ਮਾਤਾ ਹਰੀ/ਖੁਫੀਆ ਮਹਿਕਮੇ ਵਿਚ

ਵਿਕੀਸਰੋਤ ਤੋਂ

ਕਾਂਡ ੬

ਖ਼ੁਫ਼ੀਆ ਮਹਿਕਮੇ ਵਿਚ

ਮਾਤਾ ਹਰੀ ਦੀਆਂ ਜਿੱਤਾਂ ਬੜੀਆਂ ਹੋਈਆਂ। ਉਹਦੇ 'ਪੁਜਾਰੀ' ਉਹਨੂੰ ਇਤਨੀ ਮਾਇਕ ਸਹਾਇਤਾ ਦੇਣ ਲਗ ਪਏ ਸਨ ਕਿ ਉਹ ਝਬਦੇ ਹੀ ਇਕ ਆਲੀਸ਼ਾਨ ਮਕਾਨ ਵਿਚ ਰਹਿਣ ਲਗ ਪਈ।

ਇਕ ਆਦਮੀ ਮਾਤਾ ਹਰੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਕਈ ਵਾਰੀ ਉਹਨੂੰ ਮਾਤਾ ਹਰੀ ਨਾਲ ਮਿਲਣ ਦਾ ਅਵਸਰ ਮਿਲਿਆ, ਪਰ ਉਹ ਉਹਦਾ ਸ਼ਿਕਾਰ ਨਾ ਹੋਇਆ। ਇਹ ਆਦਮੀ ਮਾਤਾ ਹਰੀ ਬਾਰੇ ਕੁਝ ਦਸਦਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਮਾਤਾ ਹਰੀ ਇਤਨੀ ਸੋਹਣੀ ਨਹੀਂ ਸੀ ਕਿ ਉਹਦੇ ਵਿਚ ਕੋਈ ਕਸੂਰ ਨਾ ਦਿਸਦਾ।

"ਉਹ ਅਸਲ ਵਿਚ ਪੂਰੀ ਸੁੰਦਰ ਨਹੀਂ ਸੀ। ਉਹ ਦੀਆਂ ਬੁਲ੍ਹੀਆਂ ਉਤੇ ਅਤੇ ਉਹਦੇ ਰੁਖਸਾਰਾਂ ਵਿਚ ਕੁਝ ‘ਪਸ਼ੂਪੁਣਾ' ਸੀ। ਉਹਦਾ ਕਣਕ ਰੰਗਾ ਸਰੀਰ ਏਸ ਤਰ੍ਹਾਂ ਦਿਸਦਾ ਸੀ ਮਾਨੋ ਕਿ ਤੇਲ ਨਾਲ ਚੋਪੜਿਆ ਹੋਇਆ ਸੀ! ਉਹਦੀਆਂ ਛਾਤੀਆਂ ਬੈਠੀਆਂ ਹੋਈਆਂ ਤੇ ਡਿਗੀਆਂ ਹੋਈਆਂ ਸਨ, ਅਤੇ ਉਹ ਹਮੇਸ਼ ਕੱਜ਼ੀਆਂ ਹੀ ਰਹਿੰਦੀਆਂ ਸਨ। ਕੇਵਲ ਉਹਦੇ ਨੈਣ ਤੇ ਬਾਹਾਂ ਹੀ ਸੁੰਦਰਤਾ ਵਿਚ ਪੂਰੀਆਂ ਸਨ। ਉਹ ਜਿਹੜੇ ਕਹਿੰਦੇ ਹਨ ਕਿ ਦੁਨੀਆਂ ਭਰ ਵਿਚ ਉਹਦੀਆਂ ਸੋਹਣੀਆਂ ਬਾਹਾਂ ਦਾ ਕੋਈ ਸਾਨੀ ਨਹੀਂ ਸੀ ਝੂਠ ਨਹੀਂ ਸਨ ਕਹਿੰਦੇ।

‘‘ਤੇ ਉਹਦੇ ਨੈਣ—ਨੈਣ ਜਿਹੜੇ ਖਿਚ ਅਤੇ ਭੇਦ ਨਾਲ ਭਰੇ ਹੋਏ ਸਨ, ਹਮੇਸ਼ ਹੀ ਬਦਲਦੇ ਰਹਿੰਦੇ ਸਨ, ਪਰ ਹਮੇਸ਼ ਹੀ ਪੱਟ ਵਾਂਗ ਕੂਲੇ। ਉਹ ਨੈਣ ਹੁਕਮ ਅਤੇ ਤਰਲਾ ਕਰਨ ਵਾਲੇ, ਗ਼ਮਗੀਨ ਤੇ 'ਕਮੀਨੇ’-ਉਹ ਬੇਦਰਦ ਨੈਣ-ਕਟੋਰੇ ਜਿਨ੍ਹਾਂ ਵਿਚ ਕਈ ਆਤਮਾਂ ਡੁਬੀਆਂ- ਸਚ ਮੁਚ ਉਸ ਸ਼ਲਾਘਾ ਯੋਗ ਸਨ ਜਿਹੜੀ ਉਨ੍ਹਾਂ ਨੂੰ ਮਿਲੀ।"

ਪਾਲ ਨਾਮੂਰ ਨਾਮੀ ਪੇਂਟਰ ਨੇ ਮਾਤਾ ਹਰੀ ਦੀਆਂ ਕਈ ਪੇਟਿੰਗ ਕੀਤੀਆਂ ਹਨ ਤੇ ਜੋ ਉਹ ਆਪਣੀ ਯਾਦ ਵਿਚੋਂ ਮਾਤਾ ਹਰੀ ਬਾਰੇ ਦਸਦਾ ਹੈ ਦਿਲਚਸਪ ਹੈ:

“ਸਾਰਿਆਂ ਨਾਲੋਂ ਅਜੀਬ ਗੱਲ ਏਸ ਲਾਡਲੀ ਬਾਰੇਜਿਸ ਉੱਤੇ ਕਿਸਮਤ ਨੇ ਕਈ ਤੁਹਫ਼ਿਆਂ, ਸੁੰਦਰਤਾ, ਅਕਲ ਅਤੇ ਇੱਜ਼ਤ ਦੀ ਬਰਖਾ ਕੀਤੀ-ਇਹ ਸੀ ਕਿ ਉਹ ਕਦੀ ਅੰਦਰਲੇ ਡੂੰਘੇ ਅਫ਼ਸੋਸ ਨੂੰ ਨਾ ਵਿਸਾਰ ਸਕੀ। ਕਈ ਵਾਰੀ ਉਹ ਅਰਾਮ-ਕੁਰਸੀ ਤੇ ਬੇਠੀ ਸੋਚਾਂ ਵਿਚ ਡੁਬ ਜਾਂਦੀ। ਮੈਂ ਕੋਈ ਉਹ ਸਮਾਂ ਯਾਦ ਨਹੀਂ ਕਰ ਸਕਦਾ ਜਦ ਮੈਂ ਮਾਤਾ ਹਰੀ ਨੂੰ ਮੁਸਕ੍ਰਾਂਦਾ ਤਕਿਆ ਹੋਵੇ।

ਫੇਰ ਇਹ ਹੀ ਆਰਟਿਸਟ ਕਹਿੰਦਾ ਹੈ:

