ਸਮੱਗਰੀ 'ਤੇ ਜਾਓ

ਭਾਰਤ ਦਾ ਸੰਵਿਧਾਨ (ਮਈ 2024)/ਭਾਗ II

ਵਿਕੀਸਰੋਤ ਤੋਂ
ਭਾਰਤ ਦਾ ਸੰਵਿਧਾਨ (2024)
ਭਾਰਤ ਦੀ ਸੰਸਦ
ਭਾਗ II
65078ਭਾਰਤ ਦਾ ਸੰਵਿਧਾਨ — ਭਾਗ II2024ਭਾਰਤ ਦੀ ਸੰਸਦ

ਭਾਗ II

ਨਾਗਰਿਕਤਾ

5. ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ- ਇਸ ਸੰਵਿਧਾਨ ਦੇ ਅਰੰਭ ਤੇ ਹਰਿਕ ਵਿਅਕਤੀ ਜਿਸ ਦਾ ਭਾਰਤ ਰਾਜਖੇਤਰ ਵਿੱਚ ਅਧਿਵਾਸ ਹੈ ਅਤੇ-

(ੳ) ਜੋ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ਅ) ਜਿਸ ਦੇ ਮਾਪਿਆਂ ਵਿੱਚੋਂ ਕੋਈ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ੲ) ਜੋ ਅਜਿਹੇ ਅਰੰਭ ਤੋਂ ਤੁਰਤ ਪਹਿਲੇ ਘੱਟ ਤੋਂ ਘੱਟ ਪੰਜ ਸਾਲ ਤੱਕ ਭਾਰਤ ਦੇ ਰਾਜਖੇਤਰ ਵਿੱਚ ਸਾਧਾਰਣ ਤੌਰ ਤੇ ਨਿਵਾਸੀ ਰਿਹਾ ਹੈ,

ਭਾਰਤ ਦਾ ਨਾਗਰਿਕ ਹੋਵੇਗਾ।

6. ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ- ਅਨੁਛੇਦ 5 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਤੋਂ ਭਾਰਤ ਦੇ ਰਾਜਖੇਤਰ ਨੂੰ ਪਰਵਾਸ ਕਰ ਆਇਆ ਹੈ ਇਸ ਸੰਵਿਧਾਨ ਦੇ ਅਰੰਭ ਤੇ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੋ-

(ੳ) ਉਹ ਜਾਂ ਉਸ ਦੇ ਮਾਪਿਆਂ ਵਿੱਚੋਂ ਕੋਈ ਜਾਂ ਉਸ ਦੇ ਪੜਮਾਪਿਆਂ ਵਿੱਚੋਂ ਕੋਈ ਗਵਰਨਮੈਂਟ ਔਫ ਇੰਡੀਆ ਐਕਟ, 1935 (ਜਿਵੇਂ ਮੂਲ ਰੂਪ ਵਿੱਚ ਐਕਟ ਬਣਿਆ) ਵਿੱਚ ਪਰਿਭਾਸ਼ਤ ਭਾਰਤ ਵਿੱਚ ਜੰਮਿਆ ਸੀ; ਅਤੇ

(ਅ) (i) ਉਸ ਸੂਰਤ ਵਿੱਚ ਜਿੱਥੇ ਅਜਿਹਾ ਵਿਅਕਤੀ ਜੁਲਾਈ, 1948, ਦੇ ਉਨੀਵੇਂ ਦਿਨ ਤੋਂ ਪਹਿਲਾਂ ਇਸ ਤਰ੍ਹਾਂ ਪਰਵਾਸ ਕਰ ਆਇਆ ਹੈ ਉਹ ਆਪਣੇ ਪਰਵਾਸ ਦੀ ਤਰੀਕ ਤੋਂ ਭਾਰਤ ਦੇ ਰਾਜਖੇਤਰ ਵਿੱਚ ਸਾਧਾਰਣ ਤੌਰ ਤੇ ਨਿਵਾਸੀ ਰਿਹਾ ਹੈ; ਜਾਂ

(ii) ਉਸ ਸੂਰਤ ਵਿੱਚ ਜਿੱਥੇ ਅਜਿਹਾ ਵਿਅਕਤੀ ਜੁਲਾਈ, 1948, ਦੇ ਉਨੀਵੇਂ ਦਿਨ ਜਾਂ ਉਸ ਪਿੱਛੋਂ ਇਸ ਤਰ੍ਹਾਂ ਪਰਵਾਸ ਕਰ ਆਇਆ ਹੈ ਉਹ ਭਾਰਤ ਡੋਮੀਨੀਅਨ ਦੀ ਸਰਕਾਰ ਦੁਆਰਾ ਉਸ ਨਮਿੱਤ ਨਿਯੁਕਤ ਕੀਤੇ ਕਿਸੇ ਅਫ਼ਸਰ ਦੁਆਰਾ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਉਸ ਸਰਕਾਰ ਦੁਆਰਾ ਮੁਕੱਰਰ ਕੀਤੇ ਫਾਰਮ ਵਿੱਚ ਅਤੇ ਢੰਗ ਨਾਲ ਉਹਦੇ ਉਸ ਲਈ ਉਸ ਅਫ਼ਸਰ ਕੋਲ ਦਰਖ਼ਾਸਤ ਦੇਣ ਤੇ ਭਾਰਤ ਦੇ ਨਾਗਰਿਕ ਵਜੋਂ ਰਜਿਸਟਰ ਕਰ ਲਿਆ ਗਿਆ ਹੈ:

ਪਰੰਤੂ ਕੋਈ ਵਿਅਕਤੀ ਇਸ ਤਰ੍ਹਾਂ ਰਜਿਸਟਰ ਨਹੀਂ ਕੀਤਾ ਜਾਵੇਗਾ ਜੇਕਰ ਉਹ ਆਪਣੀ ਦਰਖ਼ਾਸਤ ਦੀ ਤਰੀਕ ਤੋਂ ਤੁਰਤ ਪਹਿਲੇ ਘੱਟ ਤੋਂ ਘੱਟ ਛੇ ਮਹੀਨੇ ਭਾਰਤ ਦੇ ਰਾਜਖੇਤਰ ਵਿੱਚ ਨਿਵਾਸੀ ਨ ਰਿਹਾ ਹੋਵੇ।

7. ਪਾਕਿਸਤਾਨ ਨੂੰ ਪਰਵਾਸ ਕਰਨ ਵਾਲਿਆਂ ਵਿੱਚੋਂ ਕੁਝ ਕੁ ਦੇ ਨਾਗਰਿਕਤਾ ਦੇ ਅਧਿਕਾਰ- ਅਨੁਛੇਦ 5 ਅਤੇ 6 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਮਾਰਚ, 1947, ਦੇ ਪਹਿਲੇ ਦਿਨ ਪਿੱਛੋਂ ਭਾਰਤ ਦੇ ਰਾਜਖੇਤਰ ਤੋਂ ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਨੂੰ ਪਰਵਾਸ ਕਰ ਗਿਆ ਹੈ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ:

ਪਰੰਤੂ ਇਸ ਅਨੁਛੇਦ ਦੀ ਕੋਈ ਗੱਲ ਕਿਸੇ ਅਜਿਹੇ ਵਿਅਕਤੀ ਨੂੰ ਲਾਗੂ ਨਹੀਂ ਹੋਵੇਗੀ ਜੋ, ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਨੂੰ ਇਸ ਤਰ੍ਹਾਂ ਪਰਵਾਸ ਕਰਨ ਪਿੱਛੋ, ਭਾਰਤ ਦੇ ਰਾਜਖੇਤਰ ਨੂੰ ਅਜਿਹੇ ਪਰਮਿਟ ਦੇ ਅਧੀਨ ਵਾਪਸ ਆ ਗਿਆ ਹੋਵੇ ਜੋ ਮੁੜਵਾਸ ਜਾਂ ਸਥਾਈ ਵਾਪਸੀ ਲਈ ਕਿਸੇ ਕਾਨੂੰਨ ਦੀ ਸੱਤਾ ਦੁਆਰਾ ਜਾਂ ਦੇ ਅਧੀਨ ਜਾਰੀ ਕੀਤਾ ਗਿਆ ਹੋਵੇ, ਅਤੇ ਹਰਿਕ ਅਜਿਹਾ ਵਿਅਕਤੀ ਅਨੁਛੇਦ 6 ਦੇ ਖੰਡ (ਅ) ਦੇ ਪ੍ਰਯੋਜਨਾਂ ਲਈ ਭਾਰਤ ਦੇ ਰਾਜਖੇਤਰ ਨੂੰ ਜੁਲਾਈ, 1948, ਦੇ ਉਨ੍ਹੀਵੇਂ ਦਿਨ ਪਿੱਛੋਂ ਪਰਵਾਸ ਕਰ ਆਇਆ ਸਮਝਿਆ ਜਾਵੇਗਾ।

