ਮੁਕੱਦਮਾ/ਸੱਤਵਾਂ ਭਾਗ

ਵਿਕੀਸਰੋਤ ਤੋਂ

ਸੱਤਵਾਂ ਭਾਗ

ਵਕੀਲ - ਨਿਰਮਾਤਾ - ਚਿੱਤਰਕਾਰ

ਇੱਕ ਸਰਦ ਸਵੇਰ - ਬਾਹਰ ਬਿਲਕੁਲ ਅਕਾਉਣ ਵਾਲਾ ਮਾਹੌਲ ਸੀ ਅਤੇ ਬਰਫ਼ ਪੈ ਰਹੀ ਸੀ - ਕੇ. ਆਪਣੇ ਦਫ਼ਤਰ ਵਿੱਚ ਬੈਠਾ ਸੀ; ਹਾਲਾਂਕਿ ਬਹੁਤੀ ਦੇਰ ਨਹੀਂ ਹੋਈ ਸੀ, ਪਰ ਫ਼ਿਰ ਵੀ ਹੁਣ ਉਹ ਕਾਫ਼ੀ ਥੱਕ ਚੁੱਕਾ ਸੀ। ਆਪਣੇ ਆਪ ਨੂੰ ਘੱਟ ਤੋਂ ਘੱਟ ਜੂਨੀਅਰ ਅਧਿਕਾਰੀਆਂ ਤੋਂ ਬਚਾਈ ਰੱਖਣ ਲਈ, ਉਸਨੇ ਕਲਰਕ ਨੂੰ ਹਦਾਇਤ ਦਿੱਤੀ ਹੋਈ ਸੀ ਕਿ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ, ਕਿਉਂਕਿ ਉਹ ਕਿਸੇ ਬਹੁਤ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਹੈ। ਪਰ ਕੰਮ ਕਰਨ ਦੇ ਬਜਾਏ ਉਹ ਆਪਣੀ ਘੁੰਮਣ ਵਾਲੀ ਕੁਰਸੀ ਉੱਪਰ ਘੁੰਮ ਰਿਹਾ ਸੀ। ਸਾਹਮਣੇ ਮੇਜ਼ 'ਤੇ ਪਈਆਂ ਚੀਜ਼ਾਂ ਨੂੰ ਇੱਧਰ-ਉੱਧਰ ਘੁਮਾ ਰਿਹਾ ਸੀ। ਅਤੇ ਫ਼ਿਰ, ਇਹ ਮਹਿਸੂਸ ਕੀਤੇ ਬਿਨਾਂ, ਉਸਨੇ ਮੇਜ਼ 'ਤੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਅਤੇ ਸਿਰ ਝੁਕਾ ਕੇ ਬਿਨਾਂ ਅਹਿੱਲ ਹੋ ਕੇ ਬੈਠਾ ਰਿਹਾ।

ਮੁਕੱਦਮੇ ਦਾ ਵਿਚਾਰ ਹੁਣ ਉਸਦਾ ਪਿੱਛਾ ਕਦੇ ਨਹੀਂ ਛੱਡਦਾ ਸੀ। ਅਕਸਰ ਪਹਿਲਾਂ ਵੀ, ਉਹ ਕਈ ਵਾਰ ਸੋਚ ਚੁੱਕਾ ਸੀ, ਕਿ ਕੀ ਹੁਣ ਇਹ ਠੀਕ ਨਹੀਂ ਹੋਵੇਗਾ ਕਿ ਆਪਣੇ ਬਚਾਅ ਵਿੱਚ ਇੱਕ ਲਿਖਤੀ ਦਸਤਾਵੇਜ਼ ਅਦਾਲਤ ਨੂੰ ਭੇਜ ਦੇਵੇ। ਇਸ ਵਿੱਚ ਉਹ ਆਪਣੀ ਜ਼ਿੰਦਗੀ ਦਾ ਇੱਕ ਖ਼ਾਕਾ ਜਿਹਾ ਲਿਖਣਾ ਚਾਹੁੰਦਾ ਸੀ, ਅਤੇ ਜਦੋਂ ਉਹ ਆਪਣੀ ਜ਼ਿੰਦਗੀ ਦੀ ਕਿਸੇ ਅਜਿਹੀ ਘਟਨਾ ਤੱਕ ਆ ਪਹੁੰਚਦਾ ਜਿਹੜੀ ਕਿਸੇ ਹੋਰ ਘਟਨਾ ਤੋਂ ਵਧੇਰੇ ਜ਼ਰੂਰੀ ਲੱਗਦੀ ਸੀ, ਅਤੇ ਜਿਹੜੀ ਇਹ ਸਪੱਸ਼ਟ ਕਰਦੀ ਕਿ ਇਸ ਤਰ੍ਹਾਂ ਕੰਮ ਕਰਨ ਦੇ ਪਿੱਛੇ ਉਸ ਕੋਲ ਕੀ ਕਾਰਨ ਸਨ, ਅਤੇ ਇਹ ਕਹਿ ਸਕਣਾ ਕਿ ਉਸਦੇ ਉਸ ਸਮੇਂ ਦੇ ਫ਼ੈਸਲਿਆਂ ਨੂੰ ਉਸਦੇ ਵਰਤਮਾਨ ਅੰਦਾਜ਼ੇ ਦੇ ਅਨੁਸਾਰ ਜੇਕਰ ਰੱਦ ਕੀਤਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ, ਅਤੇ ਇਨ੍ਹਾਂ ਦੋਵਾਂ ਹਾਲਾਤਾਂ ਹਿਸਾਬ ਨਾਲ ਉਹ ਆਪਣੇ ਤਰਕ ਪੇਸ਼ ਕਰ ਸਕਦਾ ਹੈ। ਇਸ ਤਰ੍ਹਾਂ ਦੇ ਲਿਖਤੀ ਦਸਤਾਵੇਜ਼ ਦੇ ਫ਼ਾਇਦੇ, ਬਜਾਏ ਇਸਦੇ ਕਿ ਕੋਈ ਵਕੀਲ ਹੀ ਉਸਦਾ ਪੱਖ ਪੇਸ਼ ਕਰੇ, (ਜਿਸਦੇ ਆਪਣੇ ਵਿੱਚ ਹੀ ਕਈ ਗ਼ਲਤੀਆਂ ਹੋ ਸਕਦੀਆਂ ਹਨ) ਆਪ ਵੀ ਆਪਣੀ ਗੱਲ ਕਹਿ ਸਕਦਾ ਹੈ। ਕੇ. ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਹੁਲਡ ਇਸ ਕੇਸ ਦੇ ਵਿੱਚ ਕੀ ਕਰ ਰਿਹਾ ਹੈ। ਫ਼ਿਰ ਵੀ, ਇਸ ਵਿੱਚ ਬਹੁਤੀ ਉਮੀਦ ਨਹੀਂ ਹੋਵੇਗੀ, ਕਿਉਂਕਿ ਮਹੀਨਾ ਕੁ ਪਹਿਲਾਂ ਵਕੀਲ ਨੇ ਉਸ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਪਹਿਲਾਂ ਦੀਆਂ ਮੁਲਾਕਾਤਾਂ ਦੇ ਤਜਰਬੇ ਨੇ ਕੇ. ਨੂੰ ਇਹੀ ਪ੍ਰਭਾਵ ਦਿੱਤਾ ਸੀ ਕਿ ਉਹ ਸੱਜਣ ਉਸ ਲਈ ਕੁੱਝ ਨਹੀਂ ਕਰ ਸਕੇਗਾ।

ਸਭ ਤੋਂ ਜ਼ਿਆਦਾ ਤਾਂ ਹੁਲਡ ਉਸ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਵੀ ਨਹੀਂ ਕਰ ਸਕਿਆ ਸੀ ਅਤੇ ਫ਼ਿਰ ਅਜਿਹੇ ਕਿੰਨੇ ਹੀ ਸਵਾਲ ਪੁੱਛੇ ਜਾਣੇ ਬਾਕੀ ਸਨ। ਸਵਾਲ ਪੁੱਛੇ ਜਾਣੇ ਸਭ ਤੋਂ ਜ਼ਿਆਦਾ ਜ਼ਰੂਰੀ ਸਨ। ਕੇ. ਨੂੰ ਇਹ ਅੰਦਾਜ਼ਾ ਸੀ ਕਿ ਸਾਰੇ ਜ਼ਰੂਰੀ ਸਵਾਲ ਪੁੱਛਣ ਦਾ ਆਪ ਹੁਨਰ ਰੱਖਦਾ ਸੀ। ਪਰ ਵਕੀਲ ਤਾਂ ਸਵਾਲ ਪੁੱਛਣ ਦੀ ਬਜਾਏ ਜਾਂ ਤਾਂ ਖੁਦ ਹੀ ਗੱਲਬਾਤ ਵਿੱਚ ਉਲਝਿਆ ਰਹਿੰਦਾ ਹੈ ਜਾਂ ਕੇ. ਦੇ ਸਾਹਮਣੇ ਚੁੱਪਚਾਪ, ਮੇਜ਼ ਤੇ ਸਿਰ ਝੁਕਾਈ (ਸ਼ਾਇਦ ਘੱਟ ਸੁਣਨ ਦੀ ਆਪਣੀ ਬਿਮਾਰੀ ਦੇ ਕਾਰਨ, ਆਪਣੀ ਦਾੜੀ 'ਚੋਂ ਇੱਕ ਵਾਲ ਖਿੱਚਦਾ ਅਤੇ ਦਰੀ 'ਤੇ ਨਿਗਾਹਾਂ ਗੱਡੀ ਬੈਠਾ ਰਹਿੰਦਾ ਸੀ। ਸ਼ਾਇਦ ਉਸ ਜਗਾ ਨੂੰ ਵੇਖਦਾ, ਜਿੱਥੇ ਕੇ. ਲੇਨੀ ਨਾਲ ਪਿਆ ਸੀ। ਕਦੇ-ਕਦੇ ਉਹ ਕੇ. ਨੂੰ ਕੁੱਝ ਖੋਖਲੀਆਂ ਚੇਤਾਵਨੀਆਂ ਵੀ ਦੇ ਦਿੰਦਾ ਸੀ, ਜਿਵੇਂ ਕਿ ਬੱਚਿਆਂ ਨੂੰ ਝਿੜਕਾਂ ਦਿੱਤੀਆਂ ਜਾਂਦੀਆਂ ਹਨ। ਉਸਦੇ ਭਾਸ਼ਣ ਉਨੇ ਹੀ ਅਕਾਉ ਸਨ ਜਿੰਨੇ ਕਿ ਵਿਅਰਥ, ਅਤੇ ਜਦੋਂ ਲੇਖਾ ਨਬੇੜਨ ਦਾ ਵਕਤ ਹੁੰਦਾ ਤਾਂ ਕੇ. ਦੀ ਇਹਨਾਂ ਲਈ ਇੱਕ ਕੌੜੀ ਵੀ ਦੇਣ ਦੀ ਇੱਛਾ ਨਹੀਂ ਸੀ।

ਜਦੋਂ ਵਕੀਲ ਸੋਚਦਾ ਕਿ ਉਸਨੇ ਕੇ. ਦੀ ਕਾਫ਼ੀ ਖੰਬ ਠੱਪ ਦਿੱਤੀ ਹੈ ਤਾਂ ਅਕਸਰ ਉਹ ਉਸਨੂੰ ਥੋੜਾ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਉਹ ਦੱਸਦਾ ਕਿ ਉਸਦੇ ਕੋਲ ਅਜਿਹੇ ਕਿੰਨੇ ਹੀ ਕੇਸ ਆ ਚੁੱਕੇ ਹਨ, ਜਿਸਨੂੰ ਉਸਨੇ ਪੂਰੀ ਤਰ੍ਹਾਂ ਜਾਂ ਕੁੱਝ ਹੱਦ ਤੱਕ ਤਾਂ ਜਿੱਤ ਹੀ ਲਿਆ ਹੈ। ਅਜਿਹੇ ਕੇਸ, ਉਹ ਕਹਿੰਦਾ, ਜਿਹੜੇ ਜੇਕਰ ਅਸਲ 'ਚ ਇੰਨੇ ਮੁਸ਼ਕਲ ਨਾ ਵੀ ਹੋਣ, ਜਿੰਨਾ ਕਿ ਇਹ ਕੇਸ ਹੈ, ਤਾਂ ਵੀ ਉਹ ਇਸ ਤੋਂ ਕਿਤੇ ਜ਼ਿਆਦਾ ਨਿਰਾਸ਼ਾਜਨਕ ਲੱਗਦੇ ਸਨ। ਦਰਅਸਲ ਦਰਾਜ ਵਿੱਚ ਉਸਦੇ ਕੋਲ ਅਜਿਹੇ ਕੇਸਾਂ ਦੀ ਇੱਕ ਸੂਚੀ ਸੀ - ਇੱਕ ਵੇਲੇ ਉਹ ਮੇਜ਼ ਦੀ ਦਰਾਜ ਨੂੰ ਖੜਕਾ ਦਿੱਤਾ - ਬਦਕਿਸਮਤੀ ਨਾਲ, ਹਾਲਾਂਕਿ ਉਹ ਅਜਿਹੇ ਕੇਸਾਂ ਦਾ ਰਿਕਾਰਡ ਨਹੀਂ ਵਿਖਾ ਪਾਉਂਦਾ ਸੀ, ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਗੁੱਝੇ ਭੇਦ ਸਨ। ਪਰ ਇਹਨਾਂ ਦੇ ਜ਼ਰੀਏ ਉਸਨੇ ਜਿਹੜਾ ਤਜਰਬਾ ਪ੍ਰਾਪਤ ਕੀਤਾ ਹੈ, ਉਸ ਨਾਲ ਕੇ. ਨੂੰ ਫਾਇਦਾ ਮਿਲਣ ਵਾਲਾ ਸੀ। ਸੁਭਾਵਿਕ ਤੌਰ 'ਤੇ, ਉਸਨੇ ਦੱਸਿਆ, ਕਿ ਉਹ ਬਹੁਤ ਛੇਤੀ ਉਸਦੇ ਕੇਸ ਉੱਤੇ ਕੰਮ ਸ਼ੁਰੂ ਕਰਨ ਵਾਲਾ ਹੈ, ਅਤੇ ਆਪਣਾ ਪਹਿਲਾ ਹਲਫ਼ਨਾਮਾ ਪੇਸ਼ ਕਰਨ ਲਈ ਤਿਆਰ ਹੈ। ਇਹ ਹਲਫ਼ਨਾਮਾ ਬਹੁਤ ਜ਼ਰੂਰੀ ਹੈ ਕਿਉਂਕਿ ਵਕੀਲ ਦੁਆਰਾ ਪੇਸ਼ ਕੀਤੀਆਂ ਗਈਆਂ ਸ਼ੁਰੂਆਤੀ ਕੁੜੀਆਂ ਹੀ ਪੂਰੀ ਕਾਰਵਾਈ ਦਾ ਰਸਤਾ ਤੈਅ ਕਰਦੀਆਂ ਹਨ।

ਬਦਕਿਸਮਤੀ ਨਾਲ, ਉਸਨੂੰ ਕੇ. ਨੂੰ ਸੁਚੇਤ ਕਰਨਾ ਪਿਆ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ, ਕਿ ਸ਼ੁਰੂਆਤੀ ਦਲੀਲਾਂ ਅਦਾਲਤ-ਕਰਮੀਆਂ ਦੁਆਰਾ ਪੜੀਆਂ ਹੀ ਨਹੀਂ ਜਾਂਦੀਆਂ, ਜਿਹੜੇ ਉਹਨਾਂ ਨੂੰ ਦੂਜੇ ਕਾਗਜ਼ਾਂ ਵਿੱਚ ਤੁੰਨ ਦਿੰਦੇ ਹਨ ਅਤੇ ਇੱਕ ਸ਼ਰਤ ਨਾਲ ਜੋੜ ਦਿੰਦੇ ਹਨ, ਕਿ ਕਿਸੇ ਵੀ ਲਿਖਤੀ ਦਲੀਲ ਤੋਂ ਜ਼ਿਆਦਾ ਜ਼ਰੂਰੀ ਆਰੋਪੀ ਦੀ ਪੁੱਛਗਿੱਛ ਅਤੇ ਬਿਆਨ ਹਨ। ਜੇਕਰ ਮੁੱਦਈ ਇਸ ਗੱਲ `ਤੇ ਜ਼ਿਆਦਾ ਜ਼ੋਰ ਦੇਣ ਤਾਂ ਕਿਹਾ ਜਾਂਦਾ ਹੈ ਕਿ ਲਏ ਫ਼ੈਸਲੇ ਤੋਂ ਪਹਿਲਾਂ, ਜਦੋਂ ਕੇਸ ਨਾਲ ਜੁੜੇ ਹੋਏ ਸਾਰੇ ਦਸਤਾਵੇਜ਼ ਇੱਕਠੇ ਕੀਤੇ ਜਾਣਗੇ, ਜਿਸ ਵਿੱਚ ਉਸਦੀਆਂ ਸ਼ਰੁਆਤੀ ਦਲੀਲਾਂ ਵੀ ਸ਼ਾਮਿਲ ਹੋਣਗੀਆਂ, ਤਾਂ ਉਹਨਾਂ ਦਾ ਪ੍ਰੀਖਣ ਕਰ ਲਿਆ ਜਾਵੇਗਾ। ਪਰ ਬਦਕਿਸਮਤੀ ਨਾਲ, ਅਕਸਰ ਇਹ ਸੱਚ ਨਹੀਂ ਹੁੰਦਾ, ਆਮਤੌਰ ਤੇ ਪਹਿਲੀਆਂ ਦਲੀਲਾਂ ਖੁਰਦ-ਬੁਰਦ ਕਰ ਦਿੱਤੀਆਂ ਜਾਂਦੀਆਂ ਹਨ ਜਾਂ ਉਹਨਾਂ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ ਹੈ, ਅਤੇ ਜੇਕਰ ਇਹਨਾਂ ਨੂੰ ਰੱਖ ਵੀ ਦਿੱਤਾ ਜਾਵੇ ਤਾਂ ਵੀ ਇਹਨਾਂ ਨੂੰ ਪੜ੍ਹਨ ਦੀ ਕੋਈ ਖੇਚਲ ਨਹੀਂ ਕਰਦਾ - ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾਵੇ, ਜਿਵੇਂ ਕਿ ਵਕੀਲ ਨੇ ਸੁਣਿਆ ਹੈ, ਹਾਲਾਂਕਿ ਉਹ ਅਫ਼ਵਾਹ ਸੀ। ਉਹ ਸਭ ਬਹੁਤ ਅਫ਼ਸੋਸ ਭਰਿਆ ਹੈ, ਪਰ ਇੱਕ ਦਮ ਦੋਸ਼-ਮੁਕਤ ਨਹੀਂ ਹੈ।

ਕੇ. ਨੂੰ ਇਹ ਜ਼ਰੂਰੀ ਯਾਦ ਰੱਖਣਾ ਚਾਹੀਦਾ ਹੈ ਕਿ ਕਾਰਵਾਈ ਸਰਬਜਨਕ ਨਹੀਂ ਹੈ, ਪਰ ਜੇਕਰ ਅਦਾਲਤ ਸਮਝੇ ਕਿ ਇਹ ਜ਼ਰੂਰੀ ਹੈ ਤਾਂ ਇਸਨੂੰ ਜਨਤਾ ਦੇ ਲਈ ਖੋਲ੍ਹਿਆ ਜਾ ਸਕਦਾ ਹੈ, ਪਰ ਕਾਨੂੰਨ ਇਸਨੂੰ ਸਰਬਜਨਕ ਰੱਖਣ ਦੀ ਜ਼ਿਦ ਨਹੀਂ ਕਰਦਾ। ਨਤੀਜੇ ਵੱਜੋਂ ਅਦਾਲਤ ਦਾ ਰਿਕਾਰਡ, ਅਤੇ ਆਰੋਪਾਂ ਦਾ ਸਾਰਾ ਰਿਕਾਰਡ, ਮੁੱਦਈ ਜਾਂ ਉਸਦੇ ਵਕੀਲ ਦੇ ਲਈ ਵੇਖ ਸਕਣਾ ਸੰਭਵ ਨਹੀਂ ਹੈ। ਇਸਲਈ ਆਮਤੌਰ 'ਤੇ, ਕੋਈ ਜਾਣ ਨਹੀਂ ਸਕਦਾ, ਜਾਂ ਘੱਟ ਤੋਂ ਘੱਟ ਇਹ ਜਾਣ ਪਾਉਂਦਾ ਹੈ ਕਿ ਸ਼ੁਰੂਆਤੀ ਦਲੀਲਾਂ ਕਿਹੜਾ ਸਾਰਥਕ ਨਤੀਜਾ ਹਾਸਲ ਕਰ ਸਕਦੀਆਂ ਹਨ, ਅਤੇ ਇਸ ਲਈ ਇਹ ਇੱਕ ਸਿੱਧਾ ਜਿਹਾ ਸੰਜੋਗ ਹੈ ਕਿ ਇਹਨਾਂ ਦਲੀਲਾਂ ਵਿੱਚ ਅਜਿਹਾ ਕੁੱਝ ਹੋਵੇ ਜਿਹੜਾ ਕੇਸ ਦੇ ਲਈ ਮਹੱਤਵਪੂਰਨ ਹੋਵੇ। ਇਸ ਲਈ ਬਹੁਤ ਪਿੱਛੋਂ ਹੀ ਕੁੱਝ ਢੁੱਕਵੀਆਂ ਦਲੀਲਾਂ ਲੱਭੀਆਂ ਜਾ ਸਕਦੀਆਂ ਹਨ। ਜਦੋਂ ਵੱਖੋ-ਵੱਖਰੇ ਦੋਸ਼ ਲਗਾਏ ਜਾਣ ਅਤੇ ਇਹਨਾਂ ਨੂੰ ਸਾਬਤ ਕਰਨ ਵਾਲੀਆਂ ਗਵਾਹੀਆਂ ਪੈਦਾ ਹੋਣ ਜਾਂ ਸੁਣਵਾਈ ਦੇ ਦੌਰਾਨ ਉਹਨਾਂ ਨੂੰ ਪੈਦਾ ਕੀਤਾ ਜਾਵੇ। ਸੁਭਾਵਿਕ ਤੌਰ 'ਤੇ ਉਹਨਾਂ ਹਾਲਾਤਾਂ ਵਿੱਚ ਬਚਾਅ ਪੱਖ ਸਭ ਤੋਂ ਵਧੇਰੇ ਨੁਕਸਾਨ ਵਾਲੀ ਜਾਂ ਮੁਸ਼ਕਲ ਹਾਲਤਾਂ ਵਿੱਚ ਪਹੁੰਚ ਜਾਂਦਾ ਹੈ। ਪਰ ਇਹ ਸਭ ਵੀ ਜਾਣਿਆ-ਬੱਝਿਆ ਹੈ। ਕਿਉਂਕਿ ਕਾਨੂੰਨ ਦੁਆਰਾ ਬਚਾਅ ਪੱਖ ਦੇ ਵਕੀਲ ਦੀ ਧਾਰਨਾ ਪੱਕੀ ਨਹੀਂ ਹੁੰਦੀ, ਉਸਦੀ ਹਾਜ਼ਰੀ ਤਾਂ ਸਿਰਫ਼ ਆਗਿਆ ਦੇ ਅਧਾਰ 'ਤੇ ਹੈ, ਅਤੇ ਇੱਥੋਂ ਤੱਕ ਕਿ ਕਾਨੂੰਨ ਦੇ ਢੁੱਕਵੇਂ ਭਾਗ ਦੀ ਇਹ ਵਿਆਖਿਆ ਕਿ ਉਹਨਾਂ ਦੇ ਉੱਥੇ ਹੋਣ ਤੋਂ ਘੱਟ ਤੋਂ ਘੱਟ ਸਹਿਣ ਤਾਂ ਕਰ ਲਿਆ ਜਾਵੇ, ਵੀ ਵਿਵਾਦ ਭਰਿਆ ਹੈ। ਨਿਯਮਾਂ ਦੇ ਅਨੁਸਾਰ ਇਸ ਲਈ ਅਸਲ ਵਿੱਚ ਅਦਾਲਤ ਵਿੱਚ ਕਿਸੇ ਵੀ ਆਦਮੀ ਦੀ ਜ਼ਰੂਰਤ ਨਹੀਂ ਹੈ, ਅਤੇ ਇਸ ਅਦਾਲਤ ਵਿੱਚ ਜਿਹੜੇ ਵੀ ਵਕੀਲ ਹਾਜ਼ਰ ਹੋਏ, ਉਹ ਤਾਂ ਦਰਅਸਲ ਲੁਕਣਮੀਚੀ ਵਾਲੇ ਵਕੀਲ ਹੀ ਸਨ। ਸੁਭਾਵਿਕ ਤੌਰ 'ਤੇ ਇਹ ਪੂਰੇ ਪੇਸ਼ੇ ਲਈ ਬਹੁਤ ਬੇਇੱਜ਼ਤੀ ਭਰਿਆ ਤੱਥ ਹੈ, ਅਤੇ ਅਗਲੀ ਵਾਰ ਕੇ. ਅਦਾਲਤ ਵਿੱਚ ਜਾਵੇ ਤਾਂ ਉਸਨੂੰ ਵਕੀਲਾਂ ਦੇ ਕਮਰੇ ਵਿੱਚ ਇੱਕ ਵਾਰ ਨਜ਼ਰ ਸੁੱਟ ਕੇ ਵੇਖਣਾ ਪਵੇਗਾ, ਬਸ ਇਸ ਲਈ ਕਿ ਉਸਨੇ ਇੱਕ ਵਾਰ ਉੱਥੇ ਨਿਗ੍ਹਾ ਸੁੱਟ ਲਈ ਹੈ, ਤਾਂ ਉਹ ਉੱਥੇ ਬੈਠੇ ਲੋਕਾਂ ਦੇ ਮੇਲੇ ਨੂੰ ਵੇਖ ਕੇ ਡਰ ਜਾਵੇਗਾ।

ਉਹਨਾਂ ਲਈ ਜਿਹੜਾ ਕਮਰਾ ਦਿੱਤਾ ਗਿਆ ਹੈ, ਉਹ ਬਿਲਕੁਲ ਸੁੰਗੜਿਆ ਹੋਇਆ ਅਤੇ ਨੀਵਾਂ ਹੈ, ਜਿਹੜਾ ਇਹਨਾਂ ਲੋਕਾਂ ਦੇ ਪ੍ਰਤੀ ਅਦਾਲਤ ਦੁਆਰਾ ਹੇਠੀ ਵਿਖਾਉਣ ਦਾ ਤਰੀਕਾ ਹੈ। ਕਮਰੇ ਵਿੱਚ ਰੌਸ਼ਨੀ ਆਉਣ ਦਾ ਇਕੋ-ਇਕ ਰਸਤਾ ਇਕ ਛੋਟੇ ਜਿਹੇ ਰੌਸ਼ਨਦਾਨ ਤੋਂ ਹੈ, ਜਿਹੜਾ ਇੰਨੀ ਉਚਾਈ 'ਤੇ ਹੈ ਕਿ ਜੇ ਤੁਸੀਂ ਉੱਥੋਂ ਬਾਹਰ ਵੇਖਣਾ ਚਾਹੋਂ ਤਾਂ ਪਹਿਲਾਂ ਆਪਣੇ ਕਿਸੇ ਸਾਥੀ ਨੂੰ ਉੱਥੇ ਖੜ੍ਹਾ ਕਰਕੇ ਉਸਦੇ ਮੋਢਿਆਂ ਤੇ ਚੜ੍ਹਨਾ ਪਵੇਗਾ ਅਤੇ ਫ਼ਿਰ ਕੋਲੋਂ ਕਿਸੇ ਦੀ ਚਿਮਨੀ ਦਾ ਉੱਠਦਾ ਹੋਇਆ ਧੂੰਆਂ ਤੇਰੇ ਨੱਕ ਵਿੱਚ ਵੜ ਜਾਵੇਗਾ ਅਤੇ ਤੇਰੇ ਚਿਹਰੇ ਨੂੰ ਕਾਲਾ ਕਰ ਦੇਵੇਗਾ। ਇਸ ਕਮਰੇ ਦੇ ਫ਼ਰਸ਼ 'ਤੇ - ਉੱਥੋਂ ਦੇ ਹਾਲਾਤ ਦੀ ਉਦਾਹਰਨ ਪੇਸ਼ ਕਰਨ ਦੇ ਲਈ ਕਹਿ ਰਿਹਾ ਹਾਂ - ਪਿਛਲੇ ਲਗਭਗ ਇੱਕ ਸਾਲ ਤੋਂ ਉੱਥੇ ਇੱਕ ਮੋਰਾ ਹੈ, ਇੰਨਾ ਵੱਡਾ ਤਾਂ ਨਹੀਂ ਹੈ ਕਿ ਕੋਈ ਆਦਮੀ ਉਸ ਵਿੱਚ ਡਿੱਗ ਪਵੇ, ਪਰ ਇੰਨਾ ਵੱਡਾ ਤਾਂ ਹੈ ਕਿ ਤੇਰੀ ਲੱਤ ਉਸ ਵਿੱਚ ਫਸ ਸਕਦੀ ਹੈ। ਹੁਣ ਕਿਉਂਕਿ ਇਹ ਕਮਰਾ ਉੱਪਰੀ ਮੰਜ਼ਿਲ ਤੇ ਹੈ, ਇਸ ਲਈ ਜੇ ਤੇਰੀ ਲੱਤ ਉਸ ਵਿੱਚ ਫਸ ਜਾਵੇ ਤਾਂ ਉਹ ਹੇਠਲੀ ਮੰਜ਼ਿਲ ਤੋਂ ਵਿਖਾਈ ਦੇਵੇਗੀ, ਅਤੇ ਠੀਕ ਉਸ ਬੂਹੇ ਦੇ ਉੱਪਰ ਜਿੱਥੇ ਮੁੱਦਈ ਲੋਕ ਉਡੀਕ ਵਿੱਚ ਬੈਠੇ ਹੁੰਦੇ ਹਨ। ਜੇਕਰ ਵਕੀਲ ਲੋਕ ਇਸ ਹਾਲਤ ਨੂੰ ਬੇਇੱਜ਼ਤੀ ਭਰਿਆ ਕਰਾਰ ਦੇ ਦੇਣ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਅਧਿਕਾਰੀਆਂ ਦੇ ਮਾਮਲੇ ਵਿੱਚ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦਾ ਭੋਰਾ ਵੀ ਨਤੀਜਾ ਨਹੀਂ ਨਿਕਲਦਾ, ਪਰ ਆਪਣੇ ਪੈਸਿਆਂ ਨਾਲ ਉਸ ਕਮਰੇ ਵਿੱਚ ਰਤਾ ਵੀ ਬਦਲਾਅ ਕਰਨ ਦੀ ਵਕੀਲਾਂ ਨੂੰ ਸਖ਼ਤ ਮਨਾਹੀ ਹੈ।

ਪਰ ਵਕੀਲਾਂ ਨਾਲ ਇਹ ਵਿਹਾਰ ਕਰਨ ਦਾ ਕਾਰਨ ਵੀ ਹੈ। ਇਸ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਸਫ਼ਾਈ ਪੱਖ ਦੇ ਵਕੀਲ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇ, ਤਾਂਕਿ ਸਾਰੀ ਅਪਰਾਧਿਕ ਜ਼ਿੰਮੇਵਾਰੀ ਦੋਸ਼ੀ ਉੱਤੇ ਹੀ ਸੁੱਟ ਦਿੱਤੀ ਜਾਵੇ। ਤਰਕ ਦੇ ਅਧਾਰ 'ਤੇ ਇਹ ਸਿਧਾਂਤ ਬੁਰਾ ਨਹੀਂ ਹੈ, ਪਰ ਇਸ ਤੋਂ ਇਹ ਨਤੀਜਾ ਕੱਢ ਲੈਣਾ ਇੱਕ ਦਮ ਗ਼ਲਤ ਹੈ ਕਿ ਮੁੱਦਈ ਨੂੰ ਇਸ ਅਦਾਲਤ ਵਿੱਚ ਬਚਾਅ ਲਈ ਵਕੀਲ ਦੀ ਲੋੜ ਹੀ ਨਹੀਂ ਹੈ। ਇਸਦੇ ਉਲਟ, ਕਿਸੇ ਹੋਰ ਕਚਹਿਰੀ ਵਿੱਚ ਵਕੀਲ ਦੀ ਇੰਨੀ ਸਖ਼ਤ ਲੋੜ ਨਹੀਂ ਹੈ। ਆਮਤੌਰ 'ਤੇ ਨਾ ਸਿਰਫ਼ ਜਨਤਾ ਤੋਂ ਕਾਰਵਾਈ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹ ਤਾਂ ਆਪ ਮੁੱਦਈ ਤੋਂ ਗੁਪਤ ਰਹਿੰਦੀ ਹੈ, ਹਾਲਾਂਕਿ ਜਿੱਥੋਂ ਤੱਕ ਕੁਦਰਤੀ ਗੱਲ ਗੁਪਤ ਰਹੇ ਉੱਥੋਂ ਤੱਕ, ਪਰ ਇਹ ਸੰਭਾਵਨਾ ਹੁਣ ਕਾਫ਼ੀ ਵਿਆਪਕ ਹੋ ਗਈ ਹੈ। ਜਿੱਥੋਂ ਤੱਕ ਕਿ ਮੁੱਦਈ ਵੀ ਅਦਾਲਤ ਦੇ ਦਸਤਾਵੇਜ਼ਾਂ ਤੱਕ ਨਹੀਂ ਪਹੁੰਚ ਪਾਉਂਦਾ, ਅਤੇ ਇਸ ਸੁਣਵਾਈ ਤੋਂ ਇਹ ਦੱਸ ਸਕਣਾ ਬਹੁਤ ਔਖਾ ਹੈ ਕਿ ਸੁਣਵਾਈ ਦਾ ਅਧਾਰ ਕੀ ਹੈ, ਖ਼ਾਸ ਕਰਕੇ ਉਸ ਮੁੱਦਈ ਦੇ ਲਈ ਜਿਹੜਾ ਸੰਵੇਦਨਸ਼ੀਲ ਹੈ ਅਤੇ ਕਈ ਤਰ੍ਹਾਂ ਦੇ ਫ਼ਿਕਰਾਂ ਵਿੱਚ ਉਲਝਿਆ ਹੋਇਆ ਹੈ। ਇੱਥੋਂ ਬਚਾਅ ਪੱਖ ਦੇ ਵਕੀਲ ਦੀ ਸ਼ੁਰੂਆਤ ਹੁੰਦੀ ਹੈ। ਆਮ ਤੌਰ 'ਤੇ ਤਾਂ ਇਹੀ ਹੁੰਦਾ ਹੈ, ਕਿ ਬਚਾਅ ਪੱਖ ਦੇ ਵਕੀਲ ਨੂੰ ਸੁਣਵਾਈ ਦੇ ਮੌਕੇ 'ਤੇ ਹਾਜ਼ਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਸੁਣਵਾਈ ਪਿੱਛੋਂ ਮੁੱਦਈ ਤੋਂ ਹੀ ਸੁਣਵਾਈ ਦੇ ਬਾਰੇ ਪੁੱਛਗਿੱਛ ਕਰਨੀ ਪੈਂਦੀ ਹੈ ਅਤੇ ਜੇ ਕਦੇ-ਕਦੇ ਤਾਂ ਸੁਣਵਾਈ ਵਾਲੇ ਕਮਰੇ ਦਾ ਬੂਹੇ 'ਤੇ ਹੀ, ਅਤੇ ਰਿਪੋਰਟਾਂ ਦੇ ਅਧਾਰ 'ਤੇ, ਜੋ ਪਹਿਲਾਂ ਅਧੂਰੀਆਂ ਹੁੰਦੀਆਂ ਹਨ, ਵਕੀਲ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਕਰਨਾ ਹੁੰਦਾ ਹੈ ਜਿਹੜੀਆਂ ਕਿ ਬਚਾਅ ਦੇ ਲਈ ਜ਼ਰੂਰੀ ਹੋਣ।

ਪਰ ਇਹੀ ਸਭ ਤੋਂ ਜ਼ਰੂਰੀ ਚੀਜ਼ ਨਹੀਂ ਹੈ, ਕਿਉਂਕਿ ਇਸ ਤਰੀਕੇ ਨਾਲ ਬਹੁਤਾ ਕੁੱਝ ਸਿੱਖਿਆ ਨਹੀਂ ਜਾ ਸਕਦਾ, ਹਾਲਾਂਕਿ ਇੱਥੇ, ਜਿਵੇਂ ਕਿ ਹਰੇਕ ਹੋਰ ਥਾਵਾਂ 'ਤੇ ਵੀ, ਕੋਈ ਤਜਰਬੇਕਾਰ ਆਦਮੀ ਦੂਜੇ ਲੋਕਾਂ ਤੋਂ ਵਧੇਰੇ ਸਿੱਖਣ ਦੀ ਸਮਰੱਥਾ ਰੱਖਦਾ ਹੈ। ਫ਼ਿਰ ਵੀ, ਸਭ ਤੋਂ ਵਧੇਰੇ ਜ਼ਰੂਰੀ ਚੀਜ਼ ਤਾਂ ਵਕੀਲ ਦੇ ਉਹ ਵਿਅਕਤੀਗਤ ਸਬੰਧ ਹਨ ਜਿਹੜਾ ਉਹ ਕਰਮਚਾਰੀਆਂ ਨਾਲ ਬਣਾ ਸਕਦਾ ਹੈ, ਅਤੇ ਬਚਾਅ ਪੱਖ ਦੇ ਵਕੀਲ ਦੀ ਮੁੱਖ ਕੀਮਤ ਇਹੀ ਹੈ। ਆਪਣੇ ਤਜਰਬੇ ਨਾਲ, ਕੇ. ਵੀ ਸ਼ਾਇਦ ਹੁਣ ਤੱਕ ਇਹ ਜਾਣ ਚੁੱਕਾ ਹੈ ਕਿ ਕਚਹਿਰੀ ਦਾ ਸਭ ਤੋਂ ਹੇਠਲਾ ਢਾਂਚਾ ਕਿਸੇ ਵੀ ਪੱਖ ਨਾਲ ਪੂਰਨ ਨਹੀਂ ਹੈ। ਸਨਮਾਨਿਤ ਵਿਅਕਤੀਗਤ ਸਬੰਧਾਂ ਦੇ ਇਲਾਵਾ ਕਿਸੇ ਚੀਜ਼ ਦੀ ਕੋਈ ਅਸਲ ਕੀਮਤ ਨਹੀਂ ਹੈ, ਉਹ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ, ਜਿਸਦਾ ਸ਼ਾਇਦ ਮਤਲਬ ਹੈ ਕਿ ਹੇਠਲੇ ਗ੍ਰੇਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ। ਇਹੀ ਇੱਕੋ-ਇੱਕ ਰਸਤਾ ਹੈ ਕਿ ਕਾਨੂੰਨੀ ਦਾਅ-ਪੇਚਾਂ ਤੇ ਕੁੱਝ ਪ੍ਰਭਾਵ ਪਾਇਆ ਜਾ ਸਕੇ, ਪਹਿਲਾਂ ਤਾਂ ਸਿਰਫ਼ ਵਿਖਾਉਣ ਲਈ ਹੀ ਪਰ ਜਿਵੇਂ-ਜਿਵੇਂ ਸਮਾਂ ਲੰਘੇ ਤਾਂ ਸਾਫ਼ ਤੌਰ 'ਤੇ ਵਿਖਾਈ ਦੇਣ ਯੋਗ ਪ੍ਰਭਾਵ।

ਹਾਂ, ਬਹੁਤ ਘੱਟ ਵਕੀਲ ਇਸਨੂੰ ਪਾ ਸਕਣ ਦੀ ਯੋਗਤਾ ਰੱਖਦੇ ਹਨ, ਅਤੇ ਇੱਥੇ ਆਕੇ ਸਿੱਟੇ ਇਹ ਨਿਕਲਦਾ ਹੈ ਕਿ ਇਸਦੇ ਬਾਰੇ ’ਚ ਕੇ. ਦੀ ਚੋਣ ਕਿੰਨੀ ਭਾਗਾਂ ਭਰੀ ਹੈ। ਡਾਕਟਰ ਹੁਡ ਦੇ ਸੰਪਰਕਾਂ ਦੇ ਪੱਧਰ `ਤੇ ਇੱਧਰ ਸ਼ਾਇਦ ਇੱਕ ਜਾਂ ਦੋ ਵਕੀਲ ਹੀ ਹਨ। ਸ਼ਾਇਦ ਇਹ ਲੋਕ ਵਕੀਲਾਂ ਦੇ ਕਮਰੇ ’ਚ ਲੱਗੀ ਭੀੜ ਦੇ ਬਾਰੇ ਪਰਵਾਹ ਨਹੀਂ ਕਰਦੇ ਹਨ ਅਤੇ ਉਹਨਾਂ ਨਾਲ ਉਹਨਾਂ ਨੂੰ ਕੋਈ ਮਤਲਬ ਵੀ ਨਹੀਂ ਹੁੰਦਾ। ਪਰ ਅਦਾਲਤ ਕਰਮੀਆਂ ਦੇ ਨਾਲ ਉਹਨਾਂ ਦੇ ਡੂੰਘੇ ਸਬੰਧ ਹਨ। ਡਾਕਟਰ ਹੁਡ ਦੇ ਲਈ ਹਮੇਸ਼ਾ ਅਦਾਲਤ ਵਿੱਚ ਜਾਣ ਨਹੀਂ ਹੈ, ਅਤੇ ਜੇ ਇਹ ਹੋਵੇ ਵੀ ਤਾਂ ਪੜਤਾਲ ਕਰਨ ਦੀ ਤਾਂ ਬਿਲਕੁਲ ਵੀ ਲੋੜ ਨਹੀਂ ਹੈ ਅਤੇ ਉਹਨਾਂ ਦੇ ਮੂਡ ’ਤੇ ਅਧਾਰਿਤ ਕੋਈ ਵਿਖਾਈ ਦੇਣ ਵਾਲੀ ਸਫ਼ਲਤਾ ਹਾਸਲ ਕਰਨੀ ਵੀ ਜ਼ਰੂਰੀ ਨਹੀਂ ਹੈ।

ਨਹੀਂ, ਕੇ. ਨੇ ਆਪ ਜ਼ਰੂਰ ਹੀ ਵੇਖਿਆ ਹੈ ਕਿ ਕਿਵੇਂ ਕਰਮਚਾਰੀ, ਜਿਹਨਾਂ ਵਿੱਚ ਕੁੱਝ ਤਾਂ ਬਹੁਤ ਵੱਡੇ ਹਨ, ਆਪ ਆਕੇ ਸੂਚਨਾ ਦੇਣ ਦੀ ਪੇਸ਼ਕਸ਼ ਕਰਦੇ ਹਨ। ਅਜਿਹੀ ਸੂਚਨਾ ਜਿਹੜੀ ਸਾਫ਼ ਹੋਵੇ ਜਾਂ ਘੱਟ ਤੋਂ ਘੱਟ ਜਿਸਤੋਂ ਆਸਾਨੀ ਨਾਲ ਨਤੀਜੇ ਕੱਢੇ ਜਾ ਸਕਦੇ ਹਨ, ਜਾਂ ਕੇਸ ਦੀ ਅਗਲੀ ਸਟੇਜ 'ਤੇ ਚਰਚਾ ਕੀਤੀ ਜਾ ਸਕਦੀ ਹੈ। ਅਸਲ ਵਿੱਚ ਉਹ ਆਪਣੇ-ਆਪ ਨੂੰ ਵਿਅਕਤੀਗਤ ਕੇਸਾਂ ਵਿੱਚ ਤਾਂ ਸੂਚਨਾ ਦੇਣ ਦੀ ਕਾਹਲੇ ਵੇਖਦੇ ਹਨ ਅਤੇ ਦੂਜੇ ਲੋਕਾਂ ਦੇ ਪੱਖ ਨੂੰ ਖੁਸ਼ੀ-ਖੁਸ਼ੀ ਮੰਨ ਲੈਂਦੇ ਹਨ, ਸ਼ਾਇਦ ਇਸ ਮੁੱਦੇ 'ਤੇ ਉਹਨਾਂ ਤੇ ਪੂਰੀ ਤਰ੍ਹਾਂ ਯਕੀਨ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਜ਼ਰੂਰ ਹੀ ਉਹ ਸਫ਼ਾਈ-ਪੱਖ ਦੇ ਲਈ ਕੋਈ ਠੋਸ ਮੁੱਦਾ ਜ਼ਰੂਰ ਫੜਾ ਦਿੰਦੇ ਹਨ। ਫ਼ਿਰ ਉਹ ਸਿੱਧੇ ਆਪਣੇ ਦਫ਼ਤਰਾਂ ਵਿੱਚ ਚਲੇ ਜਾਂਦੇ ਹਨ ਅਤੇ ਦੂਜੇ ਦਿਨ ਅਜਿਹਾ ਬਿਆਨ ਜਾਰੀ ਕਰਦੇ ਹਨ ਜਿਹੜਾ ਉਹਨਾਂ ਦੇ ਪਿਛਲੇ ਕਥਨ ਤੋਂ ਬਿਲਕੁਲ ਉਲਟ ਹੁੰਦਾ ਹੈ, ਅਤੇ ਮੁੱਦਈ 'ਤੇ ਭਿਆਨਕ ਕਠੋਰਤਾ ਨਾਲ ਵਾਰ ਕਰਦੇ ਹਨ, ਉਸਤੋਂ ਕਿਤੇ ਵਧੇਰੇ ਜਿੰਨਾ ਕਿ ਉਸਦੀ ਮੌਲਿਕ ਇੱਛਾ ਰਹਿ ਜਾਂਦੀ ਹੋਵੇਗੀ, ਜਿਸ ਬਾਰੇ ਵਿੱਚ ਉਹਨਾਂ ਦਾ ਦਾਅਵਾ ਰਹਿੰਦਾ ਹੈ ਕਿ ਉਹ ਪੂਰੀ ਤਰ੍ਹਾਂ ਉਸਨੂੰ ਖਾਰਜ ਕਰ ਚੁੱਕੇ ਹਨ। ਸੁਭਾਵਿਕ ਤੌਰ 'ਤੇ ਇਸਦਾ ਕੋਈ ਹੱਲ ਨਹੀਂ ਹੈ, ਕਿਉਂਕਿ ਵਿਅਕਤੀਗਤ ਗੱਲਬਾਤ ਵਿੱਚ ਉਹਨਾਂ ਨੇ ਜੋ ਕਿਹਾ ਉਹ ਤਾਂ ਇੱਕ ਦਮ ਵਿਅਕਤੀਗਤ ਹੀ ਹੈ ਅਤੇ ਜਨਤਕ ਤੌਰ 'ਤੇ ਇਸਦਾ ਪ੍ਰੀਖਣ ਸੰਭਵ ਨਹੀਂ ਹੈ, ਚਾਹੇ ਬਚਾਅ ਪੱਖ ਇਸ ਸੱਜਣਤਾ ਨਾਲ ਕੋਈ ਸਬੰਧ ਰੱਖੇ ਜਾਣ ਦਾ ਹਾਮੀ ਨਾ ਵੀ ਰਿਹਾ ਹੋਵੇ। ਦੂਜੇ ਪਾਸੇ, ਇਹ ਵੀ ਤੈਅ ਹੈ ਕਿ ਬਚਾਅ ਪੱਖ ਦੇ ਵਕੀਲ ਨਾਲ ਸੰਪਰਕ ਰੱਖਣਾ ਉਹਨਾਂ ਦੀ ਕਿਸੇ ਭਲਮਾਣਸੀ ਜਾਂ ਦੋਸਤੀ ਦੀ ਵਜਾ ਨਾਲ ਨਹੀਂ ਹੈ, ਅਤੇ ਕਿਸੇ ਸਮਰੱਥ ਵਕੀਲ ਦੇ ਨਾਲ ਸੰਪਰਕ ਬਣਾਈ ਰੱਖਣਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਕਿਸੇ ਹੱਦ ਤੱਕ ਉਹ ਉਹਨਾਂ ਦੇ ਆਸਰੇ ’ਤੇ ਹੁੰਦੇ ਹਨ। ਇੱਥੇ ਆਕੇ ਨਿਆਂ ਵਿਵਸਥਾ ਦੀ ਮੁੱਖ ਖ਼ਾਮੀ ਉਜਾਗਰ ਹੁੰਦੀ ਹੈ ਜਿਹੜੀ ਸ਼ੁਰੂ ਤੋਂ ਹੀ ਆਪਣੇ ਰਾਜ਼ਦਾਰੀ ਦਾ ਦਾਅਵਾ ਕਰਦੀ ਹੈ। ਕਰਮਚਾਰੀ ਜਨਤਾ ਨਾਲੋਂ ਟੁੱਟੇ ਹੋਏ ਹਨ, ਕੇਸਾਂ ਨੂੰ ਸਧਾਰਨ ਚਲਾਊ ਢੰਗ ਨਾਲ ਨਬੇੜਨ ਦੇ ਲਈ ਉਹ ਤਿਆਰ ਹਨ, ਕਿਉਂਕਿ ਅਜਿਹਾ ਕੇਸ ਤਾਂ ਆਪਣੀ ਸੁਭਾਵਿਕ ਚਾਲ ਚਲਦਾ ਰਹੇਗਾ ਅਤੇ ਕਿਸੇ ਕਦੇ-ਕਦਾਈਂ ਵਾਲੇ ਧੱਕੇ ਦੀ ਲੋੜ ਹੁੰਦੀ ਹੈ। ਪਰ ਜਦੋਂ ਇੱਕ ਦਮ ਸਧਾਰਨ ਕੇਸ ਜਾਂ ਖ਼ਾਸ ਤੌਰ 'ਤੇ ਮੁਸ਼ਕਿਲ ਕੇਸ ਸਾਹਮਣੇ ਆ ਜਾਂਦੇ ਹਨ ਤਾਂ ਉਹ ਇੱਕ ਦਮ ਨਾਮਸਝੀ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਹਨ ਕਿਉਂਕਿ ਦਿਨ-ਰਾਤ ਲਗਾਤਾਰ ਉਹ ਆਪਣੀ ਨਿਆਂ ਵਿਵਸਥਾ ਦੀ ਚਕਾਚੌਂਧ ਵਿੱਚ ਮਾਰੇ ਰਹਿੰਦੇ ਹਨ ਅਤੇ ਆਦਮੀ ਦੀ ਅਸਲ ਸਬੰਧਾਂ ਦੀ ਸਮਝ ਬਿਲਕੁਲ ਹੀ ਨਹੀਂ ਰੱਖਦੇ। ਜਦਕਿ ਅਜਿਹੇ ਮਾਮਲਿਆਂ ਵਿੱਚ ਇਹ ਭਾਵਨਾ ਅਤਿ-ਜ਼ਰੂਰੀ ਹੋਣ ਦੇ ਇਲਾਵਾ ਬਾਕੀ ਸਭ ਕੁੱਝ ਹੈ।

ਫ਼ਿਰ ਉਹ ਵਕੀਲਾਂ ਦੀ ਰਾਏ ਮੰਗਣ ਜਾਂਦੇ ਹਨ। ਉਹਨਾਂ ਦੇ ਪਿੱਛੇ ਦਸਤਾਵੇਜ਼ ਚੁੱਕੀ ਇੱਕ ਕਲਰਕ ਚੱਲ ਰਿਹਾ ਹੁੰਦਾ ਹੈ। ਇਹਨਾਂ ਦਸਤਾਵੇਜ਼ਾਂ ਨੂੰ ਇੱਕ ਦਮ ਰਾਜ਼ ਬਣਾ ਕੇ ਰੱਖਿਆ ਜਾਂਦਾ ਹੈ। ਖਿੜਕੀ ਦੇ ਕੋਲ ਕੁੱਝ ਸੱਜਣ, ਜਿਹਨਾਂ ਨੂੰ ਵੇਖਣ ਦੀ ਆਸ ਕਿਸੇ ਦੀ ਵੀ ਨਹੀਂ ਹੋਵੇਗੀ, ਅਤਿ ਉਦਾਸੀ ਦੇ ਭਾਵ ਨਾਲ ਗਲੀ ਵਿੱਚ ਝਾਕ ਰਹੇ ਹੋਣਗੇ, ਜਦਕਿ ਆਪਣੇ ਮੇਜ਼ ਦੇ ਕੋਲ ਬੈਠਾ ਵਕੀਲ ਇਹਨਾਂ ਦਸਤਾਵੇਜ਼ਾਂ ਨੂੰ ਪੜ੍ਹਨ ਵਿੱਚ ਲੀਨ ਹੁੰਦਾ ਹੈ ਤਾਂ ਕਿ ਮੰਗਣ ਵਾਲੇ ਨੂੰ ਉਹ ਬਿਹਤਰ ਸਲਾਹ ਦੇ ਸਕੇ। ਇਸੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਹੜੀ ਸੰਗਠਿਤ ਗੰਭੀਰਤਾ ਦੇ ਨਾਲ ਇਹ ਲੋਕ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ ਅਤੇ ਕਿਸ ਤਰ੍ਹਾਂ ਆਪਣੇ ਰਾਹ ਵਿੱਚ ਪੈਣ ਵਾਲੇ ਰੋੜਿਆਂ ਤੋਂ ਉਹ ਗੁੱਸੇ ਵਿੱਚ ਆ ਜਾਂਦੇ ਹਨ ਜਿਹਨਾਂ ਉੱਪਰ ਆਪਣੀ ਸੁਭਾਵਿਕ ਕਮਜ਼ੋਰੀ ਦੇ ਕਾਰਨ ਕਾਬੂ ਕਰ ਸਕਣਾ ਉਹਨਾਂ ਦੇ ਲਈ ਸੰਭਵ ਨਹੀਂ ਹੈ। ਕੋਈ ਦੂਜੇ ਤਰੀਕੇ ਵੀ ਹਨ ਜਿਹਨਾਂ ਦੇ ਕਾਰਨ ਉਹਨਾਂ ਦੀ ਸਥਿਤੀ ਸੌਖੀ ਨਹੀਂ ਹੈ, ਅਤੇ ਉਹਨਾਂ ਦੀਆਂ ਹਾਲਤਾਂ ਨੂੰ ਸੌਖਾ ਮੰਨ ਲੈਣਾ ਉਹਨਾਂ ਨਾਲ ਬੇਇਨਸਾਫ਼ੀ ਹੈ। ਅਦਾਲਤ ਦਾ ਪੌੜੀਦਾਰ ਢਾਂਚਾ ਅਸੀਮਤ ਹੈ, ਇਸਦੇ ਕੁੱਝ ਹਿੱਸੇ ਤਾਂ ਵੇਖ ਸਕਣਾ ਵੀ ਮੁਮਕਿਨ ਨਹੀਂ ਹੈ। ਅਦਾਲਤ ਵਿੱਚ ਚੱਲ ਰਹੀ ਕਾਰਵਾਈ ਕਚਹਿਰੀ ਦੇ ਹੇਠਲੇ ਕਰਮੀਆਂ ਤੱਕ ਵੀ ਗੁਪਤ ਰੱਖੀ ਜਾਂਦੀ ਹੈ, ਤਾਂਕਿ ਉਹ ਜਿਹੜੇ ਮੁਕੱਦਮਿਆਂ ਉੱਪਰ ਕੰਮ ਕਰ ਰਹੇ ਹੁੰਦੇ ਹਨ ਉਹਨਾਂ ਤੇ ਉਹ ਅਗਲੀ ਲੋੜੀਂਦੀ ਕਾਰਵਾਈ ਕਰਨ ਤੋਂ ਵਾਂਝੇ ਰਹਿਣ। ਇਸ ਲਈ ਇੱਕ ਕਾਨੂੰਨੀ ਸਵਾਲ ਉਹਨਾਂ ਦੇ ਕਾਰਜ-ਖੇਤਰ ਵਿੱਚ ਵੜ ਸਕਦਾ ਹੈ, ਜਿਹੜਾ ਉਹਨਾਂ ਦੀ ਜਾਣਕਾਰੀ ਦੇ ਬਿਨ੍ਹਾਂ ਚਾਲੂ ਰਹਿ ਸਕਦਾ ਹੈ, ਪਹਿਲਾਂ ਇਹ ਜਾਣੇ ਬਗੈਰ ਕਿ ਇਹ ਕਿਵੇਂ ਲਮਕਦਾ ਰਿਹਾ ਹੈ ਅਤੇ ਪਿੱਛੋਂ ਇਸਦਾ ਕੀ ਬਣਿਆ। ਇਸ ਲਈ ਮੁਕੱਦਮੇ ਦੌਰਾਨ ਘਟਨਾਵਾਂ ਨੂੰ ਜਾਣੇ ਬਿਨ੍ਹਾਂ ਕਰਮੀਆਂ ਦੇ ਲਈ ਉਸਦੇ ਅੰਤ ਨਤੀਜੇ ਅਤੇ ਇਸਦੇ ਕਾਰਨ ਉਪਲਬਧ ਰਹਿੰਦੇ ਹਨ। ਕਾਨੂੰਨ ਦੁਆਰਾ ਤੈਅ ਮੁਕੱਦਮੇ ਦੇ ਕੁੱਝ ਅੰਸ਼ਾਂ ਨਾਲ ਹੀ ਉਹ ਵਾਸਤਾ ਰੱਖ ਸਕਦੇ ਹਨ ਅਤੇ ਬਾਕੀ ਚੀਜ਼ਾਂ ਦੇ ਬਾਰੇ ਉਹਨਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ। ਇਸਦਾ ਮਤਲਬ ਕਿ ਉਹਨਾਂ ਨੂੰ ਆਪਣੇ ਕੰਮ ਦੇ ਨਤੀਜੇ ਦੀ ਜਾਣਕਾਰੀ ਹੁੰਦੀ ਹੈ ਅਤੇ ਉਹਨਾਂ ਨੂੰ ਸਫ਼ਾਈ-ਪੱਖ ਦੇ ਵਕੀਲ, ਜਿਹੜੇ ਮੁਕੱਦਮੇ ਦੇ ਲਗਭਗ ਪੂਰੇ ਵਕਫ਼ੇ ਦੌਰਾਨ ਉਸਦੇ ਤੱਥਾਂ ਨਾਲ ਜੁੜਿਆ ਰਹਿੰਦਾ ਹੈ, ਦੀ ਜਾਣਕਾਰੀ ਉਹਨਾਂ ਨੂੰ ਆਮ ਤੌਰ 'ਤੇ ਨਹੀਂ ਹੁੰਦੀ। ਇਸ ਲਈ ਇਸ ਬਾਰੇ ਵਿੱਚ ਵੀ ਉਹ ਸਫ਼ਾਈ-ਪੱਖ ਦੇ ਵਕੀਲ ਤੋਂ ਕਾਫ਼ੀ ਕੁੱਝ ਸਿੱਖ ਸਕਦੇ ਹਨ। ਹੁਣ ਵੀ ਕੀ ਕੇ. ਇਸ ਸਾਰੀ ਜਾਣਕਾਰੀ ਦੇ ਮੱਦੇਨਜ਼ਰ ਹੈਰਾਨ ਹੈ ਕਿ ਕਰਮਚਾਰੀ ਲੋਕ ਅਚੇਤ ਹੁੰਦੇ ਹਨ ਜਾਂ ਮੁਦੱਈਆਂ ਦੇ ਨਾਲ ਆਮ ਤੌਰ 'ਤੇ ਉਹ ਬੁਰਾ ਵਿਹਾਰ ਕਿਉਂ ਕਰਦੇ ਹਨ? ਹਰੇਕ ਦੇ ਨਾਲ ਇਹੀ ਹੁੰਦਾ ਹੈ। ਸਾਰੇ ਕਰਮਚਾਰੀ ਇਸੇ ਤਰ੍ਹਾਂ ਹੀ ਅਚੇਤ ਹੁੰਦੇ ਹਨ, ਚਾਹੇ ਬਾਹਰੀ ਤੌਰ 'ਤੇ ਉਹ ਇੱਕ ਦਮ ਸ਼ਾਂਤ-ਚਿਤ ਹੀ ਕਿਉਂ ਨਾ ਵਿਖਾਈ ਦਿੰਦੇ ਹੋਣ। ਭਾਵੇਂ ਛੋਟੇ ਵਕੀਲਾਂ ਨੂੰ ਅਜਿਹੀਆਂ ਕਿੰਨੀਆਂ ਹੀ ਚੀਜ਼ਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ।