“ਉਹ ਇਕ ਹਿੰਦੂ ਦੀ ਤਰ੍ਹਾਂ ਭਰਮਾਂ ਦੀ ਮਾਰੀ ਹੋਈ ਸੀ। ਇਕ ਵਾਰੀ ਜਦ ਕਪੜੇ ਲਾਹ ਰਹੀ ਸੀ ਤਾਂ ਇਕ ਵੰਗ ਹੇਠਾਂ ਡਿਗ ਪਈ। ਮਾਤਾ ਹਰੀ ਦਾ ਰੰਗ ਪੀਲਾ ਹੋ ਗਿਆ ਅਤੇ ਆਖਣ ਲਗੀ ‘ਇਹ ਭੈੜਾ ਸਗਨ ਹੈ। ਇਹ ਜ਼ਰੂਰ ਕੋਈ ਦੁਖ ਲਿਆਵੇਗਾ। ਏਸ ਭੈੜੈ ਸਗਨਾਂ ਵਾਲੀ ਵੰਗ ਨੂੰ ਰਖ ਛਡ। ਮੈਂ ਮੁੜ ਇਹਨੂੰ ਕਦੀ ਵੇਖਨਾ ਨਹੀਂ ਚਾਹੁੰਦੀ।"

ਇਕ ਚੀਜ਼ ਰੋਜ਼ ਰੋਜ਼ ਮਿਲੇ ਤਾਂ ਜੀਅ ਅੱਕ ਜਾਂਦਾ ਹੈ। ਸਵਾਦ ਨਹੀਂ ਰਹਿੰਦਾ। ਉਹ ਹੀ ਹਾਲ ਮਾਤਾ ਹਰੀ ਦੇ ਨਾਚਾਂ ਦਾ ਪੇਰਸ ਵਿਚ ਹੋਣ ਲਗਾ। ਮਾਤਾ ਹਰੀ ਦੀ ਇੱਜ਼ਤ ਘਟਣ ਲਗ ਪਈ। ਕਈ ਉਹਦੀ ਨਕਲ ਕਰਨ ਵਾਲੇ ਉਠ ਬੈਠੇ। ਮਾਤਾ ਹਰੀ ਗੁੱਸੇ ਸੀ ਕਿਉਂਕਿ ਉਹ ਉਹਦੀ ਇਜ਼ਤ ਨੂੰ ਖੋਹ ਰਹੇ ਸਨ। ਮਾਤਾ ਹਰੀ ਕੁਝ ਚਿਰ ਤਕ ਸਟੇਜ ਤੇ ਆਈ ਪਰ ਜਦੋਂ ਆਈ ਤਾਂ ਆਪਣੀ ਇਜ਼ਤ ਵਿਚ ਫਰਕ ਦੇਖਿਆ। ਅਵੱਸ਼ ਹੋ ਰਿਹਾ ਸੀ। ਮਾਤਾ ਹਰੀ ਅਸਲ ਵਿਚ ਨਾਚੀ ਤੇ "ਵੇਸਵਾ" ਸੀ। ਆਰਟ ਦੀ ਤੇ ਐਵੇਂ ਆਣ ਲਈ ਹੋਈ ਸੀ। ਮਾਤਾ ਹਰੀ ਨੂੰ ਗੁੱਸਾ ਆ ਰਿਹਾ ਸੀ ਕਿ ਲੋਕੀ ਉਹਨੂੰ ਆਰਟਿਸਟ ਸਮਝ ਕੇ ਕਿਉਂ ਇਜ਼ਤ ਨਹੀਂ ਕਰਦੇ। ਲੋਕਾਂ ਦੀ ਦਿਲਚਸਪੀ ਘਟ ਰਹੀ ਸੀ। ਓਹ ਪ੍ਰੈਸ ਜਿਸ ਨੇ ਮਾਤਾ ਹਰੀ ਨੂੰ ਟੀਸੀ ਤੇ ਚੜਾਇਆ ਸੀ ਹੁਣ ਮਠਾ ਪੈ ਗਿਆ ਸੀ। ਮਾਤਾ ਹਰੀ ਉਸ ਦੇਵੀ ਵਾਂਗ ਮਸ਼ਹੂਰ ਹੋਣਾ ਚਾਹੁੰਦੀ ਸੀ। ਜਿਸਦਾ ਓਹ ਸਵਾਂਗ ਉਤਾਰਦੀ ਸੀ। ਓਹ ਏਹ ਨਹੀਂ ਸੀ ਚਾਹੁੰਦੀ ਕਿ ਇਕ ਆਦਮੀ ਲਈ ਸਭ ਕੁਝ ਹੋ ਜਾਵੇ-ਓਹ ਸਾਰਿਆਂ ਆਦਮੀਆਂ ਲਈ ਬਹੁਤ ਕੁਝ ਹੋਣਾ ਲੋਚਦੀ ਸੀ।

ਮਾਤਾ ਹਰੀ ਨੇ ਬਰਲਿਨ ਜਾਣ ਦਾ ਇਰਾਦਾ ਕਰ ਲਿਆ। ੧੯੦੭ ਵਿਚ ਉਥੇ ਚਲੀ ਗਈ। ਬਰਲਿਨ ਵਿਚ ਅਜੇ ਓਹਦੀ ਮੰਗ ਸੀ।

ਸਮੇਂ ਹੁੰਦੇ ਹਨ ਜਦ ਮੈਂ ਕਿਸਮਤ ਦੀਆਂ ਖੇਡਾਂ ਵਿਚ ਯਕੀਨ ਰਖਨੀ ਹਾਂਂ। ਪਰ ਜਦ ਮਿੰਟ ਕੁ ਸੰਚਦੀ ਹਾਂ ਤਾਂ ਸਮਝ ਆਉਂਦੀ ਹੈ ਕਿ ਜਿਵੇਂ ਕੋਈ ਚਾਹੇ ਉਸ ਤਰ੍ਹਾਂ ਦੀ ਕਿਸਮਤ ਬਣਾ ਸਕਦਾ ਹੈ।"

ਜੇਕਰ ਏਹ ਗਲ ਠੀਕ ਹੈ ਤਾਂ ਮਾਤਾ ਹਰੀ ਨੇ ਆਪਣੀ ਕਿਸਮਤ ਬਰਲਿਨ ਵਿਚ ਆਪ ਘੜੀ। ਬਰਲਿਨ ਵਿਚ ਗੁਜਾਰੀ ਜ਼ਿੰਦਗੀ ਬਾਰੇ ਕੁਝ ਪਤਾ ਨਹੀਂ ਲਗ ਸਕਿਆ। ਪਹਿਲਾ ਕਾਰਣ ਤਾਂ ਏਹ ਹੈ ਕਿ ਖੁਫ਼ੀਆ ਮਹਿਕਮਾ ਆਪਣੇ ਜਾਸੂਸਾਂ ਬਾਰੇ ਕੁਝ ਦਸਦਾ ਨਹੀਂ; ਦੂਜੇ ਮਾਤਾ ਹਰੀ ਦਾ ਮੇਲ ਜੋਲ ਅਮੀਰਾਂ ਨਾਲ ਰਿਹਾ ਜਿਸ ਕਰ ਕੇ ਉਹਦੇ ਕੰਮਾਂ ਉਤੇ ਪੜਦਾ ਜਿਹਾ ਪਿਆ ਰਹਿੰਦਾ ਸੀ। ਕੁਝ ਪਤਾ ਨਹੀਂ ਸਵਾਏ ਏਸ ਦੇ ਕਿ ਜਲਦੀ ਹੀ ਮਾਤਾ ਹਰੀ ਅਮੀਰ ਲੋਕਾਂ ਦੀ "ਪਿਆਰੀ" ਹੋ ਗਈ। ਜਦ ਚੰਗੇ ਮੇਨੂਵਰ ਸਾਈਲੈਸੀਆ ਹੋਏ ਤਾਂ ਉਹ ਉਥੇ ਸੀ। ਉਂਝ ਹੀ ਆਮ ਜਲਸਿਆਂ ਵਿਚ ਅਮੀਰਾਂ ਨਾਲ ਹੀ ਉਠਦੀ ਬੈਠਦੀ ਦਿਸਦੀ ਸੀ।

ਕੀ ਮਾਤਾ ਹਰੀ ਆਪਣੀ ਮਰਜ਼ੀ ਨਾਲ ਜਾਸੂਸ ਬਣ ਗਈ ਜਾਂ ਕਿ ਅਨਭੋਲ ਹੀ ਫਸ ਗਈ?

