੂ ਅਤੇ ਮੁਟਿਆਰਾਂ ਅੱਜ ਨਵੇਂ ਪਰਿਪੇਖ ਵਿਚੋਂ ਲੰਘ ਰਹੇ ਹਨ।ਉਨ੍ਹਾਂ ਦੀ ਮਾਨਸਿਕਤਾ ਦੇ ਪੜਾਅ ਨਵੇਂ ਹਨ, ਗੁੰਝਲਦਾਰ ਹਨ।ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਨੂੰ ਅਸੀਂ ਸਮਝੀਏ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਪਹਿਲ ਕਰੀਏ। ਅਸੀਂ ਆਪਣੇ ਆਪ ਨੂੰ ਚਾਲੀ-ਪੰਜਾਹ ਸਾਲ ਪਿੱਛੇ ਨਾ ਕੇ ਜਾਈਏ ਤੇ ਉਸੇ ਤਰ੍ਹਾਂ ਦੀ ਸੋਚ ਨੂੰ ਲਾਗੂ ਕਰਕੇ ਅੱਜ ਦੀਆਂ ਸਮੱਸਿਆਵਾਂ ਦੇ ਰੂਬਰੂ ਨਾ ਹੋਈਏ। ਪਹਿਲੇ ਆਪਣੇ ਆਪ ਨੂੰ ਨਵੀਆਂ ਵਿਗਿਆਨਕ ਖੋਜ਼ਾਂ ਨਾਲ ਜੋੜੀਏ ਤੇ ਫਿਰ ਇਨਾਂ ਕਿਸ਼ੋਰਾਂ ਨਾਲ ਗੱਲਬਾਤ ਕਰੀਏ

ਸ਼ੁੱਭ ਸਵੇਰ, ਨਮਸਤੇ, ਸਤਿ ਸ੍ਰੀ ਅਕਾਲ! ਇਸ ਵਿਸਥਾਰ ਪੂਰਵਕ ਅਤੇ ਜਾਣਕਾਰੀ ਭਰਪੂਰ ਵਿਚਾਰਾਂ ਤੋਂ ਬਾਅਦ, ਅੱਜ ਦੂਸਰੇ ਦਿਨ, ਇਸ ਕਾਰਜਸ਼ਾਲਾ ਵਿੱਚ ਆਪ ਸਭ ਨੂੰ ਜੀ ਆਇਆਂ ਜਿਸ ਮਕਸਦ ਲਈ ਅਸੀਂ ਇੱਥੇ ਇੱਕਠੇ ਹੋਏ ਹਾਂ, ਉਸ ਮਕਸਦ ਨੂੰ ਅੱਗੇ ਵਧਾਉਂਦੇ ਹੋਏ, ਅੱਜ ਅਸੀਂ ਕੁਝ ਅਜਿਹੇ ਕਾਰਜ ਉਲੀਕਾਂਗੇ ਜੋ ਅਸੀਂ ਕਰਨ ਯੋਗ ਹਾਂ ਅਤੇ ਕਰਾਂਗੇ। ਕੱਲ ਅਸੀਂ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਤੁਹਾਥੋਂ ਦਸ ਸਵਾਲਾਂ ਦੇ ਜਵਾਬ ਪੁੱਛੇ ਸੀ। ਉਸਦੇ ਵਿਸ਼ਲੇਸ਼ਣ ਨੇ ਕਾਫੀ ਉਤਸ਼ਾਹਜਨਕ ਸਿੱਟੇ ਲਿਆਏ ਹਨ। ਤੁਸੀਂ ਸਾਰੇ ਹੀ ਜਾਗਰੂਕ ਅਧਿਆਪਕ ਹੋ। ਤੁਹਾਨੂੰ ਨਸ਼ਿਆਂ ਦੇ ਕਾਰਨਾਂ ਦੇ ਬਾਰੇ, ਉਨ੍ਹਾਂ ਨੂੰ ਨਜਿੱਠਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਹੈ।ਜੇਕਰ ਇੰਜ ਕਹਾਂ ਕਿ ਤੁਹਾਡੇ ਕੋਲ ਇਕ ਉਸਾਰੂ ਸੋਚ ਹੈ। ਇਸ ਸਭ ਦਾ ਵਿਸ਼ਲੇਸ਼ਣ ਕਰਕੇ, ਮੇਰੀ ਉਸ ਧਾਰਨਾ ਨੂੰ ਬਲ ਮਿਲਿਆ ਹੈ, ਜਦੋਂ ਕੱਲ ਮੈਂ ਕਿਹਾ ਸੀ ਇਸ ਕਾਰਜਸ਼ਾਲਾ ਲਈ ਤੁਹਾਡੀ ਚੋਣ ਵੇਲੇ, ਤੁਹਾਡੀ ਸੋਚ ਅਤੇ ਰੋਜਮਰ੍ਹਾ ਦੀਆਂ ਤੁਹਾਡੀਆਂ ਵਿਦਿਆਰਥੀਆਂ ਪ੍ਰਤੀ ਗਤੀਵਿਧੀਆਂ ਨੂੰ ਜਰੂਰ ਸਾਹਮਣੇ ਰੱਖਿਆ ਗਿਆ ਹੋਵੇਗਾ।

ਪਹਿਲਾ ਸਵਾਲ ਸੀ ਕਿ ਸ਼ਰਾਬ ਅਤੇ ਤੰਬਾਕੂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਨਸ਼ੇ ਕੀਤੇ ਜਾਂਦੇ ਹਨ। ਸਾਰਿਆਂ ਨੇ ਇਸ ਦਾ ਜਵਾਬ ਦਿੱਤਾ। ਘੱਟੋ ਘੱਟ ਤਿੰਨ ਅਤੇ ਵੱਧ ਤੋਂ ਵੱਧ ਦਸ ਹੋਰ ਨਸ਼ਿਆਂ ਬਾਰੇ ਜਿਕਰ ਕੀਤਾ। ਹੈਰਾਨੀ ਦੀ ਗੱਲ ਹੈ ਜਾਂ ਕਹੋ ਸਾਡੇ ਵਾਸਤੇ ਵੀ ਇਹ ਜਾਣਕਾਰੀ ਨਹੀਂ ਹੈ ਕਿ ਭੁੱਕੀ, ਅਫੀਮ, ਪੋਸਤ, ਧਤੂਰਾ, ਚਰਸ, ਗਾਂਜਾ, ਭੰਗ, ਸੁਲਫਾ, ਟੀਕੇ, ਕੈਪਸੂਲ, ਖੰਘ ਦੀ ਦਵਾਈ ਤੋਂ ਇਲਾਵਾ ਕਈਆਂ ਨੇ ਕੋੜ-ਕਿਰਲੀ, ਪਾਲਿਸ, ਮੇਕਅੱਪ ਦਾ ਸਮਾਨ ਅਤੇ ਪਟਰੋਲ ਨੂੰ ਵੀ ਨਸ਼ੇ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਜ਼ਿਕਰ ਕੀਤਾ। ਮੈਂ ਸਮਝਦਾ ਕਿ ਇਹ ਉਨ੍ਹਾਂ ਦੇ ਕਿਤੇ ਨਾ ਕਿਤੇ ਸੁਣੇ-ਦੇਖੇ ਤਜ਼ਰਬੇ ਦਾ ਹਿੱਸਾ ਜ਼ਰੂਰ ਹੋਵੇਗਾ। ਕੁਝ ਚੀਜਾਂ ਦਾ ਨਸ਼ੇ ਦੇ ਤੌਰ 'ਤੇ ਵਰਤੇ ਜਾਣਾ, ਮੇਰੇ ਲਈ ਵੀ ਨਵਾਂ ਹੈ। ਪਰ ਇਹ ਸਥਿਤੀ ਦੀ ਗੰਭੀਰਤਾ ਨੂੰ ਵੀ ਪ੍ਰਗਟਾਉਂਦੇ ਹਨ।

ਨਸ਼ੇ ਸ਼ੁਰੂ ਕਰਨ ਦੇ ਕਾਰਨਾਂ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ। ਪਰ ਤੁਹਾਡੇ ਸਵਾਲਾਂ ਦੇ ਵਿਸ਼ਲੇਸ਼ਣ ਨਾਲ ਕੁਝ ਵਿਗਿਆਨਕ ਨਜ਼ਰੀਏ ਤੋਂ ਤੱਥ ਸਾਹਮਣੇ ਆਏ। ਨਸ਼ਿਆਂ ਦੇ ਕਾਰਨਾਂ ਵਿੱਚ ਜੋ ਗੱਲ ਬਹੁਗਿਣਤੀ ਅਧਿਆਪਕਾਂ ਨੇ ਕਹੀ- ਉਹ ਸੀ ਪਿਆਰ ਦੀ ਘਾਟ, ਤਨਾਉਪੂਰਨ ਮਾਹੌਲ, ਬੁਰੀ ਸੰਗਤ, ਬੇਰੁਜਗਾਰੀ ਅਤੇ ਜਗਿਆਸੂ ਪ੍ਰਵਿਰਤੀ। ਇਸ ਤੋਂ ਇਲਾਵਾ ਇਹ ਇੱਕ ਲੰਬੀ ਸੂਚੀ ਬਣ ਜਾਂਦੀ ਹੈ ਜਿਵੇਂ ਰਾਜਨੀਤੀ, ਮਾਫੀਆ, ਜਿਆਦਾ ਪੈਸਾ ਕਮਾਉਣ ਦੀ ਦੌੜ, ਇਨਸਾਨੀਅਤ ਦੇ ਦੁਸ਼ਮਣ, ਬੱਚਿਆਂ ਨੂੰ ਇਗਨੋਰ ਕਰਨਾ, ਪਰਿਵਾਰਕ ਲੜਾਈ, ਗਰੀਬੀ ਮੁਢਲੀਆਂ ਜਰੂਰਤਾਂ ਦੀ ਅਪੂਰਤੀ, ਸਮਾਜਿਕ ਰੁਤਬਾ ਕਾਇਮ ਕਰਨੀ ਲਈ, ਫਿਲਮਾਂ, ਰੋਲਮਾਡਲ, ਨਕਲ ਕਰਨੀ, ਬੱਚਿਆਂ ਤੇ ਕੰਟਰੋਲ ਨਾ ਹੋਣਾ, ਮਾਂ ਪਿਉ ਦਾ ਅਵੇਸਲਾਪਣ ਜਾਂ ਗੈਰ ਜੁੰਮੇਵਾਰ ਹੋਣਾ, ਬੱਚਿਆਂ ਨੂੰ ਵਾਧੂ ਪੈਸੇ ਦੇਣੇ, ਮਾਨਸਿਕ ਪੱਧਰ ਦਾ ਕਮਜ਼ੋਰ ਹੋਣਾ, ਸ਼ੂਗਲ ਲਈ ਜਾਂ ਬੋਰੀਅਤ ਤੋਂ ਬਚਣ ਲਈ, ਸੈਕਸ ਪਾਵਰ ਵਧਾਉਣ ਲਈ, ਅਸੁਰਖਿਆ ਦੀ ਭਾਵਨਾ ਜਾਂ ਉਦਾਸੀ ਤੋਂ ਛੁਟਕਾਰਾ ਪਾਉਣ ਲਈ, ਵਿਦਿਆਰਥੀ-ਅਧਿਆਪਕਾਂ ਵਿੱਚ ਦੂਰੀ, ਮੁਕਾਬਲੇਬਾਜੀ (ਕੰਪੀਟੀਸ਼ਨ), ਗੈਰ ਜੁੰਮੇਵਾਰ ਅਧਿਆਪਕ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਆਲਾ ਦੁਆਲਾ, ਸਾਥੀਆਂ-ਆੜੀਆਂ ਦਾ ਦਬਾਅ ਆਦਿ।

