ਯਾਦਾਂ/ਜੋਤਿਨ ਬੀਨਾ

ਵਿਕੀਸਰੋਤ ਤੋਂ


* ਜੋਤਿਨ-ਬੀਨਾ *

ਕਲਕਤੇ ਲੇਕ (Lake) ਦੇ ਕਿਨਾਰੇ ਹੋਟਲ ਦੇ ਇਕ ਕਮਰੇ ਵਿਚ ਇਕ ਸਵੇਰੇ ਦੋ ਲਾਸ਼ਾਂ ਇਕ ਲੜਕੇ ਇਕ ਲੜਕੀ ਦੀਆਂ ਪਈਆਂ ਹੋਈਆਂ ਸਨ। ਸਾਹਮਣੇ ਮੇਜ਼ ਤੇ ਜ਼ਹਿਰ ਦੀ ਸ਼ੀਸ਼ੀ ਤੇ ਹੇਠ ਲਿਖੇ ਭਾਵ ਦਾ ਖਤ ਪਿਆ ਸੀ।

'ਰਸਮਾਂ ਰਿਵਾਜਾਂ ਅਨੁਸਾਰ ਸਾਡੀ ਸ਼ਾਦੀ ਨਹੀਂ ਸੀ ਹੋ ਸਕਦੀ, ਹੋਰ ਥਾਵਾਂ ਤੇ ਸ਼ਾਦੀਆਂ ਸਾਨੂੰ ਮਨਜ਼ੂਰ ਨਹੀਂ ਸਨ। ਇਸ ਕਰਕੇ ਮਜਬੂਰਨ ਆਤਮ-ਘਾਤ ਕਰ ਰਹੇ ਹਾਂ। ਹੋਟਲ ਵਾਲਿਆਂ ਨੂੰ ਕਿਸੇ ਕਿਸਮ ਦੀ ਖਿਚੋਤਾਨ ਨਾ ਹੋਵੇ। ਹੋਟਲ ਦਾ ਬਿਲ ਅਤੇ ਸਸਕਾਰ ਦਾ ਖਰਚ ਸਾਡੇ ਹੈਂਡ ਬੈਗ ਵਿਚੋਂ ਮਿਲੇਗਾ; ਸਾਡਾ ਸਸਕਾਰ ਇਕੋ ਚਿਤਾ ਤੇ ਹੋਵੇ।

“ਜੋਤਿਨ-ਬੀਨਾ"

ਇਸ ਸਚੀ ਪਿਆਰ ਵਾਰਤਾ ਨੂੰ ਮੈਂ ਕਵਿਤਾ ਵਿਚ ਲਿਖਨ ਦਾ ਜਤਨ ਕੀਤਾ ਹੈ।

'ਬੀਰ'

ਤੁਰਦੇ ਆਏ ਪਰੇਮੀ ਸਾਰੇ।
ਦੁਨੀਆਂ ਦੇ ਰਸਤੇ ਤੋਂ ਨਿਆਰੇ।
ਸਮਝਨ ਜਗ ਰਸਮਾਂ ਨੂੰ ਬਨੱਣ।
ਪੈਰਾਂ ਹੇਠ ਲਤਾੜਨ ਭਨੱਣ।
ਪਿਆਰ ਦੇ ਸੌਦੇ ਕਦੀਂਂ ਨਾ ਮੋੜਨ।
ਕੌਲ ਕਰਾਰ ਨਾ ਕਰਕੇ ਤੋੜਨ।
ਸਿਰਾਂ ਧੜਾਂ ਦੀ ਬਾਜੀ --ਲਾਂਦੇ।
ਸਿਰ ਤੋਂ ਪਰੇ ਪਰੇਮ ਨਿਭਾਂਦੇ।