ਏਹ ਸਮਝਨਾ ਸੰਭਵ ਨਹੀਂ ਕਿ ਮਾਤਾ ਹਰੀ ਵਰਗੀ ਇਸਤੀ ਕਿਸ ਤਰ੍ਹਾਂ ਬਿਨਾਂ ਕੁਝ ਜਾਣੇ ਦੇ ਜਰਮਨ ਜਾਸੂਸਨ ਬਣ ਗਈ ਅਤੇ ਬਿਨਾ ਏਹ ਜਾਣੇ ਦੇ ਕਿ ਕਿਉਂ ਹੋਰ ਇਸਤ੍ਰੀਆਂ ਨੂੰ ਜਾਸੂਸ ਬਣਨ ਲਈ ਪ੍ਰੇਰਿਆ ਗਿਆ ਸੀ। ਬਹੁਤ ਸਾਰੇ ਦੇਸਾਂ ਦਾ ਏਹ ਅਸੂਲ ਹੈ ਕਿ ਜੇਕਰ ਆਦਮੀ ਮਿਲ ਜਾਣ ਤਾਂ ਇਸਤ੍ਰੀ ਨੂੰ ਕਦੀ ਜਾਸੂਸ ਨਹੀਂ ਬਣਾਂਦੇ। ਇਸ ਵਿਚ ਸ਼ਕ ਨਹੀਂ ਕਿ ਕੁਝਕੁ ਇਸਤ੍ਰੀਆਂ ਨੂੰ ਇਸ ਮਹਿਕਮੇ ਵਿਚ ਨੌਕਰੀਆ ਕਬੂਲਨੀਆਂ ਪਈਆਂ, ਪਰ ਉਨ੍ਹਾਂ ਇਸ ਲਈ ਇਸ ਅਤਿ ਖਤਰੇ ਵਾਲੀ ਨੌਕਰੀ ਨੂੰ ਮਨਜ਼ੂਰ ਕਰ ਲਿਆ ਸੀ ਕਿਉਂਕਿ ਉਨ੍ਹਾਂ ਦਾ ਪਿਆਰ ਉਨ੍ਹਾਂ ਮਨੁਖਾਂ ਨਾਲ ਹੋ ਗਿਆ ਸੀ ਜਿਹੜੇ ਜਾਸੂਸੀ ਕੰਮ ਕਰ ਰਹੇ ਸਨ।

ਮਾਤਾ ਹਰੀ ਦੇ ਜੀਵਣ ਵਿਚ ਹੋਰ ਕੋਈ ਗਲ ਇਤਨੀ ਹਰਾਨ ਕਰਨ ਵਾਲੀ ਨਹੀਂ ਜਿਤਨੀ ਇਹ ਕਿ ਉਹ ਕਿਉਂ ਜਾਸੂਸਨ ਬਣ ਗਈ। ਪੈਸੇ ਦਾ ਲਾਲਚ ਕਦੀ ਉਹਦੇ ਕੋਲੋਂ ਇਹ ਕੰਮ ਨਹੀਂ ਸੀ ਕਰਾ ਸਕਦਾ। ਜਾਸੂਸਾਂ ਨੂੰ ਪੈਸਾ ਵੀ ਕਦੀ ਬਾਹਲਾ ਨਹੀਂ ਮਿਲਦਾ ਐਵੇਂ ਪੜਦਾ ਹੀ ਹੈ। ਨਾਲੇ ਮਾਤਾ ਹਰੀ ਤਾਂ ਨਾਚ ਰਾਹੀਂ ਬੇਅੰਤ ਮਾਇਆ ਕਮਾ ਸਕਦੀ ਸੀ। ਉਹਦੇ ਉਤੇ ਕਈ ਰੁਪਿਆਂ ਵਾਰਨ ਲਈ ਤਿਆਰ ਸਨ। "ਉਹ ਤਾਂ ਧਨ ਨੂੰ ਬਾਰੀਆਂ ਰਾਹੀਂ ਬਾਹਰ ਸੁਟਦੀ ਸੀ।" ਉਹਨੇ ਕੇਵਲ ਇਕ ਵਾਰੀ ਜਰਮਨ ਅਫਸਤ ਕਲੋਂ ਪੈਸੇ ਮੰਗੇ। ਜਦੋਂ ਉਹ ਮੈਡਰਿਡ ਵਿਚ ਫਸ ਗਈ ਸੀ।

ਫਰਾਂਸ ਦਾ ਮੈਜਰ ਮੈਸਰਡ ਕਹਿੰਦਾ ਹੈ ਕਿ ਮਾਤਾ ਹਰੀ ਦੇ ਘਮੰਡ ਜਾਂ ਮਾਨ ਨੇ ਇਹ ਖਤਰਨਾਕ ਨੌਕਰੀ ਕਬੂਲ ਕਰਨ ਲਈ ਜ਼ੋਰ ਦਿਤਾ। ਇਹ ਸਚ ਹੈ ਕਿ ਮਾਤਾ ਹਰੀ ਵਡੇ ਵਡੇ ਆਦਮੀਆਂ ਨੂੰ ਆਪਣੇ ਅਸਰ ਹੇਠ ਲਿਆਉਣਾ ਲੋਚਦੀ ਸੀ। ਸਪੇਨ ਦਾ ਇਕ ਅਫਸਰ ਵੀ ਏਸੇ ਖਿਅਲ ਦਾ ਹੈ ਤੇ ਕਹਿੰਦਾ ਹੈ:

“ਮਾਤਾ ਹਰੀ ਫਿਤਰਤ ਮੁਤਾਬਕ ਅਗ ਨਾਲ ਖੇਡਨਾ ਚਾਹੁੰਦੀ ਸੀ-ਉਹਦੀ ਜ਼ਿੰਦਗੀ ਵਲ ਝਾਤੀ ਮਾਰੋ। ਓਹ ਇਕ ਅਯਾਸ਼ੀ ਦੇ ਪਿਛੋਂ ਦੂਜੀ ਅਯਾਸ਼ੀ ਨਾਲ ਭਰੀ ਪਈ ਹੈ। ਇਕ ਅਯਾਸ਼ੀ ਲਗ-ਪਗ ਪਹਿਲੀ ਜਹੀ ਹੁੰਦੀ ਹੈ। ਆਦਮੀ ਇਕ ਤਰ੍ਹਾਂ ਦੀਆਂ ਚੀਜ਼ਾਂ ਲੈ ਲੈ ਕੇ ਰਜ ਜਾਂਦਾ ਹੈ--ਮਾਤਾ ਹਰੀ ਨੂੰ ਜਦ ਪੁਰਾਨੀਆਂ ਗਲਾਂ ਖੁਸ਼ੀ ਦੇਣੋਂ ਹਟ ਗਈਆਂ ਤਾਂ ਉਹ ਹੋਰ ਖ਼ਤਰਨਾਕ ਕੰਮਾਂ ਵਿਚ ਪੈਣ ਲਗ ਪਈ। ਇਹ ਕੁਝ ਹੀ ਸੀ।