ਇਸ ਲੰਮੀ ਸੂਚੀ ਤੋਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਤੁਹਾਡੀ ਨਜ਼ਰ ਵਿੱਚ ਸਮਾਜਿਕ ਵਰਤਾਰਾ ਕਿੰਨਾ ਵਸੀਹ ਹੈ। ਇਹ ਸਾਡੀ ਸਾਰਿਆਂ ਦੀ ਸਾਂਝੀ ਸਮਝ ਦਾ ਸਿੱਟਾ ਹੈ ਕਿ ਅਸੀਂ ਇੱਕ ਲੰਮੀ ਸੂਚੀ ਉਲੀਕ ਸਕੇ ਹਾਂ। ਇਕੱਲੇ ਇਕੱਲੇ ਬੈਠੇ ਸਾਨੂੰ ਆਪਣੇ ਮਾਹੌਲ ਮੁਤਾਬਕ ਇੱਕ-ਇੱਕ, ਦੋ-ਦੋ ਕਾਰਨ ਨਜ਼ਰ ਆਉਂਦੇ ਹਨ ਤੇ ਫਿਰ ਅਸੀਂ ਉਸ ਮੁਤਾਬਕ ਹੀ ਆਪਣਾ ਹੱਲ ਲੱਭਦੇ ਹਾਂ। ਅਸੀਂ ਸਿਰ-ਤੋੜ ਕੇ ਮਿਹਨਤ ਕਰਦੇ ਹਾਂ ਪਰ ਸਿੱਟੇ ਕਾਰਗਰ ਨਹੀਂ ਨਿਕਲਦੇ। ਕਾਰਨ ਹੈ ਕਿ ਸਾਨੂੰ ਉਨ੍ਹਾਂ ਵਧੇਰੇ ਕਾਰਨਾਂ ਬਾਰੇ ਪਤਾ ਹੀ ਨਹੀਂ ਹੁੰਦਾ ਜਾਂ ਜਿਸ ਕਾਰਨ ਨਾਲ ਨਜਿੱਠਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਉਹ ਕਾਰਨ ਸਾਡੇ ਵਾਲੀ ਸਥਿਤੀ ਵਿੱਚ ਹੁੰਦਾ ਹੀ ਨਹੀਂ। ਮੇਰਾ ਕਹਿਣ ਤੋਂ ਭਾਵ ਹੈ ਕਿ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ, ਉਹ ਹੈ ਕਿ ਇਸ ਨਸ਼ੇ ਦੀ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ। ਇਸ ਨੂੰ ਵੀ ਜੇਕਰ ਮੈਂ ਹੋਰ ਬੇਹਤਰ ਢੰਗ ਨਾਲ ਕਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਕਿਵ ਤਿਆਰ ਕਰੀਏ ਕਿ ਉਹ ਸਿਰਫ ਨਸ਼ੇ ਹੀ ਨਹੀਂ, ਹੋਰ ਸਮਾਜਿਕ ਬੁਰਾਈਆਂ ਦੀ ਗਿਰਫ਼ਤ ਵਿੱਚ ਆਉਣ ਤੋਂ ਬਚ ਸਕਣ।

ਕਿਸ਼ੋਰ ਵਰਗ ਵਿੱਚ ਨਸ਼ੇ ਦੀ ਸਮੱਸਿਆ: ਕਿੰਜ ਮਦਦ ਹੋਵੇ।

ਸਾਥੀਓ! ਹੁਣ ਸਮਾਂ ਹੈ ਕਿ ਅਸੀਂ ਅੱਜ ਫਿਰ ਉਸੇ ਤਰ੍ਹਾਂ ਛੇ ਗਰੁੱਪਾਂ ਵਿਚ ਬੈਠ ਕੇ ਚਰਚਾ ਕਰੀਏ ਕਿ ਇਸ ਸਮੱਸਿਆ ਲਈ ਜਾਂ ਬੱਚਿਆਂ ਵਿਚ ਚੇਤਨਤਾ ਪੈਦਾ ਕਰਨ ਲਈ ਜਾਂ ਕਹੀਏ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਨਾਲੇ ਅਸੀਂ ਆਪਣੇ ਪੱਧਰ ਤੇ ਕੀ ਕੁਝ ਕਰ ਸਕਦੇ ਹਾਂ, ਕਹਿਣ ਦਾ ਮੇਰਾ ਮਤਲਬ ਹੈ ਕਿ ਸਕੂਲ ਵਿਚ ਪੜ੍ਹਾਉਂਦੇ ਹੋਏ, ਸਕੂਲੀ ਵਾਤਾਵਰਨ ਵਿੱਚ ਇਨ੍ਹਾਂ ਬੱਚਿਆਂ ਦੀ ਕਿਵੇਂ ਮਦਦ ਹੋ ਸਕਦੀ ਹੈ। ਤਕਰੀਬਨ ਇੱਕ ਘੰਟੇ ਬਾਅਦ, ਉਸ ਤਰ੍ਹਾਂ ਛੇ ਰਿਪੋਰਟੀਅਰ, ਆਪਣੇ ਆਪਣੇ ਗਰੁੱਪ ਦੀ ਚਰਚਾ ਦਾ ਸੰਖੇਪ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਕਿ ਤੁਸੀਂ ਚਰਚਾ ਨੂੰ ਸ਼ੁਰੂ ਕਰੋ, ਮੈਂ ਸਿਰਫ ਇਕ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕੱਲ ਤੁਹਾਡੇ ਹੀ ਇਕ ਸਾਥੀ, ਜੋ ਕਿ ਮਨੋਵਿਗਿਆਨ ਦੇ ਵਿਸ਼ੇ ਦੀ ਮਾਹਿਰ ਨੇ, ਨਸ਼ਿਆਂ ਦੇ ਕਾਰਨਾਂ ਨੂੰ ਸਮਝਣ ਲਈ ਨਸ਼ਿਆਂ ਦਾ ਮਿਲਣਾ, ਮਨੁੱਖੀ ਮਨ ਦੀ ਬਣਤਰ ਅਤੇ ਵਾਤਾਵਰਨ ਬਾਰੇ ਗੱਲ ਕੀਤੀ। ਮਨੋਰੋਗ ਵਿਭਾਗ ਤੋਂ ਆਏ ਡਾਕਟਰ ਹੋਰਾਂ ਨੇ ਵੀ ਸਮਾਜ, ਮਾਨਸਿਕਤਾ ਅਤੇ ਜੀਵਕ ਪਹਿਲੂਆਂ ਬਾਰੇ ਗੱਲ ਕੀਤੀ। ਇਸੇ ਤਰ੍ਹਾਂ ਅੱਜ ਸਵੇਰੇ ਵੀ ਨਸ਼ਿਆਂ ਤੋਂ ਬਚਾਅ ਲਈ ਮੁੱਢਲੀ ਪੱਧਰ 'ਤੇ, ਵਿਅਕਤੀ ਨੂੰ ਸਮਝਣ ਅਤੇ ਮਦਦ ਕਰਨ ਬਾਰੇ, ਆਪਾਂ ਸਮੱਸਿਆ ਦਾ ਏਜੰਟ, ਵਾਤਾਵਰਨ ਅਤੇ ਇਨ੍ਹਾਂ ਦੋਹਾਂ ਦੀ ਆਪਸੀ ਮੇਲ-ਜੋਲ ਦਾ ਸ਼ਿਕਾਰ ਮਨੁੱਖ ਬਾਰੇ ਗੱਲ ਕੀਤੀ। ਭਾਵੇਂ ਇਹ ਤਿੰਨ ਪਹਿਲੂ ਹਨ, ਵੱਖ ਵੱਖ ਨਜ਼ਰ ਆਉਂਦੇ ਹਨ ਪਰ ਇਹ ਤਿੰਨੋਂ ਆਪਸ ਵਿੱਚ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਅਤੇ ਪ੍ਰਭਾਵਿਤ ਹੁੰਦੇ ਹਨ। ਸਾਡਾ ਮਕਸਦ ਹੈ ਕਿ ਅਸੀਂ ਮਨੁੱਖੀ ਪਹਿਲੂ ਤੇ ਆਪਣੇ ਆਪ ਨੂੰ ਕੇਂਦ੍ਰਿਤ ਕਰੀਏ। ਆਪਣਾ ਨਿਸ਼ਾਨਾ ਹੈ- ਬੱਚੇ, ਸਕੂਲ ਦਾ ਮਾਹੌਲ ਅਤੇ ਇਸ ਦੇ ਜ਼ਰੀਏ ਘਰ ਅਤੇ ਮਾਪੇ।

