ਸਮੱਗਰੀ 'ਤੇ ਜਾਓ

ਮੁਕੱਦਮਾ/ਦਸਵਾਂ ਭਾਗ

ਵਿਕੀਸਰੋਤ ਤੋਂ

ਦਸਵਾਂ ਭਾਗ

ਅੰਤ

ਕੇ. ਦੇ ਇੱਕਤੀਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ-ਲਗਭਗ ਨੌਂ ਵਜੇ, ਜਦੋਂ ਗ਼ਲੀਆਂ ਸੁੰਨੀਆਂ ਹੁੰਦੀਆਂ ਹਨ-ਉਸਦੇ ਫ਼ਲੈਟ ਵਿੱਚ ਦੋ ਆਦਮੀ ਆਏ। ਉਹ ਪੀਲੇ ਜਿਹੇ ਮੋਟੇ ਤਾਜ਼ੇ ਆਦਮੀ ਸਨ ਅਤੇ ਉਨ੍ਹਾਂ ਨੇ ਲੰਮੇ ਫ਼ਰਾੱਕ ਕੋਟ ਅਤੇ ਅਹਿੱਲ ਹੈਟਾਂ ਪਾਈਆਂ ਹੋਈਆਂ ਸਨ। ਫ਼ਲੈਟ ਦੇ ਦਰਵਾਜ਼ੇ 'ਤੇ ਉਨ੍ਹਾਂ ਨੇ ਥੋੜ੍ਹੀ ਜਿਹੀ ਉਪਚਾਰਿਕਤਾ ਵਿਖਾਈ ਕਿ ਪਹਿਲਾਂ ਕਿਸ ਨੂੰ ਅੰਦਰ ਜਾਣਾ ਚਾਹੀਦਾ ਹੈ, ਅਤੇ ਜਦੋਂ ਉਹ ਕੇ. ਦੇ ਦਰਵਾਜ਼ੇ ਦੇ ਕੋਲ ਆ ਗਏ ਤਾਂ ਉਨ੍ਹਾਂ ਨੇ ਇਸੇ ਉਪਚਾਰਿਕਤਾ ਨੂੰ ਥੋੜ੍ਹੇ ਹੋਰ ਲੰਮੇ ਸਮੇਂ ਲਈ ਦੁਹਰਾਇਆ। ਹਾਲਾਂਕਿ ਉਨ੍ਹਾਂ ਦੇ ਆਉਣ ਦੀ ਕੋਈ ਸੂਚਨਾ ਨਹੀਂ ਸੀ। ਕੇ. ਆਪ ਹੀ ਕਾਲੇ ਕੱਪੜੇ ਪਾ ਕੇ ਦਰਵਾਜ਼ੇ ਦੇ ਕੋਲ ਪਈ ਕੁਰਸੀ 'ਤੇ ਬੈਠਾ ਸੀ ਅਤੇ ਆਪਣੀਆਂ ਉਂਗਲਾਂ 'ਤੇ ਕਸੇ ਦਸਤਾਨੇ ਨੂੰ ਹੌਲ਼ੀ-ਹੌਲ਼ੀ ਖਿੱਚੀ ਜਾ ਰਿਹਾ ਸੀ, ਜਿਵੇਂ ਕਿਸੇ ਮਹਿਮਾਨਾਂ ਦੀ ਉਡੀਕ ਕਰ ਰਿਹਾ ਹੋਵੇ। ਉਨ੍ਹਾਂ ਨੂੰ ਸਾਹਮਣੇ ਵੇਖ ਕੇ ਉਹ ਫ਼ੌਰਨ ਖੜ੍ਹਾ ਹੋ ਗਿਆ।

"ਤਾਂ ਤੁਸੀਂ ਮੇਰੇ ਲਈ ਆਏ ਹੋਂ?" ਉਸਨੇ ਪੁੱਛਿਆ। ਦੋਵਾਂ ਆਦਮੀਆਂ ਨੇ ਸਿਰ ਹਿਲਾ ਦਿੱਤੇ ਅਤੇ ਹੈਟ ਹੱਥਾਂ ਵਿੱਚ ਫੜ੍ਹਕੇ ਇੱਕ -ਦੂਜੇ ਵੱਲ ਇਸ਼ਾਰੇ ਕਰਨ ਲੱਗੇ। ਕੇ. ਨੇ ਮਨ ਹੀ ਮਨ ਮੰਨ ਲਿਆ ਕਿ ਉਹ ਤਾਂ ਕੁੱਝ ਅਲੱਗ ਤਰ੍ਹਾਂ ਦੇ ਲੋਕਾਂ ਦੀ ਉਡੀਕ ਕਰ ਰਿਹਾ ਸੀ। ਉਹ ਖਿੜਕੀ ਦੇ ਕੋਲ ਰੁਕ ਗਿਆ ਅਤੇ ਇੱਕ ਵਾਰ ਫ਼ਿਰ ਹਨੇਰੀ ਗ਼ਲੀ ਵਿੱਚ ਵੇਖਣ ਲੱਗਾ। ਗ਼ਲੀ ਦਾ ਪਾਰ ਸਾਰੀਆਂ ਖਿੜਕੀਆਂ ਵੀ ਹਨੇਰੀਆਂ ਸਨ, ਅਤੇ ਬਹੁਤੀਆਂ ਵਿੱਚ ਪਰਦੇ ਹੇਠਾਂ ਕਰ ਦਿੱਤੇ ਗਏ ਸਨ। ਇੱਕ ਰੌਸ਼ਨੀਦਾਰ ਖਿੜਕੀ ਵਿੱਚ ਗ੍ਰਿਲ ਦੇ ਕੋਲ ਫ਼ਰਸ਼ 'ਤੇ ਬੱਚੇ ਖੇਡ ਰਹੇ ਸਨ। ਉਨ੍ਹਾਂ ਆਪਣੀਆਂ ਬਾਹਾਂ ਇੱਕ -ਦੂਜੇ ਦੇ ਵੱਲ ਫੈਲਾਈਆਂ ਹੋਈਆਂ ਸਨ ਜਿਵੇਂ ਇੱਕ - ਦੂਜੇ ਨੂੰ ਫੜ੍ਹਨਾ ਚਾਹੁੰਦੇ ਹੋਣ, ਪਰ ਆਪਣੀਆਂ ਥਾਵਾਂ ਤੋਂ ਹਿੱਲ ਸਕਣ ਵਿੱਚ ਅਸਮਰੱਥ ਸਨ।

