ਯਾਦਾਂ/ਸ਼ਹੀਦੀ ਜੋੜਮੇਲ

ਵਿਕੀਸਰੋਤ ਤੋਂ
Jump to navigation Jump to search

ਸ਼ਹੀਦੀ ਜੋੜਮੇਲ

ਇਕ ਸਿਖ ਲੜਕੀ ਅਤੇ ਗੁਰੂ ਅਰਜਨ ਦੇਵ ਜੀ

ਧੁਪ ਜੇਠ ਦੀ ਕੜਕਦੀ ਲੂਹੀ ਜਾਵੇ,
ਪੜ੍ਹਕੇ ਜਦੋਂ ਸਕੂਲ ਤੋਂ ਆਵਨੀਂ ਹਾਂ।
ਪੈਨ ਫੌਲੀਆਂ ਤੇ ਰੁਕੇ ਸਾਂਸ ਮੇਰਾ,
ਪਿੰਡਾ ਤਪੇ ਭਾਵੇਂ ਛੱਤਰੀ ਲਵਨੀ ਹਾਂ।
ਤਾਂਬੇ ਰੰਗ ਦੇ ਜਿਮੀਂ ਅਸਮਾਨ ਹੋਏ,
ਮੁੜ੍ਹਕਾ ਚੋਏ ਬੇਦਲ ਹੁੰਦੀ ਜਾਵਨੀ ਹਾਂ।
ਪਹੁੰਚ ਘਰੀਂ ਸੁਟਾਂ ਛੱਤਰੀ ਕਿਤੇ ਬਸਤਾ,
ਲਸੀ ਪੀਆਂ ਠੰਡੇ ਪਾਨੀ ਨ੍ਹਾਵਨੀ ਹਾਂ।
ਐ ਸਿਰਤਾਜ ਸ਼ਹੀਦਾਂ ਦੇ ਗੁਰੂ ਅਰਜਨ,
ਚਿਟੇ ਦੁਧ ਵਰਗੇ ਡੇਹਰੇ ਸਾਹਿਬ ਵਾਲੇ।
ਐਸੀ ਰੁੱਤ ਅੰਦਰ ਸਚੇ ਪਾਤਸ਼ਾਹ,
ਤਤੇ ਤਵੇ ਤੇ ਜੱਫੇ ਤੂੰ ਕਿਵੇਂ ਜਾਲੇ?

ਚੌਂਕੇ ਵਿਚ ਕਿਧਰੇ ਕੰਮ ਕਰਦਿਆਂ ਦਾ,
ਤਤੇ ਤਵੇ ਨੂੰ ਹਥ ਜੇ ਲਗ ਜਾਏ।
ਪਵੇ ਉੱਡਕੇ ਛਿਟ ਜੇ ਦੇਚਕੇ ਤੋਂ,
ਸਾਰੇ ਬਦਨ ਅੰਦਰ ਲਗ ਅੱਗ ਜਾਏ।
ਪਾਨੀ ਉਬਲਦੇ ਦੀ ਪਏ ਚੁਲੀ ਕਿਧਰੇ,
ਸੜਨ ਫੈਲ ਸਾਰੇ ਰੱਗ ਰੱਗ ਜਾਏ।
ਐਨ ਯਾਦ ਆਵੇ ਉਹਦੋਂ ਗੁਰੂ ਅਰਜਨ,
ਨਦੀ ਨੀਰ ਦੀ ਨੈਨਾਂ ਤੋਂ ਵਗ ਜਾਏ।
ਮੇਥੋਂ ਵਧ ਕਿਤਨੇ ਗੁਣਾਂ ਸੋਹਲ ਹੋਕੇ,
ਤਤੇ ਤਵੇ ਤੇ ਚੌਂਕੜੀ ਕਿਵੇਂ ਮਾਰੀ।
ਕਿਵੇਂ ਬੈਠਿਓਂ ਉਬਲਦੀ ਦੇਗ ਅੰਦਰ,
ਮੇਰੀ ਸੋਚਦੀ ਸੋਚਦੀ ਅਕੱਲ ਹਾਰੀ।