ਪਹਿਲੇ ਗਰੁੱਪ ਵਿਚੋਂ ਮੈਡਮ ਰਜਿੰਦਰ ਕੌਰ ਨੇ ਰਿਪੋਰਟ ਪੇਸ਼ ਕੀਤੀ, 'ਵੀਰੋ ਤੇ ਭੈਣੋ! ਸਾਡੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਬਹੁਤ ਵਧੀਆ-ਵਧੀਆ ਸੁਝਾਅ ਦਿੱਤੇ। ਕੁਝ ਸੁਝਾਅ ਜਿਸ 'ਤੇ ਅਸੀਂ ਖੁਦ ਵੀ ਸਕੂਲ ਜਾ ਕੇ ਕਾਰਜ ਕਰਾਂਗੇ ਉਹ ਹੈ ਕਿ ਸਵੇਰੇ ਅਸੈਂਬਲੀ ਦਾ ਸਮਾਂ ਬਹੁਤ ਹੀ ਢੁਕਵਾਂ ਸਮਾਂ ਹੈ, ਉਦੋਂ ਉਨ੍ਹਾਂ ਨੂੰ ਪ੍ਰੇਰਿਆ ਜਾਵੇ, ਸਮਝਾਇਆ ਜਾਵੇ। ਕੋਸ਼ਿਸ਼ ਹੋਵੇ ਕਿ ਬੱਚੇ ਹੀ ਆ ਕੇ ਬੋਲਣ। ਅਸੀਂ ਤਿਆਰੀ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਬੱਚੇ ਜਦੋਂ ਖੁਦ ਬੋਲਣਗੇ ਤਾਂ ਇਹ ਗੱਲ ਉਨ੍ਹਾਂ ਦੇ ਮਨਾਂ ਤੇ ਵੱਧ ਪ੍ਰਭਾਵਸ਼ਾਲੀ ਹੋਵੇਗੀ। ਨਸ਼ਿਆਂ ਦੀ ਖਿਲਾਫਤ ਕਰਨ ਲਈ, ਸਕੂਲ ਵਿੱਚ ਇੱਕ ਕਲੱਬ ਬਨਾਉਣ ਦੀ ਗੱਲ ਵੀ ਆਈ। ਇਸ ਦੀ ਬਣਤਰ ਲਈ ਸੁਝਾਅ ਆਇਆ ਕਿ ਤਕਰੀਬਨ ਹਰ ਕਲਾਸ ਵਿਚੋਂ ਇੱਕ ਇੱਕ ਬੱਚਾ ਲਿਆ ਜਾਵੇ। ਇਸ ਤਰ੍ਹਾਂ ਜਦੋਂ ਉਹ ਮਿਲਣਗੇ, ਨਸ਼ਿਆਂ ਬਾਰੇ ਗੱਲ ਕਰਨਗੇ, ਜੋ ਕਰਦੇ ਨੇ ਉਨ੍ਹਾਂ ਨੂੰ ਰੋਕਣਗੇ ਤਾਂ ਇਸ ਤਰ੍ਹਾਂ ਉਨ੍ਹਾਂ ਦਾ ਮਨੋਬਲ ਵਧੇਗਾ। ਸਭ ਤੋਂ ਅਹਿਮ ਅਤੇ ਜਰੂਰੀ ਹੈ, ਰੋਲ ਮਾਡਲ ਬਨਣ ਦੀ। ਅਧਿਆਪਕ ਦੇ ਵਿਵਹਾਰ ਨੂੰ ਬੱਚੇ ਅਪਨਾਉਂਦੇ ਨੇ। ਸਾਨੂੰ ਖੁਦ ਇਕ ਚੰਗੇ ਮਾਂ ਪਿਉ, ਇੱਕ ਵਧੀਆ ਅਧਿਆਪਕ ਦੀ ਤਸਵੀਰ ਬਨਾਉਣੀ ਚਾਹੀਦੀ ਹੈ। ਨੌਜਵਾਨਾਂ ਵਿਚ, ਜੋ ਸ਼ਕਤੀ ਹੈ, ਜੋ ਉਤਸ਼ਾਹ ਅਤੇ ਜੋਸ਼ ਹੈ ਉਸ ਨੂੰ ਵੀ ਕਿਸੇ ਰਾਹ ਪਾਉਣ ਲਈ ਖੇਡਾਂ ਆਦਿ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬਾਕੀ ਹੋਰ ਵੀ ਕਈ ਵਿਚਾਰ ਆਏ, ਪਰ ਅਸੀਂ ਇਨ੍ਹਾਂ ਨੂੰ ਵੱਧ ਤਰਜੀਹ ਦਿੰਦੇ ਹਾਂ ਕਿ ਇਹ ਸਾਡੇ ਆਪਣੇ, ਸਕੂਲ ਪੱਧਰ ਤੇ ਹੋਣ ਯੋਗ ਹਨ।

ਦੂਸਰੇ ਗਰੁੱਪ ਦੀ ਰਿਪੋਰਟਿੰਗ ਵਿਚ ਕੁਲਵੰਤ ਸਿੰਘ ਨੇ ਕਿਹਾ, 'ਬੱਚੇ ਇੱਕ ਸਾਫ ਸਲੇਟ ਵਾਂਗ ਹੁੰਦੇ ਹਨ, ਇਕ ਮਿੱਟੀ ਵਾਂਗ। ਇਨ੍ਹਾਂ ਉੱਪਰ ਜੋ ਲਿਖ ਦੇਵੋ ਲਿਖਿਆ ਜਾ ਸਕਦਾ ਹੈ, ਜਿਸ ਤਰ੍ਹਾਂ ਦਾ ਬਰਤਨ ਘੜ ਲਵੋ ਘੜਿਆ ਜਾ ਸਕਦਾ ਹੈ।ਘਰ ਦਾ ਮਾਹੌਲ ਸਭ ਤੋਂ ਅਹਿਮ ਹੈ ਜੋ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਹੈ। ਧਾਰਮਿਕ ਵਿਚਾਰ, ਨੈਤਿਕ ਸਿੱਖਿਆ ਇੱਕ ਤਰ੍ਹਾਂ ਦਾ ਬੰਨ੍ਹਣ ਲਗਾਉਂਦੇ ਹਨ, ਇੱਕ ਦਿਸ਼ਾ ਦਿੰਦੇ ਹਨ।ਸਕੂਲ ਦੇ ਪੱਧਰ 'ਤੇ ਅਧਿਆਪਕ ਮਾਪੇ ਸੰਸਥਾ (ਪੀ. ਟੀ. ਏ.) ਵਿੱਚ ਰਲ ਕੇ, ਬੱਚਿਆਂ ਬਾਰੇ ਗੱਲਬਾਤ ਕੀਤੀ ਜਾਵੇ। ਇਸ ਤੋਂ ਇਲਾਵਾ ਸਿਰਫ ਅਧਿਆਪਕਾਂ ਨੂੰ ਹੀ ਨਹੀਂ, ਸਮਾਜ ਦੇ ਹਰ ਵਰਗ ਜਿਵੇਂ ਪੁਲਿਸ, ਪ੍ਰਸ਼ਾਸਨ, ਸਵੈ-ਸੇਵੀ ਸੰਸਥਾਵਾਂ ਆਦਿ ਸਭ ਨੂੰ ਲਾਲਚ ਛੱਡ ਕੇ, ਪੈਸੇ ਦੀ ਦੌੜ ਨੂੰ ਪਾਸੇ ਰੱਖ ਕੇ, ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗੁਰਿੰਦਰਜੀਤ ਨੇ ਆਪਣੇ ਗਰੁੱਪ ਦੀ ਰਿਪੋਰਟ ਵਿਚ ਕੁਝ ਹੋਰ ਗੱਲਾਂ ਨੂੰ ਉਭਾਰਦੇ ਹੋਏ ਕਿਹਾ: ਅਧਿਆਪਕ ਸਾਥੀਓ! ਹਰ ਕੰਮ ਹੋ ਸਕਦਾ ਹੈ। ਸਾਡੀ ਟੀਮ ਨੇ ਜਾਗਰੂਕਤਾ ਦੇ ਪੱਖ ਤੋਂ, ਨਸ਼ਾ ਛੁੜਾਊ ਕੇਂਦਰ, ਸਰਕਾਰ-ਸਮਾਜ ਦੀ ਭੂਮਿਕਾ, ਪਰਿਵਾਰ ਦਾ ਸਹਿਯੋਗ, ਨਸ਼ੇ ਸ਼ਰੇਆਮ ਮਿਲਣੇ ਆਦਿ ਸਾਰੇ ਪਹਿਲੂਆਂ 'ਤੇ ਗੱਲ ਕੀਤੀ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਰੇ ਸਮਾਜ ਨੂੰ, ਪੂਰੀ ਵਿਵਸਥਾ ਨੂੰ, ਇਸ ਸਿਸਟਮ ਨੂੰ ਓਵਰਹਾਲ ਕਰਨ ਵਾਲਾ ਹੈ। ਅਜੋਕੇ ਸਮੇਂ ਵਿੱਚ ਟੀ.ਵੀ. ਦੀ ਭੂਮਿਕਾ ਤੇ ਵੀ ਗੱਲ ਕੀਤੀ। ਜਿੱਥੇ ਪਹਿਲਾਂ ਸਾਡੇ ਸਾਥੀ ਨੇ ਅਧਿਆਪਕਾਂ ਨੂੰ ਰੋਲ ਮਾਡਲ ਬਨਣ ਦੀ ਗੱਲ ਕੀਤੀ, ਉੱਥੇ ਮੀਡੀਆ ਵਿੱਚੋਂ ਐਕਟਰਾਂ ਅਤੇ ਹੋਰ ਹਸਤੀਆਂ ਨੂੰ ਨਸ਼ੇ ਦਾ ਸੇਵਨ ਕਰਨ ਅਤੇ ਉਨ੍ਹਾਂ ਨੂੰ ਰੋਲ ਮਾਡਲ ਬਨਾਉਣ ਦੀ ਗੱਲ ਵਿਚਾਰੀ। ਬੱਚਿਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਚੇਤ ਕਰਨ ਦੀ ਲੋੜ ਹੈ।

.....ਸਕੂਲ ਅਸੈਂਬਲੀ, ਨਸ਼ਾ ਵਿਰੋਧੀ ਵਿਦਿਆਰਥੀ ਕਲੱਬ, ਉਨ੍ਹਾਂ ਲਈ ਸ਼ਾਮੀਂ 4 ਤੋਂ 6 ਵਜੇ ਤੱਕ ਖੇਡਾਂ ਤਾਂ ਹੋਰ ਵਰਗ ਦੇ ਮੈਂਬਰਾਂ ਨੇ ਵੀ ਕਹਿ ਦਿੱਤੀਆਂ ਹਨ, ਪਰ ਸਕੂਲ ਦੇ ਬਸਤੇ, ਪੈਂਟ ਕਮੀਜ ਦੀਆਂ ਜੇਬਾਂ ਦੀ ਤਲਾਸ਼ੀ ਕਰਨੀ ਚਾਹੀਦੀ ਹੈ। ਤੰਬਾਕੂ ਦੇ ਕੁਝ ਤਿਨਕੇ ਜਾਂ ਗੋਲੀ ਕੈਪਸੂਲ ਆਦਿ ਮਿਲਣ 'ਤੇ ਸ਼ੱਕ ਕੀਤਾ ਜਾ ਸਕਦਾ ਹੈ ਤੇ ਫਿਰ ਜੋ ਬੱਚੇ ਸਕੂਟਰਾਂ ਆਦਿ 'ਤੇ ਆਉਂਦੇ ਹਨ, ਉਨ੍ਹਾਂ ਦੀ ਡਿੱਕੀ ਜਾਂ ਸਾਈਕਲਾਂ ਦੀ ਟੋਕਰੀ ਵਿਚ ਵੀ ਤਲਾਸ਼ੀ ਲਈ ਜਾ ਸਕਦੀ ਹੈ। ਮਾਂ ਪਿਉ ਨੂੰ ਵੀ ਇਸ ਬਾਰੇ ਦੱਸਿਆ ਜਾ ਸਕਦਾ ਹੈ ਕਿ ਉਹ ਗਾਹੇ-ਬਗਾਹੇ ਬੱਚਿਆਂ ਦੇ ਕੱਪੜਿਆਂ ਦੀ ਤਲਾਸ਼ੀ ਲੈਣ। ਇਹ ਬੱਚਿਆਂ 'ਤੇ ਨਿਗਰਾਨੀ ਕਰਨ ਦਾ ਹੀ ਇਕ ਤਰੀਕਾ ਹੈ। ਇਸ ਨਾਲ ਬੱਚਿਆਂ ਨੂੰ ਨਸ਼ੇ ਕਰਨ ਦੀ ਮੁੱਢਲੀ ਅਵਸਥਾ ਵਿੱਚ ਹੀ ਸੰਭਾਲਿਆ ਜਾ ਸਕਦਾ ਹੈ।