ਉਦਾਹਰਨ ਦੇ ਲਈ, ਇਹ ਕਹਾਣੀ ਜਿਸ ਵਿੱਚ ਸੱਚਾਈ ਦਾ ਪੂਰਾ ਭਾਵ ਹੁੰਦਾ ਹੈ, ਸੁਣਾਈ ਗਈ ਸੀ। ਇੱਕ ਬੁੱਢਾ ਕਰਮਚਾਰੀ, ਗੰਭੀਰ ਅਤੇ ਚੁੱਪ ਰਹਿਣ ਵਾਲਾ ਆਦਮੀ, ਇੱਕ ਮੁਸ਼ਕਿਲ ਮੁਕੱਦਮੇ ਨਾਲ ਰੂਬਰੂ ਹੋਇਆ ਅਤੇ ਉਸਨੇ ਪੂਰਾ ਇੱਕ ਦਿਨ ਅਤੇ ਰਾਤ ਉਸ ਕੇਸ ਦਾ ਅਧਿਐਨ ਕੀਤਾ ਸੀ- ਇਹ ਕਰਮਚਾਰੀ ਲੋਕ ਮਿਹਨਤੀ ਸਨ, ਦੂਜੇ ਕਿਸੇ ਵੀ ਵਿਅਕਤੀ ਨਾਲੋਂ ਮਿਹਨਤੀ। ਤਾਂ ਸਵੇਰ ਹੋਣ 'ਤੇ, ਚੌਵੀ ਘੰਟੇ ਕੰਮ ਕਰਨ ਪਿੱਛੋਂ ਅਤੇ ਸ਼ਾਇਦ ਇਸ ’ਤੇ ਜ਼ਿਆਦਾ ਵਿਖਾਵਾ ਕਰਨ ਦੀ ਬਜਾਏ, ਉਹ ਅੰਦਰ ਜਾਣ ਵਾਲੇ ਬੂਹੇ ਦੇ ਕੋਲ ਆ ਰੁਕਿਆ ਅਤੇ ਆਪਣੇ-ਆਪ ਨੂੰ ਇੱਕ ਪਾਸੇ ਲੁਕੋ ਕੇ, ਅੰਦਰ ਦਾਖਲ ਹੋਣ ਵਾਲੇ ਹਰੇਕ ਵਕੀਲ ਨੂੰ ਉਹ ਪੌੜੀਆਂ ਤੋਂ ਹੇਠਾਂ ਸੁੱਟਣ ਲੱਗਾ। ਵਕੀਲ ਲੋਕ ਇੱਕਠੇ ਹੋ ਕੇ ਫ਼ਿਰ ਵਿਚਾਰਨ ਲੱਗੇ ਕਿ ਹੁਣ ਕੀ ਕੀਤਾ ਜਾਵੇ। ਇੱਕ ਪਾਸੇ ਤਾਂ ਉਹਨਾਂ ਨੂੰ ਅੰਦਰ ਜਾ ਸਕਣ ਦਾ ਅਸਲ ਅਧਿਕਾਰ ਹੀ ਨਹੀਂ ਸੀ, ਇਸ ਲਈ ਉਕਤ ਕਰਮਚਾਰੀ ਦੇ ਖਿਲਾਫ਼ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਸਨ, ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਉਹਨਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਸੀ ਤਾਂਕਿ ਅਧਿਕਾਰੀ ਲੋਕ ਉਹਨਾਂ ਦੇ ਵਿਰੁੱਧ ਆਕੇ ਨਾ ਖੜ ਜਾਣ। ਦੂਜੇ ਪਾਸੇ ਉਹ ਹਰ ਰੋਜ਼ ਅਦਾਲਤ ਵਿੱਚ ਨਹੀਂ ਹੁੰਦੇ ਸਨ ਅਤੇ ਉਹਨਾਂ ਨੇ ਉਸ ਇੱਕ -ਇੱਕ ਦਿਨ ਦੀ ਪੂਰਤੀ ਕਰਨੀ ਹੁੰਦੀ ਹੈ, ਇਸ ਲਈ ਅੰਦਰ ਦਾਖਲ ਹੋਣਾ ਉਹਨਾਂ ਲਈ ਜ਼ਰੂਰੀ ਸੀ। ਅੰਤ ਇਸ ਗੱਲ ਉੱਪਰ ਸਹਿਮਤੀ ਹੋਈ ਕਿ ਉਸ ਬੁੱਢੇ ਕਰਮਚਾਰੀ ਨੂੰ ਥਕਾ ਕੇ ਬਾਹਰ ਕਰ ਦਿੱਤਾ ਜਾਵੇ। ਇੱਕ ਪਿੱਛੋਂ ਇੱਕ ਵਕੀਲ ਨੂੰ ਪੌੜੀਆਂ ਤੋਂ ਹੇਠਾਂ ਭੇਜਿਆ ਗਿਆ ਅਤੇ ਉਹ ਥੋੜ੍ਹੇ ਜਿਹੇ ਸੰਘਰਸ਼ ਪਿੱਛੋਂ ਹੀ ਉਹ ਆਪ ਨੂੰ ਬਾਹਰ ਸੁੱਟੇ ਜਾਣ ਲਈ ਪੇਸ਼ ਕਰਦੇ ਰਹੇ, ਜਿੱਥੇ ਉਹਨਾਂ ਦੇ ਸਾਥੀ ਉਹਨਾਂ ਨੂੰ ਸੰਭਾਲ ਲੈਂਦੇ ਸਨ। ਇਹ ਕੰਮ ਲਗਭਗ ਇੱਕ ਘੰਟੇ ਤੱਕ ਚਲਦਾ ਰਿਹਾ, ਫ਼ਿਰ ਉਹ ਬੁੱਢਾ ਆਦਮੀ ਜਿਹੜਾ ਰਾਤ ਭਰ ਦੀ ਮਿਹਨਤ ਤੋਂ ਪਹਿਲਾਂ ਹੀ ਥੱਕ ਚੁੱਕਾ ਸੀ, ਅਸਲ ਵਿੱਚ ਇਸ ਕੰਮ ਤੋਂ ਹੋਰ ਵਧੇਰੇ ਥੱਕ ਗਿਆ ਅਤੇ ਆਪਣੇ ਦਫ਼ਤਰ ਵਿੱਚ ਵਾਪਸ ਚਲਾ ਗਿਆ। ਹੇਠਾਂ ਖੜੇ ਲੋਕ ਪਹਿਲਾਂ ਤਾਂ ਇਸ ਗੱਲ ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਕਰ ਸਕੇ, ਇਸ ਲਈ ਉਹਨਾਂ ਨੇ ਆਪਣਾ ਇੱਕ ਆਦਮੀ ਉਸਨੂੰ ਵੇਖਣ ਲਈ ਭੇਜਿਆ ਕਿ ਕੀ ਉਹ ਵਾਕਈ ਉੱਥੋਂ ਜਾ ਚੁੱਕਾ ਹੈ। ਇਹ ਪੱਕਾ ਕਰ ਲੈਣ ਪਿੱਛੋਂ ਹੀ ਉਹ ਅੰਦਰ ਵੜੇ, ਅਤੇ ਸ਼ਾਇਦ ਉਹਨਾਂ ਦੀ ਸ਼ਿਕਾਇਤ ਕਰਨ ਦੀ ਵੀ ਹਿੰਮਤ ਨਹੀਂ ਹੋਈ। ਵਕੀਲਾਂ ਦੇ ਲਈ- ਅਤੇ ਇਹ ਸਭ ਤੋਂ ਹੇਠਲੇ ਪੱਧਰ ਦਾ ਵਕੀਲ ਵੀ ਵੇਖ ਸਕਦਾ ਸੀ ਉਹਨਾਂ ਲਈ ਹਾਲਤਾਂ ਕਿੰਨੀਆਂ ਭਿਆਨਕ ਹਨ- ਇਹਨਾਂ ਨੂੰ ਬਦਲਣ ਜਾਂ ਇਹਨਾਂ ਵਿੱਚ ਕੁੱਝ ਬਦਲਾਅ ਲਿਆਉਣ ਦੀ ਉਹਨਾਂ ਦੀ ਕੋਈ ਮੰਸ਼ਾ ਨਹੀਂ ਸੀ, ਜਦਕਿ ਅਤੇ ਇਹ ਬਹੁਤ ਖ਼ਾਸ ਚੀਜ਼ ਸੀ- ਪਹਿਲਾਂ ਹਰੇਕ ਮੁੱਦਈ, ਬਿਲਕੁਲ ਸਧਾਰਨ ਲੋਕ ਤੱਕ, ਅਜਿਹੇ ਮੁਕੱਦਮੇ ਵਿੱਚ ਜਾ ਉਲਝੇ ਸਨ ਜਿਸ ਵਿੱਚ ਉਹਨਾਂ ਨੇ ਹੀ ਉਲਝਣਾ ਸੀ, ਨਾ ਸਿਰਫ਼ ਉਹ ਚੀਜ਼ਾਂ ਵਿੱਚ ਬਦਲਾਅ ਦੇ ਬਾਰੇ 'ਚ ਸੋਚਣ ਲੱਗੇ ਸਗੋਂ ਉਹਨਾਂ ਚੀਜ਼ਾਂ ਵਿੱਚ ਆਪਣਾ ਵਕਤ ਅਤੇ ਊਰਜਾ ਬਰਬਾਦ ਕਰਨ ਲੱਗੇ ਜਿਸਦਾ ਇਸਤੇਮਾਲ ਹੋਰ ਥਾਵਾਂ 'ਤੇ ਬਿਹਤਰ ਕੀਤਾ ਜਾ ਸਕਦਾ ਸੀ। ਵਿਖਾਈ ਦੇਣ ਵਾਲਾ ਇੱਕੋ-ਇੱਕ ਸਹੀ ਰਸਤਾ, ਸਿਰਫ਼ ਇਹੀ ਸੀ ਕਿ ਚੀਜ਼ਾਂ ਜਿਹੋ ਜਿਹੀਆਂ ਵੀ ਹਨ, ਉਨ੍ਹਾਂ ਨੂੰ ਮੰਨ ਲਿਆ ਜਾਵੇ। ਜੇਕਰ ਕੋਈ ਮਾੜਾ-ਮੋਟਾ ਬਦਲਾਅ ਲਿਆਇਆ ਜਾ ਸਕਣ ਵਾਲਾ ਵੀ ਹੋਵੇ ਪਰ ਇਹ ਤਾਂ ਸਿਰਫ਼ ਇੱਕ ਬੇਮਤਲਬ ਦੀ ਬਕਵਾਸ ਸੀ। ਤਾਂ ਕਿਸੇ ਦੇ ਲਈ ਸਭ ਤੋਂ ਵਧੀਆ ਉਮੀਦ ਇਹ ਹੋਵੇਗੀ ਕਿ ਉਹ ਭਵਿੱਖ ਵਿੱਚ ਆਪਣੇ ਕੇਸਾਂ ਲਈ ਕੁੱਝ ਫ਼ਾਇਦਾ ਹਾਸਲ ਕਰ ਸਕੇ, ਪਰ ਇਸ ਨਾਲ ਕਰਮਚਾਰੀਆਂ ਦੇ ਨਰਾਜ਼ ਕਰਨ ਦਾ ਜਿਹੜਾ ਜੋਖਮ ਚੁੱਕਿਆ ਜਾਵੇਗਾ ਉਹ ਬਹੁਤ ਭਿਆਨਕ ਹੋ ਸਕਦਾ ਹੈ। ਚੁੱਪ ਰਹੋ, ਚਾਹੇ ਇਹ ਕਿੰਨਾ ਹੀ ਤੁਹਾਡੇ ਖਿਲਾਫ਼ ਕਿਉਂ ਨਾ ਹੋਵੇ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਮਹਾਨ ਨਿਆਂ-ਵਿਵਸਥਾ ਹਮੇਸ਼ਾ ਸੰਤੁਲਨ ਵਿੱਚ ਰਹਿੰਦੀ ਹੈ ਅਤੇ ਜੇਕਰ ਕੋਈ ਵਿਅਕਤੀ ਆਪਣੇ ਪੱਧਰ 'ਤੇ ਇਸ ਵਿੱਚ ਕੋਈ ਛੋਟਾ ਜਿਹਾ ਬਦਲਾਅ ਵੀ ਲਿਆਉਣ ਦੀ ਕੋਸ਼ਿਸ਼ ਕਰਨ ਬਾਰੇ ਸੋਚੇ, ਤਾਂ ਉਹ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੋਵੇਗਾ ਅਤੇ ਅੰਤ ਖ਼ੁਦ ਨੂੰ ਹੇਠਾਂ ਸੁੱਟ ਲਵੇਗਾ, ਜਦਕਿ ਵਿਵਸਥਾ ਛੋਟੀ-ਮੋਟੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਜਕੜ ਕੇ ਫ਼ਿਰ ਸੰਤੁਲਨ ਬਣਾ ਲਵੇਗੀ, ਕਿਉਂਕਿ ਹਰੇਕ ਚੀਜ਼ ਇੱਕ -ਦੂਜੇ ਨਾਲ ਜੁੜੀ ਹੋਈ ਹੈ ਅਤੇ ਬਦਲਾਅ ਦੇ ਪ੍ਰਤੀ ਵਿਰੋਧ ਬਣਾਈ ਰੱਖੇਗੀ ਤਾਂ ਕਿ ਇਹ ਅਜਿਹਾ ਨਾ ਕਰੇ ਜਿਸ ਨਾਲ ਇਹ ਹੋਰ ਸਖ਼ਤ, ਹੋਰ ਸਾਵਧਾਨ, ਹੋਰ ਦਰਦਨਾਕ ਅਤੇ ਹੋਰ ਬੁਰੀ ਹੋ ਜਾਵੇ। ਵਕੀਲਾਂ ਨੂੰ ਹਰ ਹਾਲਤ ਵਿੱਚ ਬਿਨ੍ਹਾਂ ਨਾ-ਨੁੱਕਰ ਦੇ ਆਪਣਾ ਕੰਮ ਕਰਦੇ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਬਦਨਾਮੀ ਵਿਅਰਥ ਹੈ, ਖ਼ਾਸ ਕਰਕੇ ਉਹਨਾਂ ਲਈ ਜਦ ਤੱਕ ਜ਼ਰੂਰੀ ਕਾਰਨ ਨਾ ਲੱਭ ਲਿਆ ਜਾਵੇ, ਪਰ ਨਿਰਦੇਸ਼ਕ ਦੇ ਨਾਲ ਅਜਿਹਾ ਵਿਹਾਰ ਕਰਕੇ ਕੇ. ਨੇ ਆਪਣਾ ਕਾਫ਼ੀ ਨੁਕਸਾਨ ਕਰ ਲਿਆ ਹੈ। ਜੋ ਵੀ ਲੋਕ ਕੇ. ਦੀ ਮਦਦ ਕਰ ਸਕਦੇ ਹਨ ਉਸ ਸੂਚੀ ਵਿੱਚੋਂ ਹੁਣ ਉਸ ਪ੍ਰਭਾਵਸ਼ਾਲੀ ਆਦਮੀ ਦਾ ਨਾਮ ਖਾਰਜ ਕੀਤਾ ਜਾ ਸਕਦਾ ਹੈ। ਉਹ ਜਾਣ-ਬੁੱਝ ਕੇ ਮੁਕੱਦਮੇ ਦੇ ਜ਼ਿਕਰ ਨੂੰ ਗੱਲਬਾਤ ਨਾਲ ਹਮੇਸ਼ਾ ਲਈ ਬਾਈਕਾਟ ਕਰ ਚੁੱਕਾ ਹੈ। ਬਹੁਤ ਸਾਰੇ ਪਾਸਿਆਂ ਤੋਂ ਇਹ ਕਰਮਚਾਰੀ ਲੋਕ ਬੱਚਿਆਂ ਦੇ ਵਾਂਗ ਹੁੰਦੇ ਹਨ। ਹੁੰਦਾ ਇਹ ਹੈ ਕਿ ਬਹੁਤ ਬਚਗਾਨਾ ਜਿਹੀਆਂ ਗੱਲਾਂ ਨਾਲ ਉਹ ਚਿੜ ਜਾਂਦੇ ਹਨ ਅਤੇ ਮਾੜੀ ਕਿਸਮਤ, ਕੇ. ਦੇ ਵਿਹਾਰ ਸਿਰਫ਼ ਬਚਗਾਨਾ ਨਹੀਂ ਸੀ। ਪਰ ਉਹ ਤਾਂ ਆਪਣੇ ਡੂੰਘੇ ਦੋਸਤਾਂ ਨਾਲ ਵੀ ਗੱਲਬਾਤ ਬੰਦ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਵੇਖਦੇ ਹੀ ਪਿੱਠ ਕਰ ਲੈਂਦੇ ਹਨ। ਹਰ ਮੁਮਕਿਨ ਤਰੀਕੇ ਨਾਲ ਉਹਨਾਂ ਦੇ ਵਿਰੁੱਧ ਕੰਮ ਕਰਦੇ ਹਨ। ਪਰ ਹੁਣੇ, ਹੈਰਾਨੀਜਨਕ ਢੰਗ ਨਾਲ, ਕਿਸੇ ਖ਼ਾਸ ਕਾਰਨ ਕਰਕੇ ਨਹੀਂ, ਉਹਨਾਂ ਨੂੰ ਕਿਸੇ ਹਲਕੇ ਜਿਹੇ ਮਜ਼ਾਕ ਨਾਲ ਹਸਾਇਆ ਜਾ ਸਕਦਾ ਹੈ। ਅਜਿਹਾ ਮਜ਼ਾਕ ਜਿਹੜਾ ਕਿਸੇ ਦੁਆਰਾ ਚੀਜ਼ਾਂ ਦੀ ਨਿਰਾਸ਼ਾਜਨਕ ਹਾਲਤਾਂ ਦੇ ਮੱਦੇਨਜ਼ਰ ਮਜਬੂਰੀ ਵਿੱਚ ਕੀਤਾ ਗਿਆ ਹੋਵੇ, ਅਤੇ ਫ਼ਿਰ ਉਹ ਮੁੜ ਦੋਸਤ ਹੋ ਜਾਣਗੇ।

ਇੱਕੋ ਵੇਲੇ ਉਹਨਾਂ ਨਾਲ ਗੱਲਬਾਤ ਕਰਨੀ ਮੁਸ਼ਕਿਲ ਵੀ ਹੈ ਅਤੇ ਆਸਾਨ ਵੀ ਹੈ। ਇਸ ਵਿੱਚ ਸਖ਼ਤ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਕਈ ਵਾਰ ਤਾਂ ਇਹ ਸੋਚ ਸਕਣਾ ਹੈਰਾਨੀ ਭਰਿਆ ਲੱਗਦਾ ਹੈ ਕਿ ਇੱਕ ਔਸਤ ਜੀਵਨ ਵਿੱਚ ਇਸ ਤਰ੍ਹਾਂ ਦੇ ਪੇਸ਼ੇ ਵਿੱਚ ਕਿਸੇ ਪੱਧਰ ਦੀ ਸਫਲਤਾ ਹਾਸਲ ਕਰਨੀ ਕਿਸੇ ਵਿਅਕਤੀ ਲਈ ਸੰਭਵ ਵੀ ਹੈ। ਬਹੁਤ ਵਾਰ ਨਿਰਾਸ਼ ਕਰ ਦੇਣ ਵਾਲਾ ਸਮਾਂ ਸਾਹਮਣੇ ਆ ਜਾਂਦਾ ਹੈ, ਪੱਕਾ ਹੀ ਜਦੋਂ ਕੋਈ ਯਕੀਨ ਕਰਨ ਲੱਗਦਾ ਹੈ ਕਿ ਉਸਨੇ ਅਜੇ ਤੱਕ ਆਖਰ ਹਾਸਲ ਕੀ ਕੀਤਾ ਹੈ। ਅਜਿਹੇ ਵੇਲੇ ਜਦੋਂ ਇੱਕ ਅਹਿਸਾਸ ਹੁੰਦਾ ਹੈ ਕਿ ਉਹ ਕਾਨੂੰਨੀ ਕੇਸ, ਜਿਹੜੇ ਆਪਣੀ ਸ਼ੁਰੂਆਤ ਤੋਂ ਹੀ ਦਿੱਤੇ ਜਾਣ ਯੋਗ ਲੱਗਦੇ ਸਨ, ਦਾ ਨਤੀਜਾ ਖੁਸ਼ਗਵਾਰ ਨਿਕਲਦਾ ਸੀ। ਬਾਕੀ ਦੂਜੇ ਕੇਸ ਹਰ ਵੇਲੇ ਭਰੀ ਅਦਾਲਤ ਅਤੇ ਬਹੁਤ ਸਾਰੀ ਮਿਹਨਤ ਦੇ ਹੁੰਦੇ ਹੋਏ ਵੀ ਹਾਰੇ ਜਾਂਦੇ ਸਨ। ਇਹਨਾਂ ਕੇਸਾਂ ਵਿੱਚੋਂ ਜਿਹੜੀ ਕਦੇ-ਕਦੇ ਥੋੜ੍ਹੀ-ਬਹੁਤ ਸਫਲਤਾ ਮਿਲਦੀ ਸੀ ਤਾਂ ਇਸ ਨਾਲ ਤਸੱਲੀ ਹਾਸਲ ਹੁੰਦੀ ਸੀ। ਫਿਰ ਬਿਨ੍ਹਾਂ ਸ਼ੱਕ ਕੁੱਝ ਵੀ ਨਿਸ਼ਚਿਤ ਵਿਖਾਈ ਨਹੀਂ ਦਿੰਦਾ, ਅਤੇ ਨਿਸ਼ਚਿਤ ਦੇ ਨਾਲ ਖੰਡਨ ਕਰਨਾ ਵੀ ਸੰਭਵ ਨਹੀਂ ਰਹਿੰਦਾ, ਅਤੇ ਜੇ ਕਿਸੇ ਤੋਂ ਪ੍ਰਸ਼ਨ-ਉੱਤਰ ਕੀਤੇ ਜਾਣ ਤਾਂ ਕਈ ਕੇਸਾਂ ਦੇ ਖਰਾਬ ਹੋਣ ਦੀ ਪੂਰੀ ਸੰਭਾਵਨਾ ਬਣੀ ਰਹੀ ਹੈ, ਅਤੇ ਜੇ ਉਹਨਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਜਾਵੇ ਤਾਂ ਉਹ ਠੀਕ ਰਸਤੇ 'ਤੇ ਰਹਿ ਸਕਦੇ ਹਨ। ਹਾਂ, ਇਸ ਨਾਲ ਇੱਕ ਵਿਸ਼ਵਾਸ ਪੱਕਾ ਹੋਇਆ ਹੈ, ਪਰ ਇਹੀ ਇਸੇ ਇੱਕੋ-ਇੱਕ ਵਿਸ਼ਵਾਸ ਦੀ ਉਮੀਦ ਬਚੀ ਵੀ ਹੈ। ਵਕੀਲ ਇਸ ਮਿਜ਼ਾਜ ਤੋਂ ਪ੍ਰਭਾਵਿਤ ਹੋਣ ਦੇ ਲਈ ਤਤਪਰ ਰਹਿੰਦੇ ਹਨ ਕਿਉਂਕਿ ਸੁਭਾਵਿਕ ਤੌਰ 'ਤੇ ਇਹ ਸਭ ਮਿਜ਼ਾਜਾਂ ਦੇ ਇਲਾਵਾ ਕੁੱਝ ਵੀ ਨਹੀਂ ਸੀ ਕਿਉਂਕਿ ਕੋਈ ਕੇਸ ਜਿਸਨੂੰ ਉਹ ਜ਼ਰੂਰੀ ਤੌਰ 'ਤੇ ਅਤੇ ਸੰਤੁਸ਼ਟੀ ਭਰੇ ਢੰਗ ਨਾਲ ਚਲਾ ਰਹੇ ਸਨ, ਅਚਾਨਕ ਉਹਨਾਂ ਦੇ ਹੱਥਾਂ ਤੋਂ ਖੋਹ ਲਿਆ ਜਾਂਦਾ ਹੈ। ਕਿਸੇ ਵਕੀਲ ਦੇ ਨਾਲ ਇਸਤੋਂ ਵਧੇਰੇ ਬੁਰਾ ਕੁੱਝ ਨਹੀਂ ਹੋ ਸਕਦਾ। ਮੁੱਦਈ ਉਸ ਤੋਂ ਆਪਣਾ ਕੇਸ ਵਾਪਸ ਨਹੀਂ ਲੈ ਸਕਦਾ, ਜਦੋਂ ਮੁੱਦਈ ਨੇ ਇੱਕ ਵਾਰ ਇੱਕ ਖਾਸ ਵਕੀਲ ਤੈਨਾਤ ਕਰ ਲਿਆ ਤਾਂ ਉਸਦੇ ਨਾਲ ਜੁੜੇ ਰਹਿਣਾ ਉਸਦੀ ਮਜਬੂਰੀ ਹੋ ਜਾਂਦੀ ਹੈ, ਚਾਹੇ ਜੋ ਵੀ ਹੋਵੇ। ਕਿਉਂਕਿ ਜੇਕਰ ਉਸਨੇ ਇੱਕ ਵਾਰ ਕਿਸੇ ਦੀ ਮਦਦ ਲੈ ਲਈ ਤਾਂ ਫ਼ਿਰ ਉਸਦੇ ਬਿਨ੍ਹਾਂ ਉਸਦਾ ਗੁਜ਼ਾਰਾ ਕਿਵੇਂ ਸੰਭਵ ਹੈ? ਇਸ ਲਈ ਅਜਿਹਾ ਕਦੇ ਨਹੀਂ ਹੋਇਆ, ਪਰ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਕੇਸ ਹੀ ਅਜਿਹਾ ਮੋੜ ਲੈ ਗਿਆ ਜਿੱਥੇ ਵਕੀਲ ਦਾ ਉਸਨੂੰ ਲੜਦੇ ਰਹਿਣਾ ਨਾਮੁਮਕਿਨ ਹੋ ਗਿਆ। ਫ਼ਿਰ ਕੇਸ ਅਤੇ ਮੁੱਦਈ ਅਤੇ ਉਸ ਨਾਲ ਜੁੜੀ ਹਰੇਕ ਚੀਜ਼ ਉਸਤੋਂ ਖੋਹ ਲਈ ਗਈ। ਇੱਕ ਵਾਰ ਅਜਿਹਾ ਹੋਇਆ ਨਹੀਂ, ਤਾਂ ਕਰਮਚਾਰੀਆਂ ਦੇ ਨਾਲ ਬਿਹਤਰੀਨ ਸਬੰਧਾਂ ਦੀ ਕੋਈ ਆਸ ਨਹੀਂ ਰਹਿੰਦੀ, ਕਿਉਂਕਿ ਉਹ ਖੁਦ ਵੀ ਇਸ ਬਾਰੇ 'ਚ ਬਹੁਤਾ ਨਹੀਂ ਜਾਣਦੇ। ਕੇਸ ਅਜਿਹੀ ਹਾਲਤ ਵਿੱਚ ਆ ਪਹੁੰਚਦਾ ਹੈ ਜਿੱਥੇ ਕੋਈ ਮਦਦ ਨਹੀਂ ਦਿੱਤੀ ਜਾ ਸਕਦੀ, ਉਹਨਾਂ ਅਦਾਲਤਾਂ ਵਿੱਚ ਜਿੱਥੇ ਇਹ ਚੱਲ ਰਿਹਾ ਹੁੰਦਾ ਹੈ ਕੋਈ ਪਹੁੰਚ ਹੀ ਨਹੀਂ ਸਕਦਾ, ਅਤੇ ਜਿੱਥੇ ਵਕੀਲਾਂ ਦੀ ਪਹੁੰਚ ਮੁੱਦਈ ਤੱਕ ਵੀ ਨਹੀਂ ਰਹਿ ਸਕਦੀ। ਇੱਕ ਦਿਨ ਤੂੰ ਘਰ ਵਾਪਸ ਆਏਂਗਾ ਅਤੇ ਆਪਣੇ ਮੇਜ਼ ਉਹਨਾਂ ਅਣਗਿਣਤ ਦਲੀਲਾਂ ਨੂੰ ਪਿਆ ਵੇਖੇਂਗਾ ਜਿਹੜੀਆਂ ਤੂੰ ਉਕਤ ਕੇਸ ਦੇ ਸਬੰਧ ਵਿੱਚ ਬੜੀ ਮਿਹਨਤ ਨਾਲ ਘੜੀਆਂ ਸਨ। ਉਹ ਸਭ ਵਾਪਸ ਹੋ ਚੁੱਕੀਆਂ ਹੁੰਦੀਆਂ ਹਨ, ਅਤੇ ਮੁਕੱਦਮੇ ਦੀ ਇਸ ਨਵੀਂ ਸਥਿਤੀ ਵਿੱਚ ਉਨ੍ਹਾਂ ਨੂੰ ਵਾਪਸ ਦਿੱਤਾ ਜਾਣਾ ਸੰਭਵ ਨਹੀਂ ਰਹਿੰਦਾ। ਹੁਣ ਉਹ ਰੱਦੀ ਕਾਗਜ਼ ਮਾਤਰ ਹੀ ਰਹਿ ਗਈਆਂ ਹੁੰਦੀਆਂ ਹਨ। ਹਾਂ, ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੂੰ ਮੁਕੱਦਮਾ ਹਾਰ ਚੁੱਕਾ ਏਂ। ਨਹੀਂ, ਬਿਲਕੁਲ ਨਹੀਂ। ਘੱਟ ਤੋਂ ਘੱਟ ਇਸ ਕਲਪਨਾ ਦਾ ਕੋਈ ਫੈਸਲਾਕੁੰਨ ਅਧਾਰ ਨਹੀਂ ਹੈ, ਜਦਕਿ ਇਸਦਾ ਤਾਂ ਸਿੱਧਾ ਅਰਥ ਇਹੀ ਹੈ ਕਿ ਮੁਕੱਦਮੇ ਦੇ ਬਾਰੇ ਵਿੱਚ ਕਿਸੇ ਨੂੰ ਕੁੱਝ ਪਤਾ ਨਹੀਂ ਹੈ ਅਤੇ ਪਤਾ ਲਾ ਸਕਣਾ ਸੰਭਵ ਵੀ ਨਹੀਂ ਹੈ।

ਹੁਣ ਅਜਿਹੀਆਂ ਘਟਨਾਵਾਂ ਕਿਸਮਤ ਨਾਲ ਅਪਵਾਦ ਹਨ, ਅਤੇ ਜੇ ਕੇ. ਦਾ ਕੇਸ ਵੀ ਅਜਿਹਾ ਹੀ ਅਪਵਾਦ ਹੈ ਤਾਂ ਵੀ ਉਸ ਸਥਿਤੀ ਤੱਕ ਪਹੁੰਚਣ ਵਿੱਚ ਬਹੁਤ ਦੂਰੀ ਹੋਵੇਗੀ। ਇਸ ਮੁਕੱਦਮੇ ਵਿੱਚ ਵਕੀਲ ਦੇ ਕੋਲ ਕੰਮ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਕੇ. ਨੂੰ ਪੂਰੀ ਤਰ੍ਹਾਂ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਕਿ ਇਹਨਾਂ ਸੰਭਾਵਨਾਵਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇਗਾ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਅਜੇ ਤੱਕ ਅੰਦਰ ਤਰਕ ਪੇਸ਼ ਨਹੀਂ ਹੋਏ ਹਨ, ਪਰ ਅਜਿਹਾ ਕੀਤੇ ਜਾਣ ਦੀ ਛੇਤੀ ਵੀ ਨਹੀਂ ਹੈ। ਸਬੰਧਿਤ ਅਧਿਕਾਰੀਆਂ ਨਾਲ ਸ਼ੁਰੂਆਤੀ ਵਾਰਤਾਲਾਪ ਕੀਤਾ ਜਾਣਾ ਬਹੁਤ ਜ਼ਰੂਰੀ ਸੀ, ਅਤੇ ਇਹ ਕੀਤਾ ਜਾ ਚੁੱਕਾ ਹੈ। ਬੇਹਿਚਕ ਮੰਨ ਲਿਆ ਜਾਵੇ ਤਾਂ ਕਿਸੇ ਹੱਦ ਤੱਕ ਸਫਲ ਵੀ। ਇਸ ਸਮੇਂ ਠੀਕ ਇਹੀ ਹੋਵੇਗਾ ਕਿ ਵੇਰਵਾ ਜਨਤਕ ਨਾ ਕੀਤਾ ਜਾਵੇ, ਕਿਉਂਕਿ ਇਸਦਾ ਕੇ. ਉੱਪਰ ਬੁਰਾ ਅਸਰ ਹੋ ਸਕਦਾ ਹੈ ਕਿ ਉਹ ਵਧੇਰੇ ਆਸਵੰਦ ਜਾਂ ਵਧੇਰੇ ਨਿਰਾਸ਼ ਹੋ ਜਾਵੇ। ਫ਼ਿਰ ਵੀ ਇੰਨਾ ਕਿਹਾ ਜਾ ਸਕਦਾ ਹੈ- ਕੁੱਝ ਅਧਿਕਾਰੀਆਂ ਨੇ ਬਹੁਤ ਲਾਹੇਵੰਦ ਵਿਚਾਰ ਪੇਸ਼ ਕੀਤੇ ਹਨ ਅਤੇ ਆਪਣੇ ਪਾਸਿਓਂ ਮਦਦਗਾਰ ਹੋਣ ਦਾ ਭਰੋਸਾ ਵੀ ਦਿੱਤਾ ਹੈ, ਜਦਕਿ ਦੁਜਿਆਂ ਨੇ ਘੱਟ ਲਾਹੇਵੰਦ ਵਿਚਾਰ ਦਿੱਤੇ ਹਨ, ਪਰ ਆਪਣੀ ਮਦਦ ਤੋਂ ਬਿਲਕੁਲ ਇਨਕਾਰ ਵੀ ਨਹੀਂ ਕੀਤਾ ਹੈ। ਕੁੱਲ ਮਿਲਾਕੇ, ਇਸ ਲਈ, ਨਤੀਜਾ ਬਹੁਤ ਖੁਸ਼ਗਵਾਰ ਜਾਪਦਾ ਹੈ, ਪਰ ਇਸ ਸਭ ਨਾਲ ਕੋਈ ਖ਼ਾਸ ਨਤੀਜਾ ਕੱਢਣਾ ਗ਼ਲਤ ਹੋਵੇਗਾ ਕਿਉਂਕਿ ਸ਼ੁਰੂਆਤੀ ਗੱਲਬਾਤ ਉਸ ਤਰ੍ਹਾਂ ਸ਼ੁਰੂ ਹੋਈ ਸੀ ਅਤੇ ਅਗਲੇ ਘਟਨਾਕ੍ਰਮ ਦੇ ਮੱਦੇਨਜ਼ਰ ਹੀ ਉਕਤ ਵਾਰਤਾਲਾਪ ਦਾ ਢੁੱਕਵਾਂ ਨਤੀਜਾ ਕੱਢਿਆ ਜਾ ਸਕਦਾ ਹੈ। ਕਿਸੇ ਵੀ ਕੀਮਤ 'ਤੇ ਅਜੇ ਕੁੱਝ ਗਵਾਚਿਆ ਨਹੀਂ ਹੈ, ਅਤੇ ਜੇਕਰ, ਹਰ ਚੀਜ਼ ਦੇ ਇਲਾਵਾ, ਉਹ ਕਚਹਿਰੀ ਦਫ਼ਤਰ ਦੇ ਨਿਰਦੇਸ਼ਕ ਨੂੰ ਕਾਬੂ ਕਰਨ ਵਿੱਚ ਸਫਲ ਹੋ ਸਕਦੇ ਹਨ ਤਾਂ ਫਿਰ ਇਸ ਸਾਰੇ ਕਿੱਸੇ ਨੂੰ 'ਇੱਕ ਸਾਫ਼-ਸੁਥਰਾ ਜ਼ਖ਼ਮ' (ਜਿਵੇਂ ਕਿ ਇਸਨੂੰ ਡਾਕਟਰ ਕਹਿੰਦਾ ਹੈ) ਕਿਹਾ ਜਾ ਸਕਦਾ ਹੈ ਅਤੇ ਅਗਾਊਂ ਘਟਨਾਕ੍ਰਮ ਦੀ ਬਿਨ੍ਹਾਂ ਫ਼ਿਕਰ ਦੇ ਉਡੀਕ ਕੀਤੀ ਜਾ ਸਕਦੀ ਹੈ।

ਵਕੀਲ ਦੇ ਕੋਲ ਇਸ ਤਰ੍ਹਾਂ ਦੇ ਭਾਸ਼ਣਾਂ ਦਾ ਕਦੇ ਨਾ ਖ਼ਤਮ ਹੋਣ ਵਾਲਾ ਜ਼ਖ਼ੀਰਾ ਸੀ। ਹਰ ਵਾਰ ਇਨ੍ਹਾਂ ਨੂੰ ਹੀ ਦੁਹਰਾਇਆ ਜਾਂਦਾ ਸੀ। ਲੱਗਦਾ ਹਰ ਵਾਰ ਇਹੀ ਸੀ ਕਿ ਵਿਕਾਸ ਹੋਇਆ ਹੈ ਪਰ ਸਾਫ਼ ਤੌਰ 'ਤੇ ਇਹ ਕਹਿ ਸਕਣਾ ਸੰਭਵ ਨਹੀਂ ਸੀ ਕਿ ਇਹ ਵਿਕਾਸ ਕੀ ਹੈ। ਪਹਿਲੀ ਦਲੀਲ 'ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਸੀ, ਪਰ ਇਹ ਕਦੇ ਖ਼ਤਮ ਨਾ ਹੋਣ ਵਾਲਾ ਸੀ, ਅਤੇ ਅਗਲੀ ਮੁਲਾਕਾਤ ਵਿੱਚ ਇਸਨੂੰ ਵਧੇਰੇ ਲਾਭਕਾਰੀ ਹੋਣਾ ਵਿਖਾਇਆ ਜਾਂਦਾ ਸੀ, ਕਿਉਂਕਿ ਅਜਿਹੇ ਕਾਰਨ ਜਿਹਨਾਂ ਦੀ ਦੂਰਅੰਦੇਸ਼ੀ ਸੰਭਵ ਨਹੀਂ ਸੀ, ਪਿਛਲੇ ਦਿਨਾਂ ਵਿੱਚ ਪੇਸ਼ ਕੀਤੇ ਜਾਣ ਦਾ ਸਭ ਤੋਂ ਢੁੱਕਵਾਂ ਸਮਾਂ ਸੀ। ਜੇਕਰ ਕਦੇ ਕੇ. ਇਹਨਾਂ ਭਾਸ਼ਣਾਂ ਤੋਂ ਅੱਕ ਕੇ ਇਹ ਕਹਿ ਦਿੰਦਾ ਕਿ ਇਹਨਾਂ ਮੁਸ਼ਕਿਲ ਮਾਨਤਾਵਾਂ ਨੂੰ ਵੇਖਦੇ ਹੋਏ ਇਹ ਤਾਂ ਤੈਅ ਹੈ ਕਿ ਵਿਕਾਸ ਬਹੁਤ ਹੌਲੀ ਹੈ, ਤਾਂ ਉਲਟਾ ਜਵਾਬ ਮਿਲਦਾ ਕਿ ਵਿਕਾਸ ਬਹੁਤ ਹੌਲੀ ਨਹੀਂ ਹੈ। ਅਤੇ ਜੇਕਰ ਕੇ. ਢੁੱਕਵੇਂ ਸਮੇਂ ਵਿੱਚ ਵਕੀਲ ਦੀ ਸ਼ਰਨ ਵਿੱਚ ਆ ਗਿਆ ਹੁੰਦਾ ਤਾਂ ਸਥਿਤੀ ਪੱਕਾ ਹੀ ਵਧੇਰੇ ਸੰਤੁਸ਼ਟੀ ਭਰੀ ਹੁੰਦੀ। ਪਰ ਮਾੜੀ ਕਿਸਮਤ ਨਾਲ ਉਹ ਅਜਿਹਾ ਕੀਤੇ ਜਾਣ ਤੋਂ ਉੱਕ ਗਿਆ, ਅਤੇ ਇਸਦਾ ਮਤਲਬ ਦੂਜੀਆਂ ਹਾਨੀਆਂ ਦਾ ਪੈਦਾ ਹੋ ਜਾਣਾ ਹੋਇਆ ਜਿਸ ਵਿੱਚ ਸਮੇਂ ਦਾ ਬਰਬਾਦ ਹੋਣਾ ਵੀ ਸ਼ਾਮਿਲ ਹੈ।

ਇਹਨਾਂ ਸਾਰੇ ਵਾਰਤਾਲਾਪਾਂ ਵਿੱਚ ਲੇਨੀ ਦਾ ਆ ਜਾਣਾ ਹੀ ਸੁਹਾਵਣਾ ਸੀ, ਜਿਹੜੀ ਕੇ. ਦੀ ਹਾਜ਼ਰੀ ਵਿੱਚ ਵਕੀਲ ਦੇ ਲਈ ਚਾਹ ਲੈਕੇ ਆਉਂਦੀ ਸੀ। ਉਹ ਉਦੋਂ ਕੇ. ਦੇ ਪਿੱਛੇ ਆ ਕੇ ਖੜ੍ਹੀ ਹੋ ਜਾਂਦੀ, ਜਦੋਂ ਵਕੀਲ ਇੱਕ ਤਰ੍ਹਾਂ ਦੇ ਲਾਲਚੀ ਭਾਵ ਨਾਲ ਕੱਪ ਵਿੱਚ ਚਾਹ ਪਾਉਂਦਾ ਅਤੇ ਉਸਨੂੰ ਪੀਣ ਲੱਗਦਾ ਤਾਂ ਉਹ ਉਸਨੂੰ ਨਿਹਾਰਦੀ ਰਹਿੰਦੀ, ਅਤੇ ਇਸ ਸਾਰੇ ਸਮੇਂ ਵਿੱਚ ਉਹ ਕੇ. ਨੂੰ ਆਪਣਾ ਹੱਥ ਫੜਾਈ ਰੱਖਦੀ। ਇੱਕ ਦਮ ਖ਼ਾਮੋਸ਼ੀ ਛਾਈ ਰਹਿੰਦੀ। ਵਕੀਲ ਸਾਹਬ ਚਾਹ ਪੀਂਦੇ ਰਹਿੰਦੇ, ਕੇ. ਲੇਨੀ ਦੇ ਹੱਥ ਨੂੰ ਦੱਬੀ ਰੱਖਦਾ, ਅਤੇ ਲੇਨੀ ਕਈ ਵਾਰ ਨਰਮਾਈ ਨਾਲ ਕੇ. ਦੇ ਵਾਲਾਂ ਵਿੱਚ ਹੱਥ ਫੇਰਦੀ।

"ਤੂੰ ਅਜੇ ਤੱਕ ਇੱਥੇ ਹੀ ਖੜ੍ਹੀ ਏਂ?", ਵਕੀਲ ਨੇ ਚਾਹ ਖ਼ਤਮ ਕਰਕੇ ਪੁੱਛਿਆ।

"ਮੈਂ ਕੱਪ ਵਾਪਸ ਲੈਕੇ ਜਾਣ ਲਈ ਰੁਕੀ ਹਾਂ," ਉਸਨੇ ਕੇ. ਦੇ ਹੱਥਾਂ ਨੂੰ ਆਖਰੀ ਵਾਰ ਦਬਾਉਂਦੇ ਹੋਏ ਕਿਹਾ। ਵਕੀਲ ਨੇ ਆਪਣਾ ਮੂੰਹ ਪੂੰਝਿਆ ਅਤੇ ਨਵੀਂ ਊਰਜਾ ਦੇ ਨਾਲ ਕੇ. ਨਾਲ ਆਪਣੀ ਅਗਲੀ ਵਾਰਤਾਲਾਪ ਦੋਬਾਰਾ ਸ਼ੁਰੂ ਕੀਤੀ।

ਕੇ. ਨੂੰ ਇਹ ਪਤਾ ਨਹੀਂ ਲੱਗਦਾ ਸੀ ਕਿ ਇਹ ਵਕੀਲ ਸਾਹਬ ਉਸਨੂੰ ਧੀਰਜ ਦੇਣਾ ਚਾਹੁੰਦੇ ਹਨ ਜਾਂ ਹਤਾਸ਼ ਕਰ ਦੇਣ ਦੀ ਤਮੰਨਾ ਪਾਲੀ ਬੈਠੇ ਹਨ, ਪਰ ਇੱਕ ਗੱਲ ਤਾਂ ਤੈਅ ਸੀ ਕਿ ਉਸਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ ਸੀ। ਵਕੀਲ ਨੇ ਉਸਨੂੰ ਜੋ ਵੀ ਦੱਸਿਆ ਉਹ ਸਹੀ ਹੋ ਸਕਦਾ ਸੀ, ਹਾਲਾਂਕਿ ਇਹ ਵੀ ਪੱਕਾ ਸੀ ਕਿ ਉਹ ਆਪ ਹੀ ਜਿੱਥੋਂ ਤੱਕ ਸੰਭਵ ਹੁੰਦਾ ਦ੍ਰਿਸ਼ ਉੱਪਰ ਰਹਿਣਾ ਚਾਹੁੰਦਾ ਸੀ ਅਤੇ ਅੱਜ ਤੋਂ ਪਹਿਲਾਂ ਕੇ. ਦੇ ਮੁਕੱਦਮੇ ਤੋਂ ਵਧੇਰੇ ਮਹੱਤਵਪੂਰਨ ਮੁਕੱਦਮਾ ਉਸਨੂੰ ਮਿਲਿਆ ਵੀ ਨਹੀਂ ਸੀ। ਪਰ ਅਧਿਕਾਰੀਆਂ ਦੇ ਨਾਲ ਆਪਣੇ ਸਬੰਧਾਂ 'ਤੇ ਸ਼ੱਕ ਪੈਦਾ ਹੁੰਦਾ ਸੀ, ਜਿਨ੍ਹਾਂ ਦਾ ਜ਼ਿਕਰ ਉਹ ਵਾਰ-ਵਾਰ ਕਰਦਾ ਸੀ। ਅਤੇ ਫ਼ਿਰ ਵੀ ਕੀ ਇਹ ਪੱਕਾ ਸੀ ਕਿ ਉਹ ਆਪਣੇ ਇਹਨਾਂ ਸਬੰਧਾਂ ਦਾ ਇਸਤੇਮਾਲ ਕੇ. ਦੇ ਲਾਹੇ ਦੇ ਲਈ ਕਰਨਾ ਚਾਹੁੰਦਾ ਸੀ? ਵਕੀਲ ਕਦੇ ਵੀ ਇਹ ਕਹਿਣ ਤੋਂ ਨਹੀਂ ਉੱਕਿਆ ਸੀ ਕਿ ਉਹ ਅਧਿਕਾਰੀਆਂ ਦੇ ਬਹੁਤ ਹੇਠਲੇ ਪੱਧਰ ਨਾਲ ਹੀ ਵਿਹਾਰ ਕਰ ਰਿਹਾ ਹੈ, ਯਾਨੀ ਕਿ ਅਜਿਹੇ ਕਰਮਚਾਰੀ ਜਿਹੜੇ ਬਹੁਤ ਘੱਟ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰ ਰਹੇ ਹਨ ਅਤੇ ਅਜਿਹੇ ਮੁਕੱਦਮਿਆਂ ਵਿੱਚ ਅਕਲਪਿਤ ਮੋੜ ਆ ਜਾਣ ਨਾਲ ਉਹਨਾਂ ਦੀ ਤਰੱਕੀ ਦੀਆਂ ਸੰਭਾਵਨਾਵਾਂ ਬਣਦੀਆਂ ਸਨ। ਕੀ ਉਹ ਉਸਦੇ ਲਈ ਅਜਿਹੇ ਵਕੀਲਾਂ ਦਾ ਇਸਤੇਮਾਲ ਕਰ ਰਹੇ ਸਨ, ਜਿਹੜੇ ਹਰ ਹਾਲਤ ਵਿੱਚ ਮੁੱਦਈਆਂ ਦੇ ਉਲਟ ਜਾਣ ਵਾਲੇ ਸਨ? ਸ਼ਾਇਦ ਹਰ ਮੁਕੱਦਮੇ ਵਿੱਚ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ, ਪਰ ਅਜਿਹੇ ਮੁਕੱਦਮੇ ਪੱਕਾ ਹੋਣਗੇ ਕਿ ਵਕੀਲ ਆਪਣੇ ਹਿਤ ਵਿੱਚ ਆਪਣੀਆਂ ਸੇਵਾਵਾਂ ਬਦਲੇ ਕੁੱਝ ਲਾਭ ਲੈਂਦੇ ਹੋਣਗੇ, ਤਾਂ ਕਿ ਉਹਨਾਂ ਦਾ ਪੇਸ਼ੇਵਰ ਸਨਮਾਨ ਬਣਿਆ ਰਹੇ। ਜੇਕਰ ਸਥਿਤੀਆਂ ਸੱਚਮੁਚ ਇਹੀ ਸਨ ਤਾਂ ਕੇ. ਹੈਰਾਨ ਸੀ ਕਿ ਉਸਦੇ ਮੁਕੱਦਮੇ ਵਿੱਚ ਉਹ ਕਿਵੇਂ ਦਖ਼ਲ ਦੇਣਗੇ (ਜਿਵੇਂ ਕਿ ਵਕੀਲ ਨੇ ਸਾਫ਼ ਕੀਤਾ ਸੀ) ਜਦਕਿ ਇਹ ਬਹੁਤ ਟੇਢਾ ਹੈ, ਇਸ ਲਈ ਮਹੱਤਵਪੂਰਨ ਵੀ ਹੈ, ਜਿਸਨੇ ਆਪਣੀ ਸ਼ੁਰੂਆਤ ਤੋਂ ਹੀ ਅਦਾਲਤ ਵਿੱਚ ਬੇਹੱਦ ਦਿਲਚਸਪੀ ਪੈਦਾ ਕਰ ਦਿੱਤੀ ਹੈ। ਉਹ ਕੀ ਕਰਨਗੇ ਇਸ 'ਤੇ ਵਧੇਰੇ ਸ਼ੱਕ ਨਹੀਂ ਸੀ। ਸ਼ੁਰੂਆਤੀ ਸੰਕੇਤ ਇਸ ਤੱਥ ਤੋਂ ਪਹਿਲਾਂ ਹੀ ਮਿਲ ਚੁੱਕੇ ਸਨ ਕਿ ਸ਼ੁਰੂਆਤੀ ਤਰਕ ਅਜੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਨ, ਜਦਕਿ ਕਈ ਮਹੀਨਿਆਂ ਤੋਂ ਇਹ ਮੁਕੱਦਮਾ ਚੱਲ ਰਿਹਾ ਹੈ, ਅਤੇ ਇਹ ਤੱਥ ਵੀ, ਵਕੀਲ ਦੇ ਮੁਤਾਬਿਕ, ਕਿ ਹਰ ਚੀਜ਼ ਆਪਣੀ ਸ਼ੁਰੂਆਤੀ ਹਾਲਤ ਵਿੱਚ ਹੈ। ਹਾਂ ਇਹ ਮੁੱਦਈ ਨੂੰ ਕਮਜ਼ੋਰ ਅਤੇ ਲਾਚਾਰ ਬਣਾਈ ਰੱਖਣ ਦੀ ਸੋਚੀ ਸਮਝੀ ਚਾਲ ਸੀ ਤਾਂ ਕਿ ਫੈਸਲਾ ਮਿਲਦੇ ਹੀ ਉਸਨੂੰ ਹੈਰਾਨ ਕਰ ਦਿੱਤਾ ਜਾਵੇ, ਜਾਂ ਘੱਟ ਤੋਂ ਘੱਟ ਇਸ ਖ਼ਬਰ ਨਾਲ ਹੀ ਕਿ ਖੋਜਬੀਨ ਪੂਰੀ ਹੋ ਚੁੱਕੀ ਹੈ ਅਤੇ ਇਹ ਕੇ. ਦੇ ਪੱਖ ਵਿੱਚ ਨਹੀਂ ਗਈ ਹੈ, ਅਤੇ ਇਸ ਲਈ ਮੁਕੱਦਮਾ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤਾ ਜਾਣਾ ਹੈ। ਕੇ. ਦੇ ਲਈ ਆਪ ਹੀ ਕੁੱਝ ਕਰਨਾ ਅਤਿ-ਜ਼ਰੂਰੀ ਹੋ ਗਿਆ ਸੀ। ਹਤਾਸ਼ਾ ਦੀਆਂ ਸਥਿਤੀਆਂ ਵਿੱਚ, ਜਿਵੇਂ ਕਿ ਅੱਜ ਸਰਦੀ ਦੀ ਸਵੇਰ ਨੂੰ ਉਹ ਮਹਿਸੂਸ ਕਰ ਰਿਹਾ ਸੀ, ਜਦੋਂ ਵਿਚਾਰ ਖਿੰਡੇ-ਪੁੰਡੇ ਉਸਦੇ ਦਿਮਾਗ ਵਿੱਚ ਚੱਕਰ ਕੱਟ ਰਹੇ ਸਨ, ਉਹ ਸਜ਼ਾ ਮਿਲਣ ਦੇ ਵਿਚਾਰ ਨੂੰ ਤਿਆਗ ਦੇਣ ਵਿੱਚ ਅਸਮਰੱਥ ਹੋ ਗਿਆ ਸੀ। ਪਹਿਲੇ ਮੁਕੱਦਮੇ ਦੇ ਪ੍ਰਤੀ ਉਸਨੂੰ ਜੋ ਘਿਰਣਾ ਸੀ ਉਹ ਹੁਣ ਉੱਕਦੀ ਪ੍ਰਤੀਤ ਹੋ ਰਹੀ ਸੀ। ਜੇਕਰ ਉਹ ਸੰਸਾਰ ਵਿੱਚ ਇੱਕਲਾ ਹੁੰਦਾ ਤਾਂ ਉਹ ਇਸ ਮੁਕੱਦਮੇ ਨੂੰ ਭੁੱਲ ਜਾਂਦਾ, ਭਾਵੇਂ ਫ਼ਿਰ ਤਾਂ ਇਹ ਵੀ ਤੈਅ ਸੀ ਕਿ ਇਹ ਮੁਕੱਦਮਾ ਬਿਲਕੁਲ ਹੁੰਦਾ ਹੀ ਨਾ। ਪਰ ਹੁਣ ਉਸਦਾ ਚਾਚਾ ਖਿੱਚਕੇ ਉਸਨੂੰ ਇਸ ਵਕੀਲ ਕੋਲ ਲੈ ਆਇਆ ਹੈ ਅਤੇ ਪਰਿਵਾਰਕ ਸਬੰਧਾਂ ਨੇ ਆਪਣਾ ਇਹ ਰੋਲ ਅਦਾ ਕੀਤਾ ਹੈ। ਹੁਣ ਕੇ. ਮੁਕੱਦਮੇ ਵਿੱਚ ਬਿਲਕੁਲ ਹੀ ਆਜ਼ਾਦ ਸਥਿਤੀ ਵਿੱਚ ਨਹੀਂ ਹੈ, ਇਸਦਾ ਉਸਨੇ ਜ਼ਿਕਰ ਵੀ ਕਰ ਦਿੱਤਾ ਹੈ ਅਤੇ ਜਿਸ ਨਾਲ ਉਸਨੂੰ ਇੱਕ ਅਕਹਿ ਸੰਤੁਸ਼ਟੀ ਵੀ ਮਿਲੀ ਹੈ। ਖ਼ਾਸ ਕਰਕੇ ਜਦੋਂ ਉਹ ਆਪਣੇ ਜਾਣਨ ਵਾਲਿਆਂ ਨਾਲ ਗੱਲ ਕਰਦਾ, ਜਦਕਿ ਦੂਜੇ ਲੋਕ ਇਹ ਸਭ ਕਿਸੇ ਅਣਜਾਣ ਢੰਗ ਨਾਲ ਵੀ ਜਾਣ ਲੈਂਦੇ ਸਨ। ਫ਼ਰਾਊਲਿਨ ਬ੍ਰਸਤਨਰ ਦੇ ਨਾਲ ਉਸਦੇ ਸਬੰਧ ਇਸ ਕੇਸ ਦੇ ਕਾਰਨ ਹਿਚਕੋਲੇ ਖਾ ਰਹੇ ਸਨ। ਹੁਣ ਉਸਦੇ ਕੋਲ ਇਸ ਮੁਕੱਦਮੇ ਨੂੰ ਛੱਡਣ ਜਾਂ ਜਾਰੀ ਰੱਖਣ ਦੀ ਚੋਣ ਨਹੀਂ ਬਚੀ ਸੀ, ਉਹ ਇਸਦੇ ਵਿਚਾਲੇ ਫਸਿਆ ਸੀ ਅਤੇ ਆਪਣਾ ਬਚਾਅ ਤਾਂ ਜ਼ਰੂਰੀ ਸੀ। ਥੱਕਿਆ ਹੋਇਆ ਵਿਖਾਈ ਦੇਣਾ ਉਸਦੇ ਲਈ ਮਾੜਾ ਸ਼ਗਨ ਸੀ।