ਲੌਹਢੇ ਪਹਿਰ ਜਾਵਨ ਭੱਠੀ ਵਲ ਕੁੜੀਆਂ,
ਜਦੋਂ ਝੋਲੀਆਂ ਚਿ ਦਾਨੇ ਪਾਇਕੇ ਤੇ।
ਆਖਨ ਵੇ ਭਾਈ ਸਾਡੇ ਭੁਨ ਦੇਈਂ,
ਦਾਨੇ ਖੂਬ ਭਠੀ ਨੂੰ ਤਪਾਏ ਕੇ ਤੇ।
ਲਗੇ ਰੇਤ ਤੱਤੀ ਜਦੋਂ ਦਾਨਿਆਂ ਨੂੰ,
ਤੜਫ ਉਠਦੇ ਨੇ ਤੜਫੜਾਏ ਕੇ ਤੇ।
ਦਾਨੇ ਭੁਜਦੇ ਵੇਖਕੇ ਗੁਰੂ ਅਰਜਨ,
ਸਾਨੂੰ ਯਾਦ ਭੁਨੇ ਤੇਰੀ ਆਏਕੇ ਤੇ।
ਤੱਤੀ ਰੇਤ ਨੇ ਤੇਰੇ ਤੇ ਪੈ ਪੈ ਕੇ,
ਕੀਤਾ ਦਾਨਿਆਂ ਦੇ ਵਾਂਗ ਹਾਲ ਤੇਰਾ।
ਸੁਨਿਆਂ ਜਾਏ ਨਾ ਸਾਕੇ ਦਾ ਹਾਲ ਤੇਰਾ,
ਦੁਖੀ ਹੋ ਗਿਆ ਏ ਵਾਲ ਵਾਲ ਮੇਰਾ।

ਰਾਤ ਜੇਠ ਦੀ ਹੁੰਦੀ ਹੈ ਕਹਿਰ ਵਾਲੀ,
ਜਦੋਂ ਸਿਕੱਰ ਕੋਠੇ ਪੈਰ ਧਰੀਦਾ ਏ।
ਤਪਨ ਬੱਨੇਂ ਬਨੇਰੇਂ ਤੰਦੂਰ ਵਾਂਗਰ,
ਪਾਨੀ ਪੀ ਪੀ ਕੇ ਪੇਟ ਭਰੀਦਾ ਏ।
ਸੜੀਆਂ ਹੋਈਆਂ ਵਛਾਈਆਂ ਤੋਂ ਸੇਕ ਨਿਕਲੇ,
ਪਰਤ ਪਰਤ ਪਾਸੇ ਕਸ਼ਟ ਜਰੀਦਾ ਏ।
ਲਾਲ ਖੂਹ ਵਾਲਾ ਸਾਕਾ ਤਦੋਂ ਤੇਰਾ,
ਨਾਲ ਹੋਕਿਆਂ ਦੇ ਯਾਦ ਕਰੀਦਾ ਏ।
ਯਾਦ ਕਰੀਦਾ ਏ ਸਾਕਾ ਦਰਦ ਵਾਲਾ,
ਬੇਕਲ ਤਾਰਿਆਂ ਦੇ ਵਾਂਗ ਹੋਈਦਾ ਏ।
ਸੋਮੇ ਨੈਣਾਂ ਦਿਆਂ ਵਿਚੋਂ ਨੀਰ ਭਰ ਭਰ,
ਤੇਰੇ ਛਾਲਿਆਂ ਨੂੰ ਰੋ ਰੋ ਧੋਈਦਾ ਏ।

ਮੈਨੂੰ ਪਤਾ ਨਹੀਂ ਹੱਛੀ ਤਰਾਂ ਤੇਰੀ,
ਪਿਤਾ! ਕਿਵੇਂ ਸ਼ਹੀਦੀ ਮਨਾਈਦੀ ਏ।
ਅਲੱੜ ਹਾਂ ਨਾ ਜਾਨਾਂ ਕਿ ਕਿਵੇਂ ਤੈਥੋਂ,
ਸਿੱਖੀ ਸਿਦਕ ਵਾਲੀ ਦਾਤ ਪਾਈਦੀ ਏ।
ਏਹਨਾਂ ਦਿਨਾਂ ਵਿਚ ਤੇਰੀ ਤਸਵੀਰ ਅਗੇ,
ਗਰਦਨ ਰੋ ਰੋ ਰੋਜ਼ ਝੁਕਾਈਦੀ ਏ।
ਛੋਟੇ ਭੈਣਾਂ ਤੇ ਵੀਰਾਂ ਨੂੰ ਕਥਾ ਤੇਰੀ,
ਕਰਕੇ ਕਠਿਆਂ ਰੋਜ਼ ਸੁਨਾਈਦੀ ਏ।
ਪੰਨ ‘ਬੀਰ’ ਸੈਂ ਗੁਰੂ ‘ਸੁਖਮਨੀ’ ਵਾਲੇ,
ਭਾਨਾ ਮੱਨ ਕੇ ਜਗ ਨੂੰ ਦੱਸਦਾ ਸੈਂ।
ਸੁਖਨ ਸਿਰਾਂ ਦੇ ਨਾਲ ਨਿਭਾਨ ਖਾਤਰ,
ਤਤੇ ਤਵੇ ਤੇ ਬੈਠਕੇ ਹੱਸਦਾ ਸੈਂ।