....ਨਸ਼ਿਆਂ ਪ੍ਰਤੀ ਜਾਗਰੂਕਤਾ ਦੀ ਗੱਲ ਕੋਈ ਇਕ ਅੱਧਾ ਪ੍ਰੋਗਰਾਮ ਕਰਵਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਇਹ ਇੱਕ ਰੋਜਾਨਾ ਦੀ ਗੱਲ ਹੋਣੀ ਚਾਹੀਦੀ ਹੈ। ਨਸ਼ੇ ਕਰਨ ਵਾਲੇ ਬੱਚੇ ਜਾਂ ਵਿਅਕਤੀ ਨੂੰ ਵੀ ਲਗਾਤਾਰ ਸਲਾਹ ਦੀ ਲੋੜ ਹੁੰਦੀ ਹੈ। ਕੌਂਸਲਿੰਗ ਲਗਾਤਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਂ ਪਿਉ-ਪਰਿਵਾਰ ਜਾਂ ਸਕੂਲ ਵਿੱਚ ਖੁੱਲ੍ਹ ਅਤੇ ਕੰਟਰੋਲ ਦਾ ਇੱਕ ਸੰਤੁਲਨ ਹੋਣਾ ਲਾਜਮੀ ਹੈ। ਖੁੱਲ੍ਹ ਵੀ ਜਰੂਰੀ ਹੈ। ਕਿਸ਼ੋਰ ਬੱਚੇ, ਵੱਡੇ ਹੋ ਰਹੇ ਬੱਚੇ ਆਜ਼ਾਦੀ ਚਾਹੁੰਦੇ ਹਨ, ਇਹ ਜਰੂਰੀ ਹੈ, ਪਰ ਉਨ੍ਹਾਂ ਨੂੰ ਬੇਕਾਬੂ ਹੋਣ ਦਿੱਤਾ ਜਾਵੇ ਇਹ ਠੀਕ ਨਹੀਂ ਹੈ। ਸਾਥੀਓ! ਇਕ ਵਾਰੀ ਫਿਰ ਕਹਾਂਗੇ। ਮੈਂ ਕੀ ਕਹਿਣਾ ਹੈ, ਤੁਸੀਂ ਸਾਰਿਆਂ ਨੇ ਚਰਚਾ ਵਿਚ ਹਿੱਸਾ ਲਿਆ ਹੈ। ਇਹ ਤੁਹਾਡੇ ਵੱਖ ਵੱਖ ਵਿਚਾਰ, ਤੁਸੀਂ ਸਭ ਨੇ ਸੁਣੇ ਹਨ। ਯਕੀਨਨ ਤੁਹਾਡੇ ਮਨ ਵਿਚ ਇਕ ਜਜ਼ਬਾ ਵੀ ਹੈ, ਵਿਚਾਰ ਤਾਂ ਹਨ ਹੀ, ਤੁਸੀਂ ਆਪਣੀ ਸਮਰਥਾ ਮੁਤਾਬਕ ਜਰੂਰ ਕੁਝ ਕਰੋਂਗੇ। ਤੁਹਾਡੇ ਵਿਚਾਰਾਂ ਨਾਲ ਮੈਂ ਕੁਝ ਕੁ ਗੱਲਾਂ ਹੋਰ ਜੋੜਨਾ ਚਾਹੁੰਦਾ। ਪਹਿਲੀ ਗੱਲ ਤਾਂ ਜੋ ਮਨੋਬਲ ਵਧਾਉਣ ਦੀ ਹੈ, ਨਸ਼ਾ ਰੋਕੂ ਕਲੱਬ ਬਨਾਉਣ ਦੀ ਗੱਲ ਹੈ ਉਹ ਬਹੁਤ ਹੀ ਸਾਰਥਕ ਹੈ, ਬਹੁਤ ਹੀ ਜਿਆਦਾ। ਕਿਉਂਕਿ ਇਸ ਉਮਰ ਦੀ ਇੱਕ ਮਾਨਸਿਕਤਾ ਹੈ, ਹਮਉਮਰ ਦੋਸਤਾਂ ਦਾ ਦਬਾਅ।ਇਹ ਕਲੱਬ ਵੀ ਉਸੇ ਮਾਨਸਿਕਤਾ ਦੇ ਆਧਾਰ 'ਤੇ ਕੰਮ ਕਰ ਸਕਦੇ ਹਨ। ਇਹ ਦੋਸਤ, ਇਸ ਕਲੱਬ ਦੇ ਮੈਂਬਰ, ਆਪਣੇ ਆਪ ਨੂੰ ਨਸ਼ਾ ਨਾ ਕਰਨ ਵਾਲੇ ਗਰੁੱਪ ਦੇ ਤੌਰ 'ਤੇ ਪਛਾਨਣਗੇ ਤੇ ਨਾਲ ਹੀ ਆਪਣੇ ਦਬਾਅ ਨਾਲ ਨਸ਼ਾ ਕਰ ਰਹੇ ਹੋਰ ਸਾਥੀਆਂ ਨੂੰ, ਨਸ਼ਾ ਛੁੜਾ ਕੇ ਆਪਣੇ ਗਰੁੱਪ ਵਿੱਚ ਆਉਣ ਲਈ ਪ੍ਰੇਰਣਗੇ। ਇਕ ਗੱਲ ਜੋ ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਨੇਮਾਂ ਦਾ ਮੂਲ ਮਨੋਰਥ ਹੈ ਕਿ ਲੋਕਾਂ ਨੂੰ ਬੰਧਨ ਵਿੱਚ ਰਖਣਾ। ਕੁਝ ਛੋਟ ਦੇਣੀ, ਕੁਝ ਬੰਧਣ ਲਗਾਉਣੇ। ਇਸ ਦਾ ਸਾਡੇ ਕੋਲ ਉਦਾਹਰਨ ਹੈ, ਨਸ਼ੇ ਦੇ ਪੱਖ ਤੋਂ। ਬਹੁਗਿਣਤੀ ਔਰਤਾਂ ਨਸ਼ੇ ਨਹੀਂ ਕਰਦੀਆਂ। ਉਨ੍ਹਾਂ ਦੇ ਮਨ ਵਿੱਚ ਇਹ ਬੈਠਾਇਆ ਗਿਆ ਹੈ ਕਿ ਨਸ਼ੇ ਔਰਤਾਂ ਲਈ ਵਰਜਿਤ ਹਨ। ਸਰੀਰਕ ਤੌਰ 'ਤੇ ਔਰਤਾਂ ਮਰਦਾਂ ਵਿਚ ਅਜਿਹੀ ਕੋਈ ਖਾਸ ਫਰਕ ਵਾਲੀ ਗੱਲ ਨਹੀਂ ਹੁੰਦੀ। ਇਹ ਸਮਾਜਿਕ ਵਰਤਾਰਾ ਹੈ। ਅਜਿਹਾ ਹੀ ਕੋਈ ਬੰਧਨ, ਅਸੀਂ ਜ਼ਿੰਦਗੀ ਨਾਲ ਜੋੜ ਕੇ, ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ। ਪਰ ਇਹ ਬੰਧਨ ਲਾਗੂ ਕਰਨ ਵਾਲਾ, ਖੁਦ ਵੀ ਇੱਕ ਰੋਲ-ਮਾਡਲ ਹੋਵੇ। ਵਰਕਸ਼ਾਪ ਦੇ ਇਸ ਪੜਾਅ 'ਤੇ, ਮੈਂ ਤੁਹਾਡੇ ਸਭ ਨਾਲ ਇਕ ਹੋਰ ਅਹਿਮ ਗੱਲ ਵੀ ਸਾਂਝੀ ਕਰਨਾ ਚਾਹ ਰਿਹਾ। ਤੁਹਾਡੇ ਦਸ ਸਵਾਲਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਨਸ਼ੇ ਛੁੜਾਉਣ ਲਈ ਤੁਸੀਂ ਸਕੂਲ ਪੱਧਰ ਤੇ ਕੀ ਕਰੋਗੇ। ਤੁਸੀਂ ਗਰੁੱਪ ਚਰਚਾ ਵਿੱਚ ਕੁਝ ਗੱਲਾਂ ਸਭ ਨਾਲ ਸਾਂਝੀਆਂ ਕੀਤੀਆਂ ਹਨ, ਪਰ ਮੈਂ ਤੁਹਾਡੇ ਵਲੋਂ ਦਿੱਤੇ ਉਨ੍ਹਾਂ ਜਵਾਬਾਂ ਵਿੱਚੋਂ ਕੁਝ ਹੋਰ ਗੱਲਾਂ ਤੁਹਾਡੇ ਸਭ ਤੱਕ ਪਹੁੰਚਾਉਣਾ ਚਾਹੁੰਦਾ।ਬਿਨਾਂ ਕਿਸੇ ਨਾਂ ਤੋਂ, ਉਨ੍ਹਾਂ ਸਾਰਿਆਂ ਨੂੰ ਪੜ੍ਹਦੇ ਹੋਏ, ਜੋ ਨੁਕਤੇ ਮੈਨੂੰ ਵਖਰੇ ਲੱਗੇ ਉਨ੍ਹਾਂ ਨੂੰ ਵੱਖਰੇ ਕਾਗਜ ਤੇ ਲਿਖ ਲਿਆ ਸੀ, ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾਂ। ਆਪਣੇ ਆਪ ਨੂੰ ਬੱਚਿਆਂ ਸਾਹਮਣੇ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ।

