ਸਮੱਗਰੀ 'ਤੇ ਜਾਓ

ਮੁਕੱਦਮਾ/ਭਾਗ-ਪਹਿਲਾ

ਵਿਕੀਸਰੋਤ ਤੋਂ
52860ਮੁਕੱਦਮਾ — ਭਾਗ ਪਹਿਲਾਨਿਰਮਲ ਬਰਾੜਫ਼ਰਾਂਜ਼ ਕਾਫ਼ਕਾ

ਭਾਗ-ਪਹਿਲਾ

ਗਿਰਫ਼ਤਾਰੀ- ਫ਼ਰਾਅ ਗਰੁਬਾਖ਼ ਦੇ ਨਾਲ ਗੱਲਬਾਤ- ਮਗਰੋਂ ਫ਼ਰਾਉਲਨ ਬਸਤਨਰ ਦੇ ਨਾਲ

ਜੋਸਫ਼ ਕੇ. ਦੇ ਬਾਰੇ ਜ਼ਰੂਰ ਕੋਈ ਅਫ਼ਵਾਹਾਂ ਫੈਲਾ ਰਿਹਾ ਸੀ, ਕਿਉਂਕਿ ਕੁੱਝ ਵੀ ਗ਼ਲਤ ਨਾ ਕਰਨ ਦੇ ਬਾਵਜੂਦ ਇਕ ਦਿਨ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸਦੀ ਮਕਾਨ ਮਾਲਕਣ ਦਾ ਰਸੋਈਆ, ਜਿਹੜਾ ਹਰ ਰੋਜ਼ ਸਵੇਰੇ ਲਗਭਗ ਅੱਠ ਵਜੇ ਖਾਣਾ ਲਿਆਇਆ ਕਰਦਾ ਸੀ, ਖ਼ਾਸ ਉਸੇ ਦਿਨ ਨਹੀਂ ਸੀ ਆਇਆ। ਕਦੇ ਇਸ ਤੋਂ ਪਹਿਲਾਂ ਐਵੇਂ ਨਹੀਂ ਹੋਇਆ ਸੀ। ਕੇ. ਨੇ ਥੋੜੀ ਉਡੀਕ ਕੀਤੀ। ਬਿਸਤਰੇ 'ਤੇ ਪਏ-ਪਏ ਕੁੱਝ ਚਿਰ ਤਾਂ ਉਹ ਸਾਹਮਣੇ ਰਹਿਣ ਵਾਲੀ ਬੁੱਢੀ ਔਰਤ ਨੂੰ ਵੇਖਦਾ ਰਿਹਾ, ਜਿਹੜੀ ਕਿਸੇ ਅਜੀਬ ਉਤਸੁਕਤਾ ਨਾਲ ਉਸੇ ਦਾ ਜਾਇਜ਼ਾ ਲੈ ਰਹੀ ਸੀ। ਪਰ ਉਦੋਂ ਹੀ ਭੁੱਖ ਨਾਲ ਬੇਚੈਨੀ ਮਹਿਸੂਸ ਕਰਦੇ ਹੋਏ, ਉਸਨੇ ਫ਼ੋਨ ਘੁੰਮਾਇਆ। ਅਚਾਨਕ ਬੂਹੇ 'ਤੇ ਦਸਤਕ ਹੋਈ ਅਤੇ ਇੱਕ ਆਦਮੀ, ਜਿਸਨੂੰ ਉਸਨੇ ਫ਼ਲੈਟ 'ਚ ਕਦੇ ਨਹੀਂ ਵੇਖਿਆ ਸੀ, ਅੰਦਰ ਦਾਖ਼ਲ ਹੋਇਆ। ਉਹ ਪਤਲਾ ਜਿਹਾ ਪਰ ਮਜ਼ਬੂਤ ਸੀ। ਉਸਨੇ ਇੱਕ ਚੁਸਤ ਕਾਲਾ ਸੂਟ ਪਾਇਆ ਹੋਇਆ ਸੀ ਜਿਵੇਂ ਲੋਕ ਕਿਸੇ ਸਫ਼ਰ 'ਤੇ ਜਾਣ ਵੇਲੇ ਪਾਉਂਦੇ ਹਨ। ਉਸ ਵਿੱਚ ਬਹੁਤ ਸਾਰੀਆਂ ਕਰੀਜ਼ਾਂ, ਜੇਬਾਂ, ਬਟਨ ਅਤੇ ਬੈਲਟਾਂ ਲੱਗੀਆਂ ਹੋਈਆਂ ਸਨ ਅਤੇ ਇਹ ਕਹਿ ਸਕਣਾ ਮੁਸ਼ਕਲ ਸੀ ਕਿ ਇਹ ਸਭ ਕਿਸ ਲਈ ਸੀ।

"ਕੌਣ ਏਂ ਤੂੰ?", ਕੇ. ਨੇ ਜਲਦੀ ਨਾਲ ਬਿਸਤਰੇ 'ਚ ਬੈਠਦੇ ਹੋਏ ਪੁੱਛਿਆ। ਪਰ ਉਸ ਆਦਮੀ ਨੇ ਇਸ ਸਵਾਲ ਉੱਪਰ ਕੋਈ ਧਿਆਨ ਨਾ ਦਿੱਤਾ, ਜਿਵੇਂ ਉੱਥੇ ਉਸਦੀ ਹਾਜ਼ਰੀ ਨੂੰ ਮੰਨੇ ਜਾਣ ਦਾ ਕੋਈ ਸਵਾਲ ਹੀ ਨਾ ਹੋਵੇ ਅਤੇ ਉਸਨੇ ਮਹਿਜ਼ ਇੰਨਾ ਕਿਹਾ, "ਤੂੰ ਫ਼ੋਨ ਕੀਤਾ ਸੀ?"

"ਅੰਨਾ ਨੇ ਮੇਰਾ ਨਾਸ਼ਤਾ ਲਿਆਉਣਾ ਸੀ", ਕੇ. ਨੇ ਕਿਹਾ। ਪਹਿਲਾ ਚੁੱਪਚਾਪ ਅਤੇ ਫ਼ਿਰ ਸਾਵਧਾਨੀ ਨਾਲ ਉਸਨੇ ਮਨ ਹੀ ਮਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਅਸਲ 'ਚ ਇਹ ਆਦਮੀ ਹੈ ਕੌਣ। ਪਰ ਉਸਨੇ ਕੇ. ਦੀ ਉਤਸੁਕਤਾ ਦੀ ਪਰਵਾਹ ਨਾ ਕਰਦੇ ਹੋਏ, ਬੂਹੇ ਨੂੰ ਹੌਲੀ ਜਿਹੀ ਖੋਲ੍ਹ ਦਿੱਤਾ ਅਤੇ ਉਸ ਪਾਸੇ ਜਿਹੜਾ ਆਦਮੀ ਖੜ੍ਹਾ ਸੀ, ਉਸਨੂੰ ਕਿਹਾ, "ਇਹ ਚਾਹੁੰਦਾ ਹੈ ਕਿ ਅੰਨਾ ਇਹਦੇ ਲਈ ਖਾਣਾ ਲਿਆਵੇ।"

ਨਾਲ ਦੇ ਕਮਰੇ ਵਿੱਚ ਹਲਕਾ ਜਿਹਾ ਹਾਸਾ ਫੁੱਟਿਆ ਸੀ ਪਰ ਅਵਾਜ਼ ਤੋਂ ਇਹ ਸਾਫ਼ ਨਹੀਂ ਸੀ ਹੋ ਰਿਹਾ ਕਿ ਉੱਥੇ ਇੱਕ ਤੋਂ ਜ਼ਿਆਦਾ ਆਦਮੀ ਨਹੀਂ ਹਨ। ਪਰ ਇਸਦੇ ਬਾਵਜੂਦ ਉਹ ਅਣਜਾਣ ਆਦਮੀ ਉਸ ਹਾਸੇ ਤੋਂ, ਜਿਸਨੂੰ ਉਹ ਪਹਿਲਾਂ ਤੋਂ ਨਹੀਂ ਜਾਣਦਾ ਸੀ, ਜ਼ਿਆਦਾ ਕੁੱਝ ਸਮਝਦਾ ਨਾ ਲੱਗਿਆ। ਫ਼ਿਰ ਜਿਵੇਂ ਕੋਈ ਫ਼ੈਸਲਾ ਸੁਣਾਉਂਦੇ ਹੋਏ ਉਸਨੇ ਕਿਹਾ, "ਇਹ ਨਹੀਂ ਹੋ ਸਕਦਾ।"

"ਮੇਰੇ ਲਈ ਇਹ ਇੱਕ ਖ਼ਬਰ ਦੀ ਤਰ੍ਹਾਂ ਹੈ।", ਕੇ. ਨੇ ਬਿਸਤਰੇ ਤੋਂ ਬਾਹਰ ਨਿਕਲ ਕੇ ਛੇਤੀ ਨਾਲ ਪਤਲੂਨ ਪਾਉਂਦੇ ਹੋਏ ਕਿਹਾ- "ਮੈਂ ਉੱਧਰ ਜਾ ਕੇ ਪਤਾ ਕਰਦਾ ਹਾਂ ਕਿ ਉਸ ਕਮਰੇ 'ਚ ਕੌਣ ਹੈ ਅਤੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਲਈ ਫ਼ਰਾਅ ਗਰੁਬਾਖ਼ ਕੀ ਸਪਸ਼ਟੀਕਰਨ ਦਿੰਦੀ ਹੈ।"

ਪਰ ਛੇਤੀ ਹੀ ਉਸਨੇ ਇਹ ਮਹਿਸੂਸ ਕੀਤਾ ਕਿ ਉਸਨੂੰ ਇੰਨੀ ਉੱਚੀ 'ਵਾਜ 'ਚ ਇਹ ਸਭ ਨਹੀਂ ਕਹਿਣਾ ਚਾਹੀਦਾ ਸੀ, ਅਤੇ ਇੰਜ ਕਰਕੇ ਕਿਸੇ ਹੱਦ ਤੱਕ ਉਹ ਉਸ ਅਜਨਬੀ ਨੂੰ ਆਪਣੀਆਂ ਹੋਣ ਵਾਲੀਆਂ ਸਰਗਰਮੀਆਂ ਉੱਤੇ ਨਿਗ੍ਹਾ ਰੱਖਣ ਦੀ ਇਜਾਜ਼ਤ ਹੀ ਦੇ ਰਿਹਾ ਸੀ। ਪਰ ਉਸ ਛਿਣ 'ਚ ਇਹ ਜ਼ਿਆਦਾ ਜ਼ਰੂਰੀ ਨਹੀਂ ਲੱਗ ਰਿਹਾ ਸੀ। ਫਿਰ ਵੀ ਅਜਨਬੀ ਨੇ ਉਸਦੇ ਸ਼ਬਦਾਂ ਦੀ ਇਹੀ ਵਿਆਖਿਆ ਕੀਤੀ, ਕਿਉਂਕਿ ਉਸਨੇ ਕਿਹਾ, "ਚੰਗਾ ਹੈ ਤੂੰ ਇੱਥੇ ਹੀ ਖੜਾ ਰਹੇਂ।"

"ਮੈਂ ਇੱਥੇ ਨਹੀਂ ਖੜਾਂਗਾ ਅਤੇ ਨਾ ਹੀ ਮੈਂ ਤੈਨੂੰ ਬੋਲਣ ਦੇਵਾਂਗਾ, ਜਦੋਂ ਤੱਕ ਤੂੰ ਮੈਨੂੰ ਇਹ ਨਹੀਂ ਦੱਸ ਦਿੰਦਾ ਕਿ ਤੂੰ ਹੈ ਕੌਣ?"

"ਮੈਂ ਤੈਨੂੰ ਕੁੱਝ ਨਹੀਂ ਕਹਿਣਾ।" ਅਜਨਬੀ ਨੇ ਇਹ ਕਹਿ ਕੇ ਆਪ ਹੀ ਦਰਵਾਜ਼ਾ ਖੋਲ੍ਹ ਦਿੱਤਾ। ਅਗਲੇ ਕਮਰੇ ਵਿੱਚ ਜਿੱਥੇ ਕੇ. ਇੰਨੀ ਛੇਤੀ ਨਾ ਵੜ ਸਕਿਆ ਜਿੰਨੀ ਛੇਤੀ ਉਹ ਚਾਹੁੰਦਾ ਸੀ, ਉਸਨੇ ਪਹਿਲੀ ਨਿਗ੍ਹਾ 'ਚ ਹੀ ਉਹੀ ਦ੍ਰਿਸ਼ ਵੇਖਿਆ ਜਿਹੜਾ ਉੱਥੇ ਪਿਛਲੀ ਸ਼ਾਮ ਨੂੰ ਸੀ। ਇਹ ਫ਼ਰਾਅ ਗਰੁਬਾਖ਼ ਦਾ ਡਰਾਇੰਗ ਰੂਮ ਸੀ ਅਤੇ ਸ਼ਾਇਦ ਇਸ ਸਵੇਰ ਉਸ ਵਿੱਚ ਕੁੱਝ ਹੋਰ ਖਾਲੀ ਥਾਂ ਆ ਗਈ ਸੀ, ਜਿਹੜਾ ਅਕਸਰ ਫ਼ਰਨੀਚਰ, ਚਿਥੜਿਆਂ ਅਤੇ ਫ਼ੋਟੋਆਂ ਆਦਿ ਨਾਲ ਭਰਿਆ ਪਿਆ ਰਹਿੰਦਾ ਸੀ। ਪਹਿਲੀ ਨਿਗ੍ਹਾ 'ਚ ਇਹ ਕਹਿ ਸਕਣਾ ਔਖਾ ਸੀ ਕਿ ਇਹ ਬਦਲਾਅ ਖ਼ਾਸ ਕਰਕੇ ਉਸ ਆਦਮੀ ਦੀ ਵਜ੍ਹਾ ਕਰਕੇ ਹੋਏਗਾ, ਜਿਹੜਾ ਇਸ ਸਮੇਂ ਕਮਰੇ ਦੀ ਖੁੱਲੀ ਖਿੜਕੀ ਕੋਲੋਂ ਹੱਥ 'ਚ ਫੜੀ ਕਿਤਾਬ ਤੋਂ ਨਜ਼ਰ ਚੁੱਕ ਕੇ ਉਹਦੇ ਵੱਲ ਵੇਖਣ ਲੱਗਾ ਸੀ।

"ਤੈਨੂੰ ਆਪਣੇ ਕਮਰੇ ਵਿੱਚ ਰੁਕਣਾ ਚਾਹੀਦਾ ਸੀ, ਕੀ ਫ਼ਰਾਂਜ਼ ਨੇ ਤੈਨੂੰ ਦੱਸਿਆ ਨਹੀਂ?"

"ਹਾਂ-ਹਾਂ, ਪਰ ਇੱਥੇ ਤੂੰ ਚਾਹੁੰਦਾ ਕੀ ਏਂ?" ਕੇ. ਨੇ ਉਸ ਨਵੇਂ ਸੱਜਣ ਨੂੰ ਵੇਖਣ ਤੋਂ ਬਾਅਦ ਉਸ ਆਦਮੀ ਵੱਲ ਨਿਗ੍ਹਾ ਕੀਤੀ ਜਿਹੜਾ ਅਜੇ ਤੱਕ ਦਰਵਾਜ਼ੇ ਦੇ ਕੋਲ ਖੜਾ ਸੀ ਅਤੇ ਜਿਸਨੂੰ ਹੁਣੇ ਫ਼ਰਾਂਜ਼ ਕਹਿ ਕੇ ਬੁਲਾਇਆ ਗਿਆ ਸੀ। ਫ਼ਿਰ ਮੁੜ ਤੋਂ ਉਸਨੇ ਉਸ ਨਵੇਂ ਆਦਮੀ ਨਾਲ ਨਜ਼ਰ ਮਿਲਾ ਲਈ। ਇੱਕ ਵਾਰ ਫ਼ਿਰ ਖੁੱਲ੍ਹੀ ਖਿੜਕੀ ਤੋਂ ਉਸਨੇ ਉਸ ਬੁੱਢੀ ਔਰਤ 'ਤੇ ਨਿਗ੍ਹਾ ਮਾਰੀ। ਉਹ ਜਿਵੇਂ ਜਾਣਬੁੱਝ ਕੇ ਖਿੜਕੀ ਦੇ ਕੋਲ ਇਸ ਤਰਾਂ ਖੜੀ ਸੀ ਕਿ ਇੱਧਰ ਜੋ ਕੁੱਝ ਵੀ ਹੋਵੇ, ਉਸਨੂੰ ਦੇਖਦੀ ਰਹਿ ਸਕੇ।

"ਪਰ ਮੈਂ ਫ਼ਰਾਅ ਗਰੁਬਾਖ਼ ਨੂੰ ਮਿਲਣੈ......." ਕੇ. ਨੇ ਕੁੱਝ ਇਸ ਤਰ੍ਹਾਂ ਕਿਹਾ ਜਿਵੇਂ ਉਹ ਉਨ੍ਹਾਂ ਦੋਵਾਂ ਆਦਮੀਆਂ ਤੋਂ ਜਾਨ ਛੁਡਾ ਕੇ ਭੱਜਣਾ ਚਾਹੁੰਦਾ ਹੋਵੇ, ਹਾਲਾਂਕਿ ਉਹ ਉਸ ਤੋਂ ਦੂਰ ਖੜੇ ਸਨ।

"ਨਹੀਂ", ਖਿੜਕੀ ਦੇ ਕੋਲ ਬੈਠੇ ਆਦਮੀ ਨੇ ਕਿਤਾਬ ਮੇਜ਼ 'ਤੇ ਸੁੱਟ ਕੇ ਖੜੇ ਹੁੰਦੇ ਹੋਏ ਕਿਹਾ- "ਤੈਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ। ਤੈਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ।"

"ਇਹੀ ਲੱਗ ਰਿਹਾ।" ਕੇ. ਨੇ ਕਿਹਾ। "ਪਰ ਕਿਉਂ?"

"ਤੈਨੂੰ ਇਹ ਦੱਸਣ ਦੀ ਸਾਨੂੰ ਇਜਾਜ਼ਤ ਨਹੀਂ ਹੈ। ਆਪਣੇ ਕਮਰੇ ਵਿੱਚ ਜਾ ਤੇ ਉਡੀਕ ਕਰ। ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਕਤ ਆਉਣ 'ਤੇ ਤੈਨੂੰ ਸਭ ਕੁੱਝ ਦੱਸ ਦਿੱਤਾ ਜਾਏਗਾ। ਵੈਸੇ ਤੇਰੇ ਨਾਲ ਇੰਜ ਗੱਲ ਕਰਨ ਦੀ ਮੈਨੂੰ ਮਨਾਹੀ ਹੈ, ਪਰ ਫ਼ਰਾਂਜ਼ ਦੇ ਬਿਨ੍ਹਾਂ ਇੱਥੇ ਸੁਨਣ ਵਾਲਾ ਕੋਈ ਵੀ ਨਹੀਂ, ਤੇ ਉਹ ਤਾਂ ਤੇਰੇ ਨਾਲ ਚੰਗਾ ਸਲੂਕ ਕਰਕੇ ਪਹਿਲਾਂ ਹੀ ਸਭ ਆਦਰਸ਼ਾਂ 'ਤੇ ਮਿੱਟੀ ਪਾ ਚੁੱਕਿਆ ਹੈ। ਜੇਕਰ ਤੂੰ ਇੰਜ ਹੀ ਕਿਸਮਤ ਵਾਲਾ ਰਿਹਾ ਜਿਵੇਂ ਕਿ ਤੂੰ ਸਾਡੇ ਨਾਲ ਏਂ, ਤਾਂ ਸਮਝ ਲੈ ਕਿ ਆਪਣੇ-ਆਪ 'ਤੇ ਵਿਸ਼ਵਾਸ ਬਣਾਏ ਰੱਖਣ ਦੇ ਤੇਰੇ ਕੋਲ ਕਾਰਨ ਹਨ।"

ਕੇ. ਨੇ ਬੈਠਣਾ ਚਾਹਿਆ, ਪਰ ਹੁਣ ਉਸਨੇ ਵੇਖਿਆ ਕਿ ਕਮਰੇ ਦੀ ਬਾਰੀ ਦੇ ਕੋਲ ਵਾਲੀ ਸੀਟ ਬਿਨ੍ਹਾਂ ਪੂਰੇ ਕਮਰੇ 'ਚ ਬੈਠਣ ਲਈ ਕੁੱਝ ਹੈ ਈ ਨਹੀਂ।

"ਛੇਤੀ ਹੀ ਤੈਨੂੰ ਪਤਾ ਲੱਗ ਜਾਏਗਾ ਕਿ ਇਸ ਸਭ 'ਚ ਕਿੰਨੀ ਸੱਚਾਈ ਹੈ।" ਫ਼ਰਾਂਜ਼ ਨੇ ਕਿਹਾ ਅਤੇ ਉਹ ਦੋਵੇਂ ਉਸਦੇ ਕੋਲ ਆ ਗਏ। ਫ਼ਰਾਂਜ਼ ਦੇ ਸਾਥੀ ਨੇ ਖ਼ਾਸ ਕਰਕੇ ਉਸਨੂੰ ਦੱਬ ਜਿਹਾ ਲਿਆ, ਅਤੇ ਕਈ ਵਾਰ ਉਸਦੇ ਮੋਢੇ ਨੂੰ ਥਾਪੜਿਆ। ਦੋਵਾਂ ਨੇ ਕੇ. ਦੀ ਰਾਤ ਨੂੰ ਪਾਈ ਜਾਣ ਵਾਲੀ ਕਮੀਜ਼ ਦਾ ਮੁਆਇਨਾ ਕੀਤਾ ਤੇ ਦੱਸਿਆ ਕਿ ਹੁਣ ਤਾਂ ਉਸਨੂੰ ਇਸ ਤੋਂ ਵਧੇਰੇ ਸਾਫ਼ ਕਮੀਜ਼ ਪਾਉਣੀ ਪਿਆ ਕਰੇਗੀ। ਉਹਨਾਂ ਨੇ ਦੱਸਿਆ ਕਿ ਉਹ ਉਸਦੀ ਇਸ ਕਮੀਜ਼ ਅਤੇ ਦੂਜੇ ਕੱਪੜਿਆਂ ਨੂੰ ਸੰਭਾਲ ਕੇ ਰੱਖਣਗੇ ਅਤੇ ਜਦੋਂ ਉਸਦਾ ਕੇਸ ਠੀਕ ਹੋ ਗਿਆ ਤਾਂ ਉਸਨੂੰ ਇਹ ਸਾਰੇ ਕੱਪੜੇ ਵਾਪਸ ਕਰ ਦਿੱਤੇ ਜਾਣਗੇ।

"ਡਿਪੂ 'ਚ ਰੱਖਣ ਨਾਲੋ ਤਾਂ ਚੰਗਾ ਹੈ ਕਿ ਇਹ ਸਾਰੀਆਂ ਚੀਜ਼ਾਂ ਤੂੰ ਸਾਡੇ ਹਵਾਲੇ ਕਰ ਦੇਵੇਂ।" ਉਹਨਾਂ ਨੇ ਕਿਹਾ, "ਕਿਉਂਕਿ ਡਿਪੂ 'ਚੋਂ ਚੀਜ਼ਾਂ ਅਕਸਰ ਚੋਰੀ ਹੋ ਜਾਂਦੀਆਂ ਹਨ ਅਤੇ ਇਸ ਤੋਂ ਬਿਨ੍ਹਾਂ ਵੀ ਉਹ ਕੁੱਝ ਮਿੱਥੇ ਸਮੇਂ ਪਿੱਛੋਂ ਚੀਜ਼ਾਂ ਨੂੰ ਵੇਚ ਦਿੰਦੇ ਹਨ, ਚਾਹੇ ਕਾਰਵਾਈ ਪੂਰੀ ਹੋਈ ਹੋਵੇ ਜਾਂ ਨਾ। ਇਹ ਅੰਦਾਜ਼ਾ ਲਾਉਣਾ ਵੀ ਔਖਾ ਹੈ ਕਿ ਇਹਨਾਂ ਕੇਸਾਂ ਵਿੱਚ ਕਿੰਨੀ ਦੇਰੀ ਹੋ ਜਾਂਦੀ ਹੈ, ਪਰ ਇੱਕ ਤਾਂ ਉਹ ਇੱਕਦਮ ਘੱਟ ਹੋਵੇਗੀ, ਕਿਉਂਕਿ ਇਸ ਦਾ ਸਿੱਧਾ ਸਬੰਧ ਬੋਲੀ ਨਾਲ ਨਾ ਹੋ ਕੇ ਰਿਸ਼ਵਤ ਆਦਿ ਦੇ ਲੈਣ-ਦੇਣ ਨਾਲ ਹੁੰਦਾ ਹੈ। ਅਤੇ ਦੂਜਾ ਕਿ ਅਸੀਂ ਆਪਣੇ ਤਜਰਬੇ ਕਰਕੇ ਜਾਣਦੇ ਹਾਂ ਕਿ ਇਹ ਰਕਮ ਸਾਲਾਂ-ਸਾਲ ਇੱਕ-ਦੂਜੇ ਦੇ ਹੱਥਾਂ ਵਿੱਚ ਜਾਂਦੀ ਰਹਿਣ ਕਰਕੇ ਲਗਾਤਾਰ ਘੱਟ ਹੁੰਦੀ ਜਾਂਦੀ ਹੈ।"

ਕੇ. ਨੇ ਇਹਨਾਂ ਟਿੱਪਣੀਆਂ ਉੱਪਰ ਵਧੇਰੇ ਧਿਆਨ ਨਾ ਦਿੱਤਾ, ਕਿਉਂਕਿ ਉਹਨਾਂ ਅਧਿਕਾਰਾਂ ਉੱਪਰ ਜ਼ਿਆਦਾ ਜ਼ੋਰ ਦੇਣਾ ਉਸਨੂੰ ਜਚਿਆ ਨਹੀਂ, ਜਿਹੜੇ ਉਸਦੀ ਹੁਣ ਦੀ ਜਾਇਦਾਦ ਖੁੱਸ ਜਾਣ ਪਿੱਛੋਂ ਉਸਦੇ ਹੱਥ ਲੱਗਣ ਵਾਲੇ ਸਨ। ਉਸਦੇ ਲਈ ਆਪਣੀ ਵਰਤਮਾਨ ਸਥਿਤੀ ਦਾ ਸਾਫ਼ ਹੋਣਾ ਜ਼ਿਆਦਾ ਜ਼ਰੂਰੀ ਸੀ, ਪਰ ਇਹਨਾਂ ਵਿਅਕਤੀਆਂ ਦੇ ਹੁੰਦਿਆਂ ਉਸਨੂੰ ਆਪਣੇ ਵਿਚਾਰ ਇਕੱਠੇ ਕਰਕੇ ਸੋਚਣਾ ਵੀ ਅਸੰਭਵ ਲੱਗ ਰਿਹਾ ਸੀ ਕਿਉਂਕਿ ਦੂਜੇ ਵਾਰਡਰ ਨੇ-ਭਾਂਵੇ ਉਹ ਵਾਰਡਰ ਹੋਣ ਤੋਂ ਬਿਨ੍ਹਾਂ ਵੀ ਕੁੱਝ ਹੋ ਸਕਦੇ ਸਨ- ਆਪਣੇ ਢਿੱਡ ਨੂੰ ਦੋਸਤਾਨਾ ਤਰੀਕੇ ਨਾਲ ਉਸਦੇ ਢਿੱਡ ਨਾਲ ਲਾ ਰੱਖਿਆ ਸੀ। ਪਰ ਕੇ. ਨੇ ਜਦੋਂ ਵੇਖਿਆ ਤਾਂ ਜਾਣਿਆ ਕਿ ਇੱਕ ਭਾਰੀ-ਭਰਕਮ ਚਰਬੀ ਭਰੇ ਸਰੀਰ ਉੱਪਰ ਇੱਕ ਨੁਕੀਲਾ ਨੱਕ ਸੀ, ਜਿਹੜਾ ਕਿ ਇੱਕ ਪਾਸੇ ਘੁੰਡੀ ਦੀ ਤਰ੍ਹਾਂ ਮੁੜਿਆ ਹੋਇਆ ਸੀ ਅਤੇ ਜਿਵੇਂ ਕੇ. ਦੇ ਸਿਰ ਨਾਲ

