ਯਾਦਾਂ/ਇਕ ਸਾਂਈੰ

ਵਿਕੀਸਰੋਤ ਤੋਂ

ਇਕ ਸਾਂਈਂ


ਇਕ ਫਕਰ ਸਾਂਈਂ ਨੇ ਕਿਹਾ,
ਵੇਸਵਾ ਵੇਖ ਬਜ਼ਾਰ ਅੰਦਰ।
"ਏਹ ਕਿਹਾ ਫਤੂਰ ਮਚਾਇਆ ਈ,
ਸਾਰੇ ਸੰਸਾਰ ਅੰਦਰ।
ਲੱਖ ਲਾਨਤ ਤੇਰੀ ਚਾਲ ਰੂਪ,
ਅਲਮਸਤ ਜਵਾਨੀ ਤੇ।
ਖਲਖਤ ਸਾਰੀ ਚਾ ਜਕੜੀਊ,
ਨਜ਼ਰਾਂ ਦੀ ਤਾਰ ਅੰਦਰ।
ਚਲਦੇ ਗੁਮਰਾਹੇਂ ਹਸ ਹਸਕੇ,
ਨੇਕੀ ਦਾ ਖੂਨ ਕਰੇਂ।
ਵੱਸਦੇ ਬਰਬਾਦ ਜੋ ਕੀਤੇ ਨੀ,
ਨਾ ਆਉਣ ਸ਼ੁਮਾਰ ਅੰਦਰ।
ਅਰਸ਼ਾਂ ਤੋਂ ਭੁੰਜੇ ਚਾ ਡੇਗੇਂ,
ਮਾਸੂਮ ਸ਼ਿਕਾਰ ਕਰੇਂ।
ਅਨਗਿਨਤ ਕਰੀ ਜਾਂਵੇ ਵਾਧੇ,
ਪਾਪਾਂ ਦੇ ਭਾਰ ਅੰਦਰ।"

ਉਹ ਠਹਿਰੀ ਸਾਂਈ ਵਲ ਤੱਕੀ,
ਤੇ ਨਾਲ ਅੱਦਾ ਬੋਲੀ।
'ਕਿਉਂ ਸਾਈਂ ਜੀ ਐਵੇਂ ਆ ਗਏ,
ਇਤਨੇ ਹੰਕਾਰ ਅੰਦਰ?
ਮੇਰੀ ਬਾਬਤ ਫਰਮਾਇਆ ਜੋ,
ਸੱਚ ਸੋਲਾਂ ਆਨੇ ਹੈ।
ਪਰ ਜੋ ਦਿੱਸਾਂ ਓਹੋ ਹੀ ਹਾਂ,
ਇਕੋ ਜੇਹੀ ਬਾਹਰ ਅੰਦਰ।
ਕੀ ਤੂੰ ਵੀ ਅੰਦਰੋਂ ਐਸਾ ਹੈਂਂ,
ਜੈਸਾ ਦਿਸੇਂ ਬਾਹਰੋਂ?
ਜੇ ਫਰਕ ਹੱਈ ਤਾਂ ਮੈਂ ਜਿਤੀ,
ਤੂੰ ਆਇਓਂ ਹਾਰ ਅੰਦਰ।"
ਖ਼ਵਰੇ ਕੀ ਹੋਇਆ ਸਾਈਂ ਨੂੰ,
ਉਸਦੀ ਏਹ ਗਲ ਸੁਨਕੇ।
ਨੀਵਾਂ ਸਿਰ ਅਖੀਆਂ ਪਾ ਲਈਆਂ,
ਡੁਬ ਗਿਆ ਵਿਚਾਰ ਅੰਦਰ।
ਰੋਂਦਾ ਕੁਰਲਾਂਦਾ ਤੇ ਕਹਿੰਦਾ,
ਮੁੜ ਗਿਆ ਵਿਰਾਨੇ ਨੂੰ।
"ਕੀਕਨ ਧੋਪੇ ਬਹੁ ਮੈਲ ਭਰੀ,
'ਬੀਰ' ਔਗਨਹਾਰ ਅੰਦਰ।"