* ਬੱਚਿਆਂ ਨੂੰ ਕੋਈ ਵੀ ਸਮੱਸਿਆ ਬਿਨਾਂ ਝਿਜਕ ਸਾਂਝੀ ਕਰਨ ਦੀ ਪ੍ਰੇਰਣਾ ਦਿੱਤੀ ਜਾਵੇਗੀ।

* ਕੋਈ ਬੱਚਾ ਜਿਹੜਾ ਅਕਸਰ ਘਰੋਂ ਸਕੂਲ ਆਉਂਦਾ ਹੈ ਪਰ ਸਕੂਲ ਨਹੀਂ ਪਹੁੰਚਦਾ, ਅਕਸਰ ਗੈਰ ਹਾਜਰ ਰਹਿੰਦਾ ਹੈ, ਉਸ ਨੂੰ ਇਕੱਲਿਆਂ ਬੈਠਾ ਕੇ ਉਸ ਦੀ ਮੁਸ਼ਕਿਲ ਦਾ ਪਤਾ ਟੀਚਰ ਨੂੰ ਲਗਾਉਣਾ ਚਾਹੀਦਾ ਹੈ।

*ਬੱਚਿਆਂ ਦੇ ਸਾਰੇ ਸਾਲ ਦਾ ਰਿਕਾਰਡ, ਜਿਵੇਂ ਕਿ ਸਾਰੇ ਟੈਸਟਾਂ ਦੇ ਨੰਬਰ, ਖੇਡਾਂ ਦੀਆਂਪ੍ਰਾਪਤੀਆਂ, ਡਿਬੇਟ-ਡੈਕਲਾਮੇਸ਼ਨ ਮੁਕਾਬਲਿਆਂ ਵਿਚ ਹਿੱਸਾ ਲਿਆ ਜਾਂ ਨਹੀਂ, ਭਾਸ਼ਨ ਮੁਕਾਬਲੇ, ਸਵੇਰ ਦੀ ਸਭਾ ਵਿਚ ਖਬਰਾਂ ਪੜਣਾ ਆਦਿ ਸਾਰਾ ਕੁਝ ਵੱਖਰੇ ਵੱਖਰੇ ਵਿਦਿਆਰਥੀਆਂ ਦਾ ਲਿਖਣਾ ਚਾਹੀਦਾ ਹੈ। ਉਨ੍ਹਾਂ ਦੇ ਫੈਮਲੀ ਮੈਂਬਰ, ਉਨ੍ਹਾਂ ਦਾ ਕਾਰੋਬਾਰ ਸਾਰਾ ਕੁਝ ਦੱਸਣਾ ਚਾਹੀਦਾ ਹੈ। ਇਸ ਤੋਂ ਸਾਨੂੰ ਪਤਾ ਲਗ ਸਕਦਾ ਹੈ ਕਿ ਵਿਦਿਆਰਥੀ ਕਿੱਥੇ ਖਲੋਤਾ ਹੈ। ਉਸ ਦੀ ਹਾਜਰੀ ਤੇ ਗੈਰ ਹਾਜਰੀ ਬਾਰੇ ਵੀ ਵੇਰਵੇ ਦੇਣੇ ਚਾਹੀਦੇ ਹਨ।

* ਬੱਚੇ ਦੇ ਸੰਸਕਾਰ ਉਸ ਨੂੰ ਸੇਧ ਦਿੰਦੇ ਹਨ।ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣੋ। ਪਰਿਵਾਰ ਦਾ ਮਾਹੌਲ ਕਿਹੋ ਜਿਹਾ ਹੈ, ਅਗਰ ਪਰਿਵਾਰ ਵਿੱਚ ਵੀ ਨਸ਼ੇ ਹਨ ਤਾਂ ਇਸ ਤੋਂ ਇਹ ਕਿਵੇਂ ਬਚ ਸਕਦੇ ਹਨ।

* ਵਿਦਿਆਰਥੀਆਂ ਨਾਲ ਹਰ ਪੀਰੀਅਡ ਵਿਚ ਪਹਿਲਾਂ 2-4 ਮਿੰਟ ਉਨ੍ਹਾਂ ਨਾਲ ਇਸ ਪ੍ਰਕਾਰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਉਹ ਸਾਨੂੰ ਕਰੀਬ ਸਮਝਣ।

*ਬੱਚਿਆਂ ਨੂੰ ਛੋਟੀਆਂ-ਛੋਟੀਆਂ ਐਕਟੀਵਿਟੀਆਂ (ਕੰਮਾਂ) ਵਿੱਚ ਰੁਝਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਪਲਾਂਟ ਕੋਲੈਕਸ਼ਨ, ਲੀਫ ਕੋਲੈਕਸ਼ਨ, ਨਿਊਜ ਪੇਪਰ ਕਟਿੰਗ ਆਦਿ। ਇਸ ਤਰ੍ਹਾਂ ਉਨ੍ਹਾਂ ਦੀ ਅਨਰਜੀ (ਸ਼ਕਤੀ) ਦਾ ਚੈਨਲ ਚੇਂਜ ਕਰ ਦੇਣਾ ਚਾਹੀਦਾ ਹੈ।

*ਬੱਚਿਆਂ ਨੂੰ ਇਹ ਭਰੋਸਾ ਹੋਵੇ ਕਿ ਉਨ੍ਹਾਂ ਦੇ ਅਧਿਆਪਕ ਇਸ ਬੁਰਾਈ ਤੋਂ ਬਹੁਤ ਦੂਰ ਹਨ।

*ਨਸ਼ਿਆਂ ਪ੍ਰਤੀ ਜਾਗਰਤੀ ਲਈ ਵਿਦਿਆਰਥੀ ਕਮੇਟੀ ਬਨਾਈ ਜਾਵੇਗੀ ਅਤੇ ਉਸ ਨੂੰ ਅਗਵਾਈ ਦਿੱਤੀ ਜਾਏਗੀ।

*ਧਾਰਮਿਕ ਸਖਸ਼ੀਅਤਾਂ, ਸਮਾਜ ਦੀਆਂ ਹੋਰ ਸਖਸ਼ੀਅਤਾਂ ਨੂੰ ਬੁਲਾ ਕੇ ਬੱਚਿਆਂ ਨੂੰ ਪ੍ਰੇਰਿਤ ਕਰਵਾਉਣਾ।

*ਚੰਗੀ ਅਖਬਾਰ, ਚੰਗਾ ਸਾਹਿਤ, ਚੰਗੇ ਰਸਾਲੇ ਪੜ੍ਹਨ ਲਈ ਪ੍ਰੇਰਿਤ ਕਰਨਾ। ਗਰੀਬ ਬੱਚਿਆਂ ਦੀ ਮਦਦ ਕਰਕੇ ਉਨ੍ਹਾਂ ਦੀ ਹੀਣ-ਭਾਵਨਾ ਨੂੰ ਦੂਰ ਕਰਨਾ। ਬੱਚਿਆਂ ਨੂੰ ਨਸ਼ਾ ਵਿਰੋਧੀ ਪ੍ਰੋਜੈਕਟ ਦੇਣੇ।

*ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਨਸ਼ੀਲੀਆਂ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ (ਅਫੀਮ, ਸਮੈਕ, ਗਾਂਜਾ ਆਦਿ) ਦੇ ਹਾਨੀਕਾਰਕ ਅਤੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤਾਂ ਜੋ ਉਹ ਆਪਣੇ ਸਾਥੀ ਜਾਂ ਪਰਿਵਾਰ ਵਿਚ ਜੇ ਕੋਈ ਮੈਂਬਰ ਅਜਿਹੇ ਨਸ਼ੇ ਕਰਦਾ ਹੋਵੇ, ਨੂੰ ਮਾੜੇ ਪ੍ਰਭਾਵ ਬਾਰੇ ਦੱਸਣ ਤੇ ਉਨ੍ਹਾਂ ਦੀ ਬਰਬਾਦ ਹੋ ਰਹੀ ਜ਼ਿੰਦਗੀ ਨੂੰ ਬਚਾ ਸਕਣ।

ਸਾਥੀਓ! ਸਾਡੇ ਕੋਲ ਅੱਜ ਮਨੋਰੋਗ ਵਿਭਾਗ ਤੋਂ ਡਾਕਟਰ ਗਰਗ ਆਏ ਹਨ। ਇਹ ਨਸ਼ਾ

ਛੁੜਾਉ ਕੇਂਦਰ ਦੇ ਵੀ ਇੰਚਾਰਜ ਹਨ। ਇਹ ਸਾਨੂੰ ਨਸ਼ਾ ਛੁੜਾਉਣ ਦੀ ਪ੍ਰਕ੍ਰਿਆ ਬਾਰੇ ਦੱਸਣਗੇ। ਆਪਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਰਾਹੀਂ ਅਸੀਂ ਮਾਪਿਆਂ ਤਕ, ਅੱਗੇ ਸਮਾਜ ਦੇ ਹੋਰ ਮੈਂਬਰਾਂ ਤੱਕ ਪਹੁੰਚ ਕਰਨੀ ਹੈ। ਇਹ ਗੱਲਾਂ, ਬੱਚਿਆਂ ਰਾਹੀਂ ਘਰ-ਪਰਿਵਾਰ ਵਿਚ ਪਹੁੰਚਣੀਆਂ ਹੀ ਹਨ। ਫਿਰ ਕੋਈ ਵੀ, ਨਸ਼ੇ ਤੋਂ ਤੰਗ ਆਇਆ, ਪਰਿਵਾਰ ਜਾਂ ਵਿਅਕਤੀ ਤੁਹਾਨੂੰ ਪੁੱਛ ਸਕਦਾ ਹੈ, ਉਸ ਤੋਂ ਵੀ ਇਲਾਵਾ ਸਕੂਲੀ ਉਮਰ ਤੇ ਨਸ਼ੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸੰਪਰਕ ਵਿੱਚ ਆਇਆ ਕੋਈ ਬੱਚਾ, ਜਿਸ ਦੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ, ਉਸ ਲਈ ਇਹ ਡਾਕਟਰ ਤੁਹਾਡੇ ਨਾਲ ਗੱਲਾਂ ਕਰਨਗੇ।ਡਾਕਟਰ ਗਰਗ ਨੇ ਆਪਣੀ ਗੱਲ ਸ਼ੁਰੂ ਕੀਤੀ।