ਗੱਲਬਾਤ ਕਰ ਰਿਹਾ ਹੋਵੇ। ਆਖ਼ਰ ਇਹ ਕੌਣ ਲੋਕ ਸਨ? ਅਤੇ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਸਨ? ਅਤੇ ਉਹ ਕਿਸ ਸੱਤਾ ਦੇ ਪ੍ਰਤੀਨਿਧ ਸਨ? ਆਖ਼ਰ ਕੇ. ਇੱਕ ਸਮਾਨ ਕਾਨੂੰਨਾਂ ਵਾਲੇ ਰਾਜ ਦਾ ਨਾਗਰਿਕ ਸੀ ਅਤੇ ਉਸ ਦੇਸ਼ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਸੀ। ਸਭ ਕੁੱਝ ਕਾਨੂੰਨੀ ਢੰਗ ਨਾਲ ਹੁੰਦਾ ਸੀ। ਫ਼ਿਰ ਉਸਦੇ ਆਪਣੇ ਘਰ ਵਿੱਚ ਉਸਨੂੰ ਗਿਰਫ਼ਤਾਰ ਕਰਨ ਦੀ ਹਿੰਮਤ ਕੌਣ ਕਰ ਸਕਦਾ ਸੀ? ਉਹ ਕਿਸੇ ਹੱਦ ਤੱਕ ਹਰ ਔਖਿਆਈ ਨੂੰ ਬੜੇ ਸਹਿਜ ਢੰਗ ਨਾਲ ਮੰਨ ਲੈਣ ਦਾ ਆਦੀ ਸੀ, ਅਤੇ ਮੁਸ਼ਕਲ ਪੈਣ 'ਤੇ ਉਸ ਨਾਲ ਦੋ-ਚਾਰ ਹੋਣ ਦਾ ਹਾਮੀ ਸੀ। ਇਸ ਤੋਂ ਇਲਾਵਾ ਉਹ ਕਾਫ਼ੀ ਹਨੇਰੇ ਦੇ ਬਾਵਜੂਦ ਵੀ ਆਪਣੇ ਭਵਿੱਖ ਬਾਰੇ ਜ਼ਿਆਦਾ ਫ਼ਿਕਰਮੰਦ ਨਹੀਂ ਸੀ। ਪਰ ਇਸ ਘੜੀ ਉਸਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ ਸੀ ਅਤੇ ਉਹ ਇਸ ਸਭ ਨੂੰ ਮਜ਼ਾਕ ਮੰਨ ਸਕਦਾ ਸੀ। ਇੱਕ ਬੇਹੂਦਾ ਮਜ਼ਾਕ, ਕਿਸੇ ਅਣਬੁੱਝੇ ਕਾਰਨ ਕਰਕੇ ਉਸ ਨਾਲ ਕੀਤਾ ਜਾ ਰਿਹਾ ਸੀ- ਸ਼ਾਇਦ ਇਸ ਲਈ ਕਿ ਅੱਜ ਉਸਦਾ ਤੀਹਵਾਂ ਜਨਮਦਿਨ ਸੀ। ਸ਼ਾਇਦ ਉਸਦੇ ਬੈਂਕ ਦੇ ਸਾਥੀ ਇਹ ਸਭ ਕਰਵਾ ਰਹੇ ਹੋਣ। ਹਾਂ, ਇਹ ਬਿਲਕੁਲ ਸੰਭਵ ਸੀ। ਸ਼ਾਇਦ ਉਸਨੂੰ ਇਹਨਾਂ ਵਾਰਡਰਾਂ ਦੇ ਚਿਹਰੇ 'ਤੇ ਕਿਸੇ ਖ਼ਾਸ ਢੰਗ ਨਾਲ ਹੱਸਣਾ ਪਵੇਗਾ ਅਤੇ ਫ਼ਿਰ ਉਹ ਵੀ ਉਸਦੀ ਨਕਲ ਕਰਨ ਲੱਗਣਗੇ। ਸ਼ਾਇਦ ਉਹ ਕਿਸੇ ਗ਼ਲੀ ਦੀ ਨੁੱਕਰ ਤੋਂ ਫੜ ਕੇ ਲਿਆਏ ਗਏ ਸਨ। ਲੱਗ ਤਾਂ ਉਹ ਬਿਲਕੁਲ ਉਹੋ ਜਿਹੇ ਹੀ ਰਹੇ ਸਨ- ਪਰ ਇਸ ਸਮੇਂ ਉਹਨਾਂ ਦੀ ਪਕੜ ਮਜ਼ਬੂਤ ਹੋ ਗਈ ਸੀ। ਵਾਰਡਰ ਫ਼ਰਾਂਜ਼ ਦੀ ਪਹਿਲੀ ਝਲਕ ਹੀ ਇੰਨੀ ਡਰਾਉਣੀ ਸੀ ਕਿ ਉਹ ਉਸ ਉੱਪਰ ਭੋਰਾ ਵੀ ਤਰਸ ਕਰਨ ਦੇ ਇਰਾਦੇ 'ਚ ਨਹੀਂ ਲੱਗ ਰਿਹਾ ਸੀ। ਕੇ. ਨੂੰ ਇਸ ਖ਼ਤਰੇ ਦੀ ਭਨਕ ਲੱਗੀ ਕਿ ਕੱਲ੍ਹ ਉਸ ਉੱਤੇ ਇਸ ਗੱਲ ਦਾ ਇਲਜ਼ਾਮ ਲੱਗ ਸਕਦਾ ਹੈ ਕਿ ਉਹ ਇਸ ਸਾਰੀ ਘਟਨਾ ਵਿੱਚੋਂ ਐਨ ਮੌਕੇ 'ਤੇ ਮਜ਼ਾਕ ਨਹੀਂ ਸਮਝ ਸਕਿਆ, ਭਾਵੇਂ ਉਹ ਆਪਣੇ ਤਜਰਬਿਆਂ ਤੋਂ ਸਿੱਖਣ ਦਾ ਮੁਰੀਦ ਨਹੀਂ ਸੀ। ਉਸਨੂੰ ਅਜਿਹੇ ਕਈ ਹਾਦਸੇ ਯਾਦ ਸਨ, ਜਦੋਂ ਉਹ ਆਪਣੇ ਦੋਸਤਾਂ ਦੇ ਉਲਟ, ਉਸਨੇ ਜਾਣ-ਬੁੱਝ ਕੇ ਸਿੱਟੇ ਉੱਪਰ ਗ਼ੌਰ ਕੀਤੇ ਬਿਨ੍ਹਾਂ ਤੇਜ਼ ਵਿਹਾਰ ਕੀਤਾ ਸੀ ਅਤੇ ਇਸ ਕਰਕੇ ਉਸਨੂੰ ਬੜੇ ਗੰਭੀਰ ਨਤੀਜੇ ਭੁਗਤੇ ਸਨ। ਹੁਣ ਉਹ ਅਜਿਹਾ ਨਹੀਂ ਕਰੇਗਾ। ਘੱਟ ਤੋਂ ਘੱਟ ਇਸ ਵੇਲੇ ਤਾਂ ਬਿਲਕੁਲ ਨਹੀਂ। ਜੇ ਇਹ ਨਾਟਕ ਹੀ ਹੈ ਤਾਂ ਠੀਕ ਹੈ। ਉਹ ਵੀ ਇਸਨੂੰ ਖੇਡ ਕੇ ਵਿਖਾਏਗਾ। ਕਿਸੇ ਵੀ ਕੀਮਤ 'ਤੇ, ਅਜੇ ਤੱਕ ਤਾਂ ਉਹ ਆਜ਼ਾਦ ਸੀ।

"ਮਾਫ਼ ਕਰਨਾ।" ਉਸਨੇ ਕਿਹਾ ਅਤੇ ਦੋਵਾਂ ਵਾਰਡਰਾਂ ਨੂੰ ਚੀਰਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ।

"ਬੰਦਾ ਸਮਝਦਾਰ ਹੈ।" ਉਸਦੇ ਉੱਥੋਂ ਨਿਕਲ ਜਾਣ ਤੋਂ ਬਾਅਦ ਕਿਸੇ ਨੇ ਕਿਹਾ। ਕਮਰੇ 'ਚ ਪਹੁੰਚ ਕੇ ਉਸਨੇ ਛੇਤੀ ਨਾਲ ਮੇਜ਼ ਦੇ ਦਰਾਜ਼ ਖੋਲ੍ਹੇ। ਹਰ ਚੀਜ਼ ਠੀਕ ਢੰਗ ਨਾਲ ਪਈ ਸੀ। ਉਹ ਖ਼ੁਦ 'ਤੇ ਐਨਾ ਗੁੱਸੇ ਸੀ ਕਿ ਉਸਦੇ ਹੱਥ ਆਪਣੇ ਪਹਿਚਾਣ ਦੇ ਉਹਨਾਂ ਕਾਗਜ਼ਾਂ 'ਤੇ ਨਹੀਂ ਗਏ, ਜਿਨ੍ਹਾਂ ਦੀ ਉਸਨੂੰ ਤਲਾਸ਼ ਸੀ। ਆਖ਼ਿਰ ਉਸਨੂੰ ਸਾਇਕਲ ਦਾ ਲਾਇਸੈਂਸ ਮਿਲ ਗਿਆ ਅਤੇ ਉਸਨੂੰ ਲੈ ਕੇ ਉਹ ਵਾਰਡਰਾਂ ਵੱਲ ਵਧਿਆ, ਪਰ ਉਦੋਂ ਹੀ ਉਸਦੇ ਇੱਕ ਬਹੁਤ ਛੋਟਾ ਜਿਹਾ ਦਸਤਾਵੇਜ਼ ਹੱਥ ਲੱਗਿਆ। ਉਹ ਫ਼ਿਰ ਲੱਭਣ ਵਿੱਚ ਲੱਗ ਗਿਆ ਅਤੇ ਅੰਤ ਉਸਦੇ ਹੱਥ ਉਸਦਾ ਜਨਮ ਸਰਟੀਫਿਕੇਟ ਲੱਗ ਗਿਆ। ਜਿਵੇਂ ਹੀ ਉਸਨੂੰ ਲੈ ਕੇ ਉਹ ਦੂਜੇ ਕਮਰੇ ਵੱਲ ਵਧਿਆ, ਦੂਜੇ ਪਾਸਿਓਂ ਦਰਵਾਜ਼ਾ ਖੁੱਲ੍ਹਿਆ ਅਤੇ ਫ਼ਰਾਅ ਗ਼ਰੁਬਾਖ਼ ਅੰਦਰ ਦਾਖ਼ਲ ਹੋਈ। ਇੱਕ ਪਲ ਦੇ ਲਈ ਉਹਨਾਂ ਦੀ ਨਜ਼ਰ ਇੱਕ ਹੋਈ, ਜਿਵੇਂ ਹੀ ਉਸਨੇ ਕੇ. ਨੂੰ ਪਛਾਣਿਆ, ਤਾਂ ਉਹ ਸਾਫ਼ ਤੌਰ 'ਤੇ ਪਰੇਸ਼ਾਨ ਲੱਗੀ ਅਤੇ ਬਹਾਨਾ ਬਣਾ ਕੇ ਵਾਪਸ ਭੱਜੀ ਅਤੇ ਬੜੀ ਸਾਵਧਾਨੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ।

ਕੇ. ਦੇ ਕੋਲ- 'ਅੰਦਰ ਤਾਂ ਆਓ'-ਕਹਿਣ ਦਾ ਪੂਰਾ ਮੌਕਾ ਸੀ, ਪਰ ਉਹ ਕਮਰੇ ਦੇ ਐਨ ਵਿਚਕਾਰ ਹੱਥ 'ਚ ਕਾਗ਼ਜ਼ ਫੜਕੇ ਦਰਵਾਜ਼ੇ ਨੂੰ ਬੰਦ ਹੁੰਦੇ ਹੋਏ ਵੇਖਦਾ ਰਿਹਾ। ਉਦੋਂ ਹੀ ਵਾਰਡਰਾਂ ਵਿਚੋਂ ਇੱਕ ਦੀ ਅਵਾਜ਼ ਚੀਕ ਕੇ ਆਈ। ਇਸ ਤੋਂ ਕੇ. ਨੂੰ ਮਹਿਸੂਸ ਹੋਇਆ ਕਿ ਉਹ ਉਸਦੇ ਨਾਸ਼ਤੇ ਨੂੰ ਖੁਲ੍ਹੀ ਖਿੜਕੀ ਦੇ ਕੋਲ ਬੈਠੇ ਖਾ ਰਹੇ ਸਨ।

"ਉਹ ਅੰਦਰ ਕਿਉਂ ਨਹੀਂ ਆਈ?" ਉਸਨੇ ਪੁੱਛਿਆ।

"ਉਸਨੂੰ ਇਸਦੀ ਇਜਾਜ਼ਤ ਨਹੀਂ ਹੈ।" ਲੰਮੇ ਵਾਰਡਰ ਨੇ ਜਵਾਬ ਦਿੱਤਾ, "ਤੈਨੂੰ ਨਹੀਂ ਪਤਾ ਕਿ ਤੂੰ ਗਿਰਫ਼ਤਾਰ ਏਂ?"

"ਮੈਨੂੰ ਇਸ ਤਰ੍ਹਾਂ ਗਿਰਫ਼ਤਾਰ ਕਿਵੇਂ ਕੀਤਾ ਜਾ ਸਕਦਾ ਹੈ?"

"ਤੂੰ ਫ਼ਿਰ ਉਹੀ ਗੱਲ ਫੜ੍ਹ ਲਈ।" ਵਾਰਡਰ ਨੇ ਬਰੈਡ ਦਾ ਟੁਕੜਾ ਸ਼ਹਿਦ ਦੇ ਡੱਬੇ 'ਚ ਡੁਬੋਂਦੇ ਹੋਏ ਕਿਹਾ, "ਇਹੋ ਜਿਹੇ ਸਵਾਲਾਂ ਦੇ ਜਵਾਬ ਅਸੀਂ ਨਹੀਂ ਦਿੰਦੇ।"

"ਤੈਨੂੰ ਦੇਣਾ ਪਵੇਗਾ।" ਕੇ. ਬੋਲਿਆ, "ਆਹ ਲਓ ਮੇਰੇ ਪਛਾਣ-ਪੱਤਰ! ਅਤੇ ਹੁਣ ਆਪਣੇ ਕਾਗਜ਼ ਵਿਖਾਓ, ਅਤੇ ਸਭ ਤੋਂ ਪਹਿਲਾਂ ਤਾਂ ਮੇਰਾ ਗਿਰਫ਼ਤਾਰੀ ਵਰੰਟ ਵਿਖਾਓ।"

"ਹੇ ਰੱਬਾ! ਵਾਰਡਰ ਨੇ ਕਿਹਾ, "ਜੋ ਕੁੱਝ ਹੋ ਚੁੱਕਿਆ ਹੈ ਤੂੰ ਉਸਨੂੰ ਸਿੱਧੀ ਤਰ੍ਹਾਂ ਮੰਨ ਕਿਉਂ ਨਹੀਂ ਲੈਂਦਾ ਅਤੇ ਇਸ ਤੋਂ ਬਿਨ੍ਹਾਂ ਤੂੰ ਸਾਨੂੰ ਬਿਨ੍ਹਾਂ ਗੱਲ ਤੋਂ ਗੁੱਸਾ ਚੜ੍ਹਾ ਰਿਹਾ ਏਂ? ਇਸ ਵੇਲੇ ਸਾਰੀ ਦੁਨੀਆ ਵਿੱਚੋਂ ਤੇਰੇ ਲਈ ਸਾਡੇ ਤੋਂ ਵਧੀਕ ਗੂੜਾ ਮਿੱਤਰ ਹੋਰ ਕੋਈ ਨਹੀਂ।"

"ਇਹੀ ਸੱਚ ਹੈ, ਤੂੰ ਸਾਡੀ ਗੱਲ 'ਤੇ ਯਕੀਨ ਕਰ ਸਕਦਾ ਏਂ।" ਫ਼ਰਾਂਜ਼ ਨੇ ਆਪਣਾ ਕੌਫ਼ੀ ਦਾ ਪਿਆਲਾ ਕੇ. ਦੇ ਬਹੁਤ ਕੋਲ ਲਿਆ ਕੇ ਕਿਹਾ ਅਤੇ ਉਸਨੂੰ ਇੱਕ ਅਜਨਬੀ ਪਰ ਮਹੱਤਵਪੂਰਨ ਜਿਹੀ ਲੱਗਣ ਵਾਲੀ ਲੰਮੀ ਨਿਗ੍ਹਾ ਨਾਲ ਵੇਖਦਾ ਰਿਹਾ। ਕੇ. ਬੇਬਸੀ ਨਾਲ ਫ਼ਰਾਂਜ਼ ਨੂੰ ਵੇਖਦਾ ਰਿਹਾ ਅਤੇ ਫਿਰ ਆਪਣੇ ਹੱਥ 'ਚ ਫੜੇ ਕਾਗਜ਼ਾਂ ਨੂੰ ਹਿਲਾਉਂਦੇ ਹੋਏ ਬੋਲਿਆ, "ਇਹ ਰਹੇ ਮੇਰੇ ਪਛਾਣ-ਪੱਤਰ।"

"ਇਹਨਾਂ ਦਾ ਅਸੀਂ ਕੀ ਕਰੀਏ?" ਲੰਮਾ ਵਾਰਡਰ ਚੀਕਿਆ, "ਤੂੰ ਤਾਂ ਕਿਸੇ ਬੱਚੇ ਵਾਂਗ ਰੌਲਾ ਪਾ ਰਿਹਾ ਏਂ! ਆਖ਼ਰ ਤੂੰ ਕਹਿਣਾ ਕੀ ਚਾਹੁੰਦਾ ਏਂ? ਤੂੰ ਕੀ ਸਮਝਦਾ ਏਂ ਕਿ ਇਹਨਾਂ ਪਛਾਣ-ਪੱਤਰਾਂ ਅਤੇ ਵਰੰਟ ਆਦਿ ’ਚ ਸਾਨੂੰ ਉਲਝਾ ਕੇ ਤੂੰ ਇਸ ਮੁਕੱਦਮੇ ’ਚੋਂ ਖ਼ੁਦ ਨੂੰ ਛੇਤੀ ਛੁਡਾ ਲਏਂਗਾ? ਅਸੀਂ ਛੋਟੇ ਪੱਧਰ ਦੇ ਮੁਲਾਜ਼ਮ ਹਾਂ। ਅਸੀਂ ਕਿਸੇ ਕਾਨੂੰਨੀ ਦਸਤਾਵੇਜ਼ ਦਾ ਸਿਰ ਪੈਰ ਵੀ ਨਹੀਂ ਜਾਣਦੇ ਅਤੇ ਨਾ ਹੀ ਸਾਨੂੰ ਤੇਰੇ ਕੇਸ ’ਚ ਕੋਈ ਦਿਲਚਸਪੀ ਹੈ, ਬਿਨ੍ਹਾਂ ਇਸਦੇ ਕਿ ਦਿਨ ਵਿੱਚ ਦਸ ਘੰਟੇ ਅਸੀਂ ਤੇਰੀ ਰਖਵਾਲੀ ਕਰਾਂਗੇ ਅਤੇ ਇਸ ਕੰਮ ਦੀ ਤਨਖਾਹ ਲਵਾਂਗੇ। ਇਹੀ ਸਾਡੀ ਹੈਸੀਅਤ ਹੈ। ਪਰ ਇੰਨੀ ਤਾਂ ਸਾਨੂੰ ਸਮਝ ਹੈ ਕਿ ਸਾਡੇ ਉੱਚ-ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਕਾਰਨ ਦੇ ਕਿਸੇ ਬੰਦੇ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਨਹੀਂ ਦਿੱਤਾ ਹੋਵੇਗਾ। ਇਸ 'ਚ ਕੋਈ ਗ਼ਲਤੀ ਨਹੀਂ ਹੋਈ ਹੈ। ਸਾਡੇ ਅਧਿਕਾਰੀ (ਜਿਥੋਂ ਤੱਕ ਮੈਂ ਜਾਣਦਾ ਹਾਂ, ਅਤੇ ਮੈਂ ਸਭ ਤੋਂ ਹੇਠਾਂ ਦੀ ਗੱਲ ਜਾਣਦਾ ਹਾਂ) ਜ਼ੁਰਮ ਦੀ ਭਾਲ ਵਿੱਚ ਨਹੀਂ ਨਿਕਲਦੇ ਪਰ ਜਾਇਜ਼ ਕਾਨੂੰਨੀ ਜ਼ੁਰਮ ਪਤਾ ਲੱਗਣ 'ਤੇ ਹੀ ਵਾਰਡਰਾਂ ਨੂੰ ਭੇਜਦੇ ਹਨ। ਇਹੀ ਕਾਨੂੰਨ ਹੈ। ਫ਼ਿਰ ਤੈਨੂੰ ਪਛਾਣ ਸਕਣ ਦੀ ਗ਼ਲਤੀ ਹੋਣ ਦਾ ਸਵਾਲ ਹੀ ਕਿੱਥੇ ਹੈ?"

"ਮੈਂ ਅਜਿਹੇ ਕਾਨੂੰਨ ਨੂੰ ਨਹੀਂ ਜਾਣਦਾ।" ਕੇ. ਨੇ ਕਿਹਾ।

"ਜੇ ਇਹੀ ਗੱਲ ਹੈ ਤਾਂ ਇਹ ਤੇਰੇ ਲਈ ਬਹੁਤ ਮਾੜੀ ਗੱਲ ਹੈ।" ਵਾਰਡਰ ਨੇ ਕਿਹਾ।

"ਅਤੇ ਸੰਭਵ ਹੈ ਕਿ ਇਹ ਸਿਰਫ਼ ਤੇਰੀ ਕਲਪਨਾ ਹੀ ਹੋਵੇ।" ਕੇ. ਬੋਲਿਆ। ਉਹ ਕਿਸੇ ਵੀ ਢੰਗ ਨਾਲ ਵਾਰਡਰ ਦੀ ਵਿਚਾਰ-ਲੜੀ ਵਿੱਚ ਵੜਨ ਦਾ ਇੱਛੁਕ ਸੀ, ਜਿਹੜੀ ਜਾਂ ਤਾਂ ਉਸਦੇ ਲਾਭ ਵਿੱਚ ਬਦਲ ਸਕਦੀ ਸੀ ਜਾਂ ਉਹ ਖੁਦ ਉਸਦੇ ਅਨੁਸਾਰ ਢਲ ਜਾਂਦਾ। ਪਰ ਵਾਰਡਰ ਨੇ ਨਜ਼ਰ ਅੰਦਾਜ਼ੀ ਦੇ ਭਾਵ ਨਾਲ ਕਿਹਾ, "ਇਹ ਵੀ ਤੈਨੂੰ ਪਤਾ ਲੱਗ ਜਾਵੇਗਾ।"

ਉਦੋਂ ਹੀ ਫ਼ਰਾਂਜ਼ ਨੇ ਦਖ਼ਲ ਦਿੱਤਾ- "ਵਿਲੀਅਮ ਹੁਣ ਵੇਖ! ਉਹ ਮੰਨ ਵੀ ਰਿਹਾ ਹੈ ਕਿ ਉਹ ਕਾਨੂੰਨ ਨੂੰ ਨਹੀਂ ਜਾਣਦਾ ਅਤੇ ਫ਼ਿਰ ਵੀ ਕਹਿੰਦਾ ਹੈ ਕਿ ਉਹ ਅਪਰਾਧੀ ਨਹੀਂ ਹੈ।"

"ਤੂੰ ਸਹੀ ਕਹਿ ਰਿਹਾ ਏਂ ਪਰ ਫਿਰ ਵੀ ਕੋਈ ਇਸਨੂੰ ਸਮਝਾਉਣ ਤੋਂ ਤਾਂ ਰਿਹਾ।" ਦੂਜਾ ਬੋਲਿਆ। ਕੇ. ਨੇ ਕੋਈ ਜਵਾਬ ਨਾ ਦਿੱਤਾ। ਉਹ ਸੋਚਣ ਲੱਗਾ ਕਿ ਕੀ ਉਹ ਹੇਠਲੇ ਪੱਧਰ ਦੇ ਇਹਨਾਂ ਮੁਲਾਜ਼ਮਾਂ ਦੀਆਂ ਬੇਹੂਦਾ ਗੱਲਾਂ ਦੇ ਜੰਜਾਲ ਵਿੱਚ ਖੁਦ ਨੂੰ ਉਲਝਾ ਲਵੇ? ਉਹ ਆਪ ਹੀ ਤਾਂ ਮੰਨ ਰਹੇ ਹਨ ਕਿ ਉਹ ਕੀ ਹਨ। ਫ਼ਿਰ ਵੀ ਉਹ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕਰ ਰਹੇ ਹਨ, ਜਿਹਨਾਂ ਬਾਰੇ ਉਹ ਆਪ ਵੀ ਕੁੱਝ ਨਹੀਂ ਜਾਣਦੇ। ਉਹਨਾਂ ਨੂੰ ਆਪਣੀ ਮੂਰਖਤਾ ਉੱਪਰ ਹੀ ਭਰੋਸਾ ਹੈ। ਆਪਣੀ ਬੁੱਧੀਜੀਵੀ ਸ਼੍ਰੇਣੀ ਦੇ ਕਿਸੇ ਇੱਕ ਵੀ ਵਿਅਕਤੀ ਨਾਲ ਥੋੜ੍ਹੀ ਜਿਹੀ ਗੱਲ ਕਰਨ 'ਤੇ ਹੀ ਸਭ ਕੁੱਝ ਸਾਫ਼ ਹੋ ਜਾਵੇਗਾ, ਇਸਦੀ ਬਜਾਏ ਇਹਨਾਂ ਨਾਲ ਘੰਟਿਆਂ-ਬੰਧੀ ਗੱਲ ਕੀਤੀ ਜਾਵੇ।

ਕੁੱਝ ਮਿੰਟਾਂ ਤੱਕ ਉਹ ਕਮਰੇ ਦੇ ਖ਼ਾਲੀ ਹਿੱਸਿਆਂ 'ਚ ਇੱਧਰ-ਉੱਧਰ ਘੁੰਮਿਆ ਅਤੇ ਗ਼ਲੀ ਦੇ ਬਾਹਰ ਉਸਨੇ ਇੱਕ ਬੁੱਢੀ ਔਰਤ ਨੂੰ ਵੇਖਿਆ ਜਿਹੜੀ ਆਪਣੇ ਤੋਂ ਜ਼ਿਆਦਾ ਬੁੱਢੇ ਇੱਕ ਆਦਮੀ ਨੂੰ ਖਿੜਕੀ ਤੱਕ ਖਿੱਚ ਕੇ ਲੈ ਆਈ ਸੀ ਤੇ ਉਸ ਨਾਲ ਚਿੰਬੜੀ ਖੜੀ ਸੀ। ਕੇ. ਸੋਚ ਰਿਹਾ ਸੀ ਕਿ ਇਸ ਸਭ ਦਾ ਉਸਨੂੰ ਹੁਣ ਅੰਤ ਕਰ ਦੇਣਾ ਚਾਹੀਦਾ ਹੈ।

"ਮੈਨੂੰ ਆਪਣੇ ਤੋਂ ਸੀਨੀਅਰ ਅਧਿਕਾਰੀ ਕੋਲ ਲੈ ਚੱਲੋ।" ਉਸਨੇ ਕਿਹਾ।

"ਜਦੋਂ ਵੀ ਉਹ ਸਾਨੂੰ ਅਜਿਹਾ ਕਰਨ ਲਈ ਕਹਿਣਗੇ, ਉਸ ਤੋਂ ਪਹਿਲਾਂ ਬਿਲਕੁਲ ਨਹੀਂ।" ਵਿਲੀਅਮ ਨਾਮ ਦੇ ਵਾਰਡਰ ਨੇ ਕਿਹਾ- "ਅਤੇ ਹੁਣ ਮੈਂ ਤੈਨੂੰ ਕਹਿੰਦਾ ਹਾਂ ਕਿ ਆਪਣੇ ਕਮਰੇ ਵਿੱਚ ਜਾ ਕੇ ਚੁੱਪ ਕਰਕੇ ਬੈਠ ਅਤੇ ਆਪਣੇ ਬਾਰੇ ਹੋਣ ਵਾਲੇ ਫ਼ੈਸਲੇ ਦੀ ਉਡੀਕ ਕਰ। ਸਾਡੀ ਤੈਨੂੰ ਬੇਨਤੀ ਹੈ ਕਿ ਖ਼ੁਦ ਨੂੰ ਇਹਨਾਂ ਫਾਲਤੂ ਗੱਲਾਂ ਤੋਂ ਦੂਰ ਰੱਖ। ਆਪਣੇ ਆਪ ਨੂੰ ਸੰਭਾਲ ਕਿਉਂਕਿ ਅਜੇ ਬੁਰਾ ਵਕਤ ਆਉਣ ਵਾਲਾ ਹੈ। ਸਾਡੇ ਦਿਆਲੂ ਸੁਭਾਅ ਦੀ ਤੈਨੂੰ ਬਿਲਕੁਲ ਵੀ ਕਦਰ ਨਹੀਂ। ਤੂੰ ਭੁੱਲ ਗਿਆ ਏਂ ਕਿ ਅਸੀਂ ਹੋਰ ਭਾਵੇਂ ਕੁੱਝ ਵੀ ਹੋਈਏ ਪਰ ਘੱਟ ਤੋਂ ਘੱਟ ਤੇਰੇ ਮੁਕਾਬਲੇ 'ਚ ਆਜ਼ਾਦ ਵਿਅਕਤੀ ਤਾਂ ਹਾਂ ਹੀ। ਸਾਨੂੰ ਇਹੀ ਫ਼ਾਇਦਾ ਹੈ। ਪਰ, ਜੇ ਤੇਰੇ ਕੋਲ ਥੋੜੇ ਬਹੁਤ ਪੈਸੇ ਹਨ ਤਾਂ ਅਸੀਂ ਤੇਰੇ ਲਈ ਸਾਹਮਣੇ ਕੈਫ਼ੇ ਤੋਂ ਕੁੱਝ ਖਾਣ ਲਈ ਲਿਆ ਸਕਦੇ ਹਾਂ।"

ਇਸਦਾ ਕੁੱਝ ਵੀ ਜਵਾਬ ਦਿੱਤੇ ਬਿਨ੍ਹਾਂ ਕੇ. ਥੋੜ੍ਹੀ ਦੇਰ ਚੁੱਪਚਾਪ ਖੜਾ ਰਿਹਾ। ਸ਼ਾਇਦ ਜੇਕਰ ਉਹ ਅਗਲੇ ਕਮਰੇ ਦਾ ਬੂਹਾ ਖੋਲੇ ਜਾਂ ਵੱਡੇ ਕਮਰੇ ਤੱਕ ਦਾ, ਤਾਂ ਉਹਨਾਂ ਦੋਵਾਂ ਵਿੱਚੋਂ ਕਿਸੇ ਦੀ ਵੀ ਹਿੰਮਤ ਉਸਨੂੰ ਰੋਕਣ ਦੀ ਨਹੀਂ ਹੋਵੇਗੀ। ਸ਼ਾਇਦ ਇਸ ਸਮੱਸਿਆ ਦਾ ਸਭ ਤੋਂ ਸੌਖਾ ਹੱਲ ਇਹੀ ਹੋਵੇਗਾ ਕਿ ਚੀਜ਼ਾਂ ਨੂੰ ਆਖ਼ੀਰਲੇ ਸਿਰੇ ਤੱਕ ਖਿੱਚਿਆ ਜਾਵੇ। ਪਰ ਅਸਲ 'ਚ ਸ਼ਾਇਦ ਉਹਨਾਂ ਨੂੰ ਗੁੱਸਾ ਚੜ੍ਹ ਜਾਵੇ ਅਤੇ ਜੇ ਉਹਨਾਂ ਨੇ ਇੱਕ ਵਾਰ ਉਸਨੂੰ ਹੇਠਾਂ ਸੁੱਟ ਲਿਆ ਤਾਂ ਇੱਕ ਤਰ੍ਹਾਂ ਨਾਲ ਉਸਦਾ ਉਹਨਾਂ ਉੱਪਰ ਜਿਹੜਾ ਥੋੜ੍ਹਾ ਬਹੁਤ ਦਬਾਅ ਹੈ, ਉਹ ਵੀ ਹਟ ਜਾਵੇਗਾ। ਇਸ ਲਈ ਉਸਨੇ ਘਟਨਾਵਾਂ ਨੂੰ ਆਪਣਾ ਰਾਹ ਬਣਾ ਲੈਣ ਦਾ ਫ਼ੈਸਲਾ ਕੀਤਾ ਅਤੇ ਕੋਈ ਹੋਰ ਸ਼ਬਦ ਕਹੇ-ਸੁਣੇ ਬਿਨ੍ਹਾਂ ਵਾਪਸ ਆਪਣੇ ਕਮਰੇ ਵਿੱਚ ਚਲਾ ਗਿਆ।

ਉਸਨੇ ਬਿਸਤਰੇ ਉੱਪਰ ਡਿੱਗ ਕੇ, ਪਿਛਲੇ ਦਿਨ ਸਵੇਰ ਦੇ ਖਾਣੇ ਲਈ ਰੱਖਿਆ ਸੇਬ ਚੁੱਕਿਆ। ਹੁਣ ਖਾਣ ਲਈ ਉਸਦੇ ਕੋਲ ਇਹੀ ਕੁੱਝ ਸੀ। ਫ਼ਿਰ (ਸੇਬ ਉੱਪਰ ਦੰਦ ਗੱਡਣ ਵੇਲੇ ਉਸਨੇ ਖ਼ੁਦ ਨੂੰ ਤਸੱਲੀ ਦਿੱਤੀ। ਇਹ ਉਸ ਗੰਦੇ ਕੈਫ਼ੇ ਤੋਂ, ਉਹਨਾਂ ਦੁਆਰਾ ਅਹਿਸਾਨ ਦੇ ਤੌਰ 'ਤੇ, ਲਿਆਂਦੇ ਜਾਣ ਵਾਲੇ ਖਾਣੇ ਤੋਂ ਤਾਂ ਬਿਹਤਰ ਹੀ ਸੀ। ਉਸਨੇ ਕੁੱਝ ਆਰਾਮ ਮਹਿਸੂਸ ਕੀਤਾ ਅਤੇ ਇਸ ਨਾਲ ਉਸਨੂੰ ਕੁੱਝ ਹੌਸਲਾ ਵੀ ਹੋਇਆ। ਹਾਂ, ਅੱਜ ਸਵੇਰੇ ਬੈਂਕ ਵਿੱਚ ਉਸਦੇ ਕੰਮ ਵਿੱਚ ਇੱਕ ਗ਼ਲਤੀ ਨਿਕਲਣ ਵਾਲੀ ਸੀ, ਪਰ ਬੈਂਕ ਵਿੱਚ ਉਸਦੇ ਉੱਚ ਅਹੁਦੇ ਅਤੇ ਰਸੂਖ਼ ਕਾਰਨ ਇਹ ਮੁਆਫ਼ੀ ਯੋਗ ਵੀ ਸੀ। ਜਾਂ ਉਹ ਆਪਣੀ ਅਸਲ ਸਥਿਤੀ ਉੱਥੇ ਸਾਫ਼ ਕਰੇ? ਉਸਦੀ ਇਹੀ ਇੱਛਾ ਸੀ। ਜੇਕਰ ਲੋਕ ਉਸਦਾ ਵਿਸ਼ਵਾਸ ਨਾ ਕਰਨ (ਜਿਹੜਾ ਇਸ ਸਥਿਤੀ ਮੁਤਾਬਕ ਮੁਮਕਿਨ ਸੀ) ਤਾਂ ਉਹ ਫ਼ਰਾਅ ਗਰੁਬਾਖ਼ ਜਾਂ ਸੜਕ ਦੇ ਪਾਰ ਰਹਿਣ ਵਾਲੇ ਦੋ ਬੁੱਢੇ ਲੋਕਾਂ ਨੂੰ ਵੀ ਸਥਿਤੀ ਸਾਫ਼ ਕਰਨ ਲਈ ਕਹਿ ਸਕਦਾ ਹੈ, ਜਿਹੜੇ ਇਸ ਵੇਲੇ ਸਾਹਮਣੇ ਵਾਲੀ ਖਿੜਕੀ ਦੇ ਕੋਲ ਖੜੇ ਹੋਣਗੇ।