ਜੋਤਿਨ ਤੇ ਬੀਨਾ ਦੋ ਪਿਆਰੇ।
ਸਿਰ ਹਾਰੇ ਪਰ ਸੁਖਨ ਨਾ ਹਾਰੇ।
ਖਾਨਦਾਨ ਦੋਹਾਂ ਦਾ ਇਕੋ।
ਉਮਰ ਹਾਨ ਦੋਹਾਂ ਦਾ ਇਕੋ।
ਜਗ ਰਸਮਾਂ ਤੋਂ ਬੇਪਰਵਾਹ ਸੀ।
ਪੈ ਗਏ ਇਸ਼ਕ ਕਵੱਲੜੇ ਰਾਹ ਸੀ।
ਬਚਪਨ ਅੰਦਰ ਅਖਾਂ ਲਗੀਆਂ।
ਭੋਲੀਆਂ ਰੂਹਾਂ ਗਈਆਂ ਠਗੀਆਂ।
ਚੰਨ ਲਗਦਾ ਸੀ ਇਕ ਨੂੰ ਦੂਜਾ।
ਵਾਂਗ ਚਕੋਰਾਂ ਕਰਦੇ ਪੂਜਾ।

ਬੀਨਾ ਜਦ ਸਿਰ ਉੱਚਾ ਚਾਉਂਦੀ।
ਜੋਤਿਨ ਦੇ ਮੋਡੇ ਤੇ ਆਉਂਦੀ।
ਰੂਪ ਜਦੋਂ ਸ਼ੋਖੀ ਵਿਚ ਗੁੜਕੇ।
ਚੁੰਮ ਲੈਂਦਾ ਸੀ ਪ੍ਰੇਮੀ ਉੜਕੇ।
ਦਿਨ ਦਿਨ ਜਿਓਂ ਜਿਓਂ ਹੋਸ਼ਾਂ ਆਵਣ।
ਦਿਲ ਦੀਆਂ ਮਰਜ਼ਾਂ ਵਧਦੀਆਂ ਜਾਵਣ।
ਇਸ਼ਕ ਮੁਸ਼ਕ ਨਾ ਲੁਕਕੇ ਬਹਿੰਦੇ।
ਚੱਨ ਚੜੇ ਨਾ ਗੁਝੇ ਰਹਿੰਦੇ।
ਹੋ ਗਿਆ ਆਖਰ ਪੜਦਾ ਜ਼ਾਹਿਰ।
ਜੌਤਿਨ ਨਿਕਲਿਆ ਘਰ ਤੋਂ ਬਾਹਿਰ।



ਵਿਚੋਂ ਬੀਨਾ ਡੁਬਦੀ ਜਾਵੇ।
ਉਤੋਂ ਦਿਲ ਦੇ ਫਟ ਛੁਪਾਵੇ।
ਬੂਹੇ ਮਾਰ ਧੁਖਾਏ ਗੋਹੇ।
ਬਹਿਕੇ ਨਾਲ ਬਹਾਨੇ ਰੋਏ।
ਫੜ ਅੰਮੀਂਂ ਤੋਂ ਗੰਡੇ ਚੀਰੇ।
ਕੌਡਾਂ ਵਾਂਗ ਲੁਟਾਵੇ ਹੀਰੇ।
ਕੋਠੇ ਤੇ ਚੜ੍ਹ ਵਾਲ ਸਕਾਵੇ।
ਰਾਹਾਂ ਉਤੇ ਨੈਣ ਵਿਛਾਵੇ।

ਯਾਦਾਂ ਭੜਕਨ-ਛਾਤੀ ਧੜਕੇ।
ਅੰਗੀ ਵਾਂਗ ਕਬੂਤਰ ਫੜਕੇ।
ਗਲ ਗਲ ਉਤੇ ਲੜ ਲੜ ਪੈਂਦੀ।
ਐਂਵੇ ਵਲ ਪਾ ਪਾ ਕੇ ਖਹਿੰਦੀ।
ਅੰਦਰ ਬਾਹਰ ਹਉਕੇ ਭਰਦੀ।
ਉੱਡੀ ਲਾਲੀ, ਛਾਈ ਜ਼ਰਦੀ।
ਬੁਲ ਮੀਟ ਦੰਦੀਆਂ ਨ ਹੱਸਨ।
ਦਿਲ ਦਾ ਫੋੜਾ ਅਖੀਆਂ ਦੱਸਨ।
ਤੁਰਦੀ ਫਿਰਦੀ ਉਠਦੀ ਬਹਿੰਦੀ।
ਜੋਤਿਨ ਦੇ ਹੀ ਸੁਫਨੇ ਲੈਂਦੀ।