ਮਾਣਯੋਗ ਅਧਿਆਪਕ ਭੈਣੋਂ ਤੇ ਭਰਾਵੋ! ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਵੱਖ ਵੱਖ ਮਾਹਿਰਾਂ ਵਲੋਂ ਤੁਹਾਡੇ ਨਾਲ ਗੱਲਬਾਤ ਹੋਈ ਹੈ। ਨਸ਼ਿਆਂ ਪ੍ਰਤੀ ਕੁਝ ਗਲਤ ਧਾਰਨਾਵਾਂ ਵੀ ਸਮਾਜ ਵਿਚ ਮੌਜੂਦ ਹਨ। ਆਮ ਤੌਰ ਤੇ ਅਸੀਂ ਇਸ ਆਦਤ ਦਾ ਕਾਰਨ ਪੂਰੀ ਤਰ੍ਹਾਂ ਨਾ ਸਮਝਦੇ ਹੋਏ ਇਹ ਕਹਿ ਦਿੰਦੇ ਹਾਂ ਕਿ ਇਸ ਦਾ ਵਿਆਹ ਕਰ ਦੇਵੋ, ਆਪੇ ਸੁਧਰ ਜਾਵੇਗਾ। ਜੁੰਮੇਵਾਰੀ ਦਾ ਬੋਝ ਪਵੇਗਾ, ਕੁਝ ਉਹ ਸਮਝਾਵੇਗੀ ਵਗੈਰਾ। ਪਰ ਇਹ ਧਾਰਨਾ ਗਲਤ ਹੈ ਸਗੋਂ ਬਹੁਤੀ ਵਾਰੀ ਇਸ ਨਾਲ, ਸਥਿਤੀ ਪਹਿਲਾਂ ਤੋਂ ਵੀ ਵਿਗੜ ਜਾਂਦੀ ਹੈ। ਦੂਸਰਾ ਇਹ ਵੀ ਗਲਤ ਸੋਚ ਹੈ ਕਿ ਮਾਂ ਪਿਉ ਇਹ ਕਹਿਣ ਜੇ ਤੂੰ ਪੀਣੀ ਹੈ ਤਾਂ ਘਰੇ ਬੈਠ ਕੇ ਪੀਆ ਕਰ। ਘਰੇ ਕੰਟਰੋਲ ਵਿੱਚ ਪੀਵੇਂਗਾ। ਵਿਅਕਤੀ ਸ਼ਰਮ ਵਿੱਚ ਰਹੇਗਾ ਵਗੈਰਾ। ਇਹ ਵੀ ਕੋਈ ਹੱਲ ਜਾਂ ਤਰੀਕਾ ਨਹੀਂ। ਜੋ ਵੀ ਵਿਅਕਤੀ ਨਸ਼ਿਆਂ ਦੀ ਗਿਰਫ਼ਤ ਵਿਚ ਹੈ, ਉਸ ਨੂੰ ਇਕ ਮਰੀਜ ਸਮਝ ਕੇ, ਉਸ ਦਾ ਸਹੀ, ਵਿਗਿਆਨਕ ਇਲਾਜ ਕਰਵਾਉਣ ਚਾਹੀਦਾ ਹੈ। ਉਸ ਬਾਰੇ ਮਾਹਿਰ ਡਾਕਟਰ ਪਾਸ ਜਾ ਕੇ, ਉਸ ਦੀ ਮਦਦ ਕਰਨੀ ਚਾਹੀਦੀ ਹੈ। ਨਸ਼ਈ ਵਿਅਕਤੀ ਲਈ, ਵੱਖ ਵੱਖ ਨਸ਼ਿਆਂ ਸਬੰਧੀ ਸ਼ਰਾਬ ਲਈ ਵੱਖ, ਅਫੀਮ ਅਤੇ ਸਮੈਕ ਲਈ ਵੱਖ, ਵੱਖ-ਵੱਖ ਇਲਾਜ ਹੈ।ਇਲਾਜ ਘਰੇ ਰਹਿ ਕੇ ਵੀ ਹੋ ਸਕਦਾ ਹੈ, ਦਾਖਿਲ ਕਰਵਾ ਕੇ ਵੀ। ਇਹ ਮਰੀਜ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਇਹ ਸਾਰੀਆਂ ਤਕਨੀਕੀ ਗੱਲਾਂ ਨੇ। ਜੋ ਵਿਸ਼ੇਸ਼ ਤੌਰ ਤੇ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ, ਉਹ ਇਹ ਹੈ ਕਿ ਨਸ਼ੇ ਛੱਡਣ ਲਈ ਕੋਈ ਦਾਖਿਲ ਹੋਵੇ ਜਾਂ ਘਰੇ ਰਹਿ ਕੇ ਇਹ ਕਰੇ, ਉਸ ਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਹੈ। ਬੱਚਿਆਂ ਵਿਚ ਨਸ਼ਾ ਛੁੜਾਉਣ ਤੋਂ ਬਾਅਦ ਅਤੇ ਪਹਿਲੋਂ ਵੀ ਉਨ੍ਹਾਂ ਦੀ ਮਦਦ ਕਰਨ ਦੇ ਮਕਸਦ ਨਾਲ, ਉਨ੍ਹਾਂ ਨੂੰ ਦੋਸਤ ਸਮਝ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹ ਇਸ ਲਈ ਕਿ ਸਮਾਜ ਵਿਚ ਨਸ਼ਈਆਂ ਪ੍ਰਤੀ ਇਕ ਨਫ਼ਰਤ ਵਾਲਾ ਮਾਹੌਲ ਹੈ। ਇਹ ਠੀਕ ਹੈ, ਪਰ ਨਸ਼ਈ ਪ੍ਰਤੀ ਇਹ ਰਵਈਆ ਕੋਈ ਵਧੀਆ ਸਿੱਟੇ ਨਹੀਂ ਕੱਢਦਾ, ਸਗੋਂ ਇਸ ਦਾ ਨੁਕਸਾਨ ਹੀ ਹੁੰਦਾ ਹੈ। ਉਸ ਦੀ ਇਸ ਤਰ੍ਹਾਂ ਮਦਦ ਕਰੋ ਕਿ ਉਸ ਨੂੰ ਮਹਿਸੂਸ ਹੋਵੇ ਕਿ ਤੁਸੀਂ ਉਸ ਦੀ ਮਦਦ ਕਰਨਾ ਚਾਹ ਰਹੇ ਹੋ। ਤੁਹਾਡੇ ਵਿਵਹਾਰ ਵਿਚੋਂ, ਉਨ੍ਹਾਂ ਨੂੰ ਆਪਣਾਪਣ ਝਲਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੰਗਤ ਅਜਿਹੀ ਨਾ ਹੋਵੇ ਕਿ ਉਹ ਉਨ੍ਹਾਂ ਨੂੰ ਨਸ਼ਿਆਂ ਲਈ ਪ੍ਰੋ, ਕਿਉਂਕਿ ਉਨ੍ਹਾਂ ਵਿਚ ਜਾ ਕੇ, ਬੈਠ ਕੇ ਉਸ ਨੂੰ ਦੁਬਾਰਾ ਤੋਂ ਲਲਕ ਉਠ ਸਕਦੀ ਹੈ। ਇਸ ਤਰ੍ਹਾਂ ਸ਼ਾਮ ਦੇ ਸਮੇਂ ਕੋਈ ਵਧੀਆ ਰੁਝੇਵਾਂ ਹੋਵੇ। ਉਹ ਸਮਾਂ ਕਿਸੇ ਉਸਾਰੂ ਕੰਮ ਵਿਚ ਲਗਾਇਆ ਜਾਵੇ ਤਾਂ ਨਸ਼ਾ ਛੱਡਣ ਵਿਚ ਅਸਾਨੀ ਹੁੰਦੀ ਹੈ।

ਸਾਥੀਓ! ਆਪਾਂ ਅੱਜ ਅਤੇ ਕਲ੍ਹ ਦੋ ਦਿਨਾਂ ਦੀ ਚਰਚਾ ਦਾ ਨਿਚੋੜ ਅਤੇ ਡਾਕਟਰ ਗਰਗ ਦੇ ਦੱਸੇ ਗਏ ਨੁਕਤਿਆਂ ਤੇ ਵਿਚਾਰ ਕਰੀਏ ਤਾਂ ਸਿੱਟਾ ਫਿਰ ਉਹੀ ਨਿਕਲਦਾ ਹੈ। ਜੋ ਮਦਦ, ਜੋ ਪਿਆਰ, ਜੋ ਸਾਰਥਕ ਰੁਝੇਵਾਂ ਉਸ ਨੂੰ ਅਸੀਂ ਨਸ਼ੇ ਛੁੜਾਉਣ ਵੇਲੇ ਅਤੇ ਬਾਅਦ ਵਿੱਚ ਦੇਣਾ ਹੈ, ਜੇਕਰ ਉਹ ਸਭ ਕੁਝ ਬੱਚੇ ਨੂੰ ਪਹਿਲਾਂ ਹੀ ਦੇਈਏ ਤਾਂ ਇਹ ਨੌਬਤ ਆਵੇ ਹੀ ਨਾ।

ਇਸ ਤੋਂ ਇਲਾਵਾ, ਮੈਨੂੰ ਇਹ ਤੱਥ ਤੁਹਾਡੇ ਨਾਲ ਸਾਂਝਾ ਕਰਦੇ ਹੋਏ, ਖੁਸ਼ੀ ਹੋ ਰਹੀ ਹੈ ਕਿ ਜਦੋਂ ਦਸ ਸਵਾਲਾਂ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਨਸ਼ੇ ਛੱਡਣੇ ਅਸਾਨ ਹਨ ਜਾਂ ਔਖੇ ਤੇ ਜੇਕਰ ਅਸਾਨ ਹਨ ਤਾਂ ਕਿਵੇਂ, ਜੇਕਰ ਨਹੀਂ ਤਾਂ ਕੀ ਕਾਰਨ ਹਨ। ਇਸ ਦੇ ਵਿਸ਼ਲੇਸ਼ਣ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ ਉਹ ਵੀ ਬਹੁਤ ਜਿਆਦਾ ਮਨੋਰੋਗਾਂ ਦੇ ਮਾਹਿਰ ਡਾਕਟਰ ਦੀ ਗੱਲਬਾਤ ਨਾਲ ਮੇਲ ਖਾਂਦੇ ਹਨ। ਮੈਨੂੰ ਖੁਸ਼ੀ ਹੋ ਰਹੀ ਹੈ ਤੇ ਮੈਂ ਇਸ ਲਈ ਵਾਰ ਵਾਰ ਜਿਕਰ ਕੀਤਾ ਹੈ ਕਿ ਇਸ ਨਾਲ ਤੁਹਾਡੀ ਸੁਚੇਤ ਸੋਚ ਦਾ ਪਤਾ ਚਲਦਾ ਹੈ।

