ਯਾਦਾਂ/ਹਿੰਦੁਸਤਾਨੀਆਂ ਦੀ ਫੁਟ

ਵਿਕੀਸਰੋਤ ਤੋਂ
Jump to navigation Jump to search

ਹਿੰਦੁਸਤਾਨੀਆਂ ਦੀ ਫੁਟ

ਐਸਾ ਪੁਠਾ ਜ਼ਮਾਨੇ ਨੂੰ ਗੇੜ ਆਇਆ,
ਭਾਈ ਭਾਈ ਤੋਂ ਹੈ ਨਾਂ-ਉਮੈਦ ਹੋਇਆ।
ਪਿਆ ਹਿੰਦੂਆਂ ਦੀ ਅਖੋਂ ਲਊ ਟਪਕੇ,
ਮੁਸਲਮਾਨਾਂ ਦਾ ਲਊ ਸੁਫੈਦ ਹੋਇਆ।
ਪੈਹਨੀ ਚਾਂਦੀ ਦੀ ਹਥਕੜੀ ਖਾਲਸੇ ਨੇ,
ਮਜ਼ਹਬ ਜ਼ੁਲਫ ਸੁਨੈਹਰੀ ਚਿ ਕੈਦ ਹੋਇਆ।
ਰਾਜਾ ਵਾੜ ਬਨਕੇ ਖੇਤ ਖਾਨ ਲਗਾ,
ਵੈਰੀ ਜਾਨ ਦਾ ਆਨ ਕੇ ਵੈਦ ਹੋਇਆ।
ਐਸੇ ਸਮੇਂ ਪਿਆਰ ਮਿਲਾਪ ਵਾਲਾ,
ਗੀਤ ਪਿਆ ਕੁਵੇਲੇ ਦਾ ਰਾਗ ਲੱਗੇ।
ਐਪਰ ਗਾਵਨੋਂ ਟਲੀਂ ਨਾਂ ਮੂਲ ਸ਼ਾਇਰ,
ਮਤੇ ਸ਼ਾਇਰੀ ਕਸਬ ਨੂੰ ਦਾਗ ਲਗੇ।

ਤਵਾਰੀਖ ਪਿਛਲੀ ਅਗਵਾਈ ਕਰਦੀ,
ਸੁਜਾਖਿਆਂ ਰੌਸ਼ਨ ਮੁਨਾਰਾ ਬਨਕੇ।
ਕਈ ਏਸ ਚਟਾਨ ਨਿਫਾਕ ਦੀ ਨੇ,
ਬੇੜੇ ਅਸਾਂ ਦੇ ਡੋਬੇ ਕਿਨਾਰਾ ਬਨਕੇ।
ਜਿਸਨੂੰ ਕੁਦਿਆ ਚਾ, ਕੇ ਸੁਟ ਭਾਈਆਂ,
ਅੰਦਰ ਖੇਡ, ਚਮਕੇ ਆਪ ਤਾਰਾ ਬਨਕੇ।
ਸੁਫਨਾ ਹੋ ਗਏ ਓਸਦੇ ਖਾਬ ਸਾਰੇ,
ਮਿਟੀ ਵਿਚ ਮਿਲ ਗਿਆ ਗੁਬਾਰਾ ਬਨਕੇ।
ਜਿਸਨੇ ਚਾਹਿਆ ਕਿ ਪਾਨੀ ਦੀ ਸਤਾ ਵਾਂਗਰ,
ਇਕੋ ਜਿਹਾ ਰਖੇ ਨੀਵੇਂ ਉਚਿਆਂ ਨੂੰ।
ਓਸ ਮੇਲ ਮਿਲਾਪ ਦੀ ਲੈਹਰ ਵਿਚੋਂ,
ਪੈਦਾ ਕੀਤਾ ਕਈ ਰਤਨਾ ਸੁਚਿਆਂ ਨੂੰ।