ਧਨੀ ਬੜੇ ਦੋਹਾਂ ਦੇ ਮਾਪੇ।
ਕਰਨ ਸਲਹਾਂ ਰਲ ਮਿਲ ਆਪੇ।
ਜ਼ਿਮੀਦਾਰ ਵਡੇ ਸਦਵਾਈਏ।
ਇਜ਼ਤ-ਨੱਕ-ਬਚਾਨਾ ਚਾਹੀਏ।
ਇਕ ਨੀਂਂਗਰ ਲਭ ਸਾਹ ਸੁਧਾਇਆ।
ਚੁਕ ਬੀਨਾ ਦਾ ਕਾਜ ਰਚਾਇਆ।

ਪਹਿਲੋਂ ਤੜਫੀ ਵਾਂਗਰ ਮੱਛੀ।
ਆਪੇ ਹੀ ਪਰ ਹੋ ਗਈ ਹਛੀ।
ਸਾਰੇ ਸਮਝਨ ਜੋਤਿਨ ਭੁਲੀ।
ਨਵੇਂ ਪਿਆਰਾਂ ਉੱਤੇ ਡੁਲੀ।



ਆਖ਼ਰ ਸ਼ਾਦੀ ਦਾ ਦਿਨ ਆਇਆ।
ਡਾਹਡਾ ਇਸ਼ਕ ਪੁਵਾੜਾ ਆਇਆ।



ਦੱਬ ਇਰਾਦੇ ਅੰਦਰ ਛਾਤੀ।
ਮਲ ਮਲ ਵਟਨਾ ਬੀਨਾ ਨਾਹਤੀ।
ਹਥੀਂ ਪੈਰੀਂਂ ਮਹਿੰਦੀ ਲਾਈ।
ਮਾਂਗ ਸਵਾਰੀ ਪੱਟੀ ਵਾਈ।
ਹਸਦੀ ਹਸਦੀ ਚੀਰ ਕਢਾਇਆ।
ਸਗਨਾਂ ਦਾ ਸੰਧੂਰ ਲਗਾਇਆ।
ਵਾਲਾਂ ਅੰਦਰ ਫੁੱਲ ਸ਼ਿੰਗਾਰੇ।
ਰਾਤ ਹਨੇਰੀ ਲਿਸ਼ਕਨ ਤਾਰੇ।
ਚਿਟਿਆਂ ਦੇ ਵਿੱਚ ਰਲ ਗਏ ਕਾਲੇ।
ਕਾਲੇ ਬਨ ਗਏ ਕੌਡੀਆਂ ਵਾਲੇ।

ਨੈਣਾਂ ਦੇ ਵਿੱਚ ਕੱਜਲ ਪਾਇਆ।
ਸ਼ਿਕਰ ਦੁਪੈਹਰੀਂ ਬਦਲ ਛਾਇਆ।
ਬਾਗ ਅੰਦਰ ਨਰਗਸ ਸ਼ਰਮਾਈ।
ਹਰਨਾਂ ਦੇ ਝੁੰਡ ਨੀਵੀਂ ਪਾਈ।
ਕਦ ਲੰਬੇਰੇ ਉਤੇ ਸਾੜੀ।
ਜਾਪੇ ਵੇਲ ਸਰੂ ਤੇ ਚਾੜ੍ਹੀ।
ਵਿਚ ਕਲਾਈਆਂ ਛਨਕੇ ਚੂੜਾ।
ਨਾਲ ਅਦਾਵਾਂ ਟੁੰਗਦੀ ਜੂੜਾ।
ਸਖੀਆਂ ਮੂੰਹ ਤੇ ਚਿਤਰੇ ਤਾਰੇ।
ਚਨ ਪਿਆ ਵਿਚ ਲਿਸ਼ਕਾਂ ਮਾਰੇ।
ਅਡੀਓਂਂ ਚੋਟੀ ਤਕ ਬਨ ਠਨਕੇ।
ਤੀਰ ਕਮਾਨਾਂ ਅੰਦਰ ਤਨਕੇ।
ਧਾਰੀ ਦਿਲ ਵਿਚ ਸੀ ਜੋ ਕੀਤੀ।
ਜ਼ਹਿਰ ਭਰੀ ਇਕ ਸ਼ੀਸ਼ੀ ਲੀਤੀ।
ਅੰਗੀ ਹੇਠ ਲੁਕਾਇਆ ਉਸਨੂੰ।
ਸੀਨੇ ਨਾਲ ਲਗਾਇਆ ਉਸਨੂੰ।