ਨਸ਼ਾ ਛੱਡਣਾ ਅਸਾਨ ਹੈ ਦੇ ਪੱਖ ਵਿਚ ਬਹੁਤੇ ਜਵਾਬ ਸਨ ਅਤੇ ਇਸ ਬਾਰੇ ਉਨ੍ਹਾਂ ਦਾ ਮਤ ਸੀ ਕਿ ਜੇਕਰ ਸਵੈ ਭਰੋਸਾ ਅਤੇ ਮਨ ਪੱਕਾ ਹੋਵੇ (ਵਿਲ ਪਾਵਰ), ਪਿਆਰ ਅਤੇ ਪ੍ਰੇਰਣਾ ਨਾਲ, ਪਰਿਵਾਰਕ ਸਹਿਯੋਗ ਅਤੇ ਠੀਕ ਅਗਵਾਈ ਨਾਲ ਇਹ ਸਮੱਸਿਆ ਹਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਰੁਝੇਵੇਂ ਨਾਲ, ਖੇਡ ਅਤੇ ਸਭਿਆਚਾਰਕ ਕੰਮਾਂ ਨਾਲ, ਰੋਜਗਾਰ ਦੇਣ ਨਾਲ, ਸਮੱਸਿਆਵਾਂ ਦੇ ਹੱਲ ਨਾਲ, ਡਾਕਟਰੀ ਸਲਾਹ, ਧਾਰਮਿਕ ਲਗਾਵ ਨਾਲ ਇਸ ਨਿਸ਼ਾਨੇ ਵੱਲ ਮਦਦ ਹੋ ਸਕਦੀ ਹੈ।

ਇਸ ਤੋਂ ਉਲਟ ਵਿਚਾਰਾਂ ਵਾਲਿਆਂ ਦੀ ਰਾਏ ਸੀ ਕਿ ਨਸ਼ੇ ਛੱਡਣੇ ਮੁਸ਼ਕਿਲ ਹਨ ਕਿਉਂਕਿ ਇਹ ਹੌਲੀ ਹੌਲੀ ਸ਼ਰੀਰ ਦੀ ਲੋੜ ਬਣ ਜਾਂਦੇ ਹਨ। ਇੱਛਾ ਸ਼ਕਤੀ ਮੁਕਣੀ, ਅਵੇਸਲਾਪਨ, ਪਰਿਵਾਰਕ ਝਗੜਿਆਂ ਕਾਰਨ, ਜੇਕਰ ਕੋਈ ਛੱਡਣਾ ਹੀ ਨਾ ਚਾਹੇ, ਨਸ਼ਈਆਂ ਦੀ ਸੰਗਤ ਅਤੇ ਨਸ਼ਿਆਂ ਦਾ ਅਸਾਨੀ ਨਾਲ ਮਿਲਣਾ ਆਦਿ ਕਾਰਨ ਇਸ ਰਾਹ ਵਿਚ ਰੋੜਾ ਹਨ।

ਕਹਿਣ ਦਾ ਮਤਲਬ ਉਹੀ ਹੈ ਕਿ ਇੱਛਾ ਸ਼ਕਤੀ, ਪਿਆਰ, ਪਰਿਵਾਰਕ ਮਾਹੌਲ, ਰੁਝੇਵਾਂ ਕੁਝ ਅਜਿਹੇ ਨੁਕਤੇ ਹਨ, ਜਿਨ੍ਹਾਂ 'ਤੇ ਕੇਂਦ੍ਰਿਤ ਹੋ ਕੇ ਇਸ ਦਿਸ਼ਾ ਵਿਚ ਕਾਰਗਰ ਕਾਰਜ ਕੀਤੇ ਜਾ ਸਕਦੇ ਹਨ ਤੇ ਵਧੀਆ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ।

ਅੰਤਿਕਾ:

ਮੈਂ ਇਕ ਵਾਰੀ ਫਿਰ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਤਾਬ ਦਾ ਨਾਂ 'ਬੱਚੇ ਕਦੇ ਤੰਗ ਨਹੀਂ ਕਰਦੇ' ਇਸ ਗੱਲ ਨੂੰ ਉਭਾਰਨ ਦਾ ਯਤਨ ਹੈ ਕਿ ਸਮੱਸਿਆ ਕੋਈ ਵੀ ਹੈ- ਦਰਅਸਲ ਉਹ ਸਮੱਸਿਆ ਦਾ ਪ੍ਰਗਟਾਵਾ ਹੈ। ਚਾਹੇ ਉਹ ਨਸ਼ੇ ਹਨ, ਚਾਹੇ ਉਹ ਗੈਰ-ਸਮਾਜਿਕ ਕੰਮਾਂ ਵਿਚੋਂ ਖੁਸ਼ੀ ਭਾਲਣਾ ਹੈ, ਚਾਹੇ ਤੇਜ਼ ਰਫਤਾਰ ਵਾਹਨ ਚਲਾ ਕੇ ਆਨੰਦ ਲੈਂਦੇ ਹੋਏ ਐਕਸੀਡੈਂਟ ਕਰਵਾਉਣ ਦਾ ਹੈ ਜਾਂ ਅਜੀਬੋ ਗਰੀਬ ਕਪੜੇ ਪਾ ਕੇ, ਵਾਲਾਂ ਦੇ ਡਿਜਾਈਨ ਬਣਾ ਕੇ ਵਖਰੇ ਲੱਗਣ ਦਾ ਹੈ, ਇਹ ਸਾਰੇ ਵਰਤਾਰੇ ਕਿਸੇ ਅੰਦਰ-ਡੂੰਘੇ ਵਿਚ ਬੈਠੀ ਮਾਨਸਿਕ ਉਲਝਣ ਦੇ ਪਰਛਾਵੇਂ ਹਨ। ਜੇਕਰ ਅਸੀਂ ਪਰਛਾਵੇਂ ਫੜਣ ਦੀ ਕੋਸ਼ਿਸ਼ ਕਰਾਂਗੇ ਤਾਂ ਨਿਸ਼ਚਿਤ ਹੀ ਸਮੱਸਿਆ ਹੱਲ ਨਹੀਂ ਹੋਣੀ। ਜੋ ਕਿ ਅਕਸਰ ਅਸੀਂ ਕਰਦੇ ਹਾਂ।

ਇਸ ਪੁਸਤਕ ਦਾ ਸੰਦਰਭ ਨਸ਼ੇ ਹਨ, ਠੀਕ। ਪਰ ਨਸ਼ੇ ਵੀ ਤਾਂ ਮਨੁੱਖੀ ਮਨ ਦੀ ਉਲਝਣ ਵਿਚੋਂ ਪੈਦਾ ਹੋਏ ਵਿਕਾਰ ਕਾਰਨ ਹੀ ਸ਼ੁਰੂ ਹੁੰਦੇ ਹਨ। ਇਸ ਲਈ, ਇਸ ਪੁਸਤਕ ਦਾ ਮੂਲ ਮਨੋਰਥ ਬਾਲ-ਕਿਸ਼ੋਰ ਮਨ ਨੂੰ ਸਮਝਣ ਦਾ ਰਿਹਾ ਹੈ।

ਕਿ ਤੁਸੀਂ ਆਪਣੇ ਆਲੇ-ਦੁਆਲੇ, ਆਪਣੇ ਆਪ ਤੇ ਨਜ਼ਰ ਮਾਰ ਕੇ ਦੇਖੋ। ਮਾਂ ਪਿਉ ਉਮਰ ਦੇ ਕਿਸ ਪੜਾਅ ਤੇ ਆ ਕੇ ਕਹਿਣ ਲਗ ਪੈਂਦੇ ਹਨ ਕਿ ਬੱਚਾ ਬਹੁਤ ਤੰਗ ਕਰਦਾ ਹੈ। ਤੁਸੀਂ ਅੰਦਾਜਾ ਲਗਾਉ ! ਬੱਚੇ ਦੀ ਤਕਰੀਬਨ ਚਾਰ-ਪੰਜ ਮਹੀਨੇ ਦੀ ਉਮਰ 'ਤੇ ਹੀ। 'ਤੰਗ ਬੜਾ ਕਰਦਾ ਹੈ, ਸਾਰਾ ਦਿਨ ਗੋਦੀ ਮੰਗਦਾ ਹੈ। ਰਾਤੀਂ ਸੌਂਦਾ ਨਹੀਂ। ਜਗਾਈਂ ਰੱਖਦਾ ਹੈ। ਗੱਲਾਂ ਕਰੀ ਜਾਉ ਤਾਂ ਖੁਸ਼ ! ਫਲਾਂ ਦਾ ਬੱਚਾ ਸਾਊ ਹੈ, ਆਰਾਮ ਨਾਲ ਸੁੱਤਾ ਰਹਿੰਦਾ ਹੈ।' ਇਹ ਉਮਰ ਹੈ ਕੋਈ ਬੱਚੇ ਪ੍ਰਤੀ ਇਸ ਤਰ੍ਹਾਂ ਦਾ ਭਾਵ ਪ੍ਰਗਟ ਕਰਨ ਦੀ? ਇਸ ਤੋਂ ਹੋਰ ਥੋੜੀ ਵੱਡੀ ਉਮਰ 'ਤੇ ਦੇਖੋ। 'ਢੀਠ ਹੈ..। ਹਰ ਚੀਜ਼ ਚਾਹੀਦੀ ਹੈ।ਬਿਲਕੁਲ ਆਖੇ ਨਹੀਂ ਲਗਦਾ। ਜਿਦ ਕਰਦਾ ਹੈ...ਫਰਸ਼ 'ਤੇ ਲੇਟ ਜਾਂਦਾ ਹੈ। ਚੀਖ- ਚਿੰਘਾੜਾ ਮਚਾ ਦਿੰਦਾ ਹੈ। ਰੁੱਸਣ ਲਗ ਗਿਆ ਹੈ....ਚੰਗਾ ਭਲਾ ਦਸ ਦਿੰਦਾ ਹੈ, ਪੋਟੀ ਆਈ ਹੈ, ਸੂ-ਸੂ ਆਇਆ ਹੈ। ਹੁਣ ਪਤਾ ਨੀ ਕੀ ਹੋ ਗਿਆ ਹੈ, ਹੁਣ ਤਾਂ ਪੋਟੀ ਵੀ ਵਿੱਚ ਹੀ ਕਰ ਦਿੰਦਾ ਹੈ।

