ਯਾਦਾਂ/ਸਰਦਾਰ ਧਰਮ ਸਿੰਘ ਦਿਲੀ ਵਾਲੇ

ਵਿਕੀਸਰੋਤ ਤੋਂ

ਸਰਦਾਰ ਧਰਮ ਸਿੰਘ ਦਿਲੀ ਵਾਲੇ

ਧਰਮ ਸਿੰਘ ਸੀ ਨਾਮ ਉਸ ਦੇਵਤੇ ਦਾ,
ਸੋਹਲੇ ਜਿਦੇ ਮੇਰੀ ਕਲਮ ਗਾਉਣ ਲਗੀ।
ਦਿੱਲੀ ਵਿਚ ਰਹਿੰਦਾ, ਸਿਫਤ ਜਿਦੇ ਦਿਲ ਦੀ,
ਦਿਲਾਂ ਵਾਲਿਆਂ ਤਾਈਂ ਸੁਨਾਉਣ ਲੱਗੀ।
ਕੀ ਏਹ ਦਿਲ ਸੀ ਕਿ ਕਾਨ ਨੇਕੀਆਂ ਦੀ,
ਹੀਰੇ ਲਾਲ ਜਵਾਹਰ ਲੁਟਾਉਣ ਲੱਗੀ।
ਕੀ ਏਹ ਦਿਲ ਸੀ ਕਿ ਬੈਹਰ ਖੂਬੀਆਂ ਦਾ,
ਲੈਹਰ ਲੈਹਰ ਜਿਸਦੀ ਲੈਹਰ ਲਾਉਣ ਲੱਗੀ।
ਬਾਜਾਂ ਵਾਲਾ ਹੋ ਗਿਆ ਸੀ ਦਿਲੋਂ ਆਸ਼ਕ,
ਏਸ ਦਿਲ ਤੇ ਜੋ ਟੁਕੜਾ ਮਾਸ ਦਾ ਸੀ।
ਰਹਿਮਤ ਵਸਦੀ ਸੀ ਏਸ ਦਿਲ ਅੰਦਰ,
ਲੋੜਵੰਦਿਆਂ ਨੂੰ ਬਦਲ ਆਸ ਦਾ ਸੀ।

ਏਸ ਨਿੱਕੇ ਜਹੇ ਸੱਖੀ ਦਿਲ ਅੰਦਰ,
ਸੀਗਾ ਕੁਲ ਕੁਦਰਤ ਦਾ ਕਮਾਲ ਲੁਕਿਆ।
ਸੀ ਉਤਸ਼ਾਹ ਦੇ ਅੰਦਰ ਵੈਰਾਗ ਲੁਕਿਆ,
ਜਿਵੇਂ ਰਾਗ ਹੁੰਦਾ ਅੰਦਰ ਤਾਲ ਲੁਕਿਆ।
ਲੁਕਿਆ ਇਸ਼ਕ ਰੱਬੀ ਇਸ ਵਿਚ ਇਸ ਤਰਾਂ ਸੀ,
ਜਿਵੇਂ ਅੰਦਰ ਜਵਾਬ ਸਵਾਲ ਲੁਕਿਆ।
ਲੁਕਿਆ ਕੰਵਲ ਦੇ ਵਾਂਗ ਸੀ ਵਿਚ ਮਾਯਾ,
ਸੀਗਾ ਗੋਦੜੀ ਦੇ ਅੰਦਰ ਲਾਲ ਲੁਕਿਆ।
ਦਯਾ ਧਰਮ ਹਿੰਮਤ ਮੋਹਕਮ ਕਰਕੇ ਤੇ,
ਏਸ ਦਿਲ ਅੰਦਰ ਸਾਹਿਬ ਰਖੀਆਂ ਸੀ।
ਦਿਲ ਕੀ ਪੂਰਨ ਵਿਰਾਗ ਦਾ ਸੀ ਸੋਮਾਂ,
ਰਾਜ ਯੋਗ ਦੋ ਲੈਹਰਾਂ ਦੋ ਅਖੀਆਂ ਸੀ।

ਸ਼ਾਹ ਦਿਲ ਪਰ ਨਰਮ ਹਲੀਮ ਡਾਢਾ,
ਉਹ ਗਰੀਬ ਵੀ ਸੀ ਤੇ ਅਮੀਰ ਵੀ ਸੀ।
ਲਖਾਂ ਵੰਡਦਾ ਕੋਲ ਨਾ ਰਖਦਾ ਸੀ,
ਪਾਤਸ਼ਾਹ ਵੀ ਸੀ ਤੇ ਫਕੀਰ ਵੀ ਸੀ।
ਹੁੰਦਾ ਚਾਹ ਸੀ ਪਰਉਪਕਾਰ ਕਰਕੇ,
ਦੁਖੀ ਦਿਲਾਂ ਦੇ ਲਈ ਦਿਲਗੀਰ ਵੀ ਸੀ।
ਲੈਹਰਾਂ ਉਹਦੀਆਂ ਤੋਂ ਮੋਤੀ ਉਛਲਦੇ ਸੀ,
ਉਹ ਇਕ ਬੈਹਰ ਵੀ ਸੀ ਕਰਤਾ ਨੀਰ ਵੀ ਸੀ।
ਵਿਰਵੇ ਵੇਖ ਕੇ ਸ਼ਮਾਂ ਦੇ ਵਾਂਗ ਘੁਲਦਾ,
ਪਰ ਨਾ ਸਾੜਦਾ ਸੀ ਪਰਵਾਨਿਆਂ ਨੂੰ।
ਜੋ ਵੀ ਸ਼ਰਨ ਆਉਂਦੇ ਕੰਠ ਨਾਲ ਲਾਉਂਦਾ,
ਇਕੋ ਜਹੇ ਆਪਨੇ ਤੇ ਬੇਗਾਨਿਆਂ ਨੂੰ