ਕੇ. ਨੂੰ ਇਸ ਤੋਂ ਹੈਰਾਨੀ ਹੋਈ (ਘੱਟੋ-ਘੱਟ ਵਾਰਡਰਾਂ ਦੇ ਨਜ਼ਰੀਏ ਤੋਂ ਉਹ ਹੈਰਾਨ ਸੀ) ਕਿ ਉਹਨਾਂ ਨੇ ਉਸਨੂੰ ਕਮਰੇ ਵਿੱਚ ਵਾਪਸ ਜਾਣ ਲਈ ਕਹਿ ਦਿੱਤਾ ਸੀ, ਜਿੱਥੇ ਉਹ ਇੱਕਲਤਾ 'ਚ ਆਪਣੀ ਤਰ੍ਹਾਂ ਦੀ ਜ਼ਿੰਦਗੀ ਜਿਓਂ ਸਕਦਾ ਸੀ। ਪਰ ਇਸੇ ਵੇਲੇ ਉਸਨੇ ਖ਼ੁਦ ਤੋਂ ਸਵਾਲ ਕੀਤਾ। ਇਸ ਪੂਰੀ ਸਮੱਸਿਆ ਤੇ ਆਪਣੇ ਤਰੀਕੇ ਨਾਲ ਵਿਚਾਰ ਕਰਨ ਤੋਂ ਬਾਅਦ, ਕਿ ਅਜਿਹਾ ਕਰਨ ਦੇ ਉਸ ਕੋਲ ਕੀ ਕਾਰਨ ਹਨ। ਕਿਉਂਕਿ ਉਹ ਦੋਵੇਂ ਆਦਮੀ ਨਾਲ ਵਾਲੇ ਕਮਰੇ ਵਿੱਚ ਮੌਜੂਦ ਹਨ ਅਤੇ ਉਸਦੇ ਨਾਸ਼ਤੇ ਨੂੰ ਖ਼ਤਮ ਕਰ ਚੁੱਕੇ ਹਨ। ਇਹ ਸਭ ਕਿੰਨਾ ਬੇਹੁਦਾ ਹੈ, ਜੇਕਰ ਉਹ ਆਪਣੀ ਤਰ੍ਹਾਂ ਜਿਉਣਾ ਚਾਹੇ ਵੀ, ਤਾਂ ਇਹੀ ਉਸਨੂੰ ਅਜਿਹਾ ਕਰਨ ਤੋਂ ਰੋਕੀ ਰੱਖੇਗਾ। ਇਹਨਾਂ ਵਾਰਡਰਾਂ ਦਾ ਪਾਗਲਪਨ ਇੰਨਾ ਕੌੜਾ ਨਾ ਹੁੰਦਾ ਤਾਂ ਉਹ ਉਸਨੂੰ ਇਸ ਤਰ੍ਹਾਂ ਇੱਕਲਾ ਛੱਡ ਦੇਣ 'ਤੇ ਵੀ ਕਿਸੇ ਖ਼ਤਰੇ ਦਾ ਅਹਿਸਾਸ ਨਾ ਕਰਦੇ। ਜੇ ਹੁਣ ਵੀ ਉਹ ਚਾਹੁਣ ਤਾਂ ਉਸਨੂੰ ਉਸ ਅਲਮਾਰੀ ਦੇ ਕੋਲ ਜਾਂਦੇ ਹੋਏ ਵੇਖ ਸਕਦੇ ਹਨ, ਜਿੱਥੇ ਉਸਨੇ ਕੁੱਝ ਬਰਾਂਡੀ ਰੱਖੀ ਹੋਈ ਹੈ ਅਤੇ ਹੁਣ ਉਹ ਉਸਨੂੰ ਨਾਸ਼ਤੇ ਵਿੱਚ ਇੱਕ ਪੈੱਗ ਲਾਉਂਦੇ ਹੋਏ ਅਤੇ ਹੋਰ ਹਿੰਮਤ ਵਧਾਉਣ ਲਈ ਦੂਜਾ ਪੈੱਗ ਲਾਉਂਦੇ ਹੋਏ ਵੇਖ ਸਕਦੇ ਹਨ, ਇਹ ਦੂਜਾ ਪੈੱਗ ਆਉਣ ਵਾਲੀ ਕਿਸੇ ਵੀ ਮੁਸੀਬਤ ਦੀ ਘੜੀ 'ਚ ਹਿੰਮਤ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈ।

ਉਦੋਂ ਹੀ ਦੂਜੇ ਕਮਰੇ 'ਚੋਂ ਆਈ ਤਿੱਖੀ 'ਵਾਜ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ ਜਿਹੜੀ ਉੱਥੇ ਪਏ ਗਿਲਾਸ ਵਿੱਚ ਟਕਰਾਈ, "ਇੰਸਪੈਕਟਰ ਸਾਹਬ ਤੈਨੂੰ ਬੁਲਾ ਰਹੇ ਹਨ।"

"ਹੁਣ!" ਉਹ ਵਾਪਸ ਚੀਕਿਆ। ਉਸਨੇ ਛੇਤੀ ਨਾਲ ਅਲਮਾਰੀ ਨੂੰ ਬੰਦ ਕੀਤਾ ਅਤੇ ਨਾਲ ਵਾਲੇ ਕਮਰੇ ਵਿੱਚ ਆ ਗਿਆ। ਉੱਥੇ ਦੋਵੇਂ ਵਾਰਡਰ ਮੌਜੂਦ ਸਨ, ਜਿਹਨਾਂ ਨੇ ਉਸਦੇ ਸੌਣ ਵਾਲੇ ਕਮਰੇ ਤੱਕ ਉਸਦਾ ਪਿੱਛਾ ਕੀਤਾ ਸੀ, ਜਿਵੇਂ ਉਹਨਾਂ ਲਈ ਇਹ ਦੁਨੀਆ ਦਾ ਬਹੁਤ ਜ਼ਰੂਰੀ ਕੰਮ ਸੀ।

"ਤੂੰ ਕੀ ਸਮਝਦਾ ਹੈਂ ਕਿ ਤੂੰ ਕੀ ਕਰਨਾ ਏਂ?" ਉਹ ਚੀਕ ਪਏ, "ਆਪਣੀ ਇਹ ਕਮੀਜ਼ ਪਾ ਕੇ ਇੰਸਪੈਕਟਰ ਦੇ ਸਾਹਮਣੇ ਪੇਸ਼ ਹੋ ਰਿਹਾ ਏਂ? ਉਹ ਤੇਰੀ ਅਤੇ ਨਾਲ ਮੇਰੀ ਠੁਕਾਈ ਕਰ ਦੇਣਗੇ!"

"ਮੈਨੂੰ 'ਕੱਲਾ ਛੱਡ ਦਿਓ, ਬਦਮਾਸ਼ੋ!" ਕੇ. ਜਿਸਨੂੰ ਉਸਦੀ ਅਲਮਾਰੀ ਵੱਲ ਧੱਕ ਦਿੱਤਾ ਗਿਆ ਸੀ, ਚੀਕਿਆ- "ਜੇ ਤੁਸੀਂ ਮੈਨੂੰ ਇਸੇ ਤਰ੍ਹਾਂ ਧੱਕੇ ਮਾਰਦੇ ਰਹੋਂਗੇ ਤਾਂ ਮੈਂ ਚੰਗੇ ਕੱਪੜੇ ਕਿਵੇਂ ਪਾਵਾਂਗਾ?"

"ਇਸਦਾ ਕੋਈ ਫ਼ਾਇਦਾ ਨਹੀਂ" ਵਾਰਡਰ ਬੋਲੇ। ਜਦ ਵੀ ਕੇ. ਇਸ ਤਰ੍ਹਾਂ ਚੀਕਦਾ ਸੀ, ਉਹ ਇੱਕਦਮ ਸ਼ਾਂਤ ਹੋ ਜਾਂਦੇ ਸਨ। ਲਗਭਗ ਉਦਾਸ ਅਤੇ ਇਸ ਤਰ੍ਹਾਂ ਉਸਨੂੰ ਭਰਮ ਜਿਹੇ ਵਿਚ ਪਾ ਕੇ ਕਿਸੇ ਹੱਦ ਤੱਕ ਆਪਣੀਆਂ ਗਿਆਨ ਇੰਦਰੀਆਂ ਉੱਪਰ ਕਾਬੂ ਪਾ ਲੈਂਦੇ ਸਨ। "ਬੇਵਕੂਫ਼!" ਉਹ ਬੁੜਬੜਾਇਆ। ਪਰ ਹੁਣ ਉਹ ਕੁਰਸੀ 'ਤੇ ਪਿਆ ਆਪਣਾ ਕੋਟ ਚੁੱਕ ਰਿਹਾ ਸੀ ਅਤੇ ਖਿਣ ਭਰ ਲਈ ਆਪਣੇ ਦੋਵਾਂ ਹੱਥਾਂ 'ਚ ਫੜਕੇ ਖੜਾ ਰਿਹਾ ਜਿਵੇਂ ਵਾਰਡਰਾਂ ਤੋਂ ਇਸਦੀ ਇਜਾਜ਼ਤ ਮੰਗ ਰਿਹਾ ਹੋਵੇ। ਉਹਨਾਂ ਨੇ ਆਪਣੇ-ਆਪਣੇ ਸਿਰ ਹਿਲਾ ਦਿੱਤੇ।

"ਕਾਲਾ ਕੋਟ ਚਾਹੀਦਾ!" ਉਹਨਾਂ ਨੇ ਕਿਹਾ। ਕੇ. ਨੇ ਕੋਟ ਫ਼ਰਸ਼ 'ਤੇ ਮਾਰਿਆ ਅਤੇ ਬੋਲਿਆ ਕਿ ਉਹ ਇਹ ਸਮਝਣ ਦੇ ਅਸਮਰੱਥ ਹੈ ਕਿ ਆਖ਼ਰ ਇਸਦਾ ਮਤਲਬ ਕੀ ਹੈ?

"ਪਰ ਅਜੇ ਤੱਕ ਤਾਂ ਇਹ ਅਧਿਕਾਰਕ ਮੁਕੱਦਮਾ ਨਹੀਂ ਹੈ।", ਵਾਰਡਰ ਹੱਸ ਪਏ ਪਰ ਉਹ ਆਪਣੀ ਇਸ ਧਾਰਨਾ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸਨ ਕਿ "ਇਸਨੂੰ ਕਾਲਾ ਕੋਟ ਹੀ ਹੋਣਾ ਚਾਹੀਦਾ!"

"ਓਹ! ਜੇਕਰ ਇਸੇ ਨਾਲ ਕੰਮ ਸੌਖਾ ਹੁੰਦਾ ਹੈ ਤਾਂ ਮੈਨੂੰ ਪਰਵਾਹ ਨਹੀਂ।" ਕੇ. ਨੇ ਕਿਹਾ ਅਤੇ ਆਪਣਾ ਵਾਰਡਰੋਬ ਖੋਲ੍ਹ ਕੇ ਕਾਫ਼ੀ ਦੇਰ ਤੱਕ ਆਪਣੇ ਕੱਪੜਿਆਂ ਦੀ ਤਲਾਸ਼ੀ ਲੈਂਦਾ ਰਿਹਾ। ਆਖ਼ਿਰ ਉਸਨੇ ਆਪਣਾ ਸਭ ਤੋਂ ਵਧੀਆ ਕਾਲਾ ਸੂਟ ਕੱਢਿਆ। ਉਹ ਐਨਾ ਖੂਬਸੂਰਤ ਸੀ ਕਿ ਇੱਕ ਵੇਲੇ ਉਹਦੀ ਕਟਾਈ-ਸਿਲਾਈ ਨੇ ਉਸਦੇ ਦੋਸਤਾਂ ਵਿੱਚ ਤੜਥੱਲੀ ਮਚਾ ਦਿੱਤੀ ਸੀ। ਉਸਨੇ ਇੱਕ ਨਵੀਂ ਕਮੀਜ਼ ਕੱਢੀ ਅਤੇ ਧਿਆਨ ਨਾਲ ਤਿਆਰ ਹੋਣ ਲੱਗਾ। ਉਹ ਮਨ ਵਿੱਚ ਸੋਚ ਰਿਹਾ ਸੀ ਕਿ ਉਸਨੇ ਕਾਫ਼ੀ ਫੁਰਤੀ ਦਿਖਾ ਦਿੱਤੀ ਹੈ ਕਿਉਂਕਿ ਵਾਰਡਰ ਉਸਨੂੰ ਨਹਾਉਣ ਲਈ ਕਹਿਣਾ ਭੁੱਲ ਗਏ ਸਨ। ਉਹ ਸੁੰਨ ਜਿਹਾ ਹੋ ਕੇ ਉਹਨਾਂ ਨੂੰ ਵੇਖਦਾ ਵੀ ਰਿਹਾ ਕਿ ਉਹ ਉਸਨੂੰ ਅਜਿਹਾ ਕਰਨ ਲਈ ਜ਼ਰੂਰ ਕਹਿਣਗੇ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਇਸ ਤੋਂ ਬਿਨ੍ਹਾਂ ਵਿਲੀਅਮ ਨੇ ਤਾਂ ਫ਼ਰਾਂਜ਼ ਨੂੰ ਇੰਸਪੈਕਟਰ ਕੋਲ ਇਹ ਕਹਿਣ ਲਈ ਵੀ ਭੇਜ ਦਿੱਤਾ ਕਿ ਕੇ. ਤਿਆਰ ਹੋ ਰਿਹਾ ਹੈ।

ਜਦੋਂ ਉਹ ਤਿਆਰ ਹੋ ਗਿਆ ਤਾਂ ਉਸਨੂੰ ਚੱਲਣ ਲਈ ਕਿਹਾ ਗਿਆ। ਵਿਲੀਅਮ ਉਸਦੇ ਇੱਕ ਦਮ ਨਾਲ ਲੱਗ ਕੇ ਪਿੱਛੇ ਤੁਰ ਰਿਹਾ ਸੀ। ਉਹ ਨਾਲ ਦਾ ਕਮਰਾ ਲੰਘੇ ਅਤੇ ਉਸ ਤੋਂ ਅਗਲੇ ਕਮਰੇ ਵਿੱਚ ਆ ਗਏ ਜਿਸਦੇ ਬੂਹੇ ਉਹਨਾਂ ਦੇ ਆਉਣ ਲਈ ਖੁੱਲੇ ਰੱਖੇ ਗਏ ਸਨ। ਕੇ. ਨੂੰ ਪਤਾ ਸੀ ਕਿ ਇਹ ਕਮਰਾ ਕੁੱਝ ਦਿਨ ਪਹਿਲਾਂ ਕਿਸੇ ਫ਼ਰਾਉਲਨ ਬਸਨਰ ਨੇ ਕਿਰਾਏ 'ਤੇ ਲਿਆ ਸੀ, ਜਿਹੜੀ ਕਿ ਇੱਕ ਟਾਇਪਿਸਟ ਹੈ। ਉਹ ਸਵੇਰੇ ਬਹੁਤ ਛੇਤੀ ਘਰੋਂ ਨਿਕਲ ਜਾਂਦੀ ਹੈ ਅਤੇ ਸ਼ਾਮ ਤੋਂ ਬਾਅਦ ਮੁੜਦੀ ਹੈ ਅਤੇ ਕੇ. ਨੇ ਉਸਦੇ ਨਾਲ ਰਸਮੀ ਸੁਆਗਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਕੀਤੀ ਸੀ। ਉਸਦੇ ਬਿਸਤਰੇ ਦੇ ਕੋਲ ਪਿਆ ਮੇਜ਼ ਚੁੱਕ ਕੇ ਕਮਰੇ ਦੇ ਵਿਚਕਾਰ ਰੱਖ ਦਿੱਤਾ ਗਿਆ ਸੀ। ਇੰਸਪੈਕਟਰ ਉਸਦੇ ਪਾਰ ਲੱਤ ’ਤੇ ਲੱਤ ਰੱਖ ਕੇ ਬੈਠਾ ਸੀ ਅਤੇ ਉਸਨੇ ਇੱਕ ਬਾਂਹ ਕੁਰਸੀ ਦੀ ਪਿੱਠ 'ਤੇ ਰੱਖੀ ਹੋਈ ਸੀ।

ਕਮਰੇ ਦੇ ਇੱਕ ਖੁੰਜੇ ਵਿੱਚ ਤਿੰਨ ਜਵਾਨ ਮੁੰਡੇ ਖੜੇ ਫ਼ਰਾਉਲਨ ਬਸਰ ਦੀ ਫ਼ੋਟੋ ਵੇਖ ਰਹੇ ਸਨ। ਖੁੱਲ੍ਹੀ ਖਿੜਕੀ ਦੇ ਇੱਕ ਪੱਲੇ ਨਾਲ ਇੱਕ ਸਫ਼ੇਦ ਬਲਾਊਜ਼ ਟੰਗਿਆ ਹੋਇਆ ਸੀ। ਖਿੜਕੀ ਦੇ ਪਾਰ ਦੋਵੇਂ ਬੁੱਢੇ ਦਿਖ ਰਹੇ ਸਨ। ਕਾਫ਼ੀ ਪਿੱਛੇ, ਉਹਨਾਂ ਦੋਵਾਂ ਤੋਂ ਲੰਮਾ ਇੱਕ ਆਦਮੀ, ਛਾਤੀ ਦੇ ਬਟਨ ਖੋਲ੍ਹੀ, ਆਪਣੀ ਲਾਲ ਨੁਕੀਲੀ ਦਾੜ੍ਹੀ ਨੂੰ ਮਰੋੜ ਰਿਹਾ ਸੀ।

"ਜ਼ੋਸਫ਼ ਕੇ.?" ਇੰਸਪੈਕਟਰ ਨੇ ਕਿਹਾ। ਸ਼ਾਇਦ ਇੱਧਰ-ਉੱਧਰ ਭਟਕਦੀ ਕੇ. ਦੀ ਨਜ਼ਰ ਨੂੰ ਟਿਕਾਉਣ ਲਈ। ਕੇ. ਨੇ ਗਰਦਨ ਹਿਲਾ ਦਿੱਤੀ।

"ਤੈਨੂੰ ਸ਼ਾਇਦ ਹੈਰਾਨੀ ਹੋਵੇਗੀ ਕਿ ਅੱਜ ਸਵੇਰੇ ਅਚਾਨਕ ਇਹ ਸਭ ਕੀ ਹੋਇਆ?" ਸਾਹਮਣੇ ਮੇਜ਼ ਉੱਪਰ ਪਈਆਂ ਕੁੱਝ ਚੀਜ਼ਾਂ- ਮੋਮਬੱਤੀ, ਮਾਚਿਸ, ਕਿਤਾਬ ਅਤੇ ਪੈਨ-ਕੁਸ਼ਨ ਆਦਿ ਨੂੰ ਠੀਕ ਜਿਹਾ ਕਰਦੇ ਹੋਏ ਇੰਸਪੈਕਟਰ ਨੇ ਪੁੱਛਿਆ, ਜਿਵੇਂ ਇਹ ਚੀਜ਼ਾਂ ਖ਼ਾਸ ਤੌਰ 'ਤੇ ਪਰਖ ਲਈ ਜ਼ਰੂਰੀ ਹੋਣ।

"ਹੈਰਾਨੀ ਤਾਂ ਜ਼ਰੂਰ ਹੋਈ ਹੈ।" ਕੇ. ਨੇ ਕਿਹਾ। ਅੰਤ ਉਸਨੂੰ ਇੱਕ ਭਲੇ ਆਦਮੀ ਨਾਲ ਗੱਲ ਕਰਕੇ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ, ਕਿ ਹੁਣ ਉਹ ਪੂਰੀ ਸਥਿਤੀ ’ਤੇ ਚਰਚਾ ਕਰ ਸਕਦਾ ਹੈ। "ਹੈਰਾਨੀ ਤਾਂ ਜ਼ਰੂਰ ਸੀ ਪਰ ਅਸਲ 'ਚ ਬਹੁਤ ਹੈਰਾਨ ਨਹੀਂ ਸੀ।"

"ਬਹੁਤ ਹੈਰਾਨ ਨਹੀਂ ਸੀ?" ਮੋਮਬੱਤੀ ਨੂੰ ਉਸ ਛੋਟੇ ਜਿਹੇ ਮੇਜ਼ ਦੇ ਐਨ ਵਿਚਕਾਰ ਰੱਖਦੇ ਅਤੇ ਬਾਕੀ ਚੀਜ਼ਾਂ ਨਾਲ ਉਸਨੂੰ ਘੇਰਦੇ ਹੋਏ ਇੰਸਪੈਕਟਰ ਨੇ ਕਿਹਾ।

"ਸ਼ਾਇਦ ਤੁਸੀਂ ਮੈਨੂੰ ਗਲਤ ਸਮਝਿਆ ਹੈ।" ਕੇ. ਨੇ ਛੇਤੀ ਨਾਲ ਜਵਾਬ ਦਿੱਤਾ-"ਮੇਰਾ ਮਤਲਬ ਹੈ........" ਅਤੇ ਹੁਣ ਕੇ, ਜਿਵੇਂ ਟੁੱਟ ਜਿਹਾ ਗਿਆ ਅਤੇ ਆਸ-ਪਾਸ ਕੁਰਸੀ ਲੱਭਣ ਲੱਗਾ- "ਮੈਨੂੰ ਯਕੀਨ ਹੈ ਕਿ ਮੈਂ ਬੈਠ ਸਕਦਾ ਹਾਂ?" ਉਸਨੇ ਪੁੱਛਿਆ।

"ਪਰ ਇਹ ਸੰਭਵ ਨਹੀਂ ਹੈ।" ਇੰਸਪੈਕਟਰ ਨੇ ਜਵਾਬ ਦਿੱਤਾ।

"ਮੇਰਾ ਮਤਲਬ ਹੈ," ਕੇ. ਨੇ ਹੁਣ ਵਕਤ ਦਾ ਕੋਈ ਅੰਤਰਾਲ ਨਾ ਲੈਂਦੇ ਹੋਏ ਕਿਹਾ-"ਹਾਂ ਮੈਂ ਹੈਰਾਨ ਸੀ। ਪਰ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਮੈਂ ਇਸ ਦੁਨੀਆਂ ਵਿੱਚ ਪੂਰੇ ਤੀਹ ਸਾਲ ਤਾਂ ਜੀਅ ਹੀ ਚੁੱਕਿਆਂ ਹਾਂ ਅਤੇ ਜਿਵੇ ਕਿ ਤੁਸੀਂ ਵੇਖ ਹੀ ਰਹੇ ਹੋਂ ਇੱਕਲੇ ਆਦਮੀ ਨੂੰ ਜਿਉਣ ਲਈ ਕਿੰਨੇ ਸੰਘਰਸ਼ ਕਰਨੇ ਪੈਂਦੇ ਹਨ, ਤਾਂ ਸੁਭਾਵਿਕ ਹੈ ਕਿ ਹੈਰਾਨ ਹੋਣ ਦੇ ਪ੍ਰਤੀ ਉਹ ਕਠੋਰ ਹੋ ਜਾਂਦਾ ਹੈ ਅਤੇ ਅਜਿਹੀ ਸਥਿਤੀ ਨੂੰ ਹਰ ਵਾਰ ਗੰਭੀਰਤਾ ਨਾਲ ਨਹੀਂ ਲੈ ਪਾਉਂਦਾ। ਖ਼ਾਸ ਤੌਰ 'ਤੇ ਜੋ ਕੁੱਝ ਅੱਜ ਹੋਇਆ।"

"ਅੱਜ ਦੀ ਸਥਿਤੀ ਨੂੰ ਖ਼ਾਸ ਤੌਰ 'ਤੇ ਕਿਉਂ ਨਹੀਂ?"

"ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਇਹ ਸਭ ਕੁੱਝ ਇਕ ਮਜ਼ਾਕ ਸੀ। ਇਸਦੇ ਲਈ ਕਾਫ਼ੀ ਲੰਮੀ ਤਿਆਰੀ ਕੀਤੀ ਗਈ ਲੱਗਦੀ ਹੈ। ਇਸ ਬਿਲਡਿੰਗ ਦੇ ਸਭ ਲੋਕ ਅਤੇ ਤੁਹਾਡੇ ਸਭ ਦੇ ਆਪਸ 'ਚ ਮਿਲਣ ਦੇ ਯਤਨ ਨੂੰ ਮਜ਼ਾਕ ਤੋਂ ਤਾਂ ਕੁੱਝ ਜ਼ਿਆਦਾ ਹੀ ਮੰਨਿਆ ਜਾਵੇਗਾ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਹ ਮਜ਼ਾਕ ਨਹੀਂ ਹੈ।"

"ਬਿਲਕੁਲ ਸਹੀ ਹੈ।" ਇੰਸਪੈਕਟਰ ਨੇ ਕਿਹਾ ਅਤੇ ਗਿਣਨ ਲੱਗਾ ਕਿ ਮਾਚਿਸ ਵਿੱਚ ਕਿੰਨੀਆਂ ਤੀਲਾਂ ਹਨ।

"ਫ਼ਿਰ ਵੀ" ਕੇ. ਅੱਗੇ ਬੋਲਿਆ। ਹੁਣ ਉਹ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਸੀ, ਜਿਸਦੇ ਵਿੱਚ ਉਹ ਤਿੰਨ ਮੁੰਡੇ ਵੀ ਸ਼ਾਮਿਲ ਸਨ ਜਿਹੜੇ ਕੰਧ ’ਤੇ ਟੰਗੀ ਹੋਈ ਫ਼ੋਟੋ ਵੇਖ ਰਹੇ ਸਨ। "ਫ਼ਿਰ ਵੀ ਇਹ ਸਭ ਇੰਨਾ ਜ਼ਰੂਰੀ ਨਹੀਂ ਹੈ। ਇਹ ਅੰਦਾਜ਼ਾ ਮੈਂ ਇਸ ਲਈ ਲਾ ਰਿਹਾ ਹਾਂ ਕਿ ਮੇਰੇ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ, ਹਾਲਾਂਕਿ ਅਜਿਹਾ ਹੋਣ ਦਾ ਕੋਈ ਛੋਟੇ ਤੋਂ ਛੋਟਾ ਕਾਰਨ ਵੀ ਮੌਜੂਦ ਨਹੀਂ ਹੈ। ਪਰ ਇਹ ਸਭ ਤਾਂ ਹੈ। ਮੂਲ ਪ੍ਰਸ਼ਨ ਤਾਂ ਸਿਰਫ਼ ਇੰਨਾ ਹੈ ਕਿ ਆਖ਼ਰ ਇਲਜ਼ਾਮ ਲਾ ਕੌਣ ਰਿਹਾ? ਤੁਸੀਂ ਸਾਰਿਆਂ 'ਚੋਂ ਕਿਸੇ ਨੇ ਵੀ ਵਰਦੀ ਨਹੀਂ ਪਾਈ। ਕੌਣ ਇਸਨੂੰ (ਉਹ ਫ਼ਰਾਂਜ਼ ਦੇ ਵੱਲ ਮੁੜਿਆ) ਵਰਦੀ ਕਹੇਗਾ? ਧਿਆਨ ਨਾਲ ਵੇਖਣ ’ਤੇ ਤਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਲੋਕ ਕਿਸੇ ਯਾਤਰਾ 'ਤੇ ਨਿਕਲੇ ਹੋਵੋਂ। ਇਹ ਸਾਰੇ ਸੁਆਲਾਂ ਦੇ ਮੈਨੂੰ ਸਾਫ਼-ਸਾਫ਼ ਜਵਾਬ ਚਾਹੀਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਇੱਕ ਵਾਰ ਇਹ ਜਵਾਬ ਮੈਨੂੰ ਮਿਲ ਗਏ ਤਾਂ ਅਸੀਂ ਸ਼ਾਂਤੀ ਨਾਲ ਇੱਕ-ਦੂਜੇ ਨੂੰ ਅਲਵਿਦਾ ਕਹਿ ਸਕਾਂਗੇ।"

ਇੰਸਪੈਕਟਰ ਨੇ ਮਾਚਿਸ ਹੇਠਾਂ ਸੁੱਟ ਦਿੱਤੀ-

"ਤੂੰ ਬਹੁਤ ਵੱਡੀ ਗ਼ਲਤੀ ਕਰ ਰਿਹਾ ਏਂ।" ਉਸਨੇ ਕਿਹਾ, "ਇਹ ਸਭ ਲੋਕ ਅਤੇ ਮੈਂ ਵੀ ਤੇਰੇ ਕੇਸ 'ਚ ਜਿਆਦਾ ਮਹੱਤਵਪੂਰਨ ਨਹੀਂ ਹਾਂ। ਦਰਅਸਲ ਇਸ ਸਭ ਦੇ ਬਾਰੇ 'ਚ ਤਾਂ ਅਸੀਂ ਕੁੱਝ ਵੀ ਨਹੀਂ ਜਾਣਦੇ। ਜੇਕਰ ਅਸੀਂ ਇੱਕਦਮ ਅਧਿਕਾਰਕ ਵਰਦੀਆਂ ਪਾ ਕੇ ਇੱਥੇ ਆਈਏ ਵੀ ਤਾਂ ਕੇਸ ਇਸ ਤੋਂ ਜ਼ਿਆਦਾ ਸੰਜੀਦਾ ਨਹੀਂ ਹੋ ਜਾਏਗਾ। ਮੈਂ ਤਾਂ ਠੀਕ ਤਰ੍ਹਾਂ ਤੈਨੂੰ ਇਹ ਵੀ ਨਹੀਂ ਦੱਸ ਸਕਦਾ ਕਿ ਤੇਰੇ ਉੱਪਰ ਕਿਹੜੇ ਇਲਜ਼ਾਮ ਲੱਗੇ ਹਨ। ਇਹ ਸਹੀ ਹੈ ਕਿ ਤੈਨੂੰ ਗਿਰਫ਼ਤਾਰ ਕੀਤਾ ਗਿਆ ਹੈ ਪਰ ਇਸ ਤੋਂ ਵਧੀਕ ਤਾਂ ਮੈਂ ਕੁੱਝ ਵੀ ਨਹੀਂ ਜਾਣਦਾ। ਸ਼ਾਇਦ ਵਾਰਡਰਾਂ ਨੇ ਕਿਸੇ ਦੂਜੀ ਚੀਜ਼ ਵੱਲ ਇਸ਼ਾਰਾ ਕੀਤਾ ਸੀ। ਪਰ ਜੇਕਰ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਸਮਝ ਲੈ ਕਿ ਇਹ ਇੱਕ ਆਮ ਗੱਲਬਾਤ ਸੀ। ਅਤੇ ਹੁਣ, ਜੇ ਮੈਂ ਤੇਰੇ ਸਵਾਲਾਂ ਦੇ ਜਵਾਬ ਨਾ ਵੀ ਦੇਵਾਂ, ਤਾਂ ਵੀ ਹਰ ਕੀਮਤ 'ਤੇ ਮੈਂ ਤੈਨੂੰ ਇਹ ਸੁਝਾਅ ਤਾਂ ਦੇ ਹੀ ਸਕਦਾ ਹਾਂ ਕਿ ਸਾਡੇ ਬਾਰੇ 'ਚ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਬਾਰੇ 'ਚ ਵੀ ਕਿ ਅੱਗੇ ਤੇਰੇ ਨਾਲ ਕੀ ਹੋਣ ਵਾਲਾ ਹੈ। ਆਪਣੇ ਬਾਰੇ ਸੋਚ ਵਿਚਾਰ ਕਰਦਾ ਰਹਿ। ਅਤੇ ਆਪਣੇ ਅਣਜਾਣ ਹੋਣ ਦੀ ਇਸ ਭਾਵੁਕਤਾ ਦਾ ਬਹੁਤਾ ਪ੍ਰਦਰਸ਼ਨ ਨਾ ਕਰ। ਨਹੀਂ ਤਾਂ ਇਹ ਜਿਹੜਾ ਤੇਰਾ ਪ੍ਰਭਾਵ ਪੈ ਰਿਹਾ ਹੈ, ਉਹ ਇਸ ਨਾਲ ਬਿਲਕੁਲ ਬੇਕਾਰ ਹੋ ਰਿਹਾ ਹੈ ਅਤੇ ਬਹੁਤਾ ਬੋਲ ਵੀ ਨਾ, ਹੁਣੇ-ਹੁਣੇ ਜੋ ਤੂੰ ਕਿਹਾ ਹੈ, ਉਹ ਸਭ ਤਾਂ ਵਿਹਾਰਿਕ ਤਰੀਕੇ ਨਾਲ ਵੀ ਦਰਸਾਇਆ ਜਾ ਸਕਦਾ ਸੀ। ਜੇ ਤੂੰ ਇੱਕ ਵੀ ਸ਼ਬਦ ਨਾ ਕਹਿੰਦਾ ਤਾਂ ਵੀ। ਫ਼ਿਰ ਵੀ, ਤੇਰਾ ਜਿਆਦਾ ਨੁਕਸਾਨ ਨਹੀਂ ਹੋਇਆ।"