ਇਕ ਸਹੇਲੀ ਨੂੰ ਭਿਜਵਾਇਆ।
ਜੋਤਿਨ ਦਾ ਸਭ ਹਾਲ ਮੰਗਾਇਆ।
ਕਹੇ ਸਹੇਲੀ ਬੀਨਾ ਤਾਈਂਂ।
‘ਜੋਤਿਨ ਜਾਵੇ ਡਿੱਠਾ ਨਾਹੀਂਂ।
ਇਕ ਤਲਾ ਦੇ ਖੜਾ ਕਿਨਾਰੇ।
ਨਿਮੋ ਝੂਨਾ ਭੁਬਾਂ ਮਾਰੇ।
ਸਰੂਆ ਤਾਈਂਂ ਜਫੀਆਂ ਪਾਂਦਾ।
ਚੁੰਮ ਚੁੰਮ ਫਾਵਾ ਹੁੰਦਾ ਜਾਂਦਾ।
ਨਾਲ ਪੰਛੀਆਂ ਗਲਾਂ ਕਰਦਾ।
ਆਪੇ ਪਿਆ ਹੁੰਗਾਰੇ ਭਰਦਾ।
ਮੈਨੂੰ ਸਮਝ ਅਪਨੀ ਦਰਦਨ।
ਨੇੜੇ ਆਨ ਝੁਕਾਈ ਗਰਦਨ।
ਕਹਿਨ ਲਗਾ ਤੂੰ ਆਖੀਂਂ ਜਾਕੇ।
ਮੇਰੇ ਵਲੋਂ ਸੀਸ ਝੁਕਾਕੇ।
'ਸੁੰਦਰ ਸੋਹਣੀ ਮੋਹਣੀ ਬੀਨਾ।
ਤੇਰੇ ਬਾਜ ਅਸਾਂ ਨਹੀਂ ਜੀਨਾ।
ਅਜ ਹੋਸਨ ਜਦ ਤੇਰੇ ਫੇਰੇ।
ਸਾਹ ਨਿਕਲਨਗੇ ਡੁਬਕੇ ਮੇਰੇ।
ਮਰੀਏ ਅਸੀਂ ਤੁਸੀਂ ਪਰ ਜੀਵੋ।
ਵਸਲ- ਪਿਆਲੇ ਭਰ ਭਰ ਪੀਵੋ।

