ਯਾਦਾਂ/ਲਾਹੌਰ ਦੀ ਗਰਮੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਵਿਕੀਸਰੋਤ ਤੋਂ
ਯਾਦਾਂ ਰਘਬੀਰ ਸਿੰਘ 'ਬੀਰ'
ਲਾਹੌਰ ਦੀ ਗਰਮੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਲਾਹੌਰ ਦੀ ਗਰਮੀ

ਅਤੇ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਯਾਦ ਹੈ ਮੈਨੂੰ ਮਹੀਨੇ ਜੇਠ ਦੀ ਇਕ ਰਾਤ ਸੀ,
ਗਰਮੀਆਂ ਦੀ ਅਰਸ਼ ਤੇ ਗੁਡੀ ਤੇ ਸਰਦੀ ਮਾਤ ਸੀ।
ਤੁਲਸੂੰ ਤੁਲਸੂੰ ਲੋਕ ਚਾਰੇ ਪਾਸਿਆਂ ਤੇ ਕਰ ਰਹੇ,
ਤਪਸ਼ ਦੇ ਤੀਰਾਂ ਨੂੰ ਸਿਰ ਸੁਟੀ ਵਿਚਾਰੇ ਜਰ ਰਹੇ।
ਪਾਣੀ ਮੁੜ ਮੁੜ ਪੀਂਵਦੇ ਤੇ ਮੁੜਕਾ ਮੁੜਕਾ ਹੋਵੰਦੇ,
ਮਛਲੀ ਵਾਂਗਰ ਬਿਸਤਰੇ ਤੇ ਤੜਫਦੇ ਦਿਲ ਖੋਵੰਦੇ।
ਲੋਰੀਆਂ ਦੇਂਦੀ ਤੇ ਥਾਪੜਦੀ ਕੋਈ ਮਾਂ ਅਕ ਗਈ,
ਚੂੜੇ ਵਾਲੀ ਬਾਂਹ ਕੋਈ ਝਲ ਝਲ ਕੇ ਪਖਾ ਥਕ ਗਈ।
ਤਪਸ਼ ਨੇ ਕੁਮਲਾ ਕੇ ਫੁਲਾਂ ਨੂੰ ਬਨਾਇਆ ਖਾਰ ਸੀ,
ਗੁਲਬਦਨ ਲੋਕਾਂ ਗਲੇ ਚੋਂ ਲਾਹਕੇ ਮਾਰੇ ਹਾਰ ਸੀ।
ਖੁਸ਼ਕ ਹੋਇ ਬਦਨ, ਫੈਲੀ ਹਵਾ ਅੰਦਰ ਰਾਖ ਸੀ,
ਕੋਠੇ ਛਤਾਂ ਬੂਹੇ ਬਨੇ ਹੋਏ ਲੋਹੇ ਲਾਖ ਸੀ।
ਹੋਗਿਆ ਹੁਸੜ ਸੀ ਡਾਹਢਾ, ਹਵਾ ਚਲਨੋ ਰੁਕ ਗਈ,
ਨਾਲ ਤਾਲੂ ਜਾਕੇ ਲਗੀ ਜੀਬ ਮੂੰਹ ਵਿਚ ਸੁਕ ਗਈ।

