ਯਾਦਾਂ/ਦਸਮ ਗੁਰੂ

ਵਿਕੀਸਰੋਤ ਤੋਂ

ਦਸਮ ਗੁਰੂ

ਅਖਾਂ ਖੋਹਲ ਜੇ ਦੇਖੀਏ ਗਹੁ ਕਰਕੇ,
ਬੱਧਾ ਨੇਮ ਦੇ ਵਿਚ ਸੰਸਾਰ ਦਿਸੇ।
ਨੇਮ ਵਿਚ ਭੌਂਦੇ ਸੂਰਜ ਚੰਦ ਤਾਰੇ,
ਹਵਾ ਅੱਗੇ ਸਭ ਨੇਮ ਦੀ ਕਾਰ ਦਿਸੇ।
ਹੋਵੇ ਨੇਮ ਅੰਦਰ ਸਰਦੀ ਕਦੀ ਗਰਮੀ,
ਕਦੀ ਖਿਜ਼ਾਂ ਤੇ ਕਦੀ ਬਹਾਰ ਦਿਸੇ।
ਨੇਮ ਆਸਰੇ ਕੁਲ ਬ੍ਰਹਮੰਡ ਕਾਇਮ,
ਕੋਈ ਸ਼ੈ ਨਾ ਨੇਮ ਥੀਂ ਬਾਹਰ ਦਿਸੇ।
ਪਾਨੀ ਵਗੇ ਨੀਵਾਂ ਕਿਸੇ ਨੇਮ ਅੰਦਰ,
ਕਿਸੇ ਨੇਮ ਅੰਦਰ ਪਤੇ ਹੱਲਦੇ ਨੇ।
ਸਿਰਜਨਹਾਰ ਨੇ ਰਚੇ ਅਸੂਲ ਜੇਹੜੇ,
ਥੋੜੇ ਕੀਤਿਆਂ ਕਦੀ ਨਾ ਟੱਲਦੇ ਨੇ।

ਏਹ ਵੀ ਨੇਮ ਹੀ ਹੈ ਕਿ ਜਹਾਨ ਅੰਦਰ,
ਨੇਕੀ ਬਦੀ ਦੀ ਸਦਾ ਲੜਾਈ ਰਹਿੰਦੀ।
ਡਟੀਆਂ ਰਹਿਨ ਦੋਵੇਂ ਹੀ ਮੁਕਾਬਲੇ ਤੇ,
ਇਕ ਦੂਈ ਦੀ ਲਹੂ ਤਿਹਾਈ ਰਹਿੰਦੀ।
ਪੂਰੀ ਜਿਤ ਨਾ ਕਿਸੇ ਦੀ ਕਦੀ ਹੁੰਦੀ,
ਆਮ ਤੌਰ ਤੇ ਐਸੀ ਸਫਾਈ ਰਹਿੰਦੀ।
ਐਪਰ ਜਦੋਂ ਨੇਕੀ ਉਕੀ ਮਰਨ ਲਗੇ,
ਏਹਦੀ ਗੈਬ ਥੀਂ ਆਨ ਵਡਿਆਈ ਰਹਿੰਦੀ।
ਏਹ ਵੀ ਨੇਮ ਹੀ ਹੈ ਕਿ ਕਰਤਾਰ ਓਦੋਂ,
ਅਪਨੇ ਨੇਮ, ਸਾਰੇ ਭੁਲ ਜਾਂਵਦਾ ਹੈ।
ਇਕੋ ਜਿਹਾ ਕਰਨੇ ਦੋਹਾਂ ਦਾ ਪਾਸਾ,
ਏਸ ਜਗ ਉਤੇ ਆਪ ਆਂਵਦਾ ਹੈ।

ਏਸੇ ਤਰਾਂ ਪਟਨੇ ਅੰਦਰ ਇਕ ਵਾਰੀ,
ਕੁਦਰਤ ਰਾਨੀ ਦਾ ਨੇਮ ਸਭ ਟੁਟਿਆ ਸੀ।
ਰਬੀ ਮੇਹਰ ਨੇ ਜੋਸ਼ ਦੇ ਵਿਚ ਆਕੇ,
ਅਪਨਾ ਸਭ ਕੈਦਾ ਬਦਲ ਸੁਟਿਆ ਸੀ।
ਰੂਪ ਰੇਖ ਤੇ ਰੰਗ ਤੋਂ ਰਹਿਤ ਈਸ਼ਰ,
ਜਨਮ ਧਾਰਨੇ ਦੇ ਲਈ ਤੁਠਿਆ ਸੀ।
ਜਿਸਦੀ ਸੋ ਨੇਕੀ ਨੂੰ ਸੁਰਜੀਤ ਕੀਤਾ,
ਅਤੇ ਬਦੀ ਦਾ ਕਾਲਜਾ ਕੁਠਿਆ ਸੀ।
ਹੋ ਅਕਾਲ ਤੇ ਜੂਨ ਤੋਂ ਰਹਿਤ ਹੋਕੇ,
ਜਾਮਾ ਸ਼ੇਰ ਬਬਰਾਂ ਵਾਲਾ ਧਾਰ ਆਇਆ।
ਦੁਸ਼ਟ ਮਾਰਨੇ ਸੰਤ ਉਭਾਰਨੇ ਨੂੰ,
ਕਲਾ ਧਾਰ ਕੇ ਆਪ ਕਰਤਾਰ ਆਇਆ।

ਇਕ ਤਰਾਂ ਤੇ ਓਹ ਇਨਸਾਨ ਹੀ ਸੀ,
ਇਕ ਤਰਾਂ ਪਰ ਆਪ ਕਰਤਾਰ ਹੀ ਸੀ।
ਇਕ ਤਰਾਂ ਆ ਗਿਆ ਸੀ ਹਦ ਅੰਦਰ,
ਇਕ ਤਰਾਂ ਲਾਹਦ ਅਪਾਰ ਹੀ ਸੀ।
ਇਕ ਤਰਾਂ ਵਾਸੀ ਸੀ ਅਨੰਦਪੁਰ ਦਾ,
ਇਕ ਤਰਾਂ ਰਵਿਆ ਪਾਸੇ ਚਾਰ ਹੀ ਸੀ।
ਇਕ ਤਰਾਂ ਅੰਮ੍ਰਿਤ ਛਕਿਆ ਸਿਖ ਹੀ ਸੀ,
ਇਕ ਤਰਾਂ ਪਰ ਗੁਰੂ ਅਵਤਾਰ ਹੀ ਸੀ।
ਦੋ ਰੂਪ ਤੋਂ ਇਕ ਹੋ ਗਿਆ ਸੀ ਓਹ,
ਆਕਾਰ ਵੀ ਸੀ, ਨਿਰੰਕਾਰ ਵੀ ਸੀ।
ਆਪੇ ਪੂਜਦਾ ਸੀ ਅਪਨੇ ਆਪ ਤਾਂਈਂ,
ਰਚਿਆ ਗਿਆ ਵੀ ਸੀ ਰਚਨਹਾਰ ਵੀ ਸੀ।

ਏਸੇ ਵਾਸਤੇ ਹੀ ਏਸ ਬ੍ਰਹਮ ਗਿਆਨੀ ਵਾਲਾ,
ਕਿਸੇ ਨੂੰ ਅੰਤ ਨਾ ਆਂਵਦਾ ਸੀ।
ਅਖਾਂ ਖੋਹਲ ਕਰਦਾ ਕਰਤਬ ਆਦਮੀ ਦੇ,
ਅਖਾਂ ਮੀਟ ਕੇ ਰਬ ਹੋ ਜਾਂਵਦਾ ਸੀ।
ਪੁਤਰ ਕਟਦੇ ਵੇਖਕੇ ਹਸਦਾ ਸੀ,
ਦੁਖੀ ਵੇਖਕੇ ਨੀਰ ਵਹਾਂਵਦਾ ਸੀ।
ਬਾਜ ਚਿੜੀਆਂ ਦੇ ਕੋਲੋਂ ਤੁੜਾਂਂਵਦਾ ਸੀ,
ਇਕ ਲਖਾਂ ਦੇ ਨਾਲ ਲੜਾਂਵਦਾ ਸੀ।
ਕਿਤੇ ਗੱਜਦਾ ਸੀ ਕਹਿਰਵਾਨ ਹੋਕੇ,
ਕਿਤੇ ਵਸਦਾ ਸੀ ਮੇਹਰ ਵਿਚ ਆਕੇ।
ਕਿਤੇ ਤਾਰਦਾ ਵੈਰੀਆਂ ਦਰਸ ਦੇਕੇ,
ਕਿਤੇ ਸਾੜਦਾ ਆਪਨੇ ਤੇਲ ਪਾਕੇ।

ਤੀਰ ਮਾਰ ਮੀਲਾਂ ਤੋਂ ਉਲਟਾਏ ਚੌਂਂਪਟ,
ਬਾਹੂ ਬਲ ਵਾਲਾ ਸਖੀ ਹਥਦਾ ਸੀ।
ਸਚਾ ਨਿਆਂਕਾਰੀ ਬਾਂਕਾ ਅਨਖ ਵਾਲਾ,
ਸੁਖਨ ਪਾਲ ਤੇ ਸੂਰਮਾਂ ਸੱਥਦਾ ਸੀ।
ਕਵੀ ਸੰਤ ਤਿਆਗੀ ਤੇ ਬ੍ਰਹਮ ਗਿਆਨੀ,
ਜਾਨਨ ਹਾਰ ਸਭ ਕਥਾ ਅਕੱਥਦਾ ਸੀ।
ਪਈਏ ਜਿਦੇ ਸੀ ਜ਼ਿਮੀਂਂ ਅਸਮਾਨ ਅੰਦਰ,
ਬਨਿਆ ਸਾਰਥੀ ਓਹ ਐਸੇ ਰਥਦਾ ਸੀ।
ਰਾਜੇ ਰਾਨੇ ਤੇ ਖਾਨ ਸੁਲਤਾਨ ਕੰਭੇ,
ਚਕਰੀ ਜ਼ਿਮੀਂ ਤੇ ਓਸ ਭਵਾਈ ਐਸੀ।
ਕੀਤਾ ਕੁਲ ਨਬੀਆਂਂ ਵਾਲੀਆਂ ਆਨ ਸਜਦਾ,
ਗੁਡੀ ਅਰਸ਼ ਤੇ ਓਸ ਉਡਾਈ ਐਸੀ।

ਜਿਸਨੇ ਸਿਫਤ ਕੀਤੀ ਸਿਫਤਾਂ ਓਹਦੀਆਂ ਦੀ,
ਸਿਫਤਵਾਨ ਮਸ਼ਹੂਰ ਸੰਸਾਰ ਹੋਇਆ।
ਜਿਸਨੇ ਰਮਜ਼ ਉਹਦੀ ਇਕ ਵੀ ਸਮਝੀ,
ਲੁਕੇ ਪਰਦਿਆਂ ਦਾ ਜਾਨਨਹਾਰ ਹੋਇਆ।
ਚਰਨ ਧੂੜ ਉਸਦੀ ਜਿਸਨੇ ਲਾਈ ਮਥੇ,
ਓਹ ਅਕਸੀਰ ਹੋਇਆ ਤਾਜਦਾਰ ਹੋਇਆ।
ਜਿਸਨੇ ਇਕ ਵਾਰੀ ਉਸਦਾ ਦਰਸ ਕੀਤਾ,
ਆਪਾ ਭੁਲਿਆ ਰੂਪ ਕਰਤਾਰ ਹੋਇਆ।
ਜਿਸਨੇ ਭੈ ਕੀਤਾ ਸਚੇ ਦਿਲੋਂ ਓਹਦਾ,
ਓਹਦੇ ਡਰ ਲੈ ਗਏ ਤੇ ਨਿਰਭੈ ਹੋਇਆ।
ਉਹਦੀ ਜ਼ਾਤ ਨੂੰ ਪਾ ਗਿਆ ‘ਬੀਰ’ ਓਹੋ,
ਜਿਸਨੇ ਖੋਜ ਅੰਦਰ ਅਪਨਾ ਆਪ ਖੋਇਆ।