ਹੋਏ ਨਸੀਬ ਸੁਹਾਗ ਹੰਢਾਨਾ।
ਜੋਤਿਨ ਸੁਫਨੇ ਵਾਂਗ ਭੁਲਾਨਾ।



ਬੀਨਾ ਝਟ ਸੁਨਿਹਾ ਘਲਵਾਇਆ।
ਜੋਤਿਨ ਨੂੰ ਚੋਰੀ ਬੁਲਵਾਇਆ।
ਜਦ ਜੋਤਿਨ ਆਇਆ ਪਛਵਾੜੇ।
ਕਢੇ ਡਾਹਢੇ ਬੀਨਾਂ ਹਾੜੇ।
‘ਕਲਿਆਂ ਚੱਨਾਂ ਡੁਬ ਨਾ ਜਾਈਂ।
ਦਾਗ ਵਿਛੋੜੇ ਦੇ ਨਾਂ ਲਾਈਂ।
ਕਠੇ ਜੀਵੇ, ਕਠੇ ਮਰੀਏ।
ਜੋ ਕਰਨੈਂ ਸੋ ਕਠੇ ਕਰੀਏ।
ਜੇ ਮੈਥੋਂ ਪਹਿਲੇ ਤੂੰ ਮਰਿਆ।
ਇੰਤਜ਼ਾਰ ਨਾ ਮੇਰਾ ਕਰਿਆ।
ਅਗੇ ਜਾ ਕਿਸਨੂੰ ਵੇਖੇਂਗਾ।
ਕਿਸਦਾ ਸੋਹਣਾ ਮੂੰਹ ਵੇਖੇਂਗਾ।
ਕੌਨ ਕਰੇਗੀ ਦਾਰੀ ਤੇਰੀ।
ਬਾਝ ਮੇਰੇ ਗਮਖਾਰੀ ਤੇਰੀ।
ਰੁਸੇੰਗਾ ਤੇ ਕੌਨ ਮਨਾਸੀ।
ਗਲ ਵਿਚ ਬਾਹਵਾਂ ਕੇਹੜੀ ਪਾਸੀ।

ਮੈਂ ਪਿਛੋਂ ਜਦ ਢੂੰਡਨ ਆਸਾਂ।
ਕਲ ਮੁਕੱਲੀ ਕਿਤ ਵਲ ਜਾਸਾਂ।
ਏਸ ਲਈ ਏਹ ਲੰਮੀਆਂ ਰਾਹਾਂ।
ਤਹਿ ਕਰਸਾਂਗੇ ਫੜਕੇ ਬਾਹਾਂ।
ਹਟਨ ਜਦੋਂ ਤਰਕਾਲਾਂ ਪੈਕੇ।
ਆ ਜਾਵੀਂ ਤੂੰ ਮੋਟਰ ਲੈਕੇ।



ਹੋਸੀ ਅੱਧੀ ਰਾਤ ਵਿਹਾਈ।
ਇਕ ਮੋਟਰ ਕਲਕਤੇ ਆਈ।
ਇਕ ਹੋਟਲ ਵਿਚ ਲੇਕ ਕਿਨਾਰੇ।
ਓਸ ਮੁਸਾਫਰ ਦੋ ਉਤਾਰੇ।
ਦੋਹਾਂ ਨੇ ਕਮਰਾ ਇਕ ਲੀਤਾ।
ਜਿਸਨੂੰ ਅੰਦਰੋਂ ਬੰਦ ਚਾ ਕੀਤਾ।
ਸਾਰੇ ਹੋਟਲ ਵਾਲੇ ਸੌਂ ਗੈ।
ਮਾਰ ਕੇ ਜੰਦਰੇ ਤਾਲੇ ਸੌਂ ਗੈ।



ਰਾਤ ਹਨੇਰੀ ਸ਼ੂਕਾਂ ਮਾਰੇ।
ਨਜ਼ਰ ਨ ਆਉਂਦੇ ਹਥ ਪਸਾਰੇ।

ਸੁਨ ਖਾਮੋਸ਼ੀ ਸਾਰੇ ਛਾਈ।
ਨੀਂਦ ਬੇਹੋਸ਼ੀ ਸਭ ਤੇ ਆਈ।
ਨੀਦ ਉਹਨਾਂ ਨੈਣਾਂ ਵਿਚ ਕਿਥੇ।
ਰੜਕੇ ਖੜੀ ਜੁਦਾਈ ਜਿਥੇ।
ਬੀਨਾ ਗਲ ਵਿਚ ਬਾਹਵਾਂ ਪਾਕੇ।
ਅਖੀਆਂ ਜੋਤਿਨ ਦੇ ਵਲ ਚਾਕੇ।
ਆਖੇ ‘ਰਾਤ ਅਜ ਦੀ ਜਗ ਉੱਤੇ।
ਜਾਗ ਲਈਏ ਜਦ ਲੋਕੀ ਸੁੱਤੇ।
ਜਦ ਲੋਕੀ ਜਾਗਨਗੇ ਭਲਕੇ।
ਦਿਨ ਵੇਖਨਗੇ ਅਖਾਂ ਮਲਕੇ।
ਹੋਸਨ, ਡੇਰੇ ਦੂਰ ਦੁਰਾਡੇ।
ਕਿਸੇ ਨਵੀਂ ਦੁਨੀਆਂ ਵਿਚ ਸਾਡੇ।'
ਫਿਰ ਸਹਿਮੀ ਕੰਬੀ ਤੇ ਡੋਲੀ।
ਹਥ ਦਿਲਬਰ ਦਾ ਘੁਟ ਕੇ ਬੋਲੀ।
"ਕਿਉਂ ਘੜਯਾਲ ਨਹੀਂ ਟੁਟ ਜਾਂਦਾ।
ਚਾ ਮੇਰੇ ਦੀ ਉਮਰ ਘਟਾਂਦਾ।
ਰਾਤ ਪਈ ਕਿਉਂ ਕਰਦੀ ਕਾਹਲੀ।
ਮੇਰੀ ਘੜੀ ਮੁਰਾਦਾਂ ਵਾਲੀ।