ਸਾਰੇ ਜਾਂ ਕੁਝ ਕਾਰਣ ਹੋਣ—ਤਾਕਤ ਲਈ ਪਿਆਰ, ਆਪਣੇ ਮਾਨ ਨੂੰ ਖੁਰਾਕ ਦੇਣ ਦਾ ਲਾਲਚ, ਨਵੀਆਂ ਜਿਸਮਾਨੀ ਥਰਥਰਾਹਟਾਂ ਲਈ ਖੋਜ-ਪਰ ਅਸਲ ਸਚ ਇਹ ਦਿਸਦਾ ਹੈ ਕਿ ਉਹ ਅਨਭੋਲ ਜਾਸੂਸਨ ਬਣ ਚੁਕੀ ਸੀ: ਉਹਨੂੰ ਇਸ ਗਲ ਦਾ ਪਤਾ ਹੀ ਉਦੋਂ ਲਗਿਆ ਜਦ ਉਹ ਇਸ ਕੰਮ ਵਿਚ ਫਸ ਚੁਕੀ ਸੀ।

ਜਰਮਨੀ ਦੇ ਜਾਸੂਸਾਂ ਨੂੰ ਬੜੇ ਸਖਤ ਕੰਮ ਕਰਨੇ ਪੈਂਦੇ ਸਨ। ਜੇ ਕਰ ਉਹ ਆਪਣਾ ਫਰਜ਼ ਚੰਗੀ ਤਰ੍ਹਾਂ ਨਹੀਂ ਸੀ ਨਿਭਾਉਂਦਾ ਤਾਂ ਉਹਨੂੰ ਸਜ਼ਾਵਾਂ ਵੀ ਬੜੀਆਂ ਕਰੜੀਆਂ ਮਿਲਦੀਆਂ ਸਨ।

ਕਈ ਆਖਦੇ ਹਨ ਕਿ ੧੯੧੪-੧੮ ਦੇ ਵਡੇ ਜੰਗ ਨੇ ਮਾਤਾ ਹਰੀ ਦੇ ਅੰਦਰ ਝਟ ਪਟ ਜੋਸ਼ ਜਿਹਾ ਲੈ ਆਂਦਾ ਜਿਸ ਕਰਕੇ ਉਹਨੇ ਇਹ ਜਾਸੂਮਾਂ ਵਾਲਾ ਕੰਮ ਮਨਜੂਰ ਕਰ ਲਿਆ। ਪਰ ਇਹ ਭੁਲ ਹੈ। ਮਾਤਾ ਹਰੀ ਪਹਿਲੋਂ ਹੀ ਇਸ ਨੌਕਰੀ ਤੇ ਲਗ ਚੁਕੀ ਸੀ। ਪਹਿਲੇ ਤਾਂ ਉਹਦਾ ਖੁਫ਼ੀਆ ਮਹਿਕਮੇ ਦਾ ਨੰਬਰ-ਐਚ ੨੧- ਹੀ ਦਸਦਾ ਹੈ ਕਿ ਉਹ ਜੰਗ ਦੇ ਪਹਿਲੋਂ ਹੀ ਭਰਤੀ ਹੋ ਚੁਕੀ ਸੀ, ਕਿਉਂ ਕਿ ਜੰਗ ਸਮੇਂ ਭਰਤੀ ਕੀਤੇ ਜਾਸੂਸਾਂ ਦੇ ਨੰਬਰਾਂ ਦੇ ਪਹਿਲੋਂ ਦੋ ਅੱਖਰ ਹੁੰਦੇ ਸਨ। ਪਹਿਲਾ ਅਖਰ ਉਸ ਸ਼ਹਿਰ ਦਾ ਹੁੰਦਾ ਸੀ ਜਿਥੇ ਵਡਾ ਦਫਤਰ ਹੁੰਦਾ ਸੀ ਅਤੇ ਦੂਜਾ ਉਸ ਦੇਸ ਦਾ ਪਹਿਲਾ ਅਖਰ ਜਿਥੇ ਕੰਮ ਕਰਨਾ ਹੁੰਦਾ ਸੀ। ਜੇਕਰ ਮਾਤਾ ਹਰੀ ਜੰਗ ਵਿਚ ਇਸ ਨੌਕਰੀ ਤੇ ਆਉਂਦੀ ਤਾਂ 'ਐਚ' ਅਖਰ ਦੀ ਥਾਂ ਤੇ “ਏ: ਅਫ" ਅਖਰ ਹੋਣੇ ਸਨ- "ਏ" ਏਨਟਵਾਰਪ ਦਾ ਪਹਿਲਾ ਅਖਰ ਅਤੇ “ਐਫ" ਫਰਾਂਸ ਦਾ ਪਹਿਲਾ ਏਨਟਵਾਰਪ ਵਿਚ ਖੁਫੀਆ ਮਹਿਕਮੇ ਦਾ ਵਡਾ ਦਫਤਰ ਸੀ ਅਤੇ ਫਰਾਂਸ ਵਿਚ ਮਾਤਾ ਹਰੀ ਨੇ ਕੰਮ ਕਰਨਾ ਸੀ।

ਦੂਜਾ ਸਬੂਤ ਇਹ ਹੈ ਕਿ ਬਰਤਾਨਵੀ ਸਰਕਾਰ ਲੜਾਈ ਹੋਣ ਤੋਂ ਪਹਿਲਾਂ ਹੀ ਮਾਤਾ ਹਰੀ ਦੇ ਕਾਰਨਾਮਿਆਂ ਤੋਂ ਜਾਣੂੰੰਹੋ ਚੁਕੀ ਸੀ। ਫਰਾਂਸ ਵਾਲਿਆਂ ਨੂੰ ਤਾਂ ਬਰਤਾਨੀਆਂ ਦੇ ਦਸਣ ਉਤੇ ਮਾਤਾ ਹਰੀ ਦੇ ਕੰਮਾਂ ਦਾ ਪਤਾ ਲਗਿਆ ਸੀ। ਬਰਤਾਨਵੀ ਹਰ ਵੇਲੇ ਮਾਤਾ ਹਰੀ ਦਾ ਖਿਆਲ ਰਖਦੇ ਸਨ ਅਤੇ ਮਾਤਾ ਹਰੀ ਨੂੰ ਵੀ ਇਸ ਗਲ ਦਾ ਪਤਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਮਾਤਾ ਹਰੀ ਵਿਚ ਦਿਲਚਸਪੀ ਲੈਣ ਲਗਦਾ ਸੀ ਉਸੇ ਵੇਲੇ ਆਉਣ ਵਾਲੇ ਖਤਰਿਆਂ ਤੋਂ ਉਹਨੂੰ ਵਾਕਫ ਕਰਾਇਆ ਜਾਂਦਾ ਸੀ, ਜਾਂ ਕਿਧਰੇ ਹੋਰ ਥਾਂ ਭੇਜ ਦਿਤਾ ਜਾਂਦਾ ਸੀ, ਜਿਥੇ ਮਾਤਾ ਹਰੀ ਦੀਆਂ ਚਲਾਕੀਆਂ ਅਤੇ ਉਹਦੇ ਫੰਦਿਆਂ ਤੋਂ ਬਚ ਸਕਦਾ ਸੀ।

