ਸਮੱਗਰੀ 'ਤੇ ਜਾਓ

ਯਾਦਾਂ/ਕੀ ਸਮਝਾਂ?

ਵਿਕੀਸਰੋਤ ਤੋਂ
30530ਯਾਦਾਂ — ਕੀ ਸਮਝਾਂ?ਰਘਬੀਰ ਸਿੰਘ 'ਬੀਰ'

ਕੀ ਸਮਝਾਂ?

ਆਸ ਫਕਰ ਜੇ ਸ਼ਾਹ ਦਾ ਵਸਲ ਹੋਵੇ,
ਉਹ ਮੈਂ ਅਕਲ ਸਮਝਾਂ ਕਿ ਸੁਦਾ ਸਮਝਾਂ।
ਜਿਸਨੂੰ ਗੋਦੜੀ ਦੇ ਵਿਚੋਂ ਲਾਲ ਲਭੇ,
ਉਹ ਮੈਂ ਸ਼ਾਹ ਸਮਝਾਂ ਕਿ ਗਦਾ ਸਮਝਾਂ।
ਰੋਮ ਰੋਮ ਰਮਿਆਂ ਪਰ ਨਾ ਨਜ਼ਰ ਆਵੇ,
ਉਹ ਮੈਂ ਨਾਲ ਸਮਝਾਂ ਕਿ ਜੁਦਾ ਸਮਝਾਂ।
ਸਮਝਾਂ ਇਹ ਕਿ ਉਹ ਮੇਰਾ ਹੈ ਆਸ਼ਕ,
ਕਿ ਮੈਂ ਆਪਨੂੰ ਉਸ ਤੋਂ ਫਿਦਾ ਸਮਝਾਂ।
ਜੇਹੜੇ ਨੈਣਾ ਨੇ ਕੀਤਾ ਸ਼ਹੀਦ ਮੈਨੂੰ,
ਉਹ ਮੈਂ ਤੀਰ ਸਮਝਾਂ ਕਿ ਅਦਾ ਸਮਝਾਂ।
'ਬੀਰ' ਵਸਦਾ ਜੋ ਦਿਲ ਦੇ ਵਿਚ ਮੇਰੇ,
ਉਹ ਮੈਂ ਬੁਤ ਸਮਝਾਂ ਕਿ ਖੁਦਾ ਸਮਝਾਂ।


( ੧ )

ਬਾਜਾਂ ਵਾਲੇ ਗੁਰੂ ਤੇਰਾ ਲੈਂਦਿਆਂ ਹੀ ਨਾਮ
ਇਕ ਅਖੀਆਂ ਦੇ ਵਿਚ ਤਸਵੀਰ ਖਿਚੀ ਜਾਂਵਦੀ।
ਮੀਟ ਲਵਾਂ ਅੱਖੀਆਂ ਕਿ ਕਿਤੇ ਨਜ਼ਰ ਲਗ ਜਾਂਂਵੇ,
ਅਖੀਆਂ ਤੋਂ ਲਹਿਕੇ ਦਿਲੇ ਵਿਚ ਜਾ ਸਮਾਂਵਦੀ।
ਭੁਲੀਆਂ ਨੇ ਖੇਡਾਂ ਸਾਨੂੰ ਜਦੋਂ ਦੀ ਏਹ ਖੇਡ ਲੱਭੀ,
ਪਰ ਹਾਂ ਹੈਰਾਨ ਇਕ ਸਮਝ ਨਾ ਆਂਵਦੀ।
ਤੇਰੇ ਜਹੇ ਗੁਰੂ ਬਪਰਵਾਹ ਸ਼ਹਿਨਸ਼ਾਹ ਤਾਈਂਂ,
ਮੇਰੇ ਮੈਲੇ ਦਿਲ ਜਹੀ ਜਗ੍ਹਾ ਕਿਵੇਂ ਭਾਂਵਦੀ?

( ੨ )

ਭੁਲਾਂ ਭੱਰੀ ਜ਼ਿੰਦਗਾਨੀ ਭਰੇ ਖੁਸ਼ੀ ਨਾਲ ਮੈਨੂੰ,
ਬੜਾ ਹਾਂ ਹਸਾਨਮੰਦ ਇਕ ਇਕ ਭੁਲ ਦਾ।
ਰਬ ਨਾ ਬਨਾਂਵਦਾ ਜੇ ਭੁਲਨਹਾਰ ਆਦਮੀ ਨੂੰ,
ਉਹਦੀ ਬਖਸ਼ਿੰਦਗੀ ਦਾ ਭੇਦ ਕਿਵੇਂ ਖੁਲਦਾ।
ਭੁਲ ਵਿਚ ਫੁੱਲ ਅਨਮੁੱਲ ਵਾਹਿਗੁਰੂ ਨੇ ਰਖੇ,
ਪਾਰ ਹੋਨ ਲਈ ਭੁਲ ਕੰਮ ਦੇਵੇ ਪੁੱਲ ਦਾ।
ਜਿਨੂੰ ਪੈਰ ਤਿਲਕਿਆਂ ਜਮੀਨ ਤੋਂ ਰੁਪਈਆ ਲਭੇ,
ਉਹਨੂੰ ਠੀਕ ਪਤਾ ਹੁੰਦਾ ਭੁਲ ਵਾਲ ਮੁੱਲ ਦਾ।