"ਕੇ. ਨੇ ਬੇਬਸੀ ਨਾਲ ਇੰਸਪੈਕਟਰ ਵੱਲ ਵੇਖਿਆ। ਕੀ ਹੁਣ ਸਕੂਲ ਦੇ ਕਿਸੇ ਬੱਚੇ ਵਾਂਗ, ਉਸਦੀ ਆਪਣੀ ਉਮਰ ਤੋਂ ਛੋਟੇ ਆਦਮੀ ਦੁਆਰਾ, ਉਸਨੂੰ ਹੱਕ ਕੇ ਲੈ ਜਾਇਆ ਜਾਏਗਾ? ਕੀ ਉਸਨੂੰ ਉਸਦੀ ਸਾਫ਼ਗੋਈ ਦੇ ਲਈ ਸਜ਼ਾ ਦਿੱਤੀ ਜਾਵੇਗੀ? ਕੀ ਹੁਣ ਵੀ ਉਸਨੂੰ ਆਪਣੀ ਗਿਰਫ਼ਤਾਰੀ ਦੇ ਸਬੰਧ ਵਿੱਚ ਕੁੱਝ ਜਾਣ ਲੈਣ ਦੀ ਮਨਾਹੀ ਰਹੇਗੀ ਅਤੇ ਉਹਨਾਂ ਲੋਕਾਂ ਦੇ ਬਾਰੇ ਜਿਹਨਾਂ ਨੇ ਅਜਿਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ? ਉਹ ਕੁੱਝ-ਕੁੱਝ ਵਿਦਰੋਹ ਵਰਗੀ ਹਾਲਤ ਵਿੱਚ ਜਾ ਪਹੁੰਚਿਆ। ਉੱਪਰ-ਹੇਠਾਂ ਹਿੱਲਣ ਦੀ ਕੋਸ਼ਿਸ਼ ਦੇ ਨਾਲ; ਜਦਕਿ ਕਿਸੇ ਨੇ ਉਸਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ; ਉਸਨੇ ਆਪਣੇ ਮੋਢੇ ਹਿਲਾਏ, ਨੌਜੁਆਨਾਂ ਦੇ ਕੋਲ ਆ ਕੇ ਬੋਲਿਆ- "ਪਰ ਇਸ ਸਭ ਦਾ ਤਾਂ ਕੋਈ ਮਤਲਬ ਹੈ ਹੀ ਨਹੀਂ।" ਉਹ ਤਿੰਨੇ ਉਸ ਵੱਲ ਮੁੜੇ, ਭਾਵੁਕ ਪਰ ਗੰਭੀਰਤਾ ਨਾਲ ਉਸਨੂੰ ਵੇਖਦੇ ਰਹੇ। ਆਖ਼ਰ ਉਹ ਇੰਸਪੈਕਟਰ ਦੇ ਮੇਜ਼ ਦੇ ਕੋਲ ਆ ਕੇ ਰੁਕ ਗਿਆ।

"ਲੋਕ ਨਿਆਂਵਾਦੀ ਹਿਸਟੇਰਰ ਮੇਰਾ ਚੰਗਾ ਦੋਸਤ ਹੈ।" ਉਸਨੇ ਕਿਹਾ"ਕੀ ਮੈਂ ਉਸਨੂੰ ਫ਼ੋਨ ਕਰ ਸਕਦਾ ਹਾਂ?"

"ਬਿਲਕੁਲ!" ਇੰਸਪੈਕਟਰ ਨੇ ਕਿਹਾ- "ਪਰ ਮੈਂ ਸਮਝ ਨਹੀਂ ਪਾ ਰਿਹਾ ਕਿ ਤੂੰ ਉਸਨੂੰ ਕਹਿਣਾ ਕੀ ਚਾਹੁੰਨਾ ਏਂ? ਹਾਂ, ਜੇਕਰ ਕੋਈ ਨਿੱਜੀ ਗੱਲ ਉਸਨੂੰ ਕਹਿਣੀ ਹੋਵੇ ਤਾਂ ਹੋਰ ਗੱਲ ਹੈ।"

"ਗੱਲ ਕੀ ਹੋਵੇਗੀ?" ਕੇ. ਗੁੱਸੇ ਦੇ ਬਜਾਏ ਸਦਮੇ ਦੀ ਹਾਲਤ 'ਚ ਚੀਕ ਪਿਆ- "ਤੂੰ ਕਿਹੋ ਜਿਹਾ ਆਦਮੀ ਏਂ? ਮੇਰੇ ਲਈ ਤਾਂ ਤੂੰ ਪਾਬੰਦੀਆਂ ਲਾ ਰਿਹਾ ਏਂ ਪਰ ਆਪ ਤੂੰ ਇੰਨਾ ਅਰਾਜਕ ਵਿਹਾਰ ਕਰ ਰਿਹਾ ਏਂ। ਕਿਸੇ ਨੂੰ ਰੁਆ ਦੇਣਾ ਹੀ ਕਾਫ਼ੀ ਹੈ। ਪਹਿਲਾਂ ਤਾਂ ਇਹਨਾਂ ਲੋਕਾਂ ਦੇ ਵਿਹਾਰ ਦਾ ਗੰਦਾ ਘੜਾ ਮੇਰੇ ਸਿਰ 'ਤੇ ਟੁੱਟਿਆ, ਅਤੇ ਹੁਣ ਇਹ ਮੇਰੇ ਸਿਰ ਤੇ ਇੱਦਾਂ ਖੜੇ ਹਨ ਤਾਂ ਕਿ ਮੈਂ ਤੇਰੀਆਂ ਉਂਗਲਾਂ ’ਤੇ ਨੱਚਦਾ ਰਹਾਂ। ਹੁਣ ਤੂੰ ਪੁੱਛ ਰਿਹਾਂ ਕਿ ਜਦੋਂ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਤਾਂ ਵਕੀਲ ਨੂੰ ਫ਼ੋਨ ਕਰਨ ਦਾ ਮਤਲਬ ਕੀ ਹੈ? ਠੀਕ ਹੈ, ਮੈਂ ਉਸਨੂੰ ਫ਼ੋਨ ਨਹੀਂ ਕਰਾਂਗਾ।"

"ਕਰੋ!" ਇੰਸਪੈਕਟਰ ਨੇ ਹਾਲ 'ਚ ਪਏ ਫ਼ੋਨ ਵੱਲ ਇਸ਼ਾਰਾ ਕੀਤਾ-"ਕਿਰਪਾ ਕਰਕੇ ਉਸਨੂੰ ਫ਼ੋਨ ਕਰੋ।"

"ਨਹੀਂ! ਹੁਣ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ।" ਕੇ. ਨੇ ਕਿਹਾ ਅਤੇ ਖਿੜਕੀ ਦੇ ਕੋਲ ਚਲਾ ਗਿਆ।

ਉਹ ਲੋਕ ਅਜੇ ਵੀ ਖਿੜਕੀ ਦੇ ਕੋਲ ਖੜੇ ਸਨ ਅਤੇ ਕੇ. ਦਾ ਉੱਧਰ ਜਾਣਾ ਉਹਨਾਂ ਨੂੰ ਠੀਕ ਨਹੀਂ ਲੱਗ ਰਿਹਾ ਸੀ। ਬੁੱਢਾ ਆਦਮੀ ਉੱਠਣ ਦੀ ਕੋਸ਼ਿਸ਼ ਵਿੱਚ ਸੀ ਪਰ ਉਸਦੇ ਪਿੱਛੇ ਬੈਠੇ ਆਦਮੀ ਨੇ ਉਸਨੂੰ ਬੈਠੇ ਰਹਿਣ ਲਈ ਕਿਹਾ।

"ਵੇਖੋ ਤਾਂ ਕੌਣ ਵੇਖ ਰਿਹਾ ਹੈ!" ਕੇ. ਇੰਸਪੈਕਟਰ ਦੇ ਵੱਲ ਮੁੜਕੇ ਚੀਕਿਆ, ਅਤੇ ਆਪਣੀ ਉਂਗਲ ਦਾ ਇਸ਼ਾਰਾ ਕਰਦੇ ਹੋਏ ਬੋਲਿਆ- "ਇੱਥੋਂ ਦੂਰ ਹੋ ਜਾਓ!" ਉਹ ਤਿੰਨੇ ਉੱਥੋਂ ਕੁੱਝ ਕਦਮ ਖਿਸਕ ਗਏ। ਦੋਵੇਂ ਬੁੱਢੇ ਉਸ ਆਦਮੀ ਦੇ ਪਿੱਛੇ ਹੋ ਗਏ ਅਤੇ ਉਸਦੀ ਚੌੜੀ ਪਿੱਠ ਦੇ ਪਿੱਛੇ ਜਾ ਲੁਕੇ, ਜਿਹੜਾ (ਉਸਦੇ ਹਿਲਦੇ ਬੁੱਲਾਂ ਤੋਂ ਮਹਿਸੂਸ ਹੋ ਰਿਹਾ ਸੀ। ਕੁੱਝ ਦੂਰੀ 'ਤੇ ਇੱਧਰ ਨਾ ਸੁਣੀ ਜਾ ਸਕਣ ਵਾਲੀ ਅਵਾਜ਼ ’ਚ ਬੋਲ ਰਿਹਾ ਸੀ। ਭਾਂਵੇ ਉਹ ਹਮੇਸ਼ਾ ਲਈ ਦੂਰ ਨਹੀਂ ਹੋਏ ਸਨ ਅਤੇ ਇੱਦਾਂ ਲੱਗ ਰਿਹਾ ਸੀ ਕਿ ਉਹ ਬਾਰੀ ਦੇ ਕੋਲ ਆਉਣਾ ਚਾਹੁੰਦੇ ਹਨ।

"ਕਿੰਨੇ ਭ੍ਰਿਸ਼ਟ ਅਤੇ ਬੇਮੁਰੱਵਤ ਲੋਕ ਹਨ!" ਕਮਰੇ ਵੱਲ ਵਾਪਸ ਮੁੜਦੇ ਹੋਏ ਕੇ. ਨੇ ਕਿਹਾ। ਜਿਵੇਂ ਇੰਸਪੈਕਟਰ ਉਸ ਨਾਲ ਸਹਿਮਤ ਸੀ। ਜਾਂ ਘੱਟ ਤੋਂ ਘੱਟ ਕੇ. ਅਜਿਹਾ ਸਮਝ ਰਿਹਾ ਸੀ। ਉਸਨੇ ਇੱਕ ਨਜ਼ਰ ਇੰਸਪੈਕਟਰ ਵੱਲ ਸੁੱਟੀ। ਪਰ ਇਹ ਵੀ ਸੰਭਵ ਸੀ ਕਿ ਇੰਸਪੈਕਟਰ ਉਸਦੀ ਗੱਲ ਬਿਲਕੁਲ ਸੁਣ ਹੀ ਨਾ ਰਿਹਾ ਹੋਵੇ, ਕਿਉਂਕਿ ਉਹ ਮੇਜ਼ 'ਤੇ ਆਪਣਾ ਹੱਥ ਰੱਖੀ ਜਿਵੇਂ ਆਪਣੀਆਂ ਉਂਗਲਾਂ ਦੀ ਲੰਬਾਈ ਮਾਪ ਰਿਹਾ ਸੀ। ਦੋਵੇਂ ਵਾਰਡਰ ਹੁਣ ਇੱਕ ਸੰਦੁਕ 'ਤੇ ਬੈਠੇ ਸਨ, ਜਿਸ ਉੱਪਰ ਇੱਕ ਕੱਪੜਾ ਵਿਛਿਆ ਹੋਇਆ ਸੀ। ਉਹ ਆਪਣੇ ਗੋਡਿਆਂ 'ਤੇ ਹੱਥ ਫੇਰ ਰਹੇ ਸਨ। ਤਿੰਨੇ ਨੌਜਵਾਨ ਆਪਣੇ ਹੱਥ ਪਿੱਠ ਨਾਲ ਬੰਨ੍ਹੀ, ਬਗੈਰ ਕਿਸੇ ਮਤਲਬ ਦੇ ਆਸ-ਪਾਸ ਨਜ਼ਰਾਂ ਦੋੜਾਅ ਰਹੇ ਸਨ। ਸ਼ਮਸ਼ਾਨ ਵਰਗੀ ਖ਼ਾਮੋਸ਼ੀ ਛਾਈ ਹੋਈ ਸੀ, ਜਿਵੇਂ ਇਹ ਕੋਈ ਸੈਂਸਰ ਦਾ ਦਫ਼ਤਰ ਹੋਵੇ।

"ਵੇਖੋ! ਕੇ. ਚੀਕ ਉੱਠਿਆ, ਅਤੇ ਛਿਣ ਭਰ ਲਈ ਤਾਂ ਉਸਨੂੰ ਲੱਗਿਆ ਕਿ ਉਹ ਉਹਨਾਂ ਸਾਰਿਆਂ ਦਾ ਬੋਝ ਚੁੱਕੀ ਉੱਥੇ ਘੁੰਮ ਰਿਹਾ ਹੈ-"ਤੁਹਾਡੇ ਸਭ ਦੇ ਵਿਹਾਰ ਅਤੇ ਗੱਲਬਾਤ ਤੋਂ ਸਾਫ਼ ਹੈ ਕਿ ਮੇਰੇ ਨਾਲ ਜੋ ਕੁੱਝ ਹੋ ਰਿਹਾ ਹੈ ਉਸਨੂੰ ਹੁਣ ਬੰਦ ਹੋਣਾ ਚਾਹੀਦਾ ਹੈ। ਮੇਰੇ ਖ਼ਿਆਲ ਨਾਲ ਹੁਣ ਇਹ ਸੋਚਣਾ ਫ਼ਜ਼ੂਲ ਹੈ ਕਿ ਤੁਸੀਂ ਲੋਕਾਂ ਨੇ ਹੁਣ ਤੱਕ ਜੋ ਕੁੱਝ ਕੀਤਾ, ਉਹ ਸਹੀ ਹੈ ਜਾਂ ਗਲਤ, ਪਰ ਕਿਉਂਕਿ ਇਸ ਪੂਰੇ ਮਸਲੇ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਸ ਵਿੱਚ ਹੱਥ ਮਿਲਾਈਏ ਅਤੇ ਇੱਕ ਦੂਜੇ ਨੂੰ ਅਲਵਿਦਾ ਕਹੀਏ। ਜੇ ਤੁਸੀਂ ਸਹਿਮਤ ਹੋਂ ਤਾਂ ਆਓ....." ਉਹ ਇੰਸਪੈਕਟਰ ਦੇ ਮੇਜ਼ ਤੱਕ ਪਹੁੰਚਿਆ ਅਤੇ ਉਸਦਾ ਹੱਥ ਆਪਣੇ ਹੱਥ 'ਚ ਲੈ ਲਿਆ। ਇੰਸਪੈਕਟਰ ਨੇ ਆਪਣੀਆਂ ਸ੍ਹੇਲੀਆਂ ਟੇਢੀਆਂ ਕੀਤੀਆਂ, ਬੁੱਲ੍ਹ ਹਿਲਾਏ ਅਤੇ ਕੇ. ਦੇ ਖਿੱਚੇ ਹੋਏ ਹੱਥ ਦਾ ਜਾਇਜ਼ਾ ਲਿਆ। ਫ਼ਿਰ ਉੱਠ ਕੇ ਫ਼ਰਾਉਲਨ ਬਸਨਰ ਦੇ ਬਿਸਤਰੇ 'ਤੇ ਪਿਆ ਗੋਲ ਹੈਟ ਚੁੱਕਿਆ ਅਤੇ ਇਹਨੂੰ ਆਪਣੇ ਦੋਵਾਂ ਹੱਥਾਂ 'ਚ ਇੱਦਾਂ ਪਾਉਣ ਲੱਗਾ ਜਿਵੇਂ ਕਿ ਕੋਈ ਨਵਾਂ ਟੈਂਟ ਖਰੀਦਦੇ ਵੇਲੇ ਉਸਦਾ ਮੁਆਇਨਾ ਕਰ ਰਿਹਾ ਹੋਵੇ।

"ਤੈਨੂੰ ਹਰੇਕ ਚੀਜ਼ ਕਿੰਨੀ ਸੌਖੀ ਦਿਸਦੀ ਹੈ।" ਇਹ ਸਭ ਕਰਦੇ ਹੋਏ ਉਸਨੇ ਕੇ. ਨੂੰ ਕਿਹਾ- "ਤਾਂ ਤੈਨੂੰ ਇਹ ਲੱਗ ਰਿਹਾ ਹੈ ਕਿ ਸਭ ਸ਼ਾਂਤੀ ਨਾਲ ਨਿੱਬੜ ਜਾਏਗਾ? ਅਜਿਹਾ ਕੁੱਝ ਨਹੀਂ ਹੈ। ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੈਨੂੰ ਸਭ ਆਸਾਂ ਛੱਡ ਦੇਣੀਆਂ ਚਾਹੀਦੀਆਂ। ਆਖਰ ਕਿਉਂ? ਗਿਰਫ਼ਤਾਰੀ ਤੋਂ ਵਧਕੇ ਇੱਥੇ ਤੇਰੇ ਨਾਲ ਹੋਇਆ ਹੀ ਕੀ ਹੈ? ਮੈਂ ਇਹੀ ਦੱਸਣਾ ਸੀ, ਅਤੇ ਹੁਣ ਮੈਂ ਇਹ ਕਰ ਹੀ ਚੁੱਕਾ ਹਾਂ ਤਾਂ ਮੈਂ ਇਹ ਵੀ ਵੇਖ ਰਿਹਾ ਹਾਂ ਕਿ ਇਸ ਤੋਂ ਤੂੰ ਕਿਹੋ ਜਿਹਾ ਮਹਿਸੂਸ ਕੀਤਾ। ਅੱਜ ਦੇ ਲਈ ਇੰਨਾ ਹੀ ਕਾਫ਼ੀ ਹੈ। ਹੁਣ ਅਸੀਂ ਜਾਂਦੇ ਹਾਂ। ਚਾਹੇ ਕੁੱਝ ਦੇਰ ਦੇ ਲਈ ਹੀ ਸਹੀ। ਹੁਣ ਸ਼ਾਇਦ ਤੂੰ ਆਪਣੇ ਬੈਂਕ ਵੱਲ ਵੀ ਜਾਣਾ ਚਾਹੇਂ?"

"ਬੈਂਕ ਵੱਲ?" ਕੇ. ਨੇ ਪੁੱਛਿਆ- "ਮੈਂ ਤਾਂ ਸੋਚ ਰਿਹਾ ਸੀ ਕਿ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।"

ਕੇ. ਨੇ ਇਹ ਥੋੜਾ ਖਿਝ ਕੇ ਕਿਹਾ ਸੀ, ਕਿਉਂਕਿ ਹੱਥ ਮਿਲਾ ਲੈਣ ਦੀ ਉਸਦੀ ਪੇਸ਼ਕਸ਼ ਨੂੰ ਮੰਨਿਆ ਨਹੀਂ ਗਿਆ ਸੀ। ਹੁਣ ਉਹ (ਖ਼ਾਸ ਕਰਕੇ ਕਿਉਂਕਿ ਇੰਸਪੈਕਟਰ ਉੱਠ ਖੜਾ ਹੋਇਆ ਸੀ) ਉਹਨਾਂ ਲੋਕਾਂ ਤੋਂ ਖੁਦ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸੀ, ਤਾਂ ਉਹ ਉਹਨਾਂ ਨਾਲ ਇਹ ਭੱਦਾ ਮਜ਼ਾਕ ਹੋਰ ਚਾਹੁੰਦਾ ਸੀ। ਜੇ ਉਹ ਚਲੇ ਵੀ ਜਾਣ ਤਾਂ ਉਹ ਗੇਟ ਤੱਕ ਪਿੱਛੇ ਭੱਜਦਾ ਹੋਇਆ ਕਹੇਗਾ ਕਿ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇ। ਇਸ ਲਈ ਉਸਨੇ ਦੁਹਰਾਇਆ- "ਮੈਂ ਬੈਂਕ 'ਚ ਕਿਵੇਂ ਜਾਵਾਂਗਾ, ਜਦਕਿ ਮੈਂ ਤਾਂ ਗਿਰਫ਼ਤਾਰ ਹਾਂ?"

"ਆਹ!" ਇੰਸਪੈਕਟਰ ਨੇ ਕਿਹਾ, ਜਿਹੜਾ ਹੁਣ ਤੱਕ ਦਰਵਾਜ਼ੇ ਦੇ ਕੋਲ ਪਹੁੰਚ ਚੁੱਕਾ ਸੀ- "ਤੂੰ ਮੈਨੂੰ ਗਲਤ ਸਮਝ ਲਿਆ। ਠੀਕ ਹੈ ਕਿ ਤੂੰ ਗਿਰਫ਼ਤਾਰ ਏਂ ਪਰ ਇਸ ਨਾਲ ਤੇਰੇ ਕੰਮ 'ਤੇ ਅਸਰ ਨਹੀਂ ਪੈਣਾ ਚਾਹੀਦਾ ਅਤੇ ਨਾ ਹੀ ਤੇਰੀ ਰੋਜ਼ਾਨਾ ਜ਼ਿੰਦਗੀ 'ਚ ਕੋਈ ਅੜਿੱਕਾ ਪੈਣਾ ਚਾਹੀਦਾ।"

"ਫੇਰ ਤਾਂ ਗਿਰਫ਼ਤਾਰ ਹੋ ਜਾਣਾ ਕੋਈ ਗੰਭੀਰ ਮਸਲਾ ਨਹੀਂ ਹੈ।" ਕੇ. ਨੇ ਕਿਹਾ ਅਤੇ ਇੰਸਪੈਕਟਰ ਕੋਲ ਪਹੁੰਚ ਗਿਆ।

"ਮੈਂ ਤਾਂ ਇਹ ਕਦੇ ਨਹੀਂ ਕਿਹਾ ਕਿ ਇਹ ਗੰਭੀਰ ਮਸਲਾ ਹੈ।" ਇੰਸਪੈਕਟਰ ਨੇ ਜਵਾਬ ਦਿੱਤਾ।

"ਪਰ ਇਸ ਤੋਂ ਲੱਗਦਾ ਹੈ ਕਿ ਤੈਨੂੰ ਮੇਰੀ ਗਿਰਫ਼ਤਾਰੀ ਬਾਰੇ ਦੱਸਣ ਦੀ ਕੋਈ ਖ਼ਾਸ਼ ਲੋੜ ਨਹੀਂ ਸੀ।" ਕੇ. ਉਸਦੇ ਹੋਰ ਕੋਲ ਜਾਂਦੇ ਹੋਏ ਬੋਲਿਆ। ਬਾਕੀ ਲੋਕ ਵੀ ਨੇੜੇ ਆ ਗਏ। ਹੁਣ ਉਹ ਦਰਵਾਜ਼ੇ ਦੇ ਕੋਲ ਥੋੜੀ ਜਿਹੀ ਜਗ੍ਹਾ ਵਿੱਚ ਹਜੂਮ ਜਿਹੇ ’ਚ ਖੜੇ ਸਨ।

"ਇਹ ਮੇਰਾ ਫ਼ਰਜ਼ ਸੀ।" ਇੰਸਪੈਕਟਰ ਨੇ ਕਿਹਾ।

"ਇਹ ਬੇਵਕੂਫ਼ੀ ਭਰਿਆ ਫ਼ਰਜ਼!" ਕੇ. ਨੇ ਵਿਅੰਗ ਭਰੇ ਲਹਿਜੇ 'ਚ ਕਿਹਾ।

"ਸ਼ਾਇਦ! ਪਰ ਇਸ ਤਰ੍ਹਾਂ ਦੀਆਂ ਗੱਲਾਂ ’ਚ ਅਸੀਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ। ਮੈਂ ਸਮਝ ਸਕਦਾ ਹਾਂ ਕਿ ਤੂੰ ਬੈਂਕ ਜਾਣਾ ਚਾਹੁੰਦਾ ਏਂ। ਕਿਉਂਕਿ ਸ਼ਬਦਾਂ ਦੇ ਮਾਮਲੇ 'ਚ ਤੂੰ ਏਨਾ ਸਖ਼ਤ ਹੈਂ, ਇਸ ਲਈ ਮੈਂ ਤੈਨੂੰ ਜਾਣ ਲਈ ਮਜਬੂਰ ਨਹੀਂ ਕਰ ਸਕਦਾ। ਮੈਂ ਸਿਰਫ਼ ਸੋਚ ਰਿਹਾ ਸੀ ਕਿ ਤੂੰ ਸ਼ਾਇਦ ਜਾਣਾ ਚਾਹੇਂ, ਅਤੇ ਤੈਨੂੰ ਸੌਖਾ ਕਰਨ ਲਈ ਅਤੇ ਬੈਂਕ ਵਿੱਚ ਆਮ ਵਾਂਗ ਪਹੁੰਚਣ ਲਈ ਹੀ ਮੈਂ ਇਹਨਾਂ ਤਿੰਨਾਂ ਆਦਮੀਆਂ ਦਾ ਬੰਦੋਬਸਤ ਕੀਤਾ ਸੀ। ਤੇਰੇ ਇਹ ਤਿੰਨ ਸਹਿਯੋਗੀ ਤੇਰੇ ਨਾਲ ਹਨ।"

"ਕੀ?" ਕੇ. ਚੀਕ ਪਿਆ। ਉਸਨੇ ਹੈਰਾਨੀ ਨਾਲ ਉਹਨਾਂ ਤਿੰਨਾਂ ਉੱਪਰ ਨਜ਼ਰ ਟਿਕਾਈ। ਉਹ ਪੀਲੇ ਅਤੇ ਅਤਿ ਸਧਾਰਨ ਲੋਕ, ਜਿਹਨਾਂ ਨੂੰ ਉਹ ਫ਼ੋਟੋ ਦੇ ਕੋਲ ਇੱਕ ਗਰੁੱਪ ਵਿੱਚ ਹੀ ਮਹਿਸੂਸ ਕਰ ਰਿਹਾ ਸੀ, ਅਸਲ 'ਚ ਬੈਂਕ ਦੇ ਛੋਟੇ ਮੁਲਾਜ਼ਮ ਸਨ। ਉਹ ਉਸਦੇ ਸਹਿਯੋਗੀ ਨਹੀਂ ਸਨ, ਅਤੇ ਅਜਿਹਾ ਕਹਿਕੇ ਇੰਸਪੈਕਟਰ ਨੇ ਗੱਲ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਸੀ, ਪਰ ਬੈਂਕ ਦੇ ਮੁਲਾਜ਼ਮ ਤਾਂ ਉਹ ਸਨ ਹੀ। ਕੇ. ਨੂੰ ਇਹ ਪਹਿਲਾਂ ਕਿਉਂ ਨਹੀਂ ਸੁੱਝਿਆ? ਉਹ ਇੰਸਪੈਕਟਰ ਅਤੇ ਇਹਨਾਂ ਵਾਰਡਰਾਂ ਨਾਲ ਇੰਨਾ ਉਲਝ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਵੀ ਪਛਾਣ ਨਹੀਂ ਸਕਿਆ। ਆਮ ਜਿਹਾ ਉਹ ਰੈਬਨਸਟੇਨਰ, ਆਪਣੀਆਂ ਬਾਹਾਂ ਖੋਲ੍ਹ ਕੇ ਖੜਾ ਸੁਨਹਿਰੀ ਵਾਲਾਂ ਵਾਲਾ ਕੁਲੀਚ ਅਤੇ ਅਸਹਿ ਮੁਸਕਾਣ ਨਾਲ ਮੁਸਕਾਉਂਦਾ ਕੈਮਨਰ।