"ਤਾਂ ਉਨ੍ਹਾਂ ਨੇ ਮੇਰੇ ਲਈ ਪੁਰਾਣੇ ਘਿਸੇ-ਪਿਟੇ ਐਕਟਰ ਭੇਜੇ ਹਨ," ਕੇ. ਨੇ ਆਪਣੇ ਆਪ ਨੂੰ ਕਿਹਾ ਅਤੇ ਤਸੱਲੀ ਕਰਨ ਦੇ ਲਈ ਇੱਕ ਵਾਰ ਉਨ੍ਹਾਂ 'ਤੇ ਨਿਗ੍ਹਾ ਮਾਰੀ "ਉਹ ਸਸਤੇ ਵਿੱਚ ਹੀ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।" ਉਹ ਅਚਾਨਕ ਉਨ੍ਹਾਂ ਲੋਕਾਂ ਦੇ ਵੱਲ ਮੁੜਕੇ ਬੋਲਿਆ, "ਤੁਸੀਂ ਲੋਕ ਕਿਸ ਥਿਏਟਰ ਵਿੱਚ ਐਕਟਿੰਗ ਕਰਦੇ ਹੋਂ?"

"ਥਿਏਟਰ?" ਉਨ੍ਹਾਂ ਵਿੱਚੋਂ ਇੱਕ ਨੇ ਪੁੱਛਿਆ। ਜਦੋਂ ਉਹ ਆਪਣੇ ਸਾਥੀ ਦੀ ਸਲਾਹ ਲੈਣ ਦੇ ਲਈ ਉਸਦੇ ਵੱਲ ਮੁੜਿਆ ਤਾਂ ਉਸਦੇ ਮੂੰਹ ਦੇ ਕਿਨਾਰੇ ਹਿੱਲ ਰਹੇ ਸਨ। ਦੂਜਾ ਵਿਅਕਤੀ ਤਾਂ ਘੁੰਨੇ ਜਿਹੇ ਸੰਘਰਸ਼ ਵਿੱਚ ਸੀ ਅਤੇ ਅਸਮਰੱਥਤਾ ਜਿਹੀ ਵਿੱਚ ਫਸਿਆ ਹੋਇਆ ਲੱਗ ਰਿਹਾ ਸੀ।

"ਤੂੰ ਅਜੇ ਸਵਾਲਾਂ ਦੇ ਜਵਾਬ ਦੇਣ ਲਈ ਠੀਕ ਤਰ੍ਹਾਂ ਤਿਆਰ ਨਹੀਂ ਏਂ," ਕੇ. ਨੇ ਆਪਣੇ ਆਪ ਨੂੰ ਕਿਹਾ ਅਤੇ ਆਪਣਾ ਹੈਟ ਲੈਣ ਲਈ ਚਲਾ ਗਿਆ।

ਜਿਵੇਂ ਹੀ ਉਹ ਪੌੜੀਆਂ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕੇ. ਨੂੰ ਬਾਹਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੋਲਿਆ- "ਗ਼ਲੀ ਵਿੱਚ ਪਹੁੰਚਣ ਤੱਕ ਉਡੀਕ ਕਰੋ, ਮੈਂ ਬਿਮਾਰ ਨਹੀਂ ਹਾਂ।" ਪਰ ਗ਼ਲੀ ਵਿੱਚ ਪਹੁੰਚਦੇ ਹੀ ਉਨ੍ਹਾਂ ਨੇ ਕੇ. ਦੀਆਂ ਬਾਹਾਂ ਫੜ੍ਹ ਲਈਆਂ, ਇਸ ਤਰ੍ਹਾਂ ਕਿ ਕੇ. ਨੂੰ ਪਹਿਲਾਂ ਕਿਸੇ ਨੇ ਨਹੀਂ ਫੜ੍ਹਿਆ ਸੀ। ਉਨ੍ਹਾਂ ਦੇ ਆਪਣੇ ਮੋਢੇ ਉਸਦੇ ਮੋਢਿਆਂ ਨਾਲ ਲਾਏ ਹੋਏ ਸਨ, ਅਤੇ ਆਪਣੀਆਂ ਮੋੜੇ ਬਿਨ੍ਹਾਂ, ਆਪਣੀ ਬਾਹਾਂ ਨਾਲ ਕੇ. ਦੀਆਂ ਬਾਹਾਂ ਨੂੰ ਜਕੜ ਲਿਆ ਸੀ, ਅਤੇ ਹੁਣ ਉਹ ਤਿੰਨੇ ਇੱਕ ਇਕਾਈ ਦੇ ਤੌਰ 'ਤੇ ਕੁੱਝ ਇਸ ਤਰ੍ਹਾਂ ਤੁਰ ਰਹੇ ਸਨ, ਕਿ ਜੇਕਰ ਕਿਸੇ ਨੂੰ ਇੱਕ ਨੂੰ ਸੁੱਟ ਦਿੱਤਾ ਜਾਂਦਾ ਤਾਂ ਉਹ ਤਿੰਨੇ ਹੀ ਡਿੱਗ ਪੈਂਦੇ। ਇਸ ਤਰ੍ਹਾਂ ਦੀ ਏਕਤਾ ਸਿਰਫ਼ ਜੀਵਨ ਤੋਂ ਬਿਨ੍ਹਾਂ ਵਾਲੀਆਂ ਚੀਜ਼ਾਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ।

ਗ਼ਲੀ ਦੇ ਕਿਨਾਰੇ ਜਗਦੀਆਂ ਹੋਈਆਂ ਬੱਤੀਆਂ ਦੀ ਰੌਸ਼ਨੀ ਵਿੱਚ, ਕੇ. ਨੇ ਕਈ ਵਾਰ ਆਪਣੇ ਸਾਥੀਆਂ ਦਾ ਬਿਹਤਰ ਢੰਗ ਨਾਲ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਿਹੜੇ ਉਸਦੇ ਕਮਰੇ ਦੀ ਮਰੀਅਲ ਜਿਹੀ ਰੌਸ਼ਨੀ ਵਿੱਚ ਸੰਭਵ ਨਹੀਂ ਹੋਇਆ ਸੀ, ਹਾਲਾਂਕਿ ਜਿਸ ਤਰ੍ਹਾਂ ਉਹ ਆਪਸ ਵਿੱਚ ਜੁੜੇ ਹੋਏ ਸਨ, ਹੁਣ ਵੀ ਇਹ ਸੰਭਵ ਨਹੀਂ ਜਾਪਦਾ ਸੀ।

