ਯਾਦਾਂ/ਧੀ ਦੇ ਵਿਆਹ ਸਮੇਂ ਮਾਤਾ ਦੇ ਵਲਵਲੇ

ਵਿਕੀਸਰੋਤ ਤੋਂ
Jump to navigation Jump to search


ਧੀ ਦੇ ਵਿਆਹ ਸਮੇਂ ਮਾਤਾ ਦੇ ਵਲਵਲੇ

ਵਾਜੇ ਵੱਜਦੇ ਬੂਹੇ ਤੇ ਹੋਨ ਖੁਸ਼ੀਆਂ,
ਗਾਵਨ ਮੰਗਲਾਚਾਰ ਦੇ ਗੀਤ ਸਾਰੇ।
ਕੱਠਾ ਹੋ ਗਿਆ ਏ ਮੇਲ ਗੇਲ ਆਕੇ,
ਖੁਸ਼ੀ ਮਾਂਵਦੇ ਨਾ ਭਾਈ ਮੀਤ ਸਾਰੇ।
ਮੈਂ ਵੀ ਹੱਸਦੀ ਹੱਸਦੀ ਕਰੀ ਜਾਵਾਂ,
ਚਾਂਈ ਚਾਂਈਂ ਪੂਰੇ ਰਸਮ ਰੀਤ ਸਾਰੇ।
ਐਪਰ ਕੌਨ ਜਾਨੇ ਕੀ ਖਿਆਲ ਆਕੇ,
ਮੇਰੇ ਵਿੱਚ ਸੀਨੇ ਰਹੇ ਬੀਤ ਸਾਰੇ।

ਜਾਨ ਜਿਸਮ ਤੇ ਜਿਗਰ ਦਾ ਜੋ ਟੁਕੜਾ,
ਕੁਖੋਂ ਜਮਿਆਂ ਸ਼ੀਰ ਪਿਆਇਆ ਜਿਸਨੂੰ।
ਵਾਂਗ ਪੁਤਰਾਂ ਲਾਡ ਲਡਾਇਆ ਜਿਸਨੂੰ,
ਚਾਂਈਂ ਚਾਂਈਂ ਅਸਕੂਲ ਪੜਾਇਆ ਜਿਸਨੂੰ।
ਉਸ ਤੋਂ ਵਿਛੜਨੇ ਦਾ ਸਮਾਂ ਆ ਗਿਆ ਵੇ,
ਸਦਾ ਵੇਖਕੇ ਦਿਲ ਪਰਚਾਇਆ ਜਿਸਨੂੰ।
ਕਿਵੇਂ ਰਹਾਂਗੀ ਹੁਣ ਡਿੱਠੇ ਬਾਝ ਉਸਦੇ,
ਅਖੋ ਪਰੇ ਨਾ ਕੱਦੀ ਹਟਾਇਆ ਜਿਸਨੂੰ।

'ਨਾਜ਼ਾਂ ਪਾਲੀਏ, ਲਾਡ ਲਡਿਕੀਏ ਨੀ,
ਜਾਨਾਂ ਤੂੰ ਹੁਣ ਨਵੇਂ ਸੰਸਾਰ ਅੰਦਰ।
ਓਥੇ ਕੰਮ ਆਸੀ ਖੂਬ ਸੁਨੀਂ ਜਾਵੀਂ,
ਮੇਰੀ ਸਿਖਿਆ ਲਫਜ਼ ਦੋ ਚਾਰ ਅੰਦਰ।
ਟੁਰੀਂ ਸੌਰਿਆਂ ਦੀ ਸਦਾ ਤਾਰ ਅੰਦਰ,
ਅਪਨੀ ਜਿਤ ਸਮਝੀਂ ਸਦਾ ਹਾਰ ਅੰਦਰ।
ਸੱਜੀ ਰਹੀਂ ਸੇਵਾ ਦੇ ਸ਼ਿੰਗਾਰ ਅੰਦਰ,
ਸਮਝੀਂ ਫਰਕ ਨਾ ਪੱਤੀ ਕਰਤਾਰ ਅੰਦਰ।

ਜਤ ਸਤ ਦੇ ਗਹਿਣੇਂ ਹੰਡਾਈ ਬੇਟੀ,
ਸ਼ਰਮ ਧਰਮ ਦੀ ਸਦਾ ਪੁਸ਼ਾਕ ਪਾਂਵੀਂ।
ਮੂੰਹ ਤੇ ਰਹੀਂ ਮਿਲਦੀ ਖਿਮਾਂ ਦਾ ਪੋਡਰ,
ਬਿੰਦੀ ਨਿਮਰਤਾ ਦੀ ਮੱਥੇ ਵਿੱਚ ਲਾਵੀਂ।
ਦਯਾ ਦੀ ਸੁਰਖੀ ਤੇ ਪਰੇਮ ਸੁਰਮਾਂ,
ਕੰਘੀ ਕੰਤ ਸੇਵਾ ਵਾਲੀ ਰੋਜ਼ ਵਾਹਵੀਂ।
ਮਹਿੰਦੀ ਹੱਥ ਤੇ ਲਾਵੀਂ ਉਪਕਾਰ ਵਾਲੀ,
ਗੀਤ ਪਤੀ ਪਰਮਾਤਮਾਂ ਦੇ ਗਾਵੀਂ।

ਰੱਬ ਸੁਖਾਂ ਵਾਲੇ ਬੂਹੇ ਖੋਲ ਦੇਵੇ,
ਵਸੇ ਖੁਸ਼ੀ ਦਾ ਸਦਾ ਮਹੱਲ ਤੇਰਾ।
ਔਂਦੀ ਰਹੇ ਠੰਢੀ ਠੰਢੀ ਹੱਵਾ ਤੇਰੀ,
ਖਿੜਿਆ ਚਮਨ ਰਹੇ ਫੁਲ ਫੱਲ ਤੇਰਾ।
ਹੋਵੇ ਵੇਖਨਾ ਦੁਖ ਨਸੀਬ ਨਾਹੀਂ,
ਭਾਗ ਰਹਿਨ ਬੈਠੇ ਬੂਹਾ ਮੱਲ ਤੇਰਾ।
ਅੰਗ ਸੰਗ ਤੇਰੇ ਰਹਿਨ ‘ਬੀਰ' ਸਤਿਗੁਰ,
ਰਹੇ ਸਦਾ ਸੁਹਾਗ ਅਟੱਲ ਤੇਰਾ।