ਦੋ ਕੁ ਸਾਲ ਦਾ ਬੱਚਾ, ਆਪਣੇ ਵਿਵਹਾਰ ਨਾਲ ਮਾਂ ਪਿਉ ਨੂੰ ਤੰਗ ਕਰ ਰਿਹਾ ਹੈ। ਹਰ ਚੀਜ ਉਸ ਦੀ ਪਹੁੰਚ ਵਿਚ ਹੋਣੀ ਹੀ ਚਾਹੀਦੀ ਹੈ। ਉਸ ਦੀ ਮੰਗ ਦੀ ਕੋਈ ਸੀਮਾ ਨਹੀਂ ਹੈ। ਇੱਥੇ ਫਿਰ ਸਾਨੂੰ ਉਸ ਦੀ ਮਾਨਸਿਕਤਾ ਸਮਝਣ ਦੀ ਲੋੜ ਹੈ ਤੇ ਉਸ ਦੇ ਮੁਤਾਬਕ ਆਪਣੇ ਵਿਵਹਾਰ ਨੂੰ ਢਾਲਣ ਦੀ ਲੋੜ ਹੈ।ਅਸੀਂ ਆਮ ਤੌਰ ਤੇ ਆਪਣੇ ਬਚਪਨ ਨਾਲ ਤੁਲਨਾ ਕਰਦੇ ਹਾਂ। ਸਾਡਾ ਵੀ ਵੇਲਾ ਸੀ ਜਾਂ ਬੱਚੇ ਦੇ ਦਾਦਾ-ਦਾਦੀ, ਨਾਨਾ-ਨਾਨੀ ਦੇਖਦੇ ਹੈ ਤਾਂ ਉਹ ਟਿੱਪਣੀ ਕਰਦੇ ਹੈ ਕਿ ਅਸੀਂ ਬੱਚੇ ਬੜੇ ਆਰਾਮ ਨਾਲ ਪਾਲ ਲਏ, ਇਹ ਅੱਜ ਦੇ ਬੱਚੇ ਤਾਂ ਤੂਫਾਨ ਨੇ। ਪਰ ਤੁਹਾਡੇ ਪਾਸੇ ਦੋ-ਤਿੰਨ ਦਹਾਕੇ ਪਹਿਲਾਂ ਦੇ ਮਾਹੌਲ ਨੂੰ ਦੇਖੀਏ ਤਾਂ ਤੁਹਾਨੂੰ ਸਮਝ ਆਵੇਗੀ ਕਿ ਕੀ ਫ਼ਰਕ ਪੈ ਕਿਆ ਹੈ। ਬੱਚਾ ਜੰਮਦੇ ਸਾਰ ਟੈਲੀਵਿਜਨ ਦੇ ਦਰਸ਼ਨ ਕਰਦਾ ਹੈ, ਫਿਰ ਅਸੀਂ ਉਸ ਨੂੰ ਉਸ ਦੇ ਸਹਾਰੇ ਛੱਡ ਦਿੰਦੇ ਹਾਂ। ਬਾਜ਼ਾਰ ਹੁਣ ਜਰੂਰਤ ਦੀਆਂ ਚੀਜਾਂ ਹੀ ਨਹੀਂ ਵੇਚਦਾ, ਉਹ ਤੁਹਾਨੂੰ ਉਕਸਾਉਂਦਾ-ਭੜਕਾਉਂਦਾ ਹੈ। ਟੀ.ਵੀ. ਇਸ ਦਿਸ਼ਾ ਵਿਚ ਉਸ ਦੀ ਮਦਦ ਕਰਦਾ ਹੈ। ਬੱਚੇ ਲਈ ਅਸੀਂ ਮਨ ਵਿਚ ਰੀਝਾਂ ਰੱਖਦੇ ਹਾਂ। ਪਹਿਲਾਂ ਅਸੀਂ ਖੁਦ ਉਸ ਨੂੰ ਵੱਧ ਤੋਂ ਵੱਧ ਲੈ ਕੇ ਦਿੰਦੇ ਹਾਂ, ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ, ਜਦੋਂ ਉਸ ਨੂੰ ਆਲਾ ਦੁਆਲਾ ਦਿਖਣ ਲਗਦਾ ਹੈ, ਜਦੋਂ ਟੀ.ਵੀ. ਉਕਸਾਉਣ ਲੱਗਦਾ ਹੈ ਤੇ ਉਹ ਮੰਗ ਕਰਦਾ ਹੈ। ਫਿਰ ਸਾਨੂੰ ਲਗਦਾ ਹੈ ਉਹ ਤੰਗ ਕਰ ਰਿਹਾ ਹੈ।

ਅਧਿਆਪਕ ਵਰਗ ਵੀ ਬੱਚਿਆਂ ਤੋਂ ਤੰਗ ਹੈ। ਤੁਸੀਂ ਬੱਚੇ ਦੀ ਸਥਿਤੀ ਦਾ ਅੰਦਾਜਾ ਲਗਾਉ। ਬੱਚਾ ਹੱਸਦਾ ਹੈ ਜਾਂ ਹੱਸਣਾ ਚਾਹੁੰਦਾ ਹੈ, ਨਾਲ ਬੈਠੇ ਬੱਚੇ ਨਾਲ ਗੱਲ ਕਰਨਾ ਚਾਹੁੰਦਾ ਹੈ, ਬੱਚਾ ਪੜ੍ਹਨਾ ਨਹੀਂ ਚਾਹੁੰਦਾ, ਘੁੰਮਣਾ ਚਾਹੁੰਦਾ ਹੈ, ਖੇਡਣਾ ਚਾਹੁੰਦਾ ਹੈ। ਬੱਚਾ ਬੰਦ ਕਮਰੇ ਵਿਚ ਨਹੀਂ ਬੈਠਨਾ ਚਾਹੁੰਦਾ, ਕੁਦਰਤੀ ਨਜ਼ਾਰੇ ਨੂੰ ਤੱਕਣਾ ਚਾਹੁੰਦਾ ਹੈ। ਪਰ ਅਸੀਂ ਡੰਡੇ ਨਾਲ ਜਾਂ ਡਰ ਨਾਲ ਉਸ ਦੇ ਚਿਹਰੇ ਤੇ ਖੁਸ਼ੀ ਅਤੇ ਹਾਸੇ ਦੀ ਬਜਾਏ ਗੰਭੀਰਤਾ ਦੇਖਣਾ ਚਾਹੁੰਦੇ ਹਾਂ। ਤੁਸੀਂ ਸਕੂਲ ਵਿਚ ਆਖਰੀ ਪੀਰੀਅਡ ਦੀ ਘੰਟੀ ਵੇਲੇ, ਭਾਵ ਛੁੱਟੀ ਵਾਲੇ, ਇਕ ਪਾਸੇ ਖੜੇ ਹੋ ਕੇ ਬੱਚਿਆਂ ਦੀ ਮਾਨਸਿਕਤਾ ਦਾ ਅਧਿਐਨ ਕਰ ਕੇ ਦੇਖੋ। ਬੱਚੇ ਲਈ ਸਭ ਤੋਂ ਖੁਸ਼ੀ ਦਾ ਸਮਾਂ ਹੋਵੇ। ਜਿਵੇਂ ਉਹ ਜੇਲ੍ਹ ਵਿਚੋਂ ਛੁੱਟਿਆ ਹੋਵੇ। ਇਸੇ ਲਈ ਮਨੋਵਿਗਿਆਨੀ ਕਹਿੰਦੇ ਹਨ ਕਿ ਅਧਿਆਪਕਾਂ ਨੂੰ ਬੱਚਿਆਂ ਦੇ ਹਾਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ‘ਸਿਪਾਹੀ’ ਨਹੀਂ ਬਨਣਾ ਚਾਹੀਦਾ।5

ਸਿੱਖਿਆ ਦੇ ਖੇਤਰ ਵਿਚ ਹੋਏ ਮਨੋਵਿਗਿਆਨਕ ਕਾਰਜ ਦਰਸਾਉਂਦੇ ਹਨ ਕਿ ਸਕੂਲ ਵਿਚ ਦਾਖਲਾ ਬਚਪਨ ਵਿਚ ਆਇਆ 'ਤਿੱਖਾ' ਮੋੜ ਹੁੰਦਾ ਹੈ, ਜਿਸ ਨੂੰ ਸਾਵਧਾਨੀ ਨਾਲ ਲੈਣ ਦੀ ਲੋੜ ਹੈ। ਬਚਪਨ ਦੀਆਂ, ਇਸ ਉਮਰ ਦੀਆਂ ਕੁਦਰਤੀ ਪ੍ਰਵਿਰਤੀਆਂ ਨੂੰ ਸਮਝਦੇ ਹੋਏ, ਬੱਚਿਆਂ ਨੂੰ ਅਨੁਸ਼ਾਸਨ ਦੇ ਰਾਹ 'ਤੇ ਹੌਲੀ ਹੌਲੀ ਪਾਉਣਾ ਚਾਹੀਦਾ ਹੈ, ਨਹੀਂ ਤਾਂ ਬੱਚਿਆਂ ਵਿਚ ਪੜ੍ਹਾਈ ਹਊਆ ਬਣ ਜਾਵੇਗੀ ਤੇ ਉਹ ਇਸ ਨੂੰ ਇਕ ਭਾਰ ਵਾਂਗੂ ਮਹਿਸੂਸ ਕਰਨਗੇ ਜਦੋਂ ਕਿ ਪੜ੍ਹਾਈ ਬੱਚੇ ਲਈ ਆਨੰਦ ਪ੍ਰਾਪਤੀ ਦਾ ਕਾਰਜ ਹੋਣੀ ਚਾਹੀਦੀ ਹੈ। ਇਹ ਸੱਚ ਵੀ ਹੈ। ਸਿਖਿਆ ਜਦੋਂ ਕਿਸੇ ਵਿਅਕਤੀ ਨੂੰ ਕੁਦਰਤ ਅਤੇ ਸਮਾਜ ਦੇ ਨਵੇਂ ਪਹਿਲੂਆਂ ਨਾਲ ਦੋ-ਚਾਰ ਕਰਦੀ ਹੈ, ਕੁਦਰਤ ਦੇ ਭੇਤਾਂ ਤੋਂ ਪਰਦਾ ਚੁਕਦੀ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ ਹੀ। ਪਰ ਜਦੋਂ ਬੱਚਾ ਇਨ੍ਹਾਂ ਨੂੰ ਬੋਝ ਸਮਝਦਾ ਹੈ ਤਾਂ ਨਿਸ਼ਚਿਤ ਹੀ ਕਿਤੇ ਨਾ ਕਿਤੇ ਸਾਡੀ ਕਾਰਜਪ੍ਰਣਾਲੀ ਵਿਚ ਨੁਕਸ ਹੈ।

ਦਰਅਸਲ ਸਾਡੀ ਸਮਝ ਦੀ ਸੀਮਾ ਬਹੁਤ ਛੋਟੀ ਹੈ। ਜਿੰਨੀਆਂ ਕੁ ਖੋਜ਼ਾਂ ਹੋਈਆਂ ਹਨ, ਅਸੀਂ ਉਨ੍ਹਾਂ ਵੀ ਨਹੀਂ ਜਾਣਦੇ, ਜਦੋਂ ਕਿ ਮਨ ਦੀ ਦੁਨੀਆਂ ਬਹੁਤ ਵਿਸ਼ਾਲ ਹੈ।

ਕਹਿਣ ਤੋਂ ਮਤਲਬ ਇਕੋ ਹੀ ਹੈ ਕਿ ਆਪਾਂ ਬੱਚੇ ਨੂੰ ਸਮਝੀਏ। ਆਪਣੇ ਮਨ ਦੀਆਂ ਗੁੰਝਲਾਂ, ਗੰਢਾਂ ਦਾ ਉਨ੍ਹਾਂ ਨੂੰ ਸ਼ਿਕਾਰ ਨਾ ਬਣਾਈਏ।