"ਸ਼ਾਇਦ ਇਹ ਕਿਰਾਏਦਾਰ ਹਨ," ਉਸਨੇ ਸੋਚਿਆ ਜਦੋਂ ਉਸਨੇ ਉਨ੍ਹਾਂ ਦੀਆਂ ਵੱਡੀਆਂ ਦੂਹਰੀਆਂ ਠੋਡੀਆਂ ਵੇਖੀਆਂ। ਉਨ੍ਹਾਂ ਦੇ ਚਿਹਰਿਆਂ ਦੀ ਸਫ਼ਾਈ ਤੋਂ ਉਸਨੂੰ ਘਿਰਣਾ ਹੋ ਗਈ ਸੀ। ਉਨ੍ਹਾਂ ਨੂੰ ਸਾਫ਼ ਕਰਨ ਵਾਲੇ ਹੱਥਾਂ ਨੂੰ ਉਹ ਵੇਖ ਸਕਦਾ ਸੀ, ਅਤੇ ਕਿਸ ਤਰ੍ਹਾਂ ਅੱਖਾਂ ਦੇ ਕਿਨਾਰਿਆਂ ਨੂੰ ਸਾਫ਼ ਕੀਤਾ ਗਿਆ ਅਤੇ ਬੁੱਲ੍ਹਾਂ ਨੂੰ ਰਗੜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਠੋਡੀਆਂ ਦੀ ਚਮੜੀ ਕਿਵੇਂ ਘਸ ਗਈ ਹੈ। ਜਦੋਂ ਕੇ. ਨੇ ਇਹ ਝਲਕ ਵੇਖੀ ਤਾਂ ਉਹ ਰੁਕ ਗਿਆ ਅਤੇ ਇਸ ਤਰ੍ਹਾਂ ਬਾਕੀ ਦੋ ਵੀ ਰੁਕਣ ਲਈ ਮਜਬੂਰ ਹੋ ਗਏ। ਹੁਣ ਉਹ ਇੱਕ ਖੁੱਲ੍ਹੇ ਅਤੇ ਇਕਾਂਤ ਚੌਰਾਹੇ 'ਤੇ ਸਨ, ਜਿਸਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ।

"ਬਾਕੀ ਲੋਕਾਂ ਦੇ ਬਜਾਏ ਤੁਹਾਨੂੰ ਹੀ ਇੱਧਰ ਕਿਉਂ ਭੇਜਿਆ ਗਿਆ ਹੈ।" ਉਸਨੇ ਕਿਹਾ, ਪਰ ਇਹ ਸਵਾਲ ਨਹੀਂ, ਇੱਕ ਤਰ੍ਹਾਂ ਦੀ ਚੀਕ ਸੀ। ਅਜਿਹਾ ਜਾਪਿਆ ਕਿ ਉਨ੍ਹਾਂ ਲੋਕਾਂ ਦੇ ਕੋਲ ਕੋਈ ਜਵਾਬ ਨਹੀਂ ਹੈ। ਉਹ ਉਡੀਕ ਕਰਦੇ ਰਹੇ। ਉਨ੍ਹਾਂ ਦੋਵਾਂ ਦੀ ਇਕ-ਇਕ ਬਾਂਹ ਆਜ਼ਾਦੀ ਨਾਲ ਲਟਕ ਰਹੀ ਸੀ, ਜਿਵੇਂ ਕਿ ਨਰਸਾਂ ਉਸ ਵੇਲੇ ਵਿਖਾਈ ਦਿੰਦੀਆਂ ਹਨ ਜਦੋਂ ਉਨ੍ਹਾਂ ਦੇ ਮਰੀਜ਼ ਆਰਾਮ ਕਰ ਰਹੇ ਹੁੰਦੇ ਹਨ।

"ਹੁਣ ਮੈਂ ਬਿਲਕੁਲ ਅੱਗੇ ਨਹੀਂ ਵਧਾਂਗਾ।" ਕੇ. ਨੇ ਇਹ ਵੇਖਣ ਲਈ ਕਿਹਾ ਕਿ ਹੁਣ ਉਹ ਕੀ ਕਰਨਗੇ। ਇਸਦਾ ਜਵਾਬ ਉਨ੍ਹਾਂ ਨੂੰ ਦੇਣ ਦੀ ਲੋੜ ਨਹੀਂ ਸੀ ਜਦਕਿ ਉਨ੍ਹਾਂ ਕੋਲ ਆਪਣੀ ਪਕੜ ਬਣਾਈ ਰੱਖਣ ਲਈ ਇਹ ਕਾਫ਼ੀ ਸੀ ਅਤੇ ਉਨ੍ਹਾਂ ਦੇ ਉਸਨੂੰ ਮੁੜ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕੇ. ਨੇ ਇਸਦਾ ਵਿਰੋਧ ਕੀਤਾ। "ਮਗਰੋਂ ਮੈਨੂੰ ਆਪਣੀ ਤਾਕਤ ਦੀ ਲੋੜ ਨਹੀਂ ਪਵੇਗੀ, ਮੈਨੂੰ ਇਸੇ ਵੇਲੇ ਇਸਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ," ਤਾਂ ਉਸਨੇ ਸੋਚਿਆ। ਉਸਨੂੰ ਮੱਖੀਆਂ ਯਾਦ ਆ ਗਈਆਂ, ਜਿਹੜੀਆਂ ਗੁੜ ਦੀ ਜਕੜ ਤੋਂ ਆਜ਼ਾਦ ਹੋਣ ਲਈ ਆਪਣੀਆਂ ਲੱਤਾਂ ਵੀ ਤੋੜ ਲੈਂਦੀਆਂ ਹਨ। "ਇਨ੍ਹਾਂ ਸੱਜਣਾਂ ਨੂੰ ਮਿਹਨਤ ਕਰਨੀ ਪਵੇਗੀ।"