ਫ਼ਿਰ ਵੀ ਇਸ ਸਮੇਂ ਦੌਰਾਨ ਕੋਈ ਵਧੇਰੇ ਫ਼ਿਕਰ ਕਰਨ ਦੀ ਲੋੜ ਨਹੀਂ ਸੀ। ਤੁਲਨਾਤਮਕ ਢੰਗ ਨਾਲ ਵੇਖਿਆ ਜਾਵੇ ਤਾਂ ਬਹੁਤ ਘੱਟ ਸਮੇਂ ਵਿੱਚ ਉਸਨੇ ਬੈਂਕ ਵਿੱਚ ਉੱਚੇ ਅਹੁਦੇ 'ਤੇ ਦੋਬਾਰਾ ਕੰਮ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰ ਲਿਆ ਸੀ ਅਤੇ ਆਪਣੀ ਯੋਗਤਾ ਦੇ ਸਹਾਰੇ ਉਹ ਇੱਥੇ ਬਣਿਆ ਹੋਇਆ ਸੀ, ਜਿਸਨੂੰ ਹਰ ਕੋਈ ਮੰਨਦਾ ਸੀ। ਇਸ ਸਮਰੱਥਾ ਦਾ, ਜਿਸਨੇ ਉਸਨੂੰ ਇਸ ਕਾਬਿਲ ਬਣਾਇਆ ਸੀ, ਦਾ ਕੁੱਝ ਇਸਤੇਮਾਲ ਉਹ ਆਪਣੇ ਮੁਕੱਦਮੇ ਵਿੱਚ ਕਰ ਸਕਦਾ ਸੀ, ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਅੰਤ ਸਭ ਠੀਕ ਹੋ ਜਾਵੇਗਾ। ਸਭ ਤੋਂ ਵਧੇਰੇ, ਜੇਕਰ ਉਸਨੇ ਕੁੱਝ ਵੀ ਪ੍ਰਾਪਤ ਕਰਨਾ ਸੀ ਤਾਂ ਸ਼ੁਰੂ ਤੋਂ ਹੀ ਉਸਨੂੰ ਕਿਸੇ ਸੰਭਾਵਿਤ ਅਪਰਾਧ-ਬੋਧ ਦੇ ਵਿਚਾਰ ਨੂੰ ਤਿਆਗਣਾ ਜ਼ਰੂਰੀ ਸੀ। ਉਸਨੂੰ ਅਜਿਹਾ ਕੋਈ ਅਪਰਾਧ-ਬੋਧ ਸੀ ਵੀ ਜਾਂ ਨਹੀਂ। ਇਹ ਮੁਕੱਦਮਾ ਬੜੇ ਵਪਾਰਕ ਲੈਣ-ਦੇਣ ਦੀ ਤਰ੍ਹਾਂ ਸੀ, ਜਿਹੜਾ ਉਸਨੇ ਆਪਣੇ ਬੈਂਕ ਦੇ ਫ਼ਾਇਦੇ ਲਈ ਕਈ ਵਾਰ ਕਈ ਵਾਰ ਕੀਤਾ ਸੀ- ਅਜਿਹੇ ਵਪਾਰਕ ਲੈਣ-ਦੇਣ, ਜਿਹਨਾਂ ਵਿੱਚ ਅਕਸਰ ਸਾਹਮਣੇ ਪੈਣ ਵਾਲੇ ਖਤਰਿਆਂ ਤੋਂ ਬਚਣਾ ਹੁੰਦਾ ਹੈ। ਅਜਿਹਾ ਕਰਨ ਲਈ, ਕੋਈ ਅਪਰਾਧ-ਬੋਧ ਮੰਨ ਲੈਣਾ ਸੰਭਵ ਨਹੀਂ ਹੈ, ਪਰ ਜਿੰਨਾ ਵੀ ਮੁਮਕਿਨ ਹੋ ਸਕੇ ਉੱਥੇ ਤੱਕ ਆਪਣੀ ਲਾਹੇਵੰਦੀ ਸਾਬਿਤ ਕਰਨੀ ਹੁੰਦੀ ਹੈ। ਇਸ ਵਿਚਾਰ ਦੇ ਹਿਸਾਬ ਨਾਲ, ਉਸਦੇ ਕੋਲ ਬਹੁਤ ਛੇਤੀ ਹੀ ਇਹ ਮੁਕੱਦਮਾ ਇਸ ਵਕੀਲ ਤੋਂ ਵਾਪਸ ਲਏ ਜਾਣ ਤੋਂ ਇਲਾਵਾ ਹੋਰ ਕੋਈ ਚੋਣ ਨਹੀਂ ਹੈ। ਉਸ ਸ਼ਾਮ ਦਾ ਇਹੀ ਆਦਰਸ਼ ਫੈਸਲਾ ਸੀ। ਵਿਅਕਤੀ ਦੇ ਆਪਣੇ ਹਿਸਾਬ ਨਾਲ ਇਹ ਸੱਚ ਹੈ ਕਿ ਅਜਿਹਾ ਅੱਜ ਤੱਕ ਸੁਣਿਆ ਨਹੀਂ ਗਿਆ ਹੈ ਅਤੇ ਸ਼ਾਇਦ ਇਹ ਬਹੁਤ ਅਪਮਾਨ ਭਰਿਆ ਹੈ ਪਰ ਕੇ. ਇਹ ਸਹਿਣ ਨਹੀਂ ਕਰ ਸਕਦਾ ਸੀ ਕਿ ਉਸਦੀ ਮਿਹਨਤ ਵਿੱਚ ਅਜਿਹੇ ਅੜਿੱਕੇ ਪੈਦਾ ਹੋਣ ਜਿਹੜੇ ਸ਼ਾਇਦ ਉਸਦਾ ਆਪਣਾ ਵਕੀਲ ਖੜ੍ਹਾ ਕਰ ਰਿਹਾ ਹੋਵੇ। ਫ਼ਿਰ ਜਦੋਂ ਵਕੀਲ ਨੂੰ ਇੱਕ ਝਟਕਾ ਦੇ ਦਿੱਤਾ ਜਾਵੇਗਾ, ਫ਼ਿਰ ਸ਼ੁਰੂਆਤੀ ਦਲੀਲਾਂ ਫ਼ੌਰਨ ਅਦਾਲਤ ਵਿੱਚ ਪੇਸ਼ ਕਰ ਦਿੱਤੀਆਂ ਜਾਣਗੀਆਂ, ਅਤੇ ਹਰ ਰੋਜ਼ ਸੰਭਵ ਨਹੀਂ ਤਾਂ ਇਹ ਦਬਾਅ ਬਣਾਈ ਰੱਖਿਆ ਜਾਵੇਗਾ ਕਿ ਉਨ੍ਹਾਂ 'ਤੇ ਧਿਆਨ ਦਿੱਤਾ ਜਾਵੇ। ਇਸ ਕੰਮ ਦੇ ਲਈ ਇਹ ਕਾਫ਼ੀ ਨਹੀਂ ਹੋਵੇਗਾ ਕਿ ਕੇ. ਦੂਜੇ ਮੁਅੱਕਿਲਾਂ ਦੇ ਨਾਲ ਬਾਹਰ ਗੈਲਰੀ ਵਿੱਚ ਬੈਠੇ ਅਤੇ ਆਪਣਾ ਹੈਟ ਬੈਂਚ ਦੇ ਹੇਠਾਂ ਰੱਖ ਛੱਡੇ। ਉਸਨੂੰ ਆਪ ਜਾਂ ਕਿਸੇ ਔਰਤ ਨੂੰ ਜਾਂ ਕਿਸੇ ਹੋਰ ਨੂੰ ਹਰ ਰੋਜ਼ ਉੱਥੇ ਭੇਜਕੇ ਅਧਿਕਾਰੀਆਂ ਨੂੰ ਬੇਨਤੀ ਕਰਨੀ ਹੋਵੇਗੀ ਜਾਂ ਉਹਨਾਂ ਨੂੰ ਮਜਬੂਰ ਕਰਨਾ ਹੋਵੇਗਾ ਕਿ ਉਹ ਬਾਹਰ ਗੈਲਰੀ ਵਿੱਚ ਹੋਈ ਨੱਕਾਸ਼ੀ ਨੂੰ ਵੇਖਣ ਦੀ ਬਜਾਏ ਆਪਣੀਆਂ ਸੀਟਾਂ ਤੇ ਬੈਠਕੇ ਉਸਨੂੰ ਦਿੱਤੀਆਂ ਗਈਆਂ ਦਲੀਲਾਂ ਦਾ ਅਧਿਐਨ ਕਰਨ। ਇਸ ਮਿਹਨਤ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਜਾ ਸਕਦਾ, ਹਰ ਚੀਜ਼ ਨੂੰ ਇੱਕਠੀ ਕਰਕੇ ਚੰਗੀ ਤਰ੍ਹਾਂ ਨਿਰੀਖਣ ਦੇ ਲਈ ਤਿਆਰ ਕੀਤਾ ਜਾਣਾ ਹੈ, ਤਾਂ ਕਿ ਅਦਾਲਤ ਦੇ ਸਾਹਮਣੇ ਇੱਕ ਅਜਿਹੇ ਮੁਅੱਕਿਲ ਦੀ ਤਸਵੀਰ ਪੇਸ਼ ਕੀਤੀ ਜਾ ਸਕੇ, ਜਿਹੜਾ ਆਪਣੇ ਅਧਿਕਾਰੀਆਂ ਦੇ ਪ੍ਰਤੀ ਸੁਚੇਤ ਹੋਵੇ।

ਪਰ ਸ਼ਾਇਦ ਕੇ. ਨੂੰ ਵਿਸ਼ਵਾਸ ਸੀ ਕਿ ਉਹ ਇਹ ਕਰ ਸਕਦਾ ਹੈ, ਪਰ ਆਪਣਾ ਪੱਖ ਪੇਸ਼ ਕਰਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਸਨ। ਪਹਿਲਾਂ, ਲਗਭਗ ਇੱਕ ਹਫ਼ਤਾ ਪਹਿਲਾਂ, ਇਸ ਵਿਚਾਰ ਤੇ, ਕਿ ਉਸਨੂੰ ਆਪਣੀ ਇਸ ਤਰ੍ਹਾਂ ਦੀ ਪੇਸ਼ਕਾਰੀ ਖ਼ੁਦ ਕਰਨੀ ਹੋਵੇਗੀ, ਉਸਨੂੰ ਥੋੜ੍ਹੀ ਜਿਹੀ ਸ਼ਰਮ ਮਹਿਸੂਸ ਹੋ ਰਹੀ ਸੀ, ਪਰ ਉਸਨੂੰ ਇਹ ਅਹਿਸਾਸ ਕਦੇ ਨਹੀਂ ਹੋਇਆ ਸੀ ਕਿ ਉਸਦੇ ਲਈ ਇਹ ਮੁਸ਼ਕਿਲ ਵੀ ਹੋਵੇਗਾ। ਉਸਨੂੰ ਯਾਦ ਹੈ ਕਿ ਸਵੇਰੇ ਕਿਵੇਂ, ਜਦੋਂ ਉਹ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ, ਉਸਨੇ ਹਰੇਕ ਮੌਜੂਦ ਚੀਜ਼ ਨੂੰ ਪਾਸੇ ਹਟਾਕੇ, ਆਪਣੀ ਲਿਖਣ ਵਾਲੀ ਪੈਡ ਚੁੱਕ ਲਈ ਸੀ, ਅਤੇ ਫ਼ਿਰ ਇੱਕ ਅਜਿਹੀ ਯੋਜਨਾ ਦਾ ਡ੍ਰਾਫਟ ਬਣਾਉਣ ਵਿੱਚ ਜੁਟਿਆ ਗਿਆ ਸੀ ਤਾਂ ਕਿ ਕੁੱਝ ਖ਼ਾਸ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਕੇ ਉਸ ਨਾਮਾਕੂਲ ਵਕੀਲ ਨੂੰ ਵਿਖਾ ਸਕੇ। ਪਰ ਉਦੋਂ ਹੀ ਮੈਨੇਜਰ ਨੇ ਦਫ਼ਤਰ ਦਾ ਬੂਹਾ ਖੋਲ੍ਹਿਆ ਸੀ ਅਤੇ ਉਪ-ਮੈਨੇਜਰ ਬਹੁਤ ਹੱਸਦਾ ਹੋਇਆ ਅੰਦਰ ਆਇਆ ਸੀ। ਕੇ. ਦੇ ਲਈ ਇਹ ਬਹੁਤ ਪਰੇਸ਼ਾਨੀ ਭਰਿਆ ਸੀ, ਭਾਵੇਂ ਉਪ-ਮੈਨੇਜਰ ਉਸਦੀਆਂ ਦਲੀਲਾਂ ਉੱਪਰ ਤਾਂ ਨਹੀਂ ਹੱਸ ਰਿਹਾ ਹੋਵੇਗਾ ਜਿਸਦੇ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਤਾਂ ਅਜੇ ਸਟਾੱਕ ਐਕਸਚੇਂਜ ਤੇ ਸੁਣੇ ਇੱਕ ਲਤੀਫ਼ੇ ਉੱਪਰ ਹੱਸ ਰਿਹਾ ਸੀ, ਇੱਕ ਲਤੀਫ਼ਾ ਜਿਸਨੂੰ ਸਮਝਣ ਦੇ ਲਈ ਵਿਆਖਿਆ ਦੀ ਲੋੜ ਸੀ। ਇਸਲਈ ਉਹ ਕੇ. ਦੇ ਮੇਜ਼ ਦੇ ਕੋਲ ਚਲਾ ਆਇਆ ਸੀ ਅਤੇ ਕੇ. ਦੀ ਪੈਂਸਿਲ ਨਾਲ ਉਸਨੇ ਲਕੀਰਾਂ ਖਿੱਚ ਦਿੱਤੀਆਂ ਸਨ- ਕੇ. ਦੇ ਹੱਥ ਤੋਂ ਪੈਂਸਿਲ ਖੋਹ ਕੇ ਉਸੇ ਲਿਖਣ ਪੈਡ 'ਤੇ, ਜਿਸ ਤੇ ਉਹ ਆਪਣੀਆਂ ਦਲੀਲਾਂ ਲਿਖ ਰਿਹਾ ਸੀ।

ਅੱਜ ਕੇ. ਨੂੰ ਅਜਿਹਾ ਕੋਈ ਰੰਜ ਨਹੀਂ ਹੈ, ਦਲੀਲਾਂ ਤਾਂ ਤਿਆਰ ਕੀਤੀਆਂ ਹੀ ਜਾਣੀਆਂ ਹਨ। ਦਫ਼ਤਰ ਵਿੱਚ ਉਸਦੇ ਕੋਲ ਵਕ਼ਤ ਦੀ ਕਮੀ ਹੈ ਅਤੇ ਉੱਥੇ ਇਹ ਕਰ ਸਕਣਾ ਜੇਕਰ ਸੰਭਵ ਨਾ ਹੋਵੇ ਤਾਂ ਉਸਨੂੰ ਘਰ ਵਿੱਚ ਰਾਤ ਨੂੰ ਇੱਕ ਨਬੇੜਨਾ ਹੋਵੇਗਾ। ਜੇਕਰ ਰਾਤਾਂ ਵੀ ਘੱਟ ਪੈ ਜਾਣ ਤਾਂ ਉਸਨੂੰ ਛੁੱਟੀ ਲੈਣੀ ਹੋਵੇਗੀ। ਚਾਹੇ ਜੋ ਵੀ ਹੋਵੇ ਹੁਣ ਇਸਨੂੰ ਅੱਧੇ ਰਸਤੇ ਨਹੀਂ ਛੱਡਿਆ ਜਾ ਸਕਦਾ ਸੀ। ਇਹ ਤਾਂ ਸਭ ਤੋਂ ਵੱਡੀ ਮੂਰਖਤਾ ਹੋਵੇਗੀ। ਨਾ ਸਿਰਫ਼ ਵਪਾਰ ਵਿੱਚ, ਸਗੋਂ ਕਿਤੇ ਵੀ। ਇੱਕ ਸੱਚ ਹੈ ਕਿ ਦਲੀਲਾਂ ਬਣਾਏ ਜਾਣ ਦਾ ਮਤਲਬ ਲਗਾਤਾਰ ਕੰਮ ਹੋਵੇਗਾ ਪਰ ਇਹ ਮੰਨ ਲੈਣ ਦਾ ਕੋਈ ਵੀ ਜਾਇਜ਼ ਕਾਰਨ ਨਹੀਂ ਹੋਵੇਗਾ ਕਿ ਇਹ ਦਲੀਲਾਂ ਬਣਾਏ ਜਾਣ ਦਾ ਕੰਮ ਕਦੇ ਪੂਰਾ ਨਾ ਹੋਵੇ ਹੀ ਨਾ। ਨਾ ਸਿਰਫ਼ ਕਿਸੇ ਦੀ ਆਪਣੀ ਸੁਸਤੀ ਜਾਂ ਦੂਜੇ ਲੋਕਾਂ ਦੀ ਘਟੀਆ ਵਿਹਾਰ ਵਕੀਲ ਨੂੰ ਦਲੀਲਾਂ ਬਣਾਉਣ ਤੋਂ ਰੋਕੀ ਰੱਖੇਗਾ, ਪਰ ਅਸਲ ਦੋਸ਼ਾਂ ਦੀ ਬੇਸਮਝੀ ਵਿੱਚ ਅਤੇ ਇਸਦੇ ਕਾਰਨ ਲੱਗਣ ਵਾਲੇ ਹੋਰ ਦੋਸ਼ਾਂ ਦੇ ਕਾਰਨ, ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਨਿਗੂਣੀਆਂ ਘਟਨਾਵਾਂ ਨੂੰ ਹਰ ਹਾਲਤ ਵਿੱਚ ਯਾਦ ਕਰਨਾ ਹੋਵੇਗਾ, ਉਹਨਾਂ ਨੂੰ ਪੇਸ਼ ਕਰਨਾ ਹੋਵੇਗਾ ਅਤੇ ਉਹਨਾਂ ਨੂੰ ਹਰ ਪਾਸੇ ਤੋਂ ਵਿਚਾਰਨਾ ਹੋਵੇਗਾ। ਅਤੇ ਇਹ ਕਿੰਨਾ ਹਤਾਸ਼ਾ ਭਰਿਆ ਕੰਮ ਹੋਵੇਗਾ! ਰਿਟਾਇਰ ਹੋਣ ਤੋਂ ਪਿੱਛੋਂ ਤਾਂ ਇਹ ਪੇਸ਼ਾ ਢੁੱਕਵਾਂ ਪ੍ਰਤੀਤ ਹੋਵੇਗਾ ਅਤੇ ਜਦੋਂ ਉਸ ਕੋਲ ਬਹੁਤ ਸਾਰਾ ਵਿਹਲਾ ਸਮਾਂ ਹੋਵੇ।

ਪਰ ਇਸ ਵੇਲੇ, ਜਦੋਂ ਕੇ. ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਮਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹਰੇਕ ਘੰਟਾ ਬਹੁਤ ਤੇਜ਼ ਗਤੀ ਨਾਲ ਲੰਘ ਰਿਹਾ ਸੀ ਕਿਉਂਕਿ ਉਹ ਆਪਣਾ ਰਸਤਾ ਤੈਅ ਕਰ ਰਿਹਾ ਸੀ ਅਤੇ ਡਿਪਟੀ ਮੈਨੇਜਰ ਨੂੰ ਹਟਾਏ ਜਾਣ ਲਈ ਤਿਆਰ ਸੀ। ਅਤੇ ਉਹ ਆਪਣੀਆਂ ਇਹਨਾਂ ਛੋਟੀਆਂ ਸ਼ਾਮਾਂ ਨੂੰ ਅਤੇ ਰਾਤਾਂ ਦਾ ਆਨੰਦ ਲੈਣ ਦਾ ਇੱਛੁਕ ਵੀ ਹੋਵੇ ਜਿਵੇਂ ਕਿ ਹਰੇਕ ਜਵਾਨ ਆਦਮੀ ਦੀ ਲੋੜ ਹੁੰਦੀ ਹੈ, ਉਦੋਂ ਹੀ ਇਸ ਵੇਲੇ ਉਹ ਆਪਣੀਆਂ ਦਲੀਲਾਂ ਬਣਾਉਣ ਵਿੱਚ ਲੱਗਾ ਹੋਇਆ ਸੀ। ਇੱਕ ਵਾਰ ਫੇਰ ਉਸਦੇ ਵਿਚਾਰਾਂ ਦੀ ਰੇਲ ਉਸਦੀਆਂ ਆਪਣੀਆਂ ਤਕਲੀਫ਼ਾਂ ਦੀ ਰਿਹਰਸਲ ਕਰਨ ਲੱਗੀ ਸੀ। ਲਗਭਗ ਅਣਇੱਛਤ ਰੂਪ ਵਿੱਚ, ਸਿਰਫ਼ ਇਹ ਸਭ ਖ਼ਤਮ ਕਰਨ ਦੇ ਲਈ, ਉਸਨੇ ਆਪਣੀ ਉਂਗਲ ਘੰਟੀ 'ਤੇ ਰੱਖੀ ਜਿਹੜੀ ਉਸਨੂੰ ਬਾਹਰ ਦਫ਼ਤਰ ਵਿੱਚ ਵੱਜਦੀ ਸੁਣਾਈ ਦਿੱਤੀ। ਉਸਨੇ ਜਿਵੇਂ ਹੀ ਉਸਨੂੰ ਦਬਾਇਆ, ਉਸਦੀ ਨਜ਼ਰ ਦੀਵਾਰ ਉੱਪਰ ਟੰਗੀ ਘੜੀ 'ਤੇ ਜਾ ਟਿਕੀ। ਗਿਆਰਾਂ ਵੱਜੇ ਸਨ। ਉਹ ਪੂਰੇ ਦੋ ਘੰਟਿਆਂ ਤੱਕ ਸੁਪਨੇ ਲੈਂਦਾ ਰਿਹਾ ਸੀ। ਇੱਕ ਲੰਮਾ ਅਤੇ ਕੀਮਤ ਸਮਾਂ, ਅਤੇ ਕੁਦਰਤੀ ਤੌਰ 'ਤੇ ਹੁਣ ਉਹ ਪਹਿਲਾਂ ਤੋਂ ਵਧੇਰੇ ਖਾਲੀ ਹੋ ਗਿਆ ਸੀ। ਪਰ ਇਸਦੇ ਬਾਵਜੂਦ ਸਮਾਂ ਪੂਰੀ ਤਰ੍ਹਾਂ ਵੀ ਬੇਕਾਰ ਨਹੀਂ ਗਿਆ ਸੀ, ਉਸਨੇ ਕੁੱਝ ਫ਼ੈਸਲੇ ਲਏ ਸਨ ਜਿਹੜੇ ਕਿ ਕੀਮਤੀ ਹੋ ਸਕਦੇ ਸਨ। ਕਲਰਕ ਕੁੱਝ ਚਿੱਠੀਆਂ ਅਤੇ ਬਾਹਰ ਕਾਫ਼ੀ ਦੇਰ ਕੇ. ਦੀ ਉਡੀਕ ਕਰ ਰਹੇ ਦੋ ਆਦਮੀ ਕਾਰਡ ਲਿਆਏ ਸਨ। ਅਸਲ ਵਿੱਚ ਉਹ ਬੈਂਕ ਦੇ ਬਹੁਤ ਮਹੱਤਵਪੂਰਨ ਗਾਹਕ ਸਨ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਉਡੀਕ ਨਹੀਂ ਕਰਵਾਈ ਜਾਣੀ ਚਾਹੀਦੀ ਸੀ। ਪਰ ਉਹ ਭਲਾਂ ਐਹੋ ਜਿਹੇ ਬੇਮੌਕੇ ਇੱਧਰ ਆਏ ਹੀ ਕਿਉਂ ਸਨ, ਅਤੇ ਕੀ (ਉਸਨੇ ਬੂਹੇ ਦੇ ਪਾਰ ਉਹਨਾਂ ਨੂੰ ਕੁੱਝ ਪੁੱਛਦੇ ਹੋਏ ਕਲਪਨਾ ਕਰ ਲਈ ਸੀ) ਉਸਨੇ ਬੈਂਕ ਦਾ ਮਹੱਤਵਪੂਰਨ ਸਮਾਂ ਆਪਣੇ ਕੰਮ ਕਰਦਿਆਂ ਗਵਾਇਆ ਸੀ? ਜਿਹੜਾ ਬੀਤ ਚੁੱਕਾ ਸੀ ਉਸਤੋਂ ਅਤੇ ਜੋ ਅੱਗੇ ਆਉਣ ਵਾਲਾ ਸੀ, ਉਸਤੋਂ ਫ਼ਿਕਰਮੰਦ ਹੋ ਕੇ ਕੇ. ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ ਤਾਂ ਕਿ ਉਹ ਇਹਨਾਂ ਗਾਹਕਾਂ ਦਾ ਸਵਾਗਤ ਕਰ ਸਕੇ।

ਇਹ ਇੱਕ ਛੋਟੇ ਕੱਦ ਦਾ, ਖ਼ੁਸ਼ ਤਬੀਅਤ ਆਦਮੀ ਸੀ, ਜਿਹੜਾ ਕਿਸੇ ਚੀਜ਼ ਦਾ ਨਿਰਮਾਤਾ ਸੀ ਅਤੇ ਕੇ. ਜਿਸਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸਨੇ ਕੇ. ਨੂੰ ਤੰਗ ਕਰਨ ਦੇ ਪ੍ਰਤੀ ਮੁਆਫ਼ੀ ਮੰਗੀ ਅਤੇ ਕੇ. ਨੇ ਉਸਨੂੰ ਇੰਨੀ ਉਡੀਕ ਕਰਾਉਣ ਲਈ ਬਹੁਤ ਅਫ਼ਸੋਸ ਜਤਾਇਆ। ਪਰ ਇਹ ਅਫ਼ਸੋਸ ਇੰਨੇ ਯੰਤਰਿਕ ਢੰਗ ਨਾਲ ਜ਼ਾਹਰ ਹੋਇਆ ਸੀ ਤੇ ਇਸ ਤੇ ਇੰਨਾ ਝੂਠ ਬੋਲ ਦਿੱਤਾ ਗਿਆ ਸੀ ਕਿ ਉਹ ਨਿਰਮਾਤਾ ਸ਼ਾਇਦ ਇਸਨੂੰ ਸਮਝ ਗਿਆ ਹੋਵੇਗਾ ਜੇ ਉਹ ਪੂਰੀ ਤਰ੍ਹਾਂ ਆਪਣੇ ਕੰਮਾਂ ਵਿੱਚ ਗਵਾਚਿਆ ਹੋਇਆ ਨਹੀਂ ਸੀ। ਤਾਂ ਜਿਵੇਂ ਕਿ ਸੀ, ਉਸਨੇ ਛੇਤੀ ਨਾਲ ਆਪਣੇ ਹਰ ਜੇਬ ਵਿੱਚੋਂ ਕਾਗਜ਼ ਕੱਢ ਕੇ ਕੇ. ਦੇ ਅੱਗੇ ਮੇਜ਼ ਉੱਪਰ ਫੈਲਾ ਦਿੱਤੇ, ਹਰ ਕ੍ਰਮ ਦੀ ਵਿਆਖਿਆ ਦੀ ਇੱਕ ਛੋਟੀ ਅੰਕਗਣਿਤਿਕ ਗ਼ਲਤੀ ਨੂੰ ਸੁਧਾਰ ਦਿੱਤਾ ਜੋ ਉਸਨੂੰ ਇੱਕ ਦਮ ਨਜ਼ਰ ਆਈ ਸੀ ਜਦੋਂ ਕਿ ਉਹ ਸਭ ਕੁੱਝ ਸਰਸਰੀ ਨਿਗ੍ਹਾ ਨਾਲ ਵੇਖਦਾ ਚਲਿਆ ਜਾ ਰਿਹਾ ਸੀ, ਅਤੇ ਫ਼ਿਰ ਉਸਨੇ ਕੇ. ਨੂੰ ਇੱਕ ਅਜਿਹੇ ਹੀ ਮਾਮਲੇ ਦੀ ਯਾਦ ਦਵਾਈ ਜਿਹੜਾ ਲਗਭਗ ਇੱਕ ਸਾਲ ਪਹਿਲਾਂ ਉਸਨੇ ਇੱਥੇ ਕੀਤਾ ਸੀ। ਉਸਨੇ ਸਰਸਰੀ ਤੌਰ 'ਤੇ, ਇਸ ਸਮੇਂ ਕਹਿ ਦਿੱਤਾ ਕਿ ਇਸ ਕੰਮ ਨੂੰ ਹਾਸਲ ਕਰਨ ਦੇ ਲਈ ਇੱਕ ਦੂਜਾ ਬੈਂਕ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦੇ ਲਈ ਤਿਆਰ ਹੈ, ਅਤੇ ਫਿਰ ਇੱਕ ਦਮ ਚੁੱਪ ਹੋ ਗਿਆ ਤਾਂ ਕਿ ਇਸ ਬਾਰੇ ਵਿੱਚ ਕੇ. ਦੀ ਪ੍ਰਤਿਕਿਰਿਆ ਜਾਣ ਸਕੇ। ਫ਼ਿਰ ਦਰਅਸਲ ਕੇ. ਉਸ ਆਦਮੀ ਦੀ ਗੱਲਬਾਤ ਦੀ ਸ਼ੁਰੂਆਤ ਪੂਰੀ ਗੰਭੀਰਤਾ ਨਾਲ ਫੜ ਸਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਉਦੋਂ ਇਸ ਮਹੱਤਵਪੂਰਨ ਵਪਾਰ ਦਾ ਵਿਚਾਰ ਉਸਦੇ ਦਿਮਾਗ 'ਤੇ ਹਾਵੀ ਹੋ ਗਿਆ ਸੀ, ਅਤੇ ਮਾੜੀ ਕਿਸਮਤ ਨਾਲ ਉਹ ਜ਼ਿਆਦਾ ਦੇਰ ਬੋਲਿਆ ਨਹੀਂ ਸੀ। ਉਸਨੇ ਛੇਤੀ ਹੀ ਸੁਣਨਾ ਬੰਦ ਕਰ ਦਿੱਤਾ ਸੀ, ਅਤੇ ਕੁੱਝ ਦੇਰ ਦੇ ਲਈ ਤਾਂ ਉਸ ਨਿਰਮਾਤਾ ਦੀਆਂ ਫ਼ੈਸਲੇਕੁੰਨ ਟਿੱਪਣੀਆਂ 'ਤੇ ਐਵੇਂ ਹੀ ਸਿਰ ਵੀ ਹਿਲਾ ਦਿੱਤਾ ਸੀ। ਅੰਤ ਉਸਨੇ ਇਹ ਕਰਨਾ ਵੀ ਬੰਦ ਕਰ ਦਿੱਤਾ ਸੀ, ਅਤੇ ਸਿਰਫ਼ ਕਾਗਜ਼ਾਂ ਤੇ ਝੁਕੇ ਹੋਏ ਉਸਦੇ ਗੰਜੇ ਸਿਰ ਨੂੰ ਇੱਕ ਟਕ ਵੇਖਣ ਲੱਗਾ ਗਿਆ ਸੀ ਅਤੇ ਸੋਚ ਰਿਹਾ ਸੀ ਕਿ ਕੀ ਨਿਰਮਾਤਾ ਇਸ ਗੱਲ ਨੂੰ ਸਮਝ ਲਏਗਾ ਕਿ ਉਸਦੀ ਪੂਰੀ ਗੱਲਬਾਤ ਇੱਕ ਦਮ ਵਿਅਰਥ ਸੀ। ਜਦੋਂ ਉਸ ਆਦਮੀ ਨੇ ਬੋਲਣਾ ਬੰਦ ਕਰ ਦਿੱਤਾ ਤਾਂ ਕੇ. ਨੇ ਪਹਿਲਾਂ ਤਾਂ ਸੱਚਮੁਚ ਇਹ ਸੋਚ ਲਿਆ ਸੀ ਕਿ ਉਹ ਉਸਨੂੰ ਮੌਕਾ ਦੇ ਰਿਹਾ ਹੈ ਕਿ ਉਹ ਮੰਨ ਲਵੇ ਕਿ ਉਹ ਹੁਣ ਸੁਣਨ ਦੀ ਸਥਿਤੀ ਵਿੱਚ ਨਹੀਂ ਹੈ। ਪਰ ਥੋੜ੍ਹੇ ਜਿਹੇ ਵਕਫ਼ੇ ਪਿੱਛੋਂ ਹੀ ਉਸਨੇ ਨਿਰਮਾਤਾ ਦੀਆਂ ਆਸਵੰਦ ਨਿਗਾਹਾਂ ਵੱਲ ਤੱਕਿਆ ਜਿਹੜੀਆਂ ਕਿ ਕੇ. ਦੀ ਸਾਰੀਆਂ ਉਲਝਣਾਂ ਨੂੰ ਸਹਿਣ ਕਰਨ ਲਈ ਤਿਆਰ ਸਨ। ਉਹ ਆਗਿਆਪੂਰਨ ਢੰਗ ਨਾਲ ਝੁਕਿਆ ਸੀ ਜਿਵੇਂ ਕਿ ਕਿਸੇ ਹੁਕਮ ਦੀ ਤਾਮੀਲ ਕਰ ਰਿਹਾ ਹੋਵੇ ਅਤੇ ਹੌਲ਼ੀ ਜਿਹੇ ਕਾਗਜ਼ਾਂ 'ਤੇ ਆਪਣੀ ਪੈਂਸਿਲ ਇੱਧਰ-ਉੱਧਰ ਘੁਮਾਉਣ ਲੱਗਿਆ। ਕਦੇ-ਕਦਾਈਂ ਰੁਕ ਕੇ ਉਹ ਅੰਕੜਿਆਂ ਉੱਪਰ ਆਪਣੀ ਨਜ਼ਰ ਗੱਡ ਲੈਂਦਾ। ਨਿਰਮਾਤਾ ਨੇ ਕਲਪਨਾ ਕਰ ਲਈ ਕਿ ਕੇ. ਨੂੰ ਸ਼ੰਕਾ ਸੀ, ਸ਼ਾਇਦ ਇਹ ਅੰਕੜਾ ਸਹੀ ਢੰਗ ਨਾਲ ਕੱਢਿਆ ਨਹੀਂ ਗਿਆ ਸੀ, ਪਰ ਉਹ ਅੰਕੜਾ ਕੋਈ ਮਹੱਤਵਪੂਰਨ ਨਹੀਂ ਸੀ। ਉਸਨੇ ਕਾਗਜ਼ਾਂ ਨੂੰ ਆਪਣੇ ਹੱਥ ਨਾਲ ਢਕ ਲਿਆ, ਅਤੇ ਕੇ. ਦੇ ਕਾਫ਼ੀ ਕੋਲ ਆਕੇ, ਉਸ ਲੈਣ-ਦੇਣ ਦੀ ਗਣਨਾ ਦੀ ਮੁੜ ਸ਼ੁਰੂਆਤ ਕੀਤੀ।

"ਇਹ ਮੁਸ਼ਕਿਲ ਹੈ," ਕੇ. ਨੇ ਕਿਹਾ, ਅਤੇ ਆਪਣੇ ਹੱਥਾਂ ਨੂੰ ਚਿੱਥਦਾ ਹੋਇਆ ਉਹਨਾਂ ਕਾਗਜ਼ਾਂ 'ਤੇ ਜਿਹੜੇ ਹੁਣ ਢਕੇ ਹੋਏ ਸਨ, ਵੇਖਦਾ ਹੋਇਆ ਕੁਰਸੀ 'ਚ ਧਸ ਗਿਆ। ਜਦੋਂ ਮੈਨੇਜਰ ਦਾ ਬੂਹਾ ਖੁੱਲ੍ਹਾ ਹੋਇਆ ਸੀ ਤਾਂ ਉਸਨੇ ਉਂਝ ਹੀ ਉਸਤੇ ਨਜ਼ਰ ਸੁੱਟੀ ਅਤੇ ਉਸ ਵਿੱਚੋਂ ਡਿਪਟੀ ਮੈਨੇਜਰ ਨੂੰ ਬਾਹਰ ਨਿਕਲਦੇ ਹੋਏ ਵੇਖਿਆ ਜਿਵੇਂ ਕਿ ਉਹ ਕਿਸੇ ਕੈਦਖ਼ਾਨੇ ਵਿੱਚੋਂ ਬਾਹਰ ਨਿਕਲ ਰਿਹਾ ਹੋਵੇ। ਹੁਣ ਕੇ. ਨੇ ਡਿਪਟੀ ਮੈਨੇਜਰ ਦੇ ਬਾਰੇ ਵਿੱਚ ਸੋਚਣਾ ਬੰਦ ਕਰ ਦਿੱਤਾ, ਅਤੇ ਉਸਦੇ ਫ਼ੌਰੀ ਪ੍ਰਭਾਵਾਂ ਦੇ ਬਾਰੇ ਵਿੱਚ ਸੋਚਣ ਲੱਗਾ ਜਿਹੜੇ ਉਸਨੂੰ ਕਾਫ਼ੀ ਢੁੱਕਵੇਂ ਲੱਗੇ ਸਨ। ਕਿਉਂਕਿ ਉਸਨੂੰ ਵੇਖਦੇ ਹੀ ਨਿਰਮਾਤਾ ਇੱਕ ਦਮ ਉੱਠ ਖੜ੍ਹਾ ਹੋਇਆ ਅਤੇ ਡਿਪਟੀ ਮੈਨੇਜਰ ਦੇ ਵੱਲ ਭੱਜ ਪਿਆ, ਹਾਲਾਂਕਿ ਕੇ. ਤਾਂ ਚਾਹੁੰਦਾ ਸੀ ਕਿ ਉਹ ਇਸ ਗਤੀ ਤੋਂ ਦਸ ਗੁਣਾ ਤੇਜ਼ ਗਤੀ ਨਾਲ ਭੱਜਕੇ ਉਸ ਕੋਲ ਪਹੁੰਚ ਜਾਵੇ। ਕਿਉਂਕਿ ਉਸਨੂੰ ਖ਼ਤਰਾ ਸੀ ਕਿ ਡਿਪਟੀ ਮੈਨੇਜਰ ਕਿਤੇ ਇੱਕ ਵਾਰ ਫਿਰ ਨਾ ਗਵਾਚ ਜਾਵੇ। ਪਰ ਹੁਣ ਉਸਨੂੰ ਡਰਨ ਦੀ ਲੋੜ ਨਹੀਂ ਸੀ, ਦੋਵੇਂ ਮਿਲੇ, ਹੱਥ ਮਿਲਾਏ ਅਤੇ ਦੋਵੇਂ ਇੱਕਠੇ ਕੇ. ਦੇ ਮੇਜ਼ ਕੋਲ ਆ ਗਏ। ਨਿਰਮਾਤਾ ਨੇ ਸ਼ਿਕਾਇਤ ਕੀਤੀ ਕਿ ਇਸ ਸੀਨੀਅਰ ਕਲਰਕ ਦਾ ਕੰਮ ਨਬੇੜਨ ਵਿੱਚ ਕੋਈ ਧਿਆਨ ਨਹੀਂ ਹੈ। ਉਸਨੇ ਕੇ. ਵੱਲ ਇਸ਼ਾਰਾ ਕੀਤਾ, ਜਿਹੜਾ ਹੁਣ ਡਿਪਟੀ ਮੈਨੇਜਰ ਦੇ ਵੱਲ ਵੇਖ ਕੇ ਮੁੜ ਆਪਣੇ ਕੰਮ ਵਿੱਚ ਰੁੱਝ ਗਿਆ ਸੀ। ਜਦੋਂ ਉਹ ਦੋਵੇਂ ਉਸਦੇ ਮੇਜ਼ 'ਤੇ ਝੁਕ ਗਏ ਅਤੇ ਨਿਰਮਾਤਾ ਡਿਪਟੀ ਮੈਨੇਜਰ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਰਿਹਾ ਤਾਂ ਕੇ. ਨੂੰ ਲੱਗਿਆ ਜਿਵੇਂ ਉਸਦੇ ਸਿਰ ਦੇ ਉੱਪਰ ਖੜ੍ਹੇ ਦੋ ਆਦਮੀ, ਜਿਹੜੇ ਉਸਨੂੰ ਆਪਣੇ ਕੱਦ ਤੋਂ ਵੱਡੇ ਵਿਖਾਈ ਦੇ ਰਹੇ ਸਨ, ਉਸਦੇ ਸਿਰ ਦਾ ਮੁੱਲ ਲਾ ਰਹੇ ਹਨ। ਉਸਨੇ ਧਿਆਨ ਨਾਲ ਆਪਣੀਆਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਹੌਲੀ ਜਿਹੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦੇ ਉੱਪਰ ਕੀ ਹੋ ਰਿਹਾ ਹੈ। ਅਤੇ ਫ਼ਿਰ ਇਸਨੂੰ ਵੇਖੇ ਬਿਨ੍ਹਾਂ ਮੇਜ਼ ਉੱਪਰੋਂ ਇੱਕ ਕਾਗਜ਼ ਚੁੱਕ ਲਿਆ ਅਤੇ ਇਸਨੂੰ ਆਪਣੀ ਹਥੇਲੀ ਦੇ ਉੱਪਰ ਰੱਖ ਕੇ ਹੌਲ਼ੀ-ਹੌਲ਼ੀ ਉੱਪਰ ਚੁੱਕਿਆ ਅਤੇ ਅੱਡੀਆਂ ਦੇ ਭਾਰ ਉੱਠ ਖੜ੍ਹਾ ਹੋਇਆ ਤਾਂ ਕਿ ਉਹ ਉਹਨਾਂ ਦੋਵਾਂ ਆਦਮੀਆਂ ਦੇ ਬਰਾਬਰ ਆ ਕੇ ਖੜ੍ਹਾ ਹੋ ਜਾਵੇ। ਅਜਿਹਾ ਕਰਦੇ ਸਮੇਂ ਉਹ ਕੁੱਝ ਖ਼ਾਸ ਨਹੀਂ ਸੋਚ ਰਿਹਾ ਸੀ, ਪਰ ਇਸ ਤਰ੍ਹਾਂ ਸਿਰਫ਼ ਵਿਖਾਵਾ ਹੀ ਕਰ ਰਿਹਾ ਸੀ ਕਿਉਂਕਿ ਉਸਨੇ ਇੱਕ ਦਮ ਇਹ ਮਹਿਸੂਸ ਕੀਤਾ ਕਿ ਉਸਨੂੰ ਇਸੇ ਤਰ੍ਹਾਂ ਵਿਹਾਰ ਕਰਨਾ ਪਵੇਗਾ, ਜਦੋਂ ਉਹ ਆਪਣੀਆਂ ਦਲੀਲਾਂ ਦੇ ਆਸਰੇ ਨਾਲ ਇਸ ਮੁਸ਼ਕਲ ਸਮੇਂ ਵਿੱਚੋਂ ਲੰਘ ਜਾਵੇਗਾ। ਡਿਪਟੀ ਮੈਨੇਜਰ, ਜਿਹੜਾ ਪੂਰੀ ਤਰ੍ਹਾਂ ਗੱਲਬਾਤ ਵਿੱਚ ਰੁੱਝਿਆ ਹੋਇਆ ਸੀ, ਨੇ ਉਸ ਕਾਗਜ਼ 'ਤੇ ਨਜ਼ਰ ਮਾਰੀ ਜਿਹੜਾ ਉਹ ਪੜ੍ਹ ਨਹੀਂ ਸਕਿਆ ਸੀ, ਕਿਉਂਕਿ ਸੀਨੀਅਰ ਕਲਰਕ ਦੇ ਲਈ ਜਿਹੜੀ ਵੀ ਅਤਿ-ਜ਼ਰੂਰੀ ਹੋਵੇ ਉਹ ਉਸਦੇ ਲਈ ਤਾਂ ਬਿਲਕੁਲ ਜ਼ਰੂਰੀ ਨਹੀਂ ਸੀ। ਉਸਨੇ ਇਸਨੂੰ ਕੇ. ਤੋਂ ਲਿਆ ਅਤੇ ਕਿਹਾ, "ਧੰਨਵਾਦ! ਮੈਨੂੰ ਇਸਦੇ ਬਾਰੇ ਵਿੱਚ ਪਹਿਲਾਂ ਹੀ ਪਤਾ ਹੈ।" ਅਤੇ ਫ਼ਿਰ ਉਸਨੂੰ ਮੇਜ਼ ਉੱਪਰ ਵਾਪਸ ਰੱਖ ਦਿੱਤਾ।

ਕੇ. ਨੇ ਇੱਕ ਗੁੱਸੇ ਭਰੀ, ਉੱਡਦੀ ਜਿਹੀ ਨਿਗ੍ਹਾ ਉਸ 'ਤੇ ਸੁੱਟੀ, ਪਰ ਡਿਪਟੀ ਮੈਨੇਜਰ ਨੇ ਇਸ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ ਅਤੇ ਜੇ ਦਿੱਤਾ ਵੀ ਹੋਵੇ ਤਾਂ ਉਸਨੂੰ ਇਸ ਨਾਲ ਸੰਤੁਸ਼ਟੀ ਮਿਲੀ। ਕਈ ਵਾਰ ਉਹ ਜ਼ੋਰ ਨਾਲ ਹੱਸਿਆ, ਅਤੇ ਇੱਕ ਵਾਰ ਉਸਨੇ ਸਾਫ਼ ਤੌਰ 'ਤੇ ਨਿਰਮਾਤਾ ਨੂੰ ਆਪਣੀ ਗੱਲ ਨਾਲ ਸ਼ਰਮਿੰਦਾ ਵੀ ਕਰ ਦਿੱਤਾ ਸੀ। ਪਰ ਉਸਨੂੰ ਵਧੇਰੇ ਸ਼ਰਮਿੰਦਗੀ ਤੋਂ ਬਚਾਉਣ ਲਈ ਉਸਨੇ ਫ਼ੌਰਨ ਹੀ ਪਹਿਲੇ ਤਰਕ ਦਾ ਉਲਟਾ ਤਰਕ ਕੱਢ ਲਿਆ ਅਤੇ ਇਸ ਨਿਰਮਾਤਾ ਨੂੰ ਉਸਨੇ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਕਿ ਉਹ ਇਸਨੂੰ ਨਤੀਜਾ ਕੱਢ ਕੇ ਖ਼ਤਮ ਕਰ ਸਕਣ।

"ਇਹ ਬਹੁਤ ਜ਼ਰੂਰੀ ਹੈ," ਉਸਨੇ ਨਿਰਮਾਤਾ ਨੂੰ ਕਿਹਾ, "ਮੈਨੂੰ ਇਹ ਸਾਫ਼ ਵਿਖਾਈ ਦੇ ਰਿਹਾ ਹੈ। ਅਤੇ ਸੀਨੀਅਰ ਕਲਰਕ...." ਜਦੋਂ ਉਹ ਇਹ ਕਹਿ ਰਿਹਾ ਸੀ ਤਾਂ ਵੀ ਉਹ ਸਾਫ਼ ਤੌਰ 'ਤੇ ਨਿਰਮਾਤਾ ਨਾਲ ਹੀ ਮੁਖ਼ਾਤਿਬ ਸੀ। "ਜ਼ਰੂਰ ਹੀ ਬਹੁਤ ਖੁਸ਼ ਹੋਵੇਗਾ ਜੇ ਆਪਾਂ ਉਸਨੂੰ ਇਸ ਕੰਮ ਤੋਂ ਵਿਹਲਾ ਕਰ ਦੇਈਏ। ਇਸ ਪੂਰੇ ਮਸਲੇ 'ਤੇ ਚੁੱਪਚਾਪ ਵਿਚਾਰ ਕਰਨਾ ਹੋਵੇਗਾ। ਪਰ ਲੱਗਦਾ ਹੈ ਅੱਜ ਉਹ ਕੰਮ ਲੱਦਿਆ ਹੋਇਆ ਹੈ, ਅਤੇ ਬਾਹਰਲੇ ਦਫ਼ਤਰ ਵਿੱਚ ਕਿੰਨੇ ਹੀ ਲੋਕ ਮੌਜੂਦ ਹਨ ਜੋ ਘੰਟਿਆਂ ਤੋਂ ਉਸਦੀ ਉਡੀਕ ਕਰ ਰਹੇ ਹਨ।"

ਕੇ. ਦੇ ਕੋਲ ਡਿਪਟੀ ਮੈਨੇਜਰ ਤੋਂ ਧਿਆਨ ਹਟਾਉਣ ਦੇ ਢੁੱਕਵੇਂ ਕਾਰਨ ਸਨ ਅਤੇ ਹੁਣ ਉਹ ਆਪਣੀ ਦੋਸਤਾਨਾ ਪਰ ਸਥਿਰ ਮੁਸਕਾਨ ਨਿਰਮਾਤਾ ਉੱਪਰ ਗੱਡੀ ਰੱਖ ਸਕਦਾ ਸੀ। ਨਹੀਂ ਤਾਂ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਸੀ, ਪਰ ਉਹ ਉੱਥੇ ਖੜ੍ਹਾ ਰਿਹਾ, ਦੋਵੇਂ ਹੱਥ ਮੇਜ਼ 'ਤੇ ਟਿਕਾਈ ਉਹ ਕਿਸੇ ਆਗਿਆਕਾਰੀ ਕਰਮਚਾਰੀ ਦੀ ਤਰ੍ਹਾਂ ਅੱਗੇ ਵੱਲ ਨੂੰ ਝੁਕਿਆ ਰਿਹਾ, ਅਤੇ ਉਹਨਾਂ ਦੋਵਾਂ ਆਦਮੀਆਂ ਦੀ ਨਿਰੰਤਰ ਵਾਰਤਾਲਾਪ, ਉਸਦੇ ਮੇਜ਼ ਤੋਂ ਕਾਗਜ਼ ਚੁੱਕੇ ਜਾਣ ਅਤੇ ਮੈਨੇਜਰ ਦੇ ਦਫ਼ਤਰ ਵੱਲ ਉਹਨਾਂ ਦੇ ਚਲੇ ਜਾਣ ਨੂੰ ਉਹ ਸਪੱਸ਼ਟ ਨਜ਼ਰ ਨਾਲ ਵੇਖਦਾ ਰਿਹਾ। ਬੂਹੇ ਕੋਲ ਪਹੁੰਚ ਕੇ ਨਿਰਮਾਤਾ ਪਿੱਛੇ ਵੱਲ ਨੂੰ ਮੜਿਆ ਸੀ ਅਤੇ ਉਸਨੇ ਉਦੋਂ ਟਿੱਪਣੀ ਕੀਤੀ ਸੀ ਕਿ ਅਜੇ ਤੱਕ ਉਹ ਅਲਵਿਦਾ ਨਹੀਂ ਕਹੇਗਾ, ਕਿਉਂਕਿ ਉਸਨੂੰ ਉੱਧਰ ਹੋਈ ਵਾਰਤਾਲਾਪ ਦੇ ਬਾਰੇ ਵਿੱਚ ਹਰ ਹਾਲਤ ਵਿੱਚ ਦੱਸਣਾ ਹੋਵੇਗਾ ਕਿ ਅਤੇ ਉਸਨੇ ਇਹ ਵੀ ਕਿਹਾ, ਕਿ ਅਜੇ ਤੱਕ ਉਸਦੇ ਇੱਕ ਛੋਟੀ ਜਿਹੀ ਗੱਲ ਹੋਰ ਵੀ ਹੈ ਜਿਹੜੀ ਉਹ ਕੇ. ਨੂੰ ਦੱਸੇਗਾ।

ਅੰਤ ਕੇ. ਇੱਕ ਦਮ ਇੱਕਲਾ ਹੋ ਗਿਆ। ਹੁਣ ਉਸਦੀ ਕਿਸੇ ਦੂਜੇ ਗਾਹਕ ਨੂੰ ਅੰਦਰ ਬੁਲਾਉਣ ਦੀ ਇੱਛਾ ਨਹੀਂ ਸੀ ਅਤੇ ਹੌਲ਼ੀ-ਹੌਲ਼ੀ ਉਹ ਇਹ ਲੱਗਾ ਸੀ ਕਿ ਬਾਹਰ ਬੈਠੇ ਲੋਕ ਅਜੇ ਵੀ ਇਹ ਮਹਿਸੂਸ ਕਰ ਰਹੇ ਹੋਣਗੇ ਕਿ ਉਹ ਨਿਰਮਾਤਾ ਨਾਲ ਹੀ ਮੁਖ਼ਾਤਿਬ ਹੈ। ਇਹ ਉਸਨੂੰ ਸੁਹਾਵਣਾ ਵਿਚਾਰ ਲੱਗਾ, ਕਿਉਂਕਿ ਇਸ ਨਾਲ ਹੋਰ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ, ਇੱਥੋਂ ਤੱਕ ਕਿ ਉਸਦੇ ਆਪਣੇ ਸਹਾਇਕ ਨੂੰ ਵੀ। ਉਹ ਖਿੜਕੀ ਦੇ ਕੋਲ ਚਲਾ ਆਇਆ, ਉਸਦੇ ਕੋਲ ਬੈਠਕੇ ਉਸਨੇ ਇੱਕ ਹੱਥ ਨਾਲ ਗ੍ਰਿਲ ਨੂੰ ਫੜ੍ਹ ਲਿਆ ਅਤੇ ਬਾਹਰ ਚੌਰਾਹੇ ਉੱਪਰ ਨਜ਼ਰ ਗੱਡ ਦਿੱਤੀ। ਬਰਫ਼ਬਾਰੀ ਜਾਰੀ ਸੀ, ਅਤੇ ਆਸਮਾਨ ਅਜੇ ਤੱਕ ਸਾਫ਼ ਨਹੀਂ ਹੋਇਆ ਸੀ।

ਕਾਫ਼ੀ ਦੇਰ ਤੱਕ ਉਹ ਉੱਥੇ ਹੀ ਬੈਠਾ ਰਿਹਾ। ਉਸਨੂੰ ਸੱਚਮੁਚ ਇਹ ਅਹਿਸਾਸ ਨਹੀਂ ਸੀ ਕਿ ਉਹ ਕਿਸ ਗੱਲ ਤੋਂ ਫ਼ਿਕਰਮੰਦ ਹੈ। ਉਹ ਵਿੱਚੋ-ਵਿੱਚੋਂ ਚੌਂਕ ਕੇ ਆਪਣੇ ਮੌਢੇ ਤੋਂ ਪਾਰ ਦਫ਼ਤਰ ਦੇ ਬਾਹਰੀ ਹਿੱਸੇ 'ਤੇ ਨਿਗ੍ਹਾ ਮਾਰ ਲੈਂਦਾ ਸੀ, ਜਿਵੇਂ ਉਸਨੇ ਉੱਪਰ ਕੋਈ ਸ਼ੋਰ ਸੁਣਿਆ ਹੋਵੇ ਹਾਲਾਂਕਿ ਇਹ ਉਸਦੇ ਖ਼ਿਆਲਾਂ ਵਿੱਚ ਹੀ ਸੀ। ਪਰ ਜਦੋਂ ਕੋਈ ਨਹੀਂ ਆਇਆ ਤਾਂ ਉਹ ਸ਼ਾਂਤ ਹੋ ਗਿਆ, ਵਾਸ਼ਬੇਸਿਨ ਦੇ ਕੋਲ ਜਾ ਕੇ ਠੰਢੇ ਪਾਣੀ ਨਾਲ ਹੱਥ-ਮੂੰਹ ਧੋਇਆ ਅਤੇ ਦਿਮਾਗ ਤਾਜ਼ਾ ਕਰਕੇ ਆਪਣੀ ਸੀਟ ਦੇ ਕੋਲ ਆ ਗਿਆ। ਹੁਣ ਉਸਨੂੰ ਲੱਗਿਆ ਕਿ ਆਪਣਾ ਮੁਕੱਦਮਾ ਖ਼ੁਦ ਲੜਨਾ ਉਸਦੇ ਲਈ ਬਹੁਤ ਔਖਾ ਕੰਮ ਹੈ ਜਿੰਨਾ ਕਿ ਉਹ ਪਹਿਲਾਂ ਸੋਚ ਰਿਹਾ ਸੀ।

ਜਦੋਂ ਤੱਕ ਉਸਨੇ ਆਪਣਾ ਬਚਾਅ ਵਕੀਲ ਦੇ ਸਹਾਰੇ ਛੱਡ ਰੱਖਿਆ ਸੀ, ਤਾਂ ਉਹ ਮੁਕੱਦਮੇ ਤੋਂ ਬਹੁਤ ਘੱਟ ਪ੍ਰਭਾਵਿਤ ਹੋ ਰਿਹਾ ਸੀ, ਉਹ ਦੂਰ ਤੋਂ ਇਹ ਮਹਿਸੂਸ ਕਰ ਰਿਹਾ ਸੀ ਅਤੇ ਇਸਦੇ ਨਾਲ ਉਸਦਾ ਕੋਈ ਸਿੱਧਾ ਸਬੰਧ ਨਹੀਂ ਸੀ। ਜਦੋਂ ਵੀ ਉਹ ਚਾਹੁੰਦਾ ਉਹ ਇਸਨੂੰ ਵੇਖ ਸਕਦਾ ਸੀ ਕਿ ਚੀਜ਼ਾਂ ਕਿੱਥੇ ਸਥਿਤ ਹਨ, ਅਤੇ ਜਦੋਂ ਉਹ ਚਾਹਵੇ ਇਸਨੂੰ ਵਾਪਸ ਵੀ ਲੈ ਸਕਦਾ ਸੀ। ਹੁਣ ਦੂਜੇ ਪਾਸੇ, ਜੇ ਉਹ ਆਪਣਾ ਮੁਕੱਦਮਾ ਖ਼ੁਦ ਲੜਨਾ ਚਾਹੁੰਦਾ ਸੀ ਤਾਂ ਘੱਟ ਤੋਂ ਘੱਟ ਖਿਣ ਭਰ ਦੇ ਲਈ ਉਸਨੂੰ ਆਪਣੇ-ਆਪ ਨੂੰ ਅਦਾਲਤ ਦੇ ਸਾਹਮਣੇ ਪੂਰੀ ਤਰ੍ਹਾਂ ਖੋਲ੍ਹ ਦੇਣਾ ਹੋਵੇਗਾ। ਇਸਦਾ ਜ਼ਰੂਰੀ ਨਤੀਜਾ ਅੰਤ ਉਸਦੀ ਆਜ਼ਾਦੀ ਹੋਵੇਗੀ, ਪਰ ਇਸ ਪ੍ਰਾਪਤੀ ਦੇ ਲਈ ਉਸਨੂੰ ਹਰ ਹਾਲਤ ਵਿੱਚ ਪਹਿਲਾਂ ਖ਼ੁਦ ਨੂੰ ਵਧੇਰੇ ਖ਼ਤਰੇ ਵਿੱਚ ਸੁੱਟਣਾ ਹੋਵੇਗਾ। ਜੇ ਉਸਨੂੰ ਇਸ ਉੱਤੇ ਥੋੜ੍ਹਾ-ਬਹੁਤ ਸ਼ੱਕ ਸੀ ਵੀ, ਤਾਂ ਅੱਜ ਡਿਪਟੀ ਮੈਨੇਜਰ ਅਤੇ ਨਿਰਮਾਤਾ ਦੇ ਨਾਲ ਕੀਤੀ ਹੋਈ ਮੁਲਾਕਾਤ ਨੇ ਉਸਨੂੰ ਇਸ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਕਰ ਦਿੱਤਾ ਸੀ। ਹੁਣ ਉਹ ਉੱਥੇ ਕਿਵੇਂ ਬੈਠਾ ਰਹਿੰਦਾ, ਜਦੋਂ ਆਪਣਾ ਮੁਕੱਦਮਾ ਆਪ ਲੜਨ ਦੇ ਖ਼ਿਆਲ ਨੇ ਉਸਨੂੰ ਡੌਰ-ਭੌਰ ਕਰ ਦਿੱਤਾ ਹੈ? ਪਰ ਪਿੱਛੋਂ ਕੀ ਹੋਵੇਗਾ? ਅੱਗੇ ਆਉਣ ਵਾਲਾ ਸਮਾਂ ਉਸ ਲਈ ਕਿਹੋ ਜਿਹਾ ਹੈ। ਕੀ ਉਹ ਅਜਿਹਾ ਰਾਹ ਲੱਭ ਸਕੇਗਾ ਜਿਸਦਾ ਨਤੀਜਾ ਸੁਖਾਵਾਂ ਹੋਵੇ? ਜਿੱਥੋਂ ਤੱਕ ਸਾਵਧਾਨੀ ਨਾਲ ਆਪਣਾ ਪੱਖ ਰੱਖਣ ਦਾ ਸਵਾਲ ਹੈ ਅਤੇ ਦੂਜਾ ਪੱਖ ਇੱਕ ਦਮ ਬੇਕਾਰ ਹੋਵੇਗਾ-ਤਾਂ ਇਸਦਾ ਕੀ ਇਹ ਮਤਲਬ ਨਹੀਂ ਹੈ ਕਿ ਉਹ ਕੁੱਝ ਅਲੱਗ ਕਰਨ ਤੋਂ ਆਪਣੇ-ਆਪ ਨੂੰ ਰੋਕੀ ਰੱਖੇਗਾ? ਕੀ ਉਹ ਸਫ਼ਲਤਾਪੂਰਵਕ ਅਜਿਹਾ ਕਰਨ ਵਿੱਚ ਸਮਰੱਥ ਹੋਵੇਗਾ? ਅਤੇ ਬੈਂਕ ਵਿੱਚ ਰਹਿ ਕੇ ਉਹ ਇਹ ਸਭ ਕਿਵੇਂ ਕਰ ਸਕੇਗਾ? ਆਖ਼ਰ ਇਹ ਸਿਰਫ਼ ਦਲੀਲ ਦਾ ਹੀ ਤਾਂ ਸਵਾਲ ਨਹੀਂ ਹੈ, ਇਸਦੇ ਲਈ ਤਾਂ ਥੋੜ੍ਹੀ ਜਿਹੀ ਛੁੱਟੀ ਹੀ ਕਾਫ਼ੀ ਹੁੰਦੀ, ਹਾਲਾਂਕਿ ਇਸ ਸਮੇਂ ਛੁੱਟੀ ਮੰਗਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ। ਇਹ ਪੂਰੇ ਮੁਕੱਦਮੇ ਦਾ ਸਵਾਲ ਸੀ ਅਤੇ ਕੋਈ ਨਹੀਂ ਕਹਿ ਸਕਦਾ ਕਿ ਇਹ ਕਦੋਂ ਤੱਕ ਚੱਲੇਗਾ। ਹੁਣ ਵੇਖੋ ਕੇ. ਦੇ ਪੂਰੇ ਕੈਰੀਅਰ ਦੇ ਸਾਹਮਣੇ ਕਿੰਨਾ ਵੱਡਾ ਅੜਿੱਕਾ ਖੜ੍ਹਾ ਸੀ।