ਜੇਹੜੇ ਮੁਲਕ ਅੰਦਰ ਭਾਈ ਫੁਟਦੇ ਨੇ,
ਓਸ ਮੁਲਕ ਦੇ ਭਾਗ ਫੁਟ ਜਾਂਵਦੇ ਨੇ।
ਰਾਵਨ ਜਹੇ ਸਰਬੰਸ ਨੂੰ ਨਾਸ ਕਰਕੇ,
ਮਿਟੀ ਸੋਨੇ ਦੀ ਲੰਕਾ ਬਨਾਂਵਦੇ ਨੇ।
ਪਿਰਥੀ ਰਾਜ ਵਰਗੇ ਚਤਰ ਸੂਰਮੇ ਵੀ,
ਅੰਨੇ ਹੋਕੇ ਠੋਕਰਾਂ ਖਾਂਵਦੇ ਨੇ।
ਯੂਸਫ ਜਹੇ ਰੁਲ ਰੁਲ ਪਰਦੇਸ ਅੰਦਰ,
ਭਾ ਅਟੀਆਂ ਦੇ ਚਾ ਵਿਕਾਂਵਦੇ ਨੇ।
ਜਰਾ ਸੋਚਨਾ ਸਦੀਆਂ ਚ ਕਾਇਮ ਹੋਈ,
ਮੁਗਲਾਂ ਦੀ ਖੋਈ ਪਾਤਸ਼ਾਹੀ ਕਿਸ ਨੇ।
ਏਹਨਾਂ ਸਿਖਾਂ ਦੀ ਆਂਦੀ ਤਬਾਹੀ ਕਿਸ ਨੇ,
ਹਥੋਂ ਆਈ ਪੰਜਾਬ ਗਵਾਈ ਕਿਸਨੇ।

ਸਾਡੀ ਫੁਟ ਦੇ ਮੋਢਿਆਂ ਤੇ ਚੜ੍ਹਕੇ,
ਲੋਕੀਂ ਦੂਰ ਦੁਰਾਡਿਓਂ ਆਂਵਦੇ ਰਹੇ।
ਸਾਨੂੰ ਮਾੜਿਆਂ ਜਾਨ ਕੇ ਦੇਸ ਸਾਡੇ,
ਅੰਦਰ ਆਨ ਕੇ ਛੌਨੀਆਂ ਪਾਂਵਦੇ ਰਹੇ।
ਸਾਡੇ ਘਰ ਅੰਦਰ ਬੈਹਕੇ ਲੂਨ ਸਾਡਾ,
ਨਾਲੇ ਘੂਰਦੇ ਰਹੈ ਨਾਲੇ ਖਾਂਵਦੇ ਰਹੇ।
ਸਾਰੀ ਆਪਨੇ ਦੇਸ ਪਹੁੰਚਾਨ ਪਿਛੇ,
ਬੁਰਕੀ ਸੁਟ ਕੇ ਸਾਨੂੰ ਲੜਾਂਵਦੇ ਰਹੇ।
ਫੁਟ ਕਿਸੇ ਨਾ ਛਡਿਆ ਕਿਸੇ ਜੋਗਾ,
ਹਿੰਦੂ ਨੂੰ ਕੀ ਤੇ ਮੁਸਲਮਾਨ ਨੂੰ ਕੀ।
ਵੇਹਲੇ ਬੈਠਕੇ ਆਉ ਹੁਨ ਸ਼ਰਮ ਖਾਈਏ,
ਪਲੇ ਹੋਰ ਹੈ ਅਸਾਂ ਦੇ ਖਾਨ ਨੂੰ ਕੀ।

ਉਲਰ ਉਲਰ ਤੈਨੂੰ ਮੇਹਣੇ ਮਾਰਦੀ ਏ,
ਤੁੱਰੇਦਾਰ ਪਗੜੀ ਮੁਸਲਮਾਨ ਤੇਰੀ।
ਤੇਰੇ ਜਿਊਂਦਿਆਂ ਘਟੇ ਦੇ ਵਿਚ ਰਲ ਗਈ,
ਹਿੰਮਤ ਬਾਬਰੀ ਅਕਬਰੀ ਸ਼ਾਨ ਤੇਰੀ।
ਵਿਕਦੀ ਫਿਰੇ ਹੋਕੇ ਸਸਤੀ ਕੋਡੀਆਂ ਤੋਂ,
ਮਹਿੰਗੀ ਸਵਾ ਲੱਖੀ ਸਿਖਾ ਜਾਨ ਤੇਰੀ।
ਕਿਥੇ ਕ੍ਰਿਸ਼ਨ ਦਾ ਬ੍ਰਹਮ ਗਿਆਨ ਡੁਬਾ,
ਕਿਥੇ ਰਾਜਪੂਤੀ, ਹਿੰਦੂ, ਆਨ ਤੇਰੀ।
ਅਜੇ ਡੁਲਿਆਂ ਬੇਰਾਂ ਦਾ ਵਿਗੜਿਆ ਨਾ,
ਜੇਕਰ ਗਲਤੀਆਂ ਤੇ ਪਸਚਾਤਾਪ ਕਰੀਏ।
'ਬੀਰ' ਉਗਲਾਂ ਉਤੇ ਤਕਦੀਰ ਨੱਚੇ,
ਅਜੇ ਵੀ ਜੇ ਕਿਤੇ ਮਿਲਾਪ ਕਰੀਏ।