8. ਭਾਰਤ ਦੇ ਬਾਹਰ ਨਿਵਾਸ ਕਰਦੇ ਭਾਰਤੀ ਅਸਲੇ ਦੇ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ- ਅਨੁਛੇਦ 5 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਜਾਂ ਜਿਸ ਦੇ ਮਾਪਿਆਂ ਵਿੱਚੋਂ ਕੋਈ ਜਾਂ ਜਿਸ ਦੇ ਪੜਮਾਪਿਆਂ ਵਿੱਚੋਂ ਕੋਈ ਗਵਰਨਮੈਂਟ ਔਫ ਇੰਡੀਆ ਐਕਟ, 1935 (ਜਿਵੇਂ ਮੂਲ ਰੂਪ ਵਿੱਚ ਐਕਟ ਬਣਿਆ), ਵਿੱਚ ਪਰਿਭਾਸ਼ਤ ਭਾਰਤ ਵਿੱਚ ਜੰਮਿਆ ਸੀ, ਅਤੇ ਜੋ ਸਾਧਾਰਣ ਤੌਰ ਤੇ ਇਸ ਤਰ੍ਹਾਂ ਪਰਿਭਾਸ਼ਤ ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਨਿਵਾਸ ਕਰ ਰਿਹਾ ਹੋਵੇ, ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ, ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਤੱਤ-ਸਮੇਂ ਨਿਵਾਸ ਕਰ ਰਿਹਾ ਹੋਵੇ, ਭਾਰਤ ਦੇ ਅੰਤਰ-ਰਾਜਨੀਤਕ ਜਾਂ ਕੌਂਸਲੀ ਪ੍ਰਤੀਨਿਧ ਦੁਆਰਾ ਉਸ ਦੇ ਉਸ ਲਈ ਦਰਖ਼ਾਸਤ ਦੇਣ ਤੇ ਜੋ ਉਸ ਨੇ ਭਾਰਤ ਡੋਮੀਨੀਅਨ ਦੀ ਸਰਕਾਰ ਜਾਂ ਭਾਰਤ ਸਰਕਾਰ ਦੁਆਰਾ ਮੁਕੱਰਰ ਕੀਤੇ ਹੋਏ ਫ਼ਾਰਮ ਵਿੱਚ ਅਤੇ ਢੰਗ ਨਾਲ ਉਸ ਅੰਤਰ-ਰਾਜਨੀਤਕ ਜਾਂ ਕੌਂਸਲੀ ਪ੍ਰਤੀਨਿਧ ਨੂੰ, ਭਾਵੇਂ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਜਾਂ ਪਿੱਛੋਂ ਦਿੱਤੀ ਹੋਵੇ, ਭਾਰਤ ਦੇ ਨਾਗਰਿਕ ਵਜੋਂ ਰਜਿਸਟਰ ਕਰ ਲਿਆ ਗਿਆ ਹੋਵੇ।

9. ਕਿਸੇ ਬਦੇਸ਼ੀ ਰਾਜ ਦੀ ਨਾਗਰਿਕਤਾ ਸਵੈ-ਇੱਛਾ ਨਾਲ ਅਰਜਤ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨ ਹੋਣਾ- ਜੇ ਕਿਸੇ ਵਿਅਕਤੀ ਨੇ ਸਵੈ-ਇੱਛਾ ਨਾਲ ਕਿਸੇ ਬਦੇਸ਼ੀ ਰਾਜ ਦੀ ਨਾਗਰਿਕਤਾ ਅਰਜਤ ਕਰ ਲਈ ਹੋਵੇ ਉਹ ਅਨੁਛੇਦ 5 ਦੇ ਆਧਾਰ ਤੇ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ, ਅਤੇ ਨ ਅਨੁਛੇਦ 6 ਜਾਂ ਅਨੁਛੇਦ 8 ਦੇ ਆਧਾਰ ਤੇ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ।

10. ਨਾਗਰਿਕਤਾ ਦੇ ਅਧਿਕਾਰਾਂ ਦਾ ਬਣੇ ਰਹਿਣਾ- ਹਰਿਕ ਵਿਅਕਤੀ ਜੋ ਇਸ ਭਾਗ ਦੇ ਪੂਰਵਗਾਮੀ ਉਪਬੰਧਾਂ ਵਿੱਚੋਂ ਕਿਸੇ ਦੇ ਅਧੀਨ ਭਾਰਤ ਦਾ ਨਾਗਰਿਕ ਹੈ ਜਾਂ ਸਮਝਿਆ ਜਾਂਦਾ ਹੈ, ਅਜਿਹੇ ਕਿਸੇ ਕਾਨੂੰਨ ਦੇ ਉਪਬੰਧਾਂ ਦੇ ਤਾਬੇ ਜੋ ਸੰਸਦ ਦੁਆਰਾ ਬਣਾਇਆ ਜਾਵੇ, ਅਜਿਹਾ ਨਾਗਰਿਕ ਬਣਿਆ ਰਹੇਗਾ।

11. ਸੰਸਦ ਦਾ ਕਾਨੂੰਨ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਵਿਨਿਯਮਨ ਕਰਨਾ- ਇਸ ਭਾਗ ਦੇ ਪੂਰਵਗਾਮੀ ਉਪਬੰਧਾਂ ਵਿਚਲੀ ਕੋਈ ਗੱਲ ਨਾਗਰਿਕਤਾ ਦੇ ਅਰਜਨ ਅਤੇ ਸਮਾਪਤੀ ਅਤੇ ਨਾਗਰਿਕਤਾ ਨਾਲ ਸੰਬੰਧਤ ਹੋਰ ਸਭ ਮਾਮਲਿਆਂ ਬਾਰੇ ਕਿਸੇ ਉਪਬੰਧ ਬਣਾਉਣ ਦੀ ਸੰਸਦ ਦੀ ਸ਼ਕਤੀ ਦਾ ਅਲਪਣ ਨਹੀਂ ਕਰੇਗੀ।