ਯਾਦਾਂ/ਵਿਸਾਖੀ

ਵਿਕੀਸਰੋਤ ਤੋਂ
Jump to navigation Jump to search

ਵਿਸਾਖੀ
( ੧)

ਗੁਰੂ ਖਾਲਸੇ ਤਾਈਂ ਵਿਸਾਖੀ,
ਲੱਗਦੀ ਬਹੁਤ ਪਿਆਰੀ।
ਕਿਉਂਕਿ ਏਸ ਦਿਹਾੜੇ ਇਸਨੂੰ,
ਮਿਲੀ ਦਾਤ ਸੀ ਭਾਰੀ।
ਧੜ ਤੋਂ ਸਿਰ ਸਿਖਾਂ ਦਾ ਲਹਿਕੇ,
ਸੀਸ ਗੁਰੂ ਦਾ ਲੱਗਾ।
‘ਬੀਰ' ਮੁਰੀਦ ਪੀਰ ਹੋਏ ਜਦ,
ਮੁਰਸ਼ਦ ਕਿਰਪਾ ਧਾਰੀ।

( ੨)

ਦੁਨੀਆਂ ਫੇਰ ਮਨਾਏ ਖੁਸ਼ੀਆਂ,
ਆਈ ਫੇਰ ਵਿਸਾਖੀ।
ਸੋਚਵਾਨ ਆਖਨ ਪਏ ਮਨ ਨੂੰ
ਘਟੀ ਉਮਰ ਦੀ ਬਾਕੀ।
'ਮੈਂ' ਮੂਰਖ ਨੇ ਨਵੇਂ ਸਾਲ ਦੇ,
ਪ੍ਰੋਗ੍ਰਾਮ ਕਈ ਸੋਚੇ।
ਪਰ ਏਹ ਸੋਚ ਮੂਲ ਨਾ ਆਈ,
ਦਮ ਦਾ ਭਲਾ ਵਿਸਾਹ ਕੀ।