ਦਿਲਦੀਆਂ ਕੁਝ ਤੇ ਪੁਛ ਦੱਸ ਲੈਂਦੇ।
ਕਲੀਆਂ ਵਾਂਗਰ ਹੀ ਹੱਸ ਲੈਂਦੇ।'
ਤਾਰਿਆਂ ਵੱਲ ਇਸ਼ਾਰਾ ਕਰਕੇ।
ਆਖੇ ਠੰਢਾ ਹਉਕਾ ਭਰਕੇ।
'ਬੇਸਬਰੇ ਐਡੇ ਕਿਉਂ ਹੋਵੋ।
ਮੈਥੋਂ ਮੇਰਾ ਚੰਨ ਨਾ ਖੋਹਵੋ।
ਰਬਾ ਸਧਰਾਂ ਨੂੰ ਬਨ ਪਲੇ।
ਵੇਖ ਤੇਰੀ ਦੁਨੀਆਂ ਤੋਂ ਚਲੇ।"



ਘੁਟ ਕੇ ਜੋਤਿਨ ਆਖੇ ‘ਡਰ ਨਾਂ।
ਐਡੇ, ਹਉੜੇ ਬੀਨਾ ਕਰ ਨਾ।
ਜੇ ਜ਼ਿੰਦਗੀ ਮਰਕੇ ਨਾ ਮੁੱਕੀ।
ਜੇ ਕਟਿਆਂ ਏਹ ਵੇਲ ਨਾ ਸੁਕੀ।
ਤਦ ਕਠੇ ਮੁੜਕੇ ਜੀਵਾਂਗੇ।
ਹਰੇ ਭਰੇ ਮੁੜਕੇ ਥੀਵਾਂਗੇ।
ਜੇ ਜ਼ਿੰਦਗੀ ਦੇ ਬਾਦ ਫਨਾ ਹੈ।
ਜੇਕਰ ਮਰਕੇ ਜੀਉਨ ਮਨਾ ਹੈ।
ਤਦ ਆਪੋ ਵਿਚ ਜਫਿਆਂ ਪਾਕੇ।
ਇਕ ਦੂਜੇ ਨੂੰ ਸੀਨੇ ਲਾਕੇ।

