ਯਾਦਾਂ/ਰਾਜਾ ਸ਼ਿਵਨਾਬ

ਵਿਕੀਸਰੋਤ ਤੋਂ

ਰਾਜਾ ਸ਼ਿਵਨਾਬ

ਉਹ ਖੁਦ ਆਕੇ ਮਿਲਸਨ, ਲਗਾਕੇ ਇਹ ਲਾਰਾ।
ਚਾ ਮਨਸੁਖ ਨੇ ਲੰਕਾ ਤੋਂ ਕੀਤਾ ਕਿਨਾਰਾ।
ਉਡੀਕਾਂ ਤੇ ਤਾਂਘਾਂ ਦਾ ਫੜਕੇ ਸਹਾਰਾ।
ਸੀ ਸ਼ਿਵਨਾਭ ਸੋਚਾਂ ਦੁੜਾਂਦਾ ਵਿਚਾਰਾ।
ਕਿਤੇ ਇੰਝ ਹੀ ਉਮਰ ਨਾ ਮੁਕ ਜਾਏ।
ਬਿਨਾ ਖਿੜਿਆਂ ਦਿਲਦੀ ਕਲੀ ਸੁਕ ਜਾਏ।

ਕਈ ਨਾਮ ਨਾਨਕ ਦਾ ਲੈ ਛਲ ਗਏ ਸੀ।
ਗੁਰੂ ਬਨਕੇ ਪੂਜਾ ਕਰਾ ਚਲ ਗਏ ਸੀ।
ਕਿਸੇ ਤੋਂ ਨਾ ਸ਼ੰਕੇ ਕਰੇ ਹਲ ਗਏ ਸੀ।
ਵਲੇਂਵੇਂ ਵਧੇਰੇ ਸਗੋਂ ਵਲ ਗਏ ਸੀ।
ਕਿਸੇ ਨੇ ਨਾ ਤਪਸ਼ ਆਤਮਾਂ ਦੀ ਬੁਝਾਈ।
ਕਿਸੇ ਤੋਂ ਨਾ ਸੀ ਸ਼ਾਂਤ ਰਾਜੇ ਨੂੰ ਆਈ।

ਜਦੋਂ ਛਾ ਗਈ ਦਿਲ ਤੇ ਡਾਢੀ ਨਿਰਾਸਾ।
ਤਦੋਂ ਪਲਟਿਆ ਕਿਸਮਤਾਂ ਆਨ ਪਾਸਾ।
ਜਿਦੇ ਮਿਲਨ ਦੀ ਟੁਟ ਚੁਕੀ ਸੀ ਆਸਾ।
ਓਹ ਘਰ ਆ ਗਿਆ ਟੁਰਕੇ ਦੇਵਨ ਦਿਲਾਸਾ।
ਜਿਵੇਂ ਪੈਰ ਉਸ ਬਾਗ ਸ਼ਾਹੀ ਚ ਧਰਿਆ।
ਖਿਜ਼ਾਂ ਭਾਂਵੇਂ ਸੀ ਹੋ ਗਿਆ ਬਾਗ ਹਰਿਆ।

ਜਾਂ ਯਾਦ ਆਏ ਰਾਜੇ ਨੂੰ ਸਭ ਪਹਿਲੇ ਧੋਖ
ਬਜ਼ੁਰਗੀ ਦੇ ਦਾਵੇ-ਫਕੀਰੀ ਦੇ ਹੋਕੇ।
ਉਹ ਸਭ ਢੋਲ ਦੇ ਪੋਲ ਦਿਖਲਾਵੇ ਫੋਕੇ।
ਤਾਂ ਬੇ ਸਬਰੇ ਦਿਲ ਤਾਂਈ ਸ਼ਿਵਨਾਬ ਰੋਕੇ।
ਕਹੇ ਐਤਕੀ ਪਹਿਲੇ ਅਜ਼ਮੈਸ਼ ਕਰਨੀ।
ਕਸੌਟੀ ਲਗਾ ਲਗਨੈਂ ਫੇਰ ਚਰਨੀ।

ਅਦਾ ਨਾਜ਼ ਦੀ ਫੌਜ ਜੱਰਾਰ ਲੈਕੇ।
ਸਜੇ ਕਾਮ ਜੋਬਨ ਦੇ ਅਸਵਾਰ ਲੈਕੇ।
ਨਿਗਾਹਾਂ ਤੇ ਨੈਣਾਂ ਦੇ ਹਥਯਾਰ ਲੈਕੇ।
ਭਵਾਂ ਪਲਕਾਂ ਦੇ ਤੀਰ ਤਲਵਾਰ ਲੈਕੇ।
ਅਮੀਰੀ, ਫਕੀਰੀ ਨੂੰ ਅਜ਼ਮੌਨ ਆਈ।
ਖੁਦਾ ਛਲਨ ਨੂੰ ਵੇਖੋ ਆਈ ਖੁਦਾਈ।

ਸਮੁੰਦਰ ਦੀਆਂ ਲਹਿਰਾਂ ਚੜ੍ਹ ਚੜ੍ਹ ਕੇ ਆਵਨ।
ਬੇੜਾ ਜ਼ੋਰ ਸਿਰ ਚੜਕੇ ਆਪਨਾ ਦਿਖਾਵਨ।
ਪਹਾੜਾਂ ਨੂੰ ਨਾਂ ਪੈਰ ਤੋਂ ਪਰ ਹਿਲਾਵਨ।
ਸਗੋਂ ਝੱਗ ਬਨਕੇ ਪਿਛਾਂ ਪਰਤ ਜਾਵਨ।
ਬੜੇ ਜਤਨ ਤੇ ਹੀਲੇ ਕਰ ਕਰਕੇ ਥੱਕੀ।
ਨਾ ਨਾਨਕ ਨੂੰ ਮਾਯਾ ਹਿਲਾ ਮੂਲ ਸਕੀ।

ਵਜ਼ੀਰਾਂ ਨੂੰ ਛੱਡ ਦੌੜਿਆ ਪੈਰ ਨੰਗੇ।
ਹੋ ਲੰਕਾ ਪਤੀ ਹਾੜੇ ਕਢਦਾ ਨ ਸੰਗੇ।
ਪਿਆ ਮਾਫੀਆਂ ਚੁੰਮ ਚੁੰਮ ਚਰਨ ਮੰਗੇ।
ਕਹੇ ਬਖਸ਼ ਦੇ! ਬਖਸ਼ ਦੇ! ਪੀਰ ਚੰਗੇ।
ਨਿਗਾਹ ਨਾਲ ਤਾਂ ਛੱਟਾ ਬਖਸ਼ਸ਼ ਦਾ ਹੋਇਆ।
ਗਿਆ ਡਿਗਿਆ ਮਨਕਾ ਮਾਲਾ ਪਰੋਇਆ।