"ਹੈਲੋ!" ਕੇ. ਨੇ ਕੁੱਝ ਚਿਰ ਬਾਅਦ ਆਪਣਾ ਹੱਥ ਉਹਨਾਂ ਦੇ ਵਧਾਉਂਦੇ ਹੋਏ ਕਿਹਾ, ਜਿਹੜੇ ਨਿਮਰਤਾ ਨਾਲ ਸਿਰ ਝੁਕਾਈ ਖੜੇ ਸਨ। "ਮੈਂ ਤੈਨੂੰ ਨਹੀਂ ਪਛਾਣਿਆ। ਠੀਕ ਹੈ ਹੁਣ ਸਾਨੂੰ ਕੰਮ 'ਤੇ ਚੱਲਣਾ ਚਾਹੀਦਾ ਹੈ।" ਉਹਨਾਂ ਨੇ ਸਿਰ ਹਿਲਾਏ ਅਤੇ ਹੱਸ ਪਏ, ਜਿਵੇਂ ਉਹ ਹੁਣ ਤੱਕ ਇਸੇ ਗੱਲ ਦੀ ਉਡੀਕ ਕਰ ਰਹੇ ਸਨ, ਪਰ ਜਦੋਂ ਕੇ. ਨੂੰ ਧਿਆਨ ਆਇਆ ਕਿ ਉਹ ਆਪਣਾ ਟੋਪ ਕਮਰੇ ਵਿੱਚ ਹੀ ਛੱਡ ਆਇਆ ਹੈ, ਉਹ ਤਿੰਨੇ ਵਾਰੋ-ਵਾਰੀ ਉਸ ਨੂੰ ਚੁੱਕਣ ਲਈ ਭੱਜੇ। ਕਿਸੇ ਹੱਦ ਤੱਕ ਇਹ ਖਿਝਾਉਣ ਵਾਲੀ ਹਾਲਤ ਸੀ। ਕੇ. ਚੁੱਪਚਾਪ ਖੜਾ ਦੋ ਖੁੱਲ੍ਹੇ ਬੂਹਿਆਂ 'ਚੋਂ ਉਹਨਾਂ ਨੂੰ ਵੇਖਦਾ ਰਿਹਾ- ਸੁਭਾਵਿਕ ਤੌਰ 'ਤੇ ਚੁੱਪ ਰਹਿਣ ਵਾਲਾ ਰੈਬਨਸਟੇਨਰ ਪਹਿਲਾਂ ਮੁੜਿਆ (ਉਸਨੇ ਆਪਣੀ ਚਾਲ ਵਧਾ ਦਿੱਤੀ ਸੀ।) ਅਤੇ ਕੈਮਨਰ ਨੇ ਟੋਪ ਕੇ. ਨੂੰ ਫੜਾ ਦਿੱਤਾ, ਜਿਵੇਂ ਕਿ ਉਹ ਪਹਿਲਾਂ ਵੀ ਬੈਂਕ ਵਿੱਚ ਕਰਦਾ ਹੈ। ਕੇ. ਨੂੰ ਯਾਦ ਆਇਆ ਕਿ ਉਸਦੀ ਮੁਸਕਾਨ ਅਸੁਭਾਵਿਕ ਹੈ। ਉਹ ਜਦੋਂ ਵੀ ਹੱਸਣਾ ਚਾਹੁੰਦਾ ਸੀ, ਹੱਸ ਸਕਣ ਤੋਂ ਪਹਿਲਾਂ ਇਹ ਗੱਲ ਉਸਦੇ ਦਿਮਾਗ ਵਿੱਚ ਆਉਂਦੀ ਸੀ। ਉਦੋਂ ਹੀ ਫ਼ਰਾਅ ਗਰੁਬਾਖ਼ ਨੇ ਇੱਕਦਮ, ਸੁਭਾਵਿਕ ਤਰ੍ਹਾਂ ਬੂਹਾ ਖੋਲ੍ਹਿਆ, ਅਤੇ ਪਹਿਲਾਂ ਵੀ ਜਿਵੇਂ ਉਹ ਕਰਦਾ ਸੀ, ਕੇ. ਨੇ ਉਸਦੇ ਭਾਰੀ ਭਰਕਮ ਸ਼ਰੀਰ 'ਚ ਖੁੱਭੀਆਂ ਐਪਰੀਨ ਦੀਆਂ ਡੋਰੀਆਂ ਉੱਪਰ ਨਜ਼ਰ ਦੌੜਾਈ। ਇੱਕ ਵਾਰ ਬਾਹਰ ਨਿਕਲ ਕੇ ਕੇ. ਨੇ ਆਪਣੇ ਗੁੱਟ ਵੱਲ ਵੇਖਿਆ ਅਤੇ ਉੱਥੋਂ ਨਿਕਲਣ ਲਈ ਜ਼ਿਆਦਾ ਦੇਰ ਹੋਣ ਤੋਂ ਬਚਣ ਲਈ ਉਸਨੇ ਟੈਕਸੀ ਲੈਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਅੱਧਾ ਘੰਟਾ ਪਹਿਲਾਂ ਹੀ ਲੇਟ ਹੋ ਚੁੱਕਾ ਸੀ। ਕੈਮਨਰ ਦੂਰ ਕਿਨਾਰੇ ਵੱਲ ਭੱਜਿਆ ਤਾਂ ਕਿ ਟੈਕਸੀ ਫੜ ਸਕੇ, ਜਦ ਕਿ ਬਾਕੀ ਦੋ ਉਸਦਾ ਉਸਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਕੁਲੀਚ ਨੇ ਉਸ ਪਾਰ ਦੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ ਜਿੱਥੇ ਇੱਕ ਮੋਟਾ ਜਿਹਾ ਰੰਗੀਨ ਅਤੇ ਨੁਕੀਲੀ ਦਾੜ੍ਹੀ ਵਾਲਾ ਆਦਮੀ ਹੁਣੇ ਪਰਗਟ ਹੋਇਆ ਸੀ। ਆਪਣੇ ਮੋਟਾਪੇ ਤੋਂ ਥੋੜ੍ਹਾ ਸ਼ਰਮਸਾਰ ਲੱਗਦਾ ਉਹ ਕੁੱਝ ਕਦਮ ਹਟ ਕੇ ਕੰਧ ਨਾਲ ਜਾ ਲੱਗਿਆ। ਕੇ. ਨੂੰ ਕੁਲੀਚ ਦੀ ਇਸ ਗੱਲ 'ਤੇ ਗੁੱਸਾ ਆਇਆ ਕਿ ਉਸਨੇ ਬੇਵਜ੍ਹਾ ਹੀ ਉਸਦਾ ਧਿਆਨ ਉਸ ਆਦਮੀ ਵੱਲ ਖਿੱਚਿਆ, ਜਦਕਿ ਉਹ ਉਸਨੂੰ ਪਹਿਲਾਂ ਹੀ ਵੇਖ ਚੁੱਕਾ ਸੀ ਅਤੇ ਹੁਣ ਜਿਸ ਤੋਂ ਬਚਣ ਦਾ ਕੋਈ ਰਾਹ ਵੀ ਨਹੀਂ ਸੀ।

"ਇਸ ਤਰ੍ਹਾਂ ਨਾ ਵੇਖੋ!" ਉਹ ਫੁੱਟ ਪਿਆ। ਉਸਨੂੰ ਯਾਦ ਵੀ ਨਹੀਂ ਰਿਹਾ ਕਿ ਇਸ ਤਰ੍ਹਾਂ ਜੁਆਨ ਮੁੰਡਿਆਂ ਨੂੰ ਫਿਟਕਾਰ ਦੇਣ ਦਾ ਦੂਜੇ ਲੋਕਾਂ 'ਤੇ ਕੀ ਅਸਰ ਪਵੇਗਾ। ਪਰ ਸਫ਼ਾਈ ਦੇਣ ਦੀ ਲੋੜ ਨਹੀਂ ਪਈ, ਕਿਉਂਕਿ ਉਸੇ ਵੇਲੇ ਟੈਕਸੀ ਆ ਗਈ ਅਤੇ ਉਹ ਉਸ ਵਿੱਚ ਬੈਠ ਕੇ ਚੱਲ ਪਏ। ਉਦੋਂ ਕੇ. ਨੂੰ ਖ਼ਿਆਲ ਆਇਆ ਕਿ ਉਹਨੇ ਤਾਂ ਇੰਸਪੈਕਟਰ ਅਤੇ ਵਾਰਡਰਾਂ ਨੂੰ ਜਾਂਦੇ ਵੀ ਨਹੀਂ ਵੇਖਿਆ। ਪਹਿਲਾਂ ਤਾਂ ਇੰਸਪੈਕਟਰ ਨੇ ਉਸਨੂੰ ਉਹਨਾਂ ਤਿੰਨਾਂ ਨੂੰ ਪਛਾਣਨ ਤੋਂ ਰੋਕ ਰੱਖਿਆ ਸੀ, ਅਤੇ ਹੁਣ ਇਹਨਾਂ ਤਿੰਨਾਂ ਨੇ ਇੰਸਪੈਕਟਰ ਤੋਂ ਉਸਦਾ ਧਿਆਨ ਹਟਾ ਦਿੱਤਾ ਸੀ। ਇਸਦਾ ਮਤਲਬ ਸੀ ਕਿ ਕੇ. ਗੁਆਚਿਆ ਹੋਇਆ ਸੀ ਅਤੇ ਉਸਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਸੇ ਪਾਸੇ ਦੀ ਹਰੇਕ ਚੀਜ਼ ਉੱਤੇ ਪੂਰੀ ਨਿਗ੍ਹਾ ਰੱਖੇਗਾ। ਉਸਨੇ ਚਲਦੀ ਟੈਕਸੀ ਤੋਂ ਪਿੱਛੇ ਵੇਖਿਆ ਤਾਂ ਕਿ ਇੰਸਪੈਕਟਰ ਅਤੇ ਵਾਰਡਰਾਂ ਦੀ ਇੱਕ-ਅੱਧ ਝਲਕ ਵੇਖ ਸਕੇ। ਪਰ ਉਹ ਛੇਤੀ ਹੀ ਮੁੜਕੇ ਅੱਗੇ ਵੇਖਣ ਲੱਗਾ ਅਤੇ ਪਿੱਛੇ ਕਿਸੇ ਦੀ ਝਲਕ ਵੇਖੇ ਬਿਨ੍ਹਾਂ ਟੈਕਸੀ ਦੀ ਸੀਟ 'ਤੇ ਆਰਾਮ ਨਾਲ ਬਹਿ ਗਿਆ। ਵੈਸੇ ਤਾਂ ਇਹ ਲੱਗ ਨਹੀਂ ਰਿਹਾ ਸੀ ਪਰ ਹਮਦਰਦੀ ਦੇ ਕੁੱਝ ਸ਼ਬਦਾਂ ਦੀ ਲੋੜ ਜ਼ਰੂਰ ਸੀ, ਪਰ ਕੋਲ ਬੈਠੇ ਆਦਮੀ ਥੱਕੇ ਹੋਏ ਲੱਗ ਰਹੇ ਸਨ। ਰੈਬਨਸਟੇਨਰ ਬਾਹਰ ਸੱਜੇ ਪਾਸੇ ਵੱਲ ਵੇਖ ਰਿਹਾ ਸੀ ਅਤੇ ਕੁਲੀਚ ਸੱਜੇ ਵੱਲ। ਕੈਮਨਰ ਇੱਕਲਾ ਅਜਿਹਾ ਲੱਗ ਰਿਹਾ ਸੀ ਜਿਹੜਾ ਉਸਦੀ ਮਦਦ ਕਰ ਸਕਦਾ ਸੀ, ਪਰ ਉਹ ਆਪਣੀ ਚੁੱਪਚਾਪ ਸਥਿਤੀ ਵਿੱਚ ਸੀ, ਜਿਸ ਉੱਪਰ ਕੋਈ ਮਜ਼ਾਕ ਕਰ ਦੇਣਾ ਕਿਸੇ ਅੱਤਿਆਚਾਰ ਤੋਂ ਘੱਟ ਨਹੀਂ ਸੀ। ਉਸ ਬਸੰਤ ਰੁੱਤ ਵਿੱਚ ਕੇ. ਆਪਣੀਆਂ ਸ਼ਾਮਾਂ ਕੁੱਝ ਇੰਜ ਬਿਤਾਇਆ ਕਰਦਾ ਸੀ- ਕੰਮ ਤੋਂ ਪਿੱਛੋਂ ਜਦੋਂ ਵੀ ਸੰਭਵ ਹੁੰਦਾ (ਕਿਉਂਕਿ ਉਹ ਰਾਤ 9 ਵਜੇ ਤੱਕ ਦਫ਼ਤਰ ਵਿੱਚ ਹੀ ਬੈਠਾ ਰਹਿੰਦਾ ਸੀ) ਉਹ ਇੱਕਲਾ ਛੋਟੀ ਜਿਹੀ ਸੈਰ 'ਤੇ ਨਿਕਲ ਜਾਂਦਾ ਸੀ ਅਤੇ ਪਿੱਛੋਂ ਬਾਰ 'ਚ ਜਾ ਕੇ ਕੁੱਝ ਪੁਰਾਣੇ ਵਾਕਫ਼ਾਂ ਨਾਲ ਲਗਭਗ ਗਿਆਂਰਾ ਵਜੇ ਤੱਕ ਬੈਠਾ ਰਹਿੰਦਾ ਸੀ। ਇਸ ਪਿੱਛੋਂ ਕਿਸੇ ਦੇ ਦਖ਼ਲ ਕਰਕੇ ਲੜੀ ਟੁੱਟ ਜਾਂਦੀ ਸੀ, ਜਿਵੇਂ ਕਿ ਕਦੇ ਬੈਂਕ ਮੈਨੇਜਰ ਉਸਨੂੰ ਆਪਣੇ ਵੱਲ ਬੁਲਾ ਲੈਂਦਾ। ਉਹ ਕੇ. ਦੀ ਕੰਮ ਕਰਨ ਦੀ ਸਮਰੱਥਾ ਦਾ ਬਹੁਤ ਪ੍ਰਸ਼ੰਸ਼ਕ ਸੀ। ਤਾਂ ਉਸਦੇ ਬੁਲਾਵੇ 'ਤੇ ਉਹ ਉਸ ਨਾਲ ਲੰਮੀ ਡਰਾਇਵ 'ਤੇ ਨਿਕਲ ਜਾਂਦਾ ਜਾਂ ਉਸਦੇ ਘਰ ਰਾਤ ਦਾ ਖਾਣਾ ਖਾ ਆਉਂਦਾ। ਇਸ ਤੋਂ ਬਿਨ੍ਹਾਂ ਕੇ. ਐਲਸਾ ਨਾਂ ਦੀ ਕੁੜੀ ਨੂੰ ਮਿਲਣ ਹਫ਼ਤੇ 'ਚ ਇੱਕ ਵਾਰ ਜਾਂਦਾ ਸੀ ਜਿਹੜੀ ਸਾਰੀ ਰਾਤ ਇੱਕ ਸ਼ਰਾਬਖਾਨੇ 'ਚ ਬੈਰ੍ਹੇ ਦਾ ਕੰਮ ਕਰਦੀ ਸੀ ਅਤੇ ਦਿਨ ਵਿੱਚ ਆਪਣੇ ਬਿਸਤਰੇ ਵਿੱਚ ਮਹਿਮਾਨਾਂ ਦਾ ਸੁਆਗਤ ਕਰਦੀ ਸੀ।

ਪਰ ਇਹ ਪਿਛਲੀ ਸ਼ਾਮ-ਪੂਰਾ ਦਿਨ ਬਹੁਤ ਸਾਰਾ ਕੰਮ ਕਰਦੇ ਹੋਏ ਉਹ ਬਹੁਤ ਤੇਜ਼ੀ ਨਾਲ ਨਿਕਲ ਗਿਆ ਸੀ ਅਤੇ ਸਾਰਾ ਦਿਨ ਚਾਪਲੂਸੀ ਭਰੀਆਂ ਅਤੇ ਕੁੱਝ ਦੋਸਤਾਨਾਂ ਢੰਗ ਦੀਆਂ ਜਨਮਦਿਨ ਦੀਆਂ ਵਧਾਈਆਂ ਮਿਲਦੀਆਂ ਰਹੀਆਂ। ਕੇ. ਸ਼ਾਮ ਨੂੰ ਸਿੱਧਾ ਘਰ ਜਾਣਾ ਚਾਹੁੰਦਾ ਸੀ। ਦਿਨ ’ਚ ਕੰਮ ਦੇ ਵਿੱਚ ਜਿਹੜਾ ਵੀ ਥੋੜਾ ਜਿਹਾ ਸਮਾਂ ਮਿਲਦਾ, ਉਹ ਇਸੇ ਬਾਰੇ ਸੋਚਦਾ ਰਿਹਾ ਸੀ। ਭਾਂਵੇ ਉਹ ਅਜੇ ਕਿਸੇ ਫ਼ੈਸਲੇ 'ਤੇ ਨਹੀਂ ਪੁੱਜਾ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਸਵੇਰੇ ਇਹਨਾਂ ਘਟਨਾਵਾਂ ਨਾਲ ਫ਼ਰਾਅ ਗਰੁਬਾਖ਼ ਦੇ ਫ਼ਲੈਟ 'ਚ ਜੋ ਕੁੱਝ ਹੋਇਆ ਹੈ, ਉਸਨੂੰ ਠੀਕ ਕਰਨਾ ਉਸਦੀ ਜ਼ਿੰਮੇਵਾਰੀ ਹੈ। ਇੱਕ ਵਾਰ ਇਹ ਹੋ ਗਿਆ ਅਤੇ ਇਹਨਾਂ ਘਟਨਾਵਾਂ ਦਾ ਨਾਂ-ਨਿਸ਼ਾਨ ਮਿਟ ਗਿਆ ਤਾਂ ਹਰ ਚੀਜ਼ ਪਹਿਲਾਂ ਵਾਂਗ ਹੋ ਜਾਵੇਗੀ। ਖ਼ਾਸ ਕਰਕੇ ਇਹਨਾਂ ਤਿੰਨ ਕਲਰਕਾਂ ਤੋਂ ਡਰਨ ਜਿਹੀ ਹੁਣ ਕੋਈ ਗੱਲ ਨਹੀਂ ਸੀ, ਕਿਉਂਕਿ ਉਹਨਾਂ ਵਿੱਚ ਬਦਲਾਅ ਦੇ ਕੋਈ ਲੱਛਣ ਨਹੀਂ ਦਿਸ ਰਹੇ ਸਨ। ਕੇ. ਕਈ ਵਾਰ 'ਕੱਲੇ-'ਕੱਲੇ ਅਤੇ ਇੱਕਠਿਆਂ ਨੂੰ ਆਪਣੇ ਕੋਲ ਬੁਲਾ ਚੁੱਕਾ ਸੀ। ਇਸਦਾ ਸਿੱਧਾ-ਸਿੱਧਾ ਇੱਕ ਹੀ ਕਾਰਨ ਸੀ, ਕਿ ਉਹ ਉਹਨਾਂ ਦੇ ਵਿਹਾਰ ਦਾ ਜਾਇਜ਼ਾ ਲੈਂਦੇ ਰਹਿਣਾ ਚਾਹੁੰਦਾ ਸੀ। ਹਰ ਵਾਰ ਉਹ ਸੰਤੁਸ਼ਟ ਰਿਹਾ ਸੀ ਅਤੇ ਉਹਨਾਂ ਨੂੰ ਵਾਪਸ ਭੇਜ ਦਿੰਦਾ ਸੀ।

ਸ਼ਾਮ ਸਾਢੇ ਨੌਂ ਵਜੇ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਬਾਹਰੀ ਦਰਵਾਜ਼ੇ ਦੇ ਕੋਲ ਉਸਨੇ ਇੱਕ ਨੌਜਵਾਨ ਆਦਮੀ ਨੂੰ ਪਾਇਪ ਪੀਂਦੇ ਹੋਏ ਵੇਖਿਆ। "ਕੌਣ ਏਂ ਤੂੰ?" ਕੇ. ਨੇ ਛੇਤੀ ਨਾਲ ਪੁੱਛਿਆ ਅਤੇ ਆਪਣਾ ਚਿਹਰਾ ਉਸਦੇ ਚਿਹਰੇ ਦੇ ਬਿਲਕੁਲ ਕੋਲ ਲੈ ਗਿਆ। ਅੰਦਰ ਵੜਨ ਵਾਲੇ ਕਮਰੇ ਦੀ ਥੋੜ੍ਹੀ ਜਿਹੀ ਰੌਸ਼ਨੀ ਵਿੱਚ ਜ਼ਿਆਦਾ ਵਿਖਾਈ ਨਹੀਂ ਦੇ ਰਿਹਾ ਸੀ।

"ਸ਼੍ਰੀ ਮਾਨ ਜੀ, ਮੈਂ ਚੌਂਕੀਦਾਰ ਦਾ ਮੁੰਡਾ ਹਾਂ।" ਮੁੰਡੇ ਨੇ ਮੂੰਹ 'ਚੋਂ ਪਾਇਪ ਕੱਢਦੇ ਅਤੇ ਇੱਕ ਪਾਸੇ ਹਟਦੇ ਹੋਏ ਜਵਾਬ ਦਿੱਤਾ।

"ਚੌਕੀਦਾਰ ਦਾ ਮੁੰਡਾ?" ਕੇ. ਨੇ ਪਰੇਸ਼ਾਨੀ ਨਾਲ ਆਪਣੀ ਸੋਟੀ ਜ਼ਮੀਨ ਉੱਪਰ ਮਾਰਦੇ ਹੋਏ ਕਿਹਾ।

"ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਂ ਆਪਣੇ ਪਿਤਾ ਨੂੰ ਬੁਲਾਵਾਂ?"

"ਨਹੀਂ ਨਹੀਂ।" ਕੇ. ਨੇ ਇਸ ਲਹਿਜੇ 'ਚ ਕਿਹਾ ਜਿਵੇਂ ਮੁੰਡੇ ਨੇ ਕੋਈ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੋਵੇ ਅਤੇ ਉਹ ਉਸ ਨੂੰ ਮਾਫ਼ ਕਰ ਰਿਹਾ ਹੋਵੇ।

"ਠੀਕ ਹੈ।" ਅੱਗੇ ਵਧਦੇ ਹੋਏ ਉਸਨੇ ਕਿਹਾ, ਪਰ ਪੌੜੀ ਚੜਨ ਤੋਂ ਪਹਿਲਾਂ, ਉਸਨੇ ਇੱਕ ਵਾਰ ਫਿਰ ਪਿੱਛੇ ਮੁੜਕੇ ਵੇਖਿਆ।

ਉਹ ਸਿੱਧਾ ਆਪਣੇ ਕਮਰੇ ਵਿੱਚ ਵੀ ਜਾ ਸਕਦਾ ਸੀ ਪਰ ਕਿਉਂਕਿ ਉਹ ਫ਼ਰਾਅ ਗਰੁਬਾਖ਼ ਨਾਲ ਗੱਲ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਿੱਧਾ ਉਸਦਾ ਬੂਹਾ ਖੜਕਾਇਆ। ਉਹ ਮੇਜ਼ 'ਤੇ ਪਏ ਕੱਪੜੇ ਨੂੰ ਰਫੂ ਕਰਨ ਵਿੱਚ ਲੀਨ ਸੀ। ਉਸਦੇ ਕਿਨਾਰੇ ਇੱਕ ਪੁਰਾਣਾ ਕਪੜਿਆਂ ਦਾ ਢੇਰ ਪਿਆ ਹੋਇਆ ਸੀ। ਗੁੰਮ ਜਿਹੇ ਕੇ. ਨੇ ਉਸਨੂੰ ਕਿਹਾ ਕਿ ਉਹ ਇੰਨੀ ਦੇਰ ਨਾਲ ਇੱਧਰ ਆਇਆ ਹੈ ਤਾਂ ਉਹ ਉਸਨੂੰ ਮਾਫ਼ ਕਰੇ, ਪਰ ਫ਼ਰਾਅ ਗਰੁਬਾਖ਼ ਇੱਕ ਦਮ ਸਾਫ਼ ਸੀ ਕਿ ਇਸਦੀ ਕੋਈ ਲੋੜ ਨਹੀਂ ਹੈ ਅਤੇ ਉਹ ਆਪ ਵੀ ਉਸ ਨਾਲ ਗੱਲ ਕਰਨ ਲਈ ਕਾਹਲੀ ਹੈ ਅਤੇ ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਉਸਦਾ ਸਭ ਤੋਂ ਵਧੀਆ ਕਿਰਾਏਦਾਰ ਹੈ। ਕੇ. ਨੇ ਕਮਰੇ ਦਾ ਜਾਇਜ਼ਾ ਲਿਆ। ਹਰ ਚੀਜ਼ ਵਾਪਸ ਆਪਣੀ ਜਗ੍ਹਾ 'ਤੇ ਆ ਟਿਕੀ ਸੀ। ਸਵੇਰੇ ਨਾਸ਼ਤੇ ਦੀਆਂ ਜਿਹੜੀਆਂ ਪਿਆਲੀਆਂ ਖਿੜਕੀ ਦੇ ਕੋਲ ਪਏ ਮੇਜ਼ 'ਤੇ ਖਿੱਲਰੀਆਂ ਹੋਈਆਂ ਸਨ, ਇਸ ਵੇਲੇ ਉੱਥੇ ਨਹੀਂ ਸਨ। ਉਹ ਸੋਚ ਰਿਹਾ ਸੀ ਕਿ ਇਹਨਾਂ ਔਰਤਾਂ ਦੇ ਹੱਥ ਇੱਕ ਵੇਲੇ ’ਚ ਕਿੰਨੇ ਹੀ ਕੰਮ ਨਬੇੜ ਸਕਦੇ ਹਨ। ਉਹ ਆਪ ਉਹਨਾਂ ਪਿਆਲੀਆਂ ਨੂੰ ਉੱਥੇ ਹੀ ਤੋੜ-ਭੰਨ ਕੇ ਢੇਰ ਤਾਂ ਕਰ ਸਕਦਾ ਸੀ, ਪਰ ਪੱਕਾ ਹੀ ਉਹ ਉਹਨਾਂ ਨੂੰ ਉੱਥੋਂ ਹਟਾ ਨਹੀਂ ਸਕਦਾ ਸੀ। ਉਸਨੇ ਫ਼ਰਾਅ ਗਰੁਬਾਖ਼ ਨੂੰ ਧਿਆਨ ਨਾਲ ਵੇਖਿਆ।

"ਤੁਸੀਂ ਇੰਨੀ ਦੇਰ ਤੱਕ ਕੰਮ 'ਚ ਕਿਉਂ ਉਲਝੇ ਪਏ ਹੋਂ?" ਉਸਨੇ ਪੁੱਛਿਆ। ਹੁਣ ਉਹ ਦੋਵੇਂ ਮੇਜ਼ ਦੇ ਆਰ-ਪਾਰ ਬੈਠੇ ਸਨ ਅਤੇ ਕੇ. ਕਦੇ-ਕਦੇ ਆਪਣਾ ਹੱਥ ਕੱਪੜਿਆਂ ਦੇ ਢੇਰ 'ਚ ਉਲਝਾਈ ਜਾਂਦਾ ਸੀ।

"ਬਹੁਤ ਕੰਮ ਪਿਆ ਹੈ।" ਉਹ ਬੋਲੀ, "ਦਿਨ ਦਾ ਸਮਾਂ ਤਾਂ ਕਿਰਾਏਦਾਰਾਂ ਦੇ ਕੰਮ ’ਚ ਹੀ ਲੰਘ ਜਾਂਦਾ ਹੈ, ਫ਼ਿਰ ਆਪਣੇ ਕੰਮ ਲਈ ਤਾਂ ਇਹ ਸ਼ਾਮਾਂ ਹੀ ਬਚਦੀਆਂ ਨੇ।"

"ਅੱਜ ਤਾਂ ਮੇਰੇ ਕਾਰਨ ਤੁਹਾਡਾ ਕੰਮ ਵੈਸੇ ਵੀ ਵੱਧ ਗਿਆ ਸੀ, ਕਿ ਨਹੀਂ?"

"ਓਹ!" ਉਸਨੇ ਕਿਹਾ ਅਤੇ ਇੱਕ ਵਾਰ ਫਿਰ ਆਪਣੇ ਆਪ ਨੂੰ ਰੋਕ ਲਿਆ-"ਇਸ ਲਈ ਹੀ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਸੀ।" ਉਹ ਫ਼ਿਰ ਆਪਣੇ ਰਫ਼ੂ 'ਚ ਉਲਝ ਗਈ ਅਤੇ ਕੇ. ਬੇਬਸੀ ਨਾਲ ਉਸਨੂੰ ਵੇਖਦਾ ਰਿਹਾ। ਉਸਨੇ ਸੋਚਿਆ ਕਿ ਮੇਰੇ ਇਸ ਤਰ੍ਹਾਂ ਕਹਿਣ ਨਾਲ ਉਹ ਹੈਰਾਨ ਲੱਗਦੀ ਹੈ। ਅਸਲ 'ਚ ਉਹਨੇ ਅਜਿਹਾ ਸੋਚਿਆ ਵੀ ਨਹੀਂ ਹੋਏਗਾ ਕਿ ਮੈਂ ਇਹ ਸਭ ਕਹਿ ਦੇਵਾਗਾਂ। ਪਰ ਮੈਂ ਜੋ ਕਿਹਾ ਉਹ ਜ਼ਰੂਰੀ ਵੀ ਹੈ। ਇਹ ਤਾਂ ਐਹੋ ਜਿਹੀ ਬੁੱਢੀ ਔਰਤ ਨਾਲ ਹੈ ਹੀ ਕਿ ਘੱਟ ਤੋਂ ਘੱਟ ਮੈਂ ਇਸ ਬਾਰੇ 'ਚ ਗੱਲ ਤਾਂ ਕਰ ਸਕਦਾ ਹਾਂ।

"ਪਰ ਇਸ ਨਾਲ ਤੁਹਾਡਾ ਕੰਮ ਤਾਂ ਵਧ ਗਿਆ ਸੀ।" ਉਹ ਬੋਲਦਾ ਰਿਹਾ-"ਪਰ ਹੁਣ ਇਹ ਦੋਬਾਰਾ ਨਹੀਂ ਹੋਵੇਗਾ।"

"ਨਹੀਂ, ਇਹ ਸਭ ਫ਼ਿਰ ਨਹੀਂ ਹੋ ਸਕਦਾ।" ਉਸਨੇ ਕਿਹਾ ਅਤੇ ਉਦਾਸ ਜਿਹੇ ਕੇ. ਦੇ ਚਿਹਰੇ ਵੱਲ ਤੱਕਦੀ ਮੁਸਕਰਾਂਦੀ ਰਹੀ।

"ਕੀ ਤੁਸੀਂ ਇਹ ਸੱਚੀਂ ਮੰਨਦੇ ਹੋਂ?" ਉਸਨੇ ਪੁੱਛਿਆ।

"ਹਾਂ! ਉਹ ਵਧੇਰੇ ਕੋਮਲਤਾ ਨਾਲ ਬੋਲੀ- "ਪਰ ਤੁਹਾਨੂੰ ਇਹ ਸਭ ਦਿਲ ਨਾਲ ਨਹੀਂ ਲਾਉਣਾ ਚਾਹੀਦਾ। ਕੇ.! ਮੈਂ ਬੂਹੇ ਦੇ ਪਿੱਛੋਂ ਸਭ ਕੁੱਝ ਸੁਣ ਲਿਆ ਸੀ ਅਤੇ ਇਸ ਤੋਂ ਬਿਨ੍ਹਾਂ ਵਾਰਡਰਾਂ ਨੇ ਮੈਨੂੰ ਕੁੱਝ ਦੱਸਿਆ ਸੀ। ਤੁਹਾਡੀ ਸੁਖ ਸ਼ਾਂਤੀ ਨੂੰ ਖ਼ਤਰਾ ਹੈ ਅਤੇ ਮੈਨੂੰ ਇਸ ਦੀ ਕਾਫ਼ੀ ਫ਼ਿਕਰ ਹੋ ਰਹੀ ਹੈ। ਜ਼ਿਆਦਾ ਇਸ ਲਈ ਕਿ ਮੈਂ ਤਾਂ ਸਿਰਫ਼ ਤੁਹਾਡੀ ਮਕਾਨ ਮਾਲਕਿਨ ਹਾਂ। ਇਸ ਲਈ ਉਦੋਂ ਮੈਂ ਕੁੱਝ ਗੱਲਾਂ ਤਾਂ ਸੁਣੀਆਂ ਸਨ ਪਰ ਮੈਂ ਇਹ ਕਹਿ ਤਾਂ ਨਹੀਂ ਸਕਦੀ। ਕਿਉਂਕਿ ਉਹ ਸਭ ਖ਼ਾਸ ਤੌਰ ’ਤੇ ਕਾਫ਼ੀ ਖ਼ਰਾਬ ਸੀ। ਮੈਂ ਮੰਨਦੀ ਹਾਂ ਕਿ ਤੁਸੀਂ ਗਿਰਫ਼ਤਾਰ ਹੋਂ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਕਿਸੇ ਚੋਰ ਦੇ ਵਾਂਗ ਗਿਰਫ਼ਤਾਰ ਹੋਵੋਂ। ਜੇ ਕੋਈ ਚੋਰ ਦੇ ਵਾਂਗ ਗਿਰਫ਼ਤਾਰ ਹੋਵੇ ਤਾਂ ਇਹ ਬਹੁਤ ਬੁਰਾ ਹੈ। ਪਰ ਇਸ ਤਰ੍ਹਾਂ ਦੀ ਗਿਰਫ਼ਤਾਰੀ..... ਮੈਨੂੰ ਲੱਗ ਰਿਹਾ ਹੈ ਕਿ ਇਹ ਸਥਿਤੀ ਕੁੱਝ ਜ਼ਿਆਦਾ ਹੀ ਉਲਝ ਗਈ ਹੈ। ਜੇ ਮੇਰਾ ਕਹਿਣਾ ਤੁਹਾਨੂੰ ਮੂਰਖਤਾ ਭਰਿਆ ਲੱਗ ਰਿਹਾ ਹੈ ਤਾਂ ਮਾਫ਼ ਕਰਨਾ। ਇਹ ਸਥਿਤੀ ਇੰਨੀ ਉਲਝੀ ਹੋਈ ਹੈ ਕਿ ਸੱਚੀਂ ਮੇਰੀ ਸਮਝ 'ਚ ਕੁੱਝ ਨਹੀਂ ਆ ਰਿਹਾ। ਪਰ ਅਸਲ 'ਚ ਇਸਨੂੰ ਸਮਝਣ ਦੀ ਲੋੜ ਵੀ ਨਹੀਂ ਹੈ।"