ਮਿ: ਕਰੂਨ, ਇਕ ਵਡਾ ਜਰਮਨ ਜਾਸੂਸ ਕਹਿੰਦਾ ਹੈ ਕਿ ਮਾਤਾ ਹਰੀ ਨੂੰ ਇਸ ਲਈ ਖੁਫੀਆ ਮਹਿਕਮੇ ਵਿਚ ਲਿਆ ਗਿਆ ਸੀ ਕਿ ਉਹਦੇ ਅੰਦਰ ਕੁਝ ਹੈ ਸੀ, ਜਿਸ ਨਾਲ ਉਹ ਵੱਡੇ ਵੱਡੇ ਆਦਮੀਆਂ ਦਾ ਯਕੀਨ ਲੈ ਸਕਦੀ ਸੀ ਤੇ ਇਵੇਂ ਸਾਰੇ ਭੇਦ ਪਾ ਸਕਦੀ ਸੀ। ਇਹ ਖਵਰੇ ਸਚ ਹੈ। ਮਾਤਾ ਹਰ ਨੂੰ ਕਿਵੇਂ ਨੋਕਰੀ ਵਿਚ ਲਿਆ, ਏਸ ਬਾਰੇ ਅਸਲੀ ਕਾਰਣ ਤਾਂ ਜਰਮਨ ਵਾਲੇ ਹੀ ਜਾਣਦੇ ਹੋਣਗੇ, ਪਰ ਅਸੀਂ ਹਾਲਾਤਾਂ ਨੂੰ ਦੇਖ ਕੇ ਕੁਝ ਕਹਿ ਸਕਦੇ ਹਾਂ। ਜਰਮਨੀ ਵਾਲਿਆਂ ਨੂੰ ਆਮ ਕੌਮਾਂ ਲਈ ਮਾਮੂਲੀ ਜਾਸੂਸ ਤੇ ਬਹੁਤ ਮਿਲ ਜਾਂਦੇ ਸਨ, ਪਰ ਵੱਡੀ ਕਿਸਮ ਦੇ ਜਾਸੂਸਾਂ ਨੂੰ ਲਭਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ। ਉਹ ਚਾਹੁੰਦੇ ਸਨ ਕਿ ਕੋਈ ਏਸ ਤਰ੍ਹਾਂ ਦਾ ਮਿਲੇ ਜਿਹੜਾ ਅਮੀਰਾਂ ਅਤੇ ਵੱਡੇ ਆਦਮੀਆਂ ਵਿਚ ਖੁਲ੍ਹੀ ਤਰ੍ਹਾਂ ਟੁਰ ਫਿਰ ਸਕੇ। ਮਾਤਾ ਹਰੀ ਨੇ ਨਾਚਾਂ ਰਾਹੀਂ ਵੱਡੀ ਸ਼ੁਹਰਤ ਹਾਸਲ ਕਰ ਲਈ ਹੋਈ ਸੀ। ਏਸ ਲਈ ਉਹ ਚੰਗੀ ਤਰ੍ਹਾਂ ਕੰਮ ਆ ਸਕਦੀ ਸੀ। ਪਰ ਉਹਨੂੰ ਏਸ ਕੰਮ ਲਈ ਕਿਵੇਂ ਲਲਚਾਇਆ ਜਾਏ! ਮਾਤਾ ਹਰੀ ਨੇ ਆਪਣੇ ਜੱਜਾਂ ਨੂੰ ਸਾਫ਼ ਸਾਫ਼ ਦਸ ਦਿਤਾ ਸੀ ਕਿ ਉਹ ਕਿਵੇਂ ਬਰਲਿਨ ਪੋਲੀਸ ਦੇ ਵੱਡੇ ਅਫ਼ਸਰ ਮਿ: ਹਰਵਾਨ ਜਾਗੋ ਨਾਲ ਵਾਕਫ਼ ਹੋਈ ਸੀ:

"ਮੈਂ ਉਹਨੂੰ ਪਹਿਲੀ ਵਾਰ ਨਾਚ-ਘਰ ਵਿਚ ਮਿਲੀ ਸਾਂ, ਜਿਥੇ ਮੈਂ ਨਚ ਰਹੀ ਸਾਂ। ਜਰਮਨ ਵਿਚ ਪੁਲੀਸ ਦਾ ਹੱਕ ਹੈ ਕਿ ਕਿਸੇ ਆਰਟਿਸਟ ਦੀ ਪੋਸ਼ਾਕ ਬਾਰੇ ਇਤਰਾਜ਼ ਕਰ ਦੇਣ। ਕਿਸੇ ਨੇ ਖ਼ਿਆਲ ਕੀਤਾ ਕਿ ਮੈਂ ਕਾਫ਼ੀ ਕਪੜੇ ਨਹੀਂ ਸਨ ਪਾਏ ਹੋਏ। ਏਸ ਲਈ ਪੁਲੀਸ ਅਫ਼ਸਰ ਮੇਰੀ ਪੁਸ਼ਾਕ ਦੀ ਦੇਖ-ਭਾਲ ਕਰਨ ਲਈ ਅਇਆ।"

ਇਹ ਕੰਮ ਮਾਮੂਲੀ ਜਿਹਾ ਸੀ। ਕੋਈ ਛੋਟਾ ਅਫ਼ਸਰ ਵੀ ਕਰ ਸਕਦਾ ਸੀ, ਪਰ ਇਥੇ ਕੋਈ ਗਰਜ਼ ਸੀ।

ਮਾਤਾ ਹਰੀ ਨੇ ਮੰਨਮਰਜੀ ਨਾਲ ਕੰਮ ਕਰਨ ਲਈ ਹਾਂ ਕਰ ਦਿਤੀ। ਉਹ ਥੋੜੇ ਚਿਰ ਵਿਚ ਹੀ ਪੁਲੀਸ ਦੀ “ਸਹੇਲੀ" ਜਾਣੀ ਜਾਣ ਲਗ ਪਈ। ਉਹਦੇ ਲਈ ਇਕ ਵਧੀਆ ਘਰ ਵੀ ਲੈ ਦਿਤਾ ਗਿਆ। ਇਥੇ ਫ਼ਰਾਂਸ, ਇਟਲੀ ਅਤੇ ਰੂਸ ਦੇ ਅਫ਼ਸਰਾਂ ਨੂੰ ਫਸਾ ਕੇ ਲਿਆਇਆ ਜਾਂਦਾ ਸੀ। ਅਗੋਂ ਮਾਤਾ ਹਰੀ ਆਪਣੇ ਕਰਤਬਾਂ ਨਾਲ ਉਨ੍ਹਾਂ ਨੂੰ ਸਾਂਭ ਕੇ ਭੇਦ ਪਾ ਲੈਂਦੀ ਹੈ। ਕੋਈ ਬਰਤਾਨਵੀ ਮਾਤਾ ਹਰੀ ਦੇ ਕਾਬੂ ਨਹੀਂ ਸੀ ਆਉਂਦਾ, ਕਿਉਂਕਿ ਉਸੇ ਘਰ ਵਿਚ ਇਕ ਬਰਤਾਨੀਆ ਦਾ ਏਜੰਟ ਵੀ ਕੰਮ ਕਰਦਾ ਸੀ, ਪਰ ਮਾਤਾ ਹਰੀ ਜਾਂ ਜਰਮਨ ਖੁਫ਼ੀਆ ਮਹਿਕਮੇ ਨੂੰ ਏਸ ਗਲ ਦਾ ਪਤਾ ਨਹੀਂ ਸੀ। ਅਤੇ ਨਾ ਹੀ ਕਦੀ ਉਨ੍ਹਾਂ ਇਹ ਸੋਚਣ ਦੀ ਖੇਚਲ ਕੀਤੀ ਕਿ ਕਿਉਂ ਕੋਈ ਬਰਤਾਨਵੀ ਕਾਬੂ ਨਹੀਂ ਸੀ ਆਉਂਦਾ?