ਅਤੇ ਹੁਣ ਉਸਨੂੰ ਬੈਂਕ ਵਿੱਚ ਆਪਣਾ ਕੰਮ ਕਰਦੇ ਰਹਿਣਾ ਹੋਵੇਗਾ? (ਉਸਨੇ ਮੇਜ਼ 'ਤੇ ਨਿਗ੍ਹਾ ਮਾਰੀ) ਕੀ ਹੁਣ ਕੰਮ ਕਰਵਾਉਣ ਵਾਲਿਆਂ ਨੂੰ ਅੰਦਰ ਬੁਲਾਵੇ ਅਤੇ ਉਹਨਾਂ ਦਾ ਕੰਮ ਨਬੇੜੇ? ਅਤੇ ਹਰ ਵਕਤ ਉਸਦਾ ਮੁਕੱਦਮਾ ਚੱਲ ਰਿਹਾ ਹੈ, ਹਰ ਵਕ਼ਤ ਉਸਨੂੰ ਪੌੜੀਆਂ ਤੋਂ ਉੱਪਰ, ਅਦਾਲਤ ਦੇ ਅਧਿਕਾਰੀ ਉਸਦੇ ਮੁਕੱਦਮੇ ਦੇ ਕਾਗਜ਼ਾਂ ਨਾਲ ਖਿਲਵਾੜ ਕਰ ਰਹੇ ਹਨ, ਅਜਿਹੇ ਵਿੱਚ ਕੀ ਉਹ ਬੈਂਕ ਦੇ ਕਿਰਿਆ-ਕਲਾਪ ਵਿੱਚ ਰੁੱਝਿਆ ਰਹਿ ਸਕਦਾ ਹੈ? ਕੀ ਇਹ ਸਜ਼ਾ ਦਾ ਹੀ ਇੱਕ ਦੂਜਾ ਰੂਪ ਨਹੀਂ ਹੈ, ਜਿਹੜਾ ਬੈਂਕ ਦੀ ਮਦਦ ਨਾਲ ਮੁਕੱਦਮੇ ਨਾਲ ਜੁੜਿਆ ਹੋਇਆ ਹੈ ਅਤੇ ਇਸਦਾ ਹੀ ਹਿੱਸਾ ਹੈ ਅਤੇ ਬੈਂਕ ਵਿੱਚ ਜਦੋਂ ਉਸਦੇ ਕੰਮ ਦਾ ਪਰੀਖਣ ਕਰ ਰਹੇ ਹਨ, ਤਾਂ ਕੀ ਉਹ ਉਸ ਖ਼ਾਸ ਸਥਿਤੀ 'ਤੇ ਵੀ ਗੌਰ ਕਰ ਰਹੇ ਹਨ ਜਿਸ ਨਾਲ ਅੱਜ ਉਹ ਦੋ-ਚਾਰ ਹਨ? ਨਹੀਂ, ਕੋਈ ਇੱਕ ਵੀ ਇਹ ਨਹੀਂ ਜਾਣ ਸਕੇਗਾ। ਭਾਵੇਂ ਬੈਂਕ ਦੇ ਕੁੱਝ ਲੋਕ ਇਸ ਮੁਕੱਦਮੇ ਨਾਲ ਜਾਣ ਜ਼ਰੂਰ ਹਨ, ਫ਼ਿਰ ਵੀ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸਦੇ ਬਾਰੇ ਕਿੰਨਾ ਕੁੱਝ ਜਾਣਦੇ ਹਨ ਅਤੇ ਕਿਵੇਂ ਜਾਣਦੇ ਹਨ। ਪਰ ਇਹ ਉਮੀਦ ਤਾਂ ਅਜੇ ਬਚੀ ਹੈ ਕਿ ਅਫ਼ਵਾਹ ਡਿਪਟੀ ਮੈਨੇਜਰ ਤੱਕ ਨਹੀਂ ਪੁੱਜੀ ਹੈ, ਨਹੀਂ ਤਾਂ ਇਸਦਾ ਕੇ. ਦੇ ਵਿਰੁੱਧ ਇਸਤੇਮਾਲ ਕਰਨ ਵਿੱਚ ਬਿਲਕੁਲ ਦੇਰੀ ਨਹੀਂ ਕਰੇਗਾ। ਫ਼ਿਰ ਉਹ ਹਮਦਰਦੀ ਦੇ ਸਾਰੇ ਸਿਧਾਂਤ ਵੀ ਭੁੱਲ ਜਾਵੇਗਾ। ਅਤੇ ਆਪ ਮੈਨੇਜਾਰ? ਇਸ ਵਿੱਚ ਸ਼ੱਕ ਨਹੀਂ ਹੈ ਕਿ ਕੇ. ਦੇ ਪ੍ਰਤੀ ਉਸਦੀ ਸਦਭਾਵਨਾ ਹੈ ਅਤੇ ਜਿਵੇਂ ਹੀ ਮੁਕੱਦਮੇ ਦੇ ਬਾਰੇ ਵਿੱਚ ਸੁਣੇਗਾ ਤਾਂ ਸ਼ਾਇਦ ਕੇ. ਦਾ ਬੋਝ ਘੱਟ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਇਹ ਤਾਂ ਤੈਅ ਹੈ ਕਿ ਉਸਨੂੰ ਇਸ ਵਿੱਚ ਸਫ਼ਲਤਾ ਮਿਲਣ ਵਾਲੀ ਨਹੀਂ ਹੈ, ਕਿਉਂਕਿ ਡਿਪਟੀ ਮੈਨੇਜਰ ਦੇ ਉਲਟ ਸੰਤੁਲਨ ਬਣਾਈ ਰੱਖਣ ਦੀ ਕੇ. ਦੀ ਸਮਰੱਥਾ ਕਾਫ਼ੀ ਘੱਟ ਹੋ ਰਹੀ ਹੈ, ਜਿਹੜਾ ਆਪਣਾ ਮਾਣ ਵਧਾਈ ਰੱਖਣ ਦੇ ਉਦੇਸ਼ ਨਾਲ ਮੈਨੇਜਰ ਦੀ ਖ਼ਰਾਬ ਸਿਹਤ ਦਾ ਫ਼ਾਇਦਾ ਚੁੱਕ ਰਿਹਾ ਹੈ। ਇਸ ਲਈ ਕੇ. ਕਿਹੋ ਜਿਹੀ ਉਮੀਦ ਕਰੇ? ਸ਼ਾਇਦ ਇਨ੍ਹਾਂ ਸਭ ਚੀਜ਼ਾਂ 'ਤੇ ਨਿਰਭਰ ਰਹਿ ਕੇ ਉਹ ਆਪਣੀ ਸੰਘਰਸ਼ ਕਰਨ ਦੀ ਤਾਕਤ ਨੂੰ ਹੀ ਕਮਜ਼ੋਰ ਕਰ ਰਿਹਾ ਹੈ, ਪਰ ਕਿਸੇ ਤਰ੍ਹਾਂ ਦੀ ਕਾਲਪਨਿਕ ਸਥਿਤੀ ਵਿੱਚ ਰਹਿਣਾ ਵਿਅਰਥ ਸੀ, ਅਤੇ ਇਸ ਵੇਲੇ ਚੀਜ਼ਾਂ ਨੂੰ ਉਸੇ ਤਰ੍ਹਾਂ ਵੇਖਿਆ ਜਾਣਾ ਜ਼ਰੂਰੀ ਸੀ ਜਿਵੇਂ ਕਿ ਉਹ ਅੱਜ ਸਨ।

ਕਿਸੇ ਖ਼ਾਸ ਕਾਰਨ ਨਾਲ ਨਹੀਂ, ਪਰ ਅਜੇ ਤੱਕ ਕੇ. ਨੇ ਆਪਣੇ ਮੇਜ਼ ਦੇ ਕੋਲ ਨਾ ਜਾਣ ਦੀ ਇੱਛਾ ਦੇ ਕਾਰਨ ਖਿੜਕੀ ਖੋਲ੍ਹ ਦਿੱਤੀ। ਇਸਨੂੰ ਖੋਲ੍ਹਣਾ ਔਖਾ ਸੀ ਅਤੇ ਉਸਨੇ ਇਸਨੂੰ ਖੋਲ੍ਹਣ ਲਈ ਆਪਣੇ ਦੋਹਾਂ ਹੱਥਾਂ ਦਾ ਜ਼ੋਰ ਲਾਇਆ। ਫ਼ਿਰ ਖਿੜਕੀ ਦੇ ਪੂਰੇ ਖੁੱਲ੍ਹੇ ਖੇਤਰ ਵਿੱਚੋਂ ਧੁੰਦ ਅਤੇ ਧੂੰਏ ਦਾ ਇੱਕ ਪੂਰਾ ਬੱਦਲ ਅੰਦਰ ਆ ਵੜਿਆ ਅਤੇ ਕਮਰੇ ਵਿੱਚ ਸੜਨ ਦੀ ਤਿੱਖੀ ਗੰਧ ਫੈਲ ਗਈ। ਬਰਫ਼ ਦੇ ਕੁੱਝ ਫੈਬੇ ਵੀ ਅੰਦਰ ਆ ਡਿੱਗੇ।

"ਕਿੰਨੀ ਡਰਾਉਣੀ ਪੱਤਝੜ ਹੈ," ਕੇ. ਨੇ ਆਪਣੇ ਪਿੱਛੇ ਨਿਰਮਾਤਾ ਨੂੰ ਬੋਲਦੇ ਹੋਏ ਸੁਣਿਆ; ਉਹ ਡਿਪਟੀ ਮੈਨੇਜਰ ਦੇ ਕਮਰੇ ਤੋਂ ਬਿਨ੍ਹਾਂ ਕੋਈ ਆਵਾਜ਼ ਕੀਤਿਆਂ ਇੱਧਰ ਆ ਗਿਆ ਸੀ। ਕੇ. ਨੇ ਸਿਰ ਹਿਲਾਇਆ ਅਤੇ ਬ੍ਰੀਫ਼ਕੇਸ 'ਤੇ ਇੱਕ ਸਰਸਰੀ ਜਿਹੀ ਨਿਗ੍ਹਾ ਮਾਰੀ, ਜਿਸ ਵਿੱਚੋਂ ਹੁਣ ਨਿਰਮਾਤਾ ਕਾਗਜ਼ ਕੱਢਣ ਲਈ ਕਾਹਲਾ ਸੀ, ਤਾਂ ਕਿ ਡਿਪਟੀ ਮੈਨੇਜਰ ਦੇ ਨਾਲ ਹੋਈ ਗੱਲਬਾਤ ਦਾ ਨਤੀਜਾ ਉਸਨੂੰ ਦੱਸ ਸਕੇ। ਪਰ ਨਿਰਮਾਤਾ ਨੇ ਕੇ. ਦੀ ਨਿਗ੍ਹਾ ਦਾ ਅੰਦਾਜ਼ਾ ਲਾਕੇ, ਬ੍ਰੀਫ਼ਕੇਸ 'ਤੇ ਮੁੱਕਾ ਮਾਰਿਆ ਅਤੇ ਉਸਨੂੰ ਖੋਲ੍ਹੇ ਬਿਨ੍ਹਾਂ ਕਿਹਾ, "ਤੂੰ ਸੁਣਨਾ ਚਾਹੇਗਾ ਕਿ ਕੀ ਹੋਇਆ। ਮੈਂ ਸਹਿਮਤੀ ਪੱਤਰ 'ਤੇ ਲਗਭਗ ਹਸਤਾਖ਼ਰ ਕਰਵਾ ਲਏ ਹਨ ਅਤੇ ਇਸਨੂੰ ਆਪਣੇ ਬ੍ਰੀਫ਼ਕੇਸ ਵਿੱਚ ਬੰਦ ਕਰ ਲਿਆ ਹੈ। ਤੇਰਾ ਇਹ ਡਿਪਟੀ ਮੈਨੇਜਰ ਇੱਕ ਦਿਲਖਿੱਚਵਾਂ ਆਦਮੀ ਹੈ, ਪਰ ਵਿਹਾਰ ਵਿੱਚ ਬਹੁਤ ਖ਼ਤਰਨਾਕ ਹੈ।"

ਉਹ ਕੇ. ਦਾ ਹੱਥ ਫੜ੍ਹ ਕੇ ਹੱਸ ਪਿਆ ਅਤੇ ਉਸਨੂੰ ਵੀ ਹਸਾਉਣ ਦੀ ਕੋਸ਼ਿਸ਼ ਕੀਤੀ। ਪਰ ਕੇ. ਨੂੰ ਹੁਣ ਇੱਕ ਵਾਰ ਫਿਰ ਸ਼ੱਕ ਹੋ ਗਿਆ ਸੀ ਕਿ ਕਿਉਂਕਿ ਨਿਰਮਾਤਾ ਹੁਣ ਉਸਨੂੰ ਆਪਣੇ ਕਾਗਜ਼ ਨਹੀਂ ਵਿਖਾਉਣਾ ਚਾਹੁੰਦਾ ਸੀ ਅਤੇ ਨਿਰਮਾਤਾ ਦੀ ਉਸ ਟਿੱਪਣੀ ਉੱਪਰ ਕੇ. ਨੂੰ ਹੱਸਣ ਜਿਹਾ ਕੁੱਝ ਵਿਖਾਈ ਨਾ ਦਿੱਤਾ।

"ਪਿਆਰੇ ਸ੍ਰੀਮਾਨ!" ਨਿਰਮਾਤਾ ਨੇ ਕਿਹਾ, "ਅੱਜ ਦਾ ਮੌਸਮ ਤੇਰੇ ਸਿਰ ਚੜ੍ਹ ਕੇ ਬੋਲ ਰਿਹਾ ਹੈ... ਅੱਜ ਤਾਂ ਤੂੰ ਬਹੁਤ ਗ਼ਮਗੀਨ ਵਿਖਾਈ ਦੇ ਰਿਹਾ ਏਂ।"

"ਹਾਂ, ਕੇ. ਨੇ ਕਿਹਾ ਅਤੇ ਮੱਥੇ ਤੇ ਹੱਥ ਰੱਖ ਕੇ ਬੋਲਿਆ- "ਸਿਰਦਰਦ ਅਤੇ ਘਰੇਲੂ ਪਰੇਸ਼ਾਨੀਆਂ..."

"ਹਾਂ, ਹਾਂ, ਨਿਰਮਾਤਾ ਤਾਂ ਜਲਦਬਾਜ਼ ਸੀ ਅਤੇ ਕਿਸੇ ਨੂੰ ਵੀ ਚੁੱਪਚਾਪ ਨਹੀਂ ਸੁਣ ਸਕਦਾ ਸੀ, ਬੋਲਿਆ- "ਅਸੀਂ ਸਾਰੇ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਨਾਲ ਘਿਰੇ ਹੋਏ ਹਾਂ।"

ਕੇ. ਨੇ ਬਿਨ੍ਹਾਂ ਸੋਚਿਆਂ ਹੀ ਬੂਹੇ ਵੱਲ ਕਦਮ ਵਧਾਏ ਜਿਵੇਂ ਉਸਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦਾ ਹੋਵੇ, ਪਰ ਨਿਰਮਾਤਾ ਬੋਲ ਪਿਆ- "ਇੱਕ ਛੋਟੀ ਜਿਹੀ ਗੱਲ ਹੈ ਜਿਹੜੀ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ। ਮੈਨੂੰ ਡਰ ਹੈ ਕਿ ਸ਼ਾਇਦ ਅੱਜ ਤੈਨੂੰ ਉਹ ਗੱਲ ਦੱਸਣੀ ਠੀਕ ਨਹੀਂ ਹੈ, ਪਰ ਹਾਲ ਹੀ ਵਿੱਚ ਮੈਂ ਤਾਂ ਤੈਨੂੰ ਮਿਲਣ ਦੋ ਵਾਰ ਆ ਚੁੱਕਾ ਹਾਂ, ਅਤੇ ਦੋਵੇਂ ਵਾਰ ਮੈਂ ਤੈਨੂੰ ਦੱਸਣਾ ਭੁੱਲ ਗਿਆ ਹਾਂ। ਪਰ ਜੇ ਮੈਂ ਤੈਨੂੰ ਅੱਜ ਵੀ ਨਾ ਦੱਸਾਂ, ਤਾਂ ਬਾਅਦ ਵਿੱਚ ਇਸਨੂੰ ਦੱਸਣ ਦੀ ਕੋਈ ਤੁਕ ਵੀ ਨਹੀਂ ਰਹੇਗੀ। ਅਤੇ ਇਹ ਤਰਸਯੋਗ ਹੋਵੇਗਾ ਕਿਉਂਕਿ ਅਸਲ ਵਿੱਚ ਮੈਂ ਜੋ ਕਹਿਣਾ ਹੈ ਉਹ ਵਿਅਰਥ ਨਹੀਂ ਹੈ।"

ਇਸ ਤੋਂ ਪਹਿਲਾਂ ਕੇ. ਕੁੱਝ ਕਹਿੰਦਾ, ਨਿਰਮਾਤਾ ਅੱਗੇ ਵਧ ਕੇ ਉਸਦੇ ਕੋਲ ਆ ਗਿਆ, ਆਪਣੇ ਹੱਥ ਨਾਲ ਉਸਦੀ ਛਾਤੀ ਵਜਾਈ ਅਤੇ ਪਿਆਰ ਨਾਲ ਬੋਲਿਆ-"ਤੇਰੇ 'ਤੇ ਮੁਕੱਦਮਾ ਚੱਲ ਰਿਹਾ ਹੈ, ਕਿ ਨਹੀਂ?"

ਕੇ. ਸੁਣਦੇ ਹੀ ਦੂਹਰਾ ਹੋ ਗਿਆ ਅਤੇ ਫੌਰਨ ਚੀਕ ਪਿਆ- "ਤੈਨੂੰ ਉਸ ਡਿਪਟੀ ਮੈਨੇਜਰ ਨੇ ਦੱਸਿਆ?"

"ਨਹੀਂ, ਨਹੀਂ, ਨਿਰਮਾਤਾ ਨੇ ਕਿਹਾ। "ਡਿਪਟੀ ਮੈਨੇਜਰ ਨੂੰ ਭਲਾਂ ਕਿਵੇਂ ਪਤਾ ਹੋਵੇਗਾ?"

"ਅਤੇ ਤੈਨੂੰ ਕਿਵੇਂ ਪਤਾ ਹੈ?" ਕੇ. ਨੇ ਠੰਢੇ ਹੁੰਦਿਆਂ ਕਿਹਾ।

"ਕਦੇ-ਕਦਾਈਂ ਮੈਂ ਕੋਰਟ ਕਚਹਿਰੀਆਂ ਦੇ ਬਾਰੇ ਵਿੱਚ ਸੁਣਦਾ ਰਹਿੰਦਾ ਹਾਂ, ਨਿਰਮਾਤਾ ਨੇ ਕਿਹਾ- "ਅਤੇ ਇਹੀ ਕੁੱਝ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ।"

"ਇਸ ਤਰ੍ਹਾਂ ਤੇਰੇ ਨਾਲ ਕਚਹਿਰੀ ਨੇ ਕਈ ਲੋਕ ਜੁੜੇ ਹੋਏ ਲੱਗਦੇ ਹਨ, ਕੇ. ਨੇ ਸਿਰ ਝੁਕਾਈ ਕਿਹਾ ਅਤੇ ਉਸਨੂੰ ਆਪਣੀ ਮੇਜ਼ ਦੇ ਕੋਲ ਲੈ ਗਿਆ। ਉਹ ਪਹਿਲਾਂ ਵਾਂਗ ਬੈਠ ਗਏ ਅਤੇ ਹੁਣ ਨਿਰਮਾਤਾ ਬੋਲਿਆ- "ਮੈਨੂੰ ਡਰ ਹੈ ਕਿ ਮੈਂ ਤੈਨੂੰ ਵਧੇਰੇ ਕੁੱਝ ਦੱਸ ਨਹੀਂ ਸਕਾਂਗਾ, ਪਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਕਈ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸਦੇ ਇਲਾਵਾ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕਿਸੇ ਤਰ੍ਹਾਂ ਤੇਰੀ ਮਦਦ ਕਰਾਂ ਚਾਹੇ ਇਹ ਕਿੰਨੀ ਵੀ ਥੋੜ੍ਹੀ ਕਿਉਂ ਨਾ ਹੋਵੇ। ਅਸੀਂ ਤਾਂ ਚੰਗੇ ਵਪਾਰਕ ਦੋਸਤ ਰਹੇ ਹਾਂ, ਕਿ ਨਹੀਂ? ਤਾਂ ਠੀਕ ਹੈ..."

ਸਵੇਰੇ ਹੋਈ ਗੱਲਬਾਤ ਦੇ ਵੇਲੇ ਕੇ. ਆਪਣੇ ਵਿਹਾਰ ਤੇ ਅਫ਼ਸੋਸ ਜ਼ਾਹਰ ਕਰਨਾ ਚਾਹੁੰਦਾ ਸੀ, ਪਰ ਨਿਰਮਾਤਾ ਨੇ ਉਸਨੂੰ ਦਖ਼ਲ ਦੇਣ ਦਾ ਸਮਾਂ ਹੀ ਨਹੀਂ ਦਿੱਤਾ। ਉਸਨੇ ਆਪਣੀ ਬਾਂਹ ਦੇ ਹੇਠਾਂ ਤੱਕ ਆਪਣਾ ਬ੍ਰੀਫ਼ਕੇਸ ਚੁੱਕ ਕੇ ਵਿਖਾਇਆ, ਜਿਵੇਂ ਉਹ ਜਾਣ ਦੀ ਕਾਹਲ ਵਿੱਚ ਹੋਵੇ, ਅਤੇ ਕਹਿਣ ਲੱਗਾ- "ਮੈਂ ਤਿਤੋਰੇਲੀ ਨਾਮ ਦੇ ਆਦਮੀ ਦੇ ਜ਼ਰੀਏ ਤੇਰੇ ਕੇਸ ਦੇ ਬਾਰੇ ਜਾਣਦਾ ਹਾਂ। ਉਹ ਪੇਂਟਰ ਹੈ ਅਤੇ ਤਿਤੋਰੇਲੀ ਉਸਦਾ ਪੇਸ਼ੇਵਰ ਨਾਮ ਹੈ। ਉਸਦਾ ਅਸਲੀ ਨਾਮ ਮੈਨੂੰ ਨਹੀਂ ਪਤਾ। ਵਰ੍ਹਿਆਂ ਤੋਂ ਸਮੇਂ-ਸਮੇਂ 'ਤੇ ਉਹ ਮੇਰੇ ਦਫ਼ਤਰ ਵਿੱਚ ਮੈਨੂੰ ਮਿਲਣ ਆਉਂਦਾ ਰਿਹਾ ਹੈ, ਅਤੇ ਉਹ ਮੇਰੇ ਕੋਲ ਛੋਟੀਆਂ-ਮੋਟੀਆਂ ਪੇਂਟਿੰਗਾਂ ਲੈ ਆਉਂਦਾ ਹੈ ਜਿਸਦੇ ਲਈ ਮੈਂ ਉਸਨੂੰ ਥੋੜ੍ਹੇ-ਬਹੁਤ ਪੈਸੇ ਦੇ ਦਿੰਦਾ ਹਾਂ। ਉਹ ਲਗਭਗ ਇੱਕ ਭਿਖਾਰੀ ਹੈ। ਇਸਦੇ ਇਲਾਵਾ ਉਹ ਤਸਵੀਰਾਂ ਖ਼ੂਬਸੂਰਤ ਹਨ, ਉਹਨਾਂ ਵਿੱਚ ਰੇਗਿਸਤਾਨ ਦੇ ਦ੍ਰਿਸ਼ ਹਨ ਅਤੇ ਇਸੇ ਤਰ੍ਹਾਂ ਦੀਆਂ ਕਈ ਚੀਜ਼ਾਂ। ਇਹ ਲੈਣ-ਦੇਣ ਕਈ ਸਾਲਾਂ ਤੋਂ ਚੱਲ ਰਿਹਾ ਹੈ। ਪਰ ਮੈਨੂੰ ਇਹ ਅਹਿਸਾਸ ਹੋਇਆ ਕਿ ਉਹ ਮੇਰੇ ਕੋਲ ਕੁੱਝ ਜ਼ਿਆਦਾ ਹੀ ਆਉਣ ਲੱਗਾ ਹੈ, ਇਸ ਲਈ ਮੈਂ ਉਸਨੂੰ ਬੁਰਾ ਭਲਾ ਕਿਹਾ ਅਤੇ ਅਸੀਂ ਆਪਸ ਵਿੱਚ ਗੱਲਾਂ ਕਰਨ ਲੱਗੇ। ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਸਿਰਫ਼ ਪੇਂਟਿੰਗਾਂ ਦੇ ਦਮ 'ਤੇ ਹੀ ਜ਼ਿੰਦਾ ਕਿਵੇਂ ਰਹਿ ਸਕਦਾ ਹੈ, ਅਤੇ ਉਦੋਂ ਮੈਨੂੰ ਪਤਾ ਲੱਗਾ ਕਿ ਉਸਦੀ ਵਧੇਰੇ ਆਮਦਨ ਪੋਰਟਰੇਟ ਚਿਤਰਕਾਰੀ ਤੋਂ ਹੁੰਦੀ ਹੈ। ਇਸਤੋਂ ਮੈਂ ਹੈਰਾਨ ਸੀ। ਉਸਨੇ ਕਿਹਾ ਕਿ ਉਹ ਅਦਾਲਤ ਦੇ ਲਈ ਕੰਮ ਕਰਦਾ ਹੈ। "ਕਿਹੜੀ ਅਦਾਲਤ?" ਮੈਂ ਉਸਤੋਂ ਪੁੱਛਿਆ। ਉਦੋਂ ਉਸਨੇ ਮੈਨੂੰ ਅਦਾਲਤ ਦੇ ਬਾਰੇ ਵਿੱਚ ਦੱਸਿਆ। ਖ਼ਾਸ ਕਰਕੇ ਤੂੰ ਇਹ ਅੰਦਾਜ਼ਾ ਲਾ ਸਕਦਾ ਏਂ ਕਿ ਉਸਦੇ ਕਹੇ 'ਤੇ ਮੈਂ ਕਿੰਨਾ ਹੈਰਾਨ ਸੀ। ਉਸ ਪਿੱਛੋਂ ਜਦੋਂ ਵੀ ਉਹ ਮੇਰੇ ਕੋਲ ਆਉਂਦਾ ਹੈ, ਉਹ ਅਦਾਲਤ ਦੇ ਬਾਰੇ ਵਿੱਚ ਹਰ ਵਾਰ ਮੈਨੂੰ ਕੋਈ ਨਵੀਂ ਗੱਲ ਦੱਸਦਾ ਹੈ, ਇਸ ਲਈ ਹੌਲੀ-ਹੌਲੀ ਮੈਨੂੰ ਇਹ ਅੰਦਾਜ਼ਾ ਹੋ ਚੱਲਿਆ ਹੈ ਕਿ ਇਹ ਕੰਮ ਕਿਵੇਂ ਕਰਦੀ ਹੈ। ਭਾਵੇਂ ਤਿਤੋਰੇਲੀ ਬੋਲਣਾ ਤਾਂ ਬੰਦ ਨਹੀਂ ਕਰ ਸਕਦਾ ਅਤੇ ਕਈ ਵਾਰ ਮੈਨੂੰ ਉਸ ਨਾਲ ਲੜਨਾ ਪੈਂਦਾ ਹੈ, ਸਿਰਫ਼ ਇਸ ਲਈ ਨਹੀਂ ਕਿ ਉਹ ਪੱਕਾ ਹੀ ਝੂਠ ਬੋਲ ਰਿਹਾ ਹੁੰਦਾ ਹੈ, ਖ਼ਾਸ ਕਰਕੇ ਇਸ ਲਈ ਕਿ ਮੇਰੇ ਤਰ੍ਹਾਂ ਦਾ ਵਪਾਰਕ ਆਦਮੀ ਆਪਣੇ ਹੀ ਵਪਾਰਕ ਫ਼ਿਕਰਾਂ ਵਿੱਚ ਘਿਰਿਆ ਰਹਿੰਦਾ ਹੈ ਅਤੇ ਦੂਜੇ ਲੋਕਾਂ ਦੀਆਂ ਮੁਸੀਬਤਾਂ ਵਿੱਚ ਉਲਝ ਸਕਣ ਦੀ ਸਮਰੱਥਾ ਨਹੀਂ ਰੱਖਦਾ। ਪਰ ਇਹ ਸਭ ਤਾਂ ਵੈਸੇ ਹੀ ਹੈ। ਹੁਣ ਸ਼ਾਇਦ, ਮੈਂ ਇਹੀ ਸੋਚ ਰਿਹਾ ਸੀ, ਤਿਤੋਰੇਲੀ ਤੇਰੇ ਕਿਸੇ ਕੰਮ ਆ ਸਕਦਾ ਹੈ, ਉਹ ਬਹੁਤ ਸਾਰੇ ਜੱਜਾਂ ਨੂੰ ਜਾਣਦਾ ਹੈ ਅਤੇ ਆਪ ਉਸਦਾ ਆਪਣਾ ਜ਼ਿਆਦਾ ਪ੍ਰਭਾਵ ਵੀ ਨਾ ਹੋਵੇ, ਫ਼ਿਰ ਵੀ ਆਖਰ ਤੈਨੂੰ ਉਹ ਕੋਈ ਸਲਾਹ ਦੇ ਸਕਦਾ ਹੈ ਕਿ ਕੁੱਝ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਕਿਵੇਂ ਕਾਇਮ ਕੀਤਾ ਜਾਵੇ। ਅਤੇ ਜੇ ਇਹ ਸਲਾਹ ਆਪਣੇ-ਆਪ ਵਿੱਚ ਜ਼ਿਆਦਾ ਮਹੱਤਵਪੂਰਨ ਨਾ ਵੀ ਹੋਵੇ, ਤਾਂ ਵੀ ਮੈਨੂੰ ਲੱਗਦਾ ਹੈ ਕਿ ਤੂੰ ਉਸਦਾ ਚੰਗਾ ਇਸਤੇਮਾਲ ਕਰ ਸਕੇਂਗਾ। ਕਿਉਂਕਿ ਤੂੰ ਆਪਣੇ ਆਪ ਵਿੱਚ ਵਕੀਲਾਂ ਵਰਗਾ ਹੀ ਏਂ। ਮੈਂ ਤਾਂ ਹਮੇਸ਼ਾ ਤੋਂ ਕਹਿੰਦਾ ਹਾਂ-ਸੀਨੀਅਰ ਕਲਰਕ ਤਾਂ ਲਗਭਗ ਵਕੀਲ ਹੁੰਦਾ ਹੈ। ਓਹ, ਮੈਨੂੰ ਤੇਰੇ ਮੁਕੱਦਮੇ ਦੀ ਫ਼ਿਕਰ ਨਹੀਂ ਹੈ। ਤਾਂ ਕੀ ਤੂੰ ਹੁਣੇ ਚੱਲ ਕੇ ਤਿਤੋਰੇਲੀ ਨਾਲ ਮਿਲਣਾ ਚਾਹੇਂਗਾ? ਜੇ ਮੈਂ ਤੇਰੀ ਸਿਫ਼ਾਰਿਸ਼ ਕਰਾਂ ਤਾਂ ਪੱਕਾ ਵੀ ਉਹ ਜੋ ਕੁੱਝ ਤੇਰੇ ਲਈ ਕਰ ਸਕਦਾ ਹੋਇਆ ਕਰੇਗਾ। ਮੈਂ ਸੱਚਮੁਚ ਸੋਚਦਾ ਹਾਂ ਕਿ ਤੈਨੂੰ ਜਾਣਾ ਚਾਹੀਦਾ ਹੈ। ਭਾਵੇਂ ਅੱਜ ਮੈਨੂੰ ਤੇਰੇ ਜਾਣ ਦੀ ਉਮੀਦ ਨਹੀਂ ਹੈ, ਪਰ ਕਦੇ ਤਾਂ ਜ਼ਰੂਰ। ਉਸ ਸਮੇਂ ਜਦੋਂ ਤੈਨੂੰ ਠੀਕ ਲੱਗੇ। ਅਤੇ ਹਾਂ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਤੈਨੂੰ ਤਿਤੋਰੇਲੀ ਦੇ ਕੋਲ ਸਿਰਫ਼ ਇਸ ਲਈ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਇਹ ਕਹਿ ਰਿਹਾ ਹਾਂ। ਜੇ ਤੈਨੂੰ ਲੱਗਦਾ ਹੈ ਕਿ ਉਸਦੇ ਬਿਨ੍ਹਾਂ ਤੂੰ ਆਪਣਾ ਕੰਮ ਚਲਾ ਸਕਦਾ ਏਂ ਤਾਂ ਇਹੀ ਠੀਕ ਹੋਵੇਗਾ ਕਿ ਉਸਨੂੰ ਇਸ ਸਾਰੇ ਝਮੇਲੇ ਵਿੱਚ ਨਾ ਪਾ। ਸ਼ਾਇਦ ਤੂੰ ਇਸ ਬਾਰੇ ਕੋਈ ਪੱਕੀ ਰਾਏ ਬਣਾਈ ਹੋਵੇਗੀ ਕਿ ਅਤੇ ਤਿਤੋਰਲੀ ਉਸਨੂੰ ਖ਼ਰਾਬ ਕਰ ਸਕਦਾ ਹੈ। ਉਸ ਜਿਹੇ ਆਦਮੀ ਤੋਂ ਸਲਾਹ ਲੈਣੀ ਹਮੇਸ਼ਾ ਠੀਕ ਵੀ ਨਹੀਂ ਹੁੰਦੀ। ਫ਼ਿਰ ਵੀ, ਜੋ ਕੁੱਝ ਤੈਨੂੰ ਠੀਕ ਲੱਗੇ ਉਹੀ ਕਰ। ਇਹ ਰਿਹਾ ਉਸਦਾ ਪਛਾਣ-ਪੱਤਰ ਅਤੇ ਪਤਾ।"

ਖ਼ਤ ਨੂੰ ਲੈ ਕੇ ਆਪਣੀ ਜੇਬ ਵਿੱਚ ਰੱਖਦੇ ਹੋਏ ਕੇ. ਨਿਰਾਸ਼ ਹੋ ਗਿਆ ਸੀ। ਅਤਿ ਮਦਦਗਾਰ ਸਮੇਂ ਵਿੱਚ ਇਸ ਸਿਫ਼ਾਰਿਸ਼ ਨਾਲ ਉਸਨੂੰ ਜੋ ਲਾਭ ਮਿਲਣ ਵਾਲਾ ਸੀ, ਉਹ ਇਸ ਤੱਥ ਤੋਂ ਸੀ ਕਿ ਨਿਰਮਾਤਾ ਉਸਦੇ ਮੁਕੱਦਮੇ ਦੇ ਬਾਰੇ ਵਿੱਚ ਸਭ ਕੁੱਝ ਜਾਣ ਗਿਆ ਹੈ। ਪੇਂਟਰ ਉਸਦੇ ਬਾਰੇ ਖ਼ਬਰਾਂ ਫੈਲਾ ਰਿਹਾ ਸੀ। ਉਹ ਨਿਰਮਾਤਾ ਨੂੰ ਧੰਨਵਾਦ ਕਰਨ ਦੇ ਲਈ ਬੜੀ ਔਖ ਨਾਲ ਸ਼ਬਦਾਂ ਨੂੰ ਲੱਭ ਸਕਿਆ, ਜਿਹੜਾ ਇਸਤੋਂ ਪਹਿਲਾਂ ਹੀ ਬੂਹੇ ਦੇ ਵੱਲ ਚਲਾ ਗਿਆ ਸੀ।

"ਮੈਂ ਜਾ ਕੇ ਉਸਨੂੰ ਮਿਲਦਾ ਹਾਂ, ਉਸਨੇ ਕਿਹਾ, ਜਦੋਂ ਉਹ ਬੂਹੇ ਦੇ ਕੋਲ ਉਸ ਨਾਲ ਹੱਥ ਮਿਲਾ ਰਿਹਾ ਸੀ, "ਜਾਂ ਜਿਵੇਂ ਕਿ ਮੈਂ ਇਸ ਵੇਲੇ ਬਹੁਤ ਰੁੱਝਿਆ ਹਾਂ, ਮੈਂ ਉਸਨੂੰ ਮਗਰੋਂ ਖ਼ਤ ਲਿਖ ਕੇ ਇੱਥੇ ਦਫ਼ਤਰ ਵਿੱਚ ਬੁਲਾ ਲਵਾਂਗਾ।"

"ਮੈਨੂੰ ਯਕੀਨ ਸੀ, ਨਿਰਮਾਤਾ ਨੇ ਕਿਹਾ, "ਕਿ ਤੂੰ ਉਸਦੇ ਨਾਲ ਵਿਹਾਰ ਕਰਨ ਦਾ ਕੋਈ ਵਧੀਆ ਮੌਕਾ ਲੱਭ ਹੀ ਲਵੇਂਗਾ। ਪਰ ਮੈਂ ਤਾਂ ਸਿਰਫ਼ ਇਹੀ ਸੋਚ ਰਿਹਾ ਸੀ ਕਿ ਤੂੰ ਤਿਤੋਰੇਲੀ ਜਿਹੇ ਲੋਕਾਂ ਨਾਲ ਆਪਣੇ ਮੁਕੱਦਮੇ ਬਾਰੇ ਗੱਲ ਕਰਨ ਲਈ ਉਹਨਾਂ ਨੂੰ ਇੱਥੇ ਬੈਂਕ ਨਹੀਂ ਬੁਲਾਵੇਂਗਾ। ਇਸਦੇ ਇਲਾਵਾ ਅਜਿਹੇ ਕੰਮਾਂ ਨੂੰ ਲੈ ਕੇ ਕਿਸੇ ਚਿੱਠੀ ਉੱਪਰ ਤੇਰੇ ਦਸਤਖ਼ਤ ਹੋਣਾ ਵੀ ਠੀਕ ਨਹੀਂ ਹੈ। ਪਰ ਮੈਨੂੰ ਯਕੀਨ ਹੈ ਕਿ ਉਸ ਸਭ ਉੱਤੇ ਤੂੰ ਵਿਚਾਰ ਕਰ ਲਿਆ ਹੋਵੇਗਾ ਅਤੇ ਹੁਣ ਪਤਾ ਲੱਗੇਗਾ ਕਿ ਤੂੰ ਕੀ ਕਰਨਾ ਹੈ।"

ਕੇ. ਨੇ ਸਿਰ ਹਿਲਾਇਆ ਅਤੇ ਬਾਹਰੀ ਦਫ਼ਤਰ ਤੋਂ ਉਸਦੇ ਨਾਲ-ਨਾਲ ਨਿਕਲ ਗਿਆ। ਵੈਸੇ ਉਹ ਸ਼ਾਂਤ ਵਿਖਾਈ ਦੇ ਰਿਹਾ ਸੀ, ਪਰ ਉਹ ਆਪਣੇ-ਆਪ ਤੋਂ ਹੀ ਡਰਿਆ ਹੋਇਆ ਸੀ। ਉਸਨੇ ਤਾਂ ਤਿਤੋਰੇਲੀ ਨੂੰ ਲਿਖਣ ਦੀ ਗੱਲ ਇਸ ਲਈ ਕਹੀ ਸੀ ਕਿ ਉਹ ਨਿਰਮਾਤਾ ਨੂੰ ਉਸਦੇ ਸੁਝਾਅ 'ਤੇ ਆਪਣੀ ਸਹਿਮਤੀ ਦੇ ਕੇ ਆਪਣਾ ਧੰਨਵਾਦ ਪੇਸ਼ ਕਰ ਦੇਵੇ ਅਤੇ ਹੁਣ ਉਹ ਤਿਤੋਰੇਲੀ ਨਾਲ ਮਿਲਣ ਦੇ ਬਾਰੇ ਵਿੱਚ ਵਿਚਾਰ ਕਰ ਰਿਹਾ ਸੀ, ਪਰ ਜੇ ਇਹ ਵਿਚਾਰ ਉਸਦੇ ਮਨ ਵਿੱਚ ਆਉਂਦਾ ਸੀ ਕਿ ਤਿਤੋਰੇਲੀ ਦੀ ਮਦਦ ਉਸਦੀ ਵਡਮੁੱਲੀ ਹੈ, ਤਾਂ ਉਹ ਅਸਲ 'ਚ ਖ਼ਤ ਲਿਖਣ ਦੇ ਬਾਰੇ 'ਚ ਦੂਜੀ ਵਾਰ ਸੋਚਣ ਦੀ ਉਡੀਕ ਨਹੀਂ ਕਰਦਾ। ਪਰ ਉਦੋਂ ਤੱਕ ਉਹ ਉਹਨਾਂ ਖ਼ਤਰਿਆਂ ਤੋਂ ਜਾਣੂ ਨਹੀਂ ਸੀ ਜਿਸਦੇ ਵੱਲ ਨਿਰਮਾਤਾ ਨੇ ਹੁਣ ਇਸ਼ਾਰਾ ਕੀਤਾ ਸੀ। ਕੀ ਆਪਣੀ ਹੀ ਸੋਚ ਵਿਵਸਥਾ 'ਤੇ ਉਹ ਇਸ ਤਰ੍ਹਾਂ ਘੱਟ ਨਿਰਭਰਤਾ ਰੱਖ ਸਕਦਾ ਸੀ? ਜੇਕਰ ਉਹ ਅਜਿਹੇ ਨਾਮਾਕੂਲ ਆਦਮੀਆਂ ਨੂੰ ਚਿੱਠੀਆਂ ਲਿਖ ਕੇ ਦਫ਼ਤਰ ਵਿੱਚ ਬੁਲਾਉਣ ਦੀ ਸੋਚ ਰੱਖ ਸਕਦਾ ਸੀ, ਇਸ ਦਫ਼ਤਰ ਵਿੱਚ ਜਿਹੜਾ ਡਿਪਟੀ ਮੈਨੇਜਰ ਦੇ ਕਮਰੇ ਦੇ ਨਾਲ ਜੁੜਿਆ ਹੋਇਆ ਹੈ, ਅਤੇ ਉਸ ਤੋਂ ਆਪਣੇ ਮੁਕੱਦਮੇ ਦਾ ਸਬੰਧ ਵਿੱਚ ਸਲਾਹ ਲੈ ਸਕਦਾ ਹੈ, ਤਾਂ ਕੀ ਇਹ ਸੰਭਵ ਨਹੀਂ ਹੈ, ਜਾਂ ਘੱਟ ਤੋਂ ਘੱਟ ਇਸਦੀ ਸੰਭਾਵਨਾ ਨਹੀਂ ਹੈ ਕਿ ਉਹ ਹੋਰ ਖ਼ਤਰਿਆਂ ਨੂੰ ਸੱਦਾ ਦੇ ਰਿਹਾ ਹੈ? ਉਸਦੇ ਕੋਲ ਹਮੇਸ਼ਾ ਤਾਂ ਕੋਈ ਨਹੀਂ ਰਹਿੰਦਾ ਜਿਹੜਾ ਉਸਨੂੰ ਸੁਚੇਤ ਕਰਦਾ ਰਹੇ। ਅਤੇ ਹੁਣ ਉਸਦੇ ਬਾਰੇ 'ਚ ਸੋਚਣਾ, ਜਦੋਂ ਸਾਰੇ ਸਮੇਂ ਦੀ ਤੁਲਨਾ ਵਿੱਚ ਉਹ ਕਾਫ਼ੀ ਤਾਕਤਵਰ ਹੋ ਉੱਠਿਆ ਹੈ ਅਤੇ ਕਰਮ ਕਰਨ ਦੇ ਲਈ ਕਾਹਲਾ ਹੈ, ਤਾਂ ਅਜਿਹੀਆਂ ਸ਼ੰਕਾਵਾਂ ਤੋਂ ਤਾਂ ਉਸਨੂੰ ਮੁਕਤ ਹੋਣਾ ਚਾਹੀਦਾ ਹੈ ਜੋ ਉਸਦੀ ਆਪਣੀ ਸਾਵਧਾਨੀ 'ਤੇ ਪ੍ਰਸ਼ਨਚਿੰਨ੍ਹ ਲਾ ਰਹੀ ਹੈ। ਉਹ ਮੁਸ਼ਕਿਲਾਂ ਜੋ ਉਹ ਆਪਣੇ ਕੰਮ ਵਿੱਚ ਮਹਿਸੂਸ ਕਰ ਰਿਹਾ ਹੈ, ਕੀ ਉਹ ਉਸਦੇ ਮੁਕੱਦਮੇ ਨੂੰ ਵੀ ਪ੍ਰਭਾਵਿਤ ਕਰਨਗੀਆਂ? ਉਸਨੂੰ ਤਾਂ ਪੱਕਾ ਹੀ ਕਦੇ ਕੋਈ ਅਜਿਹਾ ਵਿਚਾਰ ਨਹੀਂ ਆਇਆ ਸੀ ਕਿ ਉਹ ਤਿਤੋਰੇਲੀ ਨੂੰ ਚਿੱਠੀ ਲਿਖ ਕੇ ਬੈਂਕ ਵਿੱਚ ਆਉਣ ਦਾ ਸੱਦਾ ਦੇਵੇਗਾ।

ਜਦੋਂ ਕਲਰਕ ਅੰਦਰ ਦਾਖ਼ਲ ਹੋਇਆ ਤਾਂ ਉਹ ਇਸੇ ਮੁੱਦੇ 'ਤੇ ਆਪਣਾ ਦਿਮਾਗ ਖਪਾ ਰਿਹਾ ਸੀ। ਕਲਰਕ ਨੇ ਦੱਸਿਆ ਕਿ ਬਾਹਰ ਤਿੰਨ ਆਦਮੀ ਉਸਦੀ ਉਡੀਕ ਵਿੱਚ ਬੈਠੇ ਹਨ। ਉਹ ਕਾਫ਼ੀ ਦੇਰ ਤੋਂ ਉੱਥੇ ਮੌਜੂਦ ਹਨ। ਹੁਣ ਜਦੋਂ ਕਲਰਕ, ਕੇ. ਦੇ ਨਾਲ ਗੱਲ ਕਰ ਰਿਹਾ ਸੀ, ਤਾਂ ਉਹ ਤਿੰਨੇ ਉੱਠ ਖੜ੍ਹੇ ਹੋਏ ਸੀ ਅਤੇ ਕੇ. ਨਾਲ ਪਹਿਲਾਂ ਮਿਲਣ ਦੀ ਕੋਸ਼ਿਸ਼ ਕਰਨ ਦੀ ਠਾਣ ਚੁੱਕੇ ਸਨ। ਜੇ ਬੈਂਕ ਦੇ ਲੋਕ ਐਸੇ ਨਾਮਾਕੂਲ ਹੋ ਚੁੱਕੇ ਹਨ ਕਿ ਮਹਿਮਾਨਾਂ ਨੂੰ ਉਡੀਕਘਰ ਵਿੱਚ ਬਿਠਾ ਕੇ ਉਹਨਾਂ ਦੇ ਵੇਲਿਆਂ ਦੀ ਬਰਬਾਦੀ ਕਰਦੇ ਰਹਿਣ, ਤਾਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਾਫ਼ਤ ਨਾਲ ਉਡੀਕ ਕਰਦੇ ਰਹਿਣ ਦੀ ਵੀ ਕੀ ਲੋੜ ਹੈ।

"ਸ੍ਰੀਮਾਨ," ਉਹਨਾਂ ਵਿੱਚੋਂ ਇੱਕ ਨੇ ਬੋਲਣਾ ਸ਼ੁਰੂ ਕੀਤਾ ਸੀ। ਪਰ ਕੇ. ਉਦੋਂ ਤੱਕ ਕਲਰਕ ਨੂੰ ਆਪਣਾ ਓਵਰਕੋਟ ਲਿਆਉਣ ਲਈ ਭੇਜ ਚੁੱਕਾ ਸੀ, ਅਤੇ ਜਦੋਂ ਉਸਨੂੰ ਇਹ ਪਾਉਣ ਲਈ ਮਦਦ ਦਿੱਤੀ ਜਾ ਰਹੀ ਸੀ ਤਾਂ ਉਹ ਉਹਨਾਂ ਤਿੰਨਾਂ ਨੂੰ ਬੋਲਿਆ-"ਭਾਈ ਸਾਹਬ, ਮੁਆਫ਼ ਕਰਨਾ, ਇਸ ਸਮੇਂ ਮੈਂ ਤੁਹਾਨੂੰ ਨਹੀਂ ਮਿਲ ਸਕਦਾ। ਮੈਨੂੰ ਸੱਚਮੁੱਚ ਅਫ਼ਸੋਸ ਹੈ, ਪਰ ਮੈਂ ਇਸ ਵੇਲੇ ਬਹੁਤ ਜਰੂਰੀ ਕੰਮ ਨਾਲ ਨਿਕਲਣਾ ਹੈ ਅਤੇ ਮੈਨੂੰ ਫ਼ੌਰਨ ਜਾਣਾ ਪਵੇਗਾ। ਤੁਸੀਂ ਆਪ ਵੇਖ ਸਕਦੇ ਹੋਂ ਕਿ ਮੈਂ ਕਿੰਨੀ ਦੇਰ ਤੋਂ ਇੱਥੇ ਰੁਕਿਆ ਹੋਇਆ ਹਾਂ। ਕੀ ਤੁਸੀਂ ਕੱਲ ਆਉਣ ਦੀ ਕਿਰਪਾ ਕਰ ਸਕਦੇ ਹੋਂ ਜਾਂ ਪਿੱਛੋਂ ਕਦੀ, ਤੁਹਾਡੀ ਸਹੂਲੀਅਤ ਦੇ ਹਿਸਾਬ ਨਾਲ? ਜਾਂ ਸ਼ਾਇਦ ਅਸੀਂ ਕੱਲ੍ਹ ਦੀ ਗੱਲਬਾਤ ਟੈਲੀਫ਼ੋਨ ਉੱਪਰ ਹੀ ਕਰ ਲਈਏ? ਜਾਂ ਸ਼ਾਇਦ ਤੁਸੀਂ ਇਸੇ ਵੇਲੇ ਮੈਨੂੰ ਸੰਖੇਪ ਵਿੱਚ ਦੱਸ ਦਿਓ ਅਤੇ ਇਸਦੇ ਜਵਾਬ ਵਿੱਚ ਮੈਂ ਤੁਹਾਨੂੰ ਪਿੱਛੋਂ ਉਸਦਾ ਵਿਸਤਾਰਪੂਰਵਕ ਜਵਾਬ ਭੇਜ ਦੇਵਾਂਗਾ। ਵੈਸੇ ਸਭ ਤੋਂ ਵਧੀਆ ਤਾਂ ਇਹੀ ਹੋਵੇਗਾ ਕਿ ਤੁਸੀਂ ਮੈਨੂੰ ਬਾਅਦ ਵਿੱਚ ਮਿਲਣ ਲਈ ਆਓਂ।"

ਕੇ. ਦੀਆਂ ਇਹਨਾਂ ਪੇਸ਼ਕਸ਼ਾਂ ਨੇ ਉਹਨਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਹਨਾਂ ਨੂੰ ਐਨੀ ਉਡੀਕ ਕਰਨੀ ਬੇਫ਼ਾਇਦਾ ਸਾਬਿਤ ਹੋਈ ਸੀ। ਉਹਨਾਂ ਨੇ ਬਿਨ੍ਹਾਂ ਕੋਈ ਸ਼ਬਦ ਕਹੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ। "ਤਾਂ ਕੀ ਅਸੀਂ ਸਹਿਮਤ ਹਾਂ?" ਕੇ. ਨੇ ਕਲਰਕ ਵੱਲ ਮੁੜਦਿਆਂ ਕਿਹਾ ਜਿਹੜਾ ਹੁਣ ਉਸਨੂੰ ਉਸਦਾ ਹੈਟ ਫੜ੍ਹਾ ਰਿਹਾ ਸੀ। ਕੇ. ਦੇ ਕਮਰੇ ਦੀ ਖੁੱਲ੍ਹੀ ਖਿੜਕੀ ਵਿੱਚੋਂ ਬਾਹਰ ਕੋਈ ਵੇਖ ਸਕਦਾ ਸੀ ਕਿ ਹੁਣ ਬਰਫ਼ਬਾਰੀ ਹੋਰ ਤੇਜ਼ ਹੋ ਗਈ ਸੀ। ਇਸ ਕਰਕੇ ਕੇ. ਨੇ ਆਪਣੇ ਕੋਟ ਦਾ ਕਾਲਰ ਉੱਪਰ ਕੀਤਾ, ਉਸਨੂੰ ਬਟਨ ਲਾਕੇ ਆਪਣੇ ਗਲੇ ਨਾਲ ਕੱਸ ਲਿਆ।

ਜਿਵੇਂ ਹੀ ਡਿਪਟੀ ਮੈਨੇਜਰ ਅਗਲੇ ਕਮਰੇ ਵਿੱਚੋਂ ਬਾਹਰ ਨਿਕਲ ਰਿਹਾ ਸੀ, ਉਸਨੇ ਕੇ. ਨੂੰ ਮੁਸਕਾਉਂਦੇ ਹੋਏ ਵੇਖਿਆ, ਜੋ ਕਿ ਉਹਨਾਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ, ਅਤੇ ਪੁੱਛਿਆ, "ਕੀ ਤੁਸੀਂ ਹੁਣ ਜਾ ਰਹੇ ਹੋ, ਮਿਸਟਰ ਕੇ.?"