"ਫ਼ਰਾਅ ਗਰੁਬਾਖ਼! ਤੁਸੀਂ ਜੋ ਵੀ ਕਹਿ ਰਹੇ ਹੋਂ, ਉਸ ਵਿੱਚ ਕੁੱਝ ਵੀ ਨਾ ਸਮਝੀ ਨਹੀਂ ਹੈ। ਤੁਹਾਡੇ ਨਾਲ ਮੈਂ ਕਿਸੇ ਹੱਦ ਤੱਕ ਸਹਿਮਤ ਹਾਂ। ਇਸ ਤੋਂ ਬਿਨ੍ਹਾਂ ਮੈਂ ਸਾਰੀ ਸਥਿਤੀ ਨੂੰ ਵਧੇਰੇ ਕਠੋਰਤਾ ਨਾਲ ਸਮਝ ਰਿਹਾ ਹਾਂ ਅਤੇ ਮੈਨੂੰ ਇਸ ਵਿੱਚ ਕੁੱਝ ਵੀ ਜ਼ਿਆਦਾ ਉਲਝਾਅ ਨਜ਼ਰ ਨਹੀਂ ਆ ਰਿਹਾ- ਮੈਂ ਸੋਚ ਰਿਹਾ ਹਾਂ ਕਿ ਇਸ ਸਭ ਨਾਲ ਜ਼ਿਆਦਾ ਫ਼ਰਕ ਪੈਣ ਵਾਲਾ ਨਹੀਂ ਹੈ। ਕੁਲ ਮਿਲਾ ਕੇ ਮੈਨੂੰ ਬੇਹੱਦ ਹੈਰਾਨੀ ਹੋਈ ਸੀ। ਇਸ ਤੋਂ ਜ਼ਿਆਦਾ ਕੁੱਝ ਨਹੀਂ। ਪਰ ਜਦ ਮੈਂ ਉੱਠਿਆ ਸੀ ਅਤੇ ਮੈਨੂੰ ਪਤਾ ਲੱਗਾ ਕਿ ਅੰਨਾ ਨਹੀਂ ਆਇਆ ਹੈ ਤਾਂ ਮੈਨੂੰ ਸਿੱਧਾ ਚੱਲ ਕੇ ਤੁਹਾਡੇ ਕੋਲ ਆਉਣਾ ਚਾਹੀਦਾ ਸੀ ਅਤੇ ਵਿਚਾਲੇ ਜਿਹੜਾ ਵੀ ਕੋਈ ਆ ਮਿਲਦਾ, ਉਹਦੇ ਵੱਲ ਧਿਆਨ ਦਿੱਤੇ ਬਿਨ੍ਹਾਂ। ਅਤੇ ਮੈਂ ਆਪਣਾ ਖਾਣਾ ਰਸੋਈ ਵਿੱਚ ਹੀ ਖਾਧਾ ਹੁੰਦਾ ਅਤੇ ਕਮਰੇ ਵਿੱਚ ਆਪਣੇ ਕੱਪੜੇ ਲਿਆਉਣ ਲਈ ਤੁਹਾਨੂੰ ਕਹਿ ਦਿੰਦਾ, ਯਾਨੀ ਸੰਖੇਪ ਵਿੱਚ, ਮੈਂ ਸੰਜੀਦਾ ਵਿਹਾਰ ਕੀਤਾ ਹੁੰਦਾ ਤਾਂ ਜਿਹੜਾ ਕੁੱਝ ਹੋਇਆ ਹੈ ਅਜਿਹਾ ਕੁੱਝ ਵੀ ਨਾ ਹੁੰਦਾ। ਹਰ ਸਮੱਸਿਆ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਂਦੀ। ਪਰ ਅਜਿਹੇ ਹਲਾਤ ਤਿਆਰੀ ਨਾਲ ਤਾਂ ਨਹੀਂ ਆਉਂਦੇ। ਜਿਵੇਂ ਕਿ ਬੈਂਕ ਵਿੱਚ ਤਾਂ ਮੈਂ ਤਿਆਰ ਹੁੰਦਾ ਹਾਂ ਅਤੇ ਉੱਥੇ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉੱਥੇ ਮੇਰਾ ਨਿੱਜੀ ਸਹਾਇਕ ਹੈ; ਆਮ ਟੈਲੀਫ਼ੋਨ ਅਤੇ ਬੈਂਕ ਵਿਚਲੀ ਸਾਰੀ ਸੰਚਾਰ ਵਿਵਸਥਾ ਮੇਰੇ ਆਪਣੇ ਮੇਜ਼ ਉੱਪਰ ਮੌਜੂਦ ਹੈ ਅਤੇ ਮੇਰੇ ਕੋਲ ਕਈ ਤਰ੍ਹਾਂ ਦੇ ਲੋਕ; ਦੋਸਤ, ਗਾਹਕ ਅਤੇ ਕਰਮਚਾਰੀ ਸਾਰੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਸਭ ਤੋਂ ਵੱਖਰੀ ਅਤੇ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਉੱਥੇ ਮੈਂ ਕੰਮ ਦੇ ਉਸ ਮਾਹੌਲ ਵਿੱਚ ਮਸ਼ਗੂਲ ਰਹਿੰਦਾ ਹਾਂ ਅਤੇ ਉੱਥੇ ਮੇਰੀਆਂ ਅਜਿਹੀਆਂ ਸਮੱਸਿਆਵਾਂ ਲਈ ਪੂਰੀ ਤਿਆਰੀ ਰਹਿੰਦੀ ਹੈ, ਸਗੋਂ ਅਜਿਹੇ ਕਿਸੇ ਹਲਾਤ ਵਿੱਚ ਪੈਣ 'ਤੇ ਮੈਨੂੰ ਖੁਸ਼ੀ ਹੀ ਹੁੰਦੀ। ਫ਼ਿਰ ਵੀ ਇਹ ਸਭ ਤਾਂ ਬੀਤ ਹੀ ਚੁੱਕਾ ਹੈ ਅਤੇ ਇਸ ਮਸਲੇ 'ਤੇ ਹੁਣ ਬਹੁਤੀ ਗੱਲ ਕਿਉਂ ਕੀਤੀ ਜਾਵੇ। ਗੱਲ ਸਿਰਫ਼ ਇਹ ਸੀ ਕਿ ਮੈਂ ਇਸ ਬਾਰੇ 'ਚ ਤੁਹਾਡੇ ਵਿਚਾਰ ਪੁੱਛਣਾ ਚਾਹੁੰਦਾ ਸੀ; ਤੁਹਾਡੇ ਜਿਹੀ ਸਿਆਣੀ ਔਰਤ ਦੇ ਵਿਚਾਰ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਦੋਵੇਂ ਇਸ ਮਸਲੇ 'ਤੇ ਇੱਕੋ ਜਿਹੇ ਵਿਚਾਰ ਰੱਖਦੇ ਹਾਂ। ਹੁਣ ਸਾਨੂੰ ਆਪਸ ਵਿੱਚ ਹੱਥ ਮਿਲਾਉਣਾ ਚਾਹੀਦਾ। ਅਜਿਹੀ ਸਹਿਮਤੀ ਉੱਤੇ ਮੋਹਰ ਲਈ ਹੱਥ ਮਿਲਾਉਣਾ ਤਾਂ ਜ਼ਰੂਰੀ ਹੈ।"

ਕੀ ਉਹ ਮੇਰੇ ਨਾਲ ਹੱਥ ਮਿਲਾ ਲਵੇਗੀ? ਇੰਸਪੈਕਟਰ ਨੇ ਨਹੀਂ ਮਿਲਾਇਆ ਸੀ, ਉਸਨੂੰ ਯਾਦ ਆ ਗਿਆ ਅਤੇ ਹੁਣ ਉਹ ਉਸ ਔਰਤ ਨੂੰ ਕਿਸੇ ਹੋਰ ਕੋਣ ਤੋਂ ਵੇਖਣ ਲੱਗਾ। ਖੋਜੀ ਆਦਮੀ ਜਿਹੇ ਕੋਣ ਤੋਂ। ਉਹ ਖੜੀ ਹੋ ਗਈ, ਕਿਉਂਕਿ ਉਹ ਆਪ ਵੀ ਖੜਾ ਹੋ ਗਿਆ ਸੀ। ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਕਿਉਂਕਿ ਉਹ ਸਮਝ ਨਹੀਂ ਸਕੀ ਜਿਹੜਾ ਕੁੱਝ ਕੇ. ਨੇ ਕਿਹਾ। ਇਸ ਸ਼ਰਮਿੰਦਗੀ ਦੀ ਵਜ੍ਹਾ ਨਾਲ ਉਹਨੇ ਅਜਿਹਾ ਕੁੱਝ ਕਹਿ ਦਿੱਤਾ, ਜੋ ਕੁੱਝ ਕਹਿਣ ਦਾ ਉਸਦਾ ਬਿਲਕੁਲ ਵੀ ਇਰਾਦਾ ਨਹੀਂ ਸੀ ਅਤੇ ਜਿਸਨੂੰ ਕਹਿਣ ਦੀ ਇੱਥੇ ਕੋਈ ਤੁਕ ਵੀ ਨਹੀਂ ਬਣਦੀ ਸੀ।

"ਸ਼੍ਰੀਮਾਨ ਕੇ., ਇਸ ਸਭ ਨੂੰ ਇਸ ਤਰ੍ਹਾਂ ਦਿਲ ਨਾਲ ਨਾ ਲਾਓ।" ਉਸਨੇ ਟੁੱਟੀ ਹੋਈ ਅਵਾਜ਼ 'ਚ ਕਿਹਾ ਅਤੇ ਹੱਥ ਮਿਲਾਉਣਾ ਤਾਂ ਬਿਲਕੁਲ ਹੀ ਭੁੱਲ ਗਈ।

"ਮੈਨੂੰ ਨਹੀਂ ਲੱਗਦਾ ਕਿ ਮੈਂ ਇਸਨੂੰ ਇਸ ਤਰ੍ਹਾਂ ਦਿਲ ਨਾਲ ਲਾ ਰਿਹਾ ਸੀ।" ਕੇ. ਨੇ ਕਿਹਾ, ਅਤੇ ਇੱਕ ਦਮ ਉਸਨੂੰ ਲੱਗਿਆ ਕਿ ਉਹ ਥੱਕ ਗਿਆ ਹੈ ਅਤੇ ਉਸ ਔਰਤ ਨਾਲ ਕਿਸੇ ਤਰ੍ਹਾਂ ਦੀ ਸਹਿਮਤੀ ਬਾਰੇ ਸੋਚਣਾ ਬੇਕਾਰ ਹੈ।

ਬੂਹੇ ਕੋਲ ਆ ਕੇ ਉਸਨੇ ਪੁੱਛਿਆ: "ਕੀ ਫ਼ਰਾਉਲਨ ਬਸਨਰ ਘਰ ਹੋਏਗੀ?"

"ਨਹੀਂ! ਫ਼ਰਾਅ ਗਰੁਬਾਖ਼ ਨੇ ਮੁਸਕਾਉਂਦੇ ਹੋਏ ਕਿਹਾ ਅਤੇ ਫ਼ਿਰ ਇੱਕ ਰੁੱਖੀ ਜਿਹੀ ਸੂਚਨਾ ਦਿੱਤੀ- "ਉਹ ਤਾਂ ਥਿਏਟਰ ਗਈ ਹੈ। ਕੀ ਉਸ ਨਾਲ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ? ਕੀ ਮੈਂ ਉਸਨੂੰ ਸੁਨੇਹਾ ਭੇਜਾਂ?"

"ਓਹ! ਮੈਂ ਉਹਨਾਂ ਨੂੰ ਸਿਰਫ਼ ਕੁੱਝ ਕਹਿਣਾ ਚਾਹੁੰਦਾ ਸੀ।"

"ਮੈਂ ਇਹ ਤਾਂ ਨਹੀਂ ਦੱਸ ਸਕਦੀ ਕਿ ਉਹ ਕਦੋਂ ਤੱਕ ਵਾਪਸ ਆਏਗੀ। ਪਰ ਜਦੋਂ ਵੀ ਥਿਏਟਰ ਜਾਂਦੀ ਹੈ ਤਾਂ ਦੇਰ ਨਾਲ ਘਰ ਆਉਂਦੀ ਹੈ।"

"ਕੋਈ ਗੱਲ ਨਹੀਂ।" ਬੂਹੇ ਦੇ ਕੋਲ ਪਹੁੰਚ ਕੇ ਕੇ. ਨੇ ਥੋੜ੍ਹਾ ਜਿਹਾ ਸਿਰ ਝੁਕਾਇਆ- "ਮੈਂ ਤਾਂ ਉਹਨਾਂ ਤੋਂ ਸਿਰਫ਼ ਇਸ ਗੱਲ ਦੀ ਮੁਆਫ਼ੀ ਮੰਗਣਾ ਚਾਹੁੰਦਾ ਸੀ ਕਿ ਅੱਜ ਸਵੇਰੇ ਮੈਂ ਉਹਨਾਂ ਦੇ ਕਮਰੇ ਦੀ ਵਰਤੋਂ ਕੀਤੀ ਸੀ।"

"ਸ਼੍ਰੀਮਾਨ ਕੇ.! ਇਹ ਬਹੁਤ ਜ਼ਰੂਰੀ ਕੰਮ ਨਹੀਂ ਹੈ। ਤੁਸੀਂ ਕੁੱਝ ਵਧੇਰੇ ਹੀ ਧਰਮਾਤਮਾ ਕਿਸਮ ਦੇ ਆਦਮੀ ਹੋਂ। ਅਸਲ ’ਚ ਤਾਂ ਉਹ ਜੁਆਨ ਔਰਤ ਇਸ ਬਾਰੇ ’ਚ ਕੁੱਝ ਨਹੀਂ ਜਾਣਦੀ। ਸਵੇਰ ਦੀ ਉਸ ਘਟਨਾ ਤੋਂ ਬਾਅਦ ਅਜੇ ਤੱਕ ਉਹ ਮੁੜੀ ਨਹੀਂ ਹੈ ਅਤੇ ਹੁਣ ਤਾਂ ਕਮਰੇ ਵਿੱਚ ਸਭ ਕੁੱਝ ਠੀਕ ਕਰ ਦਿੱਤਾ ਗਿਆ ਹੈ। ਤੁਸੀਂ ਆਪ ਹੀ ਵੇਖ ਲਓ।" ਅਤੇ ਇਹ ਕਹਿਕੇ ਉਸਨੇ ਫ਼ਰਾਉਲਨ ਬਸਨਰ ਦੇ ਕਮਰੇ ਦਾ ਬੂਹਾ ਖੋਲ੍ਹ ਦਿੱਤਾ।

"ਮਿਹਰਬਾਨੀ, ਮੈਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ।" ਕੇ. ਨੇ ਕਿਹਾ ਪਰ ਫ਼ਿਰ ਵੀ ਉਸਨੇ ਬੂਹੇ ਦੇ ਉਸ ਪਾਰ ਵੇਖ ਲਿਆ। ਹਨੇਰੇ ਕਮਰੇ ਵਿੱਚ ਅੰਦਰ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿੱਥੋਂ ਤੱਕ ਉਹ ਮਹਿਸੂਸ ਕਰ ਰਿਹਾ ਸੀ, ਹਰ ਚੀਜ਼ ਉੱਥੇ ਹੀ ਪਈ ਸੀ ਜਿੱਥੇ ਉਸ ਨੂੰ ਪਿਆ ਹੋਣਾ ਚਾਹੀਦਾ ਸੀ, ਇੱਥੋਂ ਤੱਕ ਕਿ ਬਲਾਊਜ਼ ਵੀ ਹੁਣ ਬਾਰੀ ਦੇ ਪੱਲੇ ਨਾਲ ਨਹੀਂ ਟੰਗਿਆ ਹੋਇਆ ਸੀ। ਬਿਸਤਰੇ 'ਤੇ ਪਏ ਸਿਰਹਾਣੇ ਹੈਰਾਨੀਜਨਕ ਢੰਗ ਨਾਲ ਉੱਚੇ ਹੋਏ ਪਏ ਸਨ ਅਤੇ ਅੱਧ-ਚਾਨਣੀ 'ਚ ਪਸਰੇ ਪਏ ਸਨ।

"ਕੁੜੀ ਅਕਸਰ ਦੇਰ ਨਾਲ ਘਰ ਆਉਂਦੀ ਹੈ।" ਕੇ. ਬੋਲਿਆ ਅਤੇ ਫ਼ਰਾਅ ਗੁਰਬਾਖ਼ ਦੇ ਵੱਲ ਇੰਜ ਝਾਕਿਆ ਜਿਵੇਂ ਇਹ ਉਸਦੀ ਗ਼ਲਤੀ ਹੋਵੇ।

"ਤੂੰ ਤਾਂ ਜਾਣਦਾ ਹੀ ਏਂ ਅੱਜ-ਕੱਲ੍ਹ ਦੇ ਇਹਨਾਂ ਨੌਜੁਆਨਾਂ ਦੇ ਹਾਲ!" ਉਸਨੇ ਅਫ਼ਸੋਸ ਜਨਕ ਲਹਿਜੇ 'ਚ ਕੇ. ਦੀ ਹਾਮੀ ਭਰੀ।

"ਹਾਂ-ਹਾਂ!" ਕੇ. ਬੋਲਿਆ- "ਪਰ ਇਸਨੂੰ ਸਹਿਣਾ ਤਾਂ ਪਵੇਗਾ ਹੀ।"

"ਹਾਂ, ਸਹਿਣਾ ਤਾਂ ਪਵੇਗਾ ਹੀ।" ਫ਼ਰਾਅ ਗਰੁਬਾਖ਼ ਨੇ ਕਿਹਾ- "ਤੂੰ ਸੱਚ ਕਹਿ ਰਿਹਾ ਏਂ ਕੇ.। ਸ਼ਾਇਦ ਇਸ ਕੇਸ ਵਿੱਚ ਵੀ... ਮੈਂ ਫ਼ਰਾਉਲਨ ਬਸਨਰ ਦੇ ਬਾਰੇ ਕੁੱਝ ਕਹਿਣਾ ਨਹੀਂ ਚਾਹੁੰਦੀ। ਉਹ ਇੱਕ ਚੰਗੀ ਕੁੜੀ ਹੈ। ਉਸ ਵਿੱਚ ਦੋਸਤੀ, ਸੁਨੱਖਾਪਣ, ਅਨੁਸ਼ਾਸਨ ਅਤੇ ਮਿਹਨਤ ਜਿਹੇ ਕਈ ਗੁਣ ਹਨ ਅਤੇ ਮੈਂ ਇਸ ਸਭ ਦੀ ਕਦਰ ਕਰਦੀ ਹਾਂ। ਪਰ ਇੱਕ ਗੱਲ ਤਾਂ ਹੈ। ਉਸਨੂੰ ਆਪ ਮਾਣ ਵਿੱਚ ਰਹਿਣਾ ਚਾਹੀਦਾ ਹੈ ਅਤੇ ਵਧੇਰੇ ਮਤਲਬ ਆਪ ਨਾਲ ਹੀ ਰੱਖਣਾ ਚਾਹੀਦਾ ਹੈ। ਮੈਂ ਉਸਨੂੰ ਪਹਿਲਾਂ ਵੀ ਨਾਮੁਰਾਦ ਗਲੀਆਂ ਵਿੱਚ ਵੇਖਿਆ ਹੈ ਅਤੇ ਉਹ ਹਰ ਵਾਰ ਕਿਸੇ ਵੱਖਰੇ ਆਦਮੀ ਨਾਲ ਸੀ। ਮੈਨੂੰ ਇਸ ਗੱਲ ਦੀ ਬਹੁਤ ਫ਼ਿਕਰ ਹੈ ਅਤੇ ਰੱਬ ਦੀ ਸਹੂੰ ਮੈਂ ਇਹ ਗੱਲ ਕਿਸੇ ਹੋਰ ਨਾਲ ਵੀ ਨਹੀਂ ਕਰਨੀ। ਪਰ ਸ਼੍ਰੀਮਾਨ ਕੇ., ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਉਸ ਕੁੜੀ ਨਾਲ ਸਿੱਧੇ ਹੀ ਗੱਲ ਕਰਨੀ ਚਾਹੀਦੀ ਹੈ। ਇਸਦੇ ਬਿਨ੍ਹਾਂ ਸਿਰਫ਼ ਇਹੀ ਗੱਲ ਨਹੀਂ ਹੈ ਜਿਸ ਉੱਪਰ ਮੈਨੂੰ ਸ਼ੱਕ ਹੈ।"

"ਉਸਦੇ ਬਾਰੇ ’ਚ ਤੁਹਾਡੀ ਇਹ ਧਾਰਨਾ ਬਿਲਕੁਲ ਗ਼ਲਤ ਹੈ।" ਕੇ. ਨੇ ਬੇਹੱਦ ਗੁੱਸੇ ਹੁੰਦੇ ਹੋਏ ਅਤੇ ਇਸਨੂੰ ਲੁਕਾਉਣ ਦੀ ਕੋਈ ਕੋਸ਼ਿਸ਼ ਕੀਤੇ ਬਿਨ੍ਹਾਂ ਕਿਹਾ-"ਇਸ ਤੋਂ ਬਿਨ੍ਹਾਂ ਫ਼ਰਾਉਲਨ ਬਸਨਰ ਦੇ ਬਾਰੇ 'ਚ ਮੇਰੀ ਕਹੀ ਹੋਈ ਗੱਲ ਨੂੰ ਤੁਸੀਂ ਬਿਲਕੁਲ ਗ਼ਲਤ ਸਮਝਿਆ ਹੈ। ਮੇਰਾ ਇਹ ਮਤਲਬ ਨਹੀਂ ਸੀ। ਮੈਂ ਤੁਹਾਨੂੰ ਸੁਚੇਤ ਕਰ ਦਿੰਦਾ ਹਾਂ ਕਿ ਇਸਦੇ ਬਾਰੇ 'ਚ ਉਸ ਨਾਲ ਕੋਈ ਗੱਲ ਨਾ ਕਰੋ। ਤੁਹਾਨੂੰ ਸਰਾਸਰ ਗ਼ਲਤਫ਼ਹਿਮੀ ਹੋਈ ਹੈ। ਮੈਂ ਉਸ ਕੁੜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਤੁਸੀਂ ਜਿਹੜਾ ਕੁੱਝ ਹੁਣੇ ਉਹਦੇ ਬਾਰੇ 'ਚ ਕਿਹਾ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਪਰ ਸ਼ਾਇਦ ਮੈਂ ਵੀ ਕੁੱਝ ਜ਼ਿਆਦਾ ਹੀ ਕਹਿ ਦਿੱਤਾ। ਤੁਸੀਂ ਉਸਦੇ ਬਾਰੇ 'ਚ ਜੋ ਵੀ ਕਹਿਣਾ ਚਾਹੋਂ, ਕਹੋ। ਮੈਂ ਤੁਹਾਨੂੰ ਰੋਕਾਂਗਾ ਨਹੀਂ। ਅਲਵਿਦਾ।"

"ਪਰ ਸ਼੍ਰੀਮਾਨ ਕੇ..," ਫ਼ਰਾਅ ਗਰੁਬਾਖ਼ ਨੇ ਖੋਜੀ ਜਿਹੇ ਲਹਿਜੇ ਵਿੱਚ ਕਿਹਾ ਅਤੇ ਭੱਜ ਕੇ ਉਸਦੇ ਬੂਹੇ ਤੱਕ ਆ ਪੁੱਜੀ, ਜਿਸਨੂੰ ਉਹ ਹੁਣ ਤੱਕ ਖੋਲ੍ਹ ਚੁੱਕਾ ਸੀ, "ਮੈਂ ਤਾਂ ਅਜੇ ਤੱਕ ਉਸਦੇ ਬਾਰੇ 'ਚ ਕੁੱਝ ਵੀ ਨਹੀਂ ਕਿਹਾ ਅਤੇ ਹੁਣ ਮੈਂ ਉਹਦੇ ਉੱਤੇ ਨਜ਼ਰ ਰੱਖਣ ਵਾਲੀ ਸੀ। ਮੈਂ ਜੋ ਵੀ ਜਾਣਦੀ ਹਾਂ, ਤੁਹਾਡੇ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਨਹੀਂ ਦੱਸਿਆ। ਪਰ ਫ਼ਿਰ ਵੀ ਇਹ ਕਿਰਾਏਦਾਰਾਂ ਦੇ ਆਪਣੇ ਹਿੱਤ ਵਿੱਚ ਹੀ ਹੋਏਗਾ ਕਿ ਉਹ ਇਸ ਜਗ੍ਹਾ ਨੂੰ ਸਾਫ਼-ਸੁਥਰਾ ਰੱਖਣ ਦੀ ਕੋਸ਼ਿਸ਼ ਕਰਨ, ਅਤੇ ਬਸ, ਇਹੀ ਕੁੱਝ ਮੈਂ ਕਹਿਣਾ ਚਾਹੁੰਦੀ ਸੀ।"

"ਸਾਫ਼!" ਬੂਹੇ ਦੀ ਵਿਰਲ 'ਚੋਂ ਕੇ. ਚੀਕਿਆ- "ਜੇ ਤੁਸੀਂ ਇਹ ਜਗ੍ਹਾ ਸਾਫ਼ ਸੁਥਰੀ ਰੱਖਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੈਨੂੰ ਨੋਟਿਸ ਦੇਣਾ ਪਵੇਗਾ।" ਫ਼ਿਰ ਹੌਲੀ ਜਿਹੀ ਖੜਕਾਉਣ ਦੇ ਬਾਵਜੂਦ, ਉਸਨੇ "ਧੜੱਮ" ਕਰਕੇ ਬੂਹਾ ਬੰਦ ਕਰ ਦਿੱਤਾ।

ਇਸਦੇ ਪਿੱਛੋਂ ਉਸਨੇ ਫ਼ੈਸਲਾ ਲਿਆ ਕਿ ਕਿਉਂਕਿ ਨੀਂਦ ਆਉਣ ਦਾ ਤਾਂ ਸਵਾਲ ਹੀ ਨਹੀਂ ਹੈ, ਇਸ ਲਈ ਉਹ ਜਾਗਦਾ ਰਹਿ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗਾ ਕਿ ਫ਼ਰਾਉਲਨ ਬਸਨਰ ਘਰ ਕਦੋਂ ਮੁੜਦੀ ਹੈ। ਉਦੋਂ ਸ਼ਾਇਦ ਇਹ ਮੁਮਕਿਨ ਹੋਏਗਾ ਕਿ (ਹਾਲਾਂਕਿ ਇਹ ਇਸਦਾ ਢੁੱਕਵਾਂ ਸਮਾਂ ਨਹੀਂ ਹੈ) ਕਿ ਉਸਦੇ ਨਾਲ ਕੁੱਝ ਗੱਲਬਾਤ ਕੀਤੀ ਜਾਵੇ। ਜਦੋਂ ਉਹ ਆਪਣੀਆਂ ਉਨੀਂਦੀਆਂ ਅੱਖਾਂ ਬੰਦ ਕੀਤੇ ਖਿੜਕੀ ਦੇ ਕੋਲ ਖੜਾ ਹੋਇਆ ਤਾਂ ਉਹ ਸੋਚ ਰਿਹਾ ਸੀ ਕਿ ਉਹ ਫ਼ਰਾਉਲਨ ਬਸਨਰ ਨੂੰ ਵੀ ਆਪਣੇ ਨਾਲ ਰਲਾ ਕੇ ਫ਼ਰਾਅ ਗਰੁਬਾਖ਼ ਨੂੰ ਨੋਟਿਸ ਦੇਣ ਲਈ ਕਹੇਗਾ। ਪਰ ਛੇਤੀ ਹੀ ਉਸਨੂੰ ਲੱਗਿਆ ਕਿ ਇਹ ਤਾਂ ਚੀਜ਼ਾਂ ਨੂੰ ਭਿਆਨਕ ਢੰਗ ਨਾਲ ਆਪਣੇ ਉੱਪਰ ਲੱਦ ਲੈਣ ਜਿਹਾ ਕੁੱਝ ਹੋਵੇਗਾ ਅਤੇ ਸਵੇਰ ਦੀਆਂ ਘਟਨਾਵਾਂ ਨੂੰ ਲੈ ਕੇ ਇਸ ਜਗ੍ਹਾ ਨੂੰ ਬਦਲ ਦੇਣ ਦੇ ਬਾਰੇ ਵੀ ਸੋਚਣ ਲੱਗਾ ਸੀ। ਇਸ ਤੋਂ ਵਧੇਰੇ ਪਰੇਸ਼ਾਨ ਕਰਨ ਸਕਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਖ਼ਾਸ ਕਰਕੇ ਅਜਿਹੀ ਵਿਚਾਰਹੀਣ ਅਤੇ ਬੁੱਧੀਹੀਣ ਘਟਨਾ