ਮਾਤਾ ਹਰੀ ਦੇ ਕੰਮਾਂ ਦਾ ਦਾਇਰਾ ਬਰਲਨ ਤਕ ਹੀ ਮਹਿਦੂਦ ਨਹੀਂ ਸੀ। ਜੰਗ ਦੀ ਇਕ "ਟਰੈਜੇਡੀ" ਇਹ ਵੀ ਸੀ ਕਿ ਹਸਮੁਖ ਮਖੌਲੀਏ ਮਿ: ਹੋਗ ਨਾਗਲ ਨਾਮੀ ਮਨੁੱਖ ਦੀ ਜਾਨ ਵੀ ਚਲੀ ਗਈ-ਮਾਤਾ ਹਰੀ ਦੇ ਹੱਥੋਂ! ਇਹ ਹੋਗ ਨਾਗਲ ਡਚ ਸੀ। ਜਦ ਇਕ ਜਾਸੂਸ ਦੀ ਲੋੜ ਪਈ ਤਾਂ ਮਾਤਾ ਹਰੀ ਨੇ ਏਹਦੀ ਸਫ਼ਾਰਸ਼ ਕੀਤੀ। ਮਾਤਾ ਹਰੀ ਏਹਨੂੰ ਉਦੋਂ ਦੀ ਜਾਣਦੀ ਸੀ ਜਦੋਂ ਉਹ ਆਪ ਹੋਗ ਵਿਚ ਹੁੰਦੀ ਸੀ। ਉਹ ਪੂਰੀ ਤਰ੍ਹਾਂ ਆਪਣੀ ਇਸਤ੍ਰੀ ਦੇ ਆਖੇ ਲਗਣ ਵਾਲਾ ਪਤੀ ਸੀ। ਜੋ ਕੁਝ ਦਿਹਾੜੀ ਕਮਾ ਕੇ ਲਿਆਂਦਾ ਉਸ ਦੀ ਇਸਤ੍ਰੀ ਆਪ ਸਾਂਭ ਲੈਂਦੀ ਸੀ। ਹੋਗ ਨਾਗਲ ਦਾ ਖੁਸ਼ੀਆਂ ਕਰਨ ਨੂੰ ਬੜਾ ਚਿਤ ਕਰਦਾ ਸੀ, ਪਰ ਉਹਦੀ ਚਾਲਾਕ ਅਤੇ ਕੰਜੂਸ ਇਸਤ੍ਰੀ ਪੁਲੀਸ ਸਪਾਹੀ ਵਾਂਗ ਹਰ ਵੇਲੇ ਉਹਦੇ ਸਿਰ ਤੇ ਪਹਿਰੇਦਾਰ ਵਾਂਗ ਖੜੀ ਦਿਸਦੀ ਸੀ: ਜਦੋਂ ਹੋਗਨਾਗਲ ਸ਼ਹਿਰ ਵਿਚ ਸੀ ਤਾਂ ਇਤਨਾ ਕੰਮ ਨਹੀਂ ਸੀ ਸੰਵਾਰਦਾ। ਪਰ ਜਦ ਉਹਨੇ ਜ਼ਰੂਰੀ ਕੰਮ ਲਈ ਪੈਰਸ ਜਾਣ ਦੀ ਮਰਜੀ ਦਸੀ ਤਾਂ ਜਰਮਨੀ ਦੀ ਖੁਫ਼ੀਆਂ ਪੁਲੀਸ ਨੇ ਉਹਨੂੰ ਉਥੇ ਕੰਮ ਸਵਾਰਨ ਲਈ ਆਖਿਆ। ਹਾਲੈਂਡ ਦੇ ਰਹਿਣ ਵਾਲੇ ਪੈਸੇ ਦੇ ਪੀਰ ਸਮਝੇ ਗਏ ਹਨ, ਏਸ ਲਈ ਜਦ ਹੋਗ ਨਾਗਲ ਨੇ ਪੈਰਸ ਵਿਚ ਖੂਬ ਅੱਯਾਸ਼ੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਤਾਂ ਫ਼ਰਾਂਸ ਵਾਲਿਆਂ ਨੂੰ ਕੁਝ ਸ਼ਕ ਹੋਇਆ ਅਤੇ ਜਲਦੀ ਹੀ ਉਨ੍ਹਾਂ ਅਸਲ ਗੱਲ ਦਾ ਭੇਦ ਪਾ ਲਿਆ।

ਇਹ ਨਾਖੁਸ਼ ਹੋਗਨਾਗਲ ਜਨਵਰੀ ੧੯੧੮ ਨੂੰ ਗੋਲੀ ਨਾਲ ਮਾਰ ਦਿਤਾ ਗਿਆ। ਜ਼ਿੰਦਗੀ ਦੇ ਆਖ਼ਰੀ ਦਿਨ ਹੋਗਨਾਗਲ ਨੇ ਕਿਹਾ:

"ਤਾਂ ਕੀ ਇਹ ਸਚ ਹੈ? ਤੁਸੀ ਮੈਨੂੰ ਸਚ-ਮੁਚ ਗੋਲੀ ਨਾਲ ਉਡਾਣ ਲਗੇ ਹੋ? ਮੈਂ ਆਪਣੇ ਟੱਬਰ ਦਾ ਚੰਗਾ ਪਿਤਾ ਸਾਂ। ਇਹ ਮੇਰੇ ਪੰਧ ਵਿਚ ਬਦਕਿਸਮਤ ਵਾਕਿਆ ਹੋ ਗਿਆ ਹੈ।"

"ਇਕ ਬਦਕਿਸਮਤ ਵਾਕਿਆ!" ਕੀ ਸਾਰੀ ਜ਼ਿੰਦਗੀ ਹੀ ਇਕ ਬਦਕਿਸਮਤ ਵਾਕਿਆ ਨਹੀਂ, ਜਿਸ ਨੂੰ ਬੇਲੋੜਾ ਲੰਮਾ ਕੀਤਾ ਗਿਆ ਹੈ? ਖੁਸ਼-ਤਬੀਅਤ ਵਾਲੇ ਡਚ ਲੋਕਾਂ ਵਿਚ ਵੀ ਮਾਤਾ ਹਰੀ ਨੇ ਆਪਣਾ ਜਾਲ ਖਿਲਾਰ ਕੇ ਤਬਾਹੀ ਤੇ ਦੁਖ ਵਰਤਾਇਆ।

ਇਕ ਹੋਰ ਵਾਕਿਆ ਦਸਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਜਰਮਨ ਦੀ ਖੁਫ਼ੀਆ ਪੁਲੀਸ ਕਿਸ ਤਰ੍ਹਾਂ ਕੰਮ ਕਰਦੀ ਸੀ।

