ਯਾਦਾਂ/ਸੇਹਰਾ
ਸੇਹਰਾ
ਫੁਲ ਵਣ ਸਵੱਣੀ ਦੇ ਚੁਨ ਚੁਨ ਕੇ,
ਮਾਲਨ ਗੁੰਦਿਆ ਸੱਧਰਾਂ ਨਾਲ ਸੇਹਰਾ।
ਚਾਈਂ ਚਾਈਂ ਸੁਲੱਖਨੀ ਘੜੀ ਅੰਦਰ,
ਕਿਸੇ ਬਨਿਆ ਮਾਈ ਦੇ ਲਾਲ ਸੇਹਰਾ।
ਰਿਸ਼ਤੇਦਾਰ ਸਨਬੰਧੀ ਪਰਵਾਰ ਮਿਤਰ,
ਵੇਖ ਵੇਖ ਪੈ ਹੋਣ ਨਿਹਾਲ ਸੇਹਰਾ।
ਐਪਰ ਨੀਂਘਰ ਦੇ ਤਾਈਂ ਸੁਗੰਧ ਰਾਹੀਂ,
ਪ੍ਰਗਟ ਕਰ ਰਿਹਾ ਏ, ਏਹ ਖਿਆਲ ਸੇਹਰਾ।
ਮੇਰੇ ਹੋਲਿਆਂ ਫੁਲਾਂ ਦੇ ਹੇਠ ਲੁਕੀਆਂ,
ਜ਼ਿਮੇਵਾਰੀਆਂ ਹੁੰਦੀਆਂ ਭਾਰੀਆਂ ਨੇ।
ਉਮਰਾਂ ਭਰ ਲਈ ਚੁਕਨੀਆਂ ਪੈਣ ਪੰਡਾਂ,
ਭਾਵੇਂ ਲਗਦੀਆਂ ਬਹੁਤ ਪਿਆਰੀਆਂ ਨੇ।
ਅਸਲ ਖੇਡ ਗਰਿਸਤ ਦੀ ਬੜੀ ਮੁਸ਼ਕਿਲ,
ਗੁਰੂ ਪੀਰ ਸਾਰੇ ਏਹੋ ਦੱਸਦੇ ਨੇ।
ਏਹਨੂੰ ਖੇਡਨਾਂ ਕੰਮ ਹੈ ਸੂਰਿਆਂ ਦਾ,
ਕਾਇਰ ਪੁਰਸ਼ ਨੇ ਜੋ ਇਸ ਤੋਂ ਨੱਸਦੇ ਨੇ।
ਦੁਖਾਂ ਔਕੜਾਂ ਦੇ ਅੰਦਰ ਖਿੜੇਂ ਰਹਿਨਾ,
ਜਿਵੇਂ ਫੁੱਲ ਸੂਲਾਂ ਅੰਦਰ ਹੱਸਦੇ ਨੇ।
ਰਹਿਨਾ ਮਾਯਾ ਦੇ ਵਿਚ ਨਿਰਲੇਪ ਐਸਾ,
ਜਿਵੇਂ ਜਲ ਅੰਦਰ ਹੰਸ ਵੱਸਦੇ ਨੇ।
ਵਿਚੋਂ ਰਖਨਾ ਚਿਤ ਵਿਰਾਗ ਭਰਿਆ,
ਉਤੋਂ ਰਖਨੇ ਠਾਠ ਸਰਦਾਰਾਂ ਵਾਲੇ।
ਨੀਵੇਂ ਫਲੀ ਟੈਹਣੀ ਵਾਂਗਰ ਝੁਕੇ ਰਹਿਨਾ,
ਉੱਚੇ ਬੜੇ ਰੁਤਬੇ ਦੁਨੀਆਂਦਾਰਾਂ ਵਾਲੇ।
ਆਪਨੇ ਸੀਨੇ ਦੇ ਤਖ਼ਤ ਹਜ਼ਾਰੇ ਉਤੇ,
ਏਸ ਹੀਰ ਨੂੰ ਚੁੱਕ ਬਹਾਈਂ ਚੱਨਾਂ।
ਭੁਲ ਜਾਨ ਸਾਰੇ ਲਾਡ ਮਾਪਿਆਂ ਦੇ,
ਐਸੇ ਰੀਝ ਦੇ ਲਾਡ ਲਡਾਈਂ ਚੱਨਾਂ।
ਨਾਰੀ ਨਾਲ, ਅਨਿਯਾਂ ਜੋ ਹੋਇ ਹੋਇ ਨੇ,
ਕਸਰ ਉਹਨਾਂ ਦੀ ਖੂਬ ਕਢਾਈਂ ਚੱਨਾਂ।
ਜੁਤੀ ਪੈਰਾਂ ਦੀ ਸਮਝਦੇ ਆਏ ਜਿਸਨੂੰ,
ਉਹਨੂੰ ਸੀਸ ਦਾ ਤਾਜ ਬਨਾਈਂ ਚੱਨਾਂ।
ਐਸੀ ਇਸ਼ਕ ਮਿਜਾਜ਼ੀ ਦੀ ਖੇਡ ਖੇਡੀਂ,
ਇਕ ਜੋਤ ਦੋ ਮੂਰਤਾਂ ਨਜ਼ਰ ਆਵਨ।
ਉੱਚੀ ਕਰੀਂ ਗਰਿਸਤ ਦੀ ਸ਼ਾਨ ਐਸੀ,
ਮਿੱਟੀ ਏਸਦੀ ਮਥੇ ਤੇ ਸਾਧ ਲਾਵਨ।
ਜੇਹੜੇ ਸੀਸ ਉਤੇ ਸੇਹਰਾ ਸਜ ਰਿਹਾ ਏ,
ਉਹ ਸੀਸ ਉੱਚਾ ਸਦਾ ਰਹੇ ਰੱਬਾ।
ਰਹੇ ਸੇਵਾ ਉਪਕਾਰ ਦਾ ਪੁੰਜ ਬਨਕੇ,
ਧਨ ਧਨ ਦੁਨੀਆਂ ਸਾਰੀ ਕਹੇ ਰੱਬਾ।
ਸੁਖ ਰਹਿਣ ਤੁਰਦੇ ਨਾਲ ਨਾਲ ਇਸਦੇ,
ਦੁਖ ਵਿਚ ਸੁਫਨੇ ਵੀ ਨਾ ਸਹੇ ਰੱਬਾ।
ਵਧੇ ਬਾਗ ਪਰਵਾਰ ਤੇ ਵੇਲ ਇਸਦੀ,
ਠੰਢੀ ਛਾਂ ਅੰਦਰ ਸਦਾ ਬਹੇ ਰੱਬਾ।
ਏਸ ਹੰਸਾ ਦੀ ਜੋੜੀ ਸੁਹਾਵਨੀ ਦਾ,
ਨਾਮ ਜਗ ਤੇ ਸਦਾ ਅਟੱਲ ਰੱਖੀਂ।
ਕਰਦੇ ਰਹਿਣ ਸੌਦੇ ਸਦਾ ਨੇਕੀਆਂ ਦੇ,
ਦਿਲ ਇਹਨਾਂ ਦਾ ਆਪਨੀ ਵੱਲ ਰੱਖੀਂ।