ਉਦੋਂ ਹੀ ਠੀਕ ਉਸਦੇ ਸਾਹਮਣੇ, ਫ਼ਰਾਉਲਨ ਬਸਤਨਰ ਆ ਗਈ। ਉਹ ਇੱਕ ਛੋਟੀ ਜਿਹੀ ਪੌੜੀ 'ਤੇ ਚੜ੍ਹ ਰਹੀ ਸੀ ਜਿਹੜੀ ਗ਼ਲੀ ਤੋਂ ਇਸ ਚੌਰਾਹੇ ਵਿੱਚ ਆਉਂਦੀ ਸੀ। ਉਹ ਇਸ ਸਮੇਂ ਕੁੱਝ ਹੇਠਾਂ ਸੀ। ਇਹ ਪੱਕਾ ਨਹੀਂ ਸੀ ਕਿ ਉਹ ਫ਼ਰਾਉਲਨ ਬਸਤਰ ਹੀ ਹੈ, ਹਾਲਾਂਕਿ ਵੇਖਣ ਵਿੱਚ ਉਹ ਬਿਲਕੁਲ ਉਹੀ ਲੱਗ ਰਹੀ ਸੀ। ਫ਼ਿਰ ਵੀ ਇਹ ਮਹੱਤਵਪੂਰਨ ਨਹੀਂ ਸੀ ਕਿ ਇਹ ਫ਼ਰਾਉਲਨ ਬਸਤਨਰ ਹੈ, ਜਦਕਿ ਇਸਤੋਂ ਵਧੇਰੇ ਜ਼ਰੂਰੀ ਤਾਂ ਇਹ ਸੀ ਕਿ ਅਚਾਨਕ ਉਸਨੂੰ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਵਿਰੋਧ ਕਰਨਾ ਕਿੰਨਾ ਬੇਕਾਰ ਹੈ। ਇਸ ਵਿੱਚ ਕੋਈ ਬਹਾਦਰੀ ਤਾਂ ਸੀ ਨਹੀਂ। ਜਾਂ ਇਨ੍ਹਾਂ ਲੋਕਾਂ ਦੇ ਲਈ ਇਸ ਸਮੇਂ ਪਰੇਸ਼ਾਨੀ ਪੈਦਾ ਕਰਨ ਦਾ, ਜਾਂ ਜੀਵਨ ਦੇ ਆਖ਼ਰੀ ਕਤਰੇ ਦਾ ਆਨੰਦ ਲੈਣ ਦੇ ਲਈ ਕੀਤੇ ਜਾ ਰਹੇ ਇਸ ਸੰਘਰਸ਼ ਦਾ ਲਾਭ ਹੈ ਕੀ? ਉਹ ਇੱਕ ਵਾਰ ਫ਼ਿਰ ਤੁਰ ਪਿਆ ਅਤੇ ਇਸ ਨਾਲ ਉਨ੍ਹਾਂ ਦੋਵਾਂ ਨੂੰ ਜੋ ਆਨੰਦ ਮਿਲਿਆ ਉਸਦਾ ਕੁੱਝ ਹਿੱਸਾ ਉਸ ਤੱਕ ਵੀ ਪਹੁੰਚ ਗਿਆ ਸੀ। ਉਨ੍ਹਾਂ ਨੇ ਇਹ ਤੈਅ ਕਰਨ ਦੀ ਆਜ਼ਾਦੀ ਦੇ ਦਿੱਤੀ ਕਿ ਕਿਸ ਰਸਤੇ ਨਾਲ ਜਾਇਆ ਜਾਵੇ ਅਤੇ ਉਸਨੇ ਉਹ ਦਿਸ਼ਾ ਫੜ੍ਹ ਲਈ ਜਿਸ ਵੱਲ ਨੂੰ ਉਹ ਜਵਾਨ ਔਰਤ ਗਈ ਸੀ। ਇਸ ਉਸਨੇ ਇਸ ਲਈ ਨਹੀਂ ਕੀਤਾ ਸੀ ਕਿ ਉਹ ਉਸ ਨਾਲ ਮਿਲਣ ਦਾ ਚਾਹਵਾਨ ਸੀ, ਜਿਵੇਂ ਕਿ ਕੋਈ ਵੀ ਸੋਚ ਸਕਦਾ ਸੀ, ਜਦਕਿ ਇਸ ਲਈ ਕਿ ਉਹ ਉਸ ਬੇਇੱਜ਼ਤੀ ਨੂੰ ਨਹੀਂ ਭੁੱਲਣਾ ਚਾਹੁੰਦਾ ਸੀ, ਜੋ ਕਿ ਉਸ ਔਰਤ ਨੇ ਉਸਦੇ ਪ੍ਰਤੀ ਵਿਖਾਈ ਸੀ।

"ਹੁਣ ਮੈਂ ਸਿਰਫ਼ ਇੱਕ ਚੀਜ਼ ਕਰ ਸਕਦਾ ਹਾਂ," ਤਾਂ ਉਸਨੇ ਆਪਣੇ ਆਪ ਨੂੰ ਕਿਹਾ, ਅਤੇ ਉਸਦੇ ਆਪਣੇ ਕਦਮਾਂ ਅਤੇ ਬਾਕੀ ਦੋਵਾਂ ਦੇ ਕਦਮਾਂ ਦੇ ਵਿਚਕਾਰ ਹੋਏ ਸੰਵਾਦ ਤੋਂ ਇਹ ਤਸਦੀਕ ਵੀ ਹੋ ਰਿਹਾ ਸੀ, "ਸਿਰਫ਼ ਆਪਣਾ ਦਿਮਾਗ ਸ਼ਾਂਤ ਰੱਖ ਸਕਦਾਂ ਅਤੇ ਅੰਤ ਤੱਕ ਉਹੀ ਕਰਾਂ ਜੋ ਜ਼ਰੂਰੀ ਹੋਵੇ। ਮੈਂ ਦੁਨੀਆ ਵਿੱਚ ਜਾ ਕੇ ਬਹੁਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਬਿਲਕੁਲ ਸਹੀ ਇਰਾਦਿਆਂ ਨਾਲ ਵੀ ਨਹੀਂ। ਇੱਥੇ ਮੈਂ ਗ਼ਲਤ ਸੀ। ਅਤੇ ਹੁਣ ਕੀ ਮੈਂ ਇਹ ਸਾਬਿਤ ਕਰਨ ਜਾ ਰਿਹਾ ਹਾਂ ਕਿ ਇਸ ਮੁਕੱਦਮੇ ਤੋਂ, ਜੋ ਕਿ ਇੱਕ ਸਾਲ ਤੋਂ ਵੀ ਵਧੇਰੇ ਪੁਰਾਣਾ ਹੈ, ਵੀ ਮੈਂ ਕੁੱਝ ਨਹੀਂ ਸਿੱਖਿਆ ਹੈ? ਕੀ ਮੈਂ ਇਸ ਜੀਵਨ ਤੋਂ ਇੱਕ ਬੇਵਕੂਫ਼ ਵਿਅਕਤੀ ਦੇ ਵਾਂਗ ਹੀ ਅਲੱਗ ਹੋਵਾਂਗਾ? ਕੀ ਲੋਕ ਮੇਰੇ ਬਾਰੇ ਇਹ ਟਿੱਪਣੀ ਕਰਨਗੇ ਕਿ ਮੁਕੱਦਮੇ ਦੇ ਆਰੰਭ ਵਿੱਚ ਹੀ ਮੈਂ ਉਸਨੂੰ ਖ਼ਤਮ ਕਰ ਦੇਣਾ ਚਾਹੁੰਦਾ ਸੀ, ਅਤੇ ਇਸਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ? ਮੈਂ ਲੋਕਾਂ ਨੂੰ ਇਹ ਕਹਿ ਸਕਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ। ਮੈਂ ਧੰਨਵਾਦੀ ਹਾਂ ਕਿ ਇਹ ਦੋ ਲਗਭਗ ਗੂੰਗੇ ਆਦਮੀ ਇਸ ਸਫ਼ਰ ਵਿੱਚ ਮੇਰੇ ਸਾਥ ਨਿਭਾਉਣ ਦੇ ਲਈ ਭੇਜੇ ਗਏ ਹਨ ਅਤੇ ਜੋ ਵੀ ਮੈਂ ਕਹਿਣ ਦਾ ਚਾਹਵਾਨ ਹਾਂ, ਉਹ ਪੂਰੀ ਤਰ੍ਹਾਂ ਮੇਰੇ ਉੱਪਰ ਛੱਡ ਦਿੱਤਾ ਗਿਆ ਹੈ।