ਇਹ ਗਲ ਉਦੋਂ ਹੋਈ ਜਦ ਫ਼ਰਾਂਸ ਅਤੇ ਰੂਸ ਵਿਚ ਜੰਗ ਤੋਂ ਪਹਿਲਾਂ ਗਲ-ਬਾਤ ਸ਼ੁਰੂ ਹੋਈ ਸੀ। ਉਸ ਵੇਲੇ ਇਨ੍ਹਾਂ ਦੋਹਾਂ ਦੇਸਾਂ ਦੀ ਸਾਂਝੀ ਖੁਫ਼ੀਆ ਪੁਲੀਸ ਦਾ ਦਫ਼ਤਰ ਜਰਮਨੀ ਵੀ ਸੀ। ਖ਼ਬਰਾਂ ਭੇਜਣ ਦੇ ਇਲਾਵਾ ਇਹ ਦਫ਼ਤਰ ਆਏ ਗਏ ਕਾਸਦ ਦੀ ਰਖਵਾਲੀ ਤੇ ਰਹਿਨਮਾਈ ਵੀ ਕਰਦਾ ਸੀ। ਇਸ ਵਾਕਿਆ ਤੇ ਰੂਸ ਦਾ ਕਾਸਦ ਕੁਝ ਲਿਖੀਆਂ ਸ਼ਰਤਾਂ ਆਦਿ ਲੈ ਕੇ ਬਰੋਸੀਲ ਵਲੋਂ ਹੁੰਦਾ ਹੋਇਆ ਪੈਰਸ ਜਾ ਰਿਹਾ ਸੀ। ਸਾਰੇ ਹਦਾਇਤ ਹੋ ਗਈ ਕਿ ਏਸ ਕਾਸਦ ਦੀ ਪੂਰੀ ਮਦਦ ਕੀਤੀ ਜਾਏ ਤਾਂ ਸ਼ਰਤ ਦਾ ਪਤਾ ਨਾ ਲਗ ਜਾਏ।

ਏਸ ਕਾਸਦ ਨੇ ਬਰਲਿਨ ਪਹੁੰਚ ਕੇ ਸਫ਼ੀਰ ਦੇ ਦਫ਼ਤਰ ਦਾ ਰਾਹ ਪਕੜਿਆ ਅਤੇ ਉਥੇ ਪੁਜ ਕੇ ਆਪਣੇ ਕਾਗਜ਼ “ਸੇਫ’’ ਵਿਚ ਜਮਾਂ ਕਰਾ ਦਿਤੇ। ਇਹ ਗਲ ਰੂਸ ਦੇ ਅਫ਼ਸਰਾਂ ਨੂੰ ਦਸੀ ਗਈ ਸੀ ਕਿ ਏਸ ਸੇਫ ਵਿਚੋਂ ਵੀ ਚੋਰੀ ਕਰਨ ਦਾ ਕੋਈ ਰਾਹ ਸੀ, ਜਿਸ ਕਰ ਕੇ ਛਪਾਈਆਂ ਗਲਾਂ ਦਾ ਵੀ ਭੇਦ ਨਿਕਲ ਜਾਂਦਾ ਸੀ। ਏਸ ਗਲ ਦੇ ਦੋ ਮਨੋਰਥ ਹੋ ਸਕਦੇ ਸਨ। ਇਕ ਤਾਂ ਇਹ ਕਿ ਜਰਮਨੀ ਵਾਲਿਆਂ ਨੂੰ ਪਤਾ ਲਗ ਜਾਏ ਕਿ ਕਾਗ਼ਜ਼ਾਂ ਵਿਚ ਕੀ ਲਿਖਿਆ ਸੀ ਅਤੇ ਜਾਂ ਚੌਕੀਦਾਰਾਂ ਨੂੰ ਸੁਚੇਤ ਰਖਣ ਦਾ ਇਹ ਤਰੀਕਾ ਸੀ ਕਿ ਕਿਧਰੇ ਭੇਦ ਖੁਲ੍ਹ ਨਾ ਜਾਏ। ਕਾਸਦ ਨੇ ਸ਼ਰਤਾਂ ਵਾਲਾ ਕਾਗਜ਼ ਆਪਣੇ ਕਲ ਹੀ ਰਖਿਆ ਸੀ।

ਇਹ ਗੱਲ ਕਾਸਦ ਨੂੰ ਸਮਝਾ ਦਿਤੀ ਗਈ ਸੀ ਕਿ ਉਹ ਬੇਸਕ ਹੌਲੀ ਹੌਲੀ ਮਜੇ ਨਾਲ ਅਗੇ ਜਾਵੇ ਤਾਕਿ ਉਹਦੀਆਂ ਹਰਕਤਾਂ ਦਾ ਪਤਾ ਨਾ ਲਗ ਜਾਵੇ। ਇਸ ਲਈ ਉਹਨੇ ਬਰਲਨ ਵਿਚ ਤਿੰਨ ਚਾਰ ਦਿਨ ਰਹਿਣ ਦਾ ਇਰਾਦਾ ਕੀਤਾ। ਝਟ-ਪਟ ਐਡਲਾਨ ਹੋਟਲ ਵਿਚ ਗਿਆ। ਇਥੇ ਹੀ ਲਗ-ਭਗ ਸਾਰੇ ਅਫ਼ਸਰ ਰਹਿੰਦੇ ਸਨ। ਉਹਦੇ ਜਰਮਨ ਮਿੱਤਰਾਂ ਨੇ ਜੀ-ਆਇਆਂ ਆਖਿਆ ਤੇ ਮਾਤਾ ਹਰੀ ਨੂੰ ਬੁਲਾ ਕੇ ਉਹਦੀ ਆਉ-ਭਗਤ ਕੀਤੀ।

ਮਾਤਾ ਹਰੀ ਨੇ ਕਿਹਾ:

"ਮੇਰੇ ਕਮਰੇ ਵਿਚ ਚਲੇ ਚਲੋ। ਉਹ ਵੱਖਰਾ ਜਿਹਾ ਹੈ। ਉਥੇ ਬਹੁਤ ਆਜ਼ਾਦੀ ਹੈ।"

ਸਾਰੇ ਮੰਨ ਗਏ। ਉਸ ਕਾਸਦ ਨੇ ਆਪਣਾ ਅਸਬਾਬ ਮੰਗਾਕੇ ਮਾਤਾ ਹਰੀ ਦੇ ਕਮਰੇ ਵਿਚ ਰਖ ਦਿਤਾ।ਇਕ ਖੁਫੀਆ ਸਿਪਾਹੀ ਨੂੰ ਕਾਸਦ ਦਾ ਨੌਕਰ ਬਣਾ ਦਿਤਾ ਅਤੇ ਏਹਨੇ ਹੀ ਅਸਬਾਬ ਸਟੇਸ਼ਨ ਤੋਂ ਲਿਆਂਦਾ। ਜਦ ਕਾਸਦ ਰੋਟੀ ਖਾਣ ਵਾਲੇ ਕਪੜੇ ਪਾਉਣ ਲਈ ਬਾਹਰ ਜਾਣ ਲਗਾ ਤਾਂ ਸਿਪਾਹੀ ਨੇ ਅਸਬਾਬ ਦੀ ਰਸੀਦ ਉਤੇ ਕੁਝ ਲਿਖਣ ਲਈ ਪੈਨ ਮੰਗਿਆ।ਕਾਸਦ ਨੇ ਕੁਝ ਸੋਚ ਅਤੇ ਝਿਝਕ ਪਿਛੋਂ ਪੈਨ ਦੇ ਦਿਤਾ।ਪੁਲੀਸ ਸਪਾਹੀ ਨੇ ਸਾਹਮਣੇ ਲਗੇ ਸ਼ੀਸ਼ੇ ਰਾਹੀਂ ਤੱਕਿਆ ਕਿ ਕਾਸਦ ਉਹਦੇ ਪਿਛੇ ਪਸਤੌਲ ਨੂੰ ਕੋਟ ਹੇਠਾਂ ਛਪਾਈ ਖਲੋਤਾ ਸੀ। ਸਿਪਾਹੀ ਨੇ ਖ਼ਤਰੇ ਨੂੰ ਪੂਰੀ ਤਰ੍ਹਾਂ ਜਾਣ ਲਿਆ।

