ਸਮੱਗਰੀ 'ਤੇ ਜਾਓ

ਯਾਦਾਂ/ਨੌਜਵਾਨ ਸਿਖਾ!

ਵਿਕੀਸਰੋਤ ਤੋਂ



ਨੌਜਵਾਨ ਸਿਖਾ!


ਨੌ ਜਵਾਨ ਸਿਖਾ ਬੇਸ਼ਕ ਤੈਨੂੰ,
ਪਿਆ ਕੋਟ ਵੀ ਏ ਪਤਲੂਨ ਵੀ ਏ।
ਹਥ ਘੜੀ ਤੇ ਗਲੇ ਨਕਟਾਈ ਕਾਲਰ,
ਮਲਿਆ ਮੂੰਹ ਤੇ ਖੂਬ ਸਾਬੂਨ ਵੀ ਏ।
ਪਰ ਦਸ ਪਿਛਲੇ ਸਿਖੀ ਸਿਦਕ ਵਾਲਾ,
ਤੇਰੇ ਘਰ ਆਟੇ ਵਿਚੋਂ ਲੂਨ ਵੀ ਏ?
ਬਨਿਆਂ ਫਿਰੇ ਪੁਤਰ ਬਾਜਾਂ ਵਾਲੜੇ ਦਾ,
ਰਗਾਂ ਵਿਚ ਉਸ ਬੀਰ ਦਾ ਖੂਨ ਵੀ ਏ?
ਤੇਰਾ ਮੁਖ ਮੰਤਵ ਦੁਨੀਆਂ ਦੀ ਇਜ਼ਤ,
ਰੰਗ ਮਾਨਨੇ ਐਸ਼ ਅਰਾਮ ਕਰਨਾ।
ਤੈਨੂੰ ਕੌਣ ਦਸੇ? ਤੇਰੇ ਵਡਿਆਂ ਦਾ,
ਆਦਰਸ਼ ਸੀ ਕੌਮ ਦੇ ਮਰਨ ਮਰਨਾ।

ਮੇਰੇ ਵੀਰ, ਜੇਕਰ ਕੁਦਰਤ ਨੂੰ ਤੇਰਾ,
ਖਾਨਾ ਪਹਿਨਣਾ ਹੀ ਮਨਜ਼ੂਰ ਹੁੰਦਾ।
ਤਾਂ ਫਿਰ ਸਚ ਜਾਨੀ ਤੇਰਾ ਜਨਮ ਜਾਕੇ,
ਕਿਸੇ ਹੋਰ ਹੀ ਮੁਲਕ ਜ਼ਰੂਰ ਹੁੰਦਾ।
ਐਸੀ ਕੌਮ ਅੰਦਰ ਹੁੰਦਾ ਵਾਸ ਜਿਸਨੂੰ,
ਖਾਨ ਪੀਨ ਦਾ ਸਿਰਫ ਸ਼ਹੂਰ ਹੁੰਦਾ।
ਜਿਥੇ ਜਿਸਮ ਦੇ ਸੁਖਾਂ ਦਾ ਰਾਜ ਹੁੰਦਾ,
ਜਿਥੇ ਆਤਮਾ ਦਾ ਮਸਲਾ ਦੂਰ ਹੁੰਦਾ।
ਐਪਰ ਹੁਣ ਜੇਹੜਾ ਤੈਨੂੰ ਹੈ ਮਿਲਿਆ,
ਬਾਜਾਂ ਵਾਲੜੇ ਦਾ ਸਿਖੀ ਮਰਤਬਾ ਹੈ।
ਇਸਦੀ ਤਹਿ ਅੰਦਰ ਕਾਰਣ ਹੈ ਕੋਈ,
ਹਿਕਮਤ ਹੈ ਕੋਈ, ਕੋਈ ਫਲਸਫਾ ਹੈ।