"ਹਾਂ," ਕੇ. ਇਹ ਕਹਿ ਕੇ ਸਿੱਧਾ ਹੋ ਗਿਆ, "ਮੈਨੂੰ ਇੱਕ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਪਵੇਗਾ।" ਪਰ ਡਿਪਟੀ ਮੈਨੇਜਰ ਪਹਿਲਾਂ ਹੀ ਉਹਨਾਂ ਮਹਿਮਾਨਾਂ ਵੱਲ ਮੁੜਿਆ ਅਤੇ ਪੁੱਛਿਆ, "ਅਤੇ ਇਹ ਸੱਜਣ?, ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਦੇਰ ਇੰਤਜ਼ਾਰ ਕੀਤਾ ਹੈ।"

"ਅਸੀਂ ਗੱਲਬਾਤ ਕਰ ਲਈ ਹੈ," ਕੇ. ਨੇ ਕਿਹਾ। ਪਰ ਉਹ ਸੱਜਣ ਹੁਣ ਅੱਕ ਗਏ ਸਨ ਅਤੇ ਉਹ ਕੇ. ਦੇ ਦੁਆਲੇ ਇੱਕਠੇ ਹੋ ਗਏ ਅਤੇ ਉਹ ਕਹਿਣ ਲੱਗੇ ਕਿ ਉਹ ਏਨੀ ਦੇਰ ਘੰਟਿਆਂ-ਬੱਧੀ ਉਡੀਕ ਨਾ ਕਰਦੇ ਜੇ ਉਹਨਾਂ ਦਾ ਕਾਰੋਬਾਰ ਜ਼ਰੂਰੀ ਨਾ ਹੁੰਦਾ ਅਤੇ ਉਹਨਾਂ ਨੂੰ ਇਸ ਬਾਰੇ ਵਿਸਤਾਰ ਵਿੱਚ ਅਤੇ ਇੱਕਲਿਆਂ ਵਿਚਾਰ ਕਰਨੀ ਜ਼ਰੂਰੀ ਹੈ। ਡਿਪਟੀ ਮੈਨੇਜਰ ਨੇ ਉਹਨਾਂ ਨੂੰ ਸੁਣਦਾ ਰਿਹਾ ਅਤੇ ਉਸਨੇ ਕੇ. ਦੇ ਵੱਲ ਵੀ ਵੇਖਿਆ, ਜਿਹੜਾ ਕਿ ਆਪਣੇ ਹੈਟ ਨੂੰ ਹੱਥ ਵਿੱਚ ਫੜ੍ਹਕੇ ਖੜ੍ਹਾ ਸੀ ਅਤੇ ਉਸ ਉੱਪਰੋਂ ਧੂੜ ਝਾੜ ਰਿਹਾ ਸੀ, ਅਤੇ ਫ਼ਿਰ ਉਸਨੇ ਕਿਹਾ, "ਸੱਜਣੋ, ਇਸਦਾ ਬਹੁਤ ਆਸਾਨ ਹੱਲ ਹੈ। ਜੇ ਤੁਸੀਂ ਇਹ ਮੇਰੇ ਨਾਲ ਕਰ ਸਕਦੇ ਹੋਂ, ਆਪਣੇ ਸਾਥੀ ਦੀ ਜਗਾ 'ਤੇ ਮੈਂ ਤੁਹਾਡੇ ਵਿਚਾਰ ਨਾਲ ਕਰ ਸਕਦਾ ਹਾਂ। ਅਤੇ ਤੁਹਾਡੇ ਮਸਲੇ ਬੇਸ਼ੱਕ ਹੁਣੇ ਹੀ ਵਿਚਾਰੇ ਜਾਣਗੇ। ਅਸੀਂ ਵੀ ਤੁਹਾਡੇ ਵਾਂਗ ਕਾਰੋਬਾਰੀ ਹਾਂ, ਅਤੇ ਸਾਨੂੰ ਤੁਹਾਡੇ ਸਮੇਂ ਦੀ ਕੀਮਤ ਦਾ ਪਤਾ ਹੈ। ਕੀ ਤੁਸੀਂ ਮੇਰੇ ਕਮਰੇ ਵਿੱਚ ਆਓਂਗੇ?" ਅਤੇ ਉਸਨੇ ਬੂਹਾ ਖੋਲ੍ਹਿਆ ਜਿਹੜਾ ਕਿ ਉਸਦੇ ਆਪਣੇ ਬਾਹਰਲੇ ਦਫ਼ਤਰ ਦਾ ਕਮਰਾ ਸੀ।

ਡਿਪਟੀ ਮੈਨੇਜਰ ਨੇ ਕਿੰਨੇ ਸੁਚੱਜੇ ਢੰਗ ਨਾਲ ਇਹ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਜਿਸਨੂੰ ਕਿ ਕੇ. ਨੂੰ ਹੁਣ ਕਰਨਾ ਹੀ ਪੈਣਾ ਸੀ! ਪਰ ਕੀ ਕੇ. ਦਾ ਹਾਰ ਨਾ ਮੰਨਣਾ ਬਹੁਤ ਜ਼ਰੂਰੀ ਸੀ? ਜਦੋਂ ਕਿ ਉਹ ਸ਼ੰਕਾ ਨਾਲ ਭਰਿਆ ਸੀ ਅਤੇ, ਉਸਨੂੰ ਮੰਨਣਾ ਪੈਣਾ ਹੈ, ਕਿ ਇੱਕ ਅਣਜਾਣੇ ਚਿੱਤਰਕਾਰ ਨੂੰ ਸਿਰਫ਼ ਨਾਉਮੀਦੀ ਨਾਲ ਮਿਲਣ ਲਈ ਉਹ ਆਪਣੇ ਮਾਣ-ਸਨਮਾਨ ਨੂੰ ਬਹੁਤ ਨੁਕਸਾਨ ਪਹੁੰਚਾਅ ਰਿਹਾ ਸੀ। ਇਹ ਸ਼ਾਇਦ ਬਹੁਤ ਹੀ ਚੰਗਾ ਹੁੰਦਾ ਕਿ ਉਹ ਆਪਣੇ ਸਰਦੀਆਂ ਵਾਲਾ ਕੋਟ ਲਾਹ ਕੇ ਉਹਨਾਂ ਵਿੱਚੋਂ ਘੱਟੋ-ਘੱਟ ਦੋ ਸੱਜਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਜਿਹੜੇ ਕਿ ਅਗਲੇ ਬੂਹੇ 'ਤੇ ਫ਼ਿਰ ਉਡੀਕ ਕਰ ਰਹੇ ਹੋਣਗੇ। ਕੇ. ਸ਼ਾਇਦ ਇਹ ਕੋਸ਼ਿਸ਼ ਵੀ ਕਰਦਾ ਪਰ ਉਸੇ ਸਮੇਂ ਉਸਨੇ ਆਪਣੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਡਿਪਟੀ ਮੈਨੇਜਰ ਨੂੰ ਕੁੱਝ ਲੱਭਦਿਆਂ ਵੇਖਿਆ ਜਿਵੇਂ ਕਿ ਇਹ ਅਲਮਾਰੀ ਉਸਦੀ ਆਪਣੀ ਹੋਵੇ। ਜਿਵੇਂ ਹੀ ਕੇ. ਕੁੱਝ ਉਤੇਜਨਾ ਵਿੱਚ ਖਿੜਕੀ ਕੋਲ ਆਇਆ, ਉਸਨੇ ਕਿਹਾ, "ਆਹ, ਤੂੰ ਅਜੇ ਤੱਕ ਗਿਆ ਨਹੀਂ।" ਉਹ ਕੇ. ਵੱਲ ਮੁੜਿਆ। ਉਸਦਾ ਚਿਹਰੇ ਦੀਆਂ ਝੁਰੜੀਆਂ ਉਸਦੀ ਉਮਰ ਦੀ ਬਜਾਏ ਉਸਦੀ ਦ੍ਰਿੜਤਾ ਨੂੰ ਪੇਸ਼ ਕਰ ਰਹੀਆਂ ਸਨ ਅਤੇ ਇਹ ਕਹਿ ਕੇ ਉਸਨੇ ਆਪਣੀ ਖੋਜ ਨੂੰ ਜਾਰੀ ਰੱਖਿਆ। "ਮੈਂ ਇੱਕ ਸਮਝੌਤੇ ਦੀ ਨਕਲ ਲੱਭ ਰਿਹਾ ਹਾਂ।" ਉਸਨੇ ਕਿਹਾ, "ਜਿਹੜੀ ਕਿ ਅਦਾਰੇ ਦੇ ਪ੍ਰਤਿਨਿਧੀ ਅਨੁਸਾਰ ਤੇਰੇ ਕੋਲ ਹੋਣੀ ਚਾਹੀਦੀ ਹੈ। ਕੀ ਤੂੰ ਉਸਨੂੰ ਲੱਭਣ ਵਿੱਚ ਮੇਰੀ ਮਦਦ ਨਹੀਂ ਕਰੇਂਗਾ?" ਕੇ. ਨੇ ਕਦਮ ਅੱਗੇ ਵਧਾਇਆ, ਪਰ ਡਿਪਟੀ ਮੈਨੇਜਰ ਉਸਨੂੰ ਕਹਿਣ ਲੱਗਾ, "ਧੰਨਵਾਦ, ਮੈਂ ਉਸਨੂੰ ਲੱਭ ਲਿਆ ਹੈ।" ਅਤੇ ਦਸਤਾਵੇਜ਼ਾਂ ਦੇ ਇੱਕ ਵੱਡੇ ਪੁਲੰਦੇ ਨਾਲ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ, ਜਿਸ ਵਿੱਚ ਸਮਝੌਤੇ ਦੀ ਨਕਲ ਹੀ ਨਹੀਂ ਪਰ ਕੁੱਝ ਹੋਰ ਚੀਜ਼ਾਂ ਵੀ ਸਨ।

"ਇਸ ਵੇਲੇ, ਮੈਂ ਉਸਦਾ ਮੁਕਾਬਲਾ ਨਹੀਂ ਕਰ ਸਕਦਾ, ਕੇ. ਨੇ ਆਪਣੇ-ਆਪ ਨੂੰ ਕਿਹਾ, "ਪਰ ਜਦੋਂ ਮੇਰੇ ਨਿੱਜੀ ਮਸਲੇ ਹੱਲ ਹੋ ਗਏ, ਤਾਂ ਉਹ ਇਸਨੂੰ ਮਹਿਸੂਸ ਕਰਨ ਵਾਲਾ ਪਹਿਲਾ ਆਦਮੀ ਹੋਵੇਗਾ, ਉਹ ਵੀ ਦਰਦਨਾਕ ਤਰੀਕੇ ਨਾਲ।" ਇਸ ਵਿਚਾਰ ਨਾਲ ਉਸਨੂੰ ਕੁੱਝ ਸ਼ਾਂਤੀ ਮਿਲੀ, ਕੇ. ਨੇ ਕਲਰਕ ਨੂੰ ਹਿਦਾਇਤ ਦਿੱਤੀ, ਜਿਹੜਾ ਕਿ ਕੁੱਝ ਸਮੇਂ ਲਈ ਬੂਹੇ ਨੂੰ ਫੜ੍ਹਕੇ ਖੜ੍ਹਾ ਸੀ, ਜਿਹੜਾ ਲਾਂਘੇ ਵਿੱਚ ਖੁੱਲ੍ਹਦਾ ਸੀ। ਉਹ ਇਸ ਕਰਕੇ ਉੱਥੇ ਖੜ੍ਹਾ ਸੀ ਕਿਉਂਕਿ ਉਸਨੇ ਮੈਨੇਜਰ ਨੂੰ ਦੱਸਣਾ ਸੀ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ, ਇਸ ਪਿੱਛੋਂ ਉਹ ਬੈਂਕ ਤੋਂ ਬਾਹਰ ਚਲਾ ਗਿਆ, ਇਸ ਨਾਲ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਹ ਪੂਰਾ ਸਮਾਂ ਆਪਣੇ ਕੰਮਾਂ ਵਿੱਚ ਲਾ ਸਕਦਾ ਸੀ।

ਉਹ ਚਿੱਤਰਕਾਰ ਦੀ ਤਲਾਸ਼ ਵਿੱਚ ਨਿਕਲਿਆ, ਜਿਹੜਾ ਕਿ ਕਸਬੇ ਦੇ ਦੂਜੇ ਸਿਰੇ ਵਿੱਚ ਰਹਿੰਦਾ ਸੀ ਜਿੱਥੇ ਅਦਾਲਤ ਦੇ ਦਫ਼ਤਰ ਮੌਜੂਦ ਸਨ। ਇਹ ਹੋਰ ਵੀ ਪੱਛੜਿਆ ਇਲਾਕਾ ਸੀ, ਘਰ ਹਨੇਰੇ ਭਰੇ ਸਨ, ਪਗਡੰਡੀਆਂ ਧੂੜ ਨਾਲ ਭਰੀਆਂ ਹੋਈਆਂ ਸਨ ਜਿਹੜੀ ਕਿ ਹੌਲ਼ੀ-ਹੌਲ਼ੀ ਪਿਘਲ ਰਹੀ ਬਰਫ਼ ਦੇ ਆਲੇ-ਦੁਆਲੇ ਚੱਕਰ ਕੱਟ ਰਹੀ ਸੀ। ਉਸ ਬਿਲਡਿੰਗ ਵਿੱਚ ਜਿੱਥੇ ਚਿੱਤਰਕਾਰ ਰਹਿੰਦਾ ਸੀ, ਇੱਕ ਵੱਡੇ ਪ੍ਰਵੇਸ਼-ਦੁਆਰ ਦਾ ਸਿਰਫ਼ ਇੱਕ ਬੂਹਾ ਖੁੱਲ੍ਹਾ ਸੀ, ਪਰ ਦੂਜੀਆਂ ਬਿਲਡਿੰਗਾਂ ਵਿੱਚ ਕੰਧਾਂ ਦੇ ਹੇਠਲੇ ਪਾਸੇ ਮੋਰੀ ਕੀਤੀ ਹੋਈ ਸਨ ਜਿਸ ਵਿੱਚੋਂ, ਜਿਵੇਂ ਹੀ ਕੇ. ਪਹੁੰਚਿਆ, ਇੱਕ ਵਿਰੋਧਕ ਪੀਲਾ ਤਰਲ ਭਾਫ਼ ਛੱਡ ਰਹੇ ਭੋਜਨ-ਘਰ ਵਿੱਚੋਂ ਨਿਕਲਿਆ, ਅਤੇ ਇਸ ਤੋਂ ਪਹਿਲਾਂ ਇੱਕ ਚੂਹਾ ਭੱਜ ਕੇ ਨਾਲ ਦੀ ਨਹਿਰ ਵਿੱਚ ਵੜ ਗਿਆ। ਪੌੜੀ ਦੇ ਹੇਠਲੇ ਪਾਸੇ ਇੱਕ ਛੋਟੀ ਬੱਚਾ ਢਿੱਡ ਦੇ ਭਾਰ ਹੇਠਾਂ ਪਿਆ ਰੋ ਰਿਹਾ ਸੀ, ਪਰ ਇਸਨੂੰ ਪਲੰਬਰ ਦੀ ਵਰਕਸ਼ਾਪ ਦੀ ਬੋਲਾ ਕਰ ਦੇਣੀ ਆਵਾਜ਼ ਵਿੱਚ ਬੜੀ ਮੁਸ਼ਕਿਲ ਨਾਲ ਸੁਣਿਆ ਜਾ ਸਕਦਾ ਸੀ ਜਿਹੜੀ ਕਿ ਪ੍ਰਵੇਸ਼ਦੁਆਰ ਦੇ ਦੂਜੇ ਪਾਸੇ ਸਥਿਤ ਸੀ। ਵਰਕਸ਼ਾਪ ਦਾ ਬੂਹਾ ਖੁੱਲ੍ਹਿਆ ਹੋਇਆ ਸੀ ਅਤੇ ਤਿੰਨ ਬੰਦੇ ਇੱਕ ਬਣਾਈ ਜਾ ਰਹੀ ਚੀਜ਼ ਦੇ ਆਲੇ-ਦੁਆਲੇ ਅਰਧ-ਚੱਕਰ ਵਿੱਚ ਖੜ੍ਹੇ ਵਿਖਾਈ ਦੇ ਰਹੇ ਸਨ ਅਤੇ ਉਸਨੂੰ ਕੁੱਟ ਰਹੇ ਸਨ। ਕੰਧ ਦੇ ਲਟਕੀ ਹੋਈ ਇੱਕ ਵਿਸ਼ਾਲ ਟਿਨ ਦੀ ਪਲੇਟ ਚਮਕ ਰਹੀ ਸੀ ਜਿਹੜੀ ਕਿ ਉਹਨਾਂ ਦੇ ਚਿਹਰੇ ਅਤੇ ਕੱਪੜਿਆਂ ਨੂੰ ਰੁਸ਼ਨਾ ਰਹੀ ਸੀ। ਕੇ. ਨੇ ਇਸ ਸਭ ਉੱਪਰ ਇੱਕ ਸਰਸਰੀ ਜਿਹੀ ਨਿਗ੍ਹਾ ਸੁੱਟੀ ਸੀ, ਉਹ ਚਿੱਤਰਕਾਰ ਨਾਲ ਕੁੱਝ ਗੱਲਾਂ ਕਰਕੇ ਇਸ ਸਭ ਕੁੱਝ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਨਾ ਚਾਹੁੰਦਾ ਸੀ ਅਤੇ ਵਾਪਸ ਸਿੱਧਾ ਬੈਂਕ ਜਾਣਾ ਚਾਹੁੰਦਾ ਸੀ। ਕੀ ਉਸਨੂੰ ਇੱਥੇ ਥੋੜ੍ਹੀ-ਬਹੁਤ ਸਫ਼ਲਤਾ ਮਿਲੇਗੀ, ਇਸਦਾ ਉਸਦੇ ਕੰਮ ਉੱਪਰ ਲਾਭਕਾਰੀ ਪ੍ਰਭਾਵ ਪੈ ਸਕਦਾ ਸੀ ਜਿਹੜਾ ਉਸਨੇ ਅੱਜ ਬੈਂਕ ਵਿੱਚ ਜਾਕੇ ਅਜੇ ਕਰਨਾ ਸੀ। ਤੀਜੀ ਮੰਜ਼ਿਲ 'ਤੇ ਉਸਨੂੰ ਆਪਣੀ ਰਫ਼ਤਾਰ ਘੱਟ ਕਰਨੀ ਪਈ, ਉਸਦਾ ਸਾਹ ਚੜ੍ਹ ਗਿਆ ਸੀ, ਪੌੜੀਆਂ ਅਤੇ ਮੰਜ਼ਿਲਾਂ ਬਹੁਤ ਉੱਚੀਆਂ ਸਨ, ਅਤੇ ਉਸਨੂੰ ਦੱਸਿਆ ਗਿਆ ਸੀ ਕਿ ਚਿੱਤਰਕਾਰ ਸਭ ਤੋਂ ਉੱਪਰ ਬਣੇ ਇੱਕ ਕਮਰੇ ਵਿੱਚ ਰਹਿੰਦਾ ਸੀ। ਹਵਾ ਵੀ ਸਖ਼ਤ ਸੀ, ਉੱਥੇ ਸਿਰਫ਼ ਪੌੜੀਆਂ ਸਨ ਅਤੇ ਰੁਕਣ ਵਾਲੀ ਕੋਈ ਜਗ੍ਹਾ ਨਹੀਂ ਬਣਾਈ ਗਈ ਸੀ, ਪੌੜੀਆਂ ਇੱਕ ਭੀੜੀ ਕੰਧ ਦੇ ਵਿਚਕਾਰ ਬਣਾਈਆਂ ਗਈਆਂ ਸਨ, ਅਤੇ ਇਹਨਾਂ ਵਿੱਚ ਉੱਪਰਲੇ ਪਾਸੇ ਬਹੁਤ ਛੋਟੀਆਂ-ਛੋਟੀਆਂ ਖਿੜਕੀਆਂ ਸਨ। ਜਿਵੇਂ ਹੀ ਕੇ. ਕੁੱਝ ਪਲਾਂ ਲਈ ਰੁਕਿਆ, ਕੁੱਝ ਨਿੱਕੀਆਂ ਕੁੜੀਆਂ ਇੱਕ ਅਪਾਰਟਮੈਂਟ ਵਿੱਚੋਂ ਬਾਹਰ ਨਿਕਲੀਆਂ ਅਤੇ ਭੱਜਦੀਆਂ ਹੋਈਆਂ ਪੌੜੀਆਂ ਚੜ੍ਹ ਗਈਆਂ, ਮੁਸਕਰਾਉਂਦਾ ਹੋਇਆ ਕੇ. ਉਹਨਾਂ ਦੇ ਪਿੱਛੇ ਹੌਲੀ-ਹੌਲੀ ਚੜ੍ਹਨ ਲੱਗਾ ਅਤੇ ਉਹ ਇੱਕ ਕੁੜੀ ਨੂੰ ਜਾ ਮਿਲਿਆ ਜਿਹੜੀ ਕਿ ਕਿਸੇ ਅੜਿੱਕੇ ਕਾਰਨ ਦੂਜੀਆਂ ਤੋਂ ਪਿੱਛੇ ਰਹਿ ਗਈ ਸੀ, ਉਸਨੇ ਉਸਨੂੰ ਪੁੱਛਿਆ, "ਕੀ ਇੱਥੇ ਚਿੱਤਰਕਾਰ ਰਹਿੰਦਾ ਹੈ ਜਿਸਦਾ ਨਾਮ ਤਿਤੋਰੇਲੀ ਹੈ?" ਕੁੜੀ ਜਿਹੜੀ ਕਿ ਮਸਾਂ ਤੇਰ੍ਹਾਂ ਕੁ ਵਰ੍ਹਿਆਂ ਦੀ ਸੀ ਅਤੇ ਥੋੜ੍ਹੀ ਜਿਹੀ ਕੁੱਬੀ ਸੀ, ਨੇ ਆਪਣੀ ਕੂਹਣੀ ਨਾਲ ਉਸਨੂੰ ਸੈਨਤ ਮਾਰੀ ਅਤੇ ਆਪਣਾ ਸਿਰ ਇੱਕ ਪਾਸੇ ਕਰਕੇ ਉਸਨੇ ਉੱਪਰ ਕੇ. ਵੱਲ ਵੇਖਿਆ। ਨਾ ਹੀ ਜਵਾਨੀ ਅਤੇ ਨਾ ਹੀ ਸਰੀਰਕ ਵਿਗਾੜ ਉਸਨੂੰ ਆਪਣੀ ਇਸ ਬਦਚਲਨੀ ਨੂੰ ਰੋਕ ਸਕਿਆ। ਉਹ ਬਿਲਕੁਲ ਵੀ ਨਾ ਮੁਸਕੁਰਾਈ ਅਤੇ ਸਗੋਂ ਕੇ. ਨੂੰ ਉਸਨੇ ਬੜੀਆਂ ਤਿੱਖੀਆਂ ਚੁਣੌਤੀ ਭਰੀਆਂ ਨਜ਼ਰਾਂ ਨਾਲ ਘੂਰਿਆ। ਕੇ. ਨੇ ਇਸ ਤਰ੍ਹਾਂ ਵਿਖਾਇਆ ਕਿ ਉਸਨੇ ਉਸਦੇ ਵਿਹਾਰ ਨੂੰ ਬਿਲਕੁਲ ਨਹੀਂ ਸਮਝਿਆ ਅਤੇ ਪੁੱਛਿਆ, "ਕੀ ਤੂੰ ਚਿੱਤਰਕਾਰ ਤਿਤੋਰੇਲੀ ਨੂੰ ਜਾਣਦੀ ਏਂ?" ਉਸਨੇ ਸਿਰ ਹਿਲਾਇਆ ਅਤੇ ਜਵਾਬ ਵਿੱਚ ਪੁੱਛਿਆ, "ਤੈਨੂੰ ਉਸ ਨਾਲ ਕੀ ਕੰਮ ਹੈ?" ਕੇ. ਨੂੰ ਤਿਤੋਰੇਲੀ ਬਾਰੇ ਕੁੱਝ ਜਾਣਨ ਲਈ ਇਹ ਮੌਕਾ ਬਹੁਤ ਢੁੱਕਵਾਂ ਲੱਗਾ, "ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਤਸਵੀਰ ਬਣਾਵੇ।" ਉਸਨੇ ਕਿਹਾ, "ਤੇਰੀ ਤਸਵੀਰ ਬਣਾਵੇ?" ਇਹ ਕਹਿੰਦਿਆਂ ਉਸਦਾ ਮੂੰਹ ਖੁੱਲ੍ਹ ਗਿਆ ਅਤੇ ਉਸਨੇ ਕੇ. ਨੂੰ ਹੌਲ਼ੀ ਜਿਹੀ ਥਾਪੜਿਆ ਜਿਵੇਂ ਕੇ. ਨੇ ਉਸਨੂੰ ਕੋਈ ਬਹੁਤ ਹੈਰਾਨੀ ਵਾਲੀ ਜਾਂ ਬਹੁਤ ਬੇਵਕੂਫ਼ੀ ਵਾਲੀ ਗੱਲ ਕਹੀ ਹੋਵੇ। ਇਸ ਪਿੱਛੋਂ ਉਸਨੇ ਆਪਣੇ ਦੋਹਾਂ ਹੱਥਾਂ ਨਾਲ ਆਪਣੀ ਛੋਟੀ ਸਕਰਟ ਨੂੰ ਉੱਪਰ ਚੁੱਕਿਆ ਅਤੇ ਦੂਜੀਆਂ ਕੁੜੀਆਂ ਦੇ ਮਗਰ ਪੂਰੀ ਤੇਜ਼ੀ ਨਾਲ ਭੱਜ ਗਈ ਜਿਨ੍ਹਾਂ ਦੀਆਂ ਕੂਕਾਂ ਪਹਿਲਾਂ ਹੀ ਉੱਪਰ ਗੁੰਮ ਹੋ ਰਹੀਆਂ ਸਨ। ਪਰ ਪੌੜੀਆਂ ਦੇ ਅਗਲੇ ਘੁਮਾਅ ਤੇ ਕੇ. ਸਾਰੀਆਂ ਕੁੜੀਆਂ ਨੂੰ ਇੱਕ ਵਾਰ ਫ਼ਿਰ ਮਿਲਿਆ। ਉਹਨਾਂ ਨੂੰ ਕੁੱਬੀ ਕੁੜੀ ਨੇ ਕੇ. ਦੇ ਇਰਾਦਿਆਂ ਬਾਰੇ ਦੱਸਿਆ ਹੋਵੇਗਾ ਜਿਸ ਕਰਕੇ ਉਹ ਸਾਰੀਆਂ ਉਸਦੀ ਉਡੀਕ ਕਰ ਰਹੀਆਂ ਸਨ। ਉਹ ਸਾਰੀਆਂ ਕੰਧ ਦਾ ਢਾਸਣਾ ਲਾਕੇ ਖੜ੍ਹੀਆਂ ਸਨ ਤਾਂ ਕਿ ਕੇ. ਉਹਨਾਂ ਵਿਚਕਾਰੋਂ ਆਸਾਨੀ ਨਾਲ ਲੰਘ ਸਕੇ। ਉਹ ਆਪਣੇ ਕੱਪੜਿਆਂ ਤੇ ਹੇਠਾਂ ਵੱਲ ਨੂੰ ਹੱਥ ਮਾਰ ਰਹੀਆਂ ਸਨ। ਉਹਨਾਂ ਦੇ ਚਿਹਰੇ ਅਤੇ ਜਿਸ ਤਰ੍ਹਾਂ ਉਹ ਸਤਰ ਬਣਾ ਕੇ ਖੜ੍ਹੀਆਂ ਸਨ, ਉਹਨਾਂ ਦੇ ਬਾਲਪੁਣੇ ਅਤੇ ਨਿਘਾਰ ਨੂੰ ਦਰਸਾ ਰਹੀਆਂ ਸਨ। ਕੁੜੀਆਂ ਹੱਸ ਰਹੀਆਂ ਸਨ ਜਦੋਂ ਉਹ ਕੇ. ਦੇ ਪਿੱਛੇ ਤੁਰ ਰਹੀਆਂ ਸਨ, ਅਤੇ ਉਹਨਾਂ ਦੀ ਮੁਖੀ ਉਹ ਕੁੱਬੀ ਕੁੜੀ ਸੀ, ਜਿਹੜੀ ਉਹਨਾਂ ਦੇ ਅੱਗੇ-ਅੱਗੇ ਤੁਰ ਰਹੀ ਸੀ। ਕੇ. ਨੂੰ ਸਹੀ ਰਾਹ ਵਿਖਾਉਣ ਵਾਲੀ ਉਹੀ ਕੁੜੀ ਸੀ। ਉਹ ਸਿੱਧਾ ਉੱਪਰ ਚੜ੍ਹਨ ਵਾਲਾ ਸੀ, ਪਰ ਉਸ ਕੁੜੀ ਨੇ ਉਸਨੂੰ ਵਿਖਾਇਆ ਕਿ ਤਿਤੋਰੇਲੀ ਦੇ ਕੋਲ ਜਾਣ ਲਈ ਉਸਨੂੰ ਮੁੜਨਾ ਪੈਣਾ ਹੈ। ਉਸ ਵੱਲ ਜਾਣ ਵਾਲੀਆਂ ਪੌੜੀਆਂ ਹੋਰ ਵੀ ਤੰਗ, ਬਹੁਤ ਲੰਮੀਆਂ, ਅਤੇ ਉਹਨਾਂ ਵਿੱਚ ਘੁੰਮਾਅ ਨਹੀਂ ਸੀ। ਇਹਨਾਂ ਪੌੜੀਆਂ ਨੂੰ ਉੱਪਰ ਤੋਂ ਹੇਠਾਂ ਤੱਕ ਵੇਖਿਆ ਜਾ ਸਕਦਾ ਸੀ ਅਤੇ ਇਹ ਪੌੜੀਆਂ ਤਿਤੋਰੇਲੀ ਦੇ ਬੂਹੇ 'ਤੇ ਜਾ ਕੇ ਖ਼ਤਮ ਹੁੰਦੀਆਂ ਸਨ। ਪੌੜੀਆਂ ਦੇ ਦੂਜੇ ਰਸਤੇ ਦੇ ਮੁਕਾਬਲੇ ਇਹ ਬੂਹਾ ਜ਼ਿਆਦਾ ਰੌਸ਼ਨ ਸੀ ਕਿਉਂਕਿ ਇਸ ਉੱਪਰ ਇੱਕ ਛੋਟਾ ਬਲਬ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਉੱਥੇ ਤਿਤੋਰੇਲੀ ਦੇ ਨਾਮ ਦਾ ਲਾਲ ਪੇਂਟ ਕੀਤਾ ਹੋਇਆ ਬੋਰਡ ਵੀ ਲੱਗਾ ਸੀ। ਕੇ. ਇਸ ਅਮਲੇ ਨਾਲ ਮੁਸ਼ਕਿਲ ਨਾਲ ਪੌੜੀਆਂ ਦੇ ਅੱਧ-ਵਿਚਕਾਰ ਪੁੱਜਾ ਹੋਵੇਗਾ ਜਦੋਂ ਉੱਪਰ ਦਾ ਬੂਹਾ ਥੋੜ੍ਹਾ ਖੁੱਲ੍ਹਿਆ, ਸ਼ਾਇਦ ਇਹ ਪੈਰਾਂ ਦੇ ਖੜਾਕ ਦੇ ਜਵਾਬ ਵਿੱਚ ਸੀ। ਇੱਕ ਆਦਮੀ ਜਿਸਨੇ ਰਾਤ ਨੂੰ ਸੌਣ ਵਾਲਾ ਗਾਊਨ ਪਾਇਆ ਹੋਇਆ ਸੀ, ਬੂਹੇ ਵਿੱਚ ਆਇਆ। "ਓਹ!" ਉਹ ਚੀਕਿਆ ਜਦੋਂ ਉਸਨੇ ਸਮੂਹ ਨੂੰ ਉੱਧਰ ਆਉਂਦੇ ਵੇਖਿਆ, ਅਤੇ ਉਹ ਗਾਇਬ ਹੋ ਗਿਆ। ਕੁੱਬੀ ਕੁੜੀ ਨੇ ਖੁਸ਼ੀ ਨਾਲ ਤਾੜੀ ਵਜਾਈ ਅਤੇ ਦੂਜੀਆਂ ਕੁੜੀਆਂ ਕੇ. ਨੂੰ ਧੱਕਾ ਲਾਉਣ ਲੱਗੀਆਂ ਤਾਂ ਕਿ ਉਹ ਛੇਤੀ ਉੱਪਰ ਪਹੁੰਚ ਜਾਵੇ।

ਪਰ ਜਦੋਂ ਤੱਕ ਉਹ ਉੱਪਰ ਪਹੁੰਚਦੇ ਚਿੱਤਰਕਾਰ ਨੇ ਬੂਹਾ ਪੂਰਾ ਖੋਲ੍ਹ ਦਿੱਤਾ ਅਤੇ ਉਸਨੇ ਕੇ. ਨੂੰ ਸਲਾਮ ਕੀਤਾ ਕਿ ਉਹ ਅੰਦਰ ਆ ਜਾਵੇ। ਕੁੜੀਆਂ, ਫ਼ਿਰ ਵੀ, ਮੁੜ ਗਈਆਂ ਸਨ, ਕਿਉਂਕਿ ਉਸਨੇ ਉਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ ਸੀ, ਭਾਵੇਂ ਉਹ ਜਿੰਨੀਆਂ ਮਰਜ਼ੀ ਮਿੰਨਤਾਂ ਕਰਦੀਆਂ, ਅਤੇ ਭਾਵੇਂ ਉਹ ਉਸਦੀ ਇਜਾਜ਼ਤ ਤੋਂ ਬਿਨ੍ਹਾਂ ਅੰਦਰ ਆਉਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੀਆਂ। ਸਿਰਫ਼ ਉਹ ਕੁੱਬੀ ਕੁੜੀ ਹੀ ਉਸਦੀ ਲੰਮੀ ਬਾਂਹ ਹੇਠੋਂ ਨਿਕਲਣ ਵਿੱਚ ਸਫਲ ਹੋ ਸਕੀ, ਪਰ ਚਿੱਤਰਕਾਰ ਉਸਦੇ ਪਿੱਛੇ ਭੱਜਿਆ, ਉਸਦੀ ਸਕਰਟ ਨੂੰ ਫੜ੍ਹਿਆ, ਘੁਮਾਇਆ, ਅਤੇ ਉਸਨੂੰ ਬੂਹੇ ਦੇ ਬਾਹਰ ਦੂਜੀਆਂ ਕੁੜੀਆਂ ਦੇ ਨਾਲ ਛੱਡ ਦਿੱਤਾ ਜਿਹਨਾਂ ਵਿੱਚੋਂ ਕਿਸੇ ਨੇ ਇਸ ਦੌਰਾਨ ਅੰਦਰ ਦਾਖ਼ਲ ਹੋਣ ਦੀ ਹਿੰਮਤ ਨਹੀਂ ਕੀਤੀ ਸੀ। ਕੇ. ਨੂੰ ਪਤਾ ਨਹੀਂ ਸੀ ਕਿ ਉਹ ਇਹਨਾਂ ਘਟਨਾਵਾਂ ਤੋਂ ਕੀ ਅੰਦਾਜ਼ਾ ਲਾ ਸਕਦਾ ਹੈ। ਇਹ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸਭ ਕੁੱਝ ਉਹਨਾਂ ਦੇ ਦੋਸਤਾਨਾ ਸਮਝੌਤੇ ਕਰਕੇ ਹੋ ਰਿਹਾ ਸੀ। ਬੂਹੇ ਦੇ ਬਾਹਰ ਖੜ੍ਹੀਆਂ ਕੁੜੀਆਂ ਨੇ ਇੱਕ-ਦੂਜੀ ਦੇ ਪਿੱਛੇ ਹੋ ਕੇ ਗਰਦਨਾਂ ਅੱਗੇ ਵੱਲ ਕੀਤੀਆਂ ਅਤੇ ਉਹ ਚਿੱਤਰਕਾਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੀਆਂ ਸਨ, ਜੋ ਕਿ ਇੱਕ ਤਰ੍ਹਾਂ ਨਾਲ ਮਜ਼ਾਕ ਉਡਾਉਣਾ ਹੀ ਸੀ, ਪਰ ਕੇ. ਨੂੰ ਉਹਨਾਂ ਦੀ ਸਮਝ ਨਹੀਂ ਸੀ। ਇਸ ਤੋਂ ਇਲਾਵਾ ਚਿੱਤਰਕਾਰ ਵੀ ਹੱਸ ਰਿਹਾ ਸੀ ਜਦੋਂ ਉਸਨੇ ਹਵਾ ਵਿੱਚ ਉਸ ਕੁੱਬੀ ਕੁੜੀ ਨੂੰ ਬਾਹਰ ਵੱਲ ਉਛਾਲਿਆ ਸੀ। ਉਸ ਪਿੱਛੋਂ ਉਸਨੇ ਬੂਹਾ ਬੰਦ ਕਰ ਦਿੱਤਾ ਅਤੇ ਕੇ. ਵੱਲ ਸਲਾਮ ਕਰਨ ਲਈ ਝੁਕਿਆ, ਉਸ ਨਾਲ ਹੱਥ ਮਿਲਾਇਆ ਅਤੇ ਆਪਣੀ ਪਛਾਣ ਕਰਾਉਂਦਿਆਂ ਕਿਹਾ, "ਤਿਤੋਰੇਲੀ, ਕਲਾਕਾਰ," ਕੇ. ਨੇ ਬੂਹੇ ਵੱਲ ਇਸ਼ਾਰਾ ਕੀਤਾ ਜਿਸਦੇ ਪਿੱਛੇ ਕੁੜੀਆਂ ਘੁਸਰ-ਮੁਸਰ ਕਰ ਰਹੀਆਂ ਸਨ ਅਤੇ ਕਿਹਾ, "ਤੁਸੀਂ ਇੱਥੇ ਕਾਫ਼ੀ ਮਸ਼ਹੂਰ ਲੱਗਦੇ ਹੋ।" ਉਸਨੇ ਕਿਹਾ, "ਓਹ ਇਹ ਬਦਮਾਸ਼!", ਅਤੇ ਉਸਨੇ ਆਪਣੇ ਸੌਣ ਵਾਲੇ ਗਾਊਨ ਦੇ ਉੱਪਰਲੇ ਬਟਨ ਬੰਦ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਉਸਦੇ ਪੈਰ ਵੀ ਨੰਗੇ ਸਨ, ਇਸ ਤੋਂ ਇਲਾਵਾ ਉਸਨੇ ਸਿਰਫ਼ ਇੱਕ ਸਿਰਫ਼ ਪਜਾਮਾ ਪਾਇਆ ਹੋਇਆ ਸੀ ਜਿਸਨੂੰ ਕਿ ਇੱਕ ਬੈਲਟ ਨਾਲ ਬੰਨ੍ਹਿਆ ਹੋਇਆ ਸੀ ਅਤੇ ਜਿਸਦੇ ਸਿਰੇ ਹਵਾ ਵਿੱਚ ਲਹਿਰਾ ਰਹੇ ਸਨ। "ਇਹ ਬਦਮਾਸ਼ ਵਾਕਈ ਮੇਰੇ ਲਈ ਬਹੁਤ ਬੋਝ ਹਨ," ਉਸਨੇ ਕਿਹਾ ਅਤੇ ਉਸਨੇ ਆਪਣੇ ਸੌਣ ਵਾਲੇ ਗਾਊਨ ਨੂੰ ਛੇੜਨਾ ਬੰਦ ਕਰ ਦਿੱਤਾ (ਕਿਉਂਕਿ ਉੱਪਰਲਾ ਬਟਨ ਟੁੱਟ ਗਿਆ ਸੀ), ਇੱਕ ਕੁਰਸੀ ਲੈ ਆਇਆ ਅਤੇ ਕੇ. ਨੂੰ ਬੈਠਣ ਲਈ ਕਿਹਾ।

ਫ਼ਿਰ ਉਸਨੇ ਕਿਹਾ, "ਮੈਂ ਉਹਨਾਂ ਵਿੱਚ ਇੱਕ ਦਾ ਵਾਰ ਚਿੱਤਰ ਬਣਾਇਆ ਸੀ-ਅੱਜ ਉਹ ਕੁੜੀ ਉਹਨਾਂ ਨਾਲ ਨਹੀਂ ਸੀ-ਉਦੋਂ ਤੋਂ ਲੈ ਕੇ ਇਹ ਮੈਨੂੰ ਤੰਗ ਕਰ ਰਹੇ ਹਨ। ਜਦੋਂ ਮੈਂ ਇੱਥੇ ਹੁੰਦਾ ਹਾਂ, ਉਹ ਉਦੋਂ ਹੀ ਆ ਸਕਦੇ ਹਨ ਜਦੋਂ ਮੈਂ ਇਜਾਜ਼ਤ ਦੇਵਾਂ। ਪਰ ਜੇਕਰ ਮੈਂ ਕਿਤੇ ਬਾਹਰ ਗਿਆ ਹੋਵਾਂ, ਤਾਂ ਘੱਟੋ-ਘੱਟ ਉਹਨਾਂ ਵਿੱਚੋਂ ਇੱਕ ਤਾਂ ਇੱਥੇ ਹੁੰਦਾ ਹੀ ਹੈ। ਉਹਨਾਂ ਕੋਲ ਮੇਰੇ ਬੂਹੇ ਦੀ ਚਾਬੀ ਹੈ ਅਤੇ ਉਹ ਇੱਕ ਦੂਜੇ ਨੂੰ ਇਹ ਚਾਬੀ ਦਿੰਦੇ ਰਹਿੰਦੇ ਹਨ। ਤੂੰ ਇਹ ਸਮਝ ਨਹੀਂ ਸਕਦਾ ਕਿ ਮੇਰੇ ਲਈ ਇਹ ਕਿੰਨੀ ਪਰੇਸ਼ਾਨੀ ਵਾਲੀ ਗੱਲ ਹੈ। ਉਦਾਹਰਨ ਲਈ, ਮੈਂ ਉਸ ਔਰਤ ਨਾਲ ਘਰ ਆਉਂਦਾ ਹਾਂ ਜਿਸਦਾ ਮੈਂ ਚਿੱਤਰ ਬਣਾਉਣਾ ਹੈ, ਮੈਂ ਆਪਣੀ ਚਾਬੀ ਨਾਲ ਬੂਹਾ ਖੋਲ੍ਹਦਾ ਹਾਂ ਅਤੇ ਸਾਹਮਣੇ ਇੱਕ ਕੁੱਬੀ ਕੁੜੀ ਖੜ੍ਹੀ ਮੇਰੇ ਬੁਰਸ਼ ਨਾਲ ਆਪਣੇ ਬੁੱਲ੍ਹਾਂ 'ਤੇ ਲਾਲ ਰੰਗ ਦਾ ਪੇਂਟ ਲਾ ਰਹੀ ਹੈ ਅਤੇ ਉਸਦੇ ਛੋਟੇ ਭਰਾ ਅਤੇ ਭੈਣਾਂ ਜਿਨ੍ਹਾਂ ਨੂੰ ਉਸਨੇ ਸਾਂਭਣਾ ਹੁੰਦਾ ਹੈ, ਇੱਥੇ ਮੇਰੇ ਸਟੂਡੀਓ ਨੂੰ ਉਥਲ-ਪੁਥਲ ਕਰ ਰਹੇ ਹੁੰਦੇ ਹਨ। ਜਾਂ ਮੈਂ ਘਰ ਦੇਰ ਨਾਲ ਆਉਂਦਾ ਹਾਂ, ਜਿਵੇਂ ਕਿ ਕੱਲ੍ਹ ਮੈਂ ਰਾਤ ਦੇਰ ਆਇਆ ਸੀ- ਇਸੇ ਕਰਕੇ ਮੈਂ ਤੁਹਾਡੇ ਕੋਲੋਂ ਆਪਣੇ ਕਮਰੇ ਦੀ ਹਾਲਤ ਬਾਰੇ ਮੁਆਫ਼ੀ ਚਾਹੁੰਦਾ ਹਾਂ-ਹਾਂ, ਮੈਂ ਘਰ ਦੇਰ ਨਾਲ ਆਉਂਦਾ ਹਾਂ ਅਤੇ ਮੈਂ ਸੌਣ ਦੀ ਤਿਆਰੀ ਵਿੱਚ ਹੁੰਦਾ ਹਾਂ ਜਦੋਂ ਕੋਈ ਮੇਰੀ ਲੱਤ ਤੇ ਚੰਢੀ ਵੱਢ ਦਿੰਦਾ ਹੈ, ਮੈਂ ਆਪਣੇ ਬੈੱਡ ਦੇ ਹੇਠਾਂ ਵੇਖਦਾ ਹਾਂ ਅਤੇ ਉਹਨਾਂ ਜਨੌਰਾਂ ਵਿੱਚੋਂ ਹੀ ਇੱਕ ਨੂੰ ਬੈੱਡ ਦੇ ਹੇਠੋਂ ਖਿੱਚ ਕੇ ਬਾਹਰ ਕੱਢਦਾ ਹਾਂ। ਉਹ ਮੇਰੇ ਪਿੱਛੇ ਇਸ ਤਰ੍ਹਾਂ ਕਿਉਂ ਪਏ ਹੋਏ ਹਨ, ਮੈਂ ਨਹੀਂ ਜਾਣਦਾ। ਤੂੰ ਵੇਖਿਆ ਹੋਵੇਗਾ ਕਿ ਉਹਨਾਂ ਨੂੰ ਇੱਥੇ ਮੈਂ ਕਿਸੇ ਵੀ ਤਰ੍ਹਾਂ ਨਹੀਂ ਬੁਲਾਇਆ ਸੀ। ਬੇਸ਼ੱਕ ਉਹ ਕੰਮ ਕਰਨ ਦੇ ਵੇਲੇ ਵੀ ਮੈਨੂੰ ਤੰਗ ਕਰਦੇ ਹਨ। ਜੇ ਮੈਨੂੰ ਇਹ ਸਟੂਡੀਓ ਮੁਫ਼ਤ ਵਿੱਚ ਨਾ ਮਿਲਿਆ ਹੁੰਦਾ, ਮੈਂ ਇਸਨੂੰ ਕਦੋਂ ਦਾ ਛੱਡ ਦਿੱਤਾ ਹੁੰਦਾ। ਉਦੋਂ ਹੀ ਕਮਰੇ ਦੇ ਬੂਹੇ ਪਿੱਛੋਂ ਇੱਕ ਨਿੱਕੀ ਜਿਹੀ ਆਵਾਜ਼ ਆਈ, "ਤਿਤੋਰੇਲੀ, ਕੀ ਹੁਣ ਅਸੀਂ ਅੰਦਰ ਆ ਸਕਦੇ ਹਾਂ?" "ਨਹੀਂ, " ਚਿੱਤਰਕਾਰ ਨੇ ਕਿਹਾ। ਅਗਲਾ ਪ੍ਰਸ਼ਨ ਸੀ, "ਤਾਂ ਵੀ ਨਹੀਂ ਮੈਂ ਇੱਕਲੀ ਆਵਾਂ?" "ਨਹੀਂ, ਤੂੰ ਵੀ ਨਹੀਂ," ਇਹ ਕਹਿਕੇ ਚਿੱਤਰਕਾਰ ਬੂਹੇ ਕੋਲ ਗਿਆ ਅਤੇ ਉਸਨੂੰ ਤਾਲਾ ਲਾ ਦਿੱਤਾ।

ਇਸ ਸਮੇਂ ਦੌਰਾਨ ਕੇ. ਕਮਰੇ ਵਿੱਚ ਵੇਖਦਾ ਰਿਹਾ ਸੀ, ਉਹ ਕਦੇ ਵੀ ਇਸ ਤਰ੍ਹਾਂ ਨਹੀਂ ਸੋਚ ਸਕਦਾ ਸੀ ਕਿ ਕੋਈ ਇਸ ਭੈੜੇ ਛੋਟੇ ਜਿਹੇ ਕਮਰੇ ਨੂੰ ਇੱਕ ਸਟੁਡੀਓ ਕਹਿ ਸਕਦਾ ਹੈ। ਕੋਈ ਇਸ ਕਮਰੇ ਵਿੱਚ ਇੱਕ ਦਿਸ਼ਾ ਵਿੱਚ ਮੁਸ਼ਕਲ ਨਾਲ ਦੋ ਕਦਮ ਤੁਰ ਸਕਦਾ ਹੈ। ਸਭ ਕੁੱਝ-ਫ਼ਰਸ਼, ਕੰਧਾਂ ਅਤੇ ਛੱਤ-ਲੱਕੜ ਦੀਆਂ ਬਣੀਆਂ ਹੋਈਆਂ ਸਨ, ਅਤੇ ਇਹ ਬੋਰਡਾਂ ਨੂੰ ਮਿਲਾ ਕੇ ਬਣਾਈਆਂ ਗਈਆਂ ਸਨ। ਦੂਜੇ ਪਾਸੇ ਵਾਲੀ ਕੰਧ ਦੇ ਨਾਲ ਪਏ ਬੈੱਡ ਉੱਪਰ ਬਹੁਤ ਸਾਰੇ ਰੰਗਾਂ ਦਾ ਇੱਕ ਢੇਰ ਪਿਆ ਸੀ। ਕਮਰੇ ਦੇ ਵਿਚਕਾਰ ਇੱਕ ਤਸਵੀਰ ਈਜ਼ਲ (ਚਿੱਤਰਕਾਰ ਦਾ ਟੇਢਾ ਫੱਟਾ) ਉੱਪਰ ਪਈ ਸੀ, ਜਿਸਨੂੰ ਇੱਕ ਕਮੀਜ਼ ਨੇ ਢਕਿਆ ਹੋਇਆ ਸੀ ਅਤੇ ਜਿਸਦੀਆਂ ਬਾਹਾਂ ਹੇਠਾਂ ਫ਼ਰਸ਼ ਨਾਲ ਲੱਗ ਰਹੀਆਂ ਸਨ। ਕੇ. ਦੇ ਪਿੱਛੇ ਇੱਕ ਖਿੜਕੀ ਸੀ ਜਿਸ ਵਿੱਚੋਂ ਧੁੰਦ ਵਿੱਚ ਦੂਜੇ ਘਰ ਦੀ ਸਿਰਫ਼ ਇੱਕ ਬਰਫ਼ ਢਕੀ ਛੱਤ ਹੀ ਵਿਖਾਈ ਦਿੰਦੀ ਸੀ।

ਚਾਬੀ ਦਾ ਤਾਲੇ ਵਿੱਚ ਘੁੰਮਣ ਨੇ ਕੇ. ਨੂੰ ਯਾਦ ਦਵਾਇਆ ਕਿ ਉਹ ਇੱਥੋਂ ਛੇਤੀ ਨਿਕਲਣ ਦੇ ਇਰਾਦੇ ਨਾਲ ਆਇਆ ਸੀ। ਇਸ ਲਈ ਉਸਨੇ ਨਿਰਮਾਤਾ ਦਾ ਖ਼ਤ ਆਪਣੀ ਜੇਬ ਵਿੱਚੋਂ ਕੱਢਿਆ ਅਤੇ ਚਿੱਤਰਕਾਰ ਨੂੰ ਫੜ੍ਹਾ ਦਿੱਤਾ ਅਤੇ ਕਿਹਾ, "ਮੈਂ ਇਸ ਸੱਜਣ ਕੋਲੋਂ ਤੁਹਾਡੇ ਬਾਰੇ ਸੁਣਿਆ ਸੀ, ਜਿਸਨੂੰ ਤੁਸੀਂ ਜਾਣਦੇ ਹੋਂ ਅਤੇ ਮੈਂ ਇਸੇ ਦੀ ਸਲਾਹ ਤੇ ਤੁਹਾਡੇ ਕੋਲ ਆਇਆ ਹਾਂ।" ਚਿੱਤਰਕਾਰ ਨੇ ਖ਼ਤ ਉੱਪਰ ਇੱਕ ਨਿਗ੍ਹਾ ਮਾਰੀ ਅਤੇ ਉਸਨੂੰ ਬੈੱਡ ਉੱਪਰ ਸੁੱਟ ਦਿੱਤਾ। ਜੇਕਰ ਨਿਰਮਾਤਾ ਨੇ ਤਿਤੋਰੇਲੀ ਬਾਰੇ ਦੱਸਿਆ ਨਾ ਹੁੰਦਾ ਕਿ ਉਹ ਉਸਨੂੰ ਜਾਣਦਾ ਹੈ, ਜੋ ਕਿ ਉਸਦੇ ਦਾਨ ਤੇ ਸਿਰ ਤੇ ਗੁਜ਼ਾਰਾ ਕਰਨ ਵਾਲਾ ਇੱਕ ਗਰੀਬ ਆਦਮੀ ਹੈ, ਤਾਂ ਇਹ ਯਕੀਨ ਕੀਤਾ ਜਾ ਸਕਦਾ ਸੀ ਕਿ ਤਿਤੋਰੇਲੀ ਨਿਰਮਾਤਾ ਨੂੰ ਨਹੀਂ ਜਾਣਦਾ ਜਾਂ ਘੱਟੋ-ਘੱਟ ਉਸਨੂੰ ਉਸ ਬਾਰੇ ਯਾਦ ਨਹੀਂ ਹੈ। ਅਤੇ ਇਸ ਤੋਂ ਵੀ ਵਧ ਕੇ, ਚਿੱਤਰਕਾਰ ਨੇ ਹੁਣ ਕਿਹਾ, "ਕੀ ਤੁਸੀਂ ਤਸਵੀਰਾਂ ਖਰੀਦਣ ਆਏ ਹੋਂ ਜਾਂ ਆਪਣਾ ਚਿੱਤਰ ਬਣਵਾਉਣ ਲਈ ਆਏ ਹੋਂ?" ਕੇ. ਨੇ ਚਿੱਤਰਕਾਰ ਵੱਲ ਹੈਰਾਨੀ ਨਾਲ ਵੇਖਿਆ। ਉਸ ਚਿੱਠੀ ਵਿੱਚ ਕੀ ਲਿਖਿਆ ਸੀ? ਕੇ. ਨੇ ਇਸਨੂੰ ਬਿਨ੍ਹਾਂ ਪ੍ਰਮਾਣ ਦੇ ਸਹੀ ਮੰਨ ਲਿਆ ਸੀ ਕਿ ਨਿਰਮਾਤਾ ਨੇ ਚਿੱਠੀ ਵਿੱਚ ਚਿੱਤਰਕਾਰ ਨੂੰ ਇਹ ਲਿਖਿਆ ਹੋਵੇਗਾ ਕਿ ਕੇ. ਉਸਨੂੰ ਮਿਲਣ ਇਸ ਲਈ ਆਵੇਗਾ ਤਾਂ ਕਿ ਉਹ ਆਪਣੇ ਕੇਸ ਬਾਰੇ ਕੁੱਝ ਜਾਣ ਸਕੇ। ਉਹ ਇੱਥੇ ਬਹੁਤ ਛੇਤੀ ਅਤੇ ਬਿਨ੍ਹਾਂ ਕੋਈ ਢੁੱਕਵਾਂ ਵਿਚਾਰ ਕੀਤਿਆਂ ਆ ਗਿਆ ਸੀ! ਪਰ ਹੁਣ ਉਸਨੂੰ ਚਿੱਤਰਕਾਰ ਨੂੰ ਕੋਈ ਜਵਾਬ ਦੇਣਾ ਪਵੇਗਾ, ਇਹ ਸੋਚ ਕੇ ਉਸਨੇ ਈਜ਼ਲ 'ਤੇ ਲੱਗੀ ਤਸਵੀਰ ਵੇਖਦਿਆਂ ਕਿਹਾ, "ਤੁਸੀਂ ਹੁਣ ਇਸ ਤਸਵੀਰ ਉੱਪਰ ਕੰਮ ਕਰ ਰਹੇ ਹੋਂ?" "ਹਾਂ," ਚਿੱਤਰਕਾਰ ਨੇ ਕਿਹਾ ਅਤੇ ਈਜ਼ਲ ਉੱਪਰ ਟੰਗੀ ਹੋਈ ਕਮੀਜ਼ ਨੂੰ ਲਾਹ ਕੇ ਬੈੱਡ ਉੱਪਰ ਸੁੱਟ ਦਿੱਤਾ। "ਇਹ ਤਾਂ ਇੱਕ ਪੋਰਟਰੇਟ ਹੈ। ਚੰਗਾ ਕੰਮ ਹੈ ਪਰ ਅਜੇ ਇਹ ਪੂਰਾ ਨਹੀਂ ਹੋਇਆ ਹੈ। ਇਹ ਕੇ. ਲਈ ਇੱਕ ਚੰਗਾ ਮੌਕਾ ਸੀ, ਅਤੇ ਇਸਨੇ ਉਸਨੂੰ ਅਦਾਲਤ ਬਾਰੇ ਗੱਲ ਗੱਲ ਕਰਨ ਦਾ ਮੌਕਾ ਦੇ ਦਿੱਤਾ ਸੀ, ਕਿਉਂਕਿ ਇਹ ਸਪੱਸ਼ਟ ਤੌਰ 'ਤੇ ਇੱਕ ਜੱਜ ਦਾ ਚਿੱਤਰ ਸੀ। ਅਤੇ ਇਹ ਬਿਲਕੁਲ ਵਕੀਲ ਦੇ ਕਮਰੇ ਵਿੱਚ ਲੱਗੇ ਚਿੱਤਰ ਵਰਗਾ ਸੀ। ਸਾਫ਼ ਤੌਰ 'ਤੇ ਇਹ ਕੋਈ ਹੋਰ ਜੱਜ ਸੀ, ਇੱਕ ਮਜ਼ਬੂਤ ਬੰਦਾ, ਕਾਲੀ ਸੰਘਣੀ ਦਾੜ੍ਹੀ ਜਿਹੜੀ ਉਸਦੀਆਂ ਗੱਲ੍ਹਾਂ ਦੇ ਉੱਪਰ ਤੱਕ ਫੈਲੀ ਹੋਈ ਸੀ। ਇਸ ਤੋਂ ਇਲਾਵਾ, ਇੱਕ ਹੋਰ ਤਸਵੀਰ ਰੰਗਾਂ ਵਿੱਚ ਸੀ, ਇਸ ਨੂੰ ਫਿੱਕੇ ਰੰਗਾਂ ਨਾਲ ਧੁੰਦਲਾ ਜਿਹਾ ਬਣਾਇਆ ਹੋਇਆ ਸੀ। ਪਰ ਬਾਕੀ ਸਭ ਕੁੱਝ ਇੱਕੋ ਜਿਹਾ ਸੀ, ਇੱਥੇ ਵੀ ਜੱਜ ਆਪਣੀ ਕੁਰਸੀ ਤੋਂ ਰੋਹਬ ਭਰੇ ਅੰਦਾਜ਼ ਵਿੱਚ ਖੜ੍ਹਾ ਹੋ ਰਿਹਾ ਸੀ ਜਿਸਦੀਆਂ ਬਾਹਾਂ ਨੂੰ ਉਸਨੇ ਘੁੱਟ ਕੇ ਫੜ੍ਹਿਆ ਹੋਇਆ ਸੀ। "ਇਹ ਬੇਸ਼ੱਕ ਇੱਕ ਜੱਜ ਹੈ," ਕੇ. ਇੱਕ ਦਮ ਬੋਲ ਪਿਆ, ਪਰ ਉਸਨੇ ਇੱਕ ਪਲ ਲਈ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ ਅਤੇ ਤਸਵੀਰ ਦੇ ਕੋਲ ਚਲਾ ਗਿਆ ਜਿਵੇਂ ਕਿ ਉਹ ਉਸਦੀਆਂ ਬਾਰੀਕੀਆਂ ਨੂੰ ਪਰਖਣਾ ਚਾਹੁੰਦਾ ਹੋਵੇ। ਕੁਰਸੀ ਦੇ ਪਿੱਛੇ ਬਿਲਕੁਲ ਵਿਚਕਾਰ ਇੱਕ ਵੱਡੀ ਸ਼ਕਲ ਸੀ ਜਿਸਨੂੰ ਉਹ ਸਮਝ ਨਹੀਂ ਸਕਿਆ ਅਤੇ ਇਸ ਬਾਰੇ ਉਸਨੇ ਚਿੱਤਰਕਾਰ ਤੋਂ ਪੁੱਛਿਆ। "ਇਸਨੂੰ ਅਜੇ ਹੋਰ ਕੰਮ ਦੀ ਲੋੜ ਹੈ," ਚਿੱਤਰਕਾਰ ਨੇ ਜਵਾਬ ਦਿੱਤਾ, ਅਤੇ ਉਸਨੇ ਪਾਸੇ ਵਾਲੇ ਮੇਜ਼ ਤੋਂ ਇੱਕ ਨੀਲੇ ਰੰਗ ਦਾ ਇੱਕ ਚਾਕ ਚੁੱਕਿਆ ਅਤੇ ਉਸ ਸ਼ਕਲ ਦੇ ਕਿਨਾਰਿਆਂ ਨੂੰ ਰੰਗ ਕਰਨ ਲੱਗਾ, ਪਰ ਕੇ. ਨੂੰ ਅਜੇ ਵੀ ਸਮਝ ਨਾ ਆਈ। "ਇਹ ਇਨਸਾਫ਼ ਹੈ," ਚਿੱਤਰਕਾਰ ਨੇ ਕਿਹਾ। "ਓਹ, ਹੁਣ ਮੈਂ ਇਸਨੂੰ ਪਛਾਣ ਸਕਦਾ ਹਾਂ," ਕੇ. ਨੇ ਕਿਹਾ, "ਇਹ ਅੱਖਾਂ ਦੁਆਲੇ ਪੱਟੀ ਬੰਨ੍ਹੀ ਹੋਈ ਹੈ ਅਤੇ ਇਹ ਤੱਕੜੀ ਹੈ। ਪਰ ਕੀ ਇਹ ਗਿੱਟਿਆਂ ਉੱਪਰ ਖੰਭ ਨਹੀਂ ਹਨ, ਅਤੇ ਕੀ ਇਹ ਖ਼ਾਕਾ ਹਿੱਲ ਰਿਹਾ ਹੈ?" "ਹਾਂ, ਚਿੱਤਰਕਾਰ ਨੇ ਕਿਹਾ, "ਇਕਰਾਰ ਦੇ ਤੌਰ 'ਤੇ ਮੈਂ ਇਸਨੂੰ ਇਸੇ ਤਰ੍ਹਾਂ ਬਣਾਉਣਾ ਸੀ। ਅਸਲ 'ਚ ਇਹ ਇਨਸਾਫ਼ ਅਤੇ ਜਿੱਤ ਦੀ ਦੇਵੀ ਦੀ ਮਿਲੀ-ਜੁਲੀ ਤਸਵੀਰ ਹੈ।" "ਇਹ ਇੱਕ ਚੰਗਾ ਸੁਮੇਲ ਨਹੀਂ ਹੈ," ਕੇ. ਨੇ ਇੱਕ ਮੁਸਕਾਨ ਨਾਲ ਇਹ ਕਿਹਾ। "ਇਨਸਾਫ਼ ਨੂੰ ਅਹਿੱਲ ਹੋਣਾ ਚਾਹੀਦਾ ਹੈ ਨਹੀਂ ਤਾਂ ਤੱਕੜੀ ਹਿੱਲ ਜਾਵੇਗੀ ਅਤੇ ਇਸ ਨਾਲ ਸਹੀ ਫੈਸਲਾ ਨਹੀਂ ਹੋ ਸਕੇਗਾ।" "ਮੈਂ ਸਿਰਫ਼ ਉਸ ਆਦਮੀ ਦੀਆਂ ਹਿਦਾਇਤਾਂ ਹੀ ਲੈ ਰਿਹਾ ਹਾਂ ਜਿਸਨੇ ਮੈਨੂੰ ਇਹ ਕੰਮ ਦਿੱਤਾ ਹੈ," ਚਿੱਤਰਕਾਰ ਨੇ ਕਿਹਾ, "ਹਾਂ, ਬੇਸ਼ੱਕ," ਕੇ. ਨੇ ਕਿਹਾ, ਜਿਸਦਾ ਆਪਣੀ ਇਸ ਟਿੱਪਣੀ ਨਾਲ ਉਸਨੂੰ ਦੁੱਖ ਪੁਚਾਉਣ ਦਾ ਕੋਈ ਇਰਾਦਾ ਨਹੀਂ ਸੀ। "ਤੂੰ ਇਸ ਤਰ੍ਹਾਂ ਇਹ ਚਿੱਤਰ ਬਣਾਇਆ ਹੈ ਜਿਵੇਂ ਉਹ ਸੱਚਮੁਚ ਕੁਰਸੀ ਉੱਪਰ ਬੈਠਾ ਹੋਇਆ ਹੋਵੇ। "ਨਹੀਂ," ਚਿੱਤਰਕਾਰ ਨੇ ਕਿਹਾ, "ਨਾ ਤਾਂ ਮੈਂ ਸ਼ਕਲ ਵੇਖੀ ਹੈ ਅਤੇ ਨਾ ਹੀ ਕੁਰਸੀ, ਇਹ ਸਾਰੀ ਕਾਢ, ਮੈਨੂੰ ਬਿਲਕੁਲ ਸਾਫ਼ ਦੱਸਿਆ ਗਿਆ ਸੀ ਕਿ ਮੈਂ ਕੀ ਪੇਂਟ ਕਰਨਾ ਹੈ।" "ਕੀ?" ਕੇ. ਨੇ ਪੁੱਛਿਆ, ਇਹ ਵਿਖਾਉਂਦਿਆਂ ਹੋਇਆਂ ਕਿ ਉਸਨੂੰ ਚਿੱਤਰਕਾਰ ਦੀ ਬਿਲਕੁਲ ਸਮਝ ਨਹੀਂ ਆਈ। "ਪਰ ਇਹ ਇੱਕ ਜੱਜ ਹੈ ਅਤੇ ਇਹ ਜੱਜ ਦੀ ਕੁਰਸੀ ਉੱਪਰ ਹੀ ਬੈਠਾ ਹੋਇਆ ਹੈ।" "ਹਾਂ," ਚਿੱਤਰਕਾਰ ਨੇ ਕਿਹਾ, "ਪਰ ਇਹ ਇੱਕ ਸੀਨੀਅਰ ਜੱਜ ਨਹੀਂ ਹੈ ਅਤੇ ਇਹ ਇਸ ਤਰ੍ਹਾਂ ਦੀ ਅਹੁਦੇਦਾਰ ਕੁਰਸੀ 'ਤੇ ਕਦੇ ਨਹੀਂ ਬੈਠਿਆ।" ਅਤੇ ਫ਼ਿਰ ਵੀ ਉਸਨੇ ਇਸ ਸੰਜੀਦਾ ਅੰਦਾਜ਼ ਵਿੱਚ ਬੈਠਿਆਂ ਦੀ ਆਪਣੀ ਤਸਵੀਰ ਪੇਂਟ ਕਰਵਾਈ ਹੈ? ਉਹ ਇਸ ਤਰ੍ਹਾਂ ਬੈਠਾ ਹੈ ਜਿਵੇਂ ਕਿ ਉਹ ਅਦਾਲਤ ਦਾ ਮੁਖੀ ਹੋਵੇ।" "ਹਾਂ, ਸੱਜਣ ਹੈ ਤਾਂ ਘਮੰਡੀ," ਚਿੱਤਰਕਾਰ ਨੇ ਕਿਹਾ, "ਪਰ ਉਹਨਾਂ ਕੋਲ ਇਸ ਤਰ੍ਹਾਂ ਦੀ ਤਸਵੀਰ ਪੇਂਟ ਕਰਾਉਣ ਦੀ ਇਜਾਜ਼ਤ ਹੋਵੇਗੀ। ਪਰ ਮਾੜੀ ਕਿਸਮਤ ਪੁਸ਼ਾਕ ਦੀਆਂ ਬਾਰੀਕੀਆਂ ਅਤੇ ਕੁਰਸੀ ਦਾ ਮੁਲਾਂਕਣ ਇਸ ਤਸਵੀਰ ਵਿੱਚ ਠੀਕ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਫਿੱਕੇ ਰੰਗ ਇਸ ਤਰ੍ਹਾਂ ਦੇ ਚਿਤਰਨ ਲਈ ਢੁੱਕਵੇਂ ਨਹੀਂ ਹਨ। "ਹਾਂ," ਕੇ. ਨੇ ਕਿਹਾ, "ਇਹ ਹੈਰਾਨੀ ਵਾਲੀ ਗੱਲ ਹੈ ਕਿ ਇਸਨੂੰ ਫਿੱਕੇ ਰੰਗਾਂ ਵਿੱਚ ਬਣਾਇਆ ਗਿਆ ਹੈ।" "ਜੱਜ ਨੂੰ ਇਹ ਇਸੇ ਤਰ੍ਹਾਂ ਹੀ ਚਾਹੀਦਾ ਸੀ।" ਚਿੱਤਰਕਾਰ ਨੇ ਕਿਹਾ। "ਇਹ ਇੱਕ ਔਰਤ ਦੇ ਲਈ ਹੈ। ਤਸਵੀਰ ਦਾ ਦ੍ਰਿਸ਼ ਉਸਨੂੰ ਕੰਮ ਕਰਦੇ ਹੋਏ ਵਿਖਾਉਦਾਂ ਲੱਗਦਾ ਸੀ, ਉਸਨੇ ਆਪਣੀ ਕਮੀਜ਼ ਦੀਆਂ ਬਾਹਾਂ ਉੱਪਰ ਚੜ੍ਹਾਈਆਂ ਹੋਈਆਂ ਸਨ ਅਤੇ ਕੁੱਝ ਫਿੱਕੇ ਰੰਗ ਚੁਣੇ ਸਨ, ਅਤੇ ਕੇ. ਨੇ ਇੱਕ ਲਾਲ ਜਿਹੇ ਰੰਗ ਦਾ ਪਰਛਾਵਾਂ ਵੇਖਿਆ ਜੋ ਕਿ ਜੱਜ ਦੇ ਸਿਰ ਦੇ ਆਲੇ-ਦੁਆਲੇ ਬਣਾਇਆ ਗਿਆ ਸੀ ਅਤੇ ਇਹ ਤਸਵੀਰ ਦੇ ਕਿਨਾਰੇ ਤੱਕ ਕਿਰਨਾਂ ਦੇ ਰੂਪ ਵਿੱਚ ਫੈਲਿਆ ਹੋਇਆ ਸੀ। ਹੌਲੀ-ਹੌਲੀ ਇਸ ਪਰਛਾਵੇਂ ਨੇ ਸਿਰ ਦੇ ਆਲੇ-ਦੁਆਲੇ ਇੱਕ ਸ਼ਿੰਗਾਰ ਜਾਂ ਇੱਕ ਸ਼੍ਰੇਸ਼ਠ ਮਹਾਨਤਾ ਦੇ ਤੌਰ 'ਤੇ ਸਿਰ ਨੂੰ ਘੇਰਿਆ ਹੋਇਆ ਸੀ। ਪਰ ਨਿਆਂ ਦੀ ਮੂਰਤ ਦੇ ਆਲੇ-ਦੁਆਲੇ ਹਰ ਚੀਜ਼ ਰੌਸ਼ਨ ਸੀ, ਕੁੱਝ ਰੰਗਾਂ ਤੋਂ ਬਿਨ੍ਹਾਂ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਵੇਖਿਆ ਜਾ ਸਕਦਾ ਸੀ, ਅਤੇ ਇਸ ਰੌਸ਼ਨੀ ਵਿੱਚ ਮੂਰਤ ਅੱਗੇ ਵੱਲ ਨੂੰ ਝੁਕਦੀ ਹੋਈ ਲੱਗਦੀ ਸੀ। ਇਸ ਕਰਕੇ ਹੁਣ ਇਹ ਨਾ ਤਾਂ ਇਨਸਾਫ਼ ਦੀ ਦੇਵੀ ਲੱਗਦੀ ਅਤੇ ਨਾ ਹੀ ਜਿੱਤ ਦਾ ਦੇਵਤਾ ਲੱਗਦੀ ਸੀ, ਸਗੋਂ ਹੁਣ ਇਹ ਬਿਲਕੁਲ ਸ਼ਿਕਾਰ ਦੀ ਦੇਵੀ ਲੱਗ ਰਹੀ ਸੀ। ਚਿੱਤਰਕਾਰ ਦੀ ਗਤੀਵਿਧੀ ਨੇ ਕੇ. ਦਾ ਧਿਆਨ ਖਿੱਚ ਲਿਆ ਸੀ, ਉਸ ਤੋਂ ਵੀ ਵਧੇਰੇ ਜਿਨ੍ਹਾਂ ਉਹ ਚਾਹੁੰਦਾ ਸੀ, ਪਰ ਉਸਨੇ ਆਪਣੇ ਆਪ ਨੂੰ ਰੋਕਿਆ ਕਿਉਂਕਿ ਉਸਨੂੰ ਇੱਥੇ ਆਇਆਂ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਅਜੇ ਤੱਕ ਉਸਨੇ ਆਪਣੇ ਕੇਸ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਸੀ। "ਇਸ ਜੱਜ ਦਾ ਨਾਮ ਕੀ ਹੈ?", ਉਸਨੇ ਪੁੱਛਿਆ। "ਮੈਨੂੰ ਇਹ ਦੱਸਣ ਦੀ ਇਜਾਜ਼ਤ ਨਹੀਂ ਹੈ," ਚਿੱਤਰਕਾਰ ਨੇ ਜਵਾਬ ਦਿੱਤਾ ਜਿਹੜਾ ਕਿ ਤਸਵੀਰ ਦੇ ਉੱਪਰ ਝੁਕਿਆ ਹੋਇਆ ਸੀ ਅਤੇ ਉਹ ਸਪੱਸ਼ਟ ਤੌਰ 'ਤੇ ਆਪਣੇ ਮਹਿਮਾਨ ਦੀ ਉਪੇਖਿਆ ਕਰ ਰਿਹਾ ਸੀ ਜਿਸਦਾ ਪਹਿਲਾਂ ਉਸਨੇ ਕਿੰਨੇ ਸਨਮਾਨਪੂਰਵਕ ਢੰਗ ਨਾਲ ਸਵਾਗਤ ਕੀਤਾ ਸੀ। ਕੇ. ਨੇ ਸੋਚਿਆ ਕਿ ਇਹ ਆਦਮੀ ਇਹੋ ਜਿਹਾ ਹੀ ਹੈ ਅਤੇ ਇਸ ਤਰ੍ਹਾਂ ਆਪਣਾ ਬਰਬਾਦ ਹੋਣ 'ਤੇ ਉਸਨੂੰ ਗੁੱਸਾ ਆਉਣ ਲੱਗਾ।