ਇਸੇ ਦੌਰਾਨ ਉਹ ਔਰਤ ਨਾਲ ਵਾਲੀ ਕਿਸੇ ਗ਼ਲੀ ਵਿੱਚ ਮੁੜ ਗਈ ਪਰ ਕੇ. ਨੂੰ ਹੁਣ ਉਸਦੀ ਲੋੜ ਨਹੀਂ ਸੀ ਅਤੇ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਨ੍ਹਾਂ ਆਦਮੀਆਂ ਦੇ ਹਵਾਲੇ ਕਰ ਦਿੱਤਾ ਸੀ। ਹੁਣ ਪੂਰੀ ਸਹਿਮਤੀ ਵਿੱਚ ਉਹ ਤਿੰਨੇ ਆਦਮੀ ਚੰਨ ਦੀ ਰੌਸ਼ਨੀ ਵਿੱਚ ਇੱਕ ਪੁਲ ਉਪਰੋਂ ਦੀ ਲੰਘੇ, ਹੁਣ ਦੋਵੇਂ ਆਦਮੀ ਕੇ. ਦੀ ਹਿੱਲਜੁਲ ਨੂੰ ਸਹਿ ਰਹੇ ਸਨ, ਅਤੇ ਜਦੋਂ ਉਹ ਥੋੜ੍ਹਾ ਜਿਹਾ ਰੇਲਿੰਗ ਦੇ ਵੱਲ ਮੁੜਿਆ ਤਾਂ ਉਹ ਵੀ ਉਸ ਨਾਲ ਮੁੜ ਗਏ। ਚਾਨਣੀ ਵਿੱਚ ਚਮਕਦਾ ਅਤੇ ਤਰੰਗਾਂ ਝਲਕਾਉਂਦਾ ਪਾਣੀ, ਇੱਕ ਛੋਟੇ ਜਿਹੇ ਟਾਪੂ ਦੇ ਦੁਆਲਿਓਂ ਹੋ ਕੇ ਵਹਿ ਰਿਹਾ ਸੀ, ਜੋ ਕਿ ਰੁੱਖਾਂ ਅਤੇ ਝਾੜੀਆਂ ਦੇ ਪੱਤਿਆਂ ਦਾ ਇੱਕ ਗ਼ੁਰਮਟ ਜਿਹਾ ਸੀ। ਇਨ੍ਹਾਂ ਦਰਖ਼ਤਾਂ ਦੇ ਹੇਠਾਂ, ਜਿਹੜੇ ਕਿ ਹੁਣ ਵਿਖਾਈ ਨਹੀਂ ਦੇ ਰਹੇ ਸਨ, ਰਸਤਿਆਂ ਦੇ ਹੇਠਾਂ ਆਰਾਮਦੇਹ ਬੈਂਚਾਂ 'ਤੇ ਕੇ. ਗਰਮੀਆਂ ਵਿੱਚ ਕਈ ਵਾਰ ਆਰਾਮ ਕਰ ਚੁੱਕਾ ਸੀ।

"ਅਸਲ 'ਚ ਮੈਂ ਇੱਥੇ ਬਿਲਕੁਲ ਰੁਕਣਾ ਨਹੀਂ ਚਾਹੁੰਦਾ," ਉਸਨੇ ਆਪਣੇ ਸਾਥੀਆਂ ਨੂੰ ਕਿਹਾ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨੇ ਉਸਨੂੰ ਸ਼ਰਮਿੰਦਾ ਕਰ ਦਿੱਤਾ ਸੀ। ਉਸਦੇ ਪਿੱਠ 'ਤੇ ਉਨ੍ਹਾਂ ਵਿੱਚੋਂ ਇਕ ਨੇ ਦੂਜੇ ਦੀ ਇੱਥੇ ਗ਼ਲਤੀ ਨਾਲ ਰੁਕਣ ਲਈ ਚੁੱਪਚਾਪ ਆਲੋਚਨਾ ਕੀਤੀ। ਹੁਣ ਉਹ ਮੁੜ ਤੁਰਨ ਲੱਗੇ। ਉਹ ਕਈ ਤੇਜ਼ ਢਲਾਣਾਂ ਵਾਲੀਆਂ ਗ਼ਲੀਆਂ ਵਿੱਚੋਂ ਦੀ ਲੰਘੇ ਜਿੱਥੇ ਪੁਲਿਸ ਵਾਲੇ ਖੜ੍ਹੇ ਸਨ ਜਾਂ ਚਹਿਲਕਦਮੀ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕੁੱਝ ਦੂਰ ਸਨ ਅਤੇ ਕੁੱਝ ਕੁ ਬਹੁਤ ਕੋਲ ਖੜ੍ਹੇ ਸਨ। ਉਨ੍ਹਾਂ ਵਿੱਚੋਂ ਇੱਕ ਝਾੜੀਦਾਰ ਮੁੱਛਾਂ ਵਾਲਾ, ਜਿਹੜਾ ਤਲਵਾਰ ਦੀ ਮੁੱਠ 'ਤੇ ਆਪਣਾ ਹੱਥ ਧਰੀ ਖੜ੍ਹਾ ਸੀ, ਜਿਵੇਂ ਜਾਣ-ਬੁੱਝ ਕੇ ਅੱਗੇ ਵੱਧ ਆਇਆ ਅਤੇ ਇਸ ਭਦਭਰੇ ਸਮੂਹ ਦੇ ਕੋਲ ਆ ਗਿਆ। ਉਹ ਦੋਵੇਂ ਆਦਮੀ ਵੀ ਰੁਕ ਗਏ ਅਤੇ ਪੁਲਿਸ ਵਾਲਾ ਕੁੱਝ ਬੋਲਣ ਹੀ ਲੱਗਾ ਸੀ ਕਿ ਕੇ. ਨੇ ਉਨ੍ਹਾਂ ਨੂੰ ਜ਼ੋਰ ਲਾ ਕੇ ਅੱਗੇ ਧੱਕ ਦਿੱਤਾ। ਉਹ ਸਾਵਧਾਨੀ ਨਾਲ ਵਾਰ-ਵਾਰ ਪਿੱਛੇ ਮੁੜਕੇ ਵੇਖਦਾ ਰਿਹਾ ਕਿ ਕੀ ਪੁਲਿਸ ਵਾਲਾ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ। ਪਰ ਜਦੋਂ ਉਹ ਦੋਵੇਂ ਅਤੇ ਪੁਲਿਸ ਵਾਲਾ ਤਿਕੋਣ ਬਣਾ ਕੇ ਗੱਲ ਕਰਨ ਲੱਗ ਪਏ ਤਾਂ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਵਾਂ ਨੂੰ ਵੀ ਉਸਦੇ ਪਿੱਛੇ ਭੱਜਣਾ ਪਿਆ ਹਾਲਾਂਕਿ ਉਨ੍ਹਾਂ ਦਾ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ ਸੀ।

ਹੁਣ ਛੇਤੀ ਹੀ ਉਹ ਸ਼ਹਿਰ ਤੋਂ ਬਾਹਰ ਸਨ ਜਿੱਥੇ ਖੇਤਾਂ ਦੀ ਹੱਦ ਸ਼ਹਿਰ ਨਾਲ ਮਿਲ ਰਹੀ ਸੀ। ਬਰਾਨ ਪਈ ਇੱਕ ਪੱਥਰ ਦੀ ਖਦਾਨ, ਇੱਕ ਅਜਿਹੇ ਘਰ ਦੇ ਕੋਲ ਵਿਖਾਈ ਦੇ ਰਹੀ ਸੀ ਜਿਹੜਾ ਅਜੇ ਵੀ ਸ਼ਹਿਰ ਨਾਲ ਜੁੜਿਆ ਪ੍ਰਤੀਤ ਹੋ ਰਿਹਾ ਸੀ। ਦੋਵੇਂ ਆਦਮੀ ਉੱਥੇ ਰੁਕ ਗਏ, ਸ਼ਾਇਦ ਇਹ ਉਹ ਜਗ੍ਹਾ ਸੀ ਜਿਸਦੀ ਤਲਾਸ਼ ਉਹ ਸ਼ੁਰੂ ਤੋਂ ਹੀ ਕਰ ਰਹੇ ਸਨ, ਜਾਂ ਫ਼ਿਰ ਉਹ ਇੰਨਾ ਥੱਕ ਚੁੱਕੇ ਸਨ ਕਿ ਹੁਣ ਅੱਗੇ ਤੁਰਨਾ ਉਨ੍ਹਾਂ ਦੇ ਲਈ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਦੇ ਕੇ. ਦਾ ਪਿੱਛਾ ਹੁਣ ਛੱਡ ਦਿੱਤਾ, ਜਿਹੜਾ ਚੁੱਪਚਾਪ ਉਡੀਕ ਕਰ ਰਿਹਾ ਸੀ। ਉਨ੍ਹਾਂ ਨੇ ਪਸੀਨੇ ਨੂੰ ਹਵਾਉਣ ਲਈ ਆਪਣੇ ਸਿਰ ਤੋਂ ਹੈਟ ਲਾਹ ਦਿੱਤੇ ਅਤੇ ਮੱਥੇ 'ਤੇ ਚੌਂ ਆਈਆਂ ਪਸੀਨੇ ਦੀਆਂ ਬੂੰਦਾਂ ਨੂੰ ਰੁਮਾਲ ਨਾਲ ਪੂੰਝ ਰਹੇ ਸਨ ਅਤੇ ਇਸਦੇ ਨਾਲ ਉਨ੍ਹਾਂ ਨੇ ਖਦਾਨ 'ਤੇ ਵੀ ਨਿਗ੍ਹਾ ਗੱਡੀ ਹੋਈ ਸੀ। ਚਾਨਣੀ ਹਰ ਚੀਜ਼ ਉੱਤੇ ਕੁਦਰਤੀ ਰੌਸ਼ਨੀ ਨਾਲ ਚਮਕ ਰਹੀ ਸੀ, ਜਿਹੜੀ ਕਿਸੇ ਹੋਰ ਸਰੋਤ ਤੋਂ ਪੈਦਾ ਨਹੀਂ ਕੀਤੀ ਜਾ ਸਕਦੀ ਸੀ।

ਅੱਗੇ ਕੀਤੇ ਜਾ ਸਕਣ ਵਾਲੇ ਕੰਮ ਦੇ ਲਈ ਉਨ੍ਹਾਂ ਨੇ ਆਪਸ ਵਿੱਚ ਕੁੱਝ ਭੱਦਰ ਜਿਹੀਆਂ ਉਪਚਾਰਿਕਤਾਵਾਂ ਦਾ ਜ਼ਿਕਰ ਕੀਤਾ। ਜਾਪਦਾ ਸੀ ਕਿ ਜਿਵੇਂ ਇਨ੍ਹਾਂ ਦੋਵਾਂ ਨੂੰ ਕੋਈ ਵੱਖਰੇ ਨਿਰਦੇਸ਼ ਨਹੀਂ ਦਿੱਤੇ ਗਏ ਸਨ। ਉਨ੍ਹਾਂ ਵਿੱਚੋਂ ਇਕ ਕੇ. ਦੇ ਕੋਲ ਗਿਆ ਅਤੇ ਉਸਦਾ ਕੋਟ ਉਤਾਰ ਦਿੱਤਾ, ਫ਼ਿਰ ਵਾਸਕਟ ਅਤੇ ਉਸਦੀ ਕਮੀਜ਼ ਵੀ ਲਾਹ ਦਿੱਤੀ। ਹੁਣ ਕੇ ਬੁਰੀ ਤਰ੍ਹਾਂ ਠੰਢ ਨਾਲ ਕੰਬ ਰਿਹਾ ਸੀ, ਜਦਕਿ ਉਸ ਆਦਮੀ ਨੇ ਹੌਲ਼ੀ ਜਿਹੀ ਅਤੇ ਹੌਂਸਲਾ ਦੇਣ ਦੇ ਵਾਂਗ ਉਸਦੀ ਪਿੱਠ 'ਤੇ ਧੱਫਾ ਮਾਰ ਦਿੱਤਾ। ਫ਼ਿਰ ਉਸਨੇ ਉਨ੍ਹਾਂ ਕੱਪੜਿਆਂ ਨੂੰ ਸਾਵਧਾਨੀ ਪੂਰਵਕ ਤਹਿ ਕਰ ਦਿੱਤਾ ਜਿਵੇਂ ਦੋਬਾਰਾ ਉਨ੍ਹਾਂ ਦਾ ਇਸਤੇਮਾਲ ਕਰਨਾ ਹੋਵੇ, ਹਾਲਾਂਕਿ ਉਹ ਇਸਤੇਮਾਲ ਹੁਣ ਹੋਣ ਦੀ ਸੰਭਾਵਨਾ ਨਹੀਂ ਲੱਗਦੀ ਸੀ। ਕੇ. ਨੂੰ ਖੜ੍ਹੇ ਨਾ ਰੱਖਣ ਦੇ ਇਰਾਦੇ ਨਾਲ ਅਤੇ ਇਸ ਸਰਦ ਰਾਤ ਵਿੱਚ ਉਸਨੂੰ ਠੰਢ ਤੋਂ ਬਚਾਉਣ ਲਈ, ਉਸਨੇ ਉਸਦੀ ਬਾਂਹ ਫੜ੍ਹ ਲਈ ਅਤੇ ਉਸਨੂੰ ਰਤਾ ਉੱਪਰ-ਹੇਠਾਂ ਤੋਰਨ ਲੱਗਾ, ਜਦਕਿ ਦੂਜਾ ਆਦਮੀ ਕਿਸੇ ਢੁੱਕਵੀ ਜਗ੍ਹਾ ਦੀ ਤਲਾਸ਼ ਦੇ ਲਈ ਖਦਾਨ ਵਿੱਚ ਭਟਕ ਰਿਹਾ ਸੀ। ਜਿਵੇਂ ਹੀ ਉਸਨੂੰ ਉਹ ਮਿਲਿਆ, ਉਸਨੂੰ ਇਸ਼ਾਰਾ ਕੀਤਾ ਅਤੇ ਦੂਜਾ ਆਦਮੀ ਕੇ. ਨੂੰ ਉੱਥੇ ਲੈ ਗਿਆ। ਇਹ ਖਦਾਨ ਦੀ ਕੰਧ ਦੇ ਨਾਲ ਸੀ, ਜਿੱਥੇ ਇੱਕ ਪੱਥਰ ਜ਼ਮੀਨ ਤੇ ਪਿਆ ਸੀ। ਦੋਵਾਂ ਆਦਮੀਆਂ ਨੇ ਕੇ. ਨੂੰ ਉੱਥੇ ਬਿਠਾਇਆ ਅਤੇ ਉਸਦੇ ਸਿਰ ਨੂੰ ਪੱਥਰ ਦਾ ਸਿਰਹਾਣਾ ਦੇ ਦਿੱਤਾ। ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਕੇ. ਦੁਆਰਾ ਉਨ੍ਹਾਂ ਦੀ ਮਦਦ ਲਈ ਕੀਤੀ ਮਿਹਨਤ ਦੇ ਬਾਵਜੂਦ ਉਸਦੀ ਸਥਿਤੀ ਇਕ ਦਮ ਮੁਸ਼ਕਿਲ ਹਾਲਤ ਵਿੱਚ ਸੀ। ਇਸ ਲਈ ਇੱਕ ਆਦਮੀ ਨੇ ਦੂਜੇ ਤੋਂ ਕੁੱਝ ਪਲਾਂ ਦਾ ਸਮਾਂ ਮੰਗਿਆ ਤਾਂ ਕਿ ਉਹ ਆਪ ਉਸਦੇ ਸਰੀਰ ਨੂੰ ਢੁੱਕਵੀ ਹਾਲਤ ਵਿੱਚ ਕਰ ਸਕੇ, ਪਰ ਇਸ ਨਾਲ ਵੀ ਚੀਜ਼ਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅੰਤ ਵਿੱਚ ਉਨ੍ਹਾਂ ਦੇ ਕੇ. ਨੂੰ ਅਜਿਹੀ ਸਥਿਤੀ ਵਿੱਚ ਲਿਆ ਕੇ ਛੱਡ ਦਿੱਤਾ, ਜਿਹੜੀ ਇੰਨੀ ਚੰਗੀ ਨਹੀਂ ਸੀ ਜਿੰਨੀ ਉਹ ਪਹਿਲਾਂ ਬਹੁਤ ਲੋਕਾਂ ਦੇ ਉੱਪਰ ਅਜ਼ਮਾ ਚੁੱਕੇ ਹਨ। ਫ਼ਿਰ ਉਨ੍ਹਾਂ ਵਿੱਚੋਂ ਇਕ ਨੇ ਆਪਣਾ ਲੰਮਾ ਕੋਟ ਖੋਲ੍ਹਿਆ ਅਤੇ ਆਪਣੀ ਪੇਟੀ ਵਿੱਚ ਕਸਿਆ ਹੋਇਆ ਇੱਕ ਤੇਜ਼ਧਾਰ ਕਸਾਈਆਂ ਵਾਲਾ ਚਾਕੂ ਕੱਢ ਲਿਆ। ਇਸਨੂੰ ਖੋਲ੍ਹਿਆ ਅਤੇ ਚਾਨਣੀ ਰਾਤ ਵਿੱਚ ਚੰਗੀ ਤਰ੍ਹਾਂ ਪਰਖਿਆ। ਇੱਕ ਵਾਰ ਫ਼ਿਰ ਉਪਚਾਰਿਕਤਾਵਾਂ ਵਾਲਾ ਦੌਰ ਸ਼ੁਰੂ ਹੋਇਆ, ਜਦੋਂ ਪਹਿਲਾ ਆਦਮੀ ਨੇ ਕੇ. ਦੇ ਉੱਪਰੋਂ ਚਾਕੂ ਦੂਜੇ ਨੂੰ ਫੜ੍ਹਾ ਦਿੱਤਾ ਅਤੇ ਜਿਸਨੇ ਫ਼ਿਰ ਉਸਨੂੰ ਪਹਿਲੇ ਆਦਮੀ ਦੇ ਹਵਾਲੇ ਕਰ ਦਿੱਤਾ। ਕੇ. ਨੂੰ ਹੁਣ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਉਸਦਾ ਕਰਤੱਵ ਹੈ ਕਿ ਉਹ ਚਾਕੂ ਨੂੰ ਫੜ੍ਹ ਲਵੇ, ਕਿਉਂਕਿ ਇਹ ਵਾਰ ਇੱਧਰ-ਉੱਧਰ ਜਾ ਰਿਹਾ ਸੀ ਅਤੇ ਖ਼ੁਦ ਆਪਣੇ ਸੀਨੇ ਵਿੱਚ ਖੋਭ ਲਵੇ। ਫ਼ਿਰ ਵੀ ਉਸਨੇ ਅਜਿਹਾ ਨਹੀਂ ਕੀਤਾ, ਅਤੇ ਆਪਣੀ ਧੌਣ ਘੁਮਾ ਦਿੱਤੀ ਜਿਹੜੀ ਅਜੇ ਤੱਕ ਆਜ਼ਾਦ ਸੀ ਅਤੇ ਆਪਣੇ ਆਪ ਉੱਪਰ ਨਿਗ੍ਹਾ ਮਾਰੀ। ਉਹ ਪੂਰੀ ਤਰ੍ਹਾਂ ਆਪਣਾ ਮਹੱਤਵ ਦਾ ਅਹਿਸਾਸ ਨਹੀਂ ਕਰਵਾ ਸਕਿਆ ਸੀ, ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਰੇ ਕੰਮਾਂ ਤੋਂ ਨਿਜਾਤ ਦਵਾਉਣ ਤੋਂ ਅਸਫਲ ਹੋ ਰਿਹਾ ਸੀ, ਉਸਦੇ ਕੋਲ ਇਹ ਕਰਨ ਦੀ ਤਾਕਤ ਨਹੀਂ ਸੀ ਅਤੇ ਇਸਦੇ ਜ਼ਿੰਮੇਵਾਰ ਉਹ ਲੋਕ ਸਨ, ਜਿਨ੍ਹਾਂ ਨੇ ਉਸਨੂੰ ਇਸ ਜ਼ਰੂਰੀ ਤਾਕਤ ਤੋਂ ਵਾਂਝਾ ਰੱਖਿਆ ਸੀ। ਉਸਦੀਆਂ ਅੱਖਾਂ ਕੋਲ ਵਾਲੇ ਮਕਾਨ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਜਾ ਪੁੱਜੀਆਂ। ਅਚਾਨਕ ਚਮਕ ਆਈ ਰੌਸ਼ਨੀ ਦੇ ਵਾਂਗ ਖਿੜਕੀ ਦੀਆਂ ਬਾਰੀਆਂ ਇਕ ਦਮ ਖੁੱਲ੍ਹੀਆਂ ਅਤੇ ਦੂਰੋਂ ਹੀ ਚਮਕਦਾ ਇੱਕ ਮਨੁੱਖੀ ਆਕਾਰ ਅਚਾਨਕ ਲੰਮਾ ਹੋ ਕੇ ਨਿਕਲ ਆਇਆ ਅਤੇ ਬਾਹਾਂ ਨੂੰ ਉਸਤੋਂ ਵੀ ਵੱਧ ਫੈਲਾ ਲਿਆ। ਉਹ ਕੌਣ ਸੀ? ਕੋਈ ਦੋਸਤ? ਕੋਈ ਭਲਾ ਆਦਮੀ? ਕੋਈ ਜੋ ਪਰਵਾਹ ਕਰਦਾ ਹੈ? ਕੋਈ ਜੋ ਮਦਦ ਕਰਨੀ ਚਾਹੁੰਦਾ ਹੈ? ਕੀ ਉਹ ਸਿਰਫ਼ ਇਕ ਆਦਮੀ ਹੀ ਸੀ? ਕੀ ਇਹ ਪੂਰੀ ਮਾਨਵਤਾ ਸੀ? ਕੀ ਸਹਾਇਤਾ ਹੁਣ ਵੀ ਸੰਭਵ ਸੀ? ਕੀ ਅਜਿਹੇ ਵਿਰੋਧ ਸਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ? ਪੱਕਾ ਹੀ ਉਹ ਸਨ। ਤਰਕ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਪਰ ਇਹ ਉਸ ਆਦਮੀ ਨੂੰ ਨਹੀਂ ਰੋਕ ਸਕਦਾ, ਜਿਹੜਾ ਜਿਊਣਾ ਚਾਹੁੰਦਾ ਹੈ। ਉਹ ਜੱਜ ਕਿੱਥੇ ਸੀ ਜਿਸਨੂੰ ਉਸਨੇ ਕਦੇ ਵੇਖਿਆ ਨਹੀਂ ਹੈ? ਹਾਈਕੋਰਟ ਕਿੱਥੇ ਹੈ, ਜਿੱਥੇ ਉਹ ਕਦੇ ਪਹੁੰਚ ਨਹੀਂ ਸਕਿਆ? ਉਸਨੇ ਆਪਣੇ ਹੱਥ ਉੱਪਰ ਚੁੱਕੇ ਅਤੇ ਆਪਣੀਆਂ ਸਾਰੀਆਂ ਉਂਗਲਾਂ ਫੈਲਾ ਦਿੱਤੀਆਂ।

ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਦੇ ਉਸਦਾ ਗਲਾ ਦਬਾ ਦਿੱਤਾ, ਅਤੇ ਦੂਜੇ ਨੇ ਚਾਕੂ ਉਸਦੇ ਦਿਲ ਵਿੱਚ ਖੋਭ ਦਿੱਤਾ ਅਤੇ ਦੋ ਵਾਰ ਉਸਨੂੰ ਘੁਮਾ ਦਿੱਤਾ। ਜਦੋਂ ਉਸਦੀਆਂ ਅੱਖਾਂ ਵਿੱਚ ਰੌਸ਼ਨੀ ਹਨੇਰੇ ਵਿੱਚ ਬਦਲਣ ਲੱਗੀ ਤਾਂ ਵੀ ਉਨ੍ਹਾਂ ਦੋ ਆਦਮੀਆਂ ਦੇ ਚਿਹਰੇ ਉਸਨੂੰ ਅਜੇ ਵੀ ਵਿਖਾਈ ਦੇ ਰਹੇ ਸਨ, ਉਨ੍ਹਾਂ ਦੀਆਂ ਗੱਲ੍ਹਾਂ ਸੁਣਾਈ ਦੇ ਰਹੀਆਂ ਸਨ ਜਦੋਂ ਉਹ ਇਸ ਫ਼ੈਸਲਾਕੁੰਨ ਘੜੀ ਨੂੰ ਵੇਖ ਰਹੇ ਸਨ।

"ਕੁੱਤੇ ਦੇ ਵਾਂਗ!" ਉਸਨੇ ਕਿਹਾ, ਜਿਵੇਂ ਕਿ ਉਸਦੀ ਸ਼ਰਮ ਉਸਨੂੰ ਮੌਤ ਤੋਂ ਬਾਅਦ ਵੀ ਜਿਉਂਦਾ ਰੱਖੇਗੀ।