ਮੌਤ ਦੀ ਖੁਲੀ ਵਾਦੀ ਅੰਦਰ।
ਸ਼ਾਂਤ ਭਰੀ ਆਜ਼ਾਦੀ ਅੰਦਰ।
ਚੈਨ ਲਵਾਂਗੇ ਘੂਕ ਸਵਾਂਗੇ।
ਦੋ ਤੋਂ ਹੋਕੇ ਇਕ ਰਵਾਂਗੇ।
ਏਥੇ ਛਡ ਏਥੋਂ ਦੀਆਂ ਰਸਮਾਂ।
ਤੋੜ ਨਿਭਨਗੀਆਂ ਅਗੇ ਕਸਮਾਂ।
ਏਹ ਸੁਨਕੇ ਬੀਨਾ ਸਿਰ ਚਾਇਆ।
ਠੁਮਨੇ ਦੇਕੇ ਦਿਲ ਖਲਵਾਇਆ।
ਕਹਿਨ ਲਗੀ ‘ਮੈਂ ਕਿਉਂ ਹੈ ਡਰਨਾ।
ਮਰਨੇ ਨੂੰ ਸਮਝਾਂ ਕਿਉਂ ਮਰਨਾ।
ਨਾਲ ਜਦੋਂ ਹੈ ਪ੍ਰੀਤਮ ਰਹਿਣਾ।
ਮੌਤ ਹੈ ਮੈਨੂੰ ਲਗਦੀ ਗਹਿਣਾ।
ਨਾਲ ਜਦੋਂ ਹੈ ਦਿਲ ਦਾ ਵਾਲੀ।
ਮੌਤ ਹੈ ਮੇਰੀ ਸੈਰ, ਨਿਰਾਲੀ।
ਜਿਨ੍ਹਾਂ ਨਾਲ ਅਖੀਆਂ ਦਾ ਚਾਨਣ।
ਮੌਤ ਹਨੇਰੇ ਵਿਚ ਰੰਗ ਮਾਨਣ।'
ਚਾਰ ਹੋਈਆਂ ਤਦ ਅਖੀਆਂ ਗਿਲੀਆਂ।
ਵਾਰ ਅਖੀਰੀ ਬੁਲੀਆਂ ਮਿਲੀਆਂ।
ਇਕ ਦੂਜੇ ਨੂੰ ਗਲ ਵਿਚ ਲੈਂਦੇ।
'ਜੋਤਿਨ’ ‘ਬੀਨਾ’ ਕਹਿੰਦੇ ਕਹਿੰਦੇ।
ਸਦਾ ਲਈ ਦੋਵੇਂ, ਚੁਪ ਹੋਏ।
ਢਾਹਾਂ ਮਾਰ ਜਵਾਨੀ ਰੋਏ।

ਲੇਕ.

ਕਾਲੀ ਬੋਲੀ ਰਾਤ ਹਨੇਰੀ।
ਤਾਰਿਆਂ ਕੀਤੀ ਬੜੀ ਦਲੇਰੀ।
ਉਤਰ ਅਕਾਸੋਂ ਹੇਠਾਂ ਆਏ।
ਪਾਨੀ ਉਤੇ ਡੇਰੇ ਲਾਏ।
ਮਲ ਮਲ ਪਿੰਡੇ ਨਾਹਵਨ ਲਗ ਪੈ।
ਪਾਨੀ ਦੇ ਵਿਚ ਦੀਵੇ ਜਗ ਪੈ।
ਹਸਨ, ਖੇਡਨ, ਟੁਬੀਆਂ ਲਾਵਨ।
ਸਿਰੀਆਂ ਕੱਢਨ ਕਦੀ ਛੁਪਾਵਨ।
ਕੁਦਰਤ ਐਸਾ ਰੰਗ ਜਮਾਇਆ।
ਜਾਪੇ ਅਰਸ਼ ਫਰਸ਼ ਤੇ ਆਇਆ।
ਦੋ ਅਸਮਾਨ ਦੋਹਾਂ ਵਿਚ ਤਾਰੇ।
ਅਖ ਨੂੰ ਪਿਆ ਭੁਲੇਖਾ ਮਾਰੇ।



ਓਦੋਂ ਉਸ ਚੁਪ ਚਾਂ ਦੇ ਅੰਦਰ।
ਰਸ ਭਿੰਨੀ ਸ਼ਾਂ ਸ਼ਾਂ ਦੇ ਅੰਦਰ।
ਮਹਿਫਲ ਅਰਸ਼ੀ ਸੱਜ ਰਹੀ ਸੀ।
ਅਨਹਦ ਦੀ ਸੁਰ ਵੱਜ ਰਹੀ ਸੀ।
ਦੋ ਰੂਹਾਂ ਬਾਹਵਾਂ ਵਿਚ ਬਾਹਵਾਂ।
ਨੱਚ ਰਹੀਆਂ ਸੀ ਵਿਚ ਹਵਾਵਾਂ।