ਜੇ ਵਿਚਾਰ ਵਾਲੀ ਦੂਰਬੀਨ ਲਾਕੇ,
ਏਸ ਜਗ ਅੰਦਰ ਝਾਤੀ ਮਾਰਦੋਂ ਤੂੰ।
ਤੇਰੇ ਸ਼ਕ ਸ਼ਿਕਵੇਂ ਸਾਰੇ ਦੂਰ ਹੁੰਦੇ,
ਵਾਹ ਵਾਹ ਹੀ ਪਿਆ ਪੁਕਾਰਦੋਂ ਤੂੰ।
ਜਿਥੇ ਰਖਿਆ ਗਿਆ ਹੈ, ਠੀਕ ਹੈ ਥਾਂ,
ਤੇਰੇ ਲਈ ਇਹੋ ਨਿਸਚਾ ਧਾਰਦੋਂ ਤੂੰ।
ਆਸ਼ਾ ਜਿੰਦਗੀ ਦਾ ਤੈਨੂੰ ਨਜ਼ਰ ਆਉਂਦਾ,
ਜੀਵਨ ਓਸ ਅਨੁਸਾਰ ਗੁਜ਼ਾਰਦੋਂ ਤੂੰ।
ਤੈਨੂੰ ਸੁਜਦੇ ਨਾ ਫੇਰ ਟਾਈ ਕਾਲਰ,
ਵਜਾ ਕਤਾ ਹੁੰਦੀ ਹੋਰ ਯਾਰ ਤੇਰੀ।
ਬੈਠੇ ਉਠਦਿਆਂ, ਸੌਂਂਦਿਆਂ ਹੋਰ ਹੀ ਥਾਂ,
ਕਿਤੇ ਵੱਜਦੀ ਸੁਰਤ ਦੀ ਤਾਰ ਤੇਰੀ।

ਵਡੇ ਤੇਰਿਆਂ ਨੇ ਜੇਹੜੇ ਸ਼ੁਰੂ ਕੀਤੇ,
ਕਾਰਜ, ਉਹਨਾਂ ਨੂੰ ਤੋੜ ਨਿਭਾਨਾ ਹੈ ਤੂੰ।
ਪਾਪ ਜੁਲਮ ਦਾ ਖੋਜ ਮਿਟਾਨਾ ਹੈ ਤੂੰ,
ਭਾਰਤ ਵਰਸ਼ ਆਜ਼ਾਦ ਕਰਾਨਾ ਹੈ ਤੂੰ।
ਡੰਕਾ ਏਕਤਾ ਵਾਲਾ ਵਜੌਨਾ ਹੈ ਤੂੰ,
ਝੰਡਾ ਸਚ ਚੌਤਰਫ ਝੁਲਾਨਾ ਹੈ ਤੂੰ।
ਭੇਦ ਆਪਨੇ ਆਪ ਦਾ ਪੌਨਾਂ ਹੈ ਤੂੰ,
ਇਕ ਇਕ ਗੁਰ ਵਾਕ ਕਮੌਨਾ ਹੈ ਤੂੰ।
ਦੇਖ ਕਿੰਨੀਆਂ ਇਹ ਜਿਮੇਵਾਰੀਆਂ ਜੋ,
ਕੁਦਰਤ ਨੇ ਤੇਰੇ ਸਿਰ ਤੇ ਰੱਖੀਆਂ ਨੇ।
ਅਖਾਂ ਖੋਲਕੇ ਦੇਖ ਕਿ ਦਸਾਂ ਗੁਰੂਆਂ,
ਤੇਰੀ ਵਲ ਲਾਈਆਂ ਹੋਈਆਂ ਅਖੀਆਂ ਨੇ।

ਤੇਰੇ ਹਕ ਦੁਨੀਆਂ ਤੈਨੂੰ ਕਿਉਂ ਦੇਵੇ,
ਜੇ ਨਾ ਆਪ ਆਵੇ ਤੈਨੂੰ ਜਾਗ ਸਿਖਾ।
ਤੂੰ ਤਾਂ ਹਕ ਕਹਿਨੈਂ ਇਸ ਜੰਗ ਅੰਦਰ,
ਤਰਲੇ ਕੀਤਿਆਂ ਨਾ ਮਿਲਦਾ ਸਾਗ ਸਿਖਾ।
ਹਕ ਲੈਵਨੇ ਦੀ ਜਾਂ ਗਵਾਵਨੇ ਦੀ,
ਤੇਰੇ ਆਪਨੇ ਹਥ ਹੈ ਵਾਗ ਸਿਖਾ।
ਜੇਹੜੇ ਜਾਗਦੇ ਨੇ ਹੰਸ ਹੋ ਜਾਂਦੇ,
ਸੁਤੇ ਰਹਿਨ ਜੇਹੜੇ ਰਹਿੰਦੇ ਕਾਗ ਸਿਖਾ।
ਸੁਤੇ ਰਹਿਨ ਜੇਹੜੇ ਉਹ ਵੀ ਜਾਗਦੇ ਨੇ,
ਐਪਰ ਜਾਗਦੇ ਨੇ ਘਰ ਲੁਟਾ ਕੇ ਤੇ।
ਮਿਸਲ ਓਹਨਾਂ ਦੀ ਹੈ ਓਸ ਲਾਸ਼ ਵਾਂਗਰ,
ਜਿਸ ਨੂੰ ਮਿਲੀ ਬੇੜੀ ਪਰ ਡੁਬਾ ਕੇ ਤੇ।