"ਤੂੰ ਅਦਾਲਤ ਦਾ ਕੋਈ ਏਜੰਟ ਹੋਣਾ ਚਾਹੀਦਾ ਏਂ?" ਉਸਨੇ ਪੁੱਛਿਆ। ਪੇਂਟਰ ਨੇ ਫ਼ੌਰਨ ਆਪਣੀਆਂ ਪੈਂਸਿਲਾਂ ਹੇਠਾਂ ਰੱਖ ਦਿੱਤੀਆਂ ਅਤੇ ਸਿੱਧਾ ਹੋ ਗਿਆ, ਆਪਣੇ ਹੱਥਾਂ ਨੂੰ ਮਸਲਿਆ ਅਤੇ ਕੇ. ਨੂੰ ਮੁਸਕਰਾ ਕੇ ਵੇਖਿਆ।

"ਹੁਣ ਸਿੱਧੀ-ਸਿੱਧੀ ਗੱਲ ਕਰਦੇ ਹਾਂ," ਉਸਨੇ ਕਿਹਾ, "ਤੁਸੀਂ ਅਦਾਲਤ ਦੇ ਬਾਰੇ ਵਿੱਚ ਕੁੱਝ ਜਾਣਕਾਰੀ ਚਾਹੁੰਦੇ ਹੋ, ਜਿਵੇਂ ਕਿ ਉਸ ਸਿਫ਼ਾਰਸ਼ੀ ਚਿੱਠੀ ਵਿੱਚ ਲਿਖਿਆ ਸੀ, ਪਰ ਤੁਸੀਂ ਤਾਂ ਮੇਰੀਆਂ ਪੇਂਟਿੰਗਾਂ ਬਾਰੇ ਹੀ ਗੱਲ ਕਰਦੇ ਰਹੇ ਤਾਂ ਕਿ ਮੈਨੂੰ ਆਪਣੇ ਪੱਖ ਵਿੱਚ ਕਰ ਸਕੋਂ। ਪਰ ਮੈਨੂੰ ਇਸ 'ਤੇ ਕੋਈ ਗੁੱਸਾ ਨਹੀਂ ਹੈ, ਪਰ ਮੇਰੇ ਨਾਲ ਗੱਲ ਕਰਨ ਦਾ ਇਹ ਸਹੀ ਤਰੀਕਾ ਨਹੀਂ ਸੀ। "ਓਹ! ਕਿਰਪਾ ਕਰਕੇ, ਉਸਨੇ ਕੇ. ਦੁਆਰਾ ਪੇਸ਼ ਕੀਤੇ ਜਾਣ ਵਾਲੇ ਇਤਰਾਜ਼ਾਂ ਨੂੰ ਇੱਕ ਦਮ ਕੱਟਦੇ ਹੋਏ ਕਿਹਾ। ਅਤੇ ਉਹ ਫ਼ਿਰ ਕਹਿਣ ਲੱਗਾ, "ਇਸਦੇ ਇਲਾਵਾ ਤੁਸੀਂ ਬਿਲਕੁਲ ਠੀਕ ਹੋਂ ਕਿ ਮੈਂ ਅਦਾਲਤ ਦਾ ਹੀ ਏਜੰਟ ਹਾਂ।" ਉਹ ਰੁਕਿਆ, ਜਿਵੇਂ ਕਿ ਉਹ ਕੇ. ਨੂੰ ਇਸ ਜਾਣਕਾਰੀ ਨੂੰ ਸਮਝ ਲੈਣ ਦਾ ਸਮਾਂ ਦੇਣਾ ਚਾਹੁੰਦਾ ਹੋਵੇ। ਹੁਣ ਬੂਹੇ ਦੇ ਪਾਰੋਂ ਕੁੜੀਆਂ ਦੇ ਬੋਲਣ ਦੀ ਆਵਾਜ਼ ਫ਼ਿਰ ਆਉਣ ਲੱਗੀ। ਸ਼ਾਇਦ ਉਹ ਚਾਬੀ ਵਾਲੀ ਮੋਰੀ ਦੇ ਵਿੱਚੋਂ ਅੰਦਰ ਵੇਖਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਸ਼ਾਇਦ ਉਹ ਇਸ ਵਿੱਚ ਕਾਮਯਾਬ ਵੀ ਹੋ ਰਹੀਆਂ ਸਨ। ਕੇ. ਨੇ ਅਫ਼ਸੋਸ ਜਿਹਾ ਕੁੱਝ ਵੀ ਜ਼ਾਹਰ ਨਾ ਕੀਤਾ ਕਿਉਂਕਿ ਚਿੱਤਰਕਾਰ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਵਟਾਉਣਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਸਦਾ ਧਿਆਨ ਉਸ ਖ਼ਾਸ ਵਿਸ਼ੇ ਤੋਂ ਭਟਕ ਸਕਦਾ ਸੀ। ਇਸ ਤੋਂ ਇਲਾਵਾ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਉਹ ਚਿੱਤਰਕਾਰ ਨੂੰ ਉਸਦੀ ਮਹੱਤਤਾ ਵਧਾਏ ਜਾਣ ਦਾ ਮੌਕਾ ਦੇਵੇ ਅਤੇ ਇਸ ਤਰ੍ਹਾਂ ਉਸਨੇ ਆਪਣੇ ਆਪ ਨੂੰ ਥੋੜ੍ਹੀ 'ਤੇ ਹੀ ਰੱਖਿਆ। ਹੁਣ ਉਸਨੇ ਪੁੱਛਿਆ, "ਕੀ ਤੁਹਾਡੇ ਅਹੁਦੇ ਨੂੰ ਅਦਾਲਤ ਦੁਆਰਾ ਮਾਨਤਾ ਪ੍ਰਾਪਤ ਹੈ?"

"ਨਹੀਂ, ਚਿੱਤਰਕਾਰ ਨੇ ਬਦਹਵਾਸੀ ਦੇ ਭਾਵ ਨਾਲ ਕਿਹਾ, ਜਿਵੇਂ ਕਿ ਉਸਦੇ ਮੂੰਹ ਵਿੱਚੋਂ ਬਾਕੀ ਸ਼ਬਦ ਖੋਹ ਲਏ ਗਏ ਹੋਣ। ਪਰ ਕੇ. ਉਸਨੂੰ ਬੋਲਣ ਤੋਂ ਰੋਕਣਾ ਨਹੀਂ ਚਾਹੁੰਦਾ ਸੀ। ਇਸ ਲਈ ਉਸਨੇ ਕਿਹਾ, "ਐਹੋ ਜਿਹੇ ਨਾ ਮਾਨਤਾ ਵਾਲੇ ਲੋਕ ਮਾਨਤਾ ਪ੍ਰਾਪਤ ਲੋਕਾਂ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ।"

"ਹਾਂ ਇਸੇ ਤਰ੍ਹਾਂ ਹੀ ਮੇਰੇ ਨਾਲ ਹੈ," ਚਿੱਤਰਕਾਰ ਆਪਣੀਆਂ ਭਰਵੱਟਿਆਂ ਨੂੰ ਮਰੋੜਦਾ ਅਤੇ ਸਿਰ ਹਿਲਾਉਂਦਾ ਹੋਇਆ ਬੋਲਿਆ, "ਮੈਂ ਤੁਹਾਡੇ ਕੇਸ ਬਾਰੇ ਕੱਲ੍ਹ ਨਿਰਮਾਤਾ ਨਾਲ ਗੱਲ ਕੀਤੀ ਸੀ। ਉਸਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਤੇਰੀ ਮਦਦ ਕਰ ਸਕਦਾ ਹਾਂ, ਮੈਂ ਜਵਾਬ ਦਿੱਤਾ ਸੀ ਕਿ ਉਹ ਆਦਮੀ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦਾ ਹੈ, ਅਤੇ ਹੁਣ ਮੈਨੂੰ ਤੁਹਾਨੂੰ ਐਨੀ ਛੇਤੀ ਇੱਥੇ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਤੁਸੀਂ ਆਪਣੇ ਕੇਸ ਤੋਂ ਬਹੁਤ ਪ੍ਰਭਾਵਿਤ ਲੱਗਦੇ ਹੋ, ਅਤੇ ਬੇਸ਼ੱਕ ਮੈਂ ਇਸ ਤੋਂ ਹੈਰਾਨ ਨਹੀਂ ਹਾਂ। ਸ਼ਾਇਦ ਤੁਸੀਂ ਸਭ ਤੋਂ ਪਹਿਲਾਂ ਆਪਣਾ ਕੋਟ ਉਤਾਰਨਾ ਚਾਹੋਂਗੇ?" ਭਾਵੇਂ ਕੇ. ਉੱਥੇ ਬਹੁਤੀ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਪਰ ਇਹ ਚਿੱਤਰਕਾਰ ਦੇ ਇਹ ਸੁਝਾਅ ਉਸਨੂੰ ਚੰਗਾ ਲੱਗਾ। ਕਮਰੇ ਹੀ ਹਵਾ ਹੌਲੀ-ਹੌਲੀ ਕਾਫ਼ੀ ਭਾਰੀ ਹੋ ਗਈ ਸੀ, ਅਤੇ ਕਈ ਵਾਰ ਉਹ ਹੈਰਾਨੀ ਨਾਲ ਕਿਨਾਰੇ ਵਿੱਚ ਪਏ ਇੱਕ ਸਟੋਵ 'ਤੇ ਨਿਗ੍ਹਾ ਮਾਰ ਚੁੱਕਾ ਸੀ ਜੋ ਕਿ ਸਪੱਸ਼ਟ ਤੌਰ 'ਤੇ ਬਲਦਾ ਨਹੀਂ ਹੋਣਾ ਚਾਹੀਦਾ ਸੀ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਕਮਰੇ ਵਿੱਚ ਇੰਨਾ ਹੁੰਮਸ ਕਿਉਂ ਹੈ। ਜਿਵੇਂ ਹੀ ਉਸਨੇ ਆਪਣਾ ਓਵਰਕੋਟ ਉਤਾਰਿਆ ਅਤੇ ਆਪਣੀ ਜੈਕੇਟ ਦੇ ਬਟਨ ਖੋਲ੍ਹੇ, ਤਾਂ ਚਿੱਤਰਕਾਰ ਨੇ ਅਫ਼ਸੋਸ ਭਰੇ ਲਹਿਜੇ ਵਿੱਚ ਕਿਹਾ, "ਮੈਨੂੰ ਕਮਰਾ ਗਰਮ ਰੱਖਣਾ ਪੈਂਦਾ ਹੈ। ਇੱਥੇ ਠੰਡ ਕੁੱਝ ਜ਼ਿਆਦਾ ਹੀ ਹੈ, ਕਿ ਨਹੀਂ?"

ਕੇ. ਨੇ ਕੋਈ ਜਵਾਬ ਨਾ ਦਿੱਤਾ, ਇਹ ਗਰਮੀ ਹੀ ਨਹੀਂ ਸੀ ਜਿਸ ਨਾਲ ਉਸਨੂੰ ਤਕਲੀਫ਼ ਹੋ ਰਹੀ ਸੀ, ਇਹ ਇੱਕ ਦਮ ਘੋਟੂ ਜਿਹੀ ਹਵਾ ਸੀ ਜਿਸ ਨਾਲ ਉਸਨੂੰ ਤਕਲੀਫ਼ ਹੋ ਰਹੀ ਸੀ, ਸ਼ਾਇਦ ਕਮਰੇ ਵਿੱਚ ਬਹੁਤ ਦੇਰ ਤੋਂ ਬਾਹਰਲੀ ਹਵਾ ਨਹੀਂ ਦਾਖਲ ਹੋਈ ਸੀ। ਇਸਤੋਂ ਵਧੇਰੇ ਕੇ. ਦੇ ਲਈ ਹੋਰ ਤਕਲੀਫ਼ਦੇਹ ਇਹ ਹੋਇਆ ਕਿ ਚਿੱਤਰਕਾਰ ਨੇ ਉਸਨੂੰ ਬਿਸਤਰੇ ਤੇ ਬੈਠ ਜਾਣ ਲਈ ਕਹਿ ਦਿੱਤਾ, ਜਦਕਿ ਉਹ ਆਪ ਤਖ਼ਤੇ ਦੇ ਸਾਹਮਣੇ ਪਈ ਕਮਰੇ ਦੀ ਇੱਕੋ-ਇੱਕ ਕੁਰਸੀ 'ਤੇ ਜਾ ਬੈਠਿਆ। ਇਸਤੋਂ ਅੱਗੇ ਇਹ ਵੀ ਕਿ ਚਿੱਤਰਕਾਰ, ਕੇ. ਦੀ ਉਸ ਸਥਿਤੀ ਨੂੰ ਨਹੀਂ ਸਮਝ ਸਕਿਆ ਕਿ ਉਹ ਬਿਸਤਰੇ ਦੇ ਕਿਨਾਰੇ 'ਤੇ ਹੀ ਕਿਉਂ ਬੈਠਣਾ ਚਾਹੁੰਦਾ ਹੈ। ਇਸਤੋਂ ਇਲਾਵਾ ਉਸਨੇ ਕੇ. ਨੂੰ ਬੇਨਤੀ ਕੀਤੀ ਕਿ ਉਹ ਖ਼ੁਦ ਨੂੰ ਆਰਾਮ ਵਿੱਚ ਰੱਖੇ, ਅਤੇ ਕੇ. ਜਦੋਂ ਇਸਤੋਂ ਗੁਰੇਜ਼ ਕਰਦਾ ਵਿਖਾਈ ਦਿੱਤਾ ਤਾਂ ਉਸਨੇ ਕੋਲ ਆਕੇ ਉਸਨੂੰ ਬਿਸਤਰੇ ਦੇ ਕੱਪੜਿਆਂ ਅਤੇ ਸਿਰਹਾਣੇ ਦੇ ਵਿਚਕਾਰ ਧੱਕ ਦਿੱਤਾ। ਜਦੋਂ ਤਿਤੋਰੇਲੀ ਵਾਪਸ ਆਪਣੀ ਜਗ੍ਹਾ 'ਤੇ ਜਾ ਬੈਠਾ ਤਾਂ ਪਹਿਲਾ ਕੰਮ ਦਾ ਸਵਾਲ ਪੁੱਛਿਆ ਜਿਸਨੇ ਕੇ. ਨੂੰ ਹੋਰ ਸਭ ਕੁੱਝ ਭੁਲਾ ਦਿੱਤਾ, "ਕੀ ਤੁਸੀਂ ਨਿਰਦੋਸ਼ ਹੋਂ?"

"ਹਾਂ," ਕੇ. ਨੇ ਜਵਾਬ ਦਿੱਤਾ। ਇਸ ਸਵਾਲ ਦਾ ਜਵਾਬ ਦੇਣ ਵਿੱਚ ਉਸਨੂੰ ਬਹੁਤ ਆਨੰਦ ਮਿਲਿਆ, ਖ਼ਾਸ ਕਰਕੇ ਇਸ ਸਮੇਂ ਜਦੋਂ ਉਹ ਇਕਾਂਤ ਵਿੱਚ ਕਿਸੇ ਆਦਮੀ ਨਾਲ ਇਹ ਗੱਲ ਕਰ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਦੀ ਚਿੰਤਾ ਤੋਂ ਮੁਕਤ ਸੀ। ਅੱਜ ਤੱਕ ਉਸਨੂੰ ਕਿਸੇ ਨੇ ਵੀ ਇੰਨੀ ਸਾਫ਼ਗੋਈ ਨਾਲ ਸਵਾਲ ਨਹੀਂ ਪੁੱਛਿਆ ਸੀ। ਇਸ ਆਨੰਦ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਉਸਨੇ ਕਿਹਾ, "ਮੈਂ ਇੱਕ ਦਮ ਨਿਰਦੋਸ਼ ਹਾਂ।"

"ਅੱਛਾ, ਤਿਤੋਰੇਲੀ ਬੋਲਿਆ। ਫ਼ਿਰ ਉਸਨੇ ਆਪਣਾ ਸਿਰ ਝੁਕਾਇਆ ਅਤੇ ਕੁੱਝ ਸੋਚਦਾ ਹੋਇਆ ਜਿਹਾ ਜਾਪਿਆ। ਅਚਾਨਕ ਉਸਨੇ ਆਪਣਾ ਸਿਰ ਫ਼ਿਰ ਉਤਾਂਹ ਚੁੱਕਿਆ ਅਤੇ ਬੋਲਿਆ, "ਜੇ ਤੁਸੀਂ ਨਿਰਦੋਸ਼ ਹੋਂ ਤਾਂ ਸਾਰਾ ਮਸਲਾ ਬਹੁਤ ਹੀ ਸਧਾਰਨ ਹੈ।"

ਕੇ. ਦੇ ਚਿਹਰੇ 'ਤੇ ਉਦਾਸੀ ਦਾ ਇੱਕ ਭਾਵ ਪਸਰ ਆਇਆ, ਕਿਉਂਕਿ ਇਹ ਆਦਮੀ, ਜਿਹੜਾ ਅਦਾਲਤ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ, ਇਸ ਸਮੇਂ ਕਿਸੇ ਅਣਜਾਣ ਬੱਚੇ ਵਰਗੀ ਗੱਲ ਕਰ ਰਿਹਾ ਸੀ। ਉਸਨੇ ਕਿਹਾ, "ਮੇਰਾ ਨਿਰਦੋਸ਼ ਹੋਣਾ ਸਾਰੇ ਮਸਲੇ ਨੂੰ ਸਧਾਰਨ ਨਹੀਂ ਬਣਾ ਦਿੰਦਾ। ਇਸ ਸਭ ਕੁੱਝ ਦੇ ਬਾਵਜੂਦ ਉਸਨੂੰ ਹੱਸਣਾ ਪਿਆ ਅਤੇ ਆਪਣਾ ਸਿਰ ਹੌਲੀ-ਹੌਲੀ ਹਿਲਾਉਂਦਾ ਰਿਹਾ। "ਹਰ ਚੀਜ਼ ਉਹਨਾਂ ਕਾਢਾਂ 'ਤੇ ਨਿਰਭਰ ਕਰਦੀ ਹੈ ਜਿਹੜੀਆਂ ਅਦਾਲਤ ਦੁਆਰਾ ਈਜ਼ਾਦ ਕੀਤੀਆਂ ਗਈਆਂ ਹਨ ਅਤੇ ਵਿੱਚ ਇਹ ਕਿਸੇ ਜਗ੍ਹਾ 'ਤੇ ਇੱਕ ਬਹੁਤ ਅਪਰਾਧ ਪੈਦਾ ਕਰਦੀ ਹੈ ਜਿੱਥੇ ਮੂਲ ਤੌਰ 'ਤੇ ਪਹਿਲਾਂ ਕੁੱਝ ਵੀ ਨਹੀਂ ਸੀ।"

"ਹਾਂ, ਹਾਂ, ਬਿਲਕੁਲ," ਚਿੱਤਰਕਾਰ ਨੇ ਕਿਹਾ, ਜਿਵੇਂ ਕਿ ਉਸਦੇ ਵਿਚਾਰਾਂ ਦੀ ਰੇਲ ਨੂੰ ਕੇ. ਬਿਨ੍ਹਾਂ ਗੱਲ ਤੋਂ ਵਿਚਲਿਤ ਕਰ ਰਿਹਾ ਹੋਵੇ ਪਰ ਤੁਸੀਂ ਹੀ ਤਾਂ ਕਹਿੰਦੇ ਹੋ ਕਿ ਤੁਸੀਂ ਨਿਰਦੋਸ਼ ਹੋਂ?"

"ਬਿਲਕੁਲ ਹਾਂ," ਕੇ. ਨੇ ਕਿਹਾ।

"ਅੱਛਾ, ਤਾਂ ਇਹੀ ਮੁੱਖ ਚੀਜ਼ ਹੈ," ਚਿੱਤਰਕਾਰ ਬੋਲਿਆ। ਇਸਤੋਂ ਉਲਟ ਕੀਤੇ ਜਾਣ ਵਾਲੇ ਕਿਸੇ ਵੀ ਤਰਕ ਤੋਂ ਉਹ ਹਿੱਲਿਆ ਨਹੀਂ, ਪਰ ਉਸਦੀ ਦ੍ਰਿੜਤਾ ਦੇ ਬਾਵਜੂਦ ਇਹ ਸਪੱਸ਼ਟ ਨਹੀਂ ਸੀ ਕਿ ਕੀ ਉਹ ਯਕੀਨ ਦੇ ਨਾਲ ਜਾਂ ਸਿਰਫ਼ ਉਦਾਸੀਨਤਾ ਨਾਲ ਹੀ ਇਹ ਸਭ ਕਹੀ ਜਾ ਰਿਹਾ ਸੀ। ਕੇ. ਇਸਨੂੰ ਪਹਿਲਾਂ ਤੈਅ ਕਰ ਲੈਣਾ ਚਾਹੁੰਦਾ ਸੀ, ਅਤੇ ਇਸ ਲਈ ਉਸਨੇ ਕਿਹਾ, "ਇਹ ਤਾਂ ਪੱਕਾ ਹੈ ਕਿ ਤੁਸੀਂ ਅਦਾਲਤ ਨੂੰ ਮੇਰੇ ਤੋਂ ਵੱਧ ਜਾਣਦੇ ਹੋਂ, ਮੈਂ ਉਸਦੇ ਬਾਰੇ ਸਿਰਫ਼ ਓਨਾ ਹੀ ਜਾਣਦਾ ਹਾਂ ਜਿੰਨਾ ਕਿ ਮੈਂ ਵੱਖ-ਵੱਖ ਲੋਕਾਂ ਤੋਂ ਸੁਣਿਆ ਹੈ। ਪਰ ਉਹਨਾਂ ਸਭ ਦਾ ਮੰਨਣਾ ਹੈ ਕਿ ਅਦਾਲਤ ਝੂਠੇ ਦੋਸ਼ ਕਦੇ ਨਹੀਂ ਘੜਦੀ, ਅਤੇ ਇਹ ਵੀ ਕਿ ਅਦਾਲਤ ਨੇ ਜਦੋਂ ਇੱਕ ਵਾਰ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਉਹ ਹੌਲ਼ੀ-ਹੌਲ਼ੀ ਪੱਕੇ ਤੌਰ 'ਤੇ ਸੰਤੁਸ਼ਟ ਹੋ ਜਾਂਦੀ ਹੈ ਕਿ ਆਰੋਪੀ ਦੋਸ਼ੀ ਹੈ ਅਤੇ ਉਸਦੀ ਸਜ਼ਾ ਤੋਂ ਕੋਈ ਔਖਾ ਹੀ ਬਚਦਾ ਹੈ।"

"ਔਖਾ ਹੀ?" ਚਿੱਤਰਕਾਰ ਨੇ ਪੁੱਛਿਆ ਅਤੇ ਆਪਣਾ ਹੱਥ ਹਵਾ ਵਿੱਚ ਲਹਿਰਾਇਆ, "ਅਦਾਲਤ ਨੂੰ ਧੋਖਾ ਦੇ ਸਕਣਾ ਬਿਲਕੁਲ ਸੰਭਵ ਨਹੀਂ ਹੈ। ਜੇਕਰ ਮੈਂ ਇੱਕ-ਇੱਕ ਕਰਕੇ ਸਾਰੇ ਜੱਜਾਂ ਨੂੰ ਇਸ ਕੈਨਵਸ 'ਤੇ ਪੇਂਟ ਕਰ ਦੇਵਾਂ, ਅਤੇ ਤੁਸੀਂ ਇਸ ਕੈਨਵਸ ਦੇ ਸਾਹਮਣੇ ਆਪਣੇ ਮੁਕੱਦਮੇ ਪੈਰਵੀ ਕਰਨੀ ਹੋਵੇ ਤਾਂ ਅਸਲੀ ਅਦਾਲਤ ਤੋਂ ਤੁਹਾਨੂੰ ਇੱਥੇ ਵਧੇਰੇ ਸਫ਼ਲਤਾ ਮਿਲ ਜਾਵੇਗੀ?"

"ਹਾਂ," ਕੇ. ਨੇ ਆਪਣੇ-ਆਪ ਨੂੰ ਕਿਹਾ। ਉਹ ਭੁੱਲ ਗਿਆ ਸੀ ਕਿ ਉਹ ਚਿੱਤਰਕਾਰ ਦੇ ਮੂੰਹੋਂ ਇੱਥੇ ਕੁੱਝ ਕਢਾਉਣ ਲਈ ਆਇਆ ਸੀ। ਇੱਕ ਵਾਰ ਫਿਰ ਬੂਹੇ ਦੇ ਪਾਰੋਂ ਇੱਕ ਕੁੜੀ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਸੀ, "ਤਿਤੋਰੇਲੀ, ਕੀ ਉਹ ਆਦਮੀ ਛੇਤੀ ਨਹੀਂ ਜਾ ਰਿਹਾ ਹੈ?" "ਚੁੱਪ ਰਹਿ," ਚਿੱਤਰਕਾਰ ਬੂਹੇ ਦੇ ਵੱਲ ਮੂੰਹ ਕਰਕੇ ਚੀਕਿਆ, "ਕੀ ਤੂੰ ਇੰਨਾ ਨਹੀਂ ਸਮਝ ਸਕਦੀ ਕਿ ਮੈਂ ਇਸ ਸੱਜਣ ਨਾਲ ਗੱਲਬਾਤ ਕਰ ਰਿਹਾ ਹਾਂ?" ਪਰ ਕੁੜੀ ਇਸ ਨਾਲ ਨਹੀਂ ਮੰਨੀ ਅਤੇ ਬੋਲੀ- "ਕੀ ਤੂੰ ਉਸਦਾ ਚਿੱਤਰ ਬਣਾ ਰਿਹਾ ਏਂ?" ਅਤੇ ਜਦੋਂ ਚਿੱਤਰਕਾਰ ਦੇ ਵੱਲੋਂ ਉਸਨੂੰ ਕੋਈ ਜਵਾਬ ਨਾ ਮਿਲਿਆ ਤਾਂ ਬੋਲੀ- "ਰੱਬ ਦੇ ਲਈ ਉਸਦਾ ਚਿੱਤਰ ਨਾ ਬਣਾ, ਉਹ ਬਹੁਤ ਭੱਦਾ ਹੈ!" ਇਸ ਪਿੱਛੋਂ ਬਾਕੀ ਕੁੜੀਆਂ ਦੇ ਫੁਸਫਸਾਹਟ ਦੀ ਆਵਾਜ਼ ਆਈ।

ਚਿੱਤਰਕਾਰ ਬੂਹੇ ਦੇ ਵੱਲ ਵਧਿਆ, ਅਤੇ ਉਸਨੂੰ ਥੋੜ੍ਹਾ ਜਿਹਾ ਖੋਲ੍ਹ ਦਿੱਤਾ ਜਿਸਦੀ ਦਰਾਰ ਵਿੱਚੋਂ ਕੁੜੀਆਂ ਦੇ ਵਧੇ ਹੋਏ ਹੱਥ ਵਿਖਾਈ ਦੇ ਰਹੇ ਸਨ ਅਤੇ ਬੋਲਿਆ- "ਜੇ ਤੁਸੀਂ ਸਾਰੀਆਂ ਚੁੱਪ ਨਾ ਕੀਤੀਆਂ ਤਾਂ ਮੈਂ ਤੁਹਾਨੂੰ ਸਾਰੀਆਂ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਦੇਵਾਂਗਾ। ਚੁੱਪ ਕਰਕੇ ਬੈਠ ਜਾਓ ਅਤੇ ਬਿਹਤਰ ਵਿਹਾਰ ਕਰਨਾ ਸਿੱਖੋ!" ਉਹਨਾਂ ਨੇ ਉਸਦੇ ਹੁਕਮ ਨੂੰ ਫ਼ੌਰਨ ਨਹੀਂ ਮੰਨਿਆ ਅਤੇ ਉਸਨੇ ਆਪਣੇ ਹੁਕਮ ਨੂੰ ਫ਼ਿਰ ਦੋਹਰਾਇਆ, "ਚੁੱਪ ਕਰਕੇ ਬੈਠ ਜਾਓ!" ਇਸ ਪਿੱਛੋਂ ਹੀ ਉਹ ਚੁੱਪ ਹੋਈਆਂ।

"ਮੈਨੂੰ ਅਫ਼ਸੋਸ ਜਾਹਰ ਕਰਨਾ ਚਾਹੀਦਾ ਹੈ," ਕੇ. ਦੇ ਕੋਲ ਆਕੇ ਤਿਤੋਰੇਲੀ ਨੇ ਕਿਹਾ। ਕੇ. ਨੇ ਬੂਹੇ ਉੱਤੇ ਨਿਗ੍ਹਾ ਨਹੀਂ ਮਾਰੀ ਸੀ। ਉਸਨੇ ਇਸ ਸਵਾਲ ਨੂੰ ਵੀ ਛੱਡ ਦਿੱਤਾ ਸੀ ਕਿ ਚਿੱਤਰਕਾਰ ਉਸਦੀ ਮਦਦ ਲਈ ਕਿਵੇਂ ਆਵੇਗਾ। ਆਵੇਗਾ ਵੀ ਜਾਂ ਨਹੀਂ? ਇਸ ਸਮੇਂ ਤਿਤੋਰੇਲੀ ਉਸਦੇ ਬਿਲਕੁਲ ਕੋਲ ਆਕੇ ਫੁਸਫਸਾਉਣ ਲੱਗਾ ਤਾਂ ਕਿ ਬਾਹਰ ਸੁਣਾਈ ਨਾ ਦੇਵੇ, ਫ਼ਿਰ ਵੀ ਜਿਉਂ ਦਾ ਤਿਓਂ ਬਣਿਆ ਰਿਹਾ ਅਤੇ ਰੱਤੀ ਭਰ ਵੀ ਨਹੀਂ ਹਿੱਲਿਆ- "ਇਹ ਕੁੜੀਆਂ ਵੀ ਅਦਾਲਤ ਨਾਲ ਜੁੜੀਆਂ ਹੋਈਆਂ ਹਨ।"

"ਕੀ ਮਤਲਬ?" ਕੇ. ਨੇ ਆਪਣੇ ਸਿਰ ਨੂੰ ਇੱਕ ਪਾਸੇ ਝਟਕਾ ਕੇ ਅਤੇ ਚਿੱਤਰਕਾਰ ਨੂੰ ਇੱਕ ਟੱਕ ਵੇਖਦੇ ਹੋਏ ਕਿਹਾ, ਜਿਹੜਾ ਮੁੜ ਆਪਣੀ ਕੁਰਸੀ 'ਤੇ ਬੈਠ ਗਿਆ ਸੀ। ਉਹ ਹੱਸ ਸਪੱਸ਼ਟੀਕਰਨ ਦਿੰਦਾ ਹੋਇਆ ਬੋਲਿਆ- "ਤੁਸੀਂ ਇਹ ਸਮਝੋ ਕਿ ਹਰ ਚੀਜ਼ ਦਾ ਸਬੰਧ ਅਦਾਲਤ ਨਾਲ ਹੈ।"

"ਮੈਂ ਅਜਿਹਾ ਮਹਿਸੂਸ ਨਹੀਂ ਕਰਦਾ ਹਾਂ," ਕੇ. ਨੇ ਕੱਟਦੇ ਹੋਏ ਕਿਹਾ। ਤਿਤੋਰੇਲੀ ਦੀ ਟਿੱਪਣੀ ਦਾ ਸਪੱਸ਼ਟੀਕਰਨ ਕੁੜੀਆਂ ਦੇ ਪ੍ਰਤੀ ਉਸਦੇ ਸੰਦਰਭ ਨੂੰ ਸਹੀ ਵੇਖ ਸਕਣ ਤੋਂ ਰੋਕ ਰਿਹਾ ਸੀ। ਫ਼ਿਰ ਵੀ ਕੁੱਝ ਪਲਾਂ ਦੇ ਲਈ ਕੇ. ਨੇ ਬੂਹੇ 'ਤੇ ਨਿਗ੍ਹਾ ਮਾਰੀ, ਜਿਸਦੇ ਬਾਰੇ ਪੌੜੀਆਂ 'ਤੇ ਕੁੜੀਆਂ ਚੁੱਪਚਾਪ ਬੈਠੀਆਂ ਸਨ, ਬਿਨ੍ਹਾ ਇਸਦੇ ਕਿ ਇੱਕ ਕੁੜੀ ਦੇ ਬੂਹੇ ਦੀ ਦਰਾਰ ਵਿੱਚੋਂ ਇੱਕ ਤਿਨਕਾ ਅੰਦਰ ਵਾੜ ਦਿੱਤਾ ਸੀ ਅਤੇ ਹੌਲ਼ੀ-ਹੌਲ਼ੀ ਉਸਨੂੰ ਉੱਪਰ-ਹੇਠਾਂ ਕਰ ਰਹੀ ਸੀ। "ਤੈਨੂੰ ਅਜੇ ਵੀ ਕੋਰਟ ਦੇ ਕੰਮ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਲੱਗਦੀ ਹੈ," ਚਿੱਤਰਕਾਰ ਨੇ ਕਿਹਾ ਜਿਸਨੇ ਆਪਣੀਆਂ ਲੱਤਾਂ ਪੂਰੀ ਤਰ੍ਹਾਂ ਫੈਲਾ ਲਈਆਂ ਸਨ ਅਤੇ ਉਹ ਆਪਣੇ ਪੈਰ ਨੂੰ ਜ਼ੋਰ-ਜ਼ੋਰ ਨਾਲ ਫ਼ਰਸ਼ ਉੱਪਰ ਮਾਰ ਰਿਹਾ ਸੀ। "ਪਰ ਜਿਵੇਂ ਕਿ ਤੂੰ ਬੇਕਸੂਰ ਏਂ, ਤੈਨੂੰ ਇਸਦੀ ਲੋੜ ਨਹੀਂ ਹੈ, ਇਸ ਲਈ ਹੁਣ ਤੁਹਾਨੂੰ ਮੈਂ ਤੁਹਾਡੇ ਉੱਪਰ ਹੀ ਛੱਡ ਸਕਦਾਂ?"

"ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋਂ?", ਕੇ. ਨੇ ਪੁੱਛਿਆ, "ਤੁਸੀਂ ਹੁਣੇ ਕੁੱਝ ਚਿਰ ਪਹਿਲਾਂ ਹੀ ਤਾਂ ਕਿਹਾ ਸੀ ਕਿ ਅਦਾਲਤ ਵਿੱਚ ਕਾਰਨਾਂ ਅਤੇ ਸਬੂਤਾਂ ਦੇ ਨਾਲ ਜਾਣਾ ਨਾਮੁਮਕਿਨ ਹੈ।"

"ਇਹ ਤਾਂ ਨਾਮੁਮਕਿਨ ਹੈ ਜੇਕਰ ਤੂੰ ਅਦਾਲਤ ਵਿੱਚ ਉਹ ਕਾਰਨ ਅਤੇ ਸਬੂਤ ਆਪ ਲੈ ਕੇ ਜਾਵੇਂਗਾ, ਚਿੱਤਰਕਾਰ ਨੇ ਆਪਣੀ ਉਂਗਲ ਚੁੱਕਦਿਆਂ ਕਿਹਾ ਜਿਵੇਂ ਕਿ ਕੇ. ਇਹ ਖ਼ਾਸ ਅੰਤਰ ਭੁੱਲ ਗਿਆ ਸੀ, "ਇਹ ਵੱਖਰੇ ਤਰੀਕੇ ਨਾਲ ਜਾਵੇਗਾ ਜੇਕਰ ਤੂੰ ਜਨਤਕ ਅਦਾਲਤ ਦੇ ਪਿੱਛੇ ਕੁੱਝ ਕਰਨ ਦੀ ਕੋਸ਼ਿਸ਼ ਕਰੇਂਗਾ, ਜਿਵੇਂ ਕਿ ਸਲਾਹ ਵਾਲੇ ਕਮਰਿਆਂ ਵਿੱਚ, ਗੈਲਰੀਆਂ ਵਿੱਚ ਜਾਂ ਜਿਵੇਂ ਇੱਕ ਪਲ ਦੇ ਲਈ, ਇੱਥੇ ਮੇਰੇ ਸਟੂਡੀਓ ਵਿੱਚ।"

ਕੇ. ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋਇਆ ਕਿ ਚਿੱਤਰਕਾਰ ਜੋ ਕਹਿ ਰਿਹਾ ਹੈ, ਉਸ ਉੱਪਰ ਯਕੀਨ ਕਰਨਾ ਬਹੁਤ ਸੌਖਾ ਹੈ ਜਾਂ ਬਲਕਿ ਉਸਨੂੰ ਜੋ ਕੁੱਝ ਦੂਜਿਆਂ ਨੇ ਕਿਹਾ ਸੀ, ਉਹਨਾਂ ਨਾਲ ਹੁਣ ਉਹ ਪੂਰੀ ਤਰ੍ਹਾਂ ਸਹਿਮਤ ਸੀ। ਅਸਲ ਵਿੱਚ ਇਹ ਕਾਫ਼ੀ ਵਧੀਆ ਗੱਲ ਸੀ। ਜਿਵੇਂ ਕਿ ਵਕੀਲ ਨੇ ਕਿਹਾ ਸੀ, ਜੇ ਆਪਣੇ ਨਿੱਜੀ ਸੰਪਰਕਾਂ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨਾ ਸੱਚਮੁਚ ਇੰਨਾ ਅਸਾਨ ਸੀ ਤਾਂ ਚਿੱਤਰਕਾਰ ਦੇ ਇਹਨਾਂ ਬੇਕਾਰ ਜੱਜਾਂ ਨਾਲ ਸੰਪਰਕ ਖ਼ਾਸ ਕਰਕੇ ਜ਼ਰੂਰੀ ਸਨ, ਅਤੇ ਇਹਨਾਂ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ ਸੀ। ਇਸ ਹਾਲਤ ਵਿੱਚ ਚਿੱਤਰਕਾਰ ਲੋਕਾਂ ਦੇ ਉਸ ਘੇਰੇ ਵਿੱਚ ਪੂਰਾ ਢੁੱਕਵਾਂ ਸੀ, ਜਿਸਨੂੰ ਕਿ ਉਸਨੇ ਆਪਣੇ ਦੁਆਲੇ ਇੱਕਠਾ ਕੀਤਾ ਹੋਇਆ ਸੀ। ਬੈਂਕ ਵਿੱਚ ਆਪਣੀ ਯੋਗਤਾ ਦੇ ਕਾਰਨ ਉਸਨੂੰ ਬਹੁਤ ਮਾਨਤਾ ਹਾਸਲ ਸੀ, ਅਤੇ ਹੁਣ ਉਹ ਆਪਣੇ ਸਾਧਨਾਂ ਤੱਕ ਹੀ ਸੀਮਿਤ ਕੀਤਾ ਜਾ ਚੁੱਕਾ ਸੀ, ਤਾਂ ਹੁਣ ਉਸ ਯੋਗਤਾ ਦੀ ਪੂਰੀ ਪਰਖ ਕੀਤੇ ਜਾਣ ਦਾ ਸਮਾਂ ਆ ਗਿਆ ਸੀ। ਚਿੱਤਰਕਾਰ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਉਕਤ ਸਪੱਸ਼ਟੀਕਰਨ ਦਾ ਕੇ. ਉੱਪਰ ਕੀ ਪ੍ਰਭਾਵ ਪਿਆ ਹੈ, ਅਤੇ ਫ਼ਿਰ ਥੋੜ੍ਹਾ ਫਿਕਰਮੰਦ ਹੋ ਕੇ ਬੋਲਿਆ-"ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਮੈਂ ਇੱਕ ਵਕੀਲ ਦੀ ਤਰ੍ਹਾਂ ਬੋਲ ਰਿਹਾ ਹਾਂ? ਅਦਾਲਤ ਵਿੱਚ ਕੰਮ ਕਰਨ ਵਾਲਿਆਂ ਦੇ ਨਾਲ ਰਹਿਣ ਕਾਰਨ ਮੇਰੇ 'ਤੇ ਵੀ ਇਹ ਪ੍ਰਭਾਵ ਪਿਆ ਹੈ। ਕੁਦਰਤੀ ਤੌਰ 'ਤੇ ਮੈਨੂੰ ਇਸ ਪ੍ਰਵਿਰਤੀ ਨਾਲ ਲਾਭ ਹੋਇਆ ਹੈ ਪਰ ਮੇਰੀ ਕਲਾਤਮਕਤਾ 'ਤੇ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ।"

"ਤੁਸੀਂ ਸਭ ਤੋਂ ਪਹਿਲਾਂ ਜੱਜਾਂ ਦੇ ਸੰਪਰਕ ਵਿੱਚ ਕਿਵੇਂ ਆਏ?" ਕੇ. ਨੇ ਉਸਤੋਂ ਪੁੱਛਿਆ। ਆਪਣੇ ਕੰਮ ਦੀ ਗੱਲ ਕਹਿਣ ਤੋਂ ਪਹਿਲਾਂ ਉਹ ਚਿੱਤਰਕਾਰ ਦਾ ਯਕੀਨ ਜਿੱਤਣਾ ਚਾਹੁੰਦਾ ਸੀ।

"ਸਿੱਧੀ ਜਿਹੀ ਗੱਲ ਹੈ," ਚਿੱਤਰਕਾਰ ਨੇ ਕਿਹਾ, "ਇਹ ਸਬੰਧ ਮੈਨੂੰ ਵਿਰਾਸਤ ਵਿੱਚ ਮਿਲੇ ਹਨ। ਮੇਰੇ ਪਿਤਾ ਆਪਣੇ ਸਮੇਂ ਵਿੱਚ ਅਦਾਲਤ ਦੇ ਚਿੱਤਰਕਾਰ ਸਨ। ਇਹ ਅਜਿਹੀ ਸਥਿਤੀ ਹੈ ਜਿਹੜੀ ਹਮੇਸ਼ਾ ਪਿਤਾ ਤੋਂ ਪੁੱਤਰ ਨੂੰ ਮਿਲਦੀ ਰਹਿੰਦੀ ਹੈ। ਨਵੇਂ ਲੋਕਾਂ ਦਾ ਪ੍ਰਯੋਗ ਇਸ ਵਿੱਚ ਸੰਭਵ ਨਹੀਂ ਹੈ? ਜਦੋਂ ਵੀ ਅਧਿਕਾਰੀਆਂ ਦੇ ਚਿੱਤਰ ਪੇਂਟ ਕਰਨ ਦੀ ਗੱਲ ਉੱਠਦੀ ਹੈ, ਤਾਂ ਅਜਿਹੇ ਔਖੇ-ਔਖੇ ਅਤੇ ਉਲਝਾਅ ਭਰੇ, ਅਤੇ ਸਭ ਤੋਂ ਉੱਪਰ ਰਾਜ਼ਦਾਰ ਨਿਯਮ ਵਿਚਕਾਰ ਆਉਂਦੇ ਹਨ ਕਿ ਕੁੱਝ ਤੋਂ ਬਾਹਰ ਇਹ ਰਹੱਸ ਜਾ ਹੀ ਨਹੀਂ ਸਕਦਾ। ਉਦਾਹਰਨ ਦੇ ਲਈ ਉਸ ਦਰਾਜ਼ ਦੇ ਉੱਪਰ ਮੈਂ ਆਪਣੇ ਪਿਤਾ ਦੇ ਬਣਾਏ ਸਕੈਂਚ ਰੱਖੇ ਹੋਏ ਹਨ ਅਤੇ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਵਿਖਾਉਂਦਾ। ਅਤੇ ਇਸਤੋਂ ਪਹਿਲਾਂ ਕਿ ਕੋਈ ਆਦਮੀ ਜੱਜਾਂ ਦੇ ਚਿੱਤਰ ਬਣਾਉਣ ਦੇ ਯੋਗ ਹੋ ਸਕੇ, ਉਸਨੂੰ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜੇ ਇਹ ਮੇਰੇ ਤੋਂ ਗਵਾਚ ਵੀ ਜਾਣ ਤਾਂ ਵੀ ਮੇਰੇ ਦਿਮਾਗ ਵਿੱਚ ਅਜਿਹੇ ਨਿਯਮ ਬਰਕਰਾਰ ਰਹਿਣਗੇ ਕਿ ਕਿਸੇ ਨੂੰ ਵੀ ਮੈਂ ਇਸ ਪਦਵੀ ਤੋਂ ਦੂਰ ਰੱਖ ਸਕਦਾ ਹਾਂ। ਹਰੇਕ ਜੱਜ ਇਹੀ ਤਾਂ ਚਾਹੁੰਦਾ ਹੈ ਕਿ ਉਸਦਾ ਚਿੱਤਰ ਪੁਰਾਣੇ ਕਿਸੇ ਵੀ ਜੱਜ ਤੋਂ ਬਿਹਤਰ ਹੋਵੇ, ਅਤੇ ਮੇਰੇ ਸਿਵਾ ਇਹ ਕੰਮ ਹੋਰ ਕੋਈ ਕਰ ਸਕਦਾ।"

"ਮੈਨੂੰ ਤੁਹਾਡੇ ਤੋਂ ਈਰਖਾ ਹੈ," ਕੇ. ਨੇ ਬੈਂਕ ਵਿੱਚ ਆਪਣੀ ਸਥਿਤੀ ਬਾਰੇ ਸੋਚਦੇ ਹੋਏ ਕਿਹਾ, "ਯਾਨੀ ਕਿ ਤੁਹਾਡੀ ਸਥਿਤੀ ਹਮਲਾ ਕੀਤੇ ਜਾਣ ਦੇ ਯੋਗ ਨਹੀਂ ਹੈ?"