ਹੁਣ ਉਸ ਸਿਪਾਹੀ ਨੇ ਪੈਨ ਵਾਪਸ ਦੇ ਦਿਤਾ, ਪਰ ਉਹ ਪੈਨ ਨਾ ਜਿਹੜਾ ਕਾਸਦ ਦਿਤਾ ਸੀ। ਇਹ ਸਭ ਕੁਝ ਉਹਨੇ ਏਸ ਤਰ੍ਹਾਂ ਸਹਿਜ ਸੁਭਾ ਕੀਤਾ ਕਿ ਕਾਸਦ ਨੇ ਐਵੇਂ ਝਾਤੀ ਜਹੀ ਮਾਰਕੇ ਉਹ ਪੈਨ ਬੋਜੇ ਵਿਚ ਪਾ ਲਿਆ ਅਤੇ ਨਾਲ ਰਸੀਦ ਵੀ।

ਕਾਸਦ ਬਰਲਿਨ ਨੂੰ ਛਡਣ ਲਈ ਤਿਆਰ ਹੋ ਗਿਆ। ਉਧਰ ਜਰਮਨ ਦੀ ਖੁਫੀਆ ਪੁਲੀਸ ਉਸ ਸ਼ਰਤਾਂ ਵਾਲੇ ਕਾਗਜ਼ ਨੂੰ ਲਭਣ ਲਈ ਝੱਲੀ ਹੋਈ ਹੋਈ ਸੀ। ਏਸ ਕਾਸਦ ਦੇ ਕਈ ਕਾਗਜ਼ਾਂ ਦੀ ਫ਼ੋਟੋ ਲਈ ਗਈ, ਪਰ ਉਹ ਕਾਗਜ਼ ਨਾ ਮਿਲਿਆ।

ਫੇਰ ਵੀ ਕਾਸਦ ਦਾ ਪਿੱਛਾ ਐਕਸ-ਲੋ-ਚੋਪਲ ਤਕ ਕੀਤਾ ਗਿਆ ਤੇ ਮੁੜ ਉਹਦਾ ਖਹਿੜਾ ਛਡ ਦਿਤਾ-ਇਹ ਖ਼ਿਆਲ ਕਰਕੇ ਕਿ ਇਹ ਉਹ ਕਾਸਦ ਨਹੀਂ ਸੀ। ਕਾਸਦ ਨੇ ਵੀ ਸ਼ੁਕਰ ਮਨਾਇਆ। ਬੈਲਜੀਅਮ ਦੀ ਰਾਜਧਾਨੀ ਵਿਚ ਇਕ ਦਿਨ ਠਹਿਰਣ ਦਾ ਇਰਾਦਾ ਕੀਤਾ। ਜਦ ਨਾਟਕ ਵੇਖਕੇ ਬਾਹਰ ਨਿਕਲਿਆ ਤਾਂ ਬਰਲਨ ਵਾਲਾ ਸਪਾਹੀ-ਨੌਕਰ ਆ ਮਿਲਿਆ।

"ਸ੍ਰੀ ਮਾਨ ਜੀ, ਬੜਾ ਹੀ ਪਿੱਛਾ ਕਰਨਾ ਪਿਆ", ਸਿਪਾਹੀ ਨੇ ਆਖਿਆ, ਪਰ ਅਖ਼ੀਰ ਵਿਚ ਮੈਂ ਪਹੁੰਚ ਹੀ ਗਿਆ ਹਾਂ। ਜਦ ਮੈਂ ਉਸ ਰਾਤ ਤੁਮਾਂ ਕੋਲੋਂ ਪੈਨ ਮੰਗਿਆ ਤਾਂ ਦੇਣ ਵੇਲੇ ਗਲਤੀ ਨਾਲ ਆਪਣਾ ਪੈਨ ਤੁਹਾਨੂੰ ਦੇ ਦਿਤਾ ਅਤੇ ਤੁਸਾਂ ਦਾ ਪੈਨ ਮੇਰੇ ਕੋਲ ਹੀ ਰਹਿ ਗਿਆ। ਹੁਣ ਵਟਾ ਲਵੋ।"

ਉਹਨੇ ਬਿਲਕੁਲ ਉਸ ਤਰ੍ਹਾਂ ਦਾ ਪੈਨ, ਜਿਸ ਤਰ੍ਹਾਂ ਦਾ ਕਾਸਦ ਨੇ ਬੋਜੇ ਵਿਚੋਂ ਕਢਿਆ ਸੀ, ਕਾਸਦ ਦੇ ਪੇਸ਼ ਕੀਤਾ ਅਤੇ ਆਖਿਆ:

"ਸ੍ਰੀ ਮਾਨ ਜੀ, ਕਹਿਣ ਦੀ ਕੋਈ ਲੋੜ ਨਹੀਂ। ਇਹ ਤੁਸਾਂ ਦਾ ਪੈਨ ਹੈ ਜੇਕਰ ਤੁਸੀਂ ਵੇਖਣ ਦੀ ਤਕਲੀਫ਼ ਕਰੋ ਤਾਂ ਸ਼ਰਤਾਂ ਵਾਲਾ ਕਾਗ਼ਜ਼ ਇਹਦੇ ਹੇਠਾਂ ਉਸ ਤਰ੍ਹਾਂ ਹੀ ਪਿਆ ਹੈ ਜਿਵੇਂ ਤੁਸਾਂ ਰਖਿਆ ਸੀ; ਅਤੇ ਮੈਂ ਤੁਸਾਂ ਨੂੰ ਯਕੀਨ ਦਿਵਾਂਦਾ ਹਾਂ ਕਿ ਜਰਮਨੀ ਦੇ ਖੁਫੀਆ ਮਹਿਕਮੇ ਨੂੰ ਇਨ੍ਹਾਂ ਦਾ ਪਤਾ ਨਹੀਂ ਲਗਿਆ।"

'ਪਰ...........ਪਰ ਤੂੰ ਉਨ੍ਹਾਂ ਵਿਚੋਂ ਇਕ ਖੁਫ਼ੀਆ ਮਹਿਕਮੇ ਦਾ ਆਦਮੀ ਏਂਂ", ਕਾਸਦ ਨੇ ਥੱਥਲਾਂਦਿਆਂ ਹੋਇਆਂ ਆਖਿਆ।

"ਮੈਂ ਸਾਂ ਅਜ ਸਵੇਰ ਤਕ, ਮੈਂ ਅਜ ਨੌਕਰੀ ਛਡ ਦਿਤੀ ਹੈ।"

ਜਦ ਪੈਨ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਪਤਾ ਲਗਾ ਕਿ ਅਸਲ ਪੈਨ ਉਹ ਸੀ ਜਿਸ ਦੀ ਨਾਲੀ ਵਿਚ ਪਤਲੇ ਜਹੇ ਛਿੱੱਪੇ ਕਾਗ਼ਜ਼ ਉਤੇ ਸ਼ਰਤਾਂ ਲਿਖੀਆਂ ਪਈਆਂ ਸਨ।