ਬਾਹਰ ਸੁੰਨੀ ਗ਼ਲੀ ’ਚ ਤੱਕਦੇ ਰਹਿਣ ਨਾਲ ਜਦੋਂ ਉਹ ਥੱਕ ਗਿਆ ਤਾਂ ਉਹ ਆ ਕੇ ਆਪਣੇ ਪਲੰਘ ’ਤੇ ਪੈ ਗਿਆ। ਉਸਨੇ ਵੱਡੇ ਕਮਰੇ ਦਾ ਬੂਹਾ ਥੋੜ੍ਹਾ ਖੁੱਲ੍ਹਾ ਰੱਖਿਆ ਤਾਂ ਕਿ ਇਸ ਆਵਾਸ ਵਿੱਚ ਆਉਣ ਵਾਲੇ ਕਿਸੇ ਵੀ ਆਦਮੀ ਨੂੰ ਪਲੰਘ 'ਤੇ ਪਏ-ਪਏ ਵੇਖ ਸਕੇ। ਗਿਆਰਾਂ ਵਜੇ ਤੱਕ ਉਹ ਚੁੱਪਚਾਪ, ਸਿਗਾਰ ਪੀਂਦੇ ਹੋਏ ਉੱਥੇ ਪਿਆ ਰਿਹਾ। ਇਸ ਤੋਂ ਬਾਅਦ ਉਹ ਅੱਕ ਗਿਆ ਅਤੇ ਉੱਠ ਕੇ ਹਾਲ ਦੇ ਚੱਕਰ ਕੱਟਣ ਲੱਗਾ, ਜਿਵੇਂ ਅਜਿਹਾ ਕਰਨ ਨਾਲ ਫ਼ਰਾਉਲਨ ਬਸਨਰ ਛੇਤੀ ਮੁੜ ਆਵੇਗੀ। ਉਸਦੀ ਉਸਨੂੰ ਵੇਖ ਲੈਣ ਦੀ ਕੋਈ ਖ਼ਾਸ ਇੱਛਾ ਨਹੀਂ ਸੀ। ਅਸਲ 'ਚ ਤਾਂ ਉਸਨੂੰ ਉਸਦਾ ਚਿਹਰਾ ਵੀ ਠੀਕ ਤਰ੍ਹਾਂ ਯਾਦ ਨਹੀਂ ਆ ਰਿਹਾ ਸੀ, ਪਰ ਫ਼ਿਰ ਵੀ ਉਹ ਇਸੇ ਸਮੇਂ ਉਸ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਅਤੇ ਹੁਣ ਉਸਨੂੰ ਖਿਝ ਹੋਣ ਲੱਗੀ ਸੀ ਕਿ ਉਸਦਾ ਅਜੇ ਤੱਕ ਨਾ ਆਉਣਾ, ਹੁਣ ਇਸ ਦਿਨ ਦੇ ਅੰਤ ਨੂੰ ਉਸਦੇ ਲਈ ਹੋਰ ਦਰਦ ਭਰਿਆ ਬਣਾ ਰਿਹਾ ਸੀ। ਇਹ ਵੀ ਉਸੇ ਦੀ ਇੱਕ ਭੁੱਲ ਦਾ ਨਤੀਜਾ ਸੀ, ਕਿ ਅਜੇ ਤੱਕ ਸਵੇਰ ਦਾ ਇੱਕ ਗਿਲਾਸ ਦੁੱਧ ਵੀ ਨਹੀਂ ਪੀ ਸਕਿਆ ਸੀ, ਅਤੇ ਅੱਜ ਸ਼ਾਮ ਦੇ ਲਈ, ਜਿਵੇਂ ਕਿ ਉਸਨੇ ਸੋਚਿਆ ਹੋਇਆ ਸੀ, ਉਹ ਐਲਸਾ ਨੂੰ ਮਿਲਣ ਵੀ ਨਹੀਂ ਜਾ ਸਕਿਆ ਸੀ। ਹਾਲਾਂਕਿ ਉਹ ਹੁਣ ਵੀ ਇਹ ਦੋਵੇਂ ਕੰਮ ਕਰ ਸਕਦਾ ਸੀ। ਉਹ ਐਲਸਾ ਦੇ ਕੋਲ ਸ਼ਰਾਬਖਾਨੇ ਵਿੱਚ ਜਾ ਸਕਦਾ ਸੀ, ਜਿੱਥੇ ਉਹ ਕੰਮ ਕਰਦੀ ਹੈ। ਉਸਨੇ ਤੈਅ ਕੀਤਾ ਕਿ ਉਹ ਫ਼ਰਾਉਲਨ ਬਸਨਰ ਨਾਲ ਗੱਲਬਾਤ ਕਰਨ ਪਿੱਛੋਂ ਉੱਥੇ ਚਲਾ ਜਾਵੇਗਾ।

ਸਾਢੇ ਗਿਆਰਾਂ ਵਜੇ ਕੇ. ਨੇ ਕਿਸੇ ਦੀ ਪੌੜੀਆਂ ਚੜਨ ਦੀ ਆਵਾਜ਼ ਸੁਣੀ ਅਤੇ ਉਦੋਂ ਉਸਦੀ ਸੋਚ ਦੀ ਤੰਦ ਟੁੱਟ ਗਈ ਅਤੇ ਫਿਲਹਾਲ, ਜਿਹੜੇ ਹਾਲ ’ਚ ਉਹ ਇਸਨੂੰ ਆਪਣਾ ਸਮਝ ਕੇ ਭਟਕ ਰਿਹਾ ਸੀ, ਉੱਥੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਿਆ। ਉਸਨੇ ਬਾਹਰੀ ਦਰਵਾਜ਼ਾ ਬੰਦ ਕਰਦੇ ਵੇਲੇ ਕੰਬਣੀ ਜਿਹੀ ਮਹਿਸੂਸ ਕੀਤੀ ਅਤੇ ਆਪਣੇ ਰੇਸ਼ਮੀ ਸ਼ਾਲ ਨੂੰ ਆਪਣੇ ਕਮਜ਼ੋਰ ਜਿਹੇ ਮੋਢਿਆਂ ਦੇ ਦੁਆਲੇ ਵਲੇਟ ਲਿਆ। ਅਗਲੇ ਹੀ ਪਲ ਉਹ ਆਪਣੇ ਕਮਰੇ ਵਿੱਚ ਪਹੁੰਚਣ ਵਾਲੀ ਸੀ ਅਤੇ ਕੇ. ਕਿਸੇ ਹਾਲਤ ਵਿੱਚ ਵੀ ਅੱਧੀ ਰਾਤ ਨੂੰ ਉੱਥੇ ਨਹੀਂ ਜਾ ਸਕਦਾ ਸੀ। ਇਸ ਲਈ ਉਸਨੂੰ ਉਸਦੇ ਨਾਲ ਹੁਣੇ ਗੱਲ ਕਰਨੀ ਚਾਹੀਦੀ ਹੈ, ਪਰ ਬਦਕਿਸਮਤੀ ਵੱਸ ਉਹ ਆਪਣੇ ਕਮਰੇ ਦੀ ਬੱਤੀ ਜਲਾਉਣਾ ਭੁੱਲ ਗਿਆ, ਅਤੇ ਜੇਕਰ ਉਹ ਇੰਜ ਬਾਹਰ ਨਿਕਲ ਗਿਆ ਤਾਂ ਫ਼ਰਾਉਲਨ ਬਸਨਰ ਦੇ ਮਾਣ-ਸਤਿਕਾਰ 'ਤੇ ਹਮਲਾ ਹੋ ਸਕਦਾ

ਸੀ ਅਤੇ ਘੱਟ ਤੋਂ ਘੱਟ ਉਹ ਉਸਨੂੰ ਡਰਾ ਤਾਂ ਸਕਦਾ ਹੀ ਸੀ। ਆਪਣੀ ਇਸ ਬੇਬਸੀ ਕਰਕੇ ਅਤੇ ਸਮੇਂ ਦੀ ਕਮੀ ਦੇ ਕਾਰਨ, ਉਹ ਬੂਹੇ ਦੀ ਵਿਰਲ ਵਿੱਚੋਂ ਬਹੁਤ ਹੌਲੀ ਜਿਹੀ ਬੋਲਿਆ- “ਫ਼ਰਾਉਲਨ ਬਸਨਰ!" ਇਹ ਬੁਲਾਵੇ ਤੋਂ ਵੱਧ ਸਮਝੌਤੇ ਜਿਹੇ ਵਰਗੀ ਅਵਾਜ਼ ਸੀ। “ਕੌਣ ਹੈ?" ਫ਼ਰਾਉਲਨ ਬਸਨਰ ਨੇ ਅੱਖਾਂ ਪਾੜ ਕੇ ਆਰ-ਪਾਰ ਵੇਖਦੇ ਹੋਏ ਪੁੱਛਿਆ। “ ਮੈਂ ਹਾਂ!" ਕੇ. ਨੇ ਕਿਹਾ ਅਤੇ ਬਾਹਰ ਚਲਾ ਆਇਆ। “ਓਹ! ਸ਼ੀਮਾਨ ਕੇ. !" ਫ਼ਰਾਉਲਨ ਮੁਸਕਰਾਉਂਦੇ ਹੋਏ ਬੋਲੀ- “ਨਮਸਕਾਰ!" ਅਤੇ ਉਸਨੇ ਆਪਣਾ ਹੱਥ ਬਾਹਰ ਖਿੱਚ ਲਿਆ। “ਮੈਂ ਤੈਨੂੰ ਕੁੱਝ ਕਹਿਣਾ ਚਾਹੁੰਦਾ ਹਾਂ, ਕੀ ਇਸੇ ਵੇਲੇ ਕਹਿ ਦਿਆਂ?"

“ਹੁਣੇ ? ” ਫ਼ਰਾਉਲਨ ਬਸਨਰ ਬੋਲੀ- “ਕੀ ਹੁਣੇ ਕਹਿਣਾ ਜ਼ਰੂਰੀ ਹੈ? ਕੁੱਝ ਅਜੀਬ ਜਿਹਾ ਨਹੀਂ ਲੱਗਦਾ?” “ਮੈਂ ਨੌਂ ਵਜੇ ਤੋਂ ਤੇਰੀ ਉਡੀਕ ਕਰ ਰਿਹਾ ਹਾਂ।” “ਹਾਂ! ਮੈਂ ਥਿਏਟਰ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰੀ ਉਡੀਕ ਕਰ ਰਿਹਾ ਏਂ।” “ਅੱਜ ਜੋ ਵੀ ਹੋਇਆ ਮੈਂ ਤੇਰੇ ਨਾਲ ਉਸੇ ਵਿਸ਼ੇ ’ਚ ਗੱਲ ਕਰਨੀ ਚਾਹੁੰਦਾ ਹਾਂ।” “ਓਹ! ਖੈਰ ਇਸ ’ਤੇ ਮੈਨੂੰ ਕੋਈ ਖ਼ਾਸ ਇਤਰਾਜ਼ ਨਹੀਂ ਹੈ, ਬਿਨ੍ਹਾਂ ਇਸ ਗੱਲ ਦੇ ਕਿ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਹਾਂ ਅਤੇ ਹੁਣ ਮੈਂ ਸੌਣਾ ਚਾਹੁੰਦੀ ਹਾਂ। ਇੱਕ-ਦੋ ਮਿੰਟ ਲਈ ਤੂੰ ਮੇਰੇ ਕਮਰੇ ਵਿੱਚ ਆ ਜਾ। ਇੱਥੇ ਤਾਂ ਗੱਲ ਕਰਨੀ ਮੁਮਕਿਨ ਨਹੀਂ ਹੈ। ਲੋਕ ਜਾਗ ਜਾਣਗੇ ਅਤੇ ਸ਼ਾਇਦ ਇਹ ਉਹਨਾਂ ਤੋਂ ਵਧੇਰੇ ਸਾਡੇ ਲਈ ਮਾੜਾ ਹੋਏਗਾ। ਜ਼ਰਾ ਰੁਕੋ ! ਮੈਂ ਆਪਣੇ ਕਮਰੇ ਦੀ ਬੱਤੀ ਜਗਾ ਲਵਾਂ ਅਤੇ ਅਸੀਂ ਇੱਥੋਂ ਦੀ ਬੱਤੀ ਬੁਝਾ ਦੇਈਏ।" ਕੇ. ਨੇ ਉਸੇ ਤਰ੍ਹਾਂ ਕੀਤਾ ਅਤੇ ਜਦੋਂ ਤੱਕ ਫ਼ਰਾਉਲਨ ਬਸਨਰ ਨੇ ਆਪਣੇ ਕਮਰੇ ਵਿੱਚੋਂ ਆਵਾਜ਼ ਨਾ ਦਿੱਤੀ ਉਹ ਉੱਥੇ ਹੀ ਉਡੀਕ ਕਰਦਾ ਰਿਹਾ। “ਬੈਠੋ!” ਉਸਨੇ ਸੋਫ਼ੇ ਵੱਲ ਇਸ਼ਾਰਾ ਕੀਤਾ ਅਤੇ ਆਪਣੀ ਜ਼ਾਹਰ ਹੋਣ ਵਾਲੀ ਥਕਾਵਟ ਦੇ ਬਾਵਜੂਦ ਆਪ ਖੜੀ ਰਹੀ। ਉਸਨੇ ਆਪਣਾ ਛੋਟਾ ਜਿਹਾ ਹੈਟ ਵੀ ਨਹੀਂ ਉਤਾਰਿਆ ਜਿਹੜਾ ਫੁੱਲਾਂ ਨਾਲ ਲੱਦਿਆ ਹੋਇਆ ਸੀ। “ਤਾਂ ਤੂੰ ਕੀ ਕਹਿਣਾ ਚਾਹੁੰਨਾ ਏਂ? ਮੈਨੂੰ ਇਹ ਜਾਣ ਲੈਣ ਦੀ ਬੇਚੈਨੀ ਹੋ ਰਹੀ ਹੈ।“ ਆਪਣੀਆਂ ਲੱਤਾਂ 36 ।।ਮੁਕੱਦਮਾ

ਆਰ-ਪਾਰ ਕਰਦੇ ਹੋਏ ਉਸਨੇ ਕਿਹਾ। “ਸ਼ਾਇਦ ਤੂੰ ਤਾਂ ਕਹੇਂ ਕਿ, ” ਕੇ. ਨੇ ਕਹਿਣਾ ਸ਼ੁਰੂ ਕੀਤਾ- “ਇਹ ਗੱਲ ਇੰਨੀ ਜ਼ਰੂਰੀ ਨਹੀਂ ਸੀ ਕਿ ਇਸ ਸਮੇਂ ਕਰ ਲਈ ਜਾਂਦੀ..... ਪਰ।" “ਇੰਨੀ ਲੰਮੀ ਭੂਮਿਕਾ ਤੋਂ ਤਾਂ ਮੈਂ ਅੱਕ ਜਾਂਦੀ ਹਾਂ।” ਫ਼ਰਾਉਲਨ ਬਸਨਰ ਨੇ ਕਿਹਾ। “ਮੈਨੂੰ ਇਹ ਸਭ ਕਹਿਣ ਨਾਲ ਦੱਸਣ ਵਿੱਚ ਸੌਖ ਜਾਏਗੀ।’’ ਕੇ. ਨੇ ਕਿਹਾ“ਅੱਜ ਸਵੇਰੇ, ਕਿਸੇ ਹੱਦ ਤੱਕ ਮੇਰੀ ਗਲਤੀ ਦੀ ਵਜ੍ਹਾ ਨਾਲ, ਤੇਰਾ ਕਮਰਾ ਅਸਤਵਿਅਸਤ ਹੋ ਗਿਆ ਸੀ। ਇਹ ਸਭ ਦੂਜੇ ਲੋਕਾਂ ਨੇ ਕੀਤਾ ਸੀ ਅਤੇ ਮੇਰੀ ਇੱਛਾ ਦੇ ਵਿਰੁੱਧ ਸੀ, ਫਿਰ ਵੀ ਇਹ ਮੇਰੀ ਗ਼ਲਤੀ ਸੀ, ਮੈਂ ਇਸ ਲਈ ਤੇਰੇ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ।” “ਮੇਰਾ ਕਮਰਾ? ਫ਼ਰਾਉਲਨ ਬਸਨਰ ਨੇ ਕਮਰੇ ਦਾ ਜਾਇਜ਼ਾ ਲੈਣ ਦੀ ਬਜਾਏ ਕੇ. ਦੇ ਚਿਹਰੇ 'ਤੇ ਨਜ਼ਰ ਗੱਡ ਦਿੱਤੀ। “ਇਹੀ ਸੱਚ ਹੈ।" ਕੇ. ਬੋਲਿਆ ਅਤੇ ਇਸ ਵੇਲੇ ਪਹਿਲੀ ਵਾਰ ਉਹਨਾਂ ਦੀਆਂ ਨਜ਼ਰਾਂ ਇੱਕ ਹੋਈਆਂ। “ਇਹ ਸਭ ਠੀਕ ਨਾ ਲੱਗਣ ਵਾਲਾ ਕਿਵੇਂ ਹੋਇਆ, ਇਸ ਵਿਸ਼ੇ 'ਤੇ ਤਾਂ ਗੱਲ ਕਰਨ ਦਾ ਵੀ ਮਨ ਨਹੀਂ ਕਰਦਾ।" “ਓਹ! ਪਰ ਇਹ ਸਭ ਹੋਇਆ, ਇਹੀ ਤਾਂ ਦਿਲਚਸਪ ਚੀਜ਼ ਹੈ।" ਫ਼ਰਾਉਨ ਬਸਨਰ ਨੇ ਕਿਹਾ। “ਨਹੀਂ!” ਕੇ. ਬੋਲਿਆ। “ਮੇਰਾ ਇਸ ’ਤੇ ਵਧੇਰੇ ਜ਼ੋਰ ਦੇਣ ਦਾ ਇਰਾਦਾ ਨਹੀਂ ਹੈ।" ਫ਼ਰਾਉਲਨ ਬਸਨਰ ਬੋਲੀ- “ਜੇ ਤੂੰ ਕਹਿਨਾ ਏਂ ਕਿ ਇਹ ਸਭ ਦਿਲਚਸਪ ਨਹੀਂ ਹੈ ਤਾਂ ਫ਼ਿਰ ਕੀ ਕੀਤਾ ਜਾਵੇ। ਮੈਂ ਖੁਸ਼ੀ-ਖੁਸ਼ੀ ਤੇਰੀ ਮਾਫ਼ੀ ਮਨਜ਼ੂਰ ਕਰਦੀ ਹਾਂ, ਖ਼ਾਸ ਕਰਕੇ ਇਸ ਲਈ ਕਿ ਇੱਥੇ ਅਜਿਹਾ ਕੋਈ ਨਾਂ-ਨਿਸ਼ਾਨ ਨਹੀਂ ਹੈ, ਜਿਸਦੇ ਬਾਰੇ ਤੂੰ ਗੱਲ ਕਰ ਰਿਹਾ ਏਂ।” ਆਪਣੇ ਲੱਕ ’ਤੇ ਹੱਥ ਰੱਖ ਕੇ ਉਸਨੇ ਕਮਰੇ ਦਾ ਇੱਕ ਚੱਕਰ ਲਾਇਆ। ਉਹ ਟਾਟ ਦੇ ਕੋਲ ਰੁਕ ਕੇ, ਪਿੰਨ ਨਾਲ ਲੱਗੀ ਫ਼ੋਟੋ ਵੇਖਣ ਲੱਗੀ-“ਨਹੀਂ, ਪਰ ਵੇਖੋ।” ਉਹ ਚੀਕ ਪਈ- "ਮੇਰੀਆਂ ਸਾਰੀਆਂ ਫ਼ੋਟੋ ਖ਼ਰਾਬ ਕਰ ਦਿੱਤੀਆਂ ਗਈਆਂ ਹਨ। ਇਹ ਬਹੁਤ ਭਿਆਨਕ ਹੈ। ਮੇਰੇ ਕਮਰੇ ਵਿੱਚ ਕੋਈ ਆਇਆ, ਠੀਕ ਹੈ, ਪਰ ਉਸਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।” ਕੇ. ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਚੁੱਪਚਾਪ ਕਲਰਕ ਕੈਮਨਰ ਨੂੰ 37 || ਮੁਕੱਦਮਾ ਸਰਾਪ ਦਿੱਤਾ ਜਿਹੜਾ ਚੀਜ਼ਾਂ ਨੂੰ ਇੱਧਰ-ਉੱਧਰ ਕਰ ਦੇਣ ਦੀ ਆਪਣੀ ਮਾੜੀ ਆਦਤ ਤੋਂ ਕਦੇ ਬਾਜ਼ ਨਹੀਂ ਆਉਂਦਾ।

“ਇਹ ਹੈਰਾਨੀ ਹੈ। ਫ਼ਰਾਉਲਨ ਬਸਨਰ ਨੇ ਕਿਹਾ-“ਕਿ ਮੈਨੂੰ ਤੇਰੇ ਲਈ ਉਹਨਾਂ ਗੱਲਾਂ ਦੀ ਮਨਾਹੀ ਕਰਨੀ ਪੈ ਰਹੀ ਹੈ ਜਿਹੜੀਆਂ ਕਿ ਤੈਨੂੰ ਆਪ ਕਰਨੀਆਂ ਚਾਹੀਦੀਆਂ ਸਨ। ਮਤਲਬ ਮੇਰੇ ਕਮਰੇ 'ਚ ਮੇਰੇ ਨਾ ਹੁੰਦਿਆਂ ਨਹੀਂ ਆਉਣਾ ਚਾਹੀਦਾ ਸੀ।"

“ਪਰ ਫ਼ਰਾਉਲਨ, ਮੈਂ ਤਾਂ ਤੈਨੂੰ ਪਹਿਲਾਂ ਹੀ ਸਾਫ਼ ਦੱਸ ਦਿੱਤਾ ਸੀ। ਕੇ. ਬੋਲਿਆ ਅਤੇ ਉੱਠ ਕੇ ਫ਼ੋਟੋਆਂ ਦੇ ਕੋਲ ਜਾ ਪੁੱਜਾ- “ਮੈਂ ਇਹ ਸਭ ਨਹੀਂ ਕੀਤਾ। ਕਿਉਂਕਿ ਤੂੰ ਮੇਰੇ ਉੱਤੇ ਯਕੀਨ ਨਹੀਂ ਕਰ ਰਹੀ ਏਂ, ਫ਼ਿਰ ਵੀ ਮੈਂ ਮੰਨ ਰਿਹਾ ਹਾਂ ਕਿ ਇੱਥੇ ਇੱਕ ਜਾਂਚ ਕਰਨ ਵਾਲੀ ਟੀਮ ਆ ਵੜੀ ਸੀ।" ਕੇ. ਨੇ ਜੋੜ ਦਿੱਤਾ ਕਿਉਂਕਿ ਫ਼ਰਾਉਲਨ ਬਸਨਰ ਸਵਾਲੀਆ ਨਜ਼ਰਾਂ ਨਾਲ ਉਸਨੂੰ ਵੇਖੀ ਜਾ ਰਹੀ ਸੀ।

“ਤੈਨੂੰ ਮਿਲਣ ਦੇ ਲਈ?” ਉਸਨੇ ਪੁੱਛਿਆ।

ਹਾਂ!” ਕੇ. ਨੇ ਜਵਾਬ ਦਿੱਤਾ।

“ਨਹੀਂ!” ਕੁੜੀ ਬੋਲੀ ਅਤੇ ਹੱਸ ਪਈ।

“ਹਾਂ, ਇਹੀ ਤਾਂ!” ਕੇ. ਨੇ ਕਿਹਾ- “ਪਰ ਹੁਣ ਕੀ ਤੂੰ ਸੋਚਦੀ ਏਂ ਕਿ ਮੈਂ ਬੇਗੁਨਾਹ ਹਾਂ?"

“ਬੇਗੁਨਾਹ...?" ਉਹ ਬੋਲੀ- ਠੀਕ ਇਸ ਵੇਲੇ ਮੈਂ ਅਜਿਹਾ ਕੋਈ ਫ਼ੈਸਲਾ ਲੈਣ ਵਾਲੀ ਨਹੀਂ ਹਾਂ ਜਿਸਦੇ ਅੱਗੇ ਚੱਲ ਕੇ ਭਿਅੰਕਰ ਨਤੀਜੇ ਨਿਕਲਣ। ਇਸਤੋਂ ਇਲਾਵਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਵੀ ਤਾਂ ਨਹੀਂ ਹਾਂ। ਪਰ ਇੰਨੀ ਛੇਤੀ ਜੇ ਉਹ ਤੇਰੇ ਖਿਲਾਫ਼ ਜਾਂਚ ਕਮੀਸ਼ਨ ਬਿਠਾ ਰਹੇ ਹਨ ਤਾਂ ਸਮਝ ਲੈ ਕਿ ਤੂੰ ਕੋਈ ਗੰਭੀਰ ਅਪਰਾਧੀ ਜ਼ਰੂਰ ਰਿਹਾ ਹੋਵੇਂਗਾ, ਪਰ ਕਿਉਂਕਿ ਤੂੰ ਆਜ਼ਾਦ ਏਂ, ਘੱਟ ਤੋਂ ਘੱਟ ਤੇਰੇ ਸ਼ਾਂਤ ਸੁਭਾਅ ਤੋਂ ਮੈਨੂੰ ਲੱਗ ਰਿਹਾ ਹੈ ਕਿ ਤੂੰ ਜੇਲ੍ਹ ਤੋਂ ਫ਼ਰਾਰ ਤਾਂ ਨਹੀਂ ਹੋਇਆ। ਇਸ ਲਈ ਕਿ ਇਸ ਤਰ੍ਹਾਂ ਦਾ ਕੋਈ ਜ਼ੁਰਮ ਤੂੰ ਨਹੀਂ ਕਰ ਸਕਦਾ।"

“ਨਹੀਂ!” ਕੇ. ਨੇ ਕਿਹਾ- “ਪਰ ਜਾਂਚ ਦਲ ਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਮੈਂ ਨਿਰਦੋਸ਼ ਹਾਂ, ਜਾਂ ਘੱਟ ਤੋਂ ਘੱਟ ਉਨਾ ਦੋਸ਼ੀ ਤਾਂ ਨਹੀਂ ਹਾਂ ਜਿਵੇਂ ਕਿ ਉਹਨਾਂ ਨੇ ਸ਼ੁਰੂ ਵਿੱਚ ਅਜਿਹਾ ਸੋਚਿਆ ਹੋਵੇਗਾ।"

"ਜ਼ਰੂਰ ਹੀ, ਅਜਿਹਾ ਹੋਇਆ ਹੋਵੇਗਾ।" ਫ਼ਰਾਉਲਨ ਬਸਨਰ ਨੇ ਧਿਆਨ ਨਾਲ ਕਿਹਾ।

38 ll ਮੁਕੱਦਮਾ

"ਵੇਖੋ!" ਕੇ. ਨੇ ਕਿਹਾ- “ਕਾਨੂੰਨੀ ਮਾਮਲਿਆਂ 'ਚ ਤੇਰੇ ਕੋਲ ਜ਼ਿਆਦਾ ਤਜਰਬਾ ਨਹੀਂ ਹੈ।

"ਨਹੀਂ, ਮੇਰੇ ਕੋਲ ਬਹੁਤਾ ਤਜਰਬਾ ਨਹੀਂ ਹੈ। ਫ਼ਰਾਉਲਨ ਬਸਰ ਬੋਲੀ“ਅਤੇ ਇਸ ਉੱਤੇ ਮੈਂ ਕਾਫ਼ੀ ਵਾਰ ਅਫ਼ਸੋਸ ਵੀ ਜਾਹਰ ਕਰ ਚੁੱਕੀ ਹਾਂ ਕਿਉਂਕਿ ਮੈਂ ਹਰ ਚੀਜ਼ ਸਿੱਖਣਾ ਚਾਹੁੰਦੀ ਹਾਂ ਅਤੇ ਕਾਨੂੰਨ ਵਿੱਚ ਮੇਰੀ ਜ਼ਿਆਦਾ ਦਿਲਚਸਪੀ ਹੈ। ਕਚਹਿਰੀ ਵਿੱਚ ਤਾਂ ਇੱਕ ਖ਼ਾਸ ਕਿਸਮ ਦੀ ਖਿੱਚ ਹੁੰਦੀ ਹੈ। ਕੀ ਤੂੰ ਅਜਿਹਾ ਨਹੀਂ ਸੋਚਦਾ? ਹਾਂ ਮੈਂ ਅਗਲੇ ਮਹੀਨੇ ਇੱਕ ਵਕੀਲ ਦੇ ਸਟਾਫ਼ ਵਿੱਚ ਦਾਖ਼ਲ ਹੋ ਰਹੀ ਹਾਂ, ਇਸ ਲਈ ਇਸ ਖੇਤਰ ਵਿੱਚ ਮੇਰਾ ਗਿਆਨ ਜ਼ਰੂਰ ਹੀ ਵਧੇਗਾ।"

"ਇਹ ਤਾਂ ਬਹੁਤ ਚੰਗਾ ਹੈ। ਕੇ. ਨੇ ਕਿਹਾ- "ਫ਼ਿਰ ਤਾਂ ਤੂੰ ਮੇਰੇ ਕੇਸ ’ਚ ਮੇਰੀ ਕਾਫ਼ੀ ਮਦਦ ਕਰ ਸਕੇਂਗੀ।"

“ਹਾਂ, ਜ਼ਰੂਰ ਕਰ ਸਕਦੀ ਹਾਂ। ਫ਼ਰਾਉਲਨ ਬਸ਼ਨਰ ਨੇ ਕਿਹਾ- "ਮੈਂ ਕਿਉਂ ਨਹੀਂ ਕਰਾਂਗੀ? ਮੇਰੇ ਕੋਲ ਜਿਹੜਾ ਵੀ ਗਿਆਨ ਹੋਵੇਗਾ, ਮੈਂ ਉਸਦਾ ਇਸਤੇਮਾਲ ਜ਼ਰੂਰ ਕਰਨਾ ਚਾਹਾਂਗੀ।"

"ਪਰ ਮੈਂ ਇਹ ਸਭ ਗੰਭੀਰਤਾ ਨਾਲ ਕਹਿ ਰਿਹਾ ਹਾਂ।" ਕੇ. ਬੋਲਿਆ- "ਵੈਸੇ ਤਾਂ ਗੱਲ ਇੰਨੀ ਛੋਟੀ ਹੈ ਕਿ ਵਕੀਲ ਕਰਨ ਦੀ ਲੋੜ ਹੀ ਨਹੀਂ ਹੈ, ਪਰ ਮੈਂ ਸਲਾਹ ਲੈਣ ਲਈ ਤਾਂ ਇਸਦਾ ਇਸਤੇਮਾਲ ਕਰ ਹੀ ਸਕਦਾ ਹਾਂ।"

"ਹਾਂ, ਪਰ ਜੇ ਮੈਂ ਸਲਾਹਕਾਰ ਹਾਂ ਤਾਂ ਮੇਰਾ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਆਖ਼ਰ ਇਹ ਸਭ ਹੈ ਕੀ?” ਫ਼ਰਾਉਲਨ ਬਸਰ ਨੇ ਕਿਹਾ।

"ਅਜੇ ਤੱਕ ਤਾਂ ਇਹੀ ਰੌਲਾ ਹੈ। ਮੈਂ ਤਾਂ ਆਪ ਕੁੱਝ ਨਹੀਂ ਜਾਣਦਾ।

"ਤਾਂ ਫ਼ਿਰ, ਹੁਣ ਤੱਕ ਤੂੰ ਮੇਰੀਆਂ ਲੱਤਾਂ ਕਿਉਂ ਖਿੱਚ ਰਿਹਾ ਸੀ। ਫ਼ਰਾਉਲਨ ਬਸਰ ਜਿਹੜੀ ਹੁਣ ਬਹੁਤ ਨਿਰਾਸ਼ ਲੱਗ ਰਹੀ ਸੀ, ਬੋਲੀ- "ਰਾਤ ਦੇ ਇਸ ਵਕਤ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਸੀ।" ਅਤੇ ਹੁਣ ਤੱਕ ਜਿਹੜੀਆਂ ਫ਼ੋਟੋਆਂ ਦੇ ਕੋਲ ਉਹ ਖੜੀ ਸੀ, ਉੱਥੋਂ ਉਹ ਹਟ ਗਈ।

"ਨਹੀਂ ਫ਼ਰਾਉਲਨ! ਮੈਂ ਤੇਰੀਆਂ ਲੱਤਾਂ ਨਹੀਂ ਖਿੱਚ ਰਿਹਾ ਸੀ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ `ਤੇ ਯਕੀਨ ਕਰੇਂ। ਮੈਂ ਜਿਹੜਾ ਕੁੱਝ ਵੀ ਜਾਣਦਾ ਹਾਂ, ਉਹ ਸਭ ਤਾਂ ਹੁਣ ਤੱਕ ਮੈਂ ਤੈਨੂੰ ਦੱਸ ਹੀ ਚੁੱਕਾ ਹਾਂ। ਇੱਥੋਂ ਤੱਕ ਹੀ ਮੈਂ ਤੈਨੂੰ ਕੁੱਝ ਜ਼ਿਆਦਾ ਹੀ ਦੱਸ ਚੁੱਕਾ ਹਾਂ ਕਿਉਂਕਿ ਉਹ ਸਭ ਜਾਂਚ ਕਮੀਸ਼ਨ ਤਾਂ ਬਿਲਕੁਲ ਨਹੀਂ ਸੀ। ਮੈਂ ਇਸਨੂੰ ਇਹ ਨਾਂ ਸਿਰਫ਼ ਇਸ ਲਈ ਦਿੱਤਾ ਕਿਉਂਕਿ ਇਸਤੋਂ ਢੁੱਕਵਾਂ ਨਾਂ ਮੈਂ ਇਸ ਲਈ ਲੱਭ ਹੀ ਨਹੀਂ ਸਕਿਆ। ਕੋਈ ਪੁੱਛ-ਪੜਤਾਲ ਨਹੀਂ ਹੋਈ। ਮੈਨੂੰ ਸਿਰਫ਼ ਗਿਰਫ਼ਤਾਰ ਕਰ ਲਿਆ ਗਿਆ, ਪਰ ਅਜਿਹਾ ਤਾਂ ਕਮੀਸ਼ਨ ਨਹੀਂ ਕਰਦਾ।

ਫ਼ਰਾਉਲਨ ਬਸਰ ਇੱਕ ਵਾਰ ਫ਼ਿਰ ਸੋਫ਼ੇ ਤੇ ਬਹਿ ਕੇ ਹੱਸਣ ਲੱਗੀ।

“ਤਾਂ ਫ਼ਿਰ ਇਹ ਕਿਸ ਤਰ੍ਹਾਂ ਦਾ ਸੀ? ਉਹ ਬੋਲੀ।

"ਇੱਕ ਦਮ ਭਿਆਨਕ!" ਕੇ. ਨੇ ਕਿਹਾ ਪਰ ਉਦੋਂ ਉਹ ਇਸ ਬਾਰੇ ਤਾਂ ਬਿਲਕੁਲ ਨਹੀਂ ਸੀ ਸੋਚ ਰਿਹਾ। ਜਦਕਿ ਇਸਦੇ ਉਲਟ ਉਹ ਫ਼ਰਾਉਲਨ ਬਸਰ ਦੀਆਂ ਕਲਪਨਾਵਾਂ ਵਿੱਚ ਗੁਆਚਿਆ ਹੋਇਆ ਸੀ, ਜਿਸਨੇ ਆਪਣਾ ਚਿਹਰਾ ਇੱਕ ਹੱਥ 'ਤੇ ਟਿਕਾਇਆ ਹੋਇਆ ਸੀ, ਕੁਹਣੀ ਸੋਫ਼ੇ ਟਤੇ ਟਿਕਾਈ ਹੋਈ ਸੀ ਅਤੇ ਦੂਜਾ ਹੱਥ ਉਸਦੇ ਬੁੱਲਾਂ ਨੂੰ ਛੋਹ ਰਿਹਾ ਸੀ।

"ਇਹ ਇੱਕ ਦਮ ਬਕਵਾਸ ਹੈ।" ਫ਼ਰਾਉਲਨ ਬਸਰ ਨੇ ਕਿਹਾ।

"ਕੀ ਬਕਵਾਸ ਹੈ? ਕੇ. ਨੇ ਪੁੱਛਿਆ। ਫ਼ਿਰ ਉਹ ਕੋਲ ਆ ਕੇ ਬੋਲਿਆ "ਤਾਂ ਫ਼ਿਰ ਤੈਨੂੰ ਮੈਂ ਇਹ ਦੱਸਾਂ ਕਿ ਇਹ ਸਭ ਕਿਹੋ ਜਿਹਾ ਸੀ?" ਉਹ ਖਿਸਕਣਾ ਚਾਹੁੰਦਾ ਸੀ ਪਰ ਉੱਥੋਂ ਦੂਰ ਨਹੀਂ ਜਾਣਾ ਚਾਹੁੰਦਾ ਸੀ।

"ਹੁਣ ਮੈਂ ਥੱਕ ਚੁੱਕੀ ਹਾਂ।"

"ਤੂੰ ਇੰਨੀ ਦੇਰ ਨਾਲ ਆਈ ਏਂ ਨਾ।"

"ਹੁਣ ਗੱਲਬਾਤ ਦੇ ਖ਼ਤਮ ਹੋਣ 'ਤੇ ਤੂੰ ਮੈਨੂੰ ਦੋਸ਼ੀ ਕਰਾਰ ਦੇ ਰਿਹਾ ਏਂ, ਅਤੇ ਹਾਂ ਮੈਂ ਇਸੇ ਕਾਬਿਲ ਹਾਂ, ਕਿਉਂਕਿ ਮੈਨੂੰ ਤੈਨੂੰ ਅੰਦਰ ਹੀ ਨਹੀਂ ਆਉਣ ਦੇਣਾ ਚਾਹੀਦਾ ਸੀ ਅਤੇ ਵੈਸੇ ਵੀ ਇਹ ਜ਼ਰੂਰੀ ਨਹੀਂ ਸੀ, ਜਿਵੇਂ ਕਿ ਇਹ ਪਤਾ ਲੱਗ ਹੀ ਗਿਆ ਹੈ।

"ਪਰ ਇਹ ਬਹੁਤ ਜ਼ਰੂਰੀ ਸੀ, ਅਤੇ ਤੂੰ ਇਹ ਵੇਖ ਹੀ ਲਵੇਂਗੀ ਕਿ ਕਿਉਂ।" ਕੇ. ਨੇ ਕਿਹਾ- "ਕੀ ਮੈਂ ਤੇਰੇ ਬਿਸਤਰੇ ਦੇ ਕੋਲ ਪਿਆ ਉਹ ਮੇਜ਼ ਚੱਕ ਲਿਆਵਾਂ?"

"ਤੈਨੂੰ ਹੋ ਕੀ ਗਿਆ ਹੈ?” ਫ਼ਰਾਉਲਨ ਬਸਨਰ ਨੇ ਕਿਹਾ- “ਤੂੰ ਨਹੀਂ ਲਿਆ ਸਕਦਾ।"

"ਤਾਂ ਮੈਂ ਤੈਨੂੰ ਨਹੀਂ ਦੱਸ ਸਕਦਾ।" ਕੇ. ਨੇ ਖਿਝ ਕੇ ਕਿਹਾ, ਜਿਵੇਂ ਉਸਨੂੰ ਡੂੰਘੀ ਸੱਟ ਵੱਜੀ ਹੋਵੇ।

"ਠੀਕ ਹੈ, ਜੇ ਵਿਖਾਉਣ ਲਈ ਇਹ ਜ਼ਰੂਰੀ ਹੈ ਤਾਂ ਜੋ ਉਸਨੂੰ ਚੁੱਕ ਲਿਆ।" ਫ਼ਰਾਉਲਨ ਬਸਰ ਨੇ ਕਿਹਾ, ਅਤੇ ਥੋੜੀ ਦੇਰ ਬਾਅਦ ਕਮਜ਼ੋਰ ਜਿਹੀ ਅਵਾਜ਼ ’ਚ ਬੋਲੀ- “ਮੈਂ ਇੰਨੀ ਥੱਕੀ ਹੋਈ ਹਾਂ ਕਿ ਮੈਨੂੰ ਜਿੰਨਾ ਮੰਨਣਾ ਚਾਹੀਦਾ ਹੈ, ਉਸ ਤੋਂ ਜ਼ਿਆਦਾ ਹੀ ਮੰਨ ਰਹੀ ਹਾਂ। ਕੇ. ਨੇ ਮੇਜ਼ ਨੂੰ ਕਮਰੇ ਦੇ ਐਨ ਵਿਚਕਾਰ ਰੱਖ ਦਿੱਤਾ ਅਤੇ ਉਸਦੇ ਪਾਰ ਜਾ ਬੈਠਾ।

ਤੈਨੂੰ ਠੀਕ ਤਰ੍ਹਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕੌਣ ਕਿੱਥੇ ਬੈਠਾ ਸੀ। ਇਹ ਬਹੁਤ ਦਿਲਚਸਪ ਹੈ। ਹੁਣ ਮੈਂ ਇੰਸਪੈਕਟਰ ਹਾਂ, ਦੋਵੇਂ ਵਾਰਡਰ ਸੰਦੂਕ 'ਤੇ ਬੈਠੇ ਹਨ ਅਤੇ ਇੱਧਰ ਫ਼ੋਟੋ ਦੇ ਕੋਲ ਉਹ ਤਿੰਨ ਨੌਜਵਾਨ ਮੁੰਡੇ! ਇੱਕ ਸਫ਼ੇਦ ਬਲਾਊਜ਼ ਖਿੜਕੀ ਦੇ ਪੱਲੇ ਨਾਲ ਟੰਗਿਆ ਹੋਇਆ ਹੈ। ਹੁਣ ਸ਼ੁਰੂਆਤ ਹੁੰਦੀ ਹੈ। ਓਹ! ਮੈਂ ਖ਼ੁਦ ਨੂੰ ਛੱਡ ਹੀ ਦਿੱਤਾ ਹੈ। ਸਭ ਤੋਂ ਜ਼ਰੂਰੀ ਆਦਮੀ, ਯਾਨੀ ਕਿ ਮੈਂ, ਇਸ ਮੇਜ਼ ਦੇ ਅੱਗੇ ਖੜਾ ਹਾਂ। ਇੰਸਪੈਕਟਰ ਇੱਥੇ ਆਰਾਮ ਨਾਲ ਬੈਠਾ ਹੈ! ਲੱਤਾਂ ਆਰ-ਪਾਰ ਕੀਤੀਆਂ ਹੋਈਆਂ ਹਨ ਅਤੇ ਆਪਣੀ ਇੱਕ ਬਾਂਹ ਕੁਰਸੀ ਦੇ ਪਿਛਲੇ ਪਾਸੇ ਸੁੱਟੀ ਹੋਈ ਹੈ। ਬਿਲਕੁਲ ਬੋਰ ਆਦਮੀ ਹੈ। ਦਰਅਸਲ ਹੁਣ ਸ਼ੁਰੂਆਤ ਹੁੰਦੀ ਹੈ। ਇੰਸਪੈਕਟਰ ਮੇਰੇ ’ਤੇ ਚੀਕਦਾ ਹੈ, ਜਿਵੇਂ ਮੈਨੂੰ ਨੀਂਦ ਤੋਂ ਜਗਾ ਰਿਹਾ ਹੋਵੇ। ਉਹ ਮੇਰੇ 'ਤੇ ਝਪਟ ਪਿਆ ਅਤੇ ਜੇ ਮੈਂ ਤੈਨੂੰ ਪੂਰੀ ਗੱਲ ਚੰਗੀ ਤਰ੍ਹਾਂ ਸਮਝਾਉਣ ਤੇਰੇ ਉੱਤੇ ਝਪਟਣਾ ਪਵੇਗਾ।

ਫ਼ਰਾਉਲਨ ਬਸਰ ਜਿਹੜੀ ਉਸਦੀ ਗੱਲ ’ਤੇ ਹੱਸ ਰਹੀ ਸੀ, ਨੇ ਕੇ. ਨੂੰ ਆਪਣੇ ਬੁੱਲਾਂ 'ਤੇ ਉਂਗਲ ਰੱਖ ਕੇ ਚੁੱਪ ਕਰ ਜਾਣ ਦਾ ਇਸ਼ਾਰਾ ਕੀਤਾ। ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਕੇ. ਆਪਣੇ ਰੋਲ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਉਹ ਇੱਕ ਲੰਮੀ ਅਵਾਜ਼ ਨਾਲ ਚੀਕਿਆ- “ਜੋਸਫ਼ ਕੇ. !” ਪਰ ਅਵਾਜ਼ ਓਨੀ ਤਿੱਖੀ ਵੀ ਨਹੀਂ ਸੀ ਜਿੰਨੀ ਕਿ ਉਹ ਸਾਬਿਤ ਕਰਨਾ ਚਾਹੁੰਦਾ ਸੀ।

ਪਰ ਅਗਲੇ ਕਮਰੇ ਵਿੱਚੋਂ ਉੱਚੀ, ਤਿੱਖੀ ਅਤੇ ਲਗਾਤਾਰ ਖੜਕਾਹਟ ਦੀਆਂ ਅਵਾਜ਼ਾਂ ਆਈਆਂ। ਫ਼ਰਾਉਲਨ ਬਸਰ ਪੀਲੀ ਪੈ ਗਈ ਅਤੇ ਉਸਨੇ ਆਪਣਾ ਹੱਥ ਦਿਲ 'ਤੇ ਰੱਖ ਦਿੱਤਾ। ਕੇ. ਵੀ ਸਾਵਧਾਨ ਹੋ ਗਿਆ, ਕਿਉਂਕਿ ਕੁੱਝ ਦੇਰ ਲਈ ਉਹ ਸਵੇਰੇ ਹੋਈਆਂ ਘਟਨਾਵਾਂ ਅਤੇ ਹੁਣ ਇਸ ਕੁੜੀ, ਜਿਸਦੇ ਲਈ ਉਹ ਨਾਟਕ ਕਰ ਰਿਹਾ ਸੀ, ਦੇ ਇਲਾਵਾ ਜ਼ਿਆਦਾ ਕੁੱਝ ਨਹੀਂ ਸੋਚ ਸਕਿਆ। ਅਜੇ ਤੱਕ ਉਹ ਖ਼ੁਦ ਨੂੰ ਸੰਭਾਲ ਵੀ ਨਹੀਂ ਸਕਿਆ ਸੀ, ਜਦੋਂ ਉਹ ਫ਼ਰਾਉਲਨ ਬਸਰ ਦੇ ਵੱਲ ਵਧਿਆ ਅਤੇ ਉਸਦਾ ਹੱਥ ਫੜ ਲਿਆ।

"ਡਰ ਨਾ!" ਉਹ ਫੁਸਫੁਸਾਇਆ, “ਮੈਂ ਹਰ ਚੀਜ਼ ਠੀਕ ਕਰ ਦੇਵਾਂਗਾ। ਪਰ ਇਸ ਸਮੇਂ ਇਹ ਕੌਣ ਹੋ ਸਕਦਾ ਹੈ? ਬੂਹੇ ਦੇ ਪਾਰ ਤਾਂ ਸਿਰਫ਼ ਵੱਡਾ ਕਮਰਾ ਹੈ ਅਤੇ ਕੋਈ ਸੌਂ ਵੀ ਨਹੀਂ ਰਿਹਾ। "ਹਾਂ, ਉੱਥੇ ਹੈ।" ਫ਼ਰਾਉਲਨ ਬਸਨਰ ਨੇ ਕੇ. ਦੇ ਕੰਨ `ਚ ਹੌਲੀ ਜਿਹੇ ਕਿਹਾ- “ਪਿਛਲੇ ਦਿਨ ਤੋਂ ਉੱਥੇ ਫ਼ਰਾਅ ਗੁਰਬਾਖ ਦਾ ਇੱਕ ਭਤੀਜਾ ਸੌ ਰਿਹਾ ਹੈ, ਕੈਪਟਨ। ਇੱਧਰ ਇਹੀ ਇੱਕ ਕਮਰਾ ਖ਼ਾਲੀ ਸੀ। ਮੈਂ ਵੀ ਇਹ ਭੁੱਲ ਗਈ ਸੀ। ਓਹ! ਪਰ ਤੂੰ ਇੰਨਾ ਜ਼ੋਰ ਨਾਲ ਕਿਉਂ ਚੀਕਿਆ ਸੀ? ਮੈਨੂੰ ਇਹ ਪਸੰਦ ਨਹੀਂ ਹੈ।

"ਫ਼ਿਕਰ ਦੀ ਕੋਈ ਗੱਲ ਨਹੀਂ ਹੈ।" ਕੇ. ਨੇ ਕਿਹਾ ਅਤੇ ਜਿਵੇਂ ਹੀ ਉਹ ਗੱਦੇ ਉੱਪਰ ਡਿੱਗੀ, ਉਸਨੇ ਉਸਦੀਆਂ ਸੇਲੀਆਂ ਚੰਮ ਲਈਆਂ।

"ਓਹ! ਜਾਓ। ਚਲੇ ਜਾਓ।" ਛੇਤੀ ਨਾਲ ਉੱਠ ਕੇ ਬੈਠਦੇ ਹੋਏ ਉਸਨੇ ਕਿਹਾ, "ਜਾ-ਜਾ, ਤੂੰ ਕਿਸਦੀ ਉਡੀਕ ਕਰ ਰਿਹਾ ਏਂ? ਉਹ ਬੂਹੇ ਕੋਲ ਸੁਣ ਰਿਹਾ ਹੋਏਗਾ। ਉਹ ਆਪਣੀਆਂ ਗੱਲਾਂ ਸੁਣ ਲਏਗਾ। ਕਿਉਂ ਮੈਨੂੰ ਪਰੇਸ਼ਾਨ ਕਰ ਰਿਹਾ ਏਂ?"

"ਮੈਂ ਨਹੀਂ ਜਾਵਾਂਗਾ।" ਕੇ. ਨੇ ਕਿਹਾ- “ਜਦੋਂ ਤੱਕ ਤੂੰ ਸ਼ਾਂਤ ਨਹੀਂ ਹੋ ਜਾਂਦੀ। ਕਮਰੇ ਦੇ ਦੂਜੇ ਖੂੰਜੇ ਵਿੱਚ ਚੱਲੋ। ਉਹ ਓਥੇ ਸਾਡੀਆਂ ਗੱਲਾਂ ਨਹੀਂ ਸੁਣ ਸਕੇਗਾ।” ਉਹ ਉੱਧਰ ਚਲੇ ਗਏ।

"ਯਾਦ ਰੱਖ ਇਹ ਭਾਵੇਂ ਤੈਨੂੰ ਬੇਹੁਦਾ ਲੱਗੇ, ਪਰ ਇਸ ਵਿੱਚ ਕੋਈ ਖ਼ਤਰਾ ਨਹੀਂ ਹੈ। ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਫ਼ਰਾਅ ਗਰੁਬਾਖ਼- ਅਤੇ ਇੱਥੇ ਉਸੇ ਦੀ ਹੀ ਹੈਸੀਅਤ ਹੈ, ਖ਼ਾਸ ਤੌਰ 'ਤੇ ਜਦੋਂ ਇਹ ਕੈਪਟਨ ਉਸਦਾ ਭਤੀਜਾ ਹੈ- ਦੀ ਮੇਰੇ ਬਾਰੇ 'ਚ ਚੰਗੀ ਰਾਏ ਹੈ ਅਤੇ ਮੈਂ ਜੋ ਵੀ ਕਹਿੰਦਾ ਹਾਂ, ਉਸ ਉੱਪਰ ਵਿਸ਼ਵਾਸ ਕਰਦੀ ਹੈ। ਇਸਦੇ ਇਲਾਵਾ ਉਹ ਮੇਰੇ ਅਹਿਸਾਨ ਹੇਠ ਵੀ ਹੈ ਕਿਉਂਕਿ ਮੈਂ ਉਸਨੂੰ ਕਾਫ਼ੀ ਪੈਸੇ ਉਧਾਰ ਦਿੱਤੇ ਹਨ। ਤੂੰ ਇਸ ਬਾਰੇ ’ਚ ਜੋ ਵੀ ਸਪਸ਼ਟੀਕਰਨ ਦੇਣ ਲਈ ਮੈਨੂੰ ਕਹੇਂਗੀ, ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿ ਮੈਂ ਫ਼ਰਾਅ ਗਰੁਬਾਖ਼ ਨੂੰ ਸਮਝਾ ਕੇ ਉਸਨੂੰ ਮੰਨਣ ਲਈ ਤਿਆਰ ਕਰ ਸਕਦਾ ਹਾਂ। ਤੂੰ ਮੈਨੂੰ ਇੱਕ ਦਮ ਮਾਫ਼ ਨਾ ਕਰੀਂ। ਜੇ ਤੂੰ ਇਹ ਫੈਲਾਉਣਾ ਚਾਹੁੰਦੀ ਏਂ ਕਿ ਮੈਂ ਤੇਰੀ ਇੱਜ਼ਤ ’ਤੇ ਹੱਥ ਪਾਇਆ ਹੈ, ਤਾਂ ਵੀ ਫ਼ਰਾਅ ਗਰੁਬਾਖ਼ ਨੂੰ ਦੱਸ ਦਿੱਤਾ ਜਾਏਗਾ ਅਤੇ ਉਹ ਬਿਨ੍ਹਾਂ ਸ਼ੱਕ ਮੰਨ ਜਾਏਗੀ, ਕਿਉਂਕਿ ਮੇਰੇ ਪ੍ਰਤੀ ਉਸਦਾ ਅਸੀਮ ਪਿਆਰ ਹੈ।" ਫ਼ਰਾਉਲਨ ਬਸਰ ਆਪਣੇ ਸਾਹਮਣੇ ਜ਼ਮੀਨ ਨੂੰ ਇੱਕ-ਟੱਕ ਵੇਖ ਰਹੀ ਸੀ ਅਤੇ ਕੁੱਝ ਝੁਕੀ ਹੋਈ ਸੀ।

"ਫ਼ਰਾਅ ਗਰੁਬਾਖ਼ ਕਿਉਂ ਯਕੀਨ ਨਹੀਂ ਕਰੇਗੀ ਕਿ ਮੈਂ ਤੇਰੀ ਇੱਜ਼ਤ ਨਾਲ ਛੇੜਛਾੜ ਕੀਤੀ ਹੈ?" ਉਹ ਉਸਦੇ ਵਾਲਾਂ, ਉਸਦੇ ਲਾਲ ਧਾਗੇ ਨਾਲ ਬੰਨ੍ਹੇ ਵਾਲਾਂ ਨੂੰ

42

ਵੇਖਦਾ ਰਿਹਾ। ਉਸਨੇ ਸੋਚਿਆ ਉਹ ਉਸਦੇ ਚਿਹਰੇ 'ਤੇ ਨਜ਼ਰ ਸੁੱਟੇਗਾ ਪਰ ਉਹ ਉਸੇ ਤਰ੍ਹਾਂ ਬੈਠੀ ਰਹੀ ਅਤੇ ਬੋਲੀ- "ਮਾਫ਼ ਕਰਨਾ, ਮੈਂ ਅਚਾਨਕ ਹੋਏ ਖੜਕੇ ਨਾਲ ਡਰ ਗਈ ਸੀ, ਨਾ ਹੀ ਮੈਨੂੰ ਪਤਾ ਸੀ ਕਿ ਬੂਹੇ 'ਤੇ ਕੈਪਟਨ ਹੈ। ਤੇਰੀ ਚੀਕ ਮਗਰੋਂ ਅਜਿਹੀ ਸੰਘਣੀ ਚੁੱਪ ਛਾ ਗਈ ਸੀ ਕਿ ਇੱਕ ਦਮ ਖਟਖਟ ਹੋਣ ਨਾਲ ਮੇਰਾ ਤਾਂ ਦਮ ਹੀ ਨਿਕਲ ਗਿਆ ਸੀ। ਮੈਂ ਬੂਹੇ ਦੇ ਕੋਲ ਸੀ ਅਤੇ ਖਟਖਟ ਬਿਲਕੁਲ ਮੇਰੇ ਕੋਲ ਹੋਈ ਸੀ। ਤੂੰ ਜੋ ਵੀ ਮੈਨੂੰ ਸੁਝਾਇਆ, ਮੈਂ ਉਸ ਲਈ ਤੇਰੀ ਧੰਨਵਾਦੀ ਹਾਂ, ਪਰ ਮੈਂ ਇਹ ਸਭ ਨਹੀਂ ਮੰਨ ਸਕਦੀ। ਮੇਰੇ ਕਮਰੇ ਵਿੱਚ ਜੋ ਕੁੱਝ ਵੀ ਹੋਵੇ, ਉਸਦੀ ਜ਼ਿੰਮੇਵਾਰੀ ਲੈਣ ’ਚ ਮੈਨੂੰ ਰਤਾ ਵੀ ਹਿਚਕ ਨਹੀਂ ਹੈ, ਚਾਹੇ ਮੈਨੂੰ ਜਿਹੜੀ ਵੀ ਚੁਨੌਤੀ ਦਿੱਤੀ ਜਾਵੇ। ਮੈਨੂੰ ਹੈਰਾਨੀ ਹੈ ਕਿ ਤੂੰ ਕਿਹੋ ਜਿਹੀਆਂ ਗੱਲਾਂ ਮੈਨੂੰ ਸੁਝਾਈਆਂ ਹਨ, ਹਾਂ ਪਰ ਮੈਂ ਤੇਰੀ ਇਮਾਨਦਾਰੀ ਉੱਤੇ ਸ਼ੱਕ ਨਹੀਂ ਕਰ ਰਹੀ ਹਾਂ। ਪਰ ਹੁਣ ਕਿਰਪਾ ਕਰਕੇ ਜਾ ਅਤੇ ਮੈਨੂੰ ਇਕੱਲਾ ਛੱਡ ਦੇ। ਹੁਣ ਮੈਨੂੰ ਇਕੱਲੇਪਨ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ। ਤੂੰ ਕੁੱਝ ਮਿੰਟਾਂ ਦੀ ਗੱਲ ਦੇ ਲਈ ਕਿਹਾ ਸੀ ਅਤੇ ਹੁਣ ਤਾਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਵਕਤ ਲੰਘ ਚੁੱਕਾ ਹੈ।"

ਕੇ. ਨੇ ਉਸਦਾ ਹੱਥ ਫੜਿਆ ਅਤੇ ਫ਼ਿਰ ਵੀਣੀ, "ਪਰ ਤੂੰ ਮੇਰੇ ਨਾਲ ਗੁੱਸੇ ਤਾਂ ਨਹੀਂ ਏਂ?" ਉਸਨੇ ਕਿਹਾ।

ਕੁੜੀ ਨੇ ਉਸਦਾ ਹੱਥ ਪਰੇ ਕਰਦੇ ਹੋਏ ਜਵਾਬ ਦਿੱਤਾ, "ਨਹੀਂ, ਨਹੀਂ ਮੈਂ ਕਦੇ ਕਿਸੇ ਨਾਲ ਗੁੱਸੇ ਨਹੀਂ ਹੁੰਦੀ।" ਉਸਨੇ ਦੁਬਾਰਾ ਉਸਦੀ ਵੀਣੀ ਫੜੀ, ਜਿਸਨੂੰ ਉਸਨੇ ਇਸ ਵਾਰ ਨਹੀਂ ਛੁਡਾਇਆ ਅਤੇ ਇਸੇ ਤਰ੍ਹਾਂ ਉਸਨੂੰ ਦਰਵਾਜ਼ੇ ਵੱਲ ਲੈ ਗਈ। ਹੁਣ ਉਹ ਚਲੇ ਜਾਣ ਲਈ ਬਿਲਕੁਲ ਤਿਆਰ ਸੀ। ਪਰ ਦਰਵਾਜ਼ੇ ਦੇ ਕੋਲ ਜਾ ਕੇ ਉਹ ਰੁਕ ਗਿਆ ਜਿਵੇਂ ਉੱਥੇ ਉਸਨੂੰ ਦਰਵਾਜ਼ਾ ਮਿਲਣ ਦੀ ਕੋਈ ਉਮੀਦ ਨਾ ਹੋਵੇ, ਅਤੇ ਫ਼ਰਾਉਲਨ ਬਸਨਰ ਨੇ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਉਸ ਤੋਂ ਖ਼ੁਦ ਨੂੰ ਮੁਕਤ ਕਰ ਲਿਆ, ਦਰਵਾਜ਼ਾ ਖੋਲ੍ਹਿਆ ਅਤੇ ਹਾਲ `ਚ ਜਾ ਕੇ ਹੌਲੀ ਜਿਹੀ ਕੇ. ਨੂੰ ਕਿਹਾ- "ਹੁਣ ਕਿਰਪਾ ਕਰਕੇ ਬਾਹਰ ਚਲਾ ਜਾ। ਵੇਖਿਆ..." ਅਤੇ ਉਸਨੇ ਕੈਪਟਨ ਦੇ ਬੂਹੇ ਵੱਲ ਇਸ਼ਾਰਾ ਕੀਤਾ, ਜਿੱਥੋਂ ਰੌਸ਼ਨੀ ਬਾਹਰ ਆ ਰਹੀ ਸੀ। “ਉਸਨੇ ਬੱਤੀ ਜਲਾ ਰੱਖੀ ਹੈ ਅਤੇ ਸਾਡੀਆਂ ਗੱਲਾਂ ਦਾ ਸਵਾਦ ਲੈ ਰਿਹਾ ਹੈ।

"ਮੈਂ ਹੁਣੇ ਆ ਰਿਹਾ ਹਾਂ।" ਕੇ. ਨੇ ਕਿਹਾ। ਉਹ ਭੱਜਿਆ, ਉਸਨੂੰ ਦਬੋਚਿਆ ਅਤੇ ਉਸਦੇ ਚਿਹਰੇ ਨੂੰ ਇੱਕ ਦਮ ਚੁੰਮ ਲਿਆ। ਜਿਵੇਂ ਕੋਈ ਪਿਆਸਾ ਜਾਨਵਰ ਤਾਜ਼ਾ ਝਰਨੇ ਉੱਤੇ ਇੱਕ ਲੰਮੀ ਭਾਲ ਤੋਂ ਬਾਅਦ ਟੁੱਟ ਪਿਆ ਹੋਵੇ। ਅੰਤ ਉਸਨੇ ਉਸਦੀ ਗਰਦਨ ਚੁੰਮ ਲਈ, ਠੀਕ ਜਿੱਥੇ ਉਸਦਾ ਗਲਾ ਸੀ ਅਤੇ ਠੀਕ ਉਸੇ ਥਾਂ 'ਤੇ ਕਾਫ਼ੀ ਦੇਰ ਆਪਣੇ ਬੁੱਲਾਂ ਨੂੰ ਫੇਰਦਾ ਰਿਹਾ। ਕੈਪਟਨ ਦੇ ਕਮਰੇ ਵੱਲੋਂ ਜਦੋਂ ਸ਼ੋਰ ਉੱਠਿਆ ਤਾਂ ਉਹ ਉੱਧਰ ਵੇਖਣ 'ਤੇ ਮਜਬੂਰ ਹੋ ਗਿਆ।

"ਹੁਣ ਮੈਂ ਜਾ ਰਿਹਾ ਹਾਂ।" ਉਹ ਬੋਲਿਆ ਅਤੇ ਫ਼ਰਾਉਲਨ ਬਸਨਰ ਨੂੰ ਉਸਦੇ ਪਹਿਲੇ ਨਾਂ ਨਾਲ ਬੁਲਾਉਣ ਦੀ ਕੋਸ਼ਿਸ਼ ਕਰਨ ਲੱਗਾ, ਜਿਹੜਾ ਉਸਨੂੰ ਇੱਕ ਦਮ ਯਾਦ ਨਹੀਂ ਆ ਰਿਹਾ ਸੀ। ਉਸਨੇ ਆਪਣਾ ਸਿਰ ਹਿਲਾਇਆ ਅਤੇ ਅੱਧਾ ਮੁੜ ਜਾਣ ਦੇ ਬਾਅਦ ਉਸਨੇ ਆਪਣਾ ਹੱਥ ਕੇ. ਦੇ ਵੱਲ ਚੁੰਮਣ ਲਈ ਵਧਾ ਦਿੱਤਾ (ਜਿਵੇਂ ਉਸਨੂੰ ਪਤਾ ਨਾ ਹੋਵੇ ਕਿ ਉਹ ਕੀ ਕਰ ਰਹੀ ਹੈ) ਅਤੇ ਸਿਰ ਹੇਠਾਂ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ।

ਹੁਣ ਕੇ, ਛੇਤੀ ਹੀ ਆਪਣੇ ਬਿਸਤਰੇ ਵਿੱਚ ਸੀ। ਉਹ ਛੇਤੀ ਹੀ ਸੌਂ ਗਿਆ, ਪਰ ਅਜਿਹਾ ਕਰਨ ਤੋਂ ਪਹਿਲਾਂ ਉਸਨੇ ਆਪਣੇ ਇਸ ਵਿਹਾਰ ਉੱਪਰ ਗੌਰ ਕੀਤਾ। ਉਹ ਸੰਤੁਸ਼ਟ ਸੀ, ਅਤੇ ਫ਼ਿਰ ਵੀ ਹੈਰਾਨ ਸੀ ਕਿ ਅਜੇ ਵੀ ਉਹ ਆਪਣੇ ਕੀਤੇ ਤੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਕੈਪਟਨ ਦੇ ਕਾਰਨ ਉਹ ਫ਼ਰਾਉਲਨ ਬਸਰ ਦੇ ਬਾਰੇ ਕਾਫ਼ੀ ਫ਼ਿਕਰਮੰਦ ਵੀ ਸੀ।

44 ਮੁਕੱਦਮਾ