"ਹਾਂ, ਬਿਲਕੁਲ ਨਹੀਂ," ਮਾਣ ਨਾਲ ਆਪਣੇ ਮੋਢੇ ਚੌੜੇ ਕਰਦੇ ਹੋਏ ਤਿਤੋਰੇਲੀ ਨੇ ਕਿਹਾ, "ਅਤੇ ਤਾਂ ਹੀ ਮੈਂ ਕਦੇ-ਕਦੇ ਮੁਕੱਦਮੇ ਵਿੱਚ ਫਸੇ ਕਿਸੇ ਵਿਅਕਤੀ ਨੂੰ ਮਦਦ ਦੇਣ ਦਾ ਜੋਖ਼ਮ ਲੈ ਸਕਦਾ ਹਾਂ।" "ਅਤੇ ਤੁਸੀਂ ਇਹ ਸਭ ਕਿਵੇਂ ਕਰਦੇ ਹੋਂ?" ਕੇ. ਨੇ ਕੁੱਝ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਆਦਮੀ ਉਹ ਆਪ ਨਾ ਹੋਵੇ, ਜਿਸਦੇ ਵੱਲ ਤਿਤੋਰੇਲੀ ਇਸ਼ਾਰਾ ਕਰ ਰਿਹਾ ਸੀ। ਪਰ ਚਿੱਤਰਕਾਰ ਨੇ ਆਪਣੇ ਆਪ ਨੂੰ ਪਾਸੇ ਕਰ ਦੇਣ ਦੀ ਇਜਾਜ਼ਤ ਨਹੀਂ ਦਿੱਤੀ, ਉਸਨੇ ਕਿਹਾ, "ਤੇਰੇ ਕੇਸ ਵਿੱਚ ਉਦਾਹਰਨ ਦੇ ਲਈ, ਇਹ ਜਾਣਕੇ ਕਿ ਤੁਸੀਂ ਇੱਕ ਦਮ ਨਿਰਦੋਸ਼ ਹੋਂ, ਮੈਂ ਇਹ ਕਾਰਵਾਈ ਕਰਾਂਗਾ।" ਉਸਦੇ ਦੁਆਰਾ ਇਸ ਨਿਰਦੋਸ਼ਤਾ ਦਾ ਵਾਰ-ਵਾਰ ਗੱਲਬਾਤ ਵਿੱਚ ਲਿਆਇਆ ਜਾਣਾ ਕੇ. ਨੂੰ ਨਰਾਜ਼ ਕਰ ਰਿਹਾ ਸੀ। ਉਸਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕਿ, ਅਜਿਹੀ ਟਿੱਪਣੀ ਕਰਨ ਨਾਲ, ਚਿੱਤਰਕਾਰ ਉਸਦੀ ਸਹਾਇਤਾ ਕਰਨ ਦੇ ਲਈ ਕੋਈ ਸਫ਼ਲ ਨਤੀਜਾ ਲੱਭ ਰਿਹਾ ਹੋਵੇ, ਹਾਲਾਂਕਿ ਉਹ ਮਦਦ ਵਿਅਰਥ ਹੋਵੇਗੀ। ਇਹਨਾਂ ਸ਼ੱਕਾਂ ਦੇ ਬਾਵਜੂਦ ਵੀ ਕੇ. ਨੇ ਆਪਣੇ ਆਪ ਨੂੰ ਰੋਕੀ ਰੱਖਿਆ ਅਤੇ ਚਿੱਤਰਕਾਰ ਦੇ ਬੋਲਦੇ ਜਾਣ ਵਿੱਚ ਅੜਿੱਕਾ ਨਹੀਂ ਪਾਇਆ। ਉਹ ਤਿਤੋਰੇਲੀ ਦੀ ਸਹਾਇਤਾ ਨੂੰ ਨਕਾਰਨਾ ਨਹੀਂ ਚਾਹੁੰਦਾ ਸੀ, ਇਸ ਬਾਰੇ ਵਿੱਚ ਉਸਨੇ ਆਪਣਾ ਮਨ ਬਣਾ ਲਿਆ ਸੀ, ਅਤੇ ਫ਼ਿਰ ਉਸਦੀ ਮਦਦ ਵਕੀਲ ਦੀ ਮਦਦ ਤੋਂ ਵਧੇਰੇ ਗੁੱਝੀ ਨਹੀਂ ਲੱਗ ਰਹੀ ਸੀ। ਅਸਲ ਵਿੱਚ ਤਾਂ ਕੇ. ਨੇ ਇਸਨੂੰ ਬਿਹਤਰ ਮੰਨਿਆ, ਕਿਉਂਕਿ ਉਹ ਵਧੇਰੇ ਸਪੱਸ਼ਟਤਾ ਨਾਲ ਉਸਨੂੰ ਮਦਦ ਦਿੰਦਾ ਲੱਗ ਰਿਹਾ ਸੀ।

ਤਿਤੋਰੇਲੀ ਨੇ ਆਪਣੀ ਕੁਰਸੀ ਕੋਲ ਖਿੱਚ ਲਈ ਅਤੇ ਆਪਣੇ ਚਿਹਰੇ ਇੱਕ ਜੇਤੂ ਮੁਸਕਾਨ ਲੈ ਕੇ ਬੋਲਦਾ ਰਿਹਾ-"ਮੈਨੂੰ ਤਾਂ ਤੁਹਾਡੇ ਨਾਲ ਗੱਲਬਾਤ ਹੀ ਇਸ ਤਰ੍ਹਾਂ ਕਰਨੀ ਚਾਹੀਦੀ ਸੀ ਕਿ ਤੁਸੀਂ ਕਿਸ ਤਰ੍ਹਾਂ ਦੀ ਰਿਹਾਈ ਦੀ ਕਾਮਨਾ ਕਰਦੇ ਹੋਂ, ਵਿਖਾਈ ਦੇ ਵਾਲੀ ਰਿਹਾਈ ਜਾਂ ਉਸਦਾ ਅੱਗੇ ਟਾਲਿਆ ਜਾਣਾ। ਵੈਸੇ ਤਾਂ ਸੱਚਮੁੱਚ ਦੀ ਰਿਹਾਈ ਹੀ ਸਭ ਤੋਂ ਵਧੀਆ ਹੈ, ਪਰ ਉਸ ਤਰ੍ਹਾਂ ਦੇ ਫੈਸਲੇ ਨੂੰ ਦਵਾਏ ਜਾਣ ਦੇ ਪ੍ਰਤੀ ਮੇਰੇ ਕੋਲ ਕਤੱਈ ਪ੍ਰਭਾਵ ਨਹੀਂ ਹੈ। ਮੇਰੇ ਖ਼ਿਆਲ ਨਾਲ ਕੋਈ ਅਜਿਹਾ ਆਦਮੀ ਹੋ ਹੀ ਨਹੀ ਸਕਦਾ ਜਿਹੜਾ ਅਸਲ ਰਿਹਾਈ ਕਰਵਾਏ ਜਾਣ ਤੱਕ ਅਦਾਲਤ ਨੂੰ ਪ੍ਰਭਾਵਿਤ ਕਰ ਸਕੇ। ਉੱਥੇ ਤਾਂ ਫੈਸਲਾਕੁੰਨ ਪਹਿਲੂ ਆਰੋਪੀ ਦਾ ਨਿਰਦੋਸ਼ ਹੋਣਾ ਹੀ ਹੈ ਅਤੇ ਜਿਵੇਂ ਕਿ ਤੁਸੀਂ ਨਿਰਦੋਸ਼ ਹੋਂ, ਤਾਂ ਤੁਹਾਨੂੰ ਤਾਂ ਆਪਣੀ ਨਿਰਦੋਸ਼ਤਾ 'ਤੇ ਨਿਰਭਰ ਰਹਿਣਾ ਹੀ ਸੰਭਵ ਹੋਵੇਗਾ। ਪਰ ਫ਼ਿਰ ਤੁਹਾਨੂੰ ਮੇਰੇ ਤੋਂ ਜਾਂ ਕਿਸੇ ਹੋਰ ਤੋਂ ਮਦਦ ਲੈਣ ਦੀ ਲੋੜ ਹੀ ਨਹੀਂ ਹੋਵੇਗੀ।"

ਪਹਿਲਾਂ ਤਾਂ ਇਸ ਸਾਫ਼ ਗੱਲਬਾਤ ਨਾਲ ਕੇ. ਅੰਦਰ ਤੱਕ ਹਿੱਲ ਗਿਆ, ਪਰ ਫ਼ਿਰ ਉਹ ਓਨੀ ਸਪੱਸ਼ਟਤਾ ਨਾਲ ਬੋਲਿਆ ਜਿੰਨੀ ਨਾਲ ਚਿੱਤਰਕਾਰ ਬੋਲ ਰਿਹਾ ਸੀ-"ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕੱਟ ਰਹੇ ਹੋਂ।"

"ਉਹ ਕਿਵੇਂ?" ਤਿਤੋਰੇਲੀ ਮੁਸਕੁਰਾਉਂਦਾ ਹੋਏ ਪਿੱਛੇ ਵੱਲ ਝੁਕਿਆ ਅਤੇ ਸ਼ਾਂਤ ਭਾਵ ਨਾਲ ਬੋਲਿਆ।

ਇਸ ਮੁਸਕੁਰਾਹਟ ਨਾਲ ਕੇ. ਨੂੰ ਲੱਗਿਆ ਕਿ ਉਹ ਅਜਿਹੇ ਵਿਰੋਧੀ ਵਿਚਾਰਾਂ ਦੇ ਜਾਲ ਵਿੱਚ ਫਸ ਗਿਆ ਹੈ ਕਿ ਜਿੱਥੋਂ ਬਾਹਰ ਨਿਕਲਣਾ ਨਾਮੁਮਕਿਨ ਹੈ। ਨਾ ਸਿਰਫ਼ ਇਸ ਵਿੱਚ ਕਿ ਚਿੱਤਰਕਾਰ ਕੀ ਕਹਿ ਰਿਹਾ ਸੀ ਪਰ ਅਦਾਲਤ ਵਿੱਚ ਸੁਣਵਾਈ ਦੀ ਸਾਰੀ ਪ੍ਰਕਿਰਿਆ ਦੇ ਵਿੱਚ ਵੀ। ਪਰ ਉਹ ਇਸਤੋਂ ਨਿਰਾਸ਼ ਨਹੀ ਹੋਇਆ ਅਤੇ ਬੋਲਣ ਲੱਗਾ-"ਪਹਿਲਾਂ ਤਾਂ ਤੁਸੀਂ ਇਹ ਟਿੱਪਣੀ ਕੀਤੀ ਸੀ ਕਿ ਅਦਾਲਤ ਸਬੂਤਾਂ ਦੇ ਪ੍ਰਤੀ ਢੀਠ ਹੈ, ਫ਼ਿਰ ਤੁਸੀਂ ਇਸਦੇ ਨਾਲ ਇਹ ਸ਼ਰਤ ਜੋੜ ਦਿੱਤੀ ਕਿ ਅਜਿਹਾ ਸਿਰਫ਼ ਤਾਂ ਹੁੰਦਾ ਹੈ ਕਿ ਅਦਾਲਤ ਖੁੱਲ੍ਹੀ ਸੁਣਵਾਈ ਕਰ ਰਹੀ ਹੋਵੇ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਨਿਰਦੋਸ਼ ਆਦਮੀ ਨੂੰ ਅਦਾਲਤ ਵਿੱਚ ਕਿਸੇ ਮਦਦ ਦੀ ਲੋੜ ਨਹੀਂ ਹੈ। ਇਹ ਸਭ ਆਪਣੇ ਆਪ ਵਿੱਚ ਹੀ ਉਲਝਾਉਣ ਵਾਲਾ ਹੈ। ਇਸ ਤੋਂ ਵਧੇਰੇ ਤੁਸੀਂ ਇਹ ਕਿਹਾ ਸੀ ਕਿ ਜੱਜ ਲੋਕ ਵਿਅਕਤੀਗਤ ਸਿਫ਼ਾਰਸ਼ਾਂ ਨਾਲ ਮਨਾਏ ਜਾ ਸਕਦੇ ਹਨ, ਅਤੇ ਹੁਣ ਤੁਸੀਂ ਇਸਦਾ ਇਹ ਕਹਿਕੇ ਖੰਡਨ ਕਰ ਰਹੇ ਹੋਂ ਕਿ ਅਸਲ ਰਿਹਾਈ, ਜਿਵੇਂ ਕਿ ਤੁਸੀਂ ਇਸਨੂੰ ਪਰਿਭਾਸ਼ਿਤ ਕੀਤਾ ਸੀ, ਤਾਂ ਵਿਅਕਤੀਗਤ ਪ੍ਰਭਾਵਾਂ ਨਾਲ ਬਿਲਕੁਲ ਸੰਭਵ ਨਹੀਂ ਹੈ। ਇਹ ਤੁਹਾਡਾ ਇੱਕ ਹੋਰ ਵਿਰੋਧੀ ਵਿਚਾਰ ਹੈ।"

"ਇਹਨਾਂ ਉਲਝਣਾਂ ਦਾ ਸਿੱਧਾ ਸਾਦਾ ਸਪੱਸ਼ਟੀਕਰਨ ਸੰਭਵ ਹੈ, "ਚਿੱਤਰਕਾਰ ਨੇ ਕਿਹਾ, "ਅਸੀਂ ਇੱਥੇ ਦੋ ਵੱਖ-ਵੱਖ ਚੀਜ਼ਾਂ ਦੀ ਗੱਲ ਕਰ ਰਹੇ ਹਾਂ। ਇੱਕ ਤਾਂ ਇਹ ਕਿ ਕਾਨੂੰਨ ਨੇ ਕੀ ਵਿਵਸਥਾ ਕੀਤੀ ਹੈ ਅਤੇ ਦੂਜੀ ਗੱਲ ਇਹ ਹੈ ਕਿ ਮੈਂ ਆਪਣੇ ਵਿਅਕਤੀਗਤ ਤਜਰਬੇ ਤੋਂ ਕੀ ਹਾਸਲ ਕੀਤਾ ਹੈ, ਅਤੇ ਇਹਨਾਂ ਦੋਵਾਂ ਗੱਲਾਂ ਨੂੰ ਤੁਸੀਂ ਆਪਸ ਵਿੱਚ ਰੱਲਗਡ ਨਾ ਕਰੋ। ਕਾਨੂੰਨ, ਜਿਸਦੇ ਬਾਰੇ ਵਿੱਚ ਮੈਂ ਸਾਫ਼ ਕਹਿੰਦਾ ਹਾਂ ਕਿ ਮੈਂ ਨਹੀਂ ਪੜ੍ਹਿਆ ਹੈ, ਕੁਦਰਤੀ ਤੌਰ 'ਤੇ ਇਹ ਇੱਕ ਪਾਸੇ ਇਹ ਕਹਿੰਦਾ ਹੈ ਕਿ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਪਰ ਦੂਜੇ ਪਾਸੇ ਇਹ ਇਹ ਬਿਲਕੁਲ ਨਹੀਂ ਕਹਿੰਦਾ ਕਿ ਜੱਜਾਂ ਨੂੰ ਪ੍ਰਭਾਵਿਤ ਕੀਤਾ ਜਾਣਾ ਮੁਮਕਿਨ ਹੈ। ਹੁਣ, ਮੇਰੇ ਤਜ਼ਰਬਾ ਕਹਿੰਦਾ ਹੈ ਕਿ ਇਸਦਾ ਠੀਕ ਉਲਟ ਪ੍ਰਭਾਵ ਸਹੀ ਹੈ? ਮੈਂ ਅਸਲ ਰਿਹਾਈ ਦਾ ਇੱਕ ਵੀ ਮੁਕੱਦਮਾ ਨਹੀਂ ਵੇਖਿਆ ਹੈ, ਪਰ ਪ੍ਰਭਾਵ ਦੇ ਇਸਤੇਮਾਲ ਦੇ ਕਈ ਉਦਾਹਰਨ ਮੈਨੂੰ ਪਤਾ ਹਨ। ਭਾਵੇਂ ਇਹ ਸੰਭਵ ਹੈ ਕਿ ਉਹਨਾਂ ਸਭ ਕੇਸਾਂ ਵਿੱਚ ਮੈਨੂੰ ਪਤਾ ਰਿਹਾ ਹੋਵੇ ਆਰੋਪੀ ਨਿਰਦੋਸ਼ ਨਾ ਹੋਣ? ਇੱਕ ਬੱਚੇ ਦੇ ਰੂਪ ਵਿੱਚ ਮੈਂ ਆਪਣੇ ਪਿਤਾ ਦੇ ਮੁਕੱਦਮੇ ਦੇ ਬਾਰੇ ਵਿੱਚ ਧਿਆਨ ਨਾਲ ਸੁਣਿਆ ਕਰਦਾ ਸੀ, ਅਤੇ ਇੱਥੋਂ ਤੱਕ ਕਿ ਜੱਜ ਲੋਕ ਜਿਹੜੇ ਸਟੂਡੀਓ ਵਿੱਚ ਆਉਂਦੇ ਸਨ, ਅਦਾਲਤ ਦੀਆਂ ਕਈ ਕਹਾਣੀਆਂ ਸੁਣਾਇਆ ਕਰਦੇ ਸਨ ਕਿਉਂਕਿ ਸਾਡੇ ਇਸ ਖੇਤਰ ਵਿੱਚ ਕੋਈ ਵੀ ਇਸਦੇ ਇਲਾਵਾ ਕੋਈ ਦੂਜੀ ਗੱਲ ਨਹੀਂ ਕਰਦਾ। ਜਿਵੇਂ ਹੀ ਮੈਨੂੰ ਅਦਾਲਤ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਵੀ ਹਰ ਮੌਕੇ 'ਤੇ ਉਹੀ ਕਰਨ ਲੱਗਿਆ। ਮੈਂ ਤਰਸਯੋਗ ਹਾਲਤ ਪਹੁੰਚੇ ਕਈ ਅਣਗਿਣਤ ਮੁਕੱਦਮਿਆਂ ਦੇ ਬਾਰੇ ਸੁਣਿਆ ਹੈ। ਅਤੇ ਜਿੱਥੋਂ ਤੱਕ ਉਹ ਜਨਤਾ ਦੇ ਲਈ ਖੁੱਲ੍ਹੇ ਸਨ, ਉਹਨਾਂ ਦੀ ਸੁਣਵਾਈ ਉੱਪਰ ਹੀ ਗੌਰ ਕੀਤਾ ਹੈ, ਅਤੇ ਮੈਨੂੰ ਇਹ ਹਰ ਹਾਲਤ ਮੰਨਣਾ ਚਾਹੀਦਾ ਹੈ ਕਿ ਮੈਂ ਤਾਂ ਅਸਲ ਰਿਹਾਈ ਦਾ ਕੋਈ ਮੁਕੱਦਮਾ ਅੱਜ ਤੱਕ ਵੇਖਿਆ ਨਹੀਂ?"

"ਤਾਂ ਅਸਲ ਰਿਹਾਈ ਇੱਕ ਵੀ ਨਹੀਂ," ਕੇ. ਨੇ ਕਿਹਾ, ਜਿਵੇਂ ਉਹ ਖ਼ੁਦ ਨੂੰ ਹੀ ਕਹਿ ਰਿਹਾ ਹੋਵੇ ਜਾਂ ਫ਼ਿਰ ਆਪਣੀਆਂ ਉਮੀਦਾਂ ਨੂੰ। "ਅਦਾਲਤ ਦੇ ਬਾਰੇ ਵਿੱਚ ਮੇਰਾ ਜੋ ਵਿਚਾਰ ਬਣਿਆ ਸੀ ਇਹ ਉਸਦੀ ਪੁਸ਼ਟੀ ਕਰਦਾ ਹੈ। ਇਸ ਨਜ਼ਰੀਏ ਤੋਂ ਵੀ ਇਹ ਇੱਕ ਅਰਥਹੀਣ ਸੰਸਥਾ ਹੈ। ਸਾਰੀ ਦੀ ਸਾਰੀ ਇਸ ਵਿਵਸਥਾ ਦਾ ਕੰਮ ਤਾਂ ਇੱਕ ਜੱਲਾਦ ਹੀ ਪੂਰਾ ਕਰ ਸਕਦਾ ਹੈ।"

"ਤੁਹਾਨੂੰ ਇਸਦਾ ਸਧਾਰਨੀਕਰਨ ਨਹੀਂ ਕਰਨਾ ਚਾਹੀਦਾ, "ਚਿੱਤਰਕਾਰ ਨੇ ਥੋੜ੍ਹਾ ਨਰਾਜ਼ ਹੋ ਕੇ ਕਿਹਾ, "ਮੈਂ ਤਾਂ ਸਿਰਫ਼ ਆਪਣੇ ਵਿਅਕਤੀਗਤ ਤਜਰਬੇ ਦੀ ਗੱਲ ਕਰ ਰਿਹਾ ਹਾਂ।"

"ਤਾਂ ਫ਼ਿਰ ਇਹ ਕਾਫ਼ੀ ਹੈ।" ਇਹ ਕਰਿ ਕੇ ਕੇ. ਨੇ ਪੁੱਛਿਆ, "ਜਾਂ ਫ਼ਿਰ ਤੁਸੀਂ ਪਹਿਲਾਂ ਹੋਈ ਕਿਸੇ ਰਿਹਾਈ ਬਾਰੇ ਸੁਣਿਆ ਹੈ?"

"ਅਜਿਹੀਆਂ ਰਿਹਾਈਆਂ ਦੀ ਗੱਲ ਤਾਂ ਕੀਤੀ ਜਾਂਦੀ ਹੈ," ਚਿੱਤਰਕਾਰ ਨੇ ਜਵਾਬ ਦਿੱਤਾ, "ਇਸਨੂੰ ਸਿੱਧ ਕਰਨਾ ਤਾਂ ਮੁਸ਼ਕਿਲ ਹੈ। ਅਦਾਲਤ ਦਾ ਆਖ਼ਰੀ ਹੁਕਮ ਪ੍ਰਕਾਸ਼ਿਤ ਨਹੀਂ ਹੁੰਦਾ ਹੈ, ਇਹ ਤਾਂ ਜੱਜਾਂ ਦੇ ਕੋਲ ਵੀ ਨਹੀਂ ਹੁੰਦਾ, ਅਤੇ ਇਸ ਤਰ੍ਹਾਂ, ਪੁਰਾਣੇ ਕਾਨੂੰਨੀ ਕੇਸਾਂ ਵਿੱਚੋਂ ਪਰੰਪਰਾਵਾਂ ਹੀ ਸਾਡੇ ਕੋਲ ਪੁੱਜੀਆਂ ਹਨ। ਇਹਨਾਂ ਵਿੱਚ ਜ਼ਰੂਰ ਹੀ ਕੁੱਝ ਵਿੱਚ ਅਸਲ ਰਿਹਾਈਆਂ ਵੀ ਰਹੀਆਂ ਹੋਣਗੀਆਂ, ਅਜਿਹੀਆਂ ਪਰੰਪਰਾਵਾਂ ਤਾਂ ਦਰਅਸਲ ਜ਼ਿਆਦਾ ਹਨ, ਉਹਨਾਂ 'ਤੇ ਵਿਸ਼ਵਾਸ ਤਾਂ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਫ਼ਿਰ ਵੀ ਉਹਨਾਂ ਨੂੰ ਇੱਕ ਦਮ ਨਕਾਰਿਆ ਨਹੀਂ ਜਾ ਸਕਦਾ, ਉਹਨਾਂ ਵਿੱਚ ਕਿਸੇ ਹੱਦ ਤੱਕ ਤਾਂ ਜ਼ਰੂਰ ਹੀ ਸੱਚਾਈ ਹੁੰਦੀ ਹੈ, ਅਤੇ ਇਹ ਬਹੁਤ ਸੁੰਦਰ ਵੀ ਹੁੰਦੀ ਹੈ। ਅਜਿਹੀਆਂ ਪਰੰਪਰਾਵਾਂ ਉੱਪਰ ਮੈਂ ਕਈ ਚਿੱਤਰ ਬਣਾਏ ਹਨ।"

"ਆਪਣਾ ਵਿਚਾਰ ਬਦਲਣ ਲਈ ਮੈਨੂੰ ਇਹਨਾਂ ਪਰੰਪਰਾਵਾਂ ਤੋਂ ਅੱਗੇ ਨਿਕਲਣਾ ਪਵੇਗਾ," ਕੇ. ਨੇ ਕਿਹਾ, "ਅਤੇ ਫ਼ਿਰ ਅਦਾਲਤ ਵਿੱਚ ਆਪਣੇ ਪੱਖ ਵਿੱਚ ਅਜਿਹੀਆਂ ਪਰੰਪਰਾਵਾਂ ਦਾ ਹਵਾਲਾ ਤਾਂ ਨਹੀਂ ਦਿੱਤਾ ਜਾ ਸਕਦਾ। ਕਿ ਦਿੱਤਾ ਜਾ ਸਕਦਾ ਹੈ?"

ਚਿੱਤਰਕਾਰ ਹੱਸਿਆ, "ਨਹੀਂ," ਉਸਨੇ ਕਿਹਾ, "ਅਜਿਹਾ ਨਹੀਂ ਹੋ ਸਕਦਾ।"

"ਤਾਂ ਇਸ 'ਤੇ ਬਹਿਸ ਕਰਨਾ ਬੇਕਾਰ ਹੈ," ਕੇ. ਨੇ ਕਿਹਾ। ਇਸ ਸਮੇਂ ਦੇ ਲਈ ਉਹ ਤਿਤੋਰੇਲੀ ਦੇ ਕੋਲ ਕਿਸੇ ਵੀ ਵਿਚਾਰ ਨੂੰ ਮੰਨ ਲੈਣ ਦੇ ਲਈ ਤਿਆਰ ਸੀ, ਚਾਹੇ ਉਸਨੂੰ ਇਹ ਦੂਰ ਦੀ ਕੌੜੀ ਹੀ ਲੱਗ ਰਹੇ ਸਨ ਅਤੇ ਦੂਜੀਆਂ ਰਿਪੋਰਟਾਂ ਨੇ ਉਹਨਾਂ ਦਾ ਖੰਡਨ ਵੀ ਕਰ ਦਿੱਤਾ ਸੀ। ਚਿੱਤਰਕਾਰ ਨੇ ਅਜੇ ਤੱਕ ਜੋ ਵੀ ਕਿਹਾ ਸੀ, ਉਸਦੀ ਸੱਚਾਈ ਨੂੰ ਪਰਖਣ ਲਈ ਇਸ ਵੇਲੇ ਉਸ ਕੋਲ ਸਮਾਂ ਨਹੀਂ ਸੀ। ਫ਼ਿਰ ਭਲਾਂ ਬਹਿਸ ਕੀ ਕੀਤੀ ਜਾਂਦੀ। ਜ਼ਿਆਦਾ ਤੋਂ ਜ਼ਿਆਦਾ ਉਹ ਚਿੱਤਰਕਾਰ ਨੂੰ ਕਿਸੇ ਤਰ੍ਹਾਂ ਆਪਣੀ ਸਹਾਇਤਾ ਲਈ ਰਾਜ਼ੀ ਕਰ ਸਕਦਾ ਸੀ, ਚਾਹੇ ਇਹ ਸਹਾਇਤਾ ਫੈਸਲਾਕੁੰਨ ਨਾ ਵੀ ਹੁੰਦੀ। ਇਸ ਲਈ ਉਸਨੇ ਕਿਹਾ, "ਤਾਂ ਠੀਕ ਹੈ, ਅਸੀਂ ਇਸ ਬਹਿਸ ਵਿੱਚੋਂ ਅਸਲ ਰਿਹਾਈ ਨੂੰ ਅਲੱਗ ਕਰ ਦਿੰਦੇ ਹਾਂ, ਪਰ ਤੁਸੀਂ ਇਸ ਤੋਂ ਇਲਾਵਾ ਵੀ ਦੋ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਸੀ।"

"ਵਿਖਾਈ ਦੇ ਸਕਣ ਵਾਲੀ ਰਿਹਾਈ ਅਤੇ ਉਸਦਾ ਨਿਰੰਤਰ ਅੱਗੇ ਕੀਤਾ ਜਾਣਾ। ਇਹਨਾਂ ਵਿੱਚੋਂ ਕੋਈ ਇੱਕ," ਚਿੱਤਰਕਾਰ ਬੋਲਿਆ, "ਪਰ ਇਸਤੋਂ ਪਹਿਲਾਂ ਕਿ ਅਸੀਂ ਇਸ 'ਤੇ ਗੱਲ ਸ਼ੁਰੂ ਕਰੀਏ, ਤੁਸੀਂ ਆਪਣੀ ਜੈਕੇਟ ਉਤਾਰ ਦੇਣੀ ਪਸੰਦ ਨਹੀਂ ਕਰੋਂਗੇ? ਤੁਹਾਨੂੰ ਗਰਮੀ ਲੱਗ ਰਹੀ ਹੋਵੇਗੀ।"

"ਹਾਂ," ਕੇ. ਨੇ ਕਿਹਾ। ਅਜੇ ਤੱਕ ਉਹ ਉਹੀ ਸੋਚ ਰਿਹਾ ਸੀ ਜਿਸ ਬਾਰੇ ਚਿੱਤਰਕਾਰ ਸਪੱਸ਼ਟੀਕਰਨ ਦਿੱਤੀ ਜਾ ਰਿਹਾ ਸੀ, ਪਰ ਹੁਣ ਉਸਨੂੰ ਗਰਮੀ ਦੀ ਯਾਦ ਦਵਾ ਦਿੱਤੀ ਗਈ ਸੀ, ਇਸਲਈ ਉਸਦੇ ਮੱਥੇ 'ਤੇ ਕੁੱਝ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ ਸਨ। "ਇਹ ਤਾਂ ਬਰਦਾਸ਼ਤ ਤੋਂ ਬਾਹਰ ਹੈ।"

ਚਿੱਤਰਕਾਰ ਨੇ ਸਿਰ ਹਿਲਾਇਆ, ਜਿਵੇਂ ਉਹ ਕੇ. ਦੀ ਬੇਚੈਨੀ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੋਵੇ।

"ਕੀ ਅਸੀਂ ਇਸ ਖਿੜਕੀ ਨੂੰ ਨਹੀਂ ਖੋਲ੍ਹ ਸਕਦੇ?" ਕੇ. ਨੇ ਪੁੱਛਿਆ।

"ਨਹੀਂ," ਚਿੱਤਰਕਾਰ ਨੇ ਕਿਹਾ, "ਇਹ ਨਹੀਂ ਖੁੱਲ੍ਹੇਗੀ। ਇਹ ਸ਼ੀਸ਼ਾ ਹੈ ਜਿਸਨੂੰ ਪੱਕੇ ਤੌਰ ਤੇ ਜੜ ਦਿੱਤਾ ਗਿਆ ਹੈ।" ਹੁਣ ਕੇ. ਨੂੰ ਪਤਾ ਲੱਗਿਆ ਕਿ ਇਸ ਪੂਰੇ ਸਮੇਂ ਵਿੱਚ ਉਹ ਇਸੇ ਉਮੀਦ ਵਿੱਚ ਸੀ ਕਿ ਉਹ ਆਪ ਜਾਂ ਚਿੱਤਰਕਾਰ ਅਚਾਨਕ ਉੱਠ ਕੇ ਜਾਵੇਗਾ ਅਤੇ ਖਿੜਕੀ ਨੂੰ ਖੋਲ੍ਹ ਦੇਵੇਗਾ। ਖੁੱਲ੍ਹੀ ਹਵਾ ਵਿੱਚ ਇੱਧਰ ਬੰਦ ਹੋਣ ਦਾ ਅਹਿਸਾਸ ਉਸਨੂੰ ਇਕਦਮ ਆਲਸੀ ਕਰ ਰਿਹਾ ਸੀ। ਉਸਨੇ ਆਪਣੇ ਕੋਲ ਪਈ ਰਜਾਈ ਨੂੰ ਹੌਲ਼ੀ ਜਿਹੇ ਥਪਥਪਾ ਦਿੱਤਾ ਅਤੇ ਕਮਜ਼ੋਰ ਜਿਹੀ ਆਵਾਜ਼ ਵਿੱਚ ਬੋਲਿਆ- "ਇਹ ਬਹੁਤ ਆਰਾਮਦੇਹ ਜਾਂ ਸਿਹਤ-ਵਧਾਊ ਨਹੀਂ ਹੈ।"

"ਓਹ ਨਹੀਂ, ਤਿਤੋਰੇਲੀ ਨੇ ਆਪਣੀ ਖਿੜਕੀ ਦਾ ਪੱਖ ਲੈਂਦੇ ਹੋਏ ਕਿਹਾ, "ਹਾਲਾਂਕਿ ਇਹ ਇੱਕੋ-ਇੱਕ ਖਿੜਕੀ ਹੈ, ਪਰ ਕਿਉਂਕਿ ਇਹ ਖੁੱਲ੍ਹ ਨਹੀਂ ਸਕਦੀ ਇਸ ਲਈ ਦੂਹਰੀ ਹੋਣ 'ਤੇ ਵੀ ਇਹ ਜਿੰਨਾ ਗਰਮੀ ਨੂੰ ਰੋਕਦੀ, ਉਸਤੋਂ ਵਧੇਰੇ ਹੀ ਰੋਕ ਲੈਂਦੀ ਹੈ। ਪਰ ਜੇਕਰ ਮੈਂ ਹਵਾ ਨੂੰ ਕਮਰੇ ਵਿੱਚ ਲਿਆਉਣਾ ਚਾਹਾਂ ਤਾਂ ਮੈਂ ਇੱਕ ਜਾਂ ਦੋਵਾਂ ਬੂਹਿਆਂ ਨੂੰ ਖੋਲ੍ਹ ਸਕਦਾ ਹਾਂ, ਵੈਸੇ ਇਹ ਵਧੇਰੇ ਜ਼ਰੂਰੀ ਨਹੀਂ ਹੈ, ਕਿਉਂਕਿ ਸਾਰੀਆਂ ਚੀਥਾਂ ਵਿੱਚੋਂ ਹਵਾ ਤਾਂ ਅੰਦਰ ਆ ਹੀ ਜਾਂਦੀ ਹੈ।" ਉਸਦੇ ਸਪੱਸ਼ਟੀਕਰਨ ਤੋਂ ਰਤਾ ਆਸਵੰਦ ਹੋ ਕੇ ਕੇ. ਨੇ ਦੂਜੇ ਬੂਹੇ ਨੂੰ ਲੱਭਣ ਲਈ ਕਮਰੇ ਦੇ ਆਰ-ਪਾਰ ਨਜ਼ਰ ਮਾਰੀ। ਤਿਤੋਰੇਲੀ ਨੇ ਇਹ ਵੇਖ ਕੇ ਕਿਹਾ, "ਇਹ ਤੁਹਾਡੇ ਪਿਛਲੇ ਪਾਸੇ ਹੈ। ਮੈਨੂੰ ਇਸਦੇ ਸਾਹਮਣੇ ਹੀ ਬਿਸਤਰਾ ਲਾਉਣਾ ਪਿਆ।" ਅਤੇ ਹੁਣ ਕੇ. ਛੋਟੇ ਜਿਹੇ ਬੂਹੇ ਨੂੰ ਵੇਖ ਸਕਿਆ ਸੀ।

"ਸਟੂਡੀਓ ਦੇ ਲਿਹਾਜ ਨਾਲ ਇੱਥੇ ਹਰੇਕ ਚੀਜ਼ ਕਾਫ਼ੀ ਛੋਟੀ ਹੈ," ਚਿੱਤਰਕਾਰ ਨੇ ਕਿਹਾ, ਕਿਉਂਕਿ ਉਹ ਕੇ. ਦੀ ਆਲੋਚਨਾ ਨੂੰ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੁੰਦਾ ਸੀ। "ਮੈਂ ਆਪਣੇ ਆਪ ਦੇ ਲਈ ਇੱਥੇ ਅਜਿਹਾ ਪ੍ਰਬੰਧ ਕਰਨਾ ਹੈ ਜਿਸ ਨਾਲ ਮੈਂ ਬਿਹਤਰ ਢੰਗ ਨਾਲ ਆਪਣਾ ਕੰਮ ਕਰ ਸਕਾਂ। ਬੇਸ਼ੱਕ ਉਸ ਬੂਹੇ ਦੇ ਸਾਹਮਣੇ ਬੈਂਡ ਦੇ ਲਈ ਇਹ ਢੁੱਕਵੀ ਜਗ੍ਹਾ ਨਹੀਂ ਹੈ। ਉਦਾਹਰਨ ਦੇ ਲਈ ਦੇ ਲਈ, ਜੱਜ ਜਿਸਦੀ ਮੈਂ ਪੇਂਟਿੰਗ ਬਣਾ ਰਿਹਾ ਹਾਂ, ਹਮੇਸ਼ਾ ਬਿਸਤਰੇ ਦੇ ਕੋਲ ਵਾਲੇ ਇਸ ਬੂਹੇ ਤੋਂ ਹੀ ਅੰਦਰ ਆਉਂਦਾ ਹੈ ਅਤੇ ਮੈਂ ਉਸਨੂੰ ਇਸ ਬੂਹੇ ਦੀ ਚਾਬੀ ਵੀ ਦਿੱਤੀ ਹੋਈ ਹੈ ਤਾਂ ਕਿ ਜੇਕਰ ਕਦੇ ਮੈਂ ਇੱਥੇ ਨਾ ਵੀ ਹੋਵਾਂ ਤਾਂ ਉਹ ਮੇਰੀ ਉਡੀਕ ਕਰ ਸਕੇ। ਪਰ ਕਿਉਂਕਿ ਉਹ ਆਮ ਤੌਰ 'ਤੇ ਬਹੁਤ ਸਵੇਰੇ ਹੀ ਆ ਜਾਂਦਾ ਹੈ, ਜਦੋਂ ਮੈਂ ਸੌਂ ਰਿਹਾ ਹੁੰਦਾ ਹਾਂ, ਇਸ ਲਈ ਬਿਸਤਰੇ ਦੇ ਕੋਲੋਂ ਜਦੋਂ ਵੀ ਬੂਹਾ ਖੁੱਲ੍ਹਦਾ ਹੈ, ਮੈਂ ਜਾਗ ਜਾਂਦਾ ਹਾਂ ਚਾਹੇ ਮੈਂ ਕਿੰਨੀ ਵੀ ਗੂੜ੍ਹੀ ਨੀਂਦ ਵਿੱਚ ਕਿਉਂ ਨਾ ਹੋਵਾਂ। ਤੁਹਾਡੇ ਦਿਲ ਵਿੱਚ ਜੱਜਾਂ ਦੇ ਪ੍ਰਤੀ ਜੋ ਵੀ ਸਨਮਾਨ ਹੈ ਉਸਨੂੰ ਤੁਸੀਂ ਗੁਆ ਲਓਂਗੇ ਜੇਕਰ ਤੁਸੀਂ ਸੁਣ ਲਓ ਕਿ ਮੈਂ ਉਸਨੂੰ ਕਿਸ ਤਰ੍ਹਾਂ ਗਾਲ੍ਹਾਂ ਕੱਢਦਾ ਹਾਂ ਜਦੋਂ ਉਹ ਬਹੁਤ ਸਵੇਰੇ ਹੀ ਮੇਰੇ ਬੈੱਡ ’ਤੇ ਚੜ੍ਹ ਆਉਂਦਾ ਹੈ। ਇਹ ਸਹੀ ਹੈ ਕਿ ਮੈਂ ਉਸਤੋਂ ਚਾਬੀ ਵਾਪਿਸ ਲੈ ਸਕਦਾ ਹਾਂ, ਪਰ ਉਸ ਨਾਲ ਚੀਜ਼ਾਂ ਹੋਰ ਖ਼ਰਾਬ ਹੋ ਜਾਣਗੀਆਂ ਕਿਉਂਕਿ ਇੱਥੋਂ ਦੇ ਸਾਰੇ ਬੂਹਿਆਂ ਨੂੰ ਬੜੀ ਹੀ ਥੋੜ੍ਹੀ ਮਿਹਨਤ ਨਾਲ ਤੋੜਿਆ ਜਾ ਸਕਦਾ ਹੈ।" ਚਿੱਤਰਕਾਰ ਦੀ ਇਸ ਪੂਰੀ ਗੱਲਬਾਤ ਦੇ ਦੌਰਾਨ ਕੇ. ਇਹੀ ਸੋਚ ਰਿਹਾ ਸੀ ਕਿ ਕੀ ਉਹ ਆਪਣੀ ਜੈਕੇਟ ਲਾਹ ਦੇਵੇ? ਅਤੇ ਉਸਨੇ ਮਹਿਸੂਸ ਕੀਤਾ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਜ਼ਿਆਦਾ ਦੇਰ ਉਹ ਇੱਥੇ ਠਹਿਰ ਨਹੀਂ ਸਕੇਗਾ। ਉਸਨੇ ਉਸਨੂੰ ਲਾਹ ਦਿੱਤਾ ਅਤੇ ਆਪਣੇ ਗੋਡਿਆਂ 'ਤੇ ਰੱਖ ਲਿਆ। ਜਦੋਂ ਉਹਨਾਂ ਦੀ ਗੱਲਬਾਤ ਖ਼ਤਮ ਹੋ ਗਈ ਤਾਂ ਉਸਨੇ ਛੇਤੀ ਨਾਲ ਉਸਨੂੰ ਫ਼ਿਰ ਪਾ ਲਿਆ। ਅਜੇ ਉਸਨੇ ਇਸਨੂੰ ਉਤਾਰਿਆ ਹੀ ਸੀ ਕਿ ਇੱਕ ਕੁੜੀ ਚੀਕ ਪਈ ਸੀ, "ਹੁਣ ਉਸਨੇ ਆਪਣੀ ਜੈਕੇਟ ਉਤਾਰ ਦਿੱਤੀ ਹੈ" ਹੁਣ ਉਸਨੇ ਆਪਣੀ ਜੈਕੇਟ ਉਤਾਰ ਦਿੱਤੀ ਹੈ!" ਅਤੇ ਬੂਹੇ ਦੇ ਕੋਲ ਚੀਥਾਂ ਵਿੱਚੋਂ ਉਹ ਇਸ ਦ੍ਰਿਸ਼ ਨੂੰ ਵੇਖਦੀਆਂ ਹੋਈਆਂ ਸੁਣੀਆਂ ਜਾ ਸਕਦੀਆਂ ਸਨ।

"ਹੁਣ ਤੁਸੀਂ ਇਹ ਸਮਝ ਲਓ ਕਿ ਕੁੜੀਆਂ ਹੁਣ ਸੋਚ ਰਹੀਆਂ ਹਨ ਕਿ ਮੈਂ ਤੁਹਾਡਾ ਚਿੱਤਰ ਬਣਾਉਣ ਲੱਗਾ ਹਾਂ," ਚਿੱਤਰਕਾਰ ਨੇ ਕਿਹਾ, "ਅਤੇ ਤਾਂ ਹੀ ਤੁਸੀਂ ਆਪਣੀ ਜੈਕੇਟ ਉਤਾਰ ਦਿੱਤੀ ਹੈ।"

"ਅੱਛਾ, ਕੇ. ਨੇ ਜਵਾਬ ਦਿੱਤਾ। ਉਹ ਖੁਸ਼ ਨਹੀਂ ਹੋਇਆ ਕਿਉਂਕਿ ਆਪਣੀ ਪਹਿਲੀ ਹਾਲਤ ਦੀ ਤੁਲਨਾ ਵਿੱਚ ਉਹ ਵਧੇਰੇ ਵਧੀਆ ਮਹਿਸੂਸ ਨਹੀਂ ਕਰ ਰਿਹਾ ਸੀ, ਹਾਲਾਂਕਿ ਹੁਣ ਉਹ ਆਪਣੀ ਬਾਹਾਂ ਵਾਲੀ ਕਮੀਜ਼ 'ਚ ਬੈਠਾ ਸੀ। ਕੁੱਝ ਉਦਾਸੀਨਤਾ ਨਾਲ ਉਸਨੇ ਪੁੱਛਿਆ, "ਤੁਸੀਂ ਕੀ ਕਹਿ ਰਹੇ ਸੀ ਕਿ ਬਾਕੀ ਦੋ ਸੰਭਾਵਨਾਵਾਂ ਕੀ ਹਨ?" ਉਹ ਹੁਣ ਤੱਕ ਸ਼ਰਤਾਂ ਭੁੱਲ ਚੁੱਕਾ ਸੀ।

"ਵਿਖਾਈ ਦੇ ਸਕਣ ਵਾਲੀ ਰਿਹਾਈ ਜਾਂ ਉਸਦਾ ਅੱਗੇ ਵਧਾਇਆ ਜਾਣਾ," ਚਿੱਤਰਕਾਰ ਨੇ ਜਵਾਬ ਦਿੱਤਾ, "ਇਹ ਤਾਂ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਸ ਨੂੰ ਚੁਣਦੇ ਹੋਂ। ਮੇਰੀ ਸਹਾਇਤਾ ਨਾਲ ਤੁਸੀਂ ਜੋ ਵੀ ਚਾਹੋਂਗੇ ਹਾਸਲ ਕਰ ਸਕਦੇ ਹੋਂ। ਹਾਲਾਂਕਿ ਇਸ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਤਾਂ ਰਹੇਗੀ ਹੀ ਅਤੇ ਜਦੋਂ ਇਸਦਾ ਜ਼ਿਕਰ ਆਉਂਦਾ ਹੈ ਕਿ ਇਹਨਾਂ ਦੋਵਾਂ ਵਿੱਚੋਂ ਕਿਸ ਨੂੰ ਚੁਣਿਆ ਜਾਵੇ, ਤਾਂ ਖ਼ਾਸ ਫ਼ਰਕ ਇਹ ਹੈ ਕਿ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਦੇ ਲਈ ਬਹੁਤ ਹੀ ਵਧੇਰੇ ਕੋਸ਼ਿਸ਼ਾਂ ਦੀ ਲੋੜ ਹੋਵੇਗੀ, ਜਦੋਂ ਇਸਨੂੰ ਅੱਗੇ ਵਧਾਏ ਜਾਣ ਦੇ ਲਈ ਕਾਫ਼ੀ ਘੱਟ ਮਿਹਨਤ ਦੀ ਲੋੜ ਹੋਵੇਗੀ, ਪਰ ਇਹ ਲਗਾਤਾਰ ਵਧਦਾ ਜਾਵੇਗਾ? ਆਓ, ਪਹਿਲਾਂ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਬਾਰੇ ਵਿਚਾਰ ਕਰਦੇ ਹਾਂ। ਜੇ ਤੁਸੀਂ ਇਹ ਚਾਹੁੰਦੇ ਹੋਂ ਤਾਂ ਮੈਂ ਤੁਹਾਡੇ ਨਿਰਦੋਸ਼ ਹੋਣ ਦਾ ਦਾਅਵਾ ਇੱਕ ਖ਼ਾਲੀ ਕਾਗ਼ਜ਼ ਉੱਪਰ ਲਿਖ ਦਿੰਦਾ ਹਾਂ। ਇਸ ਦਾਅਵੇ ਦਾ ਪਾਠ ਮੈਨੂੰ ਮੇਰੇ ਪਿਤਾ ਨੇ ਦਿੱਤਾ ਸੀ ਅਤੇ ਇਸਨੂੰ ਖ਼ਾਰਿਜ ਨਹੀਂ ਕੀਤਾ ਜਾ ਸਕਦਾ। ਫ਼ਿਰ ਮੈਂ ਇਸ ਦਾਅਵੇ ਵਿੱਚ ਉਹਨਾਂ-ਉਹਨਾਂ ਜੱਜਾਂ ਦੇ ਚੱਕਰ ਲਗਾਵਾਂਗਾ ਜਿਹਨਾਂ ਨੂੰ ਮੈਂ ਜਾਣਦਾ ਹਾਂ। ਇਸ ਲਈ ਇਸ ਸਮੇਂ ਮੈਂ ਜਿਸ ਜੱਜ ਦਾ ਚਿੱਤਰ ਬਣਾ ਰਿਹਾ ਹਾਂ, ਪਹਿਲਾਂ ਮੈਂ ਉਸੇ ਕੋਲ ਜਾਵਾਂਗਾ। ਸ਼ਾਇਦ ਅੱਜ ਸ਼ਾਮ ਨੂੰ ਤਾਂ ਉਹ ਇੱਧਰ ਆਵੇਗਾ ਹੀ, ਉਦੋਂ ਹੀ ਮੈਂ ਇਹ ਉਸਨੂੰ ਵਿਖਾ ਦੇਵਾਂ? ਮੈਂ ਉਸਦੇ ਸਾਹਮਣੇ ਦਾਅਵੇ ਨੂੰ ਰੱਖ ਕੇ ਸਪੱਸ਼ਟ ਕਰ ਦੇਵਾਂਗਾ ਕਿ ਤੁਸੀਂ ਇੱਕ ਦਮ ਨਿਰਦੋਸ਼ ਹੋਂ ਅਤੇ ਆਪਣੇ ਵੱਲੋਂ ਗਰੰਟੀ ਦੇਣ ਦੀ ਕੋਸ਼ਿਸ਼ ਕਰਾਂਗਾ। ਅਤੇ ਇਹ ਸਿਰਫ਼ ਵਿਖਾਵੇ ਦੀ ਗਰੰਟੀ ਹੀ ਨਹੀਂ ਹੋਵੇਗੀ, ਇਸ ਅਸਲ ਹੋਵੇਗੀ ਅਤੇ ਇੱਕ ਕਾਰਨਾਮੇ ਦੇ ਵਾਂਗ ਹੋਵੇਗੀ।" ਚਿੱਤਰਕਾਰ ਦੀਆਂ ਅੱਖਾਂ ਵਿੱਚ ਤਿਰਸਕਾਰ ਜਿਹੀ ਕੋਈ ਭਾਵਨਾ ਸੀ ਕਿ ਕੇ. ਉਸ ਉੱਪਰ ਇਸ ਤਰ੍ਹਾਂ ਦਾ ਬੋਝ ਪਾਉਣਾ ਚਾਹੁੰਦਾ ਸੀ। "ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ," ਕੇ. ਨੇ ਕਿਹਾ, "ਅਤੇ ਕੀ ਫ਼ਿਰ ਜੱਜ ਤੁਹਾਡੇ 'ਤੇ ਯਕੀਨ ਕਰ ਲਵੇਗਾ ਅਤੇ ਮੈਨੂੰ ਅਸਲ ਰਿਹਾਈ ਮਿਲ ਜਾਵੇਗੀ?"

"ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਮੈਂ ਕਿਹਾ ਹੈ, "ਚਿੱਤਰਕਾਰ ਨੇ ਜਵਾਬ ਦਿੱਤਾ, "ਅਤੇ ਇਹ ਪੱਕਾ ਵੀ ਨਹੀਂ ਹੈ ਕਿ ਸਾਰੇ ਜੱਜ ਮੇਰੇ 'ਤੇ ਯਕੀਨ ਕਰ ਲੈਣ, ਉਹਨਾਂ ਵਿੱਚੋਂ ਕੁੱਝ ਤੁਹਾਨੂੰ ਆਪ ਮਿਲਣ ਲਈ ਕਹਿਣ। ਇਸ ਕਰਕੇ ਤੁਹਾਨੂੰ ਮੇਰੇ ਨਾਲ ਚੱਲ ਕੇ ਉਹਨਾਂ ਨੂੰ ਮਿਲਣਾ ਵੀ ਪਵੇਗਾ। ਪਰ ਜੇ ਇਸ ਤਰ੍ਹਾਂ ਹੋਇਆ ਤਾਂ ਸਮਝ ਲਓ ਕਿ ਆਪਾਂ ਅੱਧੀ ਜੰਗ ਜਿੱਤ ਲਈ ਹੈ ਅਤੇ ਬੇਸ਼ੱਕ ਮੈਂ ਤੁਹਾਨੂੰ ਦੱਸਾਂਗਾ ਕਿ ਜੱਜ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ। ਇਹ ਵੀ ਹੋ ਸਕਦਾ ਹੈ ਕਿ ਕੁੱਝ ਜੱਜ ਮੇਰੀ ਗੱਲ ਨਾ ਮੰਨਣ ਅਤੇ ਇਹ ਬਹੁਤ ਬੁਰਾ ਹੈ। ਮੈਂ ਜ਼ਰੂਰ ਹੀ ਬਹੁਤ ਕੋਸ਼ਿਸ਼ਾਂ ਕਰਾਂਗਾ ਪਰ ਫ਼ਿਰ ਵੀ ਸਾਨੂੰ ਉਹਨਾਂ ਨੂੰ ਭੁੱਲਣਾ ਪਵੇਗਾ। ਪਰ ਫ਼ਿਰ ਵੀ ਅਸੀਂ ਇੰਨਾ ਤਾਂ ਕਰ ਹੀ ਸਕਦੇ ਹਾਂ ਕਿ ਜੱਜ ਆਪਣਾ ਆਖ਼ਰੀ ਫ਼ੈਸਲਾ ਨਾ ਸੁਣਾਵੇ। ਫ਼ਿਰ ਜਦੋਂ ਮੈਂ ਇਸ ਦਸਤਾਵੇਜ਼ ਉੱਪਰ ਕਾਫ਼ੀ ਜੱਜਾਂ ਦੇ ਹਸਤਾਖ਼ਰ ਲੈ ਲਏ ਤਾਂ ਮੈਂ ਇਸਨੂੰ ਉਸ ਜੱਜ ਕੋਲ ਲੈ ਕੇ ਜਾਵਾਂਗਾ ਜਿਸਦੇ ਕੋਲ ਤੇਰਾ ਕੇਸ ਹੋਇਆ। ਉਸਦਾ ਹਸਤਾਖ਼ਰ ਪਹਿਲਾਂ ਹੀ ਮੇਰੇ ਕੋਲ ਹੋ ਸਕਦਾ ਹੈ, ਜਿਸ ਨਾਲ ਇਸ ਕੇਸ ਦੀ ਗਤੀ ਆਮ ਨਾਲੋਂ ਵਧੇਰੇ ਤੇਜ਼ ਹੋ ਜਾਵੇਗੀ। ਆਮ ਤੌਰ 'ਤੇ ਉਸ ਪਿੱਛੋਂ ਕੇਸ ਵਿੱਚ ਬਹੁਤੀ ਰੁਕਾਵਟ ਨਹੀਂ ਆਉਂਦੀ ਅਤੇ ਇਹੀ ਸਮਾਂ ਹੁੰਦਾ ਹੈ ਜਦੋਂ ਆਰੋਪੀ ਸਭ ਤੋਂ ਵੱਧ ਆਸਵੰਦ ਹੁੰਦਾ ਹੈ। ਇਹ ਸੁਣਨ ਵਿੱਚ ਅਜੀਬ ਹੈ ਪਰ ਆਰੋਪੀ ਇਸ ਸਮੇਂ ਆਪਣੀ ਰਿਹਾਈ ਹੋਣ ਤੋਂ ਵੀ ਵੱਧ ਖੁਸ਼ ਹੁੰਦੇ ਹਨ। ਅਤੇ ਹੁਣ ਤੁਹਾਨੂੰ ਕੋਈ ਖ਼ਾਸ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬਿਆਨ ਵਿੱਚ ਕਿਉਂਕਿ ਉਸ ਜੱਜ ਦੇ ਕਈ ਸਾਥੀਆਂ ਦੇ ਹਸਤਾਖ਼ਰ ਹੋਣਗੇ, ਇਸ ਲਈ ਉਹ ਖੁੱਲ੍ਹ ਦਿਮਾਗ ਨਾਲ ਰਿਹਾਈ ਦਾ ਹੁਕਮ ਦੇ ਸਕਦਾ ਹੈ, ਅਤੇ ਕੁਦਰਤੀ ਤੌਰ 'ਤੇ ਉਸ ਨੂੰ ਬਹੁਤ ਸਾਰੀਆਂ ਰਸਮਾਂ ਵੀ ਨਿਭਾਵੇਗਾ, ਤਾਂ ਬੇਸ਼ੱਕ ਉਹ ਮੈਨੂੰ ਖੁਸ਼ ਕਰਨ ਦੇ ਲਈ ਅਜਿਹਾ ਜ਼ਰੂਰ ਕਰੇਗਾ ਅਤੇ ਆਪਣੇ ਬਾਕੀ ਜਾਣਨ ਵਾਲਿਆਂ ਨੂੰ ਵੀ। ਪਰ ਫ਼ਿਰ ਤੁਸੀਂ ਅਦਾਲਤ ਤੋਂ ਇੱਕ ਆਜ਼ਾਦ ਵਿਅਕਤੀ ਦੀ ਤਰ੍ਹਾਂ ਬਾਹਰ ਆ ਸਕਦੇ ਹੋਂ।"

"ਇਸ ਲਈ ਹੁਣ ਮੈਂ ਆਜ਼ਾਦ ਹਾਂ," ਕੇ. ਨੇ ਕੁੱਝ ਝਿਝਜਦੇ ਹੋਏ ਕਿਹਾ।

"ਹਾਂ," ਚਿੱਤਰਕਾਰ ਬੋਲਿਆ, "ਵਿਖਾਈ ਦਿੱਤੀ ਜਾ ਸਕਣ ਵਾਲੀ ਆਜ਼ਾਦੀ ਜਾਂ ਦੂਜੇ ਬਿਹਤਰ ਢੰਗ ਨਾਲ ਕਿਹਾ ਜਾਵੇ ਤਾਂ ਅਸਥਾਈ ਤੌਰ 'ਤੇ ਸੁਤੰਤਰ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਜਾਣਨ ਵਾਲੇ ਜੱਜ ਸਭ ਤੋਂ ਹੇਠਲੇ ਤਬਕੇ ਦੇ ਹਨ ਅਤੇ ਪੂਰੀ ਤਰ੍ਹਾਂ ਛੱਡ ਦੇਣ ਦੇ ਲਈ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ। ਸਭ ਤੋਂ ਵੱਡੀ ਅਦਾਲਤ ਜਿੱਥੇ ਨਾ ਤਾਂ ਤੁਹਾਡੀ ਪਹੁੰਚ ਹੈ ਅਤੇ ਨਾ ਹੀ ਮੇਰੀ ਅਤੇ ਨਾ ਹੀ ਕਿਸੇ ਹੋਰ ਦੀ, ਹੀ ਇਹ ਕਰ ਸਕਦੀ ਹੈ। ਉੱਥੇ ਕੀ ਸੰਭਾਵਨਾਵਾਂ ਹਨ, ਅਸੀਂ ਨਹੀਂ ਜਾਣਦੇ ਅਤੇ ਮੈਂ ਇਹ ਵੀ ਕਹਿ ਰਿਹਾ ਹਾਂ ਕਿ ਅਸੀਂ ਉਹਨਾਂ ਨੂੰ ਜਾਣਨਾ ਵੀ ਨਹੀਂ ਚਾਹੁੰਦੇ। ਇਸ ਲਈ ਸਾਨੂੰ ਜਾਣਨ ਵਾਲੇ ਜੱਜਾਂ ਦੇ ਕੋਲ ਇਹ ਸਨਮਾਨਯੋਗ ਅਧਿਕਾਰ ਨਹੀਂ ਹੈ ਕਿ ਉਹ ਮੁੱਦਈ ਨੂੰ ਆਜ਼ਾਦ ਕਰ ਦੇਣ, ਪਰ ਦੋਸ਼ਾਂ ਤੋਂ ਮੁਕਤ ਕਰ ਦੇਣ ਦਾ ਅਧਿਕਾਰ ਤਾਂ ਉਹਨਾਂ ਕੋਲ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਦੋਸ਼ਾਂ ਤੋਂ ਤੁਹਾਨੂੰ ਇਸ ਤਰ੍ਹਾਂ ਬਰੀ ਕਰ ਦਿੱਤਾ ਗਿਆ ਅਤੇ ਖਿਣ ਭਰ ਦੇ ਲਈ ਮੰਨ ਲਓ ਦੋਸ਼ ਖਾਰਿਜ ਕਰ ਦਿੱਤੇ ਗਏ ਹਨ, ਪਰ ਤਾਂ ਵੀ ਉਹਨਾਂ ਦੀ ਤਲਵਾਰ ਤਾਂ ਤੁਹਾਡੇ ਸਿਰ ਉੱਪਰ ਲਟਕਦੀ ਰਹੇਗੀ, ਜਦੋਂ ਤੱਕ ਉੱਪਰੋਂ ਹੁਕਮ ਆਉਣ ਦਾ ਸਿਲਸਿਲਾ ਬਰਕਰਾਰ ਰਹੇਗਾ, ਕਿਉਂਕਿ ਦੋਸ਼ ਇੱਕ ਵਾਰ ਫ਼ਿਰ ਅਰਥਭਰਪੂਰ ਹੋ ਜਾਣਗੇ। ਹੁਣ ਜਿਵੇਂ ਕਿ ਅਦਾਲਤ ਦੇ ਨਾਲ ਮੇਰੇ ਆਪਣੇ ਸਬੰਧ ਹਨ, ਤਾਂ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਕਿਵੇਂ ਅਦਾਲਤ ਨੂੰ ਚਲਾਉਣ ਵਾਲੇ ਕਾਨੂੰਨ ਬਾਹਰੀ ਤੌਰ 'ਤੇ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਅਤੇ ਅਸਲ ਰਿਹਾਈ ਵਿੱਚ ਫ਼ਰਕ ਵਿਖਾਉਂਦੇ ਹਨ। ਅਸਲ ਰਿਹਾਈ ਵਿੱਚ ਦੋਸ਼ ਪੱਤਰ ਬਿਲਕੁਲ ਖ਼ਤਮ ਕਰ ਦਿੱਤੇ ਜਾਂਦੇ ਹਨ ਅਤੇ ਕਾਰਵਾਈ ਨਾਲ ਕਾਗ਼ਜ਼ਾਂ ਦੇ ਉਸ ਪੁਲਿੰਦੇ ਦਾ ਕੋਈ ਸਬੰਧ ਨਹੀਂ ਰਹਿੰਦਾ, ਮੁਕੱਦਮਾ ਵੀ ਇਸੇ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਅਤੇ ਹਰ ਚੀਜ਼ ਨੂੰ ਖ਼ਤਮ ਮੰਨ ਕੇ ਮੁੱਦਈ ਨੂੰ ਸੁਤੰਤਰ ਕਰ ਦਿੱਤਾ ਜਾਂਦਾ ਹੈ। ਪਰ ਵਿਖਾਈ ਦੇ ਸਕਣ ਵਾਲੀ ਰਿਹਾਈ ਦੇ ਨਾਲ ਇੱਕ ਦਮ ਅਲੱਗ ਹੁੰਦਾ ਹੈ। ਪੂਰੇ ਕਾਗ਼ਜ਼ੀ ਰਿਕਾਰਡ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਬਿਨਾਂ ਇਸਦੇ ਕਿ ਇਸ ਵਿੱਚ ਨਿਰਦੋਸ਼ ਹੋਣ ਦਾ ਬਿਆਨ ਜੋੜ ਦਿੱਤਾ ਜਾਂਦਾ ਹੈ। ਇਸਦੇ ਨਾਲ ਛੱਡੇ ਜਾਣ ਦਾ ਬਿਆਨ ਅਤੇ ਇਸਦਾ ਕਾਰਨ ਵੀ। ਪਰ ਬਾਕੀ ਸਭ ਤਰ੍ਹਾਂ ਨਾਲ, ਜਿਵੇਂ ਕਿ ਅਦਾਲਤ ਦਾ ਰੂਟੀਨ ਹੈ, ਇਹ ਪੂਰਾ ਰਿਕਾਰਡ ਕੰਮਕਾਜ ਵਿੱਚ ਦਰਜ ਹੁੰਦਾ ਹੈ। ਇਸਨੂੰ ਉੱਪਰੀ ਅਦਾਲਤ ਵਿੱਚ ਭੇਜ ਦਿੱਤਾ ਜਾਂਦਾ ਹੈ, ਫ਼ਿਰ ਇਹ ਹੇਠਲੀਆਂ ਅਦਾਲਤਾਂ ਵਿੱਚ ਚਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਉੱਪਰ ਹੇਠਾਂ ਚੱਲਦਾ ਰਹਿੰਦਾ ਹੈ। ਇਸ ਵਿੱਚ ਕਦੇ ਥੋੜ੍ਹੇ ਅਤੇ ਕਦੇ ਬਹੁਤੇ ਅੰਤਰਾਲ ਜਾਂ ਝਟਕੇ ਲੱਗਦੇ ਰਹਿੰਦੇ ਹਨ। ਇਹਨਾਂ ਨੂੰ ਮਾਪਿਆ ਨਹੀਂ ਜਾ ਸਕਦਾ? ਬਾਹਰੀ ਤੌਰ 'ਤੇ ਕਈ ਵਾਰ ਅਜਿਹਾ ਲੱਗ ਸਕਦਾ ਹੈ ਕਿ ਜਿਵੇਂ ਹਰ ਚੀਜ਼ ਭੁਲਾਈ ਜਾ ਚੁੱਕੀ ਹੋਵੇ, ਰਿਕਾਰਡ ਗੁੰਮ ਹੋ ਗਿਆ ਹੋਵੇ ਅਤੇ ਅਸਲ ਪੂਰਨ ਰਿਹਾਈ ਹੋ ਚੁੱਕੀ ਹੋਵੇ। ਕੋਈ ਵੀ ਜਿਹੜਾ ਅਦਾਲਤ ਤੋਂ ਜਾਣੂ ਨਹੀਂ ਹੈ, ਉਹ ਅਜਿਹਾ ਮੰਨ ਹੀ ਲੈਂਦਾ ਹੈ। ਪਰ ਕੋਈ ਵੀ ਕਾਗ਼ਜ਼ ਖ਼ਤਮ ਨਹੀਂ ਹੁੰਦਾ, ਅਤੇ ਅਦਾਲਤ ਵਿੱਚ ਭੁੱਲਣ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਕਿਸੇ ਦਿਨ ਜਿਵੇਂ ਬੱਦਲਾਂ ਵਿੱਚ ਅਚਾਨਕ ਬਿਜਲੀ ਚਮਕ ਆਉਂਦੀ ਹੈ, ਉਸੇ ਤਰ੍ਹਾਂ ਕੋਈ ਜੱਜ ਉਸ ਰਿਕਾਰਡ ਵਿੱਚ ਨਿਗ੍ਹਾ ਮਾਰ ਲੈਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਦੋਸ਼ੀ ਅਜੇ ਤੱਕ ਸੁਤੰਤਰ ਘੁੰਮ ਰਿਹਾ ਹੈ ਅਤੇ ਫ਼ੌਰਨ ਗਿਰਫ਼ਤਾਰੀ ਦਾ ਹੁਕਮ ਦੇ ਦਿੰਦਾ ਹੈ। ਮੈਂ ਇਹ ਮੰਨ ਕੇ ਚੱਲ ਰਿਹਾ ਹਾਂ ਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਅਤੇ ਉਸ ਪਿੱਛੋਂ ਹੁਣ ਵਾਲੀ ਗਿਰਫ਼ਤਾਰੀ ਦੇ ਵਿਚਕਾਰ ਕਾਫ਼ੀ ਸਮਾਂ ਹੁੰਦਾ ਹੈ। ਅਤੇ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕੋਈ ਵਿਅਕਤੀ ਬਰੀ ਹੋ ਕੇ ਘਰ ਜਾਂਦਾ ਹੈ ਪਰ ਅੱਗੇ ਉਸਨੂੰ ਗਿਰਫ਼ਤਾਰ ਕਰਨ ਵਾਲੇ ਬੈਠੇ ਹੁੰਦੇ ਹਨ। ਅਤੇ ਫ਼ਿਰ ਉਸਦਾ ਸੁਤੰਤਰ ਜੀਵਨ ਖ਼ਤਮ ਹੋ ਜਾਂਦਾ ਹੈ।"

"ਅਤੇ ਮੁਕੱਦਮਾ ਇੱਕ ਵਾਰ ਫ਼ਿਰ ਚੱਲਦਾ ਹੈ?" ਕੇ. ਨੇ ਇਕਦਮ ਬੇਯਕੀਨੀ ਨਾਲ ਪੁੱਛਿਆ।

"ਬਿਲਕੁਲ," ਚਿੱਤਰਕਾਰ ਨੇ ਜਵਾਬ ਦਿੱਤਾ, "ਮੁੱਕਦਮਾ ਫ਼ਿਰ ਚੱਲਦਾ ਹੈ। ਪਰ ਇੱਕ ਵਾਰ ਫ਼ਿਰ ਉਸ ਵਿੱਚ ਮੌਕਾ ਹੈ, ਜਿਵੇਂ ਕਿ ਪਹਿਲਾਂ ਵੀ ਸੀ, ਕਿ ਉਸ ਵਿੱਚ ਇੱਕ ਵਿਖਾਈ ਦੇ ਸਕਣ ਵਾਲੀ ਰਿਹਾਈ ਮਿਲ ਜਾਵੇ। ਇੱਕ ਵਾਰ ਫ਼ਿਰ ਮੁੱਦਈ ਨੂੰ ਆਪ ਆਪਣੇ ਹਾਲ ਤੇ ਛੁੱਟਣ ਦੇ ਬਜਾਏ ਲੜਨ ਦੇ ਲਈ ਤਿਆਰ ਹੋਣਾ ਪੈਂਦਾ ਹੈ। ਚਿੱਤਰਕਾਰ ਨੇ ਇਹ ਸ਼ਾਇਦ ਇਸਲਈ ਕਹਿ ਦਿੱਤਾ ਕਿਉਂਕਿ ਕੇ. ਉਸਨੂੰ ਥੋੜ੍ਹਾ ਹਤਾਸ਼ ਵਿਖਾਈ ਦੇ ਰਿਹਾ ਸੀ।

"ਪਰ," ਕੇ. ਨੇ ਕੁੱਝ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਚਿੱਤਰਕਾਰ ਨੂੰ ਉਸ ਦੁਆਰਾ ਦਿੱਤੀਆਂ ਜਾਣ ਵਾਲੀਆਂ ਇਹਨਾਂ ਜਾਣਕਾਰੀਆਂ ਤੋਂ ਉਸਨੂੰ ਰੋਕਣਾ ਚਾਹੁੰਦਾ ਹੋਵੇ, "ਕੀ ਦੂਜੀ ਰਿਹਾਈ ਹਾਸਲ ਕਰਨਾ ਪਹਿਲੀ ਰਿਹਾਈ ਤੋਂ ਵਧੇਰੇ ਔਖੀ ਨਹੀਂ ਹੈ?"

"ਇਸ 'ਤੇ ਪੱਕੇ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ," ਚਿੱਤਰਕਾਰ ਨੇ ਜਵਾਬ ਦਿੱਤਾ, "ਮੈਂ ਤੁਹਾਡਾ ਮਤਲਬ ਸਮਝ ਚੁੱਕਾ ਹਾਂ ਕਿ ਦੋਸ਼ੀ ਦੇ ਖਿਲਾਫ਼ ਉਸਦੀ ਦੂਜੀ ਗਿਰਫ਼ਤਾਰੀ ਜੱਜਾਂ ਦੇ ਦਿਮਾਗ ਵਿੱਚ ਉਲਟ ਅਸਰ ਪਾ ਸਕਦੀ ਹੈ। ਪਰ ਇਹ ਗੱਲ ਨਹੀਂ ਹੈ ਜਿਵੇਂ ਜੱਜ ਲੋਕ ਰਿਹਾਈ ਦਾ ਹੁਕਮ ਦੇ ਰਹੇ ਹੁੰਦੇ ਹਨ ਤਾਂ ਉਹਨਾਂ ਦੇ ਦਿਮਾਗ ਨੂੰ ਉਸਦੀ ਮੁੜ ਗਿਰਫ਼ਤਾਰੀ ਦਾ ਪਤਾ ਹੁੰਦਾ ਹੈ। ਇਸ ਲਈ ਇੱਕ ਵਾਰ ਫ਼ਿਰ ਗਿਰਫ਼ਤਾਰ ਹੋਣ ਦੇ ਤੱਥ ਦੀ ਸੰਭਾਵਨਾ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਪਰ ਦੂਜੇ ਅਣਗਿਣਤ ਕਾਰਨਾਂ ਨਾਲ ਜੱਜਾਂ ਦਾ ਮੂਡ ਅਤੇ ਉਹਨਾਂ ਦੀ ਕਾਨੂੰਨੀ ਸਲਾਹ ਬਦਲ ਸਕਦੀ ਹੈ, ਅਤੇ ਇਸ ਲਈ ਦੂਜੀ ਰਿਹਾਈ ਹਾਸਲ ਕਰ ਸਕਣਾ ਬਦਲੇ ਮਾਹੌਲ ਉੱਪਰ ਹੀ ਨਿਰਭਰ ਕਰਦਾ ਹੈ ਅਤੇ ਆਮ ਤੌਰ ਤੇ ਇਸਤੇ ਓਨੀ ਹੀ ਮਿਹਨਤ ਲੱਗੇਗੀ ਜਿੰਨੀ ਕਿ ਪਹਿਲੀ ਰਿਹਾਈ ਦੇ ਵੇਲੇ ਲੱਗੀ ਸੀ।"

"ਪਰ ਇਹ ਦੂਜੀ ਰਿਹਾਈ ਵੀ ਆਖ਼ਰੀ ਤਾਂ ਨਹੀਂ ਹੈ," ਹਤਾਸ਼ਾ ਨਾਲ ਆਪਣਾ ਚਿਹਰਾ ਦੂਜੇ ਪਾਸੇ ਘੁਮਾਉਂਦੇ ਹੋਏ ਕੇ. ਨੇ ਕਿਹਾ।

"ਬੇਸ਼ੱਕ ਨਹੀ," ਚਿੱਤਰਕਾਰ ਨੇ ਜਵਾਬ ਦਿੱਤਾ- "ਦੂਜੀ ਰਿਹਾਈ ਦੇ ਪਿੱਛੋਂ ਤੀਜੀ ਗਿਰਫ਼ਤਾਰੀ ਵੀ ਹੋਵੇਗੀ, ਤੀਜੀ ਰਿਹਾਈ ਤੇ ਚੌਥੀ ਗਿਰਫ਼ਤਾਰੀ ਅਤੇ ਇਸੇ ਤਰ੍ਹਾਂ ਅੱਗੇ ਚੱਲਦਾ ਰਹੇਗਾ। ਵਿਖਾਈ ਦਿੱਤੀ ਜਾਣ ਵਾਲੀ ਹਰੇਕ ਰਿਹਾਈ ਦਾ ਇਹੀ ਤਾਂ ਦਸਤੂਰ ਹੈ।" ਕੇ. ਚੁੱਪ ਰਿਹਾ। "ਤਾਂ ਇਸ ਤਰ੍ਹਾਂ ਦੀ ਰਿਹਾਈ ਤੁਹਾਨੂੰ ਵਧੇਰੇ ਲਾਭਦਾਇਕ ਨਹੀਂ ਲੱਗ ਰਹੀ ਹੋਵੇਗੀ," ਚਿੱਤਰਕਾਰ ਨੇ ਕਿਹਾ-"ਸ਼ਾਇਦ ਮੁਕੱਦਮੇ ਨੂੰ ਅੱਗੇ ਟਾਲਿਆ ਜਾਣਾ ਤੁਹਾਡੇ ਲਈ ਵਧੇਰੇ ਠੀਕ ਹੋਵੇਗਾ। ਕੀ ਇਸ ਬਾਰੇ ਵਿੱਚ ਮੈਂ ਕੋਈ ਚਾਨਣਾ ਪਾਵਾਂ?"

ਕੇ. ਨੇ ਸਿਰ ਹਿਲਾਇਆ। ਚਿੱਤਰਕਾਰ ਆਰਾਮ ਨਾਲ ਕੁਰਸੀ ਤੇ ਝੁਕ ਗਿਆ, ਉਸਦੀ ਕਮੀਜ਼ ਇਕਦਮ ਖੁੱਲ੍ਹੀ ਸੀ ਅਤੇ ਉਸਨੇ ਆਪ ਇੱਕ ਹੱਥ ਉਸਦੇ ਹੇਠਾਂ ਪਾਇਆ ਹੋਇਆ ਸੀ ਅਤੇ ਉਹ ਆਪਣੀ ਛਾਤੀ ਅਤੇ ਹੱਡੀਆਂ 'ਤੇ ਉਸਨੂੰ ਫੇਰ ਰਿਹਾ ਸੀ।

"ਅੱਗੇ ਟਾਲਿਆ ਜਾਣਾ..." ਤਿਤੋਰੇਲੀ ਨੇ ਕਿਹਾ, ਅਤੇ ਕੁੱਝ ਪਲਾਂ ਦੇ ਲਈ ਸਿੱਧੀ ਨਿਗ੍ਹਾ ਨਾਲ ਵੇਖਦਾ ਰਿਹਾ ਜਿਵੇਂ ਕੋਈ ਬਿਲਕੁਲ ਸਾਫ਼ ਸਪੱਸ਼ਟੀਕਰਨ ਦੇਣ ਦੇ ਲਈ ਸ਼ਬਦ ਲੱਭ ਰਿਹਾ ਹੋਵੇ, "ਇਸਦਾ ਇੱਕ ਜ਼ਰੂਰੀ ਹਿੱਸਾ ਇਹ ਹੈ ਕਿ ਇੱਕ ਮੁਕੱਦਮੇ ਨੂੰ ਆਪਣੀ ਸ਼ੁਰੂਆਤੀ ਦਿਸ਼ਾ ਤੋਂ ਅੱਗੇ ਵਧਣ ਤੋਂ ਰੋਕਦੀ ਹੈ। ਇਸਨੂੰ ਹਾਸਲ ਕਰਨ ਮੁੱਦਈ ਅਤੇ ਬਾਕੀ ਜੋ ਵੀ ਉਸਦੀ ਮਦਦ ਕਰ ਰਹੇ ਹਨ, ਨੂੰ ਅਦਾਲਤ ਦੇ ਨਾਲ ਵਿਅਕਤੀਗਤ ਪੱਧਰ ਤੇ ਸਬੰਧ ਬਣਾਈ ਰੱਖਣਾ ਪਵੇਗਾ। ਮੈਂ ਇੱਕ ਵਾਰ ਫ਼ਿਰ ਜ਼ੋਰ ਦੇ ਕੇ ਕਹਿਣਾ ਚਾਹਵਾਂਗਾ ਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਦੀ ਤੁਲਨਾ ਵਿੱਚ ਇੱਥੇ ਵਧੇਰੇ ਮਿਹਨਤ ਕਰਨ ਦੀ ਲੋੜ ਨਹੀਂ ਹੈ, ਪਰ ਇਸਦੇ ਲਈ ਉਸਤੋਂ ਕਿਤੇ ਜ਼ਿਆਦਾ ਸਾਵਧਾਨੀ ਦੀ ਲੋੜ ਹੈ। ਤੁਹਾਨੂੰ ਖਿਣ ਭਰ ਦੇ ਲਈ ਵੀ ਮੁਕੱਦਮੇ ਦੇ ਬਾਰੇ ਵਿੱਚ ਆਪਣੀ ਯਾਦ ਨੂੰ ਗਵਾਉਣਾ ਨਹੀਂ ਹੋਵੇਗਾ, ਤੁਸੀਂ ਠੀਕ ਸਮੇਂ ਤੇ ਠੀਕ ਜੱਜ ਦੇ ਕੋਲ ਜਾਂਦੇ ਰਹੋਂਗੇ, ਅਤੇ ਜਦੋਂ ਵੀ ਅਜਿਹਾ ਕੁੱਝ ਇਸਦੇ ਵਿਰੋਧ ਵਿੱਚ ਪੈਦਾ ਹੋਵੇ, ਤਾਂ ਤੁਹਾਨੂੰ ਹਰ ਸੰਭਵ ਕੋਸ਼ਿਸ਼ ਨਾਲ ਉਸਨੂੰ ਆਪਣੇ ਵੱਲ ਕੀਤੇ ਰੱਖਣਾ ਹੋਵੇਗਾ। ਜੇਕਰ ਤੁਸੀਂ ਉਸ ਜੱਜ ਨੂੰ ਵਿਅਕਤੀਗਤ ਤੌਰ 'ਤੇ ਨਾ ਵੀ ਜਾਣਦੇ ਹੋਵੋਂ ਤਾਂ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸਨੂੰ ਦੂਜੇ ਜਾਣਨ ਵਾਲੇ ਜੱਜ ਦੇ ਮਾਧਿਅਮ ਨਾਲ ਪ੍ਰਭਾਵਿਤ ਕਰੋਂ, ਪਰ ਇਸਦਾ ਅਰਥ ਇਹ ਬਿਲਕੁਲ ਨਹੀਂ ਹੋਵੇਗਾ ਕਿ ਤੁਸੀਂ ਉਸਦੇ ਨਾਲ ਸਿੱਧਾ ਸੰਵਾਦ ਛੱਡ ਹੀ ਦੇਵੋਂ। ਜੇਕਰ ਇਹਨਾਂ ਵਿੱਚੋਂ ਤੁਸੀਂ ਕੁੱਝ ਵੀ ਨਾ ਭੁਲਾਇਆ ਤਾਂ ਤੁਸੀਂ ਕਿਸੇ ਹੱਦ ਤੱਕ ਕਲਪਨਾ ਕਰ ਸਕਦੇ ਹੋਂ ਕਿ ਮੁਕੱਦਮਾ ਤੁਹਾਡੀ ਸ਼ੁਰੂਆਤੀ ਸਥਿਤੀਆਂ ਤੋਂ ਅੱਗੇ ਨਹੀਂ ਵਧੇਗਾ। ਮੰਨਿਆ ਕਿ ਇਹ ਖ਼ਤਮ ਨਹੀਂ ਹੋਵੇਗਾ, ਪਰ ਆਰੋਪੀ ਸਜ਼ਾ ਤੋਂ ਲੱਗਭਗ ਉਸੇ ਤਰ੍ਹਾਂ ਬਚਿਆ ਰਹੇਗਾ ਜਿਵੇਂ ਕਿ ਪਹਿਲਾਂ ਉਹ ਸੁਤੰਤਰ ਹੈ। ਵਿਖਾਈ ਦੇ ਸਕਣ ਵਾਲੀ ਰਿਹਾਈ ਵਿੱਚ ਇਸਦਾ ਅੱਗੇ ਟਾਲੇ ਜਾਣ ਦਾ ਇਹ ਫ਼ਾਇਦਾ ਹੈ ਕਿ ਆਰੋਪੀ ਦਾ ਭਵਿੱਖ ਇਸ ਵਿੱਚ ਘੱਟ ਧੁੰਦਲਾ ਹੈ, ਉਹ ਅਚਾਨਕ ਗਿਰਫ਼ਤਾਰ ਹੋਣ ਦੇ ਡਰ ਤੋਂ ਬਚਿਆ ਰਹੇਗਾ ਅਤੇ ਮੁੜ ਬੋਝ ਹੇਠਾਂ ਦਬੇ ਰਹਿਣ ਦੀ ਸ਼ੰਕਾ ਤੋਂ ਮੁਕਤ ਹੋਵੇਗਾ ਹੀ- ਸ਼ਾਇਦ ਉਸ ਸਮੇਂ ਤੱਕ ਉਸਦੇ ਦੁਨਿਆਵੀ ਕਾਰੋਬਾਰ ਇਸਨੂੰ ਉਸਦੇ ਲਈ ਵਧੇਰੇ ਆਰਾਮਦੇਹ ਬਣਾ ਦੇਣਗੇ- ਵਿਖਾਈ ਦਿੱਤੀ ਜਾ ਸਕਣ ਵਾਲੀ ਰਿਹਾਈ ਵਿੱਚ ਕੀਤੀ ਗਈ ਮਿਹਨਤ ਅਤੇ ਧ੍ਰੋਹ ਤੋਂ ਬਿਲਕੁਲ ਉਲਟ। ਹਾਲਾਂਕਿ ਟਾਲੇ ਜਾਣ ਨਾਲ ਆਰੋਪੀ ਨੂੰ ਕੁੱਝ ਨੁਕਸਾਨ ਵੀ ਹਨ, ਅਤੇ ਇਹਨਾਂ ਨੂੰ ਘੱਟ ਸਮਝਣਾ ਵੀ ਠੀਕ ਨਹੀਂ ਹੋਵੇਗਾ। ਇਹ ਕਹਿੰਦੇ ਹੋਏ ਮੈਂ ਉਸ ਤੱਥ ਤੇ ਗੌਰ ਨਹੀਂ ਕਰ ਰਿਹਾ ਹਾਂ ਕਿ ਮੁੱਦਈ ਕਦੇ ਵੀ ਸੁਤੰਤਰ ਨਹੀਂ ਹੋਵੇਗਾ, ਕਿਉਂਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਵਿੱਚ ਵੀ ਉਹ ਸਹੀ ਅਰਥਾਂ ਵਿੱਚ ਸੁਤੰਤਰ ਨਹੀਂ ਹੈ। ਇੱਕ ਹੋਰ ਨੁਕਸਾਨ ਵੀ ਹੈ। ਮੁਕੱਦਮਾ ਹਮੇਸ਼ਾ ਉੱਥੇ ਖੜਾ ਤਾਂ ਨਹੀਂ ਰਹੇਗਾ, ਜਦੋਂ ਤੱਕ ਅਜਿਹਾ ਕਰਨ ਦੇ ਸਪੱਸ਼ਟ ਕਾਰਨ ਨਾ ਹੋਣ। ਮੁੱਕਦਮੇ ਵਿੱਚ ਕੁੱਝ ਹੁੰਦੇ ਰਹਿਣਾ ਵਿਖਾਈ ਦੇਣਾ ਵੀ ਜ਼ਰੂਰੀ ਹੈ। ਸਮੇਂ-ਸਮੇਂ ਤੇ ਇਸਲਈ ਕੁੱਝ ਨਿਰਦੇਸ਼ ਦਿੱਤੇ ਜਾਣਾ ਜ਼ਰੂਰੀ ਹੈ। ਮੁੱਦਈ ਤੋਂ ਪੁੱਛਗਿੱਛ ਅਤੇ ਜਾਂਚ-ਪੜਤਾਲ ਆਦਿ ਜਾਰੀ ਰਹਿਣਾ ਜ਼ਰੂਰੀ ਹੈ। ਇਸ ਤਰ੍ਹਾਂ ਜਿਸ ਛੋਟੇ ਜਿਹੇ ਘੇਰੇ ਵਿੱਚ ਮੁਕੱਦਮੇ ਨੂੰ ਅਸੁਭਾਵਿਕ ਤੌਰ 'ਤੇ ਰੋਕਿਆ ਗਿਆ ਹੋਵੇ, ਉੱਥੇ ਉਸਦਾ ਤੁਰਦੇ ਰਹਿਣਾ ਅਤਿ-ਜ਼ਰੂਰੀ ਹੈ। ਹਾਲਾਂਕਿ ਮੁੱਦਈ ਨੂੰ ਇਸਤੋਂ ਕੁੱਝ ਮੁਸ਼ਕਿਲ ਤਾਂ ਹੋਵੇਗੀ। ਪਰ ਤੁਸੀਂ ਇਹ ਨਾ ਸੋਚੋ ਕਿ ਇਹ ਸਭ ਬਿਲਕੁਲ ਖ਼ਰਾਬ ਚੀਜ਼ ਹੀ ਹੈ। ਇਹ ਸਭ ਇੱਕ ਵਿਖਾਵਾ ਹੈ। ਉਦਾਹਰਨ ਲਈ ਸੁਣਵਾਈ ਬਹੁਤ ਥੋੜ੍ਹੇ ਸਮੇਂ ਦੇ ਲਈ ਹੁੰਦੀ ਹੈ, ਅਤੇ ਜੇਕਰ ਕਿਸੇ ਦਿਨ ਤੁਹਾਡੀ ਜਾਣ ਦੀ ਇੱਛਾ ਜਾਂ ਸਮਾਂ ਨਾ ਹੋਵੇ, ਤਾਂ ਤੁਸੀਂ ਇਸਦੇ ਲਈ ਬਹਾਨਾ ਬਣਾ ਸਕਦੇ ਹੋਂ। ਕੁੱਝ ਜੱਜਾਂ ਦੇ ਨਾਲ ਤਾਂ ਕਾਫ਼ੀ ਪਹਿਲਾਂ ਹੀ ਤੁਸੀਂ ਅਜਿਹੀ ਕੋਈ ਵਿਵਸਥਾ ਕਰ ਸਕਦੇ ਹੋਂ। ਬਨਿਆਦੀ ਤੌਰ ਤੇ ਤਾਂ ਇਹ ਸਮੇਂ-ਸਮੇਂ ਤੇ ਆਪਣੇ ਜੱਜ ਨੂੰ ਰਿਪੋਰਟ ਕਰਨ ਦਾ ਸਵਾਲ ਹੈ, ਕਿਉਂਕਿ ਤੁਸੀਂ ਇੱਕ ਆਰੋਪੀ ਹੋਂ।"

ਜਦੋਂ ਇਹ ਵਾਲੇ ਸ਼ਬਦ ਕਹੇ ਜਾ ਰਹੇ ਸਨ, ਕੇ. ਨੇ ਆਪਣੀ ਜੈਕੇਟ ਬਾਹਾਂ 'ਤੇ ਪਾ ਲਈ ਸੀ ਅਤੇ ਉੱਠ ਖੜਾ ਹੋਇਆ ਸੀ।

"ਉਹ ਹੁਣ ਉੱਠ ਕੇ ਖੜ੍ਹਾ ਹੋ ਗਿਆ ਹੈ। ਬੂਹੇ ਦੇ ਬਾਹਰੋਂ ਕੋਈ ਚੀਕਿਆ। "ਕੀ ਤੁਸੀਂ ਜਾ ਰਹੇ ਹੋਂ?" ਚਿੱਤਰਕਾਰ ਨੇ ਪੁੱਛਿਆ, ਜਿਹੜਾ ਹੁਣ ਆਪ ਵੀ ਖੜ੍ਹਾ ਹੋ ਗਿਆ ਸੀ। "ਸ਼ਾਇਦ ਇਹ ਹਵਾ ਤੁਹਾਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀ ਹੈ। ਇਸਦਾ ਮੈਨੂੰ ਅਫ਼ਸੋਸ ਹੈ। ਅਜੇ ਤਾਂ ਮੇਰੇ ਕੋਲ ਤੁਹਾਨੂੰ ਕਹਿਣ ਲਈ ਬਹੁਤ ਸਾਰੀਆਂ ਗੱਲਾਂ ਹਨ। ਹੁਣ ਮੈਂ ਸੰਖੇਪ ਵਿੱਚ ਕਹਿ ਦੇਵਾਂਗਾ। ਪਰ ਮੈਨੂੰ ਯਕੀਨ ਹੈ ਕਿ ਤੁਹਾਡੇ ਤੱਕ ਮੇਰੀ ਗੱਲ ਪਹੁੰਚ ਗਈ ਹੋਵੇਗੀ।"

"ਓਹ, ਹਾਂ," ਕੇ. ਨੇ ਕਿਹਾ। ਹੁਣ ਤੱਕ ਇਹ ਸਭ ਸੁਣ ਸਕਣ ਦੀ ਮਿਹਨਤ ਕਾਰਨ ਉਸਦਾ ਸਿਰ ਦੁਖ ਰਿਹਾ ਸੀ। ਇਸ ਭਰੋਸੇ ਦੇ ਬਾਵਜੂਦ, ਚਿੱਤਰਕਾਰ ਨੇ ਸਾਰੀ ਵਾਰਤਾਲਾਪ ਦਾ ਨਤੀਜਾ ਕੱਢਣ ਦੇ ਉਦੇਸ਼ ਨਾਲ ਕੋਸ਼ਿਸ਼ ਜਾਰੀ ਰੱਖੀ, ਜਿਵੇਂ ਉਹ ਚਾਹ ਰਿਹਾ ਹੋਵੇ ਕਿ ਕੇ. ਨੂੰ ਸੰਤੁਸ਼ਟ ਕਰਕੇ ਹੀ ਘਰ ਭੇਜੇ- "ਦੋਵਾਂ ਹੀ ਤਰੀਕਿਆਂ ਵਿੱਚ ਇਹ ਇੱਕੋ-ਜਿਹਾ ਹੈ-ਉਹ ਆਰੋਪੀ ਨੂੰ ਜੇਲ੍ਹ ਭੇਜਣ ਤੋਂ ਬਚਾਈ ਰੱਖਦੇ ਹਨ।"

"ਪਰ ਉਹ ਅਸਲ ਰਿਹਾਈ ਤੋਂ ਵੀ ਤਾਂ ਰੋਕੀ ਰੱਖਦੇ ਹਨ," ਕੇ. ਨੇ ਹੌਲੀ ਜਿਹੇ ਕਿਹਾ, ਜਿਵੇਂ ਕਿ ਇਹ ਮਹਿਸੂਸ ਕਰਕੇ ਉਹ ਸ਼ਰਮਿੰਦਾ ਹੋ ਚੁੱਕਾ ਹੋਵੇ।

"ਤੁਸੀਂ ਪੂਰੀ ਸਮੱਸਿਆ ਦਾ ਕੇਂਦਰ ਫੜ੍ਹ ਲਿਆ ਹੈ," ਚਿੱਤਰਕਾਰ ਨੇ ਫ਼ੌਰਨ ਕਿਹਾ। ਕੇ. ਨੇ ਆਪਣਾ ਹੱਥ ਆਪਣੇ ਓਵਰਕੋਟ ਵਿੱਚ ਪਾ ਲਿਆ, ਪਰ ਇਸਨੂੰ ਪਹਿਨਣ ਦੇ ਬਾਰੇ ਵਿੱਚ ਉਹ ਫ਼ੈਸਲਾ ਨਹੀਂ ਕਰ ਸਕਿਆ। ਉਹ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇੱਕਠਾ ਕਰਕੇ ਉੱਥੋਂ ਛੇਤੀ ਤਾਜ਼ੀ ਹਵਾ ਵਿੱਚ ਜਾਣਾ ਵਿੱਚ ਜਾਣਾ ਚਾਹੁੰਦਾ ਸੀ। ਇੱਥੋਂ ਤੱਕ ਕਿ ਕੁੜੀਆਂ ਵੀ ਉਸਨੂੰ ਓਵਰਕੋਟ ਪਾਉਣ ਲਈ ਮਨਾ ਨਹੀਂ ਸਕੀਆਂ ਸਨ, ਜਦੋਂ ਉਹ ਉਹਨਾਂ ਦੀ ਗੱਲਬਾਤ ਵਿੱਚ ਐਵੇਂ ਹੀ ਬੋਲ ਪੈਂਦੀਆਂ ਸਨ। ਜਿਵੇਂ-ਤਿਵੇਂ ਚਿੱਤਰਕਾਰ ਉਸਦੇ ਮੂਡ ਨੂੰ ਬਦਲਣਾ ਚਾਹੁੰਦਾ ਸੀ, ਇਸ ਲਈ ਉਸਨੇ ਕਿਹਾ-

"ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਤੁਸੀਂ ਮੇਰੀਆਂ ਸਲਾਹਾਂ 'ਤੇ ਕੋਈ ਰਾਏ ਬਣਾਈ ਹੋਵੇ। ਮੈਨੂੰ ਯਕੀਨ ਹੈ ਕਿ ਇਕਦਮ ਤੁਸੀਂ ਫ਼ੈਸਲਾ ਨਾ ਕਰਕੇ ਬਿਲਕੁਲ ਸਹੀ ਕੀਤਾ ਹੈ। ਜਦਕਿ ਅਜਿਹਾ ਕਰਨ ਦੇ ਵਿਰੁੱਧ ਤਾਂ ਮੈਂ ਵੀ ਤੁਹਾਨੂੰ ਇਹੀ ਸਲਾਹ ਦਿੰਦਾ। ਦਰਅਸਲ ਲਾਭ ਅਤੇ ਹਾਨੀ ਦੇ ਵਿੱਚ ਇੱਕ ਵਾਲ ਜਿੰਨਾ ਅੰਤਰ ਹੈ। ਹਰੇਕ ਕਾਰਨ ਨੂੰ ਠੀਕ-ਠੀਕ ਤੋਲਣਾ ਜ਼ਰੂਰੀ ਹੈ। ਪਰ ਤੁਹਾਨੂੰ ਜ਼ਿਆਦਾ ਵਕਤ ਵੀ ਤਾਂ ਬਰਬਾਦ ਨਹੀਂ ਕਰਨਾ ਚਾਹੀਦਾ।"

"ਮੈਂ ਛੇਤੀ ਹੀ ਵਾਪਸ ਆਵਾਂਗਾ," ਕੇ. ਨੇ ਛੇਤੀ ਨਾਲ ਆਪਣੀ ਜੈਕੇਟ ਪਾਉਂਦੇ ਹੋਏ ਕਿਹਾ ਅਤੇ ਆਪਣਾ ਕੋਟ ਮੋਢਿਆਂ 'ਤੇ ਪਾ ਕੇ ਬੂਹੇ ਵੱਲ ਭੱਜਿਆ, ਜਿੱਥੇ ਕੁੜੀਆਂ ਅਜੇ ਵੀ ਫੁਸਫੁਸਾ ਰਹੀਆਂ ਸਨ। ਕੇ. ਨੂੰ ਲੱਗਿਆ ਕਿ ਉਹ ਬੂਹੇ ਦੀਆਂ ਦਰਾਰਾਂ ਵਿੱਚੋਂ ਅਜੇ ਉਹਨਾਂ ਨੂੰ ਵੇਖ ਸਕਦਾ ਹੈ।

"ਪਰ ਤੁਸੀਂ ਆਪਣਾ ਵਾਅਦਾ ਜ਼ਰੂਰ ਨਿਭਾਉਣਾ," ਚਿੱਤਰਕਾਰ ਨੇ ਕਿਹਾ, ਜੋ ਉਸਦੇ ਨਾਲ ਬੂਹੇ ਤੱਕ ਨਹੀਂ ਆਇਆ ਸੀ। "ਜਾਂ ਫ਼ਿਰ ਮੈਂ ਹੀ ਬੈਂਕ ਵਿੱਚ ਆ ਜਾਵਾਂਗਾ ਅਤੇ ਜ਼ਰੂਰੀ ਪੜਤਾਲ ਕਰ ਲਵਾਂਗਾ।"

"ਬੂਹੇ ਖੋਲ੍ਹ ਦਿਓ, ਕਿਰਪਾ ਕਰਕੇ!" ਕੇ. ਨੇ ਉਸਦੇ ਹੈਂਡਲ ਨੂੰ ਘੁਮਾਉਂਦੇ ਹੋਏ ਕਿਹਾ, ਜਿਸਨੂੰ ਬਾਹਰੋਂ ਕੁੜੀਆਂ ਨੇ ਕੱਸ ਕੇ ਫੜ੍ਹਿਆ ਹੋਇਆ ਸੀ।

"ਤੁਸੀਂ ਕੁੜੀਆਂ ਤੋਂ ਪਰੇਸ਼ਾਨ ਹੋਣ ਤੋਂ ਬਚਣਾ ਚਾਹੁੰਦੇ ਹੋ ਨਾ?" ਚਿੱਤਰਕਾਰ ਨੇ ਪੁੱਛਿਆ, "ਤਾਂ ਕਿਰਪਾ ਕਰਕੇ ਇਸ ਬੂਹੇ ਦਾ ਇਸਤੇਮਾਲ ਕਰ ਲਓ," ਉਸਨੇ ਆਪਣੇ ਬਿਸਤਰੇ ਨਾਲ ਲੱਗੇ ਹੋਏ ਬੂਹੇ ਵੱਲ ਇਸ਼ਾਰਾ ਕੀਤਾ। ਕੇ. ਉਸਦੇ ਨਾਲ ਸਹਿਮਤ ਹੋ ਗਿਆ ਅਤੇ ਮੁੜ ਬਿਸਤਰੇ ਦੇ ਵੱਲ ਭੱਜਿਆ। ਪਰ ਉਸਨੂੰ ਖੋਲ੍ਹਣ ਦੀ ਬਜਾਏ ਚਿੱਤਰਕਾਰ ਬਿਸਤਰੇ ਦੇ ਹੇਠਾਂ ਵੜ ਕੇ ਘਿਸੜਦਾ ਹੋਇਆ ਬੋਲਿਆ-"ਇੱਕ ਮਿੰਟ ਦੇ ਲਈ। ਕੀ ਤੁਸੀਂ ਉਹ ਤਸਵੀਰ ਨਹੀਂ ਵੇਖਣਾ ਚਾਹੋਂਗੇ ਜਿਹੜੀ ਮੈਂ ਤੁਹਾਨੂੰ ਵੇਚ ਸਕਦਾ ਹਾਂ?" ਕੇ. ਉਸਨੂੰ ਖ਼ੁਸ਼ਕ ਵਿਖਾਈ ਨਹੀਂ ਦੇਣਾ ਚਾਹੁੰਦਾ ਸੀ। ਚਿੱਤਰਕਾਰ ਨੇ ਅਸਲ ਵਿੱਚ ਉਸ ਵਿੱਚ ਕੁੱਝ ਤਾਂ ਦਿਲਚਸਪੀ ਲਈ ਹੀ ਸੀ ਕਿ ਅਤੇ ਉਸਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਸੀ। ਇਸਦੇ ਇਲਾਵਾ, ਕੇ. ਦੀ ਭੁੱਲ ਦੇ ਕਾਰਨ ਚਿੱਤਰਕਾਰ ਦੀ ਮਦਦ ਦੇ ਬਦਲੇ ਕੁੱਝ ਲਏ-ਦਿੱਤੇ ਜਾਣ ਬਾਰੇ ਵੀ ਕੋਈ ਗੱਲ ਨਹੀਂ ਹੋਈ ਸੀ, ਇਸ ਲਈ ਵੀ ਕੇ. ਉਸਨੂੰ ਹੁਣ ਅੱਖੋ-ਪਰੋਖੇ ਨਹੀਂ ਕਰ ਸਕਦਾ ਸੀ ਅਤੇ ਇਸ ਲਈ ਉਸਨੇ ਤਸਵੀਰ ਵੇਖਣ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ। ਹਾਲਾਂਕਿ ਉਹ ਇਸ ਸਟੂਡੀਓ ਤੋਂ ਬਾਹਰ ਭੱਜ ਜਾਣ ਲਈ ਤੜਫ਼ ਰਿਹਾ ਸੀ। ਬਿਸਤਰੇ ਦੇ ਹੇਠੋਂ ਜਨਾਬ ਕੁੱਝ ਬਿਨ੍ਹਾਂ ਫਰੇਮ ਦੀਆਂ ਤਸਵੀਰਾਂ ਦਾ ਇੱਕ ਢੇਰ ਖਿੱਚ ਲਿਆਏ ਜੋ ਕਿ ਧੂੜ ਨਾਲ ਭਰਿਆ ਪਿਆ ਸੀ, ਧੂੜ ਐਨੀ ਜ਼ਿਆਦਾ ਸੀ ਕਿ ਜਦੋਂ ਚਿੱਤਰਕਾਰ ਨੇ ਸਭ ਤੋਂ ਉੱਪਰਲੀ ਤਸਵੀਰ ਤੋਂ ਇਸਨੂੰ ਝਾੜਿਆ ਤਾਂ ਇਹ ਕੇ. ਦੀਆਂ ਅੱਖਾਂ ਦੇ ਸਾਹਮਣੇ ਕਾਫ਼ੀ ਦੇਰ ਤੱਕ ਉੱਡਦੀ ਰਹੀ ਸੀ ਅਤੇ ਇਸਨੇ ਉਸਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ।

"ਝਾੜੀਦਾਰ ਮੈਦਾਨ ਦਾ ਲੈਂਡਸਕੇਪ," ਤਿਤੋਰੇਲੀ ਨੇ ਕਿਹਾ ਅਤੇ ਤਸਵੀਰ ਕੇ. ਦੇ ਹਵਾਲੇ ਕਰ ਦਿੱਤੀ। ਇਸ ਵਿੱਚ ਦੋ ਛੋਟੇ ਜਿਹੇ ਦਰੱਖਤ ਸਨ ਜਿਹੜੇ ਇੱਕ ਦੂਜੇ ਤੋਂ ਕੁੱਝ ਦੂਰੀ ਤੇ ਬਣੀ ਘਾਹ ਦੇ ਵਿਚਾਲੇ ਖੜ੍ਹੇ ਸਨ। ਇਸਦਾ ਅਧਾਰ ਡੁੱਬਦਾ ਹੋਇਆ ਸੂਰਜ ਸੀ, ਜਿਹੜਾ ਕਿ ਰੰਗੀਨ ਸੀ।

"ਖੂਬਸੂਰਤ ਹੈ," ਕੇ. ਨੇ ਕਿਹਾ, "ਮੈਂ ਇਸਨੂੰ ਖਰੀਦ ਲਵਾਂਗਾ, ਉਹ ਬਿਲਕੁਲ ਸੰਖੇਪ ਵਿੱਚ ਗੱਲ ਖ਼ਤਮ ਕਰ ਦੇਣੀ ਚਾਹੁੰਦਾ ਸੀ, ਇਸ ਲਈ ਜਦੋਂ ਚਿੱਤਰਕਾਰ ਨੇ ਬੁਰਾ ਨਾ ਮੰਨਦੇ ਹੋਏ ਫ਼ਰਸ਼ ਤੋਂ ਦੂਜੀ ਤਸਵੀਰ ਚੁੱਕੀ ਤਾਂ ਉਹ ਖੁਸ਼ ਹੋਇਆ।

"ਇਹ ਇਸ ਨਾਲ ਦੇ ਚਿੱਤਰ ਹਨ," ਚਿੱਤਰਕਾਰ ਨੇ ਕਿਹਾ। ਇਹ ਵੀ ਉਸੇ ਵਰਗਾ ਹੀ ਚਿੱਤਰ ਸੀ, ਦੋਵਾਂ ਵਿੱਚ ਰੱਤੀ ਭਰ ਵੀ ਫ਼ਰਕ ਕੱਢ ਸਕਣਾ ਔਖਾ ਸੀ। ਇੱਥੇ ਵੀ ਉਹੀ ਬੂਟੇ, ਉਹੀ ਘਾਹ ਅਤੇ ਉਹੀ ਡੁੱਬਦਾ ਹੋਇਆ ਸੂਰਜ ਹੈ। ਪਰ ਕੇ. ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

"ਇਹ ਸੁੰਦਰ ਲੈਂਡਸਕੇਪ ਹੈ," ਉਸਨੇ ਕਿਹਾ, "ਇਹ ਜੋੜੀ ਮੈਂ ਖ਼ਰੀਦ ਲਵਾਂਗਾ ਅਤੇ ਆਪਣੇ ਦਫ਼ਤਰ ਵਿੱਚ ਟੰਗ ਦੇਵਾਂਗਾ।

"ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਲੱਗਦਾ ਹੈ," ਤਿਤੋਰੇਲੀ ਨੇ ਕਿਹਾ, ਅਤੇ ਇੱਕ ਹੋਰ ਤਸਵੀਰ ਕੱਢ ਲਈ। "ਮੇਰੇ ਕੋਲ ਇਹਨਾਂ ਤਸਵੀਰਾਂ ਨਾਲ ਦੀ ਇੱਕ ਹੋਰ ਤਸਵੀਰ ਹੈ।" ਪਰ ਇਹ ਇੱਕ ਦਮ ਉਹਨਾਂ ਵਰਗੀ ਨਹੀਂ ਸੀ, ਦਰਅਸਲ ਲੈਂਡਸਕੇਪ ਇਸਦਾ ਵੀ ਉਹੀ ਹੈ। ਆਪਣੀਆਂ ਪੁਰਾਣੀਆਂ ਪੇਂਟਿੰਗਾਂ ਵੇਚਣ ਦੇ ਉਦੇਸ਼ ਨਾਲ ਚਿੱਤਰਕਾਰ ਇਸ ਸਮੇਂ ਦਾ ਬਿਹਤਰੀਨ ਇਸਤੇਮਾਲ ਕਰ ਰਿਹਾ ਸੀ।

ਮੈਂ ਇਸਨੂੰ ਵੀ ਲੈ ਲਵਾਂਗਾ," ਕੇ. ਨੇ ਕਿਹਾ-"ਇਹਨਾਂ ਤਿੰਨਾਂ ਦੀ ਕੀ ਕੀਮਤ ਹੋਵੇਗੀ?"

"ਇਸ 'ਤੇ ਅਸੀਂ ਅਗ਼ਲੀ ਵਾਰ ਗੱਲ ਕਰਾਂਗੇ," ਚਿੱਤਰਕਾਰ ਨੇ ਕਿਹਾ, "ਇਸ ਸਮੇਂ ਤੁਹਾਨੂੰ ਛੇਤੀ ਹੈ, ਅਤੇ ਅਸੀਂ ਇੱਕ-ਦੂਜੇ ਦੇ ਸੰਪਰਕ ਵਿੱਚ ਤਾਂ ਰਹਾਂਗੇ ਹੀ। ਹਾਂ, ਇੰਨਾ ਤਾਂ ਜ਼ਰੂਰ ਹੈ ਕਿ ਤੁਹਾਨੂੰ ਤਸਵੀਰਾਂ ਪਸੰਦ ਆਈਆਂ ਤਾਂ ਮੈਂ ਖੁਸ਼ ਹਾਂ। ਇੱਥੇ ਜੋ ਤਸਵੀਰਾਂ ਪਈਆਂ ਹਨ ਉਹਨਾਂ ਨੂੰ ਮੈਂ ਹੇਠਾਂ ਧੱਕ ਦਿੰਦਾ ਹਾਂ। ਇਹ ਸਭ ਕੂੜੇ ਦੇ ਢੇਰ ਦੀ ਤਰ੍ਹਾਂ ਹੈ। ਇਸ ਤਰ੍ਹਾਂ ਦੇ ਤਾਂ ਕਈ ਢੇਰ ਮੈਂ ਪੇਂਟ ਕਰ ਰੱਖੇ ਹਨ। ਇਹਨਾਂ ਨੂੰ ਬਹੁਤ ਘੱਟ ਲੋਕ ਘਾਹ ਪਾਉਂਦੇ ਹਨ ਕਿਉਂਕਿ ਇਹ ਨਿਰਾਸ਼ਾਜਨਕ ਜਿਹੀਆਂ ਲੱਗਦੀਆਂ ਹਨ।" ਫ਼ਿਰ ਠੀਕ ਉਸੇ ਪਲ ਕੇ. ਦੀ ਦਿਲਚਸਪੀ ਉਸ ਚਿੱਤਰਕਾਰ ਵਿੱਚ ਖ਼ਤਮ ਹੋ ਗਈ। "ਇਹਨਾਂ ਸਭ ਨੂੰ ਬੰਨ੍ਹ ਲਓ," ਉਸਨੇ ਟੋਕਿਆ- "ਕੱਲ੍ਹ ਮੈਂ ਆਪਣੇ ਕਲਰਕ ਨੂੰ ਭੇਜ ਕੇ ਇਨ੍ਹਾਂ ਨੂੰ ਮੰਗਵਾ ਲਵਾਂਗਾ।"

"ਇਹ ਜ਼ਰੂਰੀ ਨਹੀਂ ਹੈ," ਚਿੱਤਰਕਾਰ ਬੋਲਿਆ- "ਮੈਨੂੰ ਉਮੀਦ ਹੈ ਕਿ ਹੁਣ ਤੁਹਾਡੇ ਜਾਣ ਲਈ ਮੈਂ ਕਿਸੇ ਤਾਂਗੇ ਦਾ ਇੰਤਜ਼ਾਮ ਕਰ ਸਕਦਾ ਹਾਂ।" ਅਤੇ ਬਿਸਤਰੇ 'ਤੇ ਝੁਕਿਆ ਅਤੇ ਬੂਹਾ ਖੋਲ੍ਹ ਦਿੱਤਾ। "ਬਿਸਤਰੇ 'ਤੇ ਚੜ੍ਹਨ ਤੋਂ ਡਰਿਓ ਨਾ," ਚਿੱਤਰਕਾਰ ਨੇ ਕਿਹਾ-"ਜਿਹੜਾ ਵੀ ਇੱਥੇ ਆਉਂਦਾ ਹੈ, ਇਹੀ ਕਰਦਾ ਹੈ।" ਇਹ ਕਹੇ ਜਾਣ ਤੋਂ ਬਿਨ੍ਹਾ ਵੀ ਕੇ. ਅਜਿਹਾ ਕਰਨ ਤੋਂ ਬਾਜ਼ ਨਾ ਆਉਂਦਾ, ਉਸਨੇ ਪਹਿਲਾਂ ਹੀ ਸੱਜਾ ਪੈਰ ਰਜਾਈ 'ਤੇ ਧਰ ਲਿਆ ਸੀ, ਪਰ ਜਦੋਂ ਉਸਨੇ ਖੁੱਲ੍ਹੇ ਬੂਹੇ ਦੇ ਬਾਹਰ ਵੇਖਿਆ ਤਾਂ ਫ਼ੌਰਨ ਆਪਣਾ ਪੈਰ ਪਿੱਛੇ ਖਿੱਚ ਲਿਆ।

"ਉਹ ਕੀ ਹੈ?" ਉਸਨੇ ਚਿੱਤਰਕਾਰ ਤੋਂ ਪੁੱਛਿਆ।

"ਤੁਸੀਂ ਕਿਸ ਗੱਲ ਤੋਂ ਹੈਰਾਨ ਹੋ ਗਏ ਹੋਂ?" ਚਿੱਤਰਕਾਰ ਨੇ ਪੁੱਛਿਆ, ਜਿਹੜਾ ਹੁਣ ਆਪ ਵੀ ਹੈਰਾਨ ਹੋ ਗਿਆ ਸੀ। "ਇਹ ਤਾਂ ਕੋਰਟ ਦੇ ਦਫ਼ਤਰ ਹਨ। ਕੀ ਤੁਹਾਨੂੰ ਪਤਾ ਨਹੀਂ ਸੀ ਕਿ ਇੱਧਰ ਕੋਰਟ ਦੇ ਦਫ਼ਤਰ ਹਨ? ਉਹ ਤਾਂ ਲੱਗਭਗ ਸਾਰੀਆਂ ਮੰਜ਼ਿਲਾਂ 'ਤੇ ਹਨ ਅਤੇ ਕੀ ਇਨ੍ਹਾਂ ਦਾ ਇੱਥੇ ਹੋਣਾ ਹੈਰਾਨੀਜਨਕ ਹੈ? ਜਦਕਿ ਮੇਰਾ ਸਟੂਡੀਓ ਵੀ ਅਦਾਲਤ ਦੇ ਦਫ਼ਤਰਾਂ ਦਾ ਹਿੱਸਾ ਹੈ, ਪਰ ਅਦਾਲਤ ਨੇ ਇਸਨੂੰ ਮੇਰੇ ਹਵਾਲੇ ਕਰ ਰੱਖਿਆ ਹੈ।"

ਕੇ. ਨੂੰ ਜ਼ਿਆਦਾ ਧੱਕਾ ਇਸ ਗੱਲ ਨਾਲ ਨਹੀਂ ਲੱਗਾ ਕਿ ਅਦਾਲਤ ਦੇ ਦਫ਼ਤਰ ਇੱਥੇ ਸਨ, ਜਦਕਿ ਇਸ ਗੱਲ ਤੋਂ ਲੱਗਾ ਕਿ ਉਹ ਅਦਾਲਤੀ ਮਾਮਲਿਆਂ ਵਿੱਚ ਇੰਨ੍ਹਾ ਬੇਖ਼ਬਰ ਕਿਉਂ ਹੈ। ਉਸਨੂੰ ਮਹਿਸੂਸ ਹੋਇਆ ਕਿ ਮੁੱਦਈ ਦੇ ਵਿਹਾਰ ਦਾ ਇਹ ਬੁਨਿਆਦੀ ਨਿਯਮ ਹੈ ਕਿ ਉਹ ਹਰ ਸਥਿਤੀ ਲਈ ਤਿਆਰ ਹੋਵੇ, ਅਤੇ ਕਦੇ ਵੀ ਹੈਰਾਨੀ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੇ ਅਤੇ ਜਦੋਂ ਜੱਜ ਉਸਦੇ ਖੱਬੇ ਪਾਸੇ ਮੌਜੂਦ ਹੋਣ ਤਾਂ ਉਸ 'ਤੇ ਸੱਜੇ ਪਾਸੇ ਵੇਖਣ ਦਾ ਸ਼ੱਕ ਨਾ ਹੋਵੇ। ਅਤੇ ਫ਼ਿਰ ਉਹ ਇਸ ਨਿਯਮ ਨੂੰ ਵਾਰ-ਵਾਰ ਤੋੜ ਰਿਹਾ ਸੀ। ਉਸਦੇ ਸਾਹਮਣੇ ਲੰਮਾ ਗਲਿਆਰਾ ਪਸਰਿਆ ਹੋਇਆ ਸੀ, ਜਿਸ ਵਿੱਚ ਹਵਾ ਵਗ ਰਹੀ ਸੀ? ਪਰ ਹੁਣ ਸਟੂਡੀਓ ਦੇ ਅੰਦਰ ਦੀ ਹਵਾ ਤਾਜ਼ਗੀ ਦੇਣ ਵਾਲੀ ਲੱਗ ਰਹੀ ਸੀ। ਗੈਲਰੀ ਦੇ ਦੋਵੇਂ ਪਾਸੇ ਬੈਂਚ ਲੱਗੇ ਹੋਏ ਸਨ, ਜਿਵੇਂ ਕਿ ਉਹਨਾਂ ਦਫ਼ਤਰਾਂ ਦੇ ਉਡੀਕਘਰਾਂ ਵਿੱਚ ਸਨ ਜਿੱਥੇ ਕੇ. ਦੇ ਮੁਕੱਦਮੇ ਦੀ ਸੁਣਵਾਈ ਹੋਣੀ ਤੈਅ ਸੀ। ਅਦਾਲਤ ਦੇ ਦਫ਼ਤਰਾਂ ਦੀ ਇਹ ਸਜਾਵਟ ਕਈ ਬੇਸ਼ਕੀਮਤੀ ਨਿਯਮਾਂ ਨਾਲ ਸੰਚਾਲਿਤ ਹੋਈ ਲੱਗ ਰਹੀ ਸੀ। ਇਸ ਸਮੇਂ ਜ਼ਿਆਦਾ ਮੁੱਦਈ ਲੋਕ ਉੱਥੇ ਮੌਜੂਦ ਨਹੀਂ ਸਨ। ਇੱਕ ਆਦਮੀ ਇੱਕ ਬੈਂਚ 'ਤੇ ਬੈਠਾ ਸੀ ਅਤੇ ਰਤਾ ਹਿੱਲ-ਜੁੱਲ ਰਿਹਾ ਸੀ। ਉਸਨੇ ਆਪਣਾ ਚਿਹਰਾ ਬਾਹਾਂ ਵਿੱਚ ਲੁਕੋਇਆ ਹੋਇਆ ਸੀ, ਅਤੇ ਦੂਜਾ ਗੈਲਰੀ ਦੇ ਉਸ ਕਿਨਾਰੇ ਅੱਧ-ਹਨੇਰੇ ਵਿੱਚ ਖੜ੍ਹਾ ਸੀ।

ਹੁਣ ਕੇ. ਬਿਸਤਰੇ 'ਤੇ ਚੜਿਆ, ਜਦਕਿ ਚਿੱਤਰਕਾਰ ਤਸਵੀਰਾਂ ਫੜ੍ਹਕੇ ਉਸਦੇ ਪਿੱਛੇ ਤੁਰ ਪਿਆ। ਛੇਤੀ ਹੀ ਉਹ ਕਚਹਿਰੀ ਦੇ ਇੱਕ ਅਰਦਲੀ ਨਾਲ ਮਿਲੇ। ਹੁਣ ਤੱਕ ਅਦਾਲਤ ਦੇ ਕਰਮੀਆਂ ਨੂੰ ਉਨ੍ਹਾਂ ਦੇ ਕੋਟ ਤੇ ਲੱਗੇ ਸੁਨਹਿਰੀ ਬਟਨਾਂ ਨਾਲ ਪਛਾਣ ਰਿਹਾ ਸੀ ਜਿਸਨੂੰ ਉਹ ਆਪਣੇ ਆਮ ਕੱਪੜਿਆਂ ਵਿੱਚ ਬਾਕੀ ਸਾਧਾਰਨ ਬਟਨਾਂ ਦੇ ਵਿੱਚ ਟੰਗ ਕੇ ਰੱਖਦੇ ਹਨ ਅਤੇ ਚਿੱਤਰਕਾਰ ਨੇ ਹੁਣ ਉਸ ਆਦਮੀ ਨੂੰ ਤਸਵੀਰਾਂ ਲੈ ਕੇ ਕੇ. ਦੇ ਨਾਲ ਜਾਣ ਲਈ ਕਿਹਾ। ਕੇ. ਤਾਂ ਜਿਵੇਂ ਤੁਰਨ ਦੀ ਬਜਾਏ, ਮੂੰਹ 'ਤੇ ਆਪਣਾ ਰੁਮਾਲ ਰੱਖ ਕੇ ਭੱਜ ਰਿਹਾ ਸੀ। ਉਹ ਬਾਹਰ ਜਾਣ ਵਾਲੇ ਦਰਵਾਜ਼ੇ ਦੇ ਕੋਲ ਲਗਭਗ ਪਹੁੰਚ ਹੀ ਗਏ ਸਨ ਜਦੋਂ ਕੁੜੀਆਂ ਭੱਜ ਕੇ ਉਸਦੇ ਕੋਲ ਆ ਪੁੱਜੀਆਂ, ਯਾਨੀ ਕੇ. ਉਨ੍ਹਾਂ ਤੋਂ ਬਚ ਨਹੀਂ ਸਕਿਆ ਸੀ। ਉਹਨਾਂ ਨੇ ਸਟੂਡੀਓ ਦਾ ਦੂਜੇ ਬੂਹਾ ਖੁੱਲ੍ਹਦੇ ਹੋਏ ਵੇਖ ਲਿਆ ਸੀ ਅਤੇ ਇਸ ਪਾਸੇ ਨਿਕਲਣ ਵਾਲੇ ਰਸਤੇ ਨੂੰ ਵੀ ਪਛਾਣ ਲਿਆ ਸੀ।

"ਹੁਣ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾ ਸਕਦਾ," ਤਿਤੋਰੇਲੀ ਚੀਕਿਆ, ਅਤੇ ਕੁੜੀਆਂ 'ਤੇ ਹੱਸ ਪਿਆ ਜਿਹੜੀਆਂ ਉਸਨੂੰ ਘੇਰੀ ਖੜ੍ਹੀਆਂ ਸਨ। "ਅਲਵਿਦਾ! ਅਤੇ ਹੁਣ ਇਸ ਸਭ ਬਾਰੇ ਬਹੁਤਾ ਨਾ ਸੋਚਿਓ।"

ਕੇ. ਨੇ ਉਸ ਵੱਲ ਪਿੱਛੇ ਮੁੜ ਕੇ ਵੀ ਨਾ ਵੇਖਿਆ। ਗ਼ਲੀ ਵਿੱਚ ਸਭ ਤੋਂ ਪਹਿਲਾਂ ਉਸਨੂੰ ਜੋ ਵੀ ਤਾਂਗਾ ਮਿਲਿਆ, ਉਹ ਉਸਤੇ ਚੜ੍ਹ ਗਿਆ। ਉਹ ਅਰਦਲੀ ਤੋਂ ਦੂਰ ਹੋਣਾ ਚਾਹੁੰਦਾ ਸੀ, ਜਿਸਦਾ ਸੁਨਹਿਰੀ ਬਟਨ ਉਸਦੀਆਂ ਅੱਖਾਂ ਵਿੱਚ ਚੁਭ ਰਿਹਾ ਸੀ, ਹਾਲਾਂਕਿ ਇਹ ਕਿਸੇ ਦੂਜੇ ਦਾ ਧਿਆਨ ਨਹੀਂ ਖਿੱਚ ਰਿਹਾ ਸੀ। ਅਰਦਲੀ ਇੰਨਾ ਉਤਾਵਲਾ ਸੀ ਕਿ ਉਹ ਚਾਲਕ ਦੇ ਨਾਲ ਬਕਸੇ 'ਤੇ ਬੈਠਣਾ ਚਾਹੁੰਦਾ ਸੀ, ਪਰ ਕੇ. ਨੇ ਉਸਨੂੰ ਹੇਠਾਂ ਉਤਾਰ ਦਿੱਤਾ। ਦੁਪਹਿਰ ਦੇ ਮਗਰੋਂ ਕਾਫ਼ੀ ਵਕਤ ਲੰਘ ਗਿਆ ਸੀ, ਜਦੋਂ ਕੇ. ਆਪਣੇ ਬੈਂਕ ਵਿੱਚ ਪੁੱਜਾ। ਉਹ ਉਨ੍ਹਾਂ ਤਸਵੀਰਾਂ ਨੂੰ ਤਾਂਗੇ ਵਿਚ ਛੱਡ ਦੇਣਾ ਚਾਹੁੰਦਾ ਸੀ ਪਰ ਉਸਨੂੰ ਇਹ ਮਹਿਸੂਸ ਹੋਇਆ ਕਿ ਜੇਕਰ ਭਵਿੱਖ ਵਿਚ ਕਦੇ ਚਿੱਤਰਕਾਰ ਨੂੰ ਆਪਣੀ ਪਛਾਣ ਦੱਸਣੀ ਪਈ ਤਾਂ ਇੰਨ੍ਹਾਂ ਦੀ ਲੋੜ ਪੈ ਸਕਦੀ ਸੀ। ਇਸ ਲਈ ਉਹ ਇੰਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ ਅਤੇ ਆਪਣੇ ਮੇਜ਼ ਦੇ ਸਭ ਤੋਂ ਹੇਠਲੇ ਦਰਾਜ਼ ਵਿੱਚ ਇਨ੍ਹਾਂ ਨੂੰ ਬੰਦ ਕਰ ਦਿੱਤਾ, ਜਿੱਥੇ ਇਹ ਸੁਰੱਖਿਅਤ ਰਹਿਣਗੀਆਂ, ਘੱਟ ਤੋਂ ਘੱਟ ਆਉਣ ਵਾਲੇ ਕੁੱਝ ਦਿਨਾਂ ਤੱਕ ਅਤੇ ਡਿਪਟੀ ਮੈਨੇਜਰ ਦੀ ਨਿਗ੍ਹਾ ਵੀ ਇਨ੍ਹਾਂ ਤੇ ਨਹੀਂ ਪਵੇਗੀ।