ਤਾਰਿਆਂ, ਅਗ ਦੇ ਲਾਂਬੂ ਨਿਕਲਦੇ ਭਾਸਦੇ,
ਡੌਰੇ ਭੌਰੇ ਹੋ ਗਏ ਸੀ ਤੋਰ ਬਿਰਧ ਅਕਾਸ ਦੇ।
ਜਗਤ ਸੜਦੇ ਬਲਦੇ ਦੋਜ਼ਖ ਦਾ ਨਮੂਨਾ ਜਾਪਦਾ,
ਗਰਮੀ ਬਨ ਆਈ ਸੀ ਬਦਲਾ ਆਦਮੀ ਦੇ ਪਾਪ ਦਾ।
ਹੋਗਿਆ ਮੁਸ਼ਕਲ ਸੀ ਡਾਹਢਾ ਸੌਣਾ ਮੇਰੇ ਵਾਸਤੇ,
ਰਾਤ ਸੀ ਜਾਂ ਸੋਚ ਅੰਦਰ ਭੌਨਾ ਮੇਰੇ ਵਾਸਤੇ।
ਦੁਖ ਸਮੇਂ ਦੁਖ ਯਾਦ ਔਂਂਦੇ, ਹੈ ਸੁਭਾ ਇਨਸਾਨ ਦਾ,
ਆਇਆ ਉਨੋਂ ਖਿਆਲ ਅਰਜਨ ਗੁਰੂ ਦੇ ਇਮਧਾਨ ਦਾ।
ਏਹੋ ਖੂਨੀ ਰੁੱਤ ਸੀ ਇਹੋ ਹੀ ਸ਼ਹਿਰ ਲਾਹੌਰ ਸੀ,
ਡੇਮੂਆਂ ਨੇ ਏਥੇ ਹੀ ਅਜ਼ਮਾਇਆ ਅਰਸ਼ੀ ਭੌਰ ਸੀ।
ਏਥੇ ਹੀ ਕੁਦਰਤ ਨੇ ਖੋਟਾ ਖਰਾ ਪਰਖਨ ਦੇ ਲਈ,
ਚਾੜੀਆਂਂ ਘਸਵੱਟੀਆਂ ਤੇ ਭੱਠੀਆਂ ਤਾਈਆਂ ਕਈ।
ਨਿਭ ਗਏ ਕੀਤੇ ਸੁਖਨ ਏਥੇ ਸਿਰਾਂ ਦੇ ਨਾਲ ਸੀ,
ਕਹਿਣੀ ਬਹਿਣੀ ਰੈਹਨੀ ਵਿਚ ਆਇਆ ਫਰਕ ਨਾ ਵਾਲ ਸੀ।
ਗੱਦੀ ਗੁਰਯਾਈ ਤੇ ਬਹਿਕੇ ਕੀਤੇ ਜੋ ਉਪਦੇਸ਼ ਸੀ,
ਖੁਦ ਕਮਾ ਦਸੇ ਜਦੋਂ ਆਈ ਜ਼ਰੂਰਤ ਪੇਸ਼ ਸੀ।
ਆਤਮਾਂ ਤੇ ਜਿਸਮ ਦੀ ਏਥੇ ਹੀ ਹੋਈ ਜੰਗ ਸੀ,
'ਹੌਮੇਂ’ ਠੁਕਰਾਈ ਗਈ ‘ਭਾਨੇ' ਨੂੰ ਲੱਗੇ ਰੰਗ ਸੀ।
ਰਿਦੀ, ਸਿਦੀ, ਕਰਾਮਾਤਾਂ, ਸ਼ਕਤੀਆਂ, ਹੁੰਦੇ ਹੋਏ,
ਭਾਨੇ ਦੀ ਵਡਿਆਈ ਰੌਸ਼ਨ ਕੀਤੇ ਕੁਲ ਜਹਾਨ ਤੇ।

ਬ੍ਰਹਮ ਗਿਆਨੀ ਦੀ ਲਿਖੀ ਵਿਚ ਸੁਖਮਨੀ ਤਾਰੀਫ ਜੋ,
ਬੈਠ ਤੱਤੇ ਤਵੇ ਤੇ ਕੀਤਾ ਨਮੂਨਾ ਪੇਸ਼ ਓ।
ਚੌਰ ਝੁਲਵਾ ਮੂਹੋਂ ਉਸਤਤ ਨਿਕਲੀ ਜੇ ਕਰਤਾਰ ਦੀ,
ਰੇਤ ਤੱਤੀ ਦੇ ਪਿਆਂ ਵੀ ਜੀਬ ਸਿਫਤ ਉਚਾਰਦੀ।
ਏਥੇ ਹੀ ਆਲਮ ਨੂੰ ਆਕੇ ਅਮਲ ਦੇ ਪਰਚੇ ਪਏ,
ਲੈ ਸ਼ਹੀਦੀ ਡਿਗਰੀਆਂ ਹੋ ਸੁਰਖਰੂ ਆਸ਼ਕ ਗਏ।
ਗਿਨਤੀਆਂ ਹੀ ਗਿਨਦਿਆਂ ਸਾਰੀ ਗੁਜ਼ਰ ਗਈ ਰਾਤ ਸੀ,
ਸੁਰਤ ਜੱਦ ਪਰਤੀ ਤਾਂ ਡਿਠਾ ਹੋ ਗਈ ਪ੍